.

ਵਿਸ਼ੇਸ਼ ਪਾਠ-ਭੇਦ ਸੰਬੰਧੀ

ਹਰਜਿੰਦਰ ਸਿੰਘ ‘ਘੜਸਾਣਾ’

ਗੁਰੂ ਗ੍ਰੰਥ ਸਾਹਿਬ ਜੀ ਬਾਣੀ ਇੱਕ ਬਝੱਵੇਂ ਵਿਆਪਕ ਨੇਮ ਵਿੱਚ ਲਿਖੀ ਗਈ ਹੈ। ਸਮਗੱਰ ਗੁਰਬਾਣੀ ਵਿੱਚ ‘ਲਗ-ਮਾਤ੍ਰੀ-ਨੇਮ’ ਇਕਸਾਰ ਕੰਮ ਕਰਦੇ ਹਨ। ਉਪਰੋਕਤ ਨੇਮ ਸ਼ਬਦ ਦੇ ਸ਼ੁੱਧ ਸਰੂਪ ਅਤੇ ਸ਼ੁੱਧ ਉਚਾਰਣ ਸੰਬੰਧੀ ਬਹੁਤ ਅਗਵਾਈ ਬਖ਼ਸ਼ਦੇ ਹਨ। ਜਿੱਥੇ ਕਿਤੇ ਕੋਈ ਵਿਖੇਪਤਾ ਨਜ਼ਰ ਆਉਂਦੀ ਹੈ, ਓਥੇ ਲਿਖਤੀ-ਬੀੜ੍ਹਾਂ ਸਹਾਇਤਾ ਕਰਦੀਆਂ ਹਨ। ਗੁਰਬਾਣੀ ਅਧਿਐਨ ਕਰਦਿਆਂ ਕੁੱਝ ਸਾਲ ਪਹਿਲਾਂ ‘ਪਾਠ-ਭੇਦਾਂ’ ਸੰਬੰਧੀ ਸੁਧਾਈ ਦੀ ਲੋੜ ਮਹਿਸੂਸ ਹੋਈ। ਗੁਰਬਾਣੀ-ਲਗ-ਮਾਤ੍ਰੀ ਨਿਯਮਾਂਵਲੀ ਦੇ ਸਿਖਿਆਰਥੀ ਹੋਣ ਨਾਤੇ ਪਾਠ-ਭੇਦਾਂ ਸੰਬੰਧੀ ਬਹੁਤ ਮੁਸਵਦਾ (ਮਸੌਦਾ)ਤਿਆਰ ਹੋ ਗਿਆ। ਉਹਨਾਂ ਦੀ ਪੁਸ਼ਟੀ ਲਈ ੧00 ਤੋਂ ਵੱਧ ਪ੍ਰਮਾਣਿਕ ਬੀੜਾਂ ਦਾ ਵਿਵੇਚਨ ਕੀਤਾ ਗਿਆ। ਸਮਾਂ ਪਾ ਕੇ ਮੇਰੀ ਇਹ ਖੋਜ਼ ਇਕ ਫਾਈਲ ਰੂਪ ਵਿੱਚ ਮੁਕੰਮਲ ਹੋਈ। ਮੇਰੀ ਪੀ.ਐਚ ਡੀ ਦਾ ਵਿਸ਼ਾ ਭੀ ਉਪਰੋਕਤ ਹੀ ਹੋਣ ਕਾਰਨ ਇਸ ਖੇਤਰ ਵਿੱਚ ਹੋਰ ਬਹੁਤ ਕੰਮ ਕਰਨ ਦਾ ਸਮਾਂ ਮਿਲਿਆ।ਸਮੇਂ-ਸਮੇਂ ਪਾਠ-ਭੇਦਾਂ, ਗੁਰਬਾਣੀ-ਉਚਾਰਣ ਅਤੇ ਵਿਆਕਰਣ ਸੰਬੰਧੀ ਦਾਸ ਸਾਂਝ ਪਾਉਂਦਾ ਰਹਿੰਦਾ ਹੈ। ਕੁੱਝ ਅਜ਼ੀਜ਼ ਗੁਰਬਾਣੀ-ਅਭਿਲਾਸ਼ੀ ਸਜੱਣਾ ਵੱਲੋਂ ਪਾਠ-ਭੇਦਾਂ ਸੰਬੰਧੀ ਜਾਣਕਾਰੀ ਦੇਣ ਹਿਤ ਹੁਕਮ ਕੀਤਾ। ਸੋ, ਉਪਰੋਕਤ ਪਾਠ ਭੇਦਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ:
(ਉ ) ਚਾਰ ( ਚਾਰੁ )
