.

ਸਿਆਸੀ ਅਤੇ ਧਾਰਮਿਕ ਕੱਟੜਵਾਦੀ

ਇਸ ਵੇਲੇ ਸਾਰੀ ਦੁਨੀਆ ਵਿੱਚ ਹੀ ਕੱਟੜਵਾਦ ਵਧ ਰਿਹਾ ਹੈ। ਇਹ ਕੱਟੜਵਾਦ ਸਿਆਸੀ ਵੀ ਹੈ ਅਤੇ ਧਾਰਮਿਕ ਵੀ। ਸਾਰੀ ਦੁਨੀਆ ਵਿੱਚ ਹੀ ਇਸ ਦਾ ਅਸਰ ਹੋ ਰਿਹਾ ਹੈ ਅਤੇ ਇਸ ਤਰ੍ਹਾਂ ਹੋਣ ਵਿੱਚ ਸਾਰੀ ਦੁਨੀਆ ਦੇ ਲੋਕ ਹੀ ਦੋਸ਼ੀ ਹਨ। ਨਿਰਪੱਖਤਾ ਨਾਲ ਸੱਚੀ ਗੱਲ ਕਰਨ ਵਾਲੇ ਬਹੁਤ ਘੱਟ ਹਨ। ਹਰ ਕੋਈ ਦੂਸਰਿਆਂ ਦੇ ਔਗੁਣ ਦੱਸ ਰਿਹਾ ਹੈ ਅਤੇ ਆਪਣਿਆਂ ਨੂੰ ਸਲਾਹ ਰਿਹਾ ਹੈ। ਚੰਗੇ ਤੋਂ ਚੰਗੇ ਲੀਡਰ ਜਾਂ ਧਾਰਮਿਕ ਨੇਤਾ ਵਿੱਚ ਵੀ ਔਗੁਣ ਹੋ ਸਕਦੇ ਹਨ ਅਤੇ ਮਾੜੇ ਤੋਂ ਮਾੜੇ ਵਿੱਚ ਵੀ ਕੁੱਝ ਚੰਗੇ ਗੁਣ ਹੋ ਸਕਦੇ ਹਨ। ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚ ਅਤੇ ਸਿਆਸੀ ਜਥੇਬੰਦੀਆਂ ਵਿੱਚ ਵੀ ਹੈ। ਨਾ ਤਾਂ ਕਹੇ ਜਾਂਦੇ ਸਾਰੇ ਧਰਮਾਂ ਵਿੱਚ ਹੀ ਸਾਰਾ ਕੁੱਝ ਚੰਗਾ ਹੈ ਅਤੇ ਨਾ ਹੀ ਸਾਰਾ ਕੁੱਝ ਮਾੜਾ ਹੈ। ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਜਾਣਦੇ ਬੁੱਝਦੇ ਹੋਏ ਵੀ ਘੇਸਲ ਵੱਟ ਲਈ ਜਾਂਦੀ ਹੈ ਕਿ ਅਸੀਂ ਕੀ ਲੈਣਾ ਜੋ ਕਰਦਾ ਹੈ ਆਪੇ ਹੀ ਭਰੇਗਾ ਅਤੇ ਜਾਂ ਫਿਰ ਗਲਤ ਹੁੰਦੇ ਕੰਮਾਂ ਵਿੱਚ ਵੀ ਸਹਿਮਤੀ ਦੇ ਦਿੱਤੀ ਜਾਂਦੀ ਹੈ। ਬਸ ਇਹੀ ਹੈ ਅਸਲ ਸਮੱਸਿਆ ਦੀ ਜੜ੍ਹ ਜਿਹੜੀ ਕਿ ਸਾਰੀ ਦੁਨੀਆ ਵਿੱਚ ਇਸ ਵੇਲੇ ਫੈਲੀ ਹੋਈ ਹੈ।
