.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਪਹਿਲਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ" (ਪੰ: ੯੮੨)

"ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ" (ਪੰ: ੬੪)

ਜਿਉਂ ਜਿਉਂ ਗੁਰਬਾਣੀ ਦਾ ਅਧਯੱਣ ਕਰੀਏ ਅਤੇ ਗੁਰਬਾਣੀ ਦੀ ਕੁੱਝ ਗਹਿਰਾਈ `ਚ ਜਾਵੀਏ ਤਾਂ ਸਮੂਚੇ ਮਨੁੱਖ-ਮਾਤ੍ਰ ਨਾਲ ਸੰਬੰਧਤ, ਗੁਰਬਾਣੀ `ਚੋਂ ਆਪ ਮੁਹਾਰੇ ਚਾਰ ਵਿਸ਼ੇ ਵਿਸ਼ੇਸ਼ ਪੂਰੀ ਤਰ੍ਹਾਂ ਉਜਾਗਰ ਅਤੇ ਸਪਸ਼ਟ ਹੁੰਦੇ ਜਾਂਦੇ ਹਨ। ਤਾਂ ਤੇ ਉਹ ਚਾਰ ਵਿਸ਼ੇ ਹਨ:-

(੧) ਸੰਪੂਰਣ ਰਚਨਾ ਦਾ ਕਰਤਾ-ਧਰਤਾ, ਪਾਲਣਹਾਰ ਕੇਵਲ ਤੇ ਕੇਵਲ ਇੱਕੋ-ਇਕ ਅਕਾਲਪੁਰਖ ਹੀ ਹੈ। ਉਸ ਤੋਂ ਬਿਨਾ ਨਾ ਕੋਈ ਦੂਜਾ ਹੈ, ਨਾ ਹੋ ਸਕਦਾ ਹੈ ਅਤੇ ਨਾ ਕਦੇ ਹੋਵੇਗਾ ਹੀ।

ਸਮੂਚੀ ਰਚਨਾ ਦਾ ਕਰਤਾ, ਅਕਾਲਪੁਰਖ ਮੂਲ ਰੂਪ `ਚ "ਰੂਪ ਰੰਗ, ਰੇਖ" ਤੋਂ ਨਿਆਰਾ, ਨਿਰਗੁਣ ਸਰੂਪ ਅਤੇ ਸਦਾ-ਸਦਾ ਹੈ। ਪ੍ਰਭੂ ਆਪਣੇ ਆਪ ਤੋਂ ਹੈ ਅਤੇ ਪ੍ਰਭੂ ਜਨਮ-ਮਰਣਨ `ਚ ਵੀ ਨਹੀਂ ਆਉਂਦਾ। ਪ੍ਰਭੂ ਅਪਣੀ ਸਮੂਚੀ ਰਚਨਾ ਦੇ ਜ਼ਰੇ-ਜ਼ਰੇ `ਚ ਵਿਆਪਕ ਹੈ।

ਇਹ ਵੀ ਕਿ, ਪ੍ਰਭੂ ਦੀ ਇਹ ਸੰਪੂਰਣ ਰਚਨਾ, ਜਿਸ ਨੂੰ ਅਸੀਂ ਦੇਖ ਅਤੇ ਛੂ ਸਕਦੇ ਹਾਂ, ਉਹ ਪ੍ਰਭੂ ਤੋਂ ਭਿੰਨ ਨਹੀਂ। ਉਹ ਵੀ ਪ੍ਰਭੂ ਦਾ ਹੀ "ਸਰਗੁਣ ਸਰੂਪ" ਹੈ। ਪ੍ਰਭੂ ਦੇ ਇਸ "ਸਰਗੁਣ ਸਰੂਪ" ਨੂੰ ਗੁਰਬਾਣੀ `ਚ ਪ੍ਰਭੂ ਦੀ "ਤ੍ਰੈਗੁਣੀ ਮਾਇਆ", "ਛਾਇਆ, ਪਰਛਾਈ" ਆਦਿ ਸ਼ਬਦਾਵਲੀ ਨਾਲ ਵੀ ਬਿਆਣਿਆ ਹੈ। ਜਦਕਿ ਉਸਦੀ ਸਮੂਚੀ ਰਚਨਾ "ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ" (ਪੰ: ੨੯੪) ਅਨੁਸਾਰ ਬਿਨਸਨਹਾਰ ਅਤੇ ਪ੍ਰਭੂ ਦੇ ਹੁਕਮ ਦੀ ਕੇਵਲ ਖੇਡ ਮਾਤ੍ਰ ਹੀ ਹੈ।