ਸਮੱਗਰ ਗੁਰਬਾਣੀ ਅੰਦਰ ‘ਚਾਰ’ ਲਫਜ਼ ਅਕਾਰਾਂਤ (ਅੰਤ-ਮੁਕਤਾ) ੧੫-੧੬ ਵਾਰ ਆਉਂਦਾ ਹੈ। ਗੁਰਬਾਣੀ ਵਿੱਚ ਜਿਹੜੇ ਲਫਜ਼ ਤਤਸਮ ਰੂਪ ਵਿੱਚ (ਮੂਲਕ-ਰੂਪ) ‘ਸੰਸਕ੍ਰਿਤ’ਅਤੇ ‘ਪਾਲੀ’ ਭਾਸ਼ਾ ਤੋਂ ਆਏ ਹਨ, ਉਹ ਆਪਣੇ ਪਿਛਲੀਆਂ ਭਾਸ਼ਾਵਾਂ ਵਾਲਾ ਰੂਪ ਲੈ ਕੇ ਆਏ ਹਨ। ਜਿਵੇਂ ‘ਕਾਮਣਿ, ਗੀਹਨਿ, ਰੈਨਿ, ਬਈਅਰਿ´ ਆਦਿ ਇਸਤ੍ਰੀਲਿੰਗ ਨਾਂਵ ਲਫਜ਼ ਇਕਾਰਾਂਤ (ਅੰਤ-ਸਿਹਾਰੀ) ਪਿਛਲੀਆਂ ਭਾਸ਼ਾਵਾਂ ਵਿੱਚੋਂ ਨਾਲ ਲੈ ਕੇ ਆਏ ਹਨ। ਇਸ ਤਰ੍ਹਾਂ ਹੀ ਗੁਰਬਾਣੀ ਵਿੱਚ ਇਸਤਰੀਲਿੰਗ ਨਾਂਵ ਲਫਜ਼ ਐਸੇ ਵੀ ਹਨ ਜੋ ਉਕਾਰਾਂਤ (ਅੰਤ-ਔਂਕੜ) ਆਪਣੀਆਂ ਪਿਛਲੀਆਂ ਭਾਸ਼ਾਵਾਂ ਵਿੱਚੋਂ ਲੈ ਕੇ ਆਏ ਹਨ। ਜਿਵੇਂ: ‘ਸਸੁ, ਵਿਸੁ, ਖੰਡੁ, ਰਕਤੁ, ਧੇਨੁ, ਜਿੰਦੁ’ ਆਦਿ ਲਫਜ਼ ਮੂਲਕ-ਔਂਕੜ ਹਨ, ਜੋ ਲਿੰਗ, ਵਚਨ ਅਤੇ ਸੰਬੰਧਕ ਦੇ ਪ੍ਰਭਾਵ ਕਰਕੇ ਭੀ ਨਹੀਂ ਹਟਦਾ। ਗੁਰਬਾਣੀ ਵਿੱਚ ਇਸਤ੍ਰੀਲਿੰਗ ਨਾਂਵ ਮੂਲਕ-ਔਂਕੜ ਵਾਲੇ ਲਫਜ਼ ੫੦ ਦੇ ਲਗਭਗ ਹਨ। ਸੋ, ਵੀਚਾਰ ਅਧੀਨ ਲਫਜ਼ ‘ਚਾਰ’ ਭੀ ਉਪਰੋਕਤ ਲਫਜ਼ਾਂ ਵਿੱਚੋਂ ਹੈ। ‘ਚਾਰਿ’ ਲਫਜ਼ ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ਗਿਣਤੀ ਦਾ ਚਾਰ ਅੰਕ। ‘ਚਾਰ’ ਲਫਜ਼ ਸੰਸਕ੍ਰਿਤ ਦੇ
‘चारु:’ ਤੋਂ ਬਣ ਕੇ ਆਇਆ ਹੈ। ਜਿਸ ਦਾ ਅਰਥ ਹੈ ‘ਸੁੰਦਰ’। ਕੁੱਝ ਕੁ ਪੰਗਤੀਆਂ ਵੇਖੀਆਂ ਜਾਣ :
ਗਾਵੈ ਕੋ ਗੁਣ ਵਡਿਆਈਆ ਚਾਰ॥ ( ਪੰ:/੧)
ਚਾਰ ਬਿਚਾਰ ਬਿਨਸਿਓ ਸਭ ਦੂਆ॥ (ਪੰ:/੨੫੪)
ਪੜਹਿ ਗੁਣਹਿ ਤਿਨ ਚਾਰ ਵੀਚਾਰ ॥ (ਪੰ:/੪੭੦)
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ (ਪੰ:/੪੮੭)
