.

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥

(ਭਾਗ ਦੂਜਾ)

(7) ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥ ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥3॥

(ਗੁਰ ਗ੍ਰੰਥ ਸਾਹਿਬ, ਪੰਨਾ 1264)

ਹੇ ਭਾਈ! ਗੁਰੂ ਪ੍ਰਮੇਸ਼ਰ ਨੂੰ ਭੁਲਾ ਕੇ ਮਨੁੱਖ ਭਟਕ ਭਟਕ ਕੇ ਮੂਰਤੀ ਆਦਿ ਦੀ ਪੂਜਾ ਵਾਸਤੇ ਫੁੱਲ ਤੋੜਦਾ ਫਿਰਦਾ ਹੈ। ਅਜਿਹੇ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਆਤਮਿਕ ਜੀਵਨ ਵੱਲੋਂ ਬੇਸਮਝ ਹਨ, ਉਨ੍ਹਾਂ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿਸਦਾ। ਉਹ ਅੰਨ੍ਹੇ ਮਨੁੱਖ ਬੇ-ਜਾਨ ਮੂਰਤੀਆਂ ਨੂੰ ਪੂਜਦੇ ਹਨ, ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। ਅਜਿਹੇ ਮਨੁੱਖ ਆਪਣੀ ਸਾਰੀ ਮਿਹਨਤ ਵਿਅਰਥ ਗਵਾ ਲੈਂਦੇ ਹਨ॥3॥

(8) ਪੰਨਾ 479, ਰਾਗ ਆਸਾ ਵਿਚ ਭਗਤ ਕਬੀਰ ਜੀ ਲਿਖਦੇ ਹਨ:

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥1॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥1॥ ਰਹਾਉ ॥

(ਗੁਰ ਗ੍ਰੰਥ ਸਾਹਿਬ, ਪੰਨਾ 479)

ਅਰਥ: ਮੂਰਤੀ ਦੀ ਪੂਜਾ ਕਰਨ ਲਈ ਮਾਲਣ ਪੱਤਰ ਤੋੜ੍ਹਦੀ ਹੈ, ਪਰ ਇਹ ਨਹੀਂ ਜਾਣਦੀ ਕਿ ਹਰੇਕ ਪੱਤਰ ਵਿਚ ਜਿੰਦ ਹੈ। ਜਿਸ ਪੱਥਰ ਦੀ ਮੂਰਤੀ ਖਾਤਰ ਇਹ ਮਾਲਣ ਪੱਤਰ ਤੋੜਦੀ ਹੈ, ਉਹ ਪੱਥਰ ਦੀ ਮੂਰਤੀ ਤਾਂ ਨਿਰਜਿੰਦ ਹੈ॥1॥

ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰਕੇ ਇਸ ਤਰ੍ਹਾਂ ਇਹ ਮਾਲਣ ਭੁੱਲ ਕਰ ਰਹੀ ਹੈ, ਕਿਉਂਕਿ ਅਸਲੀ ਇਸ਼ਟ ਸਤਿਗੁਰੂ ਤਾਂ ਜਿਊਂਦਾ ਜਾਗਦਾ ਦੇਵਤਾ ਹੈ॥1॥ ਰਹਾਉ॥

ਭਾਵ: ਮਾਲਣ ਦੀ ਪੂਜਾ ਦਾ ਢੰਗ ਗਲਤ ਹੈ।

(9) ਗੁਰੂ ਗ੍ਰੰਥ ਸਾਹਿਬ ਦੇ ਪੰਨਾ 485 ਤੇ ਰਾਗ ਆਸਾ ਵਿਚ ਭਗਤ ਨਾਮ ਦੇਵ ਜੀ ਬਿਆਨ ਕਰਦੇ ਹਨ ਕਿ:

ਆਨੀਲੇ1 ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ2 ਕਾਇ ਕਰਉ ॥1॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥1॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥2॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ3 ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥3॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥4॥2॥

(ਗੁਰ ਗ੍ਰੰਥ ਸਾਹਿਬ, ਪੰਨਾ 485)

ਔਖੇ ਸ਼ਬਦਾਂ ਦੇ ਅਰਥ: 1. ਲਿਆਂਦਾ, 2. ਵਸਦਾ ਸੀ/ਮੌਜੂਦ ਸੀ, 3. ਭੇਟਾ ਕਰਾਂ।

ਭਾਵ: ਮੈਂ ਜਿੱਧਰ ਵੀ ਜਾਂਦਾ ਹਾਂ, ਉੱਧਰ ਹੀ ਪ੍ਰਭੂ ਮੌਜੂਦ ਹੈ ਅਤੇ ਸਭ ਜੀਵਾਂ ਵਿਚ ਵਿਆਪਕ ਹੋ ਕੇ ਬੜੇ ਅਨੰਦ ਚੋਜ਼ ਤਮਾਸ਼ੇ ਕਰ ਰਿਹਾ ਹੈ॥1॥ ਰਹਾਉ॥

ਮੈਂ ਸੋਚਿਆ ਕਿ ਘੜਾ ਲਿਆ ਕੇ ਉਸ ਵਿਚ ਪਾਣੀ ਭਰ ਲਵਾਂ ਅਤੇ ਠਾਕੁਰ ਮੂਰਤੀ ਨੂੰ ਇਸ਼ਨਾਨ ਕਰਾਵਾਂ ਪਰ ਇਹ ਸ਼ਿਨਾਨ ਸਵੀਕਾਰ ਨਹੀਂ। ਪਾਣੀ ਜੂਠਾ ਹੈ ਕਿਉਂਕਿ ਪਾਣੀ ਵਿਚ ਬਿਤਾਲੀ ਲੱਖ ਜੀਵ ਰਹਿੰਦੇ ਹਨ। ਮੇਰਾ ਪ੍ਰਭੂ ਤਾਂ ਪਹਿਲਾਂ ਹੀ ਉਨ੍ਹਾਂ ਜੀਵਾਂ ਵਿਚ ਵੱਸਦਾ ਸੀ ਅਤੇ ਇਸ਼ਨਾਨ ਕਰ ਰਿਹਾ ਸੀ, ਤਾਂ ਫਿਰ ਮੈਂ ਠਾਕੁਰ ਦੀ ਇਸ ਮੂਰਤੀ ਨੂੰ ਕਾਹਦੇ ਲਈ ਇਸ਼ਨਾਨ ਕਰਾਵਾਂ?॥1॥

ਫਿਰ ਸਚਿਆ ਕਿ ਫੁੱਲ ਲਿਆ ਕੇ ਅਤੇ ਮਾਲ ਪਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ ਤਾਂ ਉਹ ਫੁੱਲ ਜੂਠੇ ਹੋਣ ਕਰਕੇ ਉਹ ਪੂਜਾ ਵੀ ਪ੍ਰਵਾਨ ਨਹੀਂ ਕਿਉਂਕਿ ਉਨ੍ਹਾਂ ਫੁੱਲਾਂ ਦੀ ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ, ਪਰ ਮੇਰਾ ਬੀਠਲ-ਪ੍ਰਭੂ ਤਾਂ ਪਹਿਲਾਂ ਹੀ ਉਸ ਭੌਰੇ ਵਿਚ ਵੱਸਦਾ ਸੀ ਅਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਨ੍ਹਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ?॥2॥

ਦੁੱਧ ਲਿਆ ਕੇ ਖੀਰ ਰਿੰਨ੍ਹ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਭੋਜਨ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ ਤਾਂ ਦੁੱਧ ਜੂਠਾ ਹੋਣ ਕਰਕੇ ਇਹ ਭੋਜਨ ਪ੍ਰਵਾਨ ਨਹੀਂ, ਕਿਉਂਕਿ ਦੁੱਧ ਚੋਣ ਵੇਲੇ ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ। ਪਰ ਮੇਰਾ ਪ੍ਰਭੂ ਤਾਂ ਪਹਿਲਾਂ ਹੀ ਉਸ ਵੱਛੇ ਵਿਚ ਵੱਸਦਾ ਸੀ ਅਤੇ ਦੁੱਧ ਪੀ ਰਿਹਾ ਸੀ, ਤਾਂ ਫਿਰ ਪੂਜਾ ਲਈ ਇਸ ਮੂਰਤੀ ਅੱਗੇ ਮੈਂ ਕਿਉਂ ਦੁੱਧ ਭੇਂਟ ਕਰਾਂ?॥3॥

ਹੇਠਾਂ, ਉੱਪਰ ਭਾਵ ਹਰ ਥਾਂ ਪ੍ਰਮਾਤਮਾ ਵੱਸਦਾ ਹੈ। ਪ੍ਰਮਾਤਮਾ ਤੋਂ ਬਗੈਰ ਇਹ ਜਗਤ ਰਹਿ ਨਹੀਂ ਸਕਦਾ। ਨਾਮਦੇਵ ਉਸ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਿ ਹੇ ਪ੍ਰਮਾਤਮਾ! ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਭਰਪੂਰ ਹੈਂ॥4॥2॥

(10) ਭਗਤ ਰਵਿਦਾਸ ਵੀ ਭਗਤ ਕਬੀਰ ਵਾਂਗ ਝੂਠੀ ਪੂਜਾ ਦੇ ਵਿਰੋਧੀ ਹਨ। ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 525 ਤੇ ਰਾਗ ਗੂਜਰੀ ਵਿਚ ਲਿਖਦੇ ਹਨ:

ਦੂਧੁ ਤ ਬਛਰੈ ਥਨਹੁ ਬਿਟਾਰਿਓ1 ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ2 ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ ਰਹਾਉ ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥ ਧੂਪ ਦੀਪ ਨਈਬੇਦਹਿ3 ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥ ਪੂਜਾ ਅਰਚਾ4 ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥5॥1॥

(ਗੁਰੂ ਗ੍ਰੰਥ ਸਾਹਿਬ, ਪੰਨਾ 525)

ਔਖੇ ਸ਼ਬਦਾਂ ਦੇ ਅਰਥ: 1. ਜੂਠਾ ਕਰ ਦਿੱਤਾ, 2. ਭੇਟਾ ਕਰਾਂ, 3. ਖਾਣ ਪੀਣ ਵਾਲੇ ਪਦਾਰਥ ਭੇਟਾ ਕਰਨੇ, 4. ਮੂਰਤੀ ਅੱਗੇ ਮੱਥੇ ਟੇਕਣੇ।

ਅਰਥ: ਹੇ ਮਾਂ! ਪ੍ਰਮਾਤਮਾ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ ਲੈ ਕੇ ਭੇਟ ਕਰਾਂ? ਕੋਈ ਹੋਰ ਸੁੱਚਾ ਫੁੱਲ ਆਦਿ ਨਹੀਂ ਮਿਲ ਸਕਦਾ? ਕੀ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਾਂਗਾ?॥ਰਹਾਉ॥

ਦੁੱਧ ਤਾਂ ਥਣਾਂ ਤੋਂ ਹੀਂ ਵੱਛੇ ਨੇ ਜੂਠਾ ਕਰ ਦਿੱਤਾ, ਫੁੱਲ ਭੌਰੇ ਨੇ ਸੁੰਘ ਕੇ ਅਤੇ ਪਾਣੀ ਮੱਛੀ ਨੇ ਖਰਾਬ ਕਰ ਦਿੱਤਾ। ਦੁੱਧ, ਫੁੱਲ, ਪਾਣੀ ਜੂਠੇ ਹੋਣ ਕਰਕੇ ਪ੍ਰਭੂ-ਪੂਜਾ ਦੀ ਭ੍ਹੇਟ ਕਰਨ ਜੋਗੇ ਨਹੀਂ ਰਹਿ ਗਏ॥1॥

ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹੋਣ ਕਰਕੇ ਉਨ੍ਹਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ, ਜਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿਚ ਇਕੱਠੇ ਵੱਸਦੇ ਹਨ॥2॥

ਸੁਗੰਧੀ ਆ ਜਾਣ ਕਰਕੇ ਧੂਪ, ਦੀਪ ਅਤੇ ਖਾਣ ਵਾਲੇ ਪਦਾਰਥ ਵੀ ਜੂਠੇ ਹੋ ਜਾਂਦੇ ਹਨ, ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਨ੍ਹਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੈ ਤਾਂ ਇਹ ਜੂਠੀਆਂ ਜੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਇਕ ਤਰ੍ਹਾਂ ਤੇਰੀ ਪੂਜਾ ਕਰਨ?॥3॥

