.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਪੰਜਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ. ."-ਹੱਥਲੇ ਗੁਰਮੱਤ ਪਾਠ ਦਾ ਮੂਲ ਵਿਸ਼ਾ ਹੈ ਗੁਰਬਾਣੀ ਆਧਾਰਤ ਨਿਵੇਕਲਾ "ਗੁਰੂ" ਭਾਵ ਗੁਰਬਾਣੀ ਅਨੁਸਾਰ:-

(ੳ)ਸਮੂਚੇ ਮਨੁੱਖ ਮਾਤ੍ਰ ਦਾ "ਗੁਰੂ" ਇਕੋ ਹੀ ਹੈ, ਭਿੰਨ-ਭਿੰਨ ਗੁਰੂ ਨਹੀਂ ਹਨ।

(ਅ) ਸਮੂਚੇ ਮਨੁੱਖ ਮਾਤ੍ਰ ਦੇ ਉਸ "ਇਕੋ ਇੱਕ ਗੁਰੂ" ਦਾ ਹੀ ਸੰਸਾਰ ਤਲ `ਤੇ ਪ੍ਰਗਟਾਵਾ ਹਨ ਸ਼ਬਦਾ ਅਵਤਾਰ "ਗੁਰੂ ਨਾਨਕ ਪਾਤਸ਼ਾਹ ਤੋਂ ਦਸਮੇਸ਼ ਪਿਤਾ ਤੀਕ" "ਦਸ ਪਾਤਸ਼ਾਹੀਆਂ"। ਉਪ੍ਰੰਤ

(ੲ) ਉਨ੍ਹਾਂ "ਦਸ ਪਾਤਸ਼ਾਹੀਆਂ" ਦਾ ਹੀ "ਸਦੀਵ ਕਾਲ ਲਈ" "ਅੱਖਰ ਰੂਪ" ਪ੍ਰਗਟਾਵਾ ਹਨ "ਗੁਰਬਾਣੀ-ਗੁਰੂ ਦੇ ਭੰਡਾਰ" "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"।

ਇਸਤਰ੍ਹਾਂ ਗੁਰਬਾਣੀ-ਗੁਰੂ ਰਾਹੀਂ ਪ੍ਰਗਟ ਸਮੂਚੇ ਮਨੁੱਖ ਮਾਤ੍ਰ ਦੇ "ਇਕੋ-ਇਕ ਗੁਰੂ" ਦੇ ਇਲਾਹੀ ਸੱਚ ਵਾਲੇ ਵਿਸ਼ੇ ਵੱਲ ਹੋਰ ਅੱਗੇ ਵਧਣ ਤੋਂ ਪਹਿਲਾਂ, ਸਾਨੂੰ ਇਹ ਵੀ ਪੱਕਾ ਕਰਕੇ ਸਮਝਣ ਦੀ ਲੋੜ ਹੈ ਕਿ:-

"…ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ॥  ॥ ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥ ਜੀਅ ਜੰਤ ਸਭਿ ਤੇਰਾ ਖੇਲੁ॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ…" (ਪੰ: ੧੨) ਅਨੁਸਾਰ:-

ਇਹ "ਸਮੂਚੀ ਰਚਨਾ" ਉਸ "ਰੂਪ, ਰੰਗ, ਰੇਖ" ਤੋਂ ਨਿਆਰੇ "ਅਜੂਨੀ ਤੇ ਸੈਭੰ" "ਅਕਾਲ ਪੁਰਖ" ਦੇ ਨਿਜ ਦਾ ਹੀ ਆਤਮਕ ਪਸਾਰਾ, ਸਰਗੁਣ ਸਰੂਪ, ਤ੍ਰੈਗੁਣੀ ਮਾਇਆ, ਆਥਿ ਬਾਣੀ ਬਰਮਾਉ ਬਲਕਿ ਛਾਇਆ ਅਤੇ ਪਰਛਾਈ ਮਾਤ੍ਰ ਹੀ ਹੈ। ਜਦਕਿ ਇਸ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚ ਹੋਰ ਵੀ ਬਹੁਤੇਰੀ ਸ਼ਬਦਾਵਲੀ ਆਈ ਹੋਈ ਹੈ।

ਉਪ੍ਰੰਤ ਹੱਥਲੇ ਪ੍ਰਕਰਣ ਦੀ ਲੋੜ ਨੂੰ ਧਿਆਨ `ਚ ਰਖਦੇ ਹੋਏ, ਬੇਸ਼ੱਕ ਅਤੀ ਸੰਖੇਪ `ਚ ਪਰ "ਕਰਤੇ ਪ੍ਰਭੂ" ਦੀ ਇਸ ਬੇਅੰਤ ਰਚਨਾ ਨਾਲ ਸੰਬੰਧਤ ਸਾਨੂੰ ਅੱਗੇ ਵਰਣਤ ਘਟੋਘਟ ਇਨ੍ਹਾਂ ਤਿੰਨ ਪੱਖਾਂ `ਤੇ ਵੀ ਝਾਤ ਮਾਰਣ ਦੀ ਲੋੜ ਹੈ। ਤਾਂ ਤੇ ਉਹ ਤਿੰਨ ਪੱਖ ਹਨ; -

(੧) ਪ੍ਰਭੂ ਜਦੋਂ ਚਾਹੇ, ਆਪਣੀ ਸਮੂਚੀ ਰਚਨਾ ਨੂੰ ਕੇਵਲ ਅੱਖ ਦੇ ਝਲਕਾਰੇ `ਚ ਬਣਾ ਵੀ ਸਕਦਾ ਹੈ ਅਤੇ ਉਸਦਾ ਅੰਤ ਵੀ ਕਰ ਸਕਦਾ ਹੈ। ਇਹ ਵੀ ਕਿ ਪ੍ਰਭੂ ਸਮੂਚੀ ਰਚਨਾ ਦੇ ਜ਼ਰੇ-ਜ਼ਰੇ `ਚ ਵਿਆਪਕ ਰਹਿ ਕੇ ਇਸ ਦੀ ਸੰਭਾਲ ਵੀ ਆਪ ਕਰ ਰਿਹਾ ਹੈ, ਕੋਈ ਦੂਜਾ ਨਹੀਂ।

(੨) ਗੁਰਬਾਣੀ ਅਨੁਸਾਰ, ਪ੍ਰਭੂ ਵੱਲੋਂ ਜੀਵ ਦਾ, ਪ੍ਰਭੂ ਦੇ ਆਪਣੇ ਸਰਗੁਣ ਸਰੂਪ ਵਾਲਾ ਵਿਸਤਾਰ, ਪ੍ਰਭੂ ਦੀਆਂ ਬਣਾਈਆਂ ਅਰਬਾਂ-ਖਰਬਾਂ ਜੂਨਾਂ `ਚੋਂ, ਜੂਨਾਂ ਦੇ ਉਸ ਕਰੰਮ `ਚ, ਮਨੁੱਖਾ ਜੂਨ ਅਥਵਾ ਮਨੁੱਖਾ ਜਨਮ ਸਮੇਂ, ਮਨੁੱਖ ਨੂੰ ਪ੍ਰਭੂ ਰਾਹੀਂ ਬਖ਼ਸੀ ਹੋਈ "ਮਨ" ਵਾਲੀ ਨਿਵੇਕਲੀ ਦਾਤ ਤੋਂ ਆਰੰਭ ਹੁੰਦਾ ਹੈ।

(੩) ਇਹ ਵੀ ਕਿ "ਮਨ" ਰੂਪ ਉਸ ਜੀਵ ਦਾ ਪ੍ਰਭੂ ਤੋਂ ਇਹ ਵਿਛੋੜਾ ਵੀ ਸਦੀਵ ਕਾਲ ਲਈ ਨਹੀਂ ਹੁੰਦਾ। ਬਲਕਿ ਪ੍ਰਭੂ ਤੋਂ "ਮਨ" ਰੂਪ ਜੀਵ ਦਾ ਵਿਛੋੜਾ, ਜੇਕਰ ਅਰੰਭਕ ਹੀ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਜਾਵੇ ਤਾਂ ਉਸ ਇਕੋ "ਸਫ਼ਲ ਮਨੁੱਖਾ ਜਨਮ" ਨਾਲ ਸਮਾਪਤ ਵੀ ਹੋ ਸਕਦਾ ਹੈ। ਓਦੋਂ ਮਨੁੱਖ ਦਾ ਮਨ ਜੀਂਦੇ ਜੀਅ ਵਾਪਿਸ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

ਉਸ ਦੇ ਉਲਟ, "ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ)) ਅਨੁਸਾਰ ਉਸ ਮਨੁੱਖਾ ਜਨਮ ਸਮੇਂ ਹਉਮੈ ਕਾਰਣ ਜੇ "ਮਨ" ਦੀ ਆਪਣੇ ਅਸਲੇ ਪ੍ਰਭੂ ਤੋਂ ਵਿੱਥ ਬਣ ਜਾਵੇ। ਉਪ੍ਰੰਤ ਪ੍ਰਭੂ ਦੇ ਸੱਚ ਨਿਆਂ `ਚ, ਜੀਵ ਦੀ ਇਹ ਵਿੱਥ ਫ਼ਿਰ ਭਾਵੇਂ ਕਿਤਨੀ ਵੀ ਲੰਮੇਰੀ, ਅਨੰਤ ਜੂਨਾਂ ਅਤੇ ਅਨੰਤ ਕਾਲ ਤੀਕ ਹੀ ਕਿਉਂ ਨਾ ਬਣੀ ਰਵੇ? ਤਾਂ ਵੀ ਕਦੇ ਨਾ ਕਦੇ:-

