.

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥

(ਭਾਗ ਪਹਿਲਾ)

ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਿਆਦਾ" ਦੇ ਪੰਨਾ 17 ਉੱਤੇ "ਅਖੰਡ ਪਾਠ" ਬਾਰੇ ਅਤੇ ਪੰਨਾ 19 ਅਤੇ 20 ਤੇ "ਗੁਰਮਤਿ ਦੀ ਰਹਿਣੀ" ਸੰਬੰਧੀ ਸਿਰਲੇਖ ਦਰਜ ਹਨ। ਬਾਕੀ ਰਹਿਤ ਮਰਿਆਦਾ ਵਾਂਗ ਇਹ ਸਿਰਲੇਖ ਵੀ ਹਰ ਸਿੱਖ ਦੇ ਧਰਮੀ ਜੀਵਨ ਲਈ ਬਹੁਤ ਮਹੱਤਤਾ ਰੱਖਦੇ ਹਨ। ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਗੁਰਬਾਣੀ ਦੇ ਨਾਲ-ਨਾਲ ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਿਆਦਾ" ਨੂੰ ਵੀ ਧਿਆਨ ਨਾਲ ਪੜੇ੍ਹ ਅਤੇ ਇਸ ਵਿੱਚ ਦਿੱਤੇ ਖਿਆਲਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਇਨ੍ਹਾਂ ਨੂੰ ਹਿੱਸਾ ਬਣਾਵੇ। "ਸਿੱਖ ਰਹਿਤ ਮਰਿਆਦਾ" ਹਰ ਗੁਰਦੁਆਰੇ ਵਿਚ ਪੂਰੀ ਤਰ੍ਹਾਂ ਲਾਗੂ ਹੋਣੀ ਚਾਹੀਦੀ ਹੈ। ਜਿਸ ਦਿਨ ਇਹ ਮਰਿਆਦਾ ਹਰ ਥਾਂ ਲਾਗੂ ਹੋ ਗਈ ਤਾਂ ਸਮਝੋ ਕਿ ਪੰਥਕ ਏਕਤਾ ਵੀ ਸਾਰੇ ਸਿੱਖ ਪੰਥ ਵਿਚ ਆ ਗਈ। ਸਭ ਤੋਂ ਪਹਿਲਾਂ ਉਪਰੋਕਤ ਖਿਆਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰੀਏ -

ਸਾਧਾਰਨ ਪਾਠ/ਅਖੰਡ ਪਾਠ

"ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।"। ਇਹ ਨਹੀਂ ਹੋਣਾ ਚਾਹੀਦਾ।

(ਸਿੱਖ ਰਹਿਤ ਮਰਿਆਦਾ ਪੰਨਾ 17(ੲ))

ਗੁਰਮਤਿ ਦੀ ਰਹਿਣੀ

ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਿਤ ਅਨੁਸਾਰ ਹੋਵੇ। ਗੁਰਮਿਤ ਇਹ ਹੈ:-

ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।

ਅ) ਆਪਣੀ, ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਮੰਨਣਾ।

ੲ) ਦਸ ਗੁਰੂ ਸਾਹਿਬਾਨ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।

ਸ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ,ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ,ਗਾਇਤ੍ਰੀ,ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ,ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।

ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ, ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ।

ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।

ਪਰ ਅੱਜ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਆਮ ਕਰਕੇ ਗੁਰਦੁਆਰਿਆਂ ਵਿਚ ਹਰ ਗੱਲ ਸਿੱਖ ਰਹਿਤ ਮਰਿਆਦਾ ਤੋਂ ਉਲਟ ਹੋ ਰਹੀ ਹੈ। ਉਦਾਹਰਣ ਦੇ ਤੌਰ ’ਤੇ ਹਰ ਘਰ ਅਤੇ ਗੁਰਦੁਆਰੇ ਵਿਚ ਅਖੰਡ ਪਾਠਾਂ ਦੀਆਂ ਲੜੀਆਂ ਲੱਗੀਆਂ ਹੁੰਦੀਆਂ ਹਨ ਅਤੇ ਨਾਲ ਕੀਰਤਨ ਵੀ ਚੱਲ ਰਿਹਾ ਹੁੰਦਾ ਹੈ। ਕਮਰੇ ਅੰਦਰ ਇਕੱਲਾ ਭਾਈ ਪਾਠ ਕਰ ਰਿਹਾ ਹੁੰਦਾ ਹੈ। ਪਾਠ ਸੁਣਨ ਵਾਲਾ ਕੋਈ ਵੀ ਨਹੀਂ।

ਕਿਵੇਂ ਪਤਾ ਚੱਲੇ ਕਿ ਸਮੁੱਚੀ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ?

