.

ਗੁਰਮਿਤ ਬਨਾਮ ਸੀਨਾ ਬਸੀਨਾ

ਸਰਵਜੀਤ ਸਿੰਘ ਸੈਕਰਾਮੈਂਟੋ

ਗੁਰ ਇਤਿਹਾਸ ਵਿੱਚ ਬਹੁਤ ਸਾਰੀਆਂ ਕਥਾ-ਕਹਾਣੀਆਂ ਅਜਿਹੀਆਂ ਮਿਲਦੀਆਂ ਹਨ, ਜਿਨ੍ਹਾਂ ਦੀ ਪੜਚੋਲ ਕਰੀਏ ਤਾਂ ਉਹ ਕਿਸੇ ਪਰਖ ਕਸਵੱਟੀ ਤੇ ਪੂਰੀਆਂ ਨਹੀਂ ਢੁੱਕਦੀਆਂ। ਲਿਖਤੀ ਸੋਮਿਆਂ ਤੋਂ ਬਿਨਾ ਬਹੁਤ ਕੁਝ ਅਜੇਹਾ ਵੀ ਸੁਣਨ ਨੂੰ ਮਿਲਦਾ ਹੈ ਜਿਸ ਦਾ ਸੋਮਾ ਸੀਨਾ-ਬਸੀਨਾ ਦੱਸਿਆ ਜਾਂਦਾ ਹੈ। ਅਣਗਿਣਤ ਕਥਾਂ-ਕਹਾਣੀਆਂ ਅਜੇਹੀਆਂ ਹਨ ਜੋ ਕੁਦਰਤ ਦੇ ਨਿਯਮਾਂ ਮੁਤਾਬਕ ਰੱਦ ਹੋ ਜਾਂਦੀਆਂ ਹਨ। ਪਰ ਦੂਜੇ ਪਾਸੇ ਇਕ ਧਿਰ ਅਜੇਹੀ ਵੀ ਹੈ ਜਿਸ ਮੁਤਾਬਕ ਧਰਮ ਚਲਦਾ ਹੀ ਸੀਨਾ-ਬਸੀਨਾ ਮਰਯਾਦਾ ਦੇ ਆਸਰੇ ਹੈ। ਉਨ੍ਹਾਂ ਮੁਤਾਬਕ ਧਰਮ ਵਿੱਚ ਤਰਕ/ਦਲੀਲ ਦੀ ਗੱਲ ਕਰਨੀ ਗੁਨਾਹ ਸਮਝਿਆ ਜਾਂਦਾ ਹੈ। ਹੈਰਾਨੀ ਹੁੰਦੀ ਹੈ ਜਦੋਂ ਅਸੀਂ ਗੁਰ ਇਤਿਹਾਸ ਪੜ੍ਹਦੇ ਹਾਂ। ਸਾਡੇ ਧਰਮ ਦਾ ਤਾਂ ਆਰੰਭ ਹੀ ਦਲੀਲ ਤੋਂ ਹੋਇਆ ਸੀ। ਕੀ ਸਿੱਖਿਆ ਮਿਲਦੀ ਹੈ ਜਨੇਊ ਵਾਲੀ ਸਾਖੀ ਤੋਂ? ਗੁਰੂ ਨਾਨਕ ਜੀ ਨੇ ਸਵਾਲ ਕਰਨਾ ਸਿਖਾਇਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਇਮਤਿਹਾਨ ਲਿਆ ਸੀ। ਸਿੱਖ ਪਾਸ ਹੋਏ ਸਨ। ਪੜ੍ਹੋ ਦਾਦੂ ਦੀ ਕਬਰ ਵਾਲੀ ਸਾਖੀ। ਭੋਰਿਆਂ ਵਿੱਚ ਬੈਠ ਕੇ ਜਪ-ਤਪ ਕਰਨਾ, ਇਹ ਗੁਰਬਾਣੀ ਦਾ ਸਿਧਾਂਤ ਨਹੀਂ ਹੈ। ਗੁਰਮਤਿ ਤਾਂ ਅਜਿਹੇ ਕਰਮ ਕਾਂਡ ਦਾ ਖੰਡਨ ਕਰਦੀ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪ ਬੈਠਿਆਂ ਨੂੰ, ਸਮਾਜ ਵਿੱਚ ਵਿਚਰਨ ਦਾ ਉਪਦੇਸ਼ ਦਿੱਤਾ ਸੀ। ਗੁਰਬਾਣੀ ਦਾ ਸਿਧਾਂਤ ਤਾਂ “ਅੰਜਨ ਮਾਹਿ ਨਿਰੰਜਨਿ ਰਹੀਐ” ਦਾ ਹੈ। ਇਥੇ ਤਾਂ ਕਿਰਤ ਪ੍ਰਧਾਨ ਹੈ।