(੨) ਗੁਰਬਾਣੀ ਅਨੁਸਾਰ ਸਮੂਚੇ ਮਨੁੱਖ ਮਾਤ੍ਰ ਦਾ "ਗੁਰੂ" ਇਕੋ ਹੀ ਹੈ, "ਗੁਰੂ" ਭਿੰਨ-ਭਿੰਨ ਨਹੀਂ ਹੁੰਦੇ ਤੇ ਮਨੁੱਖਾ ਸਰੀਰ ਗੁਰੂ ਨਹੀਂ ਹੁੰਦਾ। ਉਹ "ਗੁਰੂ" ਵੀ "ਇਲਾਹੀ ਗਿਆਨ" ਅਥਵਾ "ਸ਼ਬਦ ਗਰ੍ਰੂ" "ਰੂਪ ਰੰਗ, ਰੇਖ" ਤੋਂ ਨਿਆਰਾ, ਸਦਾ-ਸਦਾ ਅਤੇ ਅਕਾਲਪੁਰਖ ਦਾ ਹੀ ਨਿਜ ਗੁਣ ਹੈ।

ਲੋੜ ਹੈ, ਗੁਰਬਾਣੀ ਰਾਹੀਂ ਪ੍ਰਗਟ ਉਸ ਇਕੋ-ਇਕ "ਗੁਰੂ" ਦੀ ਪ੍ਰੀਭਾਸ਼ਾ ਨੂੰ, ਕੇਵਲ ਤੇ ਕੇਵਲ ਗੁਰਬਾਣੀ `ਚੋਂ ਸਮਝਣ ਦੀ। ਗੁਰਬਾਣੀ ਆਧਾਰਤ "ਗੁਰੂ" ਦਾ ਸਿੱਧਾ ਸੰਬੰਧ, ਮਨੁੱਖਾ ਜਨਮ ਦੀ "ਸਫ਼ਲਤਾ" ਅਤੇ "ਅਸਫ਼ਲਤਾ" (ਬਿਰਥਾ ਗੁਆਏ ਮਨੁੱਖਾ ਜਨਮ) ਨਾਲ ਵੀ ਹੈ।

(੩) ਅਕਾਲਪੁਰਖ ਵੱਲੋਂ ਸਮੂਚੇ ਮਨੁੱਖ ਮਾਤ੍ਰ ਦਾ "ਧਰਮ" ਵੀ ਇਕੋ ਹੀ ਹੈ, ਭਿੰਨ-ਭਿੰਨ ਨਹੀਂ ਹਨ। ਉਸੇ ਮਨੁੱਖੀ "ਧਰਮ" ਨੂੰ, ਮਨੁੱਖ ਦਾ ਇਲਾਹੀ ਅਥਵਾ ਸੱਚ ਧਰਮ ਆਦਿ ਵੀ ਕਿਹਾ ਹੈ।

(੪) ਸਮੂਚੇ ਮਨੁੱਖ ਮਾਤ੍ਰ ਦਾ ਭਾਈਚਾਰਾ ਵੀ ਇਕੋ ਹੈ। ਮਨੁੱਖ-ਮਨੁੱਖ ਵਿਚਾਲੇ ਜਾਤ-ਗੋਤ, ਵਰਣ, ਧਰਮ, ਲਿੰਗ, ਨਸਲ, ਰੰਗ, ਦੇਸ਼ ਆਧਾਰਤ ਵੰਡੀਆਂ, ਮਨੁੱਖ ਦੀਆਂ ਆਪਣੀਆਂ ਪਾਈਆਂ ਹੋਈਆਂ ਤੇ ਮਨੁੱਖ ਦੀ ਅਗਿਆਨਤਾ ਦੀ ਉਪਜ ਹਨ। ਇਹ ਵੰਡੀਆਂ, ਅਕਾਲਪੁਰਖ ਵੱਲੋਂ ਨਹੀਂ ਹਨ।