ਇਸ ਤੋਂ ਇਲਾਵਾ ਅਸੀਂ ਵਿਅਕਤੀ ਪੂਜਾ, ਪਾਖੰਡਾਂ, ਅੰਧ ਵਿਸ਼ਵਾਸਾਂ ਸੁੱਚ-ਭਿੱਟ ਦੀ ਬੇਲੋੜੀ ਬਹਿਸ ਵਿਚ ਬੇਅਰਥ ਸਮਾਂ ਬਰਬਾਦ ਕਰਦੇ ਹਾਂ।

ਸਾਡੇ ਇਸ ਲੇਖ ਦਾ ਉਦੇਸ਼ ਕਿਸੇ ਨੂੰ ਭੰਡਣਾ ਜਾਂ ਨਿੰਦਣਾ ਨਹੀਂ। ਇਸ ਲੇਖ ਦਾ ਉਦੇਸ਼ ਹੈ :

1. ਪਾਠ ਪੂਜਾ ਦੇ ਸਹੀ ਅਰਥ ਸਮਝਣੇ ਅਤੇ

2. ਗੁਰਬਾਣੀ ਦੀ ਰੌਸ਼ਨੀ ਮੁਤਾਬਿਕ ਪਾਠ-ਪੂਜਾ ਕਰਨੀ।

ਆਓ ਗੁਰਬਾਣੀ ਦੀ ਰੌਸ਼ਨੀ ਅਨੁਸਾਰ ਪਾਠ-ਪੂਜਾ ਬਾਰੇ ਬਾਣਕਾਰੀ ਹਾਸਲ ਕਰੀਏ:

1. ਕਿਸੇ ਖਾਸ ਸਥਾਨ ਅਤੇ ਖਾਸ ਸਮੱਗਰੀ ਨਾਲ ਸਰਬ ਵਿਆਪੀ ਅਕਾਲ ਪੁਰਖ ਦੀ ਪੂਜਾ ਸਿੱਖ ਧਰਮ ਅਨੁਸਾਰ ਪ੍ਰਵਾਨ ਨਹੀਂ ਹੈ। ਪਰਮ ਪਿਤਾ ਵਾਹਿਗੁਰੂ ਦੀ ਪੂਜਾ ਬਾਰੇ ਤੀਜੇ ਪਾਤਸ਼ਾਹ ਲਿਖਦੇ ਹਨ:

ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥2॥

(ਪੰਨਾ 88)

ਅਰਥ: ਇਹ ਕੁਰਦਰਤ ਦਾ ਤਰੀਕਾ ਹੈ ਕਿ ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕੰਮ ਹੀ ਕਰਾ ਹੈ। ਇ ਸਵਾਸਤੇ ਮਾਇਆ ਦੇ ਪਿਆਰ ਵਿਚ ਫਸੇ ਰਹਿ ਕੇ ਜੋ ਮਨੁੱਖ ਪੂਜਾ ਕਰਦੇ ਹਨ, ਇਸ ਪੂਜਾ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੁੰਦਾ। ਦਰਗਾਹ ਵਿਚ ਸਜਾ ਹੀ ਮਿਲਦੀ ਹੈ। ਆਤਮਾ ਨੂੰ ਚਾਨਣ ਬਖਸ਼ਣ ਵਾਲੇ ਪਰਮਾਤਮਾ ਦੀ ਹੀ ਪੂਜਾ ਕਰਨੀ ਚਾਹੀਦੀ ਹੈ ਪਰ ਸਤਿਗੁਰੂ ਤੋਂ ਬਿਨਾਂ ਇਸ ਦੀ ਸਮਝ ਨਹੀਂ ਪੈਂਦੀ। ਸਤਿਗੁਰੂ ਦਾ ਭਾਣਾ ਮੰਨਣਾ - ਇਹੀ ਜਪ, ਤਪ ਅਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ ਭਾਣਾ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਉਂਝ ਤਾਂ ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪ੍ਰਵਾਨ ਹੈ ਪਰ ਸੇਵਾ ਵੀ ਸੁਰਤ ਦੁਆਰਾ ਹੀ ਭਾਵ ਸੁਰਤ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ ਕੀਤੀ ਜਾ ਸਕਦੀ ਹੈ।