ਪਿਛਲੇ ਲੰਮੇ ਸਮੇਂ ਤੋਂ ਸਾਨੂੰ ਜੋ ਸੁਣਾਇਆ ਗਿਆ ਹੈ, ਉਸ ਦਾ ਵਸੀਲਾ ਹੈ ਕਵੀ ਸੰਤੋਖ ਸਿੰਘ ਅਤੇ ਗਿਆਨੀ ਗਿਆਨ ਸਿੰਘ। ਪੀੜੀ ਦਰ ਪੀੜੀ, ਉਹੀ ਕਥਾ ਕਹਾਣੀਆਂ ਸੁਣ-ਸੁਣ ਕੇ, ਅਸੀਂ ਉਨ੍ਹਾਂ ਨੂੰ ਸੱਚ ਮੰਨ ਬੈਠੇ ਹਾਂ। ਸਾਡੀ ਤ੍ਰਾਸਦੀ ਹੈ ਕਿ ਗੁਰੂ ਸਾਹਿਬਾਨ ਨਾਲ ਜੋੜੀਆਂ ਗਈਆਂ ਸਾਖੀਆਂ ਨੂੰ, ਗੁਰਬਾਣੀ ਅਤੇ ਇਤਿਹਾਸ ਦੇ ਨਜ਼ਰੀਏ ਤੋਂ ਪਰਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ ਜਦੋਂ ਵਿੱਦਿਆ ਦਾ ਪਸਾਰ ਹੋਇਆ ਹੈ ਅਤੇ ਵਸੀਲੇ ਵਿਸ਼ਾਲ ਹੋਏ ਹਨ ਤਾਂ ਇਤਿਹਾਸ ਦੀਆਂ ਕਈ ਪਰਤਾਂ ਖੁਲ ਰਹੀਆਂ ਹਨ। ਪੁਰਾਤਨ ਜਾਣਕਾਰੀ, ਉਹ ਭਾਂਵੇਂ ਲਿਖਤੀ ਹੋਵੇ ਜਾਂ ਸੀਨਾ-ਬਸੀਨਾ, ਜਦੋਂ ਉਸ ਤੇ ਸਵਾਲ ਉੱਠਦਾ ਹੈ ਤਾਂ ਕਈਆਂ ਸੱਜਣਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣੀ ਸੁਭਾਵਕ ਹੈ। ਚਾਹੀਦਾ ਤਾਂ ਇਹ ਹੈ ਕਿ ਜਦੋਂ ਵੀ ਕੋਈ ਸੱਜਣ, ਅਜੇਹੀ ਗੱਲ ਕਰਦਾ ਹੈ ਜੋ ਅਸੀਂ ਪਹਿਲਾਂ ਨਹੀਂ ਸੁਣੀ ਹੁੰਦੀ, ਉਸ ਨਾਲ ਸੁਖਾਵੇਂ ਮਾਹੌਲ ਵਿੱਚ ਸੰਵਾਦ ਕੀਤਾ ਜਾਵੇ। ਉਸ ਦੇ ਵਸੀਲਿਆਂ ਦੀ ਨਿਰਪੱਖਤਾ ਨਾਲ ਪੜਤਾਲ ਕੀਤੀ ਜਾਵੇ ਅਤੇ ਜੇ ਉਹ ਸਹੀ ਹੋਣ ਤਾਂ ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ਨੂੰ ਸਮੇਂ ਦਾ ਹਾਣੀ ਬਣਾ ਲਿਆ ਜਾਵੇ। ਪਰ ਸਾਡੇ ਵਿਚ ਤਾਂ ਇਸ ਤੋਂ ਬਿਲਕੁਲ ਉਲਟ, ਛਬੀਲਾਂ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਪਿਛਲੇ ਕਈ ਦਿਨਾਂ ਤੋਂ, ਸੰਤ ਤੋਂ ਭਾਈ ਬਣੇ, ਭਾਈ ਰਣਜੀਤ ਸਿੰਘ ਦੀ ਇਕ ਵੀ ਡੀ ਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਉਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਇਕ ਘਟਨਾ, ਭੋਰੇ ਵਾਲੀ ਸਾਖੀ ਦਾ ਖੰਡਨ ਕਰਦੇ ਹਨ। ਪ੍ਰਚੱਲਤ ਸਾਖੀ ਮੁਤਾਬਕ ਗੁਰਗੱਦੀ ਦੀ ਜਿੰਮੇਵਾਰੀ ਨੂੰ ਸੰਭਾਲਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਬਕਾਲੇ 26 ਸਾਲ 9 ਮਹੀਨੇ 13 ਦਿਨ, ਭੋਰੇ ਵਿਚ ਬੈਠ ਕੇ ਤਪ ਕੀਤਾ ਸੀ। ਬਾਬਾ ਤੇਗ ਬਹਾਦਰ ਜੀ ਦਾ ਵੀ, ਜੇ ਭਾਈ ਲਹਿਣੇ ਦੀ ਤਰ੍ਹਾਂ ਗੁਰੂ ਘਰ ਨਾਲ ਕੋਈ ਸਬੰਧ ਨਾ ਹੁੰਦਾ ਤਾਂ ਕਿਸੇ ਨੂੰ ਵੀ ਇਸ ਸਾਖੀ ਤੇ ਕੋਈ ਇਤਰਾਜ਼ ਨਹੀਂ ਸੀ ਹੋਣਾ। ਭੋਰੇ ਵਾਲੀ ਸਾਖੀ ਘੜਨ ਵਾਲਾ, ਕੀ ਇਹ ਨਹੀ ਕਹਿ ਰਿਹਾ ਕਿ ਗੁਰੂ ਤੇਗ ਬਹਾਦਰ ਜੀ ਗੁਰਬਾਣੀ ਦੇ ਸਿਧਾਂਤ, ਨਾਮ ਕੀ ਹੈ ਅਤੇ ਕਿਵੇਂ ਜਪਣਾ ਹੈ, ਉਸ ਤੋਂ ਅਣਜਾਣ ਸਨ? ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਬਾਣੀ ਦੇ ਇਨ੍ਹਾਂ ਸ਼ਬਦਾਂ ਦੀ ਜਾਣਕਾਰੀ ਨਹੀਂ ਹੋਵੇਗੀ?
ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥(ਪੰਨਾ 972)
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥(ਪੰਨਾ 1375)

ਨਹੀਂ ! ਅਜਿਹਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਗੁਰੂ ਤੇਗ ਬਹਾਦਰ ਜੀ ਤਾਂ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਸਨ। ਉਹ ਤਾਂ ਗੁਰੂ ਨਾਨਕ ਦੇ ਸਿਧਾਂਤ ਦੇ ਪ੍ਰਚਾਰਕ ਸਨ। ਇਸ ਲਈ ਇਸ ਸਾਖੀ ਨੂੰ ਰੱਦ ਕਰਨਾ ਹੀ ਬਣਦਾ ਹੈ।