ਉਪਰੋਕਤ ਪੰਗਤੀਆਂ ਵਿੱਚ ਆਏ ਲਫਜ਼ ‘ਚਾਰ’ ਦਾ ਸਰੂਪ ਦਰੁਸੱਤ ਨਹੀਂ ਪ੍ਰਿੰਟ ਹੋ ਰਿਹਾ। ਇਸਤ੍ਰੀ ਲਿੰਗ ਨਾਂਵ, ਵਿਸ਼ੇਸ਼ਣ ਹੋਣ ਕਾਰਨ ਇਸਦਾ ਸਰੂਪ ‘ਚਾਰੁ’ ਚਾਹੀਦਾ ਹੈ। ਚੂੰਕਿ ਉਕਾਰਾਂਤ ਮੂਲਕ ਹੈ ਨਾਲ ਹੀ ਆਏਗਾ। ਦਾਸ ਪਾਸ ਪ੍ਰਾਪਤ ਸਮੂਹ ਹੱਥ-ਲਿਖਤੀ ਬੀੜਾਂ ਵਿੱਚ ਉਪਰੋਕਤ ਲਫਜ਼ ‘ਸੁੰਦਰ’ ਦੇ ਅਰਥਾਂ ਵਿੱਚ ਜਿੱਥੇ ਭੀ ਆਇਆ ਹੈ, ਉਥੇ ਅੰਤ-ਔਂਕੜ ਹੈ। ਲਿਖਤੀ ਬੀੜਾਂ ਦੀ ਤਸਵੀਰ ਨਾਲ ਨੱਥੀ ਕੀਤੀ ਜਾ ਰਹੀ ਹੈ।

( ਅ ) ਪੂੰਅਰ, ਪੂਅਰ :
ਗੁਰੂ ਗ੍ਰੰਥ ਸਾਹਿਬ ਜੀ ਦੀ ਛਾਪੇ ਦੀ ਬੀੜ ਵਿੱਚ ਇੱਕ ਵਾਰ ‘ਪੂਅਰ’ ਅਤੇ ਇੱਕ ਵਾਰ ‘ਪੂੰਅਰ’ ਆਉਂਦਾ ਹੈ। ਪੰਗਤੀਆਂ ਵੇਖੀਆਂ ਜਾਣ :
ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ॥ (ਪੰ:/੧੦੧੩)
ਪੂੰਅਰ ਤਾਪ ਗੇਰੀ ਕੇ ਬਸਤ੍ਰਾ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥ (ਪੰ:/੧੩੪੮)
ਇੱਕ ਵਾਰ ਟਿੱਪੀ ਸਹਿਤ ਅਤੇ ਇੱਕ ਵਾਰ ਟਿੱਪੀ ਰਹਿਤ ਉਕਤ ਲਫਜ਼ ਗੁਰਬਾਣੀ ਅੰਦਰ ਆਇਆ ਹੈ। ਅਸਲ ਵਿੱਚ ਲਫਜ਼ ‘ਧੂੰਆ’ ਤੋਂ ‘ਧੂੰਅਰ’ ਇਸਤ੍ਰੀਲਿੰਗ ਨਾਂਵ ਤੋਂ ਇਸਤ੍ਰੀਲਿੰਗ ਵਿਸ਼ੇਸ਼ਣ ਬਣਿਆ ਹੈ, ਪੂੰਅਰ ਨਹੀਂ। ਲਿਖਾਰੀ ਤੋਂ ‘ਪ’ ਉਪਰ ਲਕੀਰ ਮਾਰਨ ਵਾਲੀ ਰਹਿ ਗਈ, ਜਿਸ ਕਾਰਨ ‘ਧ’ ਤੋਂ ‘ਪ’ ਬਣ ਗਿਆ। ਉਂਜ ‘ਪੂੰਅਰ, ਪੂਅਰ’ ਕੋਈ ਲਫਜ਼ ਨਹੀਂ ਹੈ। ਭਾਵੇਂ ਕੋਸ਼ਕਾਰਾਂ ਨੇ ਖਿੱਚਾ ਧੂਹੀ ਕਰਕੇ ਸੰਸਕ੍ਰਿਤ ਦੇ ‘ਪੇਰ’ ਤੋਂ ਉਪਰੋਕਤ ਲਫਜ਼ ਦੀ ਵਿਉਤਪਤੀ ਬਣਾ ਦਿੱਤੀ ਹੈ। ਐਪਰ ਇਹ ਦਰੁਸੱਤ ਨਹੀਂ। ਨਿਰੁਕਤਾਂ ਅਨੁਸਾਰ ਧਾਤੂ ਅਤੇ ਵਿਉਤਪੱਤ ਮੂਜਬ ‘ਧੂੰ’, ‘ਧੂੰਆਂ’,’ਧੂੰਅਰ’ ਹੀ ਬਣਦਾ ਹੈ। ਦਾਸ ਪਾਸ ਸਮੂਹ ਲਿਖਤੀ ਬੀੜਾਂ ਵਿੱਚ ‘ਧੂੰਅਰ’ ਪਾਠ ਹੈ। ਪਾਠ-ਭੇਦਾਂ ਦੀ ਸੂਚੀ ਵਿੱਚ ‘ਧੂੰਅਰ’ ਪਾਠ ਹੈ। ਸਿੱਖ ਰੈਫਰੈਂਸ ਵਿੱਚ ਪ੍ਰਾਪਤ ਬੀੜਾਂ ਅੰਦਰ ਪਾਠ ‘ਧੂੰਅਰ’ ਹੈ। ‘ਧੂੰਅਰ’ ਦਾ ਅਰਥ ਹੀ ‘ਧੂਣੀ’ ਬਣੇਗਾ, ਪੂੰਅਰ ਦਾ ਅਰਥ ਕਿਸੇ ਤਰੀਕੇ ਭੀ ‘ਧੂਣੀ’ ਨਹੀਂ ਬਣ ਸਕਦਾ। ਸੋ, ਦਰੁੱਸਤ ਪਾਠ ‘ਧੂੰਅਰ’ ਹੈ।
( ੲ ) ਰਾਮਦਾਸਿ ਸਰੋਵਰ ਨਾਤੇ॥
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੬੨੪ ਉੱਤੇ ਗੁਰੂ ਅਰਜਨ ਸਾਹਿਬ ਜੀ ਦਾ ੬੦ ਨੰਬਰ ਸ਼ਬਦ , “ਗੁਰਿ ਪੂਰੈ ਕੀਤੀ ਪੂਰੀ॥” ਸ਼ਬਦ ਦੇ ਦੂਜੇ ਬੰਦ ਦੀ ਪੰਗਤੀ ਹੈ :
ਰਾਮਦਾਸਿ ਸਰੋਵਰ ਨਾਤੇ॥ਸਭ ਲਾਥੇ ਪਾਪ ਕਮਾਤੇ॥ (ਪੰ:/੬੨੪)
ਲਫਜ਼ ‘ਰਾਮਦਾਸਿ’ ਸਮਾਸ ਜੁੱਟ ‘ਬਹੁਵਚਨ ਨਾਂਵ ਕਰਤਾ ਕਾਰਕ’ ਸੰਬੰਧਕੀ ਰੂਪ ਹੈ। ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਂਵਲੀ ਮੂਜਬ ਅੰਤ-ਮੁਕਤਾ ਚਾਹੀਦਾ ਹੈ। ‘ਸਰੋਵਰ’ ਲਫਜ਼ ‘ਨਾਂਵ, ਅਧਿਕਰਨ ਕਾਰਕ’ ਵਿੱਚ ਹੈ, ਅੰਤ-ਸਿਹਾਰੀ ਚਾਹੀਦੀ ਹੈ। ਅਸਲ ਵਿੱਚ ‘ਰਾਮਦਾਸਿ’ ਦੇ ਅੰਤ ਲੱਗੀ ਸਿਹਾਰੀ ‘ਸਰੋਵਰ’ ਲਫਜ਼ ਦੇ ‘ਰ’ ਦੀ ਹੈ। ਲਿਖਾਰੀ ਤੋਂ ‘ਰਾਮਦਾਸਿ’ ਦੇ ‘ਸ’ ਨਾਲ ਲਗ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੬੨੫ ‘ਤੇ ਉਕਤ ਪੰਗਤੀ ਦਰੁੱਸਤ ਰੂਪ ਵਿੱਚ ਅੰਕਿਤ ਹੈ। ਲਿਖਤੀ ਬੀੜਾਂ ਵਿੱਚ ‘ਰਾਮਦਾਸ ਸਰੋਵਰਿ ਨਾਤੇ॥’ ਸਰੂਪ ਮਿਲਦੇ ਹਨ।
ਉਪਰੋਕਤ ਲੇਖ ਵਿੱਚ ਦਿੱਤੇ ਪਾਠ-ਭੇਦਾਂ ਦੀਆਂ ਲਿਖਤੀ ਬੀੜਾਂ ਤੋਂ ਤਸਵੀਰਾਂ ਨਾਲ ਨੱਥੀ ਕੀਤੀਆਂ ਜਾਂਦੀਆਂ ਹਨ। ਦਾਸ ਪਾਸ ਇਹ ਬੀੜਾਂ ਉਪਲਬਧ ਹਨ।
ਭੁੱਲ-ਚੁਕ ਦੀ ਖਿਮਾਂ
[email protected]




.