(2) ਚੋਆ ਚੰਦਨੁ ਅੰਕਿ ਚੜਾਵਉ ॥ ਪਾਟ ਪਟੰਬਰ ਪਹਿਰਿ ਹਢਾਵਉ ॥ ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥1॥ ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥1॥ ਰਹਾਉ ॥ ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਲਾਲ ਨਿਹਾਲੀ ਫੂਲ ਗੁਲਾਲਾ ॥ ਬਿਨੁ ਜਗਦੀਸ ਕਹਾ ਸੁਖੁ ਭਾਲਾ ॥2॥

ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀ ਲਾਭ? ਪ੍ਰਮਾਤਮਾ ਦੇ ਚਰਨਾਂ ਵਿਚ ਜੁੜਨ ਤੋਂ ਬਗੈਰ ਸੁੱਖ ਹੋਰ ਕਿਤੇ ਨਹੀਂ ਮਿਲਦਾ॥ਰਹਾਉ॥

ਜੇ ਮੈਂ ਅਤਰ ਅਤੇ ਚੰਦਨ ਦਾ ਲੇਪ ਆਪਣੇ ਸਰੀਰ ਉੱਤੇ ਲਾ ਲਵਾਂ, ਜੇ ਮੈਂ ਰੇਸ਼ਮ ਅਤੇ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ, ਫਿਰ ਵੀ ਮੈਂ ਪ੍ਰਮਾਤਮਾ ਦੇ ਨਾਮ ਤੋਂ ਸੁੰਨਾ ਹਾਂ। ਤਾਂ ਕਿਤੇ ਵੀ ਮੈਨੂੰ ਸੁੱਖ ਨਹੀਂ ਮਿਲ ਸਕਦਾ॥1॥

ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ, ਮੇਰੀ ਲਾਲ ਰੰਗ ਦੀ ਤੁਲਾਈ ਉੱਤੇ ਗੁਲਾਲ ਫੁੱਲ ਖਿਲਰੇ ਹੋਏ ਹੋਣ ਫਿਰ ਵੀ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ ਮੈਂ ਕਿਤੇ ਵੀ ਸੁੱਖ ਨਹੀਂ ਲੱਭ ਸਕਦਾ॥2॥

(3) ਇਸੇ ਤਰ੍ਹਾਂ ਦੇ ਖਿਆਲ ਗੁਰੂ ਨਾਨਕ ਦੇਵ ਜੀ ਰਾਗ ਗਉੜੀ ਵਿਚ ਪੰਨਾ 224 ਤੇ ਲਿਖਦੇ ਹੋਏ ਕਹਿੰਦੇ ਹਨ:-

ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥6॥ ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥7॥

ਅਰਥ: ਹੇ ਰੱਖਣਹਾਰ ਪ੍ਰਭੂ! ਮਿਹਰ ਕਰ ਅਤੇ ਜੀਵਾਂ ਨੂੰ ਖਹ ਖਹ ਤੋਂ ਤੂੰ ਆਪ ਹੀ ਬਚਾਅ। ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾਂ ਜੀਵ ਪਸ਼ੂ-ਸੁਭਾਅ ਬਣ ਰਹੇ ਹਨ, ਭੂਤਨੇ ਹੋ ਰਹੇ ਹਨ॥6॥

ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾਂ ਉਸ ਵਰਗਾ ਕੋਈ ਹੋਰ ਨਹੀਂ ਹੈ। ਦੱਸੋ, ਹੇ ਭਾਈ! ਮੈਂ ਕਿਸੇ ਨੂੰ ਫਿਰ ਉਸ ਪ੍ਰਭੂ ਵਰਗਾ ਸਮਝ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ॥7॥

(4) ਰਾਗ ਗੂਜਰੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 489 ਤੇ ਗੁਰੂ ਨਾਨਕ ਜੀ ਕਹਿੰਦੇ ਹਨ ਕਿ -

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥1॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥1॥ ਰਹਾਉ ॥ ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥2॥

ਅਰਥ: ਹੇ ਪ੍ਰਭੂ! ਜੇ ਮੈਂ ਤੇਰੇ ਨਾਮ ਦੀ ਯਾਦ ਨੂੰ ਚੰਦਨ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ ਪੱਥਰ ਬਣ ਜਾਵੇ, ਜੇ ਮੇਰਾ ਉੱਚਾ ਆਚਰਨ ਇਨ੍ਹਾਂ ਦੇ ਨਾਲ ਕੇਸਰ ਬਣ ਕੇ ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਅੰਦਰ ਹੀ ਹੋਣ ਲੱਗ ਜਾਏਗੀ॥1॥

