.

ਨਿੰਦਕੁ ਡੂਬਾ ਹਮ ਉਤਰੇ ਪਾਰਿ ॥

(ਭਾਗ 2)

7. ਹੋਰਾਂ ਕੁਕਰਮਾਂ ਦਾ ਮੁਕਾਬਲਾ ਕਰਦੇ ਹੋਏ ਗੁਰੂ ਅਰਜਨ ਜੀ ਕਹਿੰਦੇ ਹਨ ਕਿ ਨਿੰਦਾ, ਚੋਰੀ ਯਾਰੀ ਆਦਿ ਤੋਂ ਵੀ ਭੈੜੀ ਹੈ:

ਨਿੰਦਕ ਕੀ ਗਤਿ ਕਤਹੂ ਨਾਹਿ ॥ ਆਪਿ ਬੀਜਿ ਆਪੇ ਹੀ ਖਾਹਿ ॥ ਚੋਰ ਜਾਰ ਜੂਆਰ ਤੇ ਬੁਰਾ ॥ ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1145)

ਭਾਵ: ਹੇ ਭਾਈ! ਦੂਜਿਆ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਨਹੀਂ ਬਣਦੀ। ਇਸ ਤਰ੍ਹਾਂ ਨਿੰਦਕ ਨਿੰਦਾ ਦਾ ਬੀਜ ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ। ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ, ਵਿਭਚਾਰੀ ਨਾਲੋਂ ਅਤੇ ਜੁਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ, ਕਿਉਂਕਿ ਨਿੰਦਕ ਨੇ ਆਪਣੇ ਸਿਰ ਉੱਤੇ ਸਦਾ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ॥3॥

8. ਭਾਈ ਗੁਰਦਾਸ ਜੀ ਦੇ ਨਿੰਦਾ ਸੰਬੰਧੀ ਬਚਨ ਭੀ ਨੋਟ ਕਰਨ ਵਾਲੇ ਹਨ। ਆਪ ਕਹਿੰਦੇ ਹਨ ਕਿ ਨਿੰਦਕ ਅਤੇ ਨਿੰਦਾ ਸੁਣਨ ਵਾਲੇ ਝੂਠ ਦੇ ਵਪਾਰੀ ਬਣਕੇ, ਗੁਰੂ ਤੋਂ ਬੇਮੁਖ ਹੋ ਕੇ ਆਪਣੇ ਜੀਵਨ ਦੀ ਬਰਬਾਦੀ ਕਰਦੇ ਹਨ। ਜਿਸ ਦੇ ਮੂੰਹ ਵਿਚ ਨਿੰਦਾ ਵਾਲੀ ਹੱਡੀ ਪੈ ਜਾਵੇ ਉਹ ਇਸ ਭੈੜੀ ਬਾਦੀ ਤੇ ਕਾਬੂ ਨਹੀਂ ਪਾ ਸਕਦਾ। ਜਿਵੇਂ ਕੁੱਤੇ ਨੂੰ ਜੇ ਰਾਜਾ ਭੀ ਬਣਾ ਦਿੱਤਾ ਜਾਵੇ ਤਾਂ ਉਹ ਚੱਕੀ ਚੱਟਣ ਵਾਲੀ ਵਾਦੀ ਨਹੀਂ ਛੱਡਦਾ। ਜਿਵੇਂ ਸੱਪ ਨੂੰ ਦੁੱਧ ਪਿਲਾਉਣ ਨਾਲ ਉਸ ਦੀ ਜ਼ਹਿਰ ਖਤਮ ਨਹੀਂ ਹੁੰਦੀ, ਡੰਗ ਜਰੂਰ ਮਾਰਦਾ ਹੈ। ਜਿਵੇਂ ਪੱਥਰ ਪਾਣੀ ਵਿਚ ਰੱਖਣ ਨਾਲ ਨਰਮ ਨਹੀਂ ਹੁੰਦਾ। ਜਿਵੇਂ ਖੋਤਾ, ਚੰਦਨ ਆਦਿ ਸੁਗੰਧੀਆਂ ਨੂੰ ਤਿਆਗ ਕੇ ਮਿੱਟੀ ਵਿੱਚਹੀ ਲਿਟਦਾ ਹੈ। ਇਸੇ ਤਰ੍ਹਾਂ ਨਿੰਦਕ ਪਰਾਈ ਨਿੰਦਾ ਕਰਨੋਂ ਨਹੀਂ ਹਟਦਾ ਅਤੇ ਇਸ ਦਾ ਫਲ ਭੋਗਦਾ ਹੈ:

ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ ਚੋਆ ਚੰਦਨੁ ਫਰਿਹਰੈ ਖਰੁ ਖੇਹ ਪਲਟੈ॥ ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥ ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥1॥

(ਵਾਰ 35, ਪਉੜੀ 1)