ਕੁਝ ਹੱਥਲੇ "ਗੁਰਮੱਤ ਪਾਠ" ਸੰਬੰਧੀ? -ਉਂਜ ਇਹ ਵਿਸ਼ਾ ਵੱਖਰਾ ਅਤੇ ਬਿਲਕੁਲ ਭਿੰਨ ਹੈ। ਦਰਅਸਲ ਹੱਥਲੇ ਗੁਰਮੱਤ ਪਾਠ ਦਾ ਮਕਸਦ ਕੇਵਲ ਤੇ ਕੇਵਲ ਗੁਰਬਾਣੀ ਆਧਾਰਤ "ਗੁਰੂ-ਪਦ" ਨੂੰ ਸਮਝਣਾ ਤੇ ਉਸਦੀ ਵਿਆਖਿਆ ਹੈ। ਉਹ "ਗੁਰੂ" ਜਿਹੜਾ ਅਕਾਲਪੁਰਖ ਦਾ ਮਿਲਾਵਾ ਅਤੇ ਜਿਸਨੂੰ ਗੁਰਬਾਣੀ ਨੇ ਸਮੂਚੇ ਮਨੁੱਖ ਮਾਤ੍ਰ ਦਾ "ਇਕੋ ਇਕ" "ਗੁਰੂ" ਐਲਾਣਿਆ ਹੋਇਆ ਹੈ। ਇਸ ਲਈ ਉਹ "ਗੁਰੂ" ਕੇਵਲ ਗੁਰਬਾਣੀ ਦੇ ਸਿੱਖ ਦਾ ਹੀ "ਗੁਰੂ" ਨਹੀਂ, ਮੂਲ ਰੂਪ `ਚ ਜਨਮ-ਮਰਨ ਤੋਂ ਰਹਿਤ, ਰੂਪ ਰੇਖ ਰੰਗ ਤੋਂ ਨਿਆਰਾ, ਸਦੀਵੀ ਅਤੇ ਸਾਰਿਆਂ `ਚ ਵੱਸ ਰਿਹਾ ਉਹ ਸਮੂਚੇ ਮਨੁੱਖ ਮਾਤ੍ਰ ਦਾ "ਇਕੋ-ਇਕ "ਗੁਰੂ" ਹੈ। ਗੁਰਬਾਣੀ `ਚ ਉਸ "ਗੁਰੂ" ਲਈ "ਸਤਿਗੁਰੂ", "ਸ਼ਬਦ-ਗੁਰੂ" "ਸ਼ਬਦ", "ਬਾਣੀ ਗੁਰੂ", "ਵਿਵੇਕ ਗੁਰੂ" ਆਦਿ ਸ਼ਬਦਾਵਲੀ ਵੀ ਆਈ ਹੈ।

"ਸਬਦੁ ਦੀਪਕੁ ਵਰਤੈ ਤਿਹੁ ਲੋਇ" - (ਪੰ: ੬੬੪) ਗੁਰਦੇਵ ਨੇ ਗੁਰਬਾਣੀ ਰਾਹੀਂ ਮਨੁੱਖ ਨੂੰ ਜਿਸ ‘ਗੁਰੂ’ ਦੇ ਲੜ ਲਾਇਆ ਅਤੇ ਜਿਸ "ਗੁਰੂ" ਨਾਲ ਜੋੜ ਕੇ, ਮਨੁੱਖ ਨੂੰ ਜੀਂਦੇ ਜੀਅ ਅਕਾਲਪੁਰਖ `ਚ ਲੀਨ ਅਤੇ ਅਭੇਦ ਹੋਣ ਲਈ ਕਿਹਾ ਹੈ ਉਹ "ਗੁਰੂ" ਮਨੁੱਖਾ ਸਰੀਰ ਨਹੀਂ। ਉਸ ਗੁਰੂ ਅਥਵਾ "ਸਤਿਗੁਰੂ" ਦੇ ਅਰਥ ਹੀ "ਸਦਾ ਥਿਰ ਗੁਰੂ" ਹਨ। ਉਹ "ਗੁਰੂ" ਜਨਮ-ਮਰਣ `ਚ ਨਹੀਂ ਆਉਂਦਾ। ਇਸ ਲਈ ਉਸ "ਸਦਾ ਥਿਰ ਗੁਰੂ" ਬਾਰੇ ਹੀ ਗੁਰਦੇਵ ਨੇ ਫ਼ੁਰਮਾਇਆ ਹੈ:-

"ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੭੫੯)

"ਤਿਹੁ ਲੋਕਾ ਮਹਿ ਸਬਦੁ ਰਵਿਆ ਹੈ, ਆਪੁ ਗਇਆ, ਮਨੁ ਮਾਨਿਆ" (ਪੰ: ੩੫੧)।

ਉਂਜ ਉਸ ਇਲਾਹੀ, ਸਰਵ-ਵਿਆਪੀ ਅਤੇ ਸਦੀਵੀ ਰੱਬੀ ਗਿਆਨ, "ਸ਼ਬਦ-ਗੁਰੂ" ਨੂੰ ਅੱਖਰਾਂ ਦੀ ਵੀ ਲੋੜ ਨਹੀਂ। ਤਾਂ ਵੀ "ਪ੍ਰਭੂ ਅਕਾਲਪੁਰਖ" ਅਤੇ ਸਮੂਚੇ ਮਨੁੱਖ ਮਾਤ੍ਰ ਦੇ ਇਕੋ ਇੱਕ "ਇਲਾਹੀ ਤੇ ਰੱਬੀ ਗੁਰੂ" ਨੂੰ ਪਛਾਨਣ ਅਤੇ ਉਸ ਦੇ ਮਿਲਾਪ ਲਈ, ਹਰੇਕ ਮਨੁੱਖ ਨੂੰ ਅੱਖਰਾਂ ਦੀ ਲੋੜ ਹੈ। ਕਾਰਣ ਅੱਖਰਾ ਤੋਂ ਬਿਨਾ, ਜੀਵਨ ਦੇ ਹਰੇਕ ਖੇਤ੍ਰ `ਚ ਮਨੁੱਖ ਅਧੂਰਾ ਤੇ ਨਾ-ਸਮਝ ਹੈ; ਫ਼ੁਰਮਾਨ ਹੈ:-

"…ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ…" (ਬਾਣੀ ਜਪੁ)

ਇਹੀ ਕਾਰਣ ਹੈ ਮਨੁੱਖ ਮਾਤ੍ਰ ਦੀ "…ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ…" ਵਾਲੀ ਮੂਲ ਲੋੜ ਨੂੰ ਪੂਰਾ ਕਰਣ ਲਈ ਹੀ ‘ਸ਼ਬਦਾ ਅਵਤਾਰ’ ਗੁਰੂ ਨਾਨਕ ਪਾਤਸ਼ਾਹ ਨੇ ਆਪ ਦਸ ਜਾਮੇ ਧਾਰਣ ਕਰਕੇ ਉਸ ਇਲਾਹੀ ਗਿਆਨ, ‘ਸ਼ਬਦ ਗੁਰੂ’ ਨੂੰ "ਅੱਖਰ ਰੂਪ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ "ਸਦੀਵ ਕਾਲ ਲਈ" ਪ੍ਰਗਟ ਵੀ ਆਪ ਕੀਤਾ।

ਪਾਤਸ਼ਾਹ ਨੇ ਸੰਨ ੧੪੬੯ `ਚ ਆਪਣੇ ਕਰ ਕਮਲਾਂ ਨਾਲ ਗੁਰਬਾਣੀ ਰਚਨਾ ਅਤੇ ਗੁਰਬਾਣੀ ਦੀ ਸੰਭਾਲ ਵਾਲੇ ਕਾਰਜ ਦਾ ਅਰੰਭ ਆਪ ਕੀਤਾ ਸੀ। ਉਪ੍ਰੰਤ ਛੇ ਅਕਤੂਬਰ ਸੰਨ ੧੭੦੮ ਨੂੰ ਆਪਣੇ ਹੀ ਦਸਵੇਂ ਜਾਮੇ `ਚ ਉਸ ਕਾਰਰਜ ਨੂੰ ਸੰਪੂਰਣਤਾ ਵੀ ਆਪ ਬਖਸ਼ੀ। ਤਾਂ ਤੇ ਕੁੱਝ ਗੁਰਬਾਣੀ ਫ਼ੁਰਮਾਨ:-

"ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ" (ਪੰ: ੬੭) ਅਥਵਾ

"ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ" (ਪੰ: ੬੨੮) ਹੋਰ

"ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ" (ਪੰ: ੭੬੩) ਅਤੇ

"ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ" (ਪੰ: ੭੨੨)

"ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥ ਜਲਨਿ ਬੁਝੀ ਸੀਤਲੁ ਹੋਇ ਮਨੂਆ, ਸਤਿਗੁਰ ਕਾ ਦਰਸਨੁ ਪਾਏ ਜੀਉ" (ਪੰ: ੧੦੩) ਆਦਿ

"ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ" (ਪੰ: ੫੧੫)

ਇਸ ਲਈ "ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ" (ਪੰ: ੬੪) ਅਨੁਸਾਰ ਦੌਰਾਅ ਦੇਵੀਏ ਕਿ ਮਨੁੱਖਾ ਜਨਮ ਦੀ ਸਫ਼ਲਤਾ ਅਤੇ ਸੰਭਾਲ ਇਸ "ਧੁਰ ਦਰਗਾਹੀ" "ਅੱਖਰ ਰੂਪ ਗੁਰਬਾਣੀ" ਤੋਂ ਬਿਨਾ ਸੰਭਵ ਹੀ ਨਹੀਂ। ਜਦਕਿ ਗੁਰਬਾਣੀ ਪਿਆਰੇ, ਇਸ ਰੱਬੀ ਸੱਚ ਦਾ ਅੰਦਾਜ਼ਾ ਗੁਰਬਾਣੀ ਦੇ ਸਮੁੰਦ੍ਰ `ਚ ਖ਼ੁੱਦ ਚੁੱਭੀ ਲਗਾ ਕੇ, ਆਪ ਵੀ ਕਰ ਸਕਦੇ ਹਨ।

ਇਸ ਦੇ ਨਾਲ-ਨਾਲ ਕਮਾਲ ਇਹ ਵੀ ਹੈ ਕਿ ਪਹਿਲਾਂ ਦਸ ਗੁਰੂ ਹੱਸਤੀਆਂ ਨੇ ਮਨੁੱਖੀ ਸਰੀਰਾਂ ਰਾਹੀਂ ਆਪ ਗੁਰਬਾਣੀ ਰਚਨਾ ਵਾਲੇ ਇਸ "ਧੁਰ ਦਰਗਾਹੀ ਪ੍ਰੋਗ੍ਰਾਮ" ਨੂੰ ਸਿਰੇ ਚਾੜ੍ਹਿਆ। ਫ਼ਿਰ ਜਦੋਂ ਅੱਖਰ ਰੂਪ `ਚ, ਗੁਰਬਾਣੀ ਦੀ ਰਚਨਾ ਵਾਲਾ "ਰੱਬੀ ਖਜ਼ਾਨਾ" ਸੰਪੂਰਣ ਹੋ ਗਿਆ ਤਾਂ ਗੁਰਦੇਵ ਨੇ ਆਪਣੇ ਪਹਲੇ ਜਾਮੇਂ ਸਮੇਂ ਅਰੰਭ ਕੀਤੀ "ਧੁਰ ਦਰਗਾਹੀ ਸਰੀਰਕ ਪ੍ਰਥਾ" ਨੂੰ ਵੀ ਅਚਾਣਕ ਖ਼ਤਮ ਕਰਣ `ਚ ਵੀ ਢਿੱਲ ਨਹੀਂ ਕੀਤੀ ਅਤੇ ਅਚਣਚੇਤ, ਉਸ ਨੂੰ ਵੀ ਸਮਾਪਤ ਆਪ ਕਰ ਦਿੱਤਾ।

ਫ਼ਿਰ ਇਤਨਾ ਹੀ ਨਹੀਂ, ਗੁਰਦੇਵ ਨੇ ਆਪਣੇ ਪਹਿਲੇ ਜਾਮੇ ਤੋਂ ਚਲਦੀ ਆ ਰਹੀ ਉਸ ਸਰੀਰਕ ਪ੍ਰਥਾ ਨੂੰ ਅਚਾਣਕ ਸਮਾਪਤ ਹੀ ਨਹੀਂ ਕੀਤਾ। ਗੁਰਦੇਵ ਨੇ ਬਦਲੇ `ਚ "ਜੁਗੋ-ਜੁਗ ਅਟੱਲ" "ਅੱਖਰ ਰੂਪ" "ਸ਼ਬਦ ਗੁਰੂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ, ਸਦੀਵ ਕਾਲ ਲਈ ਪ੍ਰਗਟ ਅਤੇ ਸਥਾਪਤ ਵੀ ਆਪ ਕੀਤਾ ਅਤੇ ਉਹ ਵੀ ਅਚਣਚੇਤ ਹੀ।

