.

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼

ਸਰਵਜੀਤ ਸਿੰਘ ਸੈਕਰਾਮੈਂਟੋ

ਰਾਗੀਆਂ-ਢਾਡੀਆਂ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀਂ। ਇਹ ਹੈ ਵੀ ਸੱਚ। ਇਤਿਹਾਸ ਨੂੰ ਸੰਭਾਲਣਾ ਕੋਈ ਸਧਾਰਨ ਕੰਮ ਨਹੀਂ ਹੁੰਦਾ। ਇਤਿਹਾਸ `ਚ ਵਾਪਰੀਆਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਪਰਖ ਪੜਚੋਲ ਕਰਕੇ ਹੀ ਅੰਕਿਤ ਕੀਤਾ ਜਾ ਸਕਦਾ ਹੈ। ਪਰ ਸਿੱਖਾਂ ਪਾਸ ਏਨਾ ਸਮਾਂ ਕਿੱਥੇ ਸੀ। ਹਕੂਮਤਾਂ ਵੱਲੋਂ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸਨ, ਸਿੱਖ ਤਾਂ ਜੰਗਲਾਂ ਦੇ ਵਾਸੀ ਸਨ। ਜੋ ਵੀ ਇਤਿਹਾਸ ਲਿਖਿਆ ਮਿਲਦਾ ਹੈ, ਉਸ ਵਿੱਚ ਬਹੁਤ ਕੁਝ ਅਜੇਹਾ ਦਰਜ ਹੈ ਜਿਸ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਵਿੱਚ ਪਰਖ-ਪੜਚੋਲ ਦੀ ਲੋੜ ਹੈ। ਅੱਜ ਇਹ ਕੰਮ ਕਈ ਵਿਦਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਜਦੋਂ ਕਈ ਕਥਾ ਕਹਾਣੀਆਂ ਰੱਦ ਹੋ ਰਹੀਆਂ ਹਨ ਤਾਂ ਕੁਝ ਸੱਜਣਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਜਿਸ ਕਾਰਨ ਕਈ ਵਾਰ ਅਣਸੁਖਾਵੀਆਂ ਸਥਿਤੀਆਂ ਵੀ ਪੈਦਾ ਹੋ ਜਾਂਦੀਆਂ ਹਨ। ਖੈਰ, ਅੱਜ ਸਾਡਾ ਵਿਸ਼ਾ ਪੁਰਾਤਨ ਇਤਿਹਾਸ ਦੀ ਖੋਟ ਨਹੀਂ, ਸਗੋਂ ਮੌਜੂਦਾ ਸਮੇਂ ਕਿਸੇ ਸਾਜ਼ਿਸ਼ ਅਧੀਨ ਇਤਿਹਾਸ ਨਾਲ ਕੀਤੀ ਜਾ ਰਹੀ ਛੇੜ-ਛਾੜ ਹੈ। ਜੋ ਕਿਸੇ ਵਿਰੋਧੀ ਵੱਲੋਂ ਨਹੀਂ, ਸਗੋਂ ਸਾਡੇ ਆਪਣਿਆਂ ਵੱਲੋਂ ਹੀ ਕੀਤੀ ਜਾ ਰਹੀ ਹੈ। ਇਹ ਹੈ ਸਿੱਖਾਂ ਦੀ ਆਖੀ ਜਾ ਰਹੀ ਸਰਬ ਉਚ ਸੰਸਥਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਮਤ 535 ਨਾਨਕਸ਼ਾਹੀ (2003 ਈ:) ਵਿਚ, ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਜਿਸ ਦੇ ਸਾਲ ਦੀ ਲੰਬਾਈ, ਮਹੀਨੇ ਦਾ ਅਰੰਭ, ਮਹੀਨੇ ਦੇ ਦਿਨ, ਸਾਰੇ ਇਤਿਹਾਸਿਕ ਦਿਹਾੜਿਆਂ ਅਤੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਸਦਾ ਲਈ, ਵਿਦਵਾਨਾਂ ਵੱਲੋਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਸਮੇਂ ਦੇ ਹਾਣੀ ਅਤੇ ਵਿਗਿਆਨਿਕ ਕੈਲੰਡਰ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਭਵਿੱਖ ਲਈ ਕਲਿਆਣ ਕਾਰੀ ਮੰਨਦੇ ਹੋਏ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ ਅਕਤੂਬਰ 2009 ਈ: ਵਿੱਚ ਕੈਲੰਡਰ `ਚ ਸੋਧ ਕਰਨ ਲਈ, ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ, ਦੋ ਮੈਂਬਰੀ ਕਮੇਟੀ ਬਣਾਉਣ ਦੀ ਖ਼ਬਰ ਆ ਗਈ। ਇਸ ਕਮੇਟੀ ਦੀ ਰਿਪੋਰਟ ਮੁਤਾਬਕ ਸੋਧ ਦੇ ਨਾਮ ਹੇਠ ਵਿਗਾੜ ਕੇ, ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 542 ਨਾਨਕਸ਼ਾਹੀ (2010 ਈ:) ਵਿੱਚ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਬਣਾ ਦਿੱਤਾ ਗਿਆ। ਵਿਦੇਸ਼ਾਂ ਵਿੱਚ ਖਾਸ ਕਰਕੇ ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ, ਹਰ ਸਾਲ ਹੀ ਤਾਰੀਖ਼ਾਂ ਦਾ ਰੇੜਕਾ ਪਿਆ ਰਹਿੰਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਜੋ ਇਸ ਵਿਵਾਦ ਲਈ ਜਿੰਮੇਵਾਰ ਹੈ, ਵੱਲੋਂ ਪਿਛਲੇ ਸਾਲਾਂ ਵਿੱਚ ਬਾਰ-ਬਾਰ ਬੇਨਤੀਆਂ ਕਰਨ ਦੇ, ਇਸ ਵਿਵਾਦ ਨੂੰ ਸੁਲਝਾਉਣ ਲਈ ਸੁਹਿਰਦ ਯਤਨ ਕਰਨੇ ਤਾਂ ਇਕ ਪਾਸੇ, ਅੱਜ ਤੱਕ ਇਹ ਵੀ ਨਹੀਂ ਦੱਸਿਆ ਕਿ ਕੈਲੰਡਰ ਨੂੰ ਵਿਗਾੜਨ ਪਿਛੇ, ਜਿਸ ਨੂੰ ਉਹ ਸੋਧ ਕਹਿੰਦੇ ਨੇ, ਦੇ ਕੀ ਕਾਰਨ ਸਨ?
ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਇਸ ਪਿਛੋਂ ਇਨਸਾਨ ਨੂੰ ਚੰਦ ਦੇ ਵੱਧਣ-ਘੱਟਣ ਅਤੇ ਚਾਨਣੀ-ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖਿਆਲ ਕਰੋ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਵੇਗੀ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਤ ਹੈ। ਜਿਉਂ-ਜਿਉਂ ਮਨੁੱਖ ਦੀ ਰੁੱਤਾਂ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਇਨਸਾਨ ਦੀ ਜਾਣਕਾਰੀ `ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ `ਚ ਲੋੜ ਮੁਤਾਬਕ ਸੋਧ ਵੀ ਹੁੰਦੀ ਰਹੀ। ਇਸੇ ਵਿਕਾਸ ਦੀ ਹੀ ਦੇਣ ਹੈ ਨਾਨਕਸ਼ਾਹੀ ਕੈਲੰਡਰ।
ਕੈਲੰਡਰ, ਚੰਦ ਅਧਾਰਿਤ ਜਾਂ ਸੂਰਜੀ, ਦੋ ਤਰ੍ਹਾਂ ਬਣਾਏ ਜਾਂਦੇ ਹਨ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ। ਇਹ ਚੱਕਰ 29.53059 ਦਿਨ ਵਿਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ ਬਾਰਾਂ ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਸਾਲ ਦੀ ਲੰਬਾਈ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਮੰਨੀ ਗਈ ਹੈ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨਾਂ ਵਿਚ ਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਚੰਦ ਦੇ ਕੈਲੰਡਰ ਦਾ ਰੁਤਾਂ ਨਾਲ ਕੋਈ ਸਬੰਧ ਨਹੀ ਹੁੰਦਾ। ਰੁੱਤਾਂ ਦਾ ਸਬੰਧ ਸੂਰਜੀ ਕੈਲੰਡਰ ਨਾਲ ਹੁੰਦਾ ਹੈ। ਦੁਨੀਆਂ ਦੇ ਸਾਂਝੇ ਕੈਲੰਡਰ (ਸੀ: ਈ:) ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਵੀ 365.2425 ਦਿਨ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਰਜੀ ਸਾਲ ਦੇ 365 ਦਿਨ ਹੁੰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ (ਚੇਤ ਤੋਂ ਫੱਗਣ) ਛਾਪਿਆ ਜਾਂਦਾ ਹੈ, ਉਸ ਦੇ ਵੀ 365 ਦਿਨ ਹੀ ਬਣਦੇ ਹਨ। 365 ਦਿਨਾਂ ਦੇ ਸਾਲ ਵਿੱਚ ਹਰ ਦਿਨ-ਤਿਉਹਾਰ, ਹਰ ਸਾਲ ਉਸੇ ਤਾਰੀਖ਼ ਨੂੰ ਹੀ ਆਉਂਦਾ ਹੈ। ਜਿਵੇ ਸਾਡਾ ਜਨਮ ਦਿਨ। ਪਰ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ ਸਾਲਾਂ ਦੇ ਕੈਲੰਡਰ ਵੇਖੇ। ਉਥੇ ਤਾਂ ਹਰ ਸਾਲ, ਹਰ ਗੁਰਪੁਰਬ ਦੀ ਬਦਲਵੀਂ ਤਾਰੀਖ ਦਰਜ਼ ਹੈ।


ਇਹ ਠੀਕ ਹੈ ਕਿ ਵੱਖ-ਵੱਖ ਸੂਰਜੀ ਕੈਲੰਡਰਾਂ ਮੁਤਾਬਕ ਸਾਲ ਦੀ ਲੰਬਾਈ ਵਿੱਚ ਕੁਝ ਮਿੰਟਾਂ ਦਾ ਫਰਕ ਹੈ। ਇਹ ਫ਼ਰਕ ਵੱਧਦਾ-ਵੱਧਦਾ ਕੁਝ ਸਾਲਾਂ ਪਿਛੋਂ ਇਕ ਦਿਨ ਦਾ ਫਰਕ ਬਣ ਜਾਂਦਾ ਹੈ। ਇਸ ਕਾਰਨ ਲੰਮੇ ਸਮੇਂ ਪਿਛੋਂ ਸੂਰਜੀ ਕੈਲੰਡਰ ਦਾ ਸਬੰਧ ਵੀ ਰੁੱਤਾਂ ਨਾਲੋਂ ਟੁੱਟ ਜਾਂਦਾ ਹੈ। ਜਿਵੇ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365 ਦਿਨ 6 ਘੰਟੇ ਮੰਨੀ ਗਈ ਸੀ। 1582 ਈ: ਵਿਚ ਰੋਮ ਵਾਸੀਆਂ ਨੂੰ ਗਿਆਨ ਹੋਇਆ ਕਿ ਰੁੱਤਾਂ ਦਾ ਸਬੰਧ ਕੈਲੰਡਰ ਨਾਲੋਂ ਟੁੱਟ ਗਿਆ ਹੈ ਤਾਂ ਵਿਦਵਾਨਾਂ ਵੱਲੋਂ ਪੜਤਾਲ ਕਰਨ ਤੇ ਇਹ ਤੱਥ ਸਾਹਮਣੇ ਆਇਆ ਕਿ ਅਸਲ ਵਿੱਚ ਸਾਲ ਦੀ ਲੰਬਾਈ 365 ਦਿਨ 6 ਘੰਟੇ ਨਹੀਂ ਸਗੋਂ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਹੈ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ, ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮੇਂ ਤੋਂ ਲੱਗ ਭੱਗ 11.25 ਮਿੰਟ ਵੱਧ ਸੀ ਜਿਸ ਕਾਰਨ 128 ਸਾਲ ਪਿਛੋਂ (1440/11.25=128) ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਇਸ ਫਰਕ ਨੂੰ ਸਹੀ ਕਰਨ ਲਈ ਹੀ ਉਨ੍ਹਾਂ ਨੇ 1582 ਈ: ਵਿੱਚ ਵੀਰਵਾਰ 4 ਅਕਤੂਬਰ ਤੋਂ ਪਿਛੋਂ ਸ਼ੁਕਰਵਾਰ ਨੂੰ 15 ਅਕਤੂਬਰ ਕਰ ਕੇ 10 ਤਾਰੀਖ਼ਾਂ ਖਤਮ ਕਰ ਦਿੱਤੀਆਂ। ਪਰ ਸਾਡੇ ਪਾਸੇ ਤਾਂ ਸਾਲ ਦੀ ਲੰਬਾਈ 24 ਮਿੰਟ (ਸੂਰਜੀ ਸਿਧਾਂਤ) ਵੱਧ ਸੀ ਜਿਸ ਕਾਰਨ ਹਰ 60 ਸਾਲ ਪਿਛੋਂ (1440/24=60) ਹੀ ਇਕ ਦਿਨ ਦਾ ਫਰਕ ਪੈ ਜਾਂਦਾ ਸੀ। 