ਗੁਰੂ ਤੇਗ ਬਹਾਦਰ ਜੀ ਦਾ ਜਨਮ 5 ਵੈਸਾਖ, ਵੈਸਾਖ ਵਦੀ ਪੰਜਵੀਂ ਸੰਮਤ 1678 ਬਿਕ੍ਰਮੀ ਮੁਤਾਬਕ 1 ਅਪ੍ਰੈਲ 1621 ਈ: ਜੂਲੀਅਨ ਦਿਨ ਐਤਵਾਰ ਨੂੰ ਹੋਇਆ ਸੀ। ਗੁਰਗੱਦੀ ਦੀ ਜਿੰਮੇਵਾਰੀ ਆਪ ਜੀ ਨੂੰ 3 ਵੈਸਾਖ, ਚੇਤ ਸੁਦੀ 14 ਸੰਮਤ 1721 ਬਿਕ੍ਰਮੀ (30 ਮਾਰਚ 1664 ਈ: ਜੂਲੀਅਨ) ਨੂੰ ਸੌਂਪੀ ਗਈ ਸੀ। ਪ੍ਰਚੱਲਤ ਸਾਖੀ ਮੁਤਾਬਕ ਭਾਈ ਮੱਖਣ ਸ਼ਾਹ ਲੁਬਾਣਾ ਨੇ ਭੋਰੇ ਵਿਚ ਬੈਠ ਕੇ ਤਪ ਕਰ ਰਹੇ ਗੁਰੂ ਜੀ ਨੂੰ ਪ੍ਰਗਟ ਕੀਤਾ ਸੀ। ਉਨ੍ਹਾਂ ਦਿਨਾਂ ਵਿੱਚ ਹੀ ਰੱਖੜੀਆਂ ਦਾ ਤਿਉਹਾਰ ਸੀ ਜੋ ਸਾਵਣ ਦੀ ਪੁੰਨਿਆ ਨੂੰ ਆਉਂਦਾ ਹੈ। ਉਸ ਸਾਲ ਰੱਖੜੀ ਦਾ ਇਹ ਦਿਨ ਸਾਵਣ ਸੁਦੀ 15 ਸੰਮਤ 1721 ਬਿਕ੍ਰਮੀ ਮੁਤਾਬਕ 27 ਜੁਲਾਈ 1664 ਈ: ਜੂਲੀਅਨ ਦਿਨ ਬੁਧਵਾਰ ਬਣਦਾ ਹੈ। ਇਸ ਸਾਖੀ ਨੂੰ ਸਹੀ ਮੰਨੀਏ ਤਾਂ ਗੁਰੂ ਜੀ ਦੇ ਭੋਰੇ ਵਿਚ ਦਾਖਲ ਹੋਣ ਦੀ ਤਾਰੀਖ 15 ਭਾਦੋਂ ਸੰਮਤ 1694 ਬਿਕ੍ਰਮੀ (15 ਅਗਸਤ 1637 ਈ:) ਬਣਦੀ ਹੈ। ਦੂਜੇ ਪਾਸੇ ਗੁਰੂ ਹਰਿ ਗੋਬਿੰਦ ਸਾਹਿਬ ਜੀ 6 ਚੇਤ, ਚੇਤ ਸੁਦੀ 5 ਸੰਮਤ 1701 ਬਿਕ੍ਰਮੀ ਮੁਤਾਬਕ 3 ਮਾਰਚ 1644 ਈ: (ਜੂਲੀਅਨ) ਨੂੰ ਜੋਤੀ ਜੋਤ ਸਮਾਏ ਸਨ। ਇਸ ਤੋਂ ਸਪੱਸ਼ਟ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਹਰਿ ਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੱਗ ਭੱਗ 6 ਸਾਲ ਪਹਿਲਾਂ ਹੀ ਭੋਰੇ ਅੰਦਰ ਤਪ ਕਰਨਾ ਆਰੰਭ ਕਰ ਦਿੱਤਾ ਸੀ। ਕੀ ਅਜੇਹਾ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਮਨਜ਼ੂਰ ਹੋਵੇਗਾ? ਭੱਟ ਵਹੀ ਮੁਤਾਬਕ (ਸਾਖੀ 20) ਮੱਖਣ ਸ਼ਾਹ ਲੁਬਾਣਾ ਦਿਵਾਲੀ ਨੂੰ ਬਕਾਲੇ ਆਇਆ ਸੀ। “ਮੱਖਨ ਸ਼ਾਹ ਬੇਟਾ ਦਾਸੇ ਸ਼ਾਹ ਕਾ ਪੋਤਾ ਅਰਬੇ ਕਾ ਪੜਪੋਤਾ ਬਿੰਨੇ ਕਾ ਬੰਸ ਬਿਹੜੂ ਸ਼ਾਹ ਕੀ।...ਸਾਲ ਸਤਾਰਾਂ ਸੈ ਇਕੀਸ ਦਿਵਾਲੀ ਤੇ ਸ਼ਨੀਵਾਰ ਕੇ ਦਿਹੁੰ ਬਕਾਲੇ ਨਗਰ ਆਇਆ।...”। (ਪੰਨਾ 67) ਉਸ ਸਾਲ ਦਿਵਾਲੀ 9 ਕੱਤਕ ਸੰਮਤ 1721 ਬਿਕ੍ਰਮੀ (9 ਅਕਤੂਬਰ 1664 ਈ: ਜੂਲੀਅਨ) ਨੂੰ ਆਈ ਸੀ।