ਮੁੜ ਕਿਸੇ ਮਨੁੱਖਾ ਜੂਨ ਸਮੇ "ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ… ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ…" (ਪੰ: ੧੨) ਪ੍ਰਭੂ ਆਪ, ਬਹੁੜੀ ਕਰਕੇ, ਕੋਈ ਨਾ ਕੋਈ ਵਿਧ ਬਣਾ ਦਿੰਦਾ ਹੈ ਅਤੇ "ਸੰਜੋਗੀ ਮੇਲੁ" ਜੀਵ ਨੂੰ ਸ਼ਬਦ-ਗੁਰੂ ਦੇ ਚਰਣਾਂ ਨਾਲ ਜੋੜ ਦਿੰਦਾ ਹੈ।

ਇਸ ਤਰ੍ਹਾਂ ਮਨ ਦੇ ਰੂਪ `ਚ ਪ੍ਰਭੂ ਤੋਂ ਵਿਛੜਿਆ ਹੋਇਆ ਉਹ ਜੀਵ "ਸ਼ਬਦ-ਗੁਰੂ" ਦੀ ਕਮਾਈ ਕਰਕੇ, ਉਸ ਪ੍ਰਾਪਤ ਮਨੁੱਖਾ ਜਨਮ ਦੌਰਾਨ, ਜੀਂਦੇ ਜੀਅ ਵਾਪਿਸ, "ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ" (ਪੰ: ੨੧) ਅੰਤ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

"ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ ਗੁਰ ਪਰਸਾਦੀ ਜੀਵਤੁ ਮਰੈ, ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ, ਨਾ ਫਿਰਿ ਜੋਨੀ ਪਾਹੁ" (ਪੰ: ੬੫੧) ਅਨੁਸਾਰ ਇਸ ਤਰ੍ਹਾਂ:-

ਜੀਵ ਪ੍ਰਾਪਤ ਆਪਣੇ ਉਸ ਮਨੁੱਖਾ ਜਨਮ ਸਮੇਂ ਅਸਲੇ ਪ੍ਰਭੂ `ਚ ਇੱਕ ਮਿੱਕ ਹੋ ਕੇ ਜੀਵਨ ਜੀਂਦਾ ਹੈ। ਇਸ ਤਰ੍ਹਾਂ ਉਸ ਦਾ ਪ੍ਰਭੂ ਤੋਂ ਵਿਛੋੜੇ ਦੇ ਰੂਪ `ਚ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲਾ ਉਹ ਗੇੜ, ਸਦਾ ਲਈ ਸਮਾਪਤ ਹੋ ਜਾਂਦਾ ਹੈ।

ਤਾਂ ਤੇ ਗੁਰਬਾਣੀ ਆਧਾਰਤ, ਉਪ੍ਰੋਕਤ ਤਿੰਨਾਂ ਤੱਥਾਂ ਦੀ ਨੰਬਰਵਾਰ, ਗੁਰਬਾਣੀ ਫ਼ੁਰਮਾਨਾ ਰਾਹੀਂ, ਪ੍ਰੌੜਤਾ ਅਤੇ ਪੁਸ਼ਟੀ:-

(੧) ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ (ਪੰ: ੨੭੬):-

"ਓਪਤਿ ਪਰਲਉ ਖਿਨ ਮਹਿ ਕਰਤਾ॥ ਆਪਿ ਅਲੇਪਾ ਨਿਰਗੁਨੁ ਰਹਤਾ" (ਪੰ: ੩੮੭)

"ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ" (ਪੰ: ੨੯੪)

"ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ…" (ਪੰ: ੧੩)

"ਵਾਸੁਦੇਵ ਜਲ ਥਲ ਮਹਿ ਰਵਿਆ॥ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ" (ਪੰ: ੨੫੯)

"ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ" (ਪੰ: ੧੯)

‘ਅਗਮ ਅਗੋਚਰੁ ਸਾਹਿਬੁ ਮੇਰਾ॥ ਘਟ ਘਟ ਅੰਤਰਿ ਵਰਤੈ ਨੇਰਾ॥ ਸਦਾ ਅਲਿਪਤੁ ਜੀਆ ਕਾ ਦਾਤਾ, ਕੋ ਵਿਰਲਾ ਆਪੁ ਪਛਾਣੈ ਜੀਉ" (ਪੰ: ੧੦੬)