9. ਨਿੰਦਾ ਕਰਨ ਵਾਲਾ ਦੁਖੀ ਹੁੰਦਾ ਹੈ। ਉਹ ਵਿਲਕਦਾ ਹੈ। ਉਸ ਨੂੰ ਪਰਮਾਤਾ ਚੇਤੇ ਨਹੀਂ ਆਉਂਦਾ। ਗੁਰਮੁਖਾਂ ਦੀ ਨਿੰਦਾ ਦਾ ਦੁੱਖ ਉਹ ਭੋਗਦਾ ਹੈ। ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣ ਜਾਏ ਤਾਂ ਉਹ ਉਸ ਨੂੰ ਭੀ ਨਿੰਦਾ ਕਰਨ ਦੀ ਭੈੜੀ ਆਦਤ ਪਾ ਦੇਂਦਾ ਹੈ:

ਅਰੜਾਵੈ ਬਿਲਲਾਵੈ ਨਿੰਦਕੁ ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥

(ਗੁਰੂ ਗ੍ਰੰਥ ਸਾਹਿਬ, ਪੰਨਾ 373)

ਇਸੇ ਲੇਖ ਦੇ ਅੰਤ ਵਿਚ ਅਸੀਂ ਭਗਤ ਕਬੀਰ ਜੀ ਦੇ ਨਿੰਦਾ ਸੰਬੰਧੀ ਵੀਚਾਰ ਪੇਸ਼ ਕਰਦੇ ਹਾਂ।

10. ਆਪ ਰਾਗ ਗਉੜੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 339 ਤੇ ਲਿਖਦੇ ਹਨ ਕਿ ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ। ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ ਕਿਉਂਕਿ ਨਿੰਦਿਆ ਪ੍ਰਭੂ ਸੇਵਕ ਦੀ ਪਿਓ ਮਾਂ ਹੈ ਭਾਵ ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰਕੇ ਭਲੇ ਗੁਣਾਂ ਲਈ ਸਹਾਇਤਾ ਕਰਦਾ ਹੈ॥1॥ਰਹਾਉ॥

ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ ਕਿਉਂਕਿ ਇਸ ਤਰ੍ਹਾਂ ਔਗੁਣ ਛੱਡ ਕੇ ਪ੍ਰਭੂ ਦਾ ਨਾਮ-ਰੂਪੀ ਧਨ ਮਨ ਵਿਚ ਵਸ ਸਕਦਾ ਹੈ। ਜੇ ਹਿਰਦਾ ਸ਼ੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ ਭਾਵ ਜੇ ਸ਼ੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਹੁੰਦੇ ਸੁਣੀਏ ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ॥1॥

ਤਾਂ ਤੇ ਜੋ ਮਨੁੱਖ ਸਾਡੀ ਨਿੰਦਿਆ ਕਰਦਾ ਹੈ, ਉਹ ਸਾਡਾ ਮਿੱਤਰ ਹੈ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵੱਲ ਰਹਿੰਦੀ ਹੈ, ਭਾਵ ਆਪਣੇ ਨਿੰਦਕ ਦੀ ਗੱਲ ਅਸੀਂ ਧਿਆਨ ਨਾਲ ਸੁਣਦੇ ਹਾਂ। ਅਸਲ ਵਿਚ ਸਾਡਾ ਮੰਦਾ ਚਿਤਣ ਵਾਲਾ ਮਨੁੱਖ ਉਹ ਹੈ ਜੋ ਸਾਡੇ ਐਬ ਨਸ਼ਰ ਹੋਣੋ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ॥2॥

ਜਿਉਂ-ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ-ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ, ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵੱਲੋਂ ਬਚਾਉਂਦੀ ਹੈ।

ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ। ਪਰ ਵਿਚਾਰਾ ਨਿੰਦਕ ਦੂਜਿਆ ਦੇ ਔਗੁਣਾਂ ਦੀਆਂ ਗੱਲਾਂ ਕਰਕੇ ਉਨ੍ਹਾਂ ਔਗੁਣਾਂ ਵਿਚ ਡੁੱਬ ਜਾਂਦਾ ਹੈ ਅਤੇ ਅਸੀਂ ਆਪਣੇ ਔਗੁਣਾਂ ਦੀ ਚਿਤਾਵਨੀ ਨਾਲ ਉਨ੍ਹਾਂ ਔਗੁਣਾਂ ਤੋਂ ਬਚ ਨਿਕਲਦੇ ਹਾਂ॥3॥

ਭਾਵ: ਵੈਸੇ ਕੀਤੀ ਗਈ ਨਿੰਦਾ ਤੇ ਹੱਸ ਛੱਡਣਾ ਚਾਹੀਦਾ ਹੈ। ਲੜਾਈ ਝਗੜਾ ਕਰਨਾ ਅਕਲਮੰਦੀ ਨਹੀਂ। ਜੇ ਕਿਸੇ ਔਗੁਣ ਕਰਕੇ ਨਿੰਦਾ ਹੋ ਰਹੀ ਹੈ ਤਾਂ ਉਸ ਨੂੰ ਸੁਧਾਰ ਕਰੀਏ।