ਅਸੀਂ ਗੱਲ ਸ਼ੁਰੂ ਕਰਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਮਿ: ਟਰੰਪ ਵਲੋਂ ਸੱਤ ਮੁਸਲਮ ਦੇਸ਼ਾਂ ਦੇ ਨਾਗਰਿਕਾਂ ਨੂੰ 120 ਦਿਨਾ ਲਈ ਰੋਕ ਲਉਣ ਤੋਂ। ਇਹ ਸੱਤ ਦੇਸ਼ ਹਨ। ਇਰਾਨ, ਇਰਾਕ, ਲਿਬੀਆ, ਸੋਮਾਲੀਆ, ਸੁਡਾਨ, ਸੀਰੀਆ ਅਤੇ ਜੈਮਨ। ਟਰੰਪ ਦਾ ਬਹਾਨਾ ਇਹ ਹੈ ਕਿ ਅਸੀਂ ਅਮਰੀਕਾ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ। ਪਰ ਅਸਲੀਅਤ ਇਹ ਹੈ ਕਿ ਪਿਛਲੇ ਲਗਭਗ 40 ਸਾਲਾਂ ਤੋਂ ਇੱਕ ਵੀ ਅਜਿਹਾ ਵਿਆਕਤੀ ਇਹਨਾ ਦੇਸ਼ਾਂ ਵਿਚੋਂ ਨਹੀਂ ਆਇਆ ਜਿਸ ਨੇ ਇੱਥੇ ਆ ਕੇ ਕਿਸੇ ਅਤੰਕਵਾਦੀ ਕਾਰਵਾਈ ਨਾਲ ਬੰਦੇ ਮਾਰੇ ਹੋਣ। ਨੌਂ ਗਿਆਰਾਂ ਵਾਲੇ ਹਮਲੇ ਵਿੱਚ ਵੀ ਬਹੁਤੇ ਸਾਊਦੀ ਅਰਬ ਨਾਲ ਸੰਬੰਧਿਤ ਸਨ ਪਰ ਹਾਲੇ ਤੱਕ ਉਸ ਤੇ ਕੋਈ ਪਬੰਦੀ ਨਹੀਂ ਲਾਈ। ਇਸੇ ਕਰਕੇ ਦੋ ਵਾਰੀ ਕੋਰਟ ਨੇ ਆਪਣੇ ਫੈਸਲੇ ਵਿੱਚ ਇਸ ਲਾਈ ਗਈ ਰੋਕ ਨੂੰ ਗੈਰਕਨੂੰਨੀ ਕਰਾਰ ਦਿੱਤਾ ਹੈ। ਕੋਰਟ ਦੇ ਇਹਨਾਂ ਫੈਸਲਿਆਂ ਤੋਂ ਮਿ: ਟਰੰਪ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਟਵੀਟ ਕੀਤਾ ਸੀ ਕਿ, “ਅਸੀਂ ਤੁਹਾਨੂੰ ਕੋਰਟ ਵਿੱਚ ਦੇਖਾਂਗੇ ਕਿਉਂਕਿ ਸਾਡੇ ਦੇਸ਼ ਦੀ ਸੁਰੱਖਿਆ ਖਤਰੇ ਵਿੱਚ ਹੈ” ਇਸ ਦੇ ਜਵਾਬ ਵਿੱਚ ਵਾਸ਼ਿੰਗਟਨ ਦੇ ਗਵਰਨਰ ਜੇਅ ਇਨਸਲੀ ਨੇ ਕਿਹਾ ਸੀ, “ਮਿ: ਟਰੰਪ ਅਸੀਂ ਹੁਣੇ ਤੁਹਾਨੂੰ ਕੋਰਟ ਵਿੱਚ ਦੇਖਿਆ ਹੈ ਅਤੇ ਬੀਟ ਕੀਤਾ/ਹਰਾਇਆ ਹੈ”। ਹੁਣ ਇਹ ਮੁੱਦਾ ਅਮਰੀਕਾ ਦੀ ਸਪਰੀਪ ਕੋਰਟ ਵਿੱਚ ਜਾਣ ਦੀ ਸੰਭਾਵਨਾ ਹੈ। ਉਦੋਂ ਤੱਕ ਸਫਰ ਕਰਨ ਵਾਲਿਆਂ ਲਈ ਦਾਖਲੇ ਤੇ ਪਬੰਦੀ ਹਟੀ ਰਹੇਗੀ। ਸਪਰੀਮ ਕੋਰਟ ਵਿੱਚ ਵੀ ਇਸ ਵੇਲੇ ਅੱਧੇ ਜੱਜ ਡੈਮੋਕਰੇਟਿਕ ਨਾਲ ਸੰਬੰਧ ਹੋਣ ਕਾਰਨ ਇਸ ਪਬੰਦੀ ਦੇ ਦੁਬਾਰਾ ਲਾਗੂ ਹੋਣ ਦੇ ਆਸਾਰ ਘੱਟ ਹਨ। ਪਰ ਟਰੰਪ ਨੇ ਕਿਹਾ ਹੈ ਕਿ ਉਹ ਹੁਣ ਹੋਰ ਦੁਬਾਰਾ ਪਬੰਦੀ ਲਗਾਏਗਾ। ਇਸ ਦਾ ਪਤਾ ਹੁਣ ਕੱਲ ਸੋਮਵਾਰ ਨੂੰ ਲੱਗੇਗਾ ਕਿ ਉਹ ਕਿਸ ਤਰ੍ਹਾਂ ਦੀ ਪਬੰਦੀ ਲਗਾਉਂਦਾ ਹੈ। ਕੱਲ ਨੂੰ ਹੀ ਕਨੇਡਾ ਦਾ ਪ੍ਰਧਾਨ ਮੰਤਰੀ ਮਿ: ਟਰੂਡੋ, ਟਰੰਪ ਨੂੰ ਮਿਲਣ ਜਾ ਰਿਹਾ ਹੈ। ਟਰੰਪ ਦੀਆਂ ਲਾਈਆਂ ਪਬੰਦੀਆਂ ਕਾਰਨ ਹੁਣ ਬਹੁਤ ਸਾਰੇ ਰਫਿਊਜ਼ੀ ਅਮਰੀਕਾ ਤੋਂ ਕਨੇਡਾ ਵੱਲ ਨੂੰ ਵਾਡਰ ਕਰੌਸ ਕਰਕੇ ਆ ਰਹੇ ਹਨ। ਅਲਟਰ ਰਾਈਟ, ਚਿੱਟੇ ਨਸਲਵਾਦੀਆਂ ਵਲੋਂ ਕਨੇਡਾ ਵਿੱਚ ਵੀ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਅਫਵਾਹ ਦੀ ਇੱਕ ਪੋਸਟ ਸੀ. ਬੀ. ਸੀ. ਦੀ ਵੈੱਬ ਸਾਈਟ ਤੇ ਦੇਖਣ ਨੂੰ ਮਿਲੀ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ “ਕਨੇਡਾ ਦੇ ਪ੍ਰਧਾਨ ਮੰਤਰੀ ਦੀ ਘਰਵਾਲੀ ਸੋਫੀਆ ਨੇ ਸਾਲ ਕੁ ਪਹਿਲਾਂ ਇਸਲਾਮ ਧਰਮ ਅਪਣਾ ਲਿਆ ਸੀ। ਇਹ ਹੁਣ ਸ਼ਰੀਆ ਦੇ ਕਾਨੂੰਨ ਨੂੰ ਮਾਨਤਾ ਦੇ ਰਹੇ ਹਨ ਅਤੇ ਅਗਲੇ ਸਾਲ ਚਾਰ ਲੱਖ ਹੋਰ ਮੁਸਲਮਾਨਾ ਨੂੰ ਕਨੇਡਾ ਵਿੱਚ ਸੱਦਣਗੇ”। ਇਸ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਬਲਦੀ ਤੇ ਤੇਲ ਪਾ ਰਹੀਆਂ ਹਨ। ਨਸਲਵਾਦੀਆਂ ਅਤੇ ਕੱਟੜਵਾਦੀਆਂ ਨੂੰ ਬੱਸ ਮਾੜਾ ਜਿਹਾ ਬਹਾਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਨ ਦੀ ਭੜਾਸ ਕਿਸੇ ਤਰ੍ਹਾਂ ਕੱਢ ਸਕਣ। ਇਹ ਗੱਲ ਹੁਣ ਸਾਰੀ ਦੁਨੀਆ ਜਾਣਦੀ ਹੈ ਕਿ ਟਰੰਪ ਦਾ ਖਾਸ ਸਲਾਹਕਾਰ ਉਹ ਵਿਆਕਤੀ ਹੈ ਜਿਹੜਾ ਕਿ ਇੱਕ ਅਲਟਰ ਰਾਈਟ ਵੈੱਬ ਸਾਈਟ ਵੀ ਚਲਾਉਂਦਾ ਸੀ। ਮੌਂਟਰੀਆਲ ਵਿੱਚ ਇੱਕ ਮਸਜਦ ਵਿੱਚ ਜਾ ਕੇ ਛੇ ਵਿਆਕਤੀਆਂ ਨੂੰ ਮਾਰਨ ਵਾਲੇ ਨੇ ਆਪਣੀ ਫੇਸ ਬੁੱਕ ਤੇ ਮਿ: ਟਰੰਪ ਦੀ ਫੋਟੋ ਵੀ ਪਾਈ ਹੋਈ ਸੀ ਜਿਸ ਨੂੰ ਦੇਖ ਕੇ ਹਰ ਕੋਈ ਅੰਦਾਜ਼ਾ ਲਾ ਸਕਦਾ ਹੈ ਕਿ ਇਸ ਨੂੰ ਇਹ ਕਾਰਾ ਕਰਨ ਲਈ ਪ੍ਰੇਰਨਾ ਕਿਥੋਂ ਮਿਲੀ।
ਇਹ ਗੱਲ ਠੀਕ ਹੈ ਕਿ ਇਸਲਾਮ ਨੂੰ ਮੰਨਣ ਵਾਲੇ ਹੋਰਨਾ ਨਾਲੋਂ ਜ਼ਿਆਦਾ ਕੱਟੜ ਹਨ। ਇਹ ਧਰਮ ਦੇ ਨਾਮ ਤੇ ਮਾਰਨਾ ਪੁੰਨ ਸਮਝਦੇ ਹਨ ਅਤੇ ਇਸਲਾਮ ਦੇ ਵਿਰੋਧੀਆਂ ਨੂੰ ਕਾਫਰ ਸਮਝਦੇ ਹਨ। ਭਾਂਵੇਂ ਕਿ ਸਾਰੇ ਮੁਸਮਾਨ ਤਾਂ ਇਸ ਤਰ੍ਹਾਂ ਦੇ ਨਹੀਂ ਹਨ ਪਰ ਫਿਰ ਵੀ ਇਸਲਾਮ ਦੀ ਗਲਤ ਵਿਆਖਿਆ ਕਰਕੇ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਅਮਰੀਕਾ ਵਿੱਚ ਆਉਣ ਵਾਲੇ ਬਹੁਤੇ ਪੜ੍ਹੇ ਲਿਖੇ ਅਤੇ ਚੰਗੀਆਂ ਨੌਕਰੀਆਂ ਕਰਨ ਵਾਲੇ ਹਨ। ਇਸ ਲਈ ਸਾਰਿਆਂ ਨੂੰ ਇਕੋ ਰੱਸੇ ਬੰਨਣਾ ਠੀਕ ਨਹੀਂ ਹੈ। ਇਸ ਗੱਲ ਨੂੰ ਸਮਝਦੇ ਹੋਏ ਤਾਂਹੀਂ ਤਾਂ ਅਮਰੀਕਾ ਦੀਆਂ 100 ਦੇ ਕਰੀਬ ਵੱਡੀਆਂ ਕੰਪਨੀਆਂ ਨੇ ਟਰੰਪ ਵਲੋਂ ਲਗਾਈ ਗਈ ਪਬੰਦੀ ਦੀ ਵਿਰੋਧਤਾ ਕੀਤੀ ਹੈ।
ਧਰਮ ਦੇ ਨਾਮ ਤੇ ਕੀਤੀ ਜਾਂਦੀ ਕੱਟੜਤਾ ਮਨੁੱਖਤਾ ਲਈ ਬਹੁਤ ਹਾਨੀਕਾਰਕ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਹੇ ਜਾਂਦੇ ਸਾਰੇ ਧਰਮਾਂ ਦੇ ਲੋਕ ਜ਼ਿਆਦਾ ਕੱਟੜਵਾਦੀਆਂ ਨੂੰ ਜ਼ਿਆਦਾ ਸਾਲਾਹੁੰਦੇ ਹਨ ਭਾਵੇਂ ਕਿ ਅਜਿਹੇ ਲੋਕਾਂ ਨੇ ਮਨੁੱਖਤਾ ਦਾ ਖੂਨ ਕਿਤਨਾ ਵੀ ਕਿਉਂ ਨਾ ਵਹਾਇਆ ਹੋਵੇ। ਇਹ ਭਾਵੇਂ ਬਿਨ ਲੈਦਨ ਹੋਵੇ, ਭਿੰਡਰਾਂਵਾਲਾ ਸਾਧ ਹੋਵੇ, ਭਗਵੀਂ ਸੋਚ ਵਾਲੇ ਗਊ ਭਗਤ ਹੋਣ ਜਾਂ ਆਈਸਸ ਵਾਲੇ ਹੋਣ। ਅਜਿਹੇ ਲੋਕ ਧਰਮ ਦੇ ਨਾਮ ਤੇ ਝੂਠ ਬੋਲਣ ਵਾਲਿਆਂ ਲਈ ਹੀਰੋ ਹੁੰਦੇ ਹਨ। ਟਰੰਪ ਦੇ ਪਿੱਛੇ ਵੀ ਰੂੜਵਾਦੀ ਇਸਾਈ ਕੱਟੜਤਾ ਕੰਮ ਕਰਦੀ ਹੈ। ਇਸਾਈਆਂ ਵਿੱਚ ਵੀ ਕਈ ਪੁਰਾਤਨਵਾਦੀ ਫਿਰਕੇ ਹਨ ਜਿਹੜੇ ਕਿ ਵੋਟਾਂ ਪਉਣ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦੇ ਪਰ ਉਹਨਾ ਵਿਚੋਂ ਵੀ ਐਤਕੀਂ ਕਈਆਂ ਨੇ ਵੋਟਾਂ ਟਰੰਪ ਨੂੰ ਪਾਈਅਆਂ ਹਨ। ਇਹ ਪੁਰਾਤਨਵਾਦੀ ਇਸਾਈ, ਓਹਾਈਓ ਅਤੇ ਪੈਨਸਲਵੇਨੀਆਂ ਸਟੇਟ ਵਿੱਚ ਕਾਫੀ ਗਿਣਤੀ ਵਿੱਚ ਰਹਿੰਦੇ ਹਨ। ਇਹ ਨਵੀਂਆਂ ਕਾਢਾਂ ਦੀ ਵਰਤੋਂ ਵੀ ਨਹੀਂ ਕਰਦੇ, ਜਿਵੇਂ ਕਿ ਕੰਪਿਊਟਰ, ਇੰਟਰਨੈੱਟ, ਕਾਰਾਂ ਅਤੇ ਸਮਾਰਟ ਫੂਨ ਆਦਿਕ ਵੀ ਨਹੀਂ ਵਰਤਦੇ। ਇੱਕ ਦੂਜੀ ਥਾਂ ਤੇ ਜਾਣ ਲਈ ਘੋੜੇ ਅਤੇ ਬੱਘੀਆਂ ਦੀ ਵਰਤੋਂ ਕਰਦੇ ਹਨ। ਟਰੰਪ ਨੇ ਭਾਵੇਂ ਹਾਲੇ ਤੱਕ ਲੋਕਾਂ ਦਾ ਖੂਨ ਤਾਂ ਨਹੀਂ ਬਹਾਇਆ ਪਰ ਇਹ ਕਿਸੇ ਵੀ ਟਾਈਮ ਕੁੱਝ ਵੀ ਕਰ ਸਕਦਾ ਹੈ। ਦੂਸਰੇ ਧਰਮਾਂ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿੱਚ ਇਸ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇੱਥੇ ਇੱਕ ਹੋਰ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਇੰਡੀਆ ਦੀ ਕੱਟੜ ਗਊਵਾਦੀ/ਗਊਮਾਤਾ ਭਗਵੀਂ ਸਰਕਾਰ ਅਤੇ ਇਸ ਦੇ ਸਹਿਯੋਗੀ ਟਰੰਪ ਦੀ ਸੋਚ ਦੇ ਹਾਮੀ ਹਨ।
ਜੇ ਕਰ ਧਾਰਮਿਕ ਕੱਟੜਵਾਦੀ ਮਨੁੱਖਤਾ ਦਾ ਖੂਨ ਵਹਾਉਂਦੇ ਹਨ ਤਾਂ ਨਾਸਤਿਕ ਡਿਕਟੇਟਰ ਵੀ ਘੱਟ ਨਹੀਂ ਕਰਦੇ। ਅਜਿਹੇ ਡਿਕਟੇਟਰ ਭਾਵੇਂ ਰੂਸ ਵਿੱਚ ਹੋਣ, ਚੀਨ ਵਿੱਚ ਹੋਣ, ਨੌਰਥ ਕੋਰੀਆ ਵਿੱਚ ਹੋਣ, ਕਿਊਬਾ ਵਿੱਚ ਹੋਣ ਅਤੇ ਜਾਂ ਫਿਰ ਹੋਰ ਕਿਸੇ ਦੇਸ਼ ਵਿਚ। ਜਿਸ ਤਰ੍ਹਾਂ ਧਾਰਮਿਕ ਕੱਟੜਵਾਦੀ ਆਪਣੇ ਕੱਟੜਵਾਦੀਆਂ ਨੁੰ ਸਾਲਾਹੁੰਦੇ ਹਨ ਇਸੇ ਤਰ੍ਹਾਂ ਨਾਸਤਕ ਕੱਟੜਵਾਦੀ ਨਾਸਤਕ ਡਿਕਟੇਟਰਾਂ ਨੂੰ ਸਾਲਾਹੁੰਦੇ ਹਨ। ਕਾਮਰੇਡੀ ਸੋਚ ਵਾਲਿਆਂ ਨੁੰ ਦੇਖੋ ਤਾਂ ਉਹ ਕਦੀ ਵੀ ਕਾਮਰੇਡ ਡਿਕਟੇਟਰਾਂ ਦੇ ਨੁਕਸ ਨਹੀਂ ਕੱਢਣਗੇ ਪਰ ਹੋਰ ਸਾਰੀ ਦੁਨੀਆ ਵਿੱਚ ਨੁਕਸ ਜਰੂਰ ਕੱਢਣਗੇ।
ਇਸ ਵੇਲੇ ਯੂਰਪ ਵਿੱਚ ਵੀ ਅਲਟਰ ਰਾਈਟ ਲਹਿਰ ਜੋਰ ਫੜ ਰਹੀ ਹੈ ਜੋ ਕਿ ਇਮੀਗਰੇਸ਼ਨ ਅਤੇ ਰਫਿਊਜੀਆਂ ਦੇ ਖਿਲਾਫ ਹੈ। ਕੁੱਝ ਹੱਦ ਤੱਕ ਉਹਨਾ ਦੀ ਇਸ ਗੱਲ ਨੂੰ ਜ਼ਾਇਜ਼ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਮਿਡਲ ਈਸਟ ਅਤੇ ਹੋਰ ਦੇਸ਼ਾਂ ਵਿੱਚੋਂ ਬਹੁਤ ਸਾਰੇ ਰਫਿਊਜ਼ੀ ਉਥੇ ਆਏ ਹੋਏ ਹਨ ਅਤੇ ਹਰ ਸਾਲ ਸਮੁੰਦਰੀ ਕਿਸ਼ਤੀਆਂ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਹੋਰ ਆ ਰਹੇ ਹਨ। ਮਨੁੱਖੀ ਦਰਦ ਰੱਖਣ ਵਾਲੇ ਇਹਨਾ ਦੀ ਖੁੱਲ ਕੇ ਮਦਦ ਵੀ ਕਰ ਰਹੇ ਹਨ ਪਰ ਇਹਨਾ ਵਿੱਚ ਵੀ ਕਈ ਕੱਟੜਵਾਦੀ ਆ ਕੇ ਅਤੰਕਵਾਦੀ ਕਾਰਵਾਈਆਂ ਕਰਕੇ ਨਿਰਦੋਸ਼ੇ ਲੋਕ ਮਾਰ ਰਹੇ ਹਨ ਜਿਸ ਕਰਕੇ ਸੱਜ ਪਜਾਖੜ ਲਹਿਰ ਨੂੰ ਬੱਲ ਮਿਲ ਰਿਹਾ ਹੈ। ਯੂਰਪ ਵਿੱਚ ਹੀ ਜੰਮੇ ਪਲੇ ਇਸਲਾਮਿਕ ਕੱਟੜਵਾਦੀ ਆਈਸਸ ਅਤੇ ਹੋਰ ਕੱਟੜਵਾਦੀ ਜਹਾਦੀਆਂ ਵਿੱਚ ਭਰਤੀ ਹੋ ਰਹੇ ਹਨ। ਸਾਰਾ ਕਸੂਰ ਕੱਟੜਵਾਦੀਆਂ ਦਾ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨਾ ਨੂੰ ਇਸ ਰਾਹ ਤੋਰਨ ਲਈ ਪੱਛਮੀ ਸਰਕਾਰਾਂ ਦਾ ਵੀ ਕਾਫੀ ਹੱਥ ਹੈ। ਇਹ ਪੱਛਮੀ ਸਰਕਾਰਾਂ ਹੋਰਨਾ ਦੇਸ਼ਾਂ ਵਿੱਚ ਜਾ ਕੇ, ਬਹਾਨੇ ਬਣਾ ਕੇ ਦਖਲ ਅੰਦਾਜ਼ੀ ਕਰਕੇ ਆਪਣੇ ਟੋਡੀਆਂ ਨੂੰ ਸੱਤਾ ਸੌਂਪਣੀ ਚਾਹੁੰਦੀਆਂ ਹਨ ਜਿਸ ਨਾਲ ਕੱਟੜਵਾਦੀਆਂ ਨੂੰ ਵੀ ਕੱਟੜਵਾਦ ਕਰਨ ਦਾ ਬਹਾਨਾ ਮਿਲ ਜਾਂਦਾ ਹੈ।
ਕੁੱਝ ਵੀ ਹੋਵੇ ਕੱਟੜਵਾਦ ਮਨੁੱਖਤਾ ਲਈ ਘਾਤਕ ਹੈ ਉਹ ਭਾਵੇਂ ਡਿਕਟੇਟਰਾਂ ਵਲੋਂ ਕੀਤਾ ਜਾਂਦਾ ਹੋਵੇ, ਚੁਣੀਆਂ ਹੋਈਆਂ ਸਰਕਾਰਾਂ ਵਲੋਂ ਅਤੇ ਜਾਂ ਫਿਰ ਧਰਮ ਦੇ ਮਖੌਟੇਧਾਰੀਆਂ ਵਲੋਂ। ਜੇ ਕਰ ਦੁਨੀਆ ਤੇ ਸ਼ਾਂਤੀ ਚਾਹੁੰਦੇ ਹੋ ਤਾਂ ਇੱਕ ਵਢਿਉਂ ਸਾਰੇ ਕੱਟੜਵਾਦੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਹ ਸਾਰੇ ਹੀ ਮਨੁੱਖਤਾ ਵਿਰੋਧੀ ਸੋਚ ਰੱਖਦੇ ਹਨ। ਇਹਨਾ ਸਾਰਿਆਂ ਨੂੰ ਹੀ ਨਕਾਰ ਦਿਓ। ਇਹਨਾ ਦੇ ਪਾਏ ਹੋਏ ਧਾਰਮਿਕ ਮਖੌਟੇ ਲਾਹ ਕੇ ਸੁੱਟ ਦਿਓ। ਉਹਨਾ ਲੋਕਾਂ ਦੀ ਹਾਂ ਵਿੱਚ ਹਾਂ ਮਿਲਾਓ ਜਿਹੜੇ ਇਹਨਾ ਲੋਕਾਂ ਨੂੰ ਨੰਗਾ ਕਰਦੇ ਹਨ। ਅਸਲੀ ਧਰਮੀ ਤਾਂ ਉਹ ਹਨ ਜਿਹੜੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਅਵਾਜ਼ ਬੁਲੰਦ ਕਰਦੇ ਹਨ ਅਤੇ ਮਨੁੱਖਤਾ ਵਿਰੋਧੀ ਕਾਰਿਆਂ ਦਾ ਵਿਰੋਧ ਕਰਨ ਲਈ ਸੜਕਾਂ ਤੇ ਉੱਤਰ ਆਉਂਦੇ ਹਨ। ਪ੍ਰਣਾਮ ਹੈ ਅਜਿਹੇ ਮਨੁੱਖੀ ਸੋਚ ਵਾਲੇ ਨੇਕ ਦਿਲ ਇਨਸਾਨਾ ਨੂੰ।
ਮੱਖਣ ਸਿੰਘ ਪੁਰੇਵਾਲ,
ਫਰਵਰੀ 12, 2017.




.