ਚਉਦਹਿ ਚਾਰਿ ਕੁੰਟ ਪ੍ਰਭ ਆਪ॥ ਸਗਲ ਭਵਨ ਪੂਰਨ ਪਰਤਾਪ॥ ਦਸੇ ਦਿਸਾ ਰਵਿਆ ਪ੍ਰਭੁ ਏਕੁ॥ ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ॥ ਜਲ ਥਲ ਬਨ ਪਰਬਤ ਪਾਤਾਲ॥ ਪਰਮੇਸ੍ਵਰ ਤਹ ਬਸਹਿ ਦਇਆਲ॥ ਸੂਖਮ ਅਸਥੂਲ ਸਗਲ ਭਗਵਾਨ॥ ਨਾਨਕ ਗੁਰਮੁਖਿ ਬ੍ਰਹਮੁ ਪਛਾਨ" (ਪੰ: ੨੯੯)

"ਚਉਥਹਿ ਚੰਚਲ ਮਨ ਕਉ ਗਹਹੁ॥ ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ॥ ਜਲ ਥਲ ਮਾਹੇ ਆਪਹਿ ਆਪ॥ ਆਪ ਜਪਹੁ ਆਪਨਾ ਜਾਪ" (ਪੰ: ੩੪੩)

"ਤੂ ਅਪਰੰਪਰੁ ਸੁਆਮੀ ਅਤਿ ਅਗਾਹੁ, ਤੂ ਭਰਪੁਰਿ ਰਹਿਆ, ਜਲ ਥਲੇ ਹਰਿ ਇਕੁ ਇਕੋ ਇੱਕ ਏਕੈ ਹਰਿ ਥਾਟ" (ਪੰ: ੧੨੯੭)

"ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰ" (ਪੰ: ੨੮੪) ਆਦਿ

(੨) ਪ੍ਰਭੂ ਵੱਲੋਂ ਮਨੁੱਖਾ ਜੂਨ ਸਮੇਂ ਜੀਵ ਨੂੰ "ਮਨ" ਵਾਲੀ ਨਿਵੇਕਲੀ ਦਾਤ ਮਿਲਦੀ ਹੈ ਅਤੇ ਉਹ ਇਸ ਲਈ ਕਿ:-

"ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ" (ਪੰ: ੪੪੧)

"ਤਨ ਮਹਿ ਮਨੂਆ, ਮਨ ਮਹਿ ਸਾਚਾ॥ ਸੋ ਸਾਚਾ ਮਿਲਿ, ਸਾਚੇ ਰਾਚਾ॥ ਸੇਵਕੁ ਪ੍ਰਭ ਕੈ ਲਾਗੈ ਪਾਇ॥ ਸਤਿਗੁਰੁ ਪੂਰਾ ਮਿਲੈ ਮਿਲਾਇ" (ਪੰ: ੬੮੬)

"ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ" (ਪੰ: ੧੨੪)

"ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ" (ਪੰ: ੫੧੩)

"ਕੂਟਨੁ ਸੋਇ, ਜੁ ਮਨ ਕਉ ਕੂਟੈ॥ ਮਨ ਕੂਟੈ, ਤਉ ਜਮ ਤੇ ਛੂਟੈ॥ ਕੁਟਿ ਕੁਟਿ ਮਨੁ ਕਸਵਟੀ ਲਾਵੈ॥ ਸੋ ਕੂਟਨੁ ਮੁਕਤਿ ਬਹੁ ਪਾਵੈ" (ਪੰ: ੮੭੨) ਅਰਥ-: ਜਮ-ਜਨਮ ਮਰਣ ਦਾ ਗੇੜ।

(੩) ਪ੍ਰਭੂ ਦਾ ਅੰਸ਼, ਇਹ ਜੀਵ, ਸਦਾ ਲਈ ਪ੍ਰਭੂ ਤੋਂ ਨਹੀਂ ਵਿਛੜਿਆ ਰਹਿੰਦਾ, ਅੰਤ ਕਿਸੇ ਮਨੁੱਖਾ ਜਨਮ ਸਮੇਂ "ਸੰਜੋਗੀ ਮੇਲੁ" ਪ੍ਰਭੂ `ਚ ਹੀ ਸਮਾਉਂਦਾ ਹੈ:-

"ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ॥ ੫ ਸੋ ਬੂਝੈ ਜੋ ਸਤਿਗੁਰੁ ਪਾਏ॥ ਹਉਮੈ ਮਾਰੇ ਗੁਰ ਸਬਦੇ ਪਾਏ" (ਪੰ: ੨੨੮)

"ਇਕਿ ਹੋਏ ਅਸਵਾਰ, ਇਕਨਾ ਸਾਖਤੀ॥ ਇਕਨੀ ਬਧੇ ਭਾਰ, ਇਕਨਾ ਤਾਖਤੀ {ਪੰ: ੧੪੨}

"ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥  ॥ ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ" (ਪੰ: ੧੮੮)

"ਬਾਹਰਿ ਭੇਖ ਬਹੁਤੁ ਚਤੁਰਾਈ, ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੈੑ, ਫਿਰਿ ਫਿਰਿ ਜੂਨੀ ਆਵੈ॥  ਨਾਨਕ ਨਦਰਿ ਕਰੇ ਸੋ ਬੂਝੈ, ਸੋ ਜਨੁ ਨਾਮੁ ਧਿਆਏ॥ ਗੁਰ ਪਰਸਾਦੀ ਏਕੋ ਬੂਝੈ, ਏਕਸੁ ਮਾਹਿ ਸਮਾਏ" (ਪੰ: ੭੩੨)

"ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ॥" (ਪੰ: ੯੨੦)

"ਹਿਕਨੀ ਲਦਿਆ, ਹਿਕਿ ਲਦਿ ਗਏ, ਹਿਕਿ ਭਾਰੇ ਭਰ ਨਾਲਿ॥ ਜਿਨੀ ਸਚੁ ਵਣੰਜਿਆ, ਸੇ ਸਚੇ ਪ੍ਰਭ ਨਾਲਿ" (ਪੰ: ੧੦੧੫)

"ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ॥ ਹਿੰਸਾ ਹਉਮੈ ਗਤੁ ਗਏ, ਨਾਹੀ ਸਹਸਾ ਸੋਗੁ" (ਪੰ: ੨੧) ਆਦਿ

ਇਸ ਤਰ੍ਹਾਂ ਗੁਰਬਾਣੀ `ਚ ਬੇਅੰਤ ਅਜਿਹੇ ਫ਼ੁਰਮਾਨ ਹਨ ਜਿਹੜੇ ਸਾਬਤ ਕਰਦੇ ਹਨ, ਅੰਤ ਪ੍ਰਭੂ, ਤਰਸ ਕਰਕੇ, ਆਪ ਬਹੁੜੀ ਕਰਦਾ ਹੈ ਅਤੇ ਜੀਵ ਲਈ ਕਿਸੇ ਮਨੁੱਖਾ ਜੂਨ ਸਮੇ "ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ… ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ…" (ਪੰ: ੧੨) ਅਨੁਸਾਰ ਮੁੜ ਕੋਈ ਨਾ ਕੋਈ ਵਿਧ ਬਣਾ ਦਿੰਦਾ ਹੈ ਅਤੇ "ਸੰਜੋਗੀ ਮੇਲੁ ਭਾਵ ਜੀਵ ਨੂੰ ਸ਼ਬਦ-ਗੁਰੂ ਦੇ ਚਰਣਾ ਨਾਲ ਜੋੜ ਦਿੰਦਾ ਹੈ:-

ਇਸ ਤਰ੍ਹਾਂ ਉਹੀ ਜੀਵ "ਸ਼ਬਦ-ਗੁਰੂ" ਦੀ ਕਮਾਈ ਕਰਕੇ, ਉਸ ਪ੍ਰਾਪਤ ਮਨੁੱਖਾ ਦੌਰਾਨ, ਜੀਂਦੇ ਜੀਅ ਵਾਪਿਸ, ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਂਦਾ ਹੈ। ਉਸ ਦਾ ਪ੍ਰਭੂ ਤੋਂ ਚਲਦਾ ਆ ਰਿਹਾ ਜਨਮਾਂ-ਜਨਮਾਂ ਵਾਲਾ ਉਹ ਵਿਛੋੜਾ ਸਦਾ ਲਈ ਸਮਾਪਤ ਹੋ ਜਾਂਦਾ ਹੈ। ਇਸ ਤਰ੍ਹਾਂ:-

"ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭) ਉਸਦਾ ਲੰਮੇ ਸਮੇਂ ਤੋਂ ਜਨਮ-ਮਰਨ ਤੇ ਭਿੰਨ-ਭਿੰਨ ਗਰਭਾਂ ਵਾਲਾ ਚਲਦਾ ਆ ਰਿਹਾ ਉਹ ਲੰਮਾਂ ਗੇੜ ਖ਼ਤਮ ਹੋ ਜਾਂਦਾ ਹੈ। ਉਸ ਦਾ ਉਹ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਤਾਂ ਤੇ ਪਰਤਦੇ ਹਾਂ ਗੁਰੂ ਪਦ ਵਾਲੇ ਚਲਦੇ ਪ੍ਰਕਰਣ ਵੱਲ:-