ਪਿਆਰਾ ਸਿੰਘ ਪਦਮ ਦੀ ਇਕ ਲਿਖਤ, “ਤੇਗ ਬਹਾਦਰ ਸਿਮਰੀਸੈ”। ਜੋ ਪਹਿਲੀ ਵਾਰ 1975 ਈ: ਵਿਚ ਛਪੀ ਸੀ। ਉਸ ਕਿਤਾਬ ਦੇ ਤਤਕਰੇ ਵਿਚ ਦਰਜ ਅਧਿਆਇ ਨੰਬਰ 4 ਦਾ ਸਿਰਲੇਖ ਹੈ, “ਗੁਰੂ ਤੇਗ ਬਹਾਦਰ ਜੀ ਦੀ ਕਹਾਣੀ ਭੱਟਾਂ ਦੀ ਜ਼ਬਾਨੀ”। ਇਸ ਅਧਿਆਇ ਵਿੱਚ ਵਿਦਵਾਨ ਲੇਖਕ ਨੇ ਇਤਹਾਸ ਦੇ ਪੁਰਾਤਨ ਵਸੀਲੇ, ਭੱਟ ਵਹੀਆਂ ਦੀ ਪੜਤਾਲ ਕਰਕੇ, ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਤਾਰੀਖ਼ਾਂ ਦਰਜ ਕੀਤੀਆਂ ਹਨ।
“ਗੁਰੂ ਤੇਗ ਬਹਾਦਰ ਜੀ, ਬੇਟਾ ਗੁਰੂ ਹਰਿ ਗੋਬਿੰਦ ਮਹਲ ਛਟੇ ਕਾ, ਸੰਮਤ ਸਤ੍ਰਾਂ ਸੈ ਤੇਰਾਂ ਅਸਾਢ ਪ੍ਰਵਿਸ਼ਟੇ ਗਿਆਰਸ ਕੋ, ਕੀਰਤਪੁਰ ਪਰਗਣਾ ਕਹਿਲੂਰ ਸੇ ਤੀਰਥ ਜਾਤ੍ਰਾ ਜਾਨੇ ਕੀ ਤਿਆਰੀ ਕੀ।...”। (ਭੱਟ ਵਹੀ ਪੂਰਬੀ ਦੱਖਣੀ, ਪੰਨਾ 55) ਇਸ ਸਾਖੀ ਵਿੱਚ ਦਰਜ ਤਾਰੀਖ ਸੰਮਤ “ਸਤ੍ਰਾਂ ਸੈ ਤੇਰਾਂ ਅਸਾਢ ਪ੍ਰਵਿਸ਼ਟੇ ਗਿਆਰਸ ਕੋ” ਮੁਤਾਬਕ 8 ਜੂਨ 1656 ਈ: ਨੂੰ ਗੁਰੂ ਜੀ ਕੀਰਤਪੁਰ ਸਨ ਨਾ ਕਿ ਬਕਾਲੇ ਭੋਰੋ ਵਿੱਚ।
“ਗੁਰੂ ਤੇਗ ਬਹਾਦਰ ਜੀ, ਬੇਟਾ ਗੁਰੂ ਹਰਿ ਗੋਬਿੰਦ ਜੀ ਮਹਲ ਛਟੇ ਕਾ ਬਨਾਰਸ ਆਏ। ਸੰਮਤ ਸਤ੍ਰਾਂ ਸੈ ਅਠਾਰਾਂ ਅਸ਼ਾਢ ਸੁਦੀ ਪੰਚਮੀ ਕੋ, ਗੈਲੋਂ ਨਾਨਕੀ ਜੀ ਆਈ ਮਾਤਾ ਗੁਰੂ ਤੇਗ ਬਹਾਦਰ ਜੀ ਕੀ...”। (ਭੱਟ ਵਹੀ ਪੂਰਬੀ ਦੱਖਣੀ ,ਪੰਨਾ 56) ਇਸ ਸਾਖੀ ਵਿੱਚ ਦਰਜ ਤਾਰੀਖ “ਸੰਮਤ ਸਤ੍ਰਾਂ ਸੈ ਅਠਾਰਾਂ ਅਸ਼ਾਢ ਸੁਦੀ ਪੰਚਮੀ” ਮੁਤਾਬਕ 21 ਜੂਨ 1661 ਈ: ਨੂੰ ਗੁਰੂ ਜੀ ਬਨਾਰਸ ਸਨ ਨਾ ਕਿ ਬਕਾਲੇ।
ਪਿਆਰਾ ਸਿੰਘ ਪਦਮ ਦੀ ਹੀ ਇਕ ਹੋਰ ਕਿਰਤ ਹੈ, “ਗੁਰੂ ਕੀਆਂ ਸਾਖੀਆਂ”। ਇਸ ਦੀ ਭੂਮਿਕਾ ਵਿੱਚ ਪਦਮ ਲਿਖਦਾ ਹੈ, “ਅਸੀਂ ਗੁਰੂਆਂ ਬਾਰੇ ਸਮੱਗਰੀ ਲੱਭਣ ਵਿੱਚ ਰੁਚੀ ਰੱਖਦੇ ਹਾਂ। ਜੋ ਕੁਝ ਭੱਟ ਵਹੀਆਂ ਵਿੱਚ ਲਿਖਿਆ ਮਿਲਦਾ ਹੈ, ਲੱਗ ਭੱਗ ਉਸੇ ਤਰ੍ਹਾਂ ਦੀ ਜਾਣਕਾਰੀ ਕਿਤੇ-ਕਿਤੇ ਪੰਡਾ ਵਹੀਆਂ ਵਿੱਚ ਅੰਕਿਤ ਲੱਭਦੀ ਹੈ। ਇਸ ਤੋਂ ਉਸ ਘਟਨਾ ਦੀ ਪੁਸ਼ਟੀ ਹੁੰਦੀ ਹੈ। ਤੇ ਕਈ ਵਾਰ ਕੁਝ ਹੋਰ ਗੱਲਾਂ ਦਾ ਵੀ ਪਤਾ ਲੱਗਦਾ ਹੈ। ਭਾਵੇਂ ਅਜੇ ਤੱਕ ਵਿਗਿਆਨਕ ਢੰਗ ਨਾਲ ਇਨ੍ਹਾਂ ਸਾਰੀਆਂ ਵਹੀਆਂ ਦੀ ਘੋਖ-ਪੜਤਾਲ ਨਹੀਂ ਹੋਈ ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਭੰਡਾਰਾ ਬਹੁਤ ਅਮੋਲਕ ਹੈ। ਤੇ ਇਨ੍ਹਾਂ ਦਾ ਇਕ ਦੂਜੇ ਨਾਲ ਮਿਲਾਨ ਕਰ ਕੇ ਛੁਪੀ ਅਸਲੀਅਤ ਲੱਭੀ ਜਾ ਸਕਦੀ ਹੈ। ਮਿਸਾਲ ਲਈ ਬਾਬਾ ਤੇਗ ਬਹਾਦਰ ਦੇ ਹਾੜ 1713 ਬਿ: ਵਿੱਚ ਤੀਰਥ ਯਾਤਰਾ `ਤੇ ਜਾਣ ਬਾਰੇ ਭੱਟ ਵਹੀ ਵਿੱਚ ਬੜੀ ਕੀਮਤੀ ਟੂਕ ਮਿਲਦੀ ਹੈ ਕਿ ਉਹ ਕਦੋਂ ਗਏ ਤੇ ਉਨ੍ਹਾਂ ਦੇ ਨਾਲ ਕੌਣ-ਕੌਣ ਸੀ। ਹਾਲਾਂ ਕਿ ਸਾਡੀਆਂ ਪ੍ਰਚੱਲਤ ਇਤਿਹਾਸਿਕ ਪੁਸਤਕਾਂ ਇਸ ਬਾਰੇ ਬਿਲਕੁਲ ਚੁੱਪ ਹਨ। ਤੇ ਉਹ ਇਹੋ ਕਹੀ ਜਾਂਦੀਆਂ ਹਨ ਕਿ ਉਹ 20 ਸਾਲ ਬਕਾਲੇ ਤਪ ਕਰਦੇ ਰਹੇ ਲੇਕਿਨ ਵਹੀਆਂ ਦੇ ਨੋਟ ਦੱਸਦੇ ਹਨ ਕਿ ਉਹ ਲੰਮੀ ਯਾਤਰਾ `ਤੇ ਗਏ ਸਨ”। (ਪੰਨਾ 14)
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ `ਤੇ ਦਰਜ ਗੁਰੂ ਤੇਗ ਬਹਾਦਰ ਜੀ ਦੇ ਸੰਖੇਪ ਇਤਿਹਾਸ ਵਿੱਚ ਵੀ ਇਸ ਸਾਖੀ ਦਾ ਖੰਡਨ ਕੀਤਾ ਹੋਇਆ ਹੈ,