ਇਸ ਤੋਂ ਆਪ ਮੁਹਾਰੇ ਇਹ ਵੀ ਸਾਬਤ ਹੋ ਜਾਂਦਾ ਹੈ ਕਿ "ਗੁਰੂ ਨਾਨਕ ਪਾਤਸ਼ਾਹ" ਰਾਹੀਂ ਅਰੰਭ ਹੋਇਆ ਇਹ ਸਮੂਚਾ ਕਾਰਜ ਸਾਧਾਰਨ ਨਹੀਂ ਸੀ। ਬਲਕਿ ਆਪਣੇ ਆਪ `ਚ ਇਹ ਕਾਰਜ ਵੀ ਨਿਰੋਲ "ਧੁਰ-ਦਰਗਾਹੀ ਪ੍ਰੋਗਰਾਮ" ਸੀ। ਇਹੀ ਕਾਰਣ ਹੈ ਕਿ ਇਨ੍ਹਾਂ ੨੩੦ ਸਾਲਾਂ ਦੇ ਲੰਮੇਂ ਸਮੇਂ ਦੌਰਾਨ ਵੱਡੀਆਂ ਤੋਂ ਵੱਡੀਆਂ ਸੰਸਾਰਕ, ਪ੍ਰਵਾਰਕ, ਰਾਜਸੀ ਆਦਿ ਰੁਕਾਵਟਾਂ ਵੀ ਰਸਤਾ ਨਾ ਰੋਕ ਸਕੀਆਂ

"ਸਬਦੁ ਗੁਰੂ ਸੁਰਤਿ ਧੁਨਿ ਚੇਲਾ. ."- ਭਾਰਤੀ ਸਭਿਅਤਾ `ਚ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ "ਗੁਰੂ ਅਤੇ ਚੇਲੇ" ਵਾਲੀ ਪ੍ਰੀਪਾਟੀ `ਤੇ ਆਧਾਰਤ ਹੀ, ਜਦੋਂ ਸਿਧਾਂ ਨੇ ਵੀ "ਗੁਰੂ ਨਾਨਕ ਪਾਤਸ਼ਾਹ" ਤੋਂ ਸੁਆਲ ਕੀਤਾ:-

"ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ" ਤਾਂ ਪਾਤਸ਼ਾਹ ਦਾ ਉਤਰ ਸੀ

"ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਬਾਣੀ ਸਿ: ਗੋ: ਪੰ: ੯੪੨)

ਭਾਵ "ਐ ਜੋਗੀਓ! ਮੈਂ ਉਸ ‘ਸ਼ਬਦ ਗਰੂ’ ਦਾ ਉਪਾਸ਼ਕ ਹਾਂ ਜੋ ਬ੍ਰਹਿਮੰਡ ਦੇ ਆਦਿ ਤੋਂ ਮੌਜੂਦ ਹੈ ਅਤੇ ਸ਼ਬਦ ਅਥਵਾ ਪ੍ਰਭੂ ਦੀ ਸਿਫ਼ਤ ਸਲਾਹ ਦੇ ਰੂਪ `ਚ ਮੇਰਾ "ਗੁਰੂ" ਹੈ

ਦੂਜਾ-ਜਿਸ ਸਰੀਰ ਨੂੰ ਮੁੱਖ ਰਖ ਕੇ ਤੁਸੀਂ ਮੈਨੂੰ ਅਜਿਹੇ ਸੁਆਲ ਕਰ ਰਹੇ ਹੋ; ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੋਈ ਵੀ ਮਨੁੱਖਾ ਸਰੀਰ, "ਗੁਰੂ" ਤਾਂ ਕੀ, ਉਹ ਤਾਂ "ਚੇਲਾ" ਵੀ ਨਹੀਂ ਹੋ ਸਕਦਾ।