(ੳ) ਗੁਰਬਾਣੀ ਅਨੁਸਾਰ ਸਮੂਚੇ ਮਨੁੱਖ ਮਾਤ੍ਰ ਦਾ ਪ੍ਰਭੂ ਮਿਲਾਵਾ "ਗੁਰੂ" ਇਕੋ ਹੀ ਹੈ, ਭਿੰਨ-ਭਿੰਨ ਗੁਰੂ ਨਹੀਂ ਹਨ; ਵਿਸ਼ੇ ਨੂੰ ਹੋਰ ਵੇਰਵੇ ਨਾਲ ਸਮਝਣ ਲਈ:-

(i) ੁਰਬਾਣੀ ਅਨੁਸਾਰ ਉਹ ‘ਗੁਰੂ’ ਕਿਹੜਾ ਹੈ ਅਤੇ ਉਸ "ਗੁਰੂ" ਪਦ ਦੇ ਅਰਥ ਅਤੇ ਵਿਆਖਿਆ, ਉਪ੍ਰੰਤ ਉਸ "ਗੁਰੂ" ਦੀ ਇਲਾਹੀ ਅਥਵਾ ਅਕਾਲਪੁਰਖੀ ਸੀਮਾ ਕੀ ਹੈ?

() ਗੁਰਬਾਣੀ ਆਧਾਰਤ ਉਸ ‘ਗੁਰੂ’ ਅਤੇ ਮਨੁੱਖਾ ਸਰੀਰ ਦਾ ਆਪਸੀ ਸੰਬੰਧ, ਆਪਸੀ ਸਾਂਝ ਕੀ ਹੈ ਅਤੇ ਉਸ "ਗੁਰੂ ਤੇ ਸਿੱਖ", ਦੋਨਾਂ ਦਾ ਆਪਸੀ ਮਿਲਾਪ ਤੇ ਸੁਮੇਲ ਕਿਵੇਂ ਸੰਭਵ ਹੈ?

(i) ਗੁਰਬਾਣੀ ਆਧਾਰਤ ਉਸ ਇਲਾਹੀ ਅਤੇ ਇਕੋਇਕ ‘ਗੁਰੂ’ ਦਾ ਸੰਸਾਰ ਤਲ `ਤੇ ਪ੍ਰਗਟਾਵਾ ਕਿਵੇਂ ਅਤੇ ਕਦੋਂ ਸੰਭਵ ਹੋਇਆ। ਉਹ ਵੀ ਇਸ ਲਈ, ਤਾ ਕਿ ਮਨੁੱਖ ਉਸ "ਗੁਰੂ" ਨਾਲ ਆਪਣੇ ਜੀਵਨ ਦੀ ਸਾਂਝ ਪਾ ਕੇ, ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕਰ ਸਕੇ?

"ਗੁਰਬਾਣੀ-ਗੁਰੂ ਦੇ ਸਿੱਖ" ? -ਧਿਆਣ ਰਹੇ! ਲੰਮੇ ਸਮੇਂ ਤੋਂ "ਗੁਰੂ" ਪਦ ਦੇ ਜੋ ਵੀ ਅਰਥ ਅਤੇ ਵਿਆਖਿਆਵਾਂ ਚਲਦੀਆਂ ਆ ਰਹੀਆਂ ਹਨ, ਗੁਰੂ ਪਾਤਸ਼ਾਹ ਨੇ "ਗੁਰੂ ਦਰ `ਤੇ" ਗੁਰਬਾਣੀ-ਗੁਰੂ ਦੇ ਸਿੱਖ ਲਈ" ਉਨ੍ਹਾਂ ਅਰਥਾਂ ਅਤੇ ਵਿਆਖਿਆਵਾਂ ਨੂੰ ਮੂਲੋਂ ਹੀ ਪ੍ਰਵਾਣ ਨਹੀਂ ਕੀਤਾ।