ਇਸ ਮੁਸ਼ਕਿਲ ਦਾ ਹੱਲ ਦੱਸਦੇ ਹੋਏ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ) ਹੇ ਪ੍ਰਭੂ! ਤੇਰੀ ਪੂਜਾ ਵੱਜੋਂ ਮੈਂ ਆਪਣਾ ਤਨ ਅਤੇ ਮਨ ਤੇਰੇ ਅੱਗੇ ਭੇਟ ਕਰਦਾ ਹਾਂ, ਅਰਪਨ ਕਰਦਾ ਹਾਂ। ਇਸ ਭੇਟਾ ਨਾਲ ਤੇ ਸਤਿਗੁਰੂ ਦੀ ਮਿਹਰ ਦੀ ਬਰਕਤ ਨਾਲ ਮਾਇਆ ਰਹਿਤ ਪ੍ਰਭੂ! ਤੈਨੂੰ ਲੱਭਿਆ ਜਾ ਸਕਦਾ ਹੈ॥4॥

ਰਵਿਦਾਸ ਜੀ ਆਖਦੇ ਹਨ, ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਚੰਦਨ ਅਤੇ ਨੈਵੇਦ ਆਦਿ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੈ ਤਾਂ ਕਿਤੇ ਵੀ ਇਹ ਚੀਜਾਂ ਸੁੱਚੀਆਂ ਨਾ ਮਿਲਣ ਕਰਕੇ, ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਹੀਂ ਸਕਦੀ ਤਾਂ ਫਿਰ ਹੇ ਪ੍ਰਭੂ! ਮੇਰਾ ਕੀ ਹਾਲ ਹੁੰਦਾ॥5॥

(11) ਪ੍ਰਮਾਤਮਾ ਨੂੰ ਮਿਲਣ ਦਾ ਇਹੀ ਤਰੀਕਾ ਭਗਤ ਕਬੀਰ ਜੀ ਰਾਗ ਭੈਰਉ ਵਿਚ ਦੱਸਦੇ ਹਨ। ਆਪ ਕਹਿੰਦੇ ਹਨ -

ਤੋਰਉ ਨ ਪਾਤੀ ਪੂਜਉ ਨ ਦੇਵਾ ॥ ਰਾਮ ਭਗਤਿ ਬਿਨੁ ਨਿਹਫਲ ਸੇਵਾ ॥2॥ ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਐਸੀ ਸੇਵ ਦਰਗਹ ਸੁਖੁ ਪਾਵਉ ॥3॥

(ਗੁਰੂ ਗ੍ਰੰਥ ਸਾਹਿਬ, ਪੰਨਾ 1158)

ਭਾਵ: ਦੇਵਤਿਆਂ ਅੱਗੇ ਭੇਟ ਧਰਨ ਲਈ ਨਾ ਹੀ ਮੈਂ ਫੁੱਲ ਪੱਤਰ ਤੋੜਦਾ ਹਾਂ, ਨਾ ਮੈਂ ਕਿਸੇ ਦੇਵੀ-ਦੇਵਤੇ ਦੀ ਪੂਜਾ ਕਰਦਾ ਹਾਂ। ਮੈਂ ਤਾਂ ਇਹੀ ਜਾਣਦਾ ਹਾਂ ਕਿ ਪ੍ਰਭੂ ਭਗਤੀ ਬਗੈਰ ਹੋਰ ਕਿਸੇ ਦੀ ਪੂਜਾ ਵਿਅਰਥ ਹੈ॥2॥

ਮੈਂ ਤਾਂ ਸਿਰਫ ਆਪਣੇ ਸਤਿਗੁਰੂ ਅੱਗੇ ਹੀ ਸਿਰ ਨਿਵਾਉਂਦਾ ਹਾਂ। ਉਸ ਨੂੰ ਹੀ ਸਦਾ ਪ੍ਰਸੰਨ ਕਰਦਾ ਹਾਂ। ਇਸ ਸੇਵਾ ਦੀ ਬਰਕਤ ਨਾਲ ਮੈਂ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁੱਖ ਮਾਣਦਾ ਹਾਂ॥3॥