ਕਿਉਂਕਿ ਚੇਲਾ ਹੋਣ ਲਈ ਵੀ ‘ਸ਼ਬਦ ਗੁਰੂ’ `ਚ ਮਨੁੱਖੀ "ਸੁਰਤ" ਦੇ ਟਿਕਾਅ ਅਤੇ ਦੋਨਾਂ ਦੇ ਆਪਸੀ ਮਿਲਾਪ ਦੀ ਲੋੜ ਹੁੰਦੀ ਹੈ। ਇਸ ਦੇ ਉਲਟ, ਜੇਕਰ ‘ਸ਼ਬਦ ਗੁਰੂ" ਅਤੇ "ਮਨੁੱਖੀ ਸੁਰਤ’ ਦਾ ਹੀ ਆਪਸੀ ਮਿਲਾਪ ਨਹੀਂ, ਤਾਂ ਵੀ ਉਸ ਇਲਾਹੀ "ਗੁਰੂ" ਅਤੇ "ਚੇਲੇ" ਵਾਲੀ ਗੱਲ ਨਹੀਂ ਬਣੇਗੀ।

"ਬਿਨੁ ਗੁਰ, ਨਾਮੁ ਨ ਪਾਇਆ ਜਾਇ. ." - ਸਮਝਣਾ ਹੈ ਕਿ ਗੁਰਬਾਣੀ ਅਨੁਸਾਰ "ਗੁਰੂ" ਵੀ "ਰੂਪ, ਰੇਖ ਰੰਗ" ਤੋਂ ਨਿਆਰਾ ਉਹ "ਸ਼ਬਦ" ਹੈ ਜਿਹੜਾ "ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ" (ਪੰ: ੪੪੨) ਅਕਾਲਪੁਰਖ ਤੋਂ ਭਿੰਨ ਨਹੀਂ ਬਲਕਿ ਉਸੇ ਦਾ ਇੱਕ ਨਿਵੇਕਲਾ ਅਤੇ ਨਿਜ ਗੁਣ ਹੈ। ਉਸਦਾ ਸੰਬੰਧ ਮਨੁੱਖਾ ਜਨਮ ਸੀ "ਸਫ਼ਲਤਾ ਅਥਵਾ ਅਸਫ਼ਲਤਾ" ਨਾਲ ਹੈ।

ਦਰਅਸਲ ‘ਗੁਰੂ ਕੀਆਂ ਸੰਗਤਾਂ’ ਵਿਚਾਲੇ ਗੁਰਬਾਣੀ ਆਧਾਰਤ "ਗੁਰੂ ਪਦ" ਬਾਰੇ ਅਗਿਆਨਤਾ ਦਾ ਸ਼ਿਖਰ ਤੇ ਬੋਲ-ਬਾਲਾ ਹੀ ਹੈ ਜਿਸ ਤੋਂ ਅੱਜ ਸਾਰੇ ਪਾਸੇ ਭੰਨਿਆਰੇ, ਆਸ਼ੂਤੋਸ਼, ਸੌਦਾ ਸਾਧ, ਨਿਰੰਕਾਰੀਏ, ਰਾਧਾਸੁਆਮੀਏ, ਨਾਮਧਾਰੀਏ ਉਪ੍ਰੰਤ ਬੇਅੰਤ ਸੰਤ ਬਾਬਿਆਂ ਤੇ ਡੰਮੀ-ਪਖੰਡੀ ਬਲਕਿ ਬਰਸਾਤੀ ਗੁਰੂਆਂ ਦੀਆਂ ਡਾਰਾਂ ਲੱਗੀਆਂ ਪਈਆਂ ਹਨ। ਫ਼ਿਰ ਮੌਜੂਦਾ ਵੋਟਾਂ ਦੀ ਦੌੜ ਤੇ ਗੰਦੀ ਰਾਜਨੀਤੀ, ਇਸ ਦਲਦਲ ਨੂੰ ਹੋਰ ਹਵਾ ਦੇ ਰਹੀ ਹੈ। ਉਸੇ ਦਾ ਨਤੀਜਾ ਹੈ ਕਿ ਸਿੱਖ ਧਰਮ ਦੀ ਜਨਮ-ਭੂਮੀ ਪੰਜਾਬ ਵੀ ਦਿਨੋ-ਦਿਨ "ਗੁਰ੍ਰੂ ਦੀ ਆਲਮਗੀਰੀ ਸਿੱਖੀ" ਤੋਂ ਵੀ ਖਾਲੀ ਹੋ ਰਿਹਾ ਹੈ। ਕਿਉਂਕਿ:-