ਫ਼ਿਰ ਵੀ "ਗੁਰੂ ਦਰ `ਤੇ "ਸਿੱਖ ਅਤੇ ਗੁਰੂ ਵਾਲੇ ਰਿਸ਼ਤੇ ਲਈ", "ੴ" ਤੋਂ "ਤਨੁ ਮਨੁ ਹਰਿਆ" ਭਾਵ ਆਦਿ ਤੋਂ ਅੰਤ ਤੀਕ, "ਸੰਪੂਰਣ ਗੁਰਬਾਣੀ `ਚ" ਸਿੱਖ ਨੂੰ ਜਿਹੜੇ "ਗੁਰੂ" ਦੀ ਗੱਲ ਦ੍ਰਿੜ ਕਰਵਾਈ ਹੋਈ ਹੈ, ਉਸ ਨੂੰ ਸਮਝਣ ਲਈ ਵੀ, ਘਟੋਘਟ ਵਿਸ਼ੇਸ਼ ਤਿੰਨ ਪੱਖ, ਬੜਾ ਧਿਆਣ ਮੰਗਦੇ ਹਨ। ਤਾਂ ਤੇ ਉਹ ਤਿੰਨ ਵਿਸ਼ੇਸ਼ ਪੱਖ ਹਨ:-

(੧) ਜਿਸ "ਗੁਰੂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਮਨੁੱਖਾ ਜੀਵਨ ਦੀ ਸਫ਼ਲਤਾ ਲਈ, "ਇਕੋ ਇੱਕ ਸਾਧਨ" ਤੇ "ਰਾਹ" ਦੱਸਿਆ ਹੈ। ਜਿਸ "ਗੁਰੂ" ਦੇ ਚਰਨੀਂ ਲਗਣ ਲਈ ਸਿੱਖ ਨੂੰ ਤਾਕੀਦ ਕੀਤੀ ਹੋਈ ਹੈ। ਜਿਸ ਗੁਰੂ ਦੇ ਆਦੇਸ਼ਾਂ ਦਾ ਪਾਲਣ ਕਰਣ ਲਈ ਗੁਰਬਾਣੀ `ਚ ਸਿੱਖ ਨੂੰ "ਅਦਿ ਤੋਂ ਅੰਤ" ਤੀਕ ਪੱਕਾ ਕੀਤਾ ਹੈ। ਉਹ ਗੁਰੂ, ਜਿਸ ਗੁਰੂ ਲਈ ਗੁਰਦੇਵ ਦੇ ਫ਼ੁਰਮਾਣ ਹਨ ਜਿਵੇਂ "ਗੁਰੁ ਬੋਹਿਥੁ, ਗੁਰੁ ਬੇੜੀ ਤੁਲਹਾ, ਮਨ ਹਰਿ ਜਪਿ ਪਾਰਿ ਲੰਘਾਇਆ" (ਪੰ: ੧੦੪੦) ਆਦਿ।

ਉਪ੍ਰੰਤ ਜਿਸ ਗੁਰੂ ਲਈ ਇਥੋਂ ਤੀਕ ਫ਼ੁਰਮਾਇਆ ਹੈ "ਗੁਰ ਬਿਨੁ ਘੋਰੁ ਅੰਧਾਰੁ, ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ, ਗੁਰੂ ਬਿਨੁ ਮੁਕਤਿ ਨ ਪਾਵੈ" (ਪੰ: ੧੩੯੯)। ਬਲਕਿ ਇਥੋਂ ਤੀਕ ਕਿ "ਗੁਰ ਪੂਰੇ ਵਿਣੁ ਮੁਕਤਿ ਨ ਹੋਈ, ਸਚੁ ਨਾਮੁ ਜਪਿ ਲਾਹਾ ਹੇ" (ਪੰ: ੧੦੩੨) ਆਦਿ।

(੨) ਉਪ੍ਰੰਤ ਜਿਸ ‘ਗੁਰੂ’ ਬਾਰੇ ਗੁਰਬਾਣੀ `ਚ ਅਨੇਕਾਂ ਵਾਰ ਸਪਸ਼ਟ ਇਹ ਵੀ ਕੀਤਾ ਹੋਇਆ ਹੈ ਕਿ ਉਹ "ਗੁਰੂ", "ਅਕਾਲਪੁਰਖ" ਤੋਂ ਭਿੰਨ ਨਹੀਂ ਬਲਕਿ "ਅਕਾਲਪੁਰਖ" ਦਾ ਹੀ ਨਿਜ ਗੁਣ ਹੈ।