(12) ਗੁਰੂ ਅਰਜਨ ਦੇਵ ਜੀ ਵੀ ਪੰਨਾ 824 ਤੇ ਰਾਗ ਬਿਲਾਵਲ ਵਿਚ ਲਿਖਦੇ ਹਨ ਕਿ ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸ਼ੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ। ਮੈਂ ਆਪਣਾ ਮਨ ਆਪਣਾ ਤਨ ਭੇਟ ਕਰਕੇ ਪ੍ਰਭੂ ਅੱਗੇ ਹੀ ਰੱਖਦਾ ਹਾਂ। ਉਹ ਪ੍ਰਭੂ ਹੀ ਸਾਰੇ ਜੀਵਾਂ ਦਾ ਪਾਲਣਹਾਰ ਹੈ॥1॥ ਰਹਾਉ॥

ਅਚੁਤ1 ਪੂਜਾ ਜੋਗ ਗੋਪਾਲ ॥ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥1॥ ਰਹਾਉ ॥

(ਗੁਰੂ ਗ੍ਰੰਥ ਸਾਹਿਬ, ਪੰਨਾ 824)

ਔਖੇ ਸ਼ਬਦਾਂ ਦੇ ਅਰਥ: 1. ਅਬਿਨਾਸੀ।

(13) ਪੰਨਾ 910 ਤੇ ਰਾਮਕਲੀ ਰਾਗ ਵਿਚ ਗੁਰੂ ਅਮਰ ਦਾਸ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ! ਪ੍ਰਮਾਤਮਾ ਦੀ ਪੂਜਾ ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ। ਪ੍ਰਭੂ ਦੀ ਪੂਜਾ ਕਿਤਨੀ ਦੁਰਲੱਭ ਹੈ। ਇਸ ਬਾਬਰ ਕੁੱਝ ਵੀ ਦੱਸਿਆ ਨਹੀਂ ਜਾ ਸਕਦਾ॥1॥

ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ, ਨਾਮ ਜਪੋ, ਨਾਮ ਹੀ ਜਪੋ - ਗੁਰੂ ਇਹੀ ਪੂਜਾ ਕਰਾਉਂਦਾ ਹੈ॥1॥ ਰਹਾਉ॥

ਹੇ ਸੰਤ ਜਨੋ! ਦੁਨੀਆਂ ਦੇ ਲੋਕ ਫੁੱਲ-ਪੱਤਰਾਂ ੳਾਦਿ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ ਪਰ ਹੇ ਸੰਤ ਜਨੋ! ਮੈਂ ਪ੍ਰਮਾਤਮਾ ਦੀ ਪੂਜਾ ਵਾਸਤੇ ਕਿਹੜੀ ਚੀਜ ਉਸ ਅੱਗੇ ਭੇਟ ਕਰਾਂ? ਪ੍ਰਭੂ ਦੇ ਨਾਮ ਤੋਂ ਬਿਨਾਂ ਦੇ ਟਾਕਰੇ ਹੋਰ ਹਰੇਕ ਚੀਜ ਮੈਲੀ ਹੈ।

ਗੁਰੂ ਕ੍ਰਿਪਾ ਕਰਨ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੁਤਾਬਿਕ ਸਿਰਫ ਅਤੇ ਸਿਰਫ ਅਕਾਲ ਪੁਰਖ ਨੂੰ ਧਿਆਉਣਾ ਚਾਹੀਦਾ ਹੈ। ਪੂਜਾ ਵਾਸਤੇ ਕਿਸੇ ਖਾਸ ਫੁੱਲ, ਦੁੱਧ ਨੈਵੇਦ ਆਦਿ ਦੀ ਜਰੂਰਤ ਨਹੀਂ। ਮਨ ਤਨ ਅਰਪ ਕਰਕੇ ਪੂਰਨ ਵਿਸ਼ਵਾਸ ਨਾਲ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਪ੍ਰਭੂ-ਭਗਤੀ ਵਾਸਤੇ ਘਰ-ਬਾਰ ਤਿਆਗ ਕੇ ਜੰਗਲਾਂ ਵਿਚ ਜਾਣ ਦੀ ਲੋੜ ਨਹੀਂ। ਧਰਮ ਦੀ ਕ੍ਰਿਤ ਵਿਰਤ ਕਰਦਿਆਂ ਗ੍ਰਹਿਸਤੀ ਜੀਵਨ ਜਿਉਂਦਿਆਂ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਬਲਬਿੰਦਰ ਸਿੰਘ ਅਸਟ੍ਰੇਲੀਆ




.