“It is totally wrong conception (as some historian point out) that Guru Sahib got constructed a solitary cell in his house where he often used to meditate God”. (sgpc.net)
ਗੁਰ ਇਤਿਹਾਸ ਮੁਤਾਬਕ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੱਲੋਂ ਗੁਰਗੱਦੀ ਦੀ ਜਿੰਮੇਵਾਰੀ, ਗੁਰੂ ਹਰਿ ਰਾਏ ਜੀ ਨੂੰ 1 ਚੇਤ/ਚੇਤ ਵਦੀ 15 ਸੰਮਤ 1700 ਬਿਕ੍ਰਮੀ (27 ਫਰਵਰੀ 1644 ਈ: ਜੂਲੀਅਨ) ਦੇਣ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਮਿਲਣ, ਭਾਵ 3 ਵੈਸਾਖ ਸੰਮਤ 1721 ਬਿਕ੍ਰਮੀ (30 ਮਾਰਚ 1664 ਈ ਜੂਲੀਅਨ) ਤੱਕ ਦੇ ਲੱਗ-ਭੱਗ ਦੋ ਦਹਾਕਿਆਂ ਦੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀਆਂ ਘਟਨਾਵਾਂ ਦਾ ਕੋਈ ਖਾਸ ਜਿਕਰ ਨਹੀ ਮਿਲਦਾ। ਗੁਰਗੱਦੀ ਤੇ ਬਿਰਾਜਣ ਤੋਂ ਪਿਛੋਂ, ਲੇਖਕਾਂ ਨੇ ਪੜਤਾਲ ਕਰਕੇ ਸਹੀ ਘਟਨਾਵਾਂ ਦਾ ਪਤਾ ਲਾਉਣ ਦੀ ਬਿਜਾਏ, 26 ਸਾਲ 9 ਮਹੀਨੇ 13 ਦਿਨ ਦੀ ਕਹਾਣੀ ਘੜ ਕੇ ਇਤਿਹਾਸ ਨੂੰ ਮੁਕੰਮਲ ਕਰ ਦਿੱਤਾ। ਅੱਗੋਂ ਚਲ ਸੋ ਚਲ! ਹੁਣ ਜਦੋਂ ਭੱਟ ਵਹੀਆਂ ਸਾਹਮਣੇ ਆਈਆਂ ਹਨ ਤਾਂ ਭੋਰੇ ਵਾਲੀ ਸਾਖੀ ਰੱਦ ਵੀ ਹੋ ਗਈ ਹੈ। ਅਜੇ ਵੀ ਜਿਹੜੇ ਸੱਜਣ ਗੁਰੂ ਸਾਹਿਬ ਨੂੰ, ਸੀਨਾ-ਬਸੀਨਾ ਸਾਖੀ ਦੇ ਆਸਰੇ 26 ਸਾਲ 9 ਮਹੀਨੇ 13 ਦਿਨ ਭੋਰੇ ਵਿੱਚ ਬੰਦ ਰੱਖਣਾ ਚਾਹੁੰਦੇ ਹਨ, ਕੀ ਉਹ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਨੂੰ ਗੁਰਬਾਣੀ ਦੇ ਸਿਧਾਂਤ ਤੋਂ ਅਣਜਾਣ ਸਨ? ਉਹ ਭਲਿੳ! ਅਕਲ ਨੂੰ ਹੱਥ ਮਾਰੋ।




.