(੩) ਗੁਰਬਾਣੀ ਅਨੁਸਾਰ ਜਿਸ "ਗੁਰੂ" ਰਾਹੀਂ ਸਿੱਖ ਦੇ ਜੀਵਨ ਦੀ ਸੰਭਾਲ ਹੋਣੀ ਹੈ। ਉਪ੍ਰੰਤ ਗੁਰਬਾਣੀ `ਚ ਅਜਿਹੇ ਸ਼ਬਦ ਵੀ ਬੇਅੰਤ ਹਨ, ਜਿਨ੍ਹਾਂ ਸ਼ਬਦਾਂ `ਚ "ਅਕਾਲਪੁਰਖ" ਦੇ ਅਨੰਤ ਗੁਣਾਂ ਨੂੰ, ਇਨ-ਬਿਨ ਗੁਰੂ’ ਅਥਵਾ ਉਸ ਗੁਰਬਾਣੀ-ਗੁਰੂ ਦੇ ਗੁਣ ਵੀ ਬਿਆਣਿਆ ਹੋਇਆ ਹੈ, ਵੰਣਗੀ ਮਾਤ੍ਰ:-

"ਸਿਰੀਰਾਗੁ ਮਹਲਾ ੫॥ ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ॥ ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ॥ ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ॥ ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੌਇ ਦਇਆਲੁ॥ ੧ 

ਮੇਰੇ ਮਨ! ਗੁਰ ਜੇਵਡੁ ਅਵਰੁ ਨ ਕੋਇ॥ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ॥ ੧॥ ਰਹਾਉ॥

ਸਗਲ ਪਦਾਰਥ ਤਿਸੁ ਮਿਲੇ, ਜਿਨਿ ਗੁਰੁ ਡਿਠਾ ਜਾਇ॥ ਗੁਰ ਚਰਣੀ ਜਿਨ ਮਨੁ ਲਗਾ, ਸੇ ਵਡਭਾਗੀ ਮਾਇ॥ ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ॥ ੨॥

ਕਿਤੁ ਮੁਖਿ ਗੁਰੁ ਸਾਲਾਹੀਐ, ਕਰਣ ਕਾਰਣ ਸਮਰਥੁ॥ ਸੇ ਮਥੇ ਨਿਹਚਲ ਰਹੇ, ਜਿਨ ਗੁਰਿ ਧਾਰਿਆ ਹਥੁ॥ ਗੁਰਿ ਅੰਮ੍ਰਿਤ ਨਾਮੁ ਪੀਆਲਿਆ, ਜਨਮ ਮਰਨ ਕਾ ਪਥੁ॥ ਗੁਰੁ ਪਰਮੇਸਰੁ ਸੇਵਿਆ, ਭੈ ਭੰਜਨੁ ਦੁਖ ਲਥੁ". . (ਪੰ: ੪੯) ਆਦਿ

ਇਸ ਲਈ ਵਿਸ਼ੇ ਦੀ ਗਹਿਰਈ ਤੀਕ ਪੁਜਣ ਲਈ ਪਹਿਲਾਂ ਸਾਨੂੰ ਗੁਰਮੱਤ ਅਨੁਸਾਰ ਕੁੱਝ ਹੋਰ ਵਿਸ਼ੇਸ਼ ਪੱਖਾਂ `ਤੇ ਸਪਸ਼ਟ ਹੋਣ ਦੀ ਵੀ ਲੋੜ ਹੈ ਜਿਵੇਂ:-

(ੳ) ਗੁਰਬਾਣੀ ਅਨੁਸਾਰ ਸਮੂਚੀ ਰਚਨਾ ਅਤੇ ਖਾਸ ਕਰ ਗੁਰਬਾਣੀ ਦੇ ਸਿੱਖ ਦਾ ‘ਗੁਰੂ’ ਕੌਣ ਹੈ ਤੇ ਗੁਰਬਾਣੀ ਆਧਾਰਿਤ ਉਸ "ਗੁਰੂ" ਦੀ ਆਤਮਕ, ਅਕਾਲਪੁਰਖੀ ਅਤੇ ਇਲਾਹੀ ਸੀਮਾ ਕੀ ਹੈ?

(ਅ) ਗੁਰਬਾਣੀ ਆਧਾਰਤ ਉਸ ‘ਗੁਰੂ’ ਤੇ "ਮਨੁੱਖਾ ਸਰੀਰ" ਵਿਚਾਲੇ ਆਪਸੀ ਸਾਂਝ ਕੀ ਹੈ?

(ੲ) ਗੁਰਬਾਣੀ ਆਧਾਰਤ ਉਸ ਇਕੋ ਇੱਕ ‘ਗੁਰੂ’ ਦਾ ਸੰਸਾਰ ਤਲ `ਤੇ ਪ੍ਰਗਟਾਵਾ ਕਿਵੇਂ ਤੇ ਕਦੋਂ ਸੰਭਵ ਹੋਇਆ? (ਚਲਦਾ) #234P-V,-02.17-0217#p5y

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-V

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਪੰਜਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.