ਜੇ ਕੋਈ ਠੰਢੇ ਜਿਗਰੇ ਨਾਲ ਆਪਣੇ ਐਬ (ਔਗੁਣ) ਹੁੰਦੇ ਸੁਣੇ ਤਾਂ ਉਹ ਸਗੋਂ ਇਸ ਤਰ੍ਹਾਂ ਆਪਣੇ ਅੰਦਰੋਂ ਉਹ ਐਬ ਦੂਰ ਕਰ ਸਕਦਾ ਹੈ ਅਤੇ ਆਪਣਾ ਜੀਵਨ ਪਵਿੱਤਰ ਬਣਾ ਸਕਦਾ ਹੈ। ਪਰ, ਦੂਜਿਆਂ ਦੇ ਐਬ ਫਰੋਲਣ ਵਾਲਾ ਆਪਣੇ ਅੰਦਰ ਕਦੇ ਝਾਤੀ ਨਹੀਂ ਮਾਰਦਾ ਅਤੇ ਆਪ ਹੀ ਉਨ੍ਹਾਂ ਔਗੁਣਾਂ ਵਿਚ ਡੁੱਬ ਜਾਂਦਾ ਹੈ। ਸੋ, ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਬਰਾਉਂਦੇ ਨਹੀਂ।

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥1॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥1॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥2॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥3॥

(ਗੁਰੂ ਗ੍ਰੰਥ ਸਾਹਿਬ, ਪੰਨਾ 339)

ਨਿੰਦਿਆ ਕਰਨ ਤੋਂ ਬਚਾਓ: ਨਿੰਦਾ ਦਾ ਮੂਲ ਕਾਰਨ ਹੈ ‘ਦੂਜਿਆਂ ਲਈ ਈਰਖਾ ਅਤੇ ਸਾੜਾ’। ਨਿੰਦਾ ਕਰਨ ਦੀ ਭੈੜੀ ਵਾਦੀ ਦੇ ਤਿਆਗ ਲਈ ਗੁਰੂ ਉਪਦੇਸ਼ਾਂ ਨਾਲ ਜੁੜ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਤਿਗੁਰਾਂ ਦਾ ਸਭ ਤੋਂ ਪਹਿਲਾ ਉਪਦੇਸ਼ ‘ਸਿਫਤ-ਸਲਾਹ’ ਦੁਆਰਾ ਅਕਾਲ ਪੁਰਖ ਵਾਹਿਗੁਰੂ ਨਾਲ ਅਭੇਦ ਹੋਣਾ ਹੈ। ਪ੍ਰਭੂ ਨਾਲ ਅਭੇਦ ਮਨੁੱਖ ਉਸ ਦੀ ਕ੍ਰਿਪਾ ਦੇ ਪਾਤਰ ਬਣ ਜਾਂਦੇ ਹਨ। ਪ੍ਰਭੂ ਉਨ੍ਹਾਂ ਨੂੰ ਨਿੰਦਾ ਅਤੇ ਹੋਰ ਵਿਕਾਰਾਂ ਅਤੇ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ। ਈਰਖਾ ਅਤੇ ਸਾੜੇ (ਤਾਤ ਪਰਾਈ) ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਹੈ ਕਿ ਸਾਧ ਸੰਗਤ ਵਿਚ ਰਲ ਕੇ ਨਾਮ ਸਿਮਰਨ ਅਤੇ ਸ਼ੁਭ ਕਰਮ ਕੀਤੇ ਜਾਣ। ਇਸ ਬਾਰੇ ਗੁਰੂ ਸਾਹਿਬ ਦਾ ਉਪਦੇਸ਼ ਰਾਗ ਕਾਨੜਾ ਵਿਚ ਪੰਨਾ 1299 ਤੇ ਦਰਜ ਹੈ। ਆਪ ਫੁਰਮਾਉਂਦੇ ਹਨ:

ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥1॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥1॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥2॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥3॥

(ਗੁਰੂ ਗ੍ਰੰਥ ਸਾਹਿਬ, ਪੰਨਾ 1299)

ਪਾਸ਼ਾਹ ਬਖਸ਼ਿਸ਼ ਕਰਨ, ਅਸੀਂ ਇਨ੍ਹਾਂ ਗੁਰੂ ਸ਼ਬਦਾਂ ਤੋਂ ਸੇਧ ਲਈਏ ਆੇ ਨਿੰਦਿਆ ਕਰਨ ਦੀ ਭੈੜੀ ਆਦਤ ਤੋਂ ਬਚ ਕੇ ਆਪਣਾ ਜੀਵਨ ਸਫਲ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਬਲਬਿੰਦਰ ਸਿੰਘ ਅਸਟ੍ਰੇਲੀਆ




.