1964 ਈ: ਵਿੱਚ ਹਿੰਦੂ ਵਿਦਵਾਨਾਂ ਨੇ ਇਸ `ਚ ਸੋਧ ਕਰਕੇ ਸਾਲ ਦੀ ਲੰਬਾਈ ਲੱਗ ਭੱਗ 4 ਮਿੰਟ ਘੱਟ ਕੀਤੀ ਸੀ। ਅੱਜ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਿਹਾ ਜਾਂਦਾ ਹੈ। ਹੁਣ ਵੀ ਇਹ ਲੰਬਾਈ ਲੱਗ ਭੱਗ 20 ਮਿੰਟ ਵੱਧ ਹੋਣ ਕਾਰਨ, 72 ਸਾਲ ਪਿਛੋਂ (1440/20=72) ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਹਿੰਦੂ ਵਿਦਵਾਨਾਂ ਵੱਲੋਂ ਕੀਤੀ ਇਸ ਸੋਧ ਤੇ ਕਿਸੇ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ, ਪਰ ਸਿੱਖ ਵਿਦਵਾਨਾਂ ਵੱਲੋਂ ਕੀਤੀ ਸੋਧ ਨੇ ਕਈਆਂ ਦਾ ਹਾਜ਼ਮਾ ਖ਼ਰਾਬ ਕਰ ਦਿੱਤਾ ਹੈ। ਸਾਲ ਦੀ ਲੰਬਾਈ ਵਿਚ 20 ਮਿੰਟ ਦੇ ਫਰਕ ਹੋਣ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹੀ, ਸਿੱਖ ਵਿਦਵਾਨਾਂ ਨੇ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ। ਇਸ ਕੈਲੰਡਰ ਤੇ ਕਿਸ ਧਿਰ ਨੂੰ, ਕੀ ਇਤਰਾਜ਼ ਸੀ? ਇਸ ਸਵਾਲ ਦਾ ਜਵਾਬ, ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਨਹੀਂ ਦਿੱਤਾ।
ਉਪ੍ਰੋਕਤ ਚਰਚਾ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਸੀ: ਈ: ਕੈਲੰਡਰ ਦੇ ਸਾਧਾਰਨ ਸਾਲ ਵਿੱਚ 365 ਦਿਨ (1 ਜਨਵਰੀ ਤੋਂ 30 ਦਸੰਬਰ) ਦਿਨ ਹੀ ਹੁੰਦੇ ਹਨ। ਇਸੇ ਕਾਰਨ ਹੀ ਸਾਡਾ ਜਨਮ ਦਿਨ ਹਰ ਸਾਲ ਮੁੜ ਉਸੇ ਤਾਰੀਖ ਨੂੰ ਹੀ ਆਉਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਵੀ, 1 ਚੇਤ ਤੋਂ 30 ਫੱਗਣ ਤੀਕ 365 ਦਿਨ ਹੀ ਬਣਦੇ ਹਨ। ਜਿਸ ਮੁਤਾਬਕ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਆਉਂਦੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਗੁਰਪੁਰਬ, ਹਰ ਸਾਲ ਮੁੜ ਉਸੇ ਪ੍ਰਵਿਸ਼ਟੇ (ਤਾਰੀਖ) ਨੂੰ ਕਿਉਂ ਨਹੀਂ ਆਉਂਦੇ? ਹਰ ਸਾਲ ਹਰ ਗੁਰਪੁਰਬ ਦੀ ਤਾਰੀਖ ਕਿਉਂ ਬਦਲ ਦਿੱਤੀ ਜਾਂਦੀ ਹੈ? ਇਹ ਹੈ ਸ਼੍ਰੋਮਣੀ ਕਮੇਟੀ ਵੱਲੋਂ, ਇਤਿਹਾਸ ਨੂੰ ਜਾਣ ਬੁਝ ਕੇ ਵਿਗਾੜਨ ਦੀ ਕੋਝੀ ਸਾਜ਼ਿਸ਼। ਸਾਡਾ ਇਹ ਦਾਵਾ ਉਦੋਂ ਤੱਕ ਕਾਇਮ ਰਹੇਗਾ, ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ, ਤੱਥਾਂ ਅਧਾਰਿਤ ਲਿਖਤੀ ਰੂਪ ਵਿਚ ਆਪਣਾ ਪੱਖ ਪੇਸ਼ ਕਰਕੇ ਬਦਲਵੀਂਆਂ ਤਾਰੀਖ਼ਾਂ ਨੂੰ ਸਹੀ ਸਾਬਿਤ ਨਹੀ ਕੀਤਾ ਜਾਂਦਾ। ਖਾਲਸਾ ਜੀ ਜਾਗੋ, ਕੀ ਅਸੀਂ ਲੰਘ ਗਏ ਸੱਪ ਦੀ ਲੀਕ ਪਿੱਟਣ ਜੋਗੇ ਹੀ ਹਾਂ? ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸੇ ਸਾਜ਼ਿਸ਼ ਅਧੀਨ ਗੁਰ ਇਤਿਹਾਸ ਨੂੰ ਵਿਗਾੜ ਰਹੀ ਹੈ ਤਾਂ ਕੀ ਸਾਡੀ ਕੋਈ ਜਿੰਮੇਵਾਰੀ ਨਹੀਂ? ਉੱਠੋ! ਆਪਣਾ ਫਰਜ਼ ਪਛਾਣੋ!




.