ਹੇ ਭਾਈ! ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਕੋਈ ਐਸੀ ਪੂਜਾ ਨਹੀਂ ਜੋ ਪ੍ਰਵਾਨ ਹੋ ਸਕੇ॥1॥ ਰਹਾਉ॥

ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਏ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ ਨਾਮ ਸਿਮਰਨ ਨਾਲ ਧੋਵੇ, ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸ਼ੁੱਧ-ਪਵਿੱਤਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫਰ ਵਿਕਾਰਾਂ ਤੋਂ ਆਜਾਦ ਹੋ ਜਾਂਦਾ ਹੈ॥2॥

(5) ਗੁਰੂ ਅਰਜਨ ਸਾਹਿਬ ਰਾਗ ਆਸਾ ਵਿਚ ਪੰਨਾ 614 ਤੇ ਲਿਖਦੇ ਹਨ:

ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥ ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥3॥

ਅਰਥ: ਹੇ ਮੇਰੇ ਮਨ! ਉਸ ਪ੍ਰਮਾਤਮਾ ਦੀ ਸੇਵਾ ਕਰਿਆ ਕਰ, ਜਿਹੜਾ ਕਿਸੇ ਦੀ ਕੀਤੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੰਦਾ ਅਤੇ ਹਰੇਕ ਦੇ ਦਿਲ ਦੀ ਜਾਣਦਾ ਹੈ। ਹੇ ਭਾਈ! ਜਿਹੜਾ ਪ੍ਰਕਾਸ਼- ਪੂਰ ਪ੍ਰਭੂ ਸਭ ਤੋਂ ਵੱਡਾ ਹੈ ਜਿਸ ਦਾ ਸਰੂਪ ਮੌਤ ਰਹਿਤ ਹੈ, ਉਸ ਦੀ ਪੂਜਾ-ਭਗਤੀ ਕਰ, ਤੇ ਭੇਟਾ ਵੱਜੋਂ ਆਪਣਾ ਇਹ ਮਨ ਉਸ ਦੇ ਹਵਾਲੇ ਕਰ ਦੇ॥3॥

(6) ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ ਬਿਧਿ ਸਾਹਿਬੁ ਰਵਤੁ ਰਹੈ ॥3॥

(ਗੁਰ ਗ੍ਰੰਥ ਸਾਹਿਬ, ਪੰਨਾ 728)

ਅਰਥ: ਪੰਨਾ 728 ਤੇ ਗੁਰੂ ਨਾਨਕ ਜੀ ਰਾਗ ਸੂਹੀ ਵਿਚ ਲਿਖਦੇ ਹਨ, ਕਿ ਹੇ ਭਾਈ! ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਉਂਦਾ ਹੈ, ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ ਉਸ ਵਿਚ ਪ੍ਰਮਾਤਮਾ ਦਾ ਨਾਮ ਟਿਕਾ ਕੇ ਰੱਖੇ, ਉਸ ਨਾਮ ਦੀ ਰਾਹੀਂ ਸਾਧ-ਸੰਗਤ ਰੂਪੀ ਸਰੋਵਰ ਵਿਚ ਇਸ਼ਨਾਨ ਕਰੇ, ਮਨ ਵਿਚ ਟਿਕੇ ਹੋਰੇ ਪ੍ਰਭੂ-ਠਾਕੁਰ ਨੂੰ ਸ਼ਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ, ਜੇ ਜੀਵ ਸੇਵਕ ਬਣ ਕੇ, ਆਪਾ-ਭਾਵ ਤਿਆਗ ਕੇ ਅੰਦਰ ਵਸਦੇ ਠਾਕੁਰ ਪ੍ਰਭੂ ਦੀ ਸੇਵਾ ਸਿਮਰਨ ਕਰੇ, ਤਾਂ ਇਨ੍ਹਾਂ ਤਰੀਕਿਆਂ ਨਾਲ ਉਹ ਜੀਵ ਮਾਲਕ ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ॥3॥

ਬਲਬਿੰਦਰ ਸਿੰਘ ਅਸਟ੍ਰੇਲੀਆ




.