"ਗੁਰੂ ਜਿਨਾ ਕਾ ਅੰਧੁਲਾ, ਚੇਲੇ ਨਾਹੀ ਠਾਉ॥ ਬਿਨੁ ਸਤਿਗੁਰ ਨਾਉ ਨ ਪਾਈਐ, ਬਿਨੁ ਨਾਵੈ ਕਿਆ ਸੁਆਉ॥ ਆਇ ਗਇਆ ਪਛੁਤਾਵਣਾ, ਜਿਉ ਸੁੰਞੈ ਘਰਿ ਕਾਉ" (ਪੰ: ੫੮) ਵਰਣਾ

"ਬਿਨੁ ਗੁਰ, ਪ੍ਰੀਤਿ ਨ ਉਪਜੈ ਹਉਮੈ, ਮੈਲੁ ਨ ਜਾਇ॥ ਸੋਹੰ ਆਪੁ ਪਛਾਣੀਐ, ਸਬਦਿ ਭੇਦਿ ਪਤੀਆਇ॥ ਗੁਰਮੁਖਿ ਆਪੁ ਪਛਾਣੀਐ, ਅਵਰ ਕਿ ਕਰੇ ਕਰਾਇ" (ਪੰ: ੬੦)

"ਬਿਨੁ ਗੁਰ, ਨਾਮੁ ਨ ਪਾਇਆ ਜਾਇ॥ ਸਿਧ ਸਾਧਿਕ ਰਹੇ ਬਿਲਲਾਇ॥ ਬਿਨੁ ਗੁਰ ਸੇਵੇ ਸੁਖੁ ਨਾ ਹੋਵੀ, ਪੂਰੈ ਭਾਗਿ ਗੁਰੁ ਪਾਵਣਿਆ" (ਪੰ: ੧੧੪)

"ਜਾ ਭਜੈ ਤਾ ਠੀਕਰੁ ਹੋਵੈ, ਘਾੜਤ ਘੜੀ ਨ ਜਾਇ॥ ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ" (ਪੰ: ੧੩੮) ਆਦਿ

ਬਦਲੇ `ਚ ਲੋੜ ਹੈ ਕਿ ਜਿਸ ‘ਗੁਰੂ’, ‘ਸਤਿਗੁਰੂ’, ਸ਼ਬਦ’, ‘ਸ਼ਬਦ ਗੁਰੂ’ ਦੇ ਲੜ ਲਗਣ ਲਈ ਗੁਰਬਾਣੀ `ਚ "ਗੁਰੂ ਕੇ ਸਿੱਖ" ਬਲਕਿ ਸਮੂਚੀ ਮਾਨਵਤਾ ਨੂੰ ਤਾਕੀਦ ਕੀਤੀ ਹੋਈ ਹੈ, ਉਸ ਦੀ ਪਛਾਣ ਦੁਨੀਆਂ ਦੇ ਪਿਛੇ ਲਗ ਕੇ ਨਹੀਂ, ਕੇਵਲ ਅਤੇ ਕੇਵਲ "ਗੁਰਬਾਣੀ ਦੇ ਖਜ਼ਾਨੇ" "ਜੁਗੋ-ਜੁਗ ਅਟੱਲ" "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ ਨਾਲ ਜੁੜ ਕੇ ਕੀਤੀ ਜਾਵੇ। ਤਾਂ ਹੀ ਗੱਲ ਸਮਝ `ਚ ਆਵੇਗੀ ਕਿ ਇੱਥੇ ਗੁਰਬਾਣੀ `ਚ "ਸਰੀਰ ਗੁਰੂ" ਦਾ ਵਿਸ਼ਾ ਮੂਲੋਂ ਹੀ ਨਦਾਰਦ ਹੈ।

ਧੁਰ ਦਰਗਾਹੋਂ ਗੁਰੂ- ਇਸ `ਚ ਰਤੀ ਭਰ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ "ਧੁਰ ਦਰਗਾਹੋਂ" ਗੁਰੂ ਸਨ। ਇਹੀ ਕਾਰਣ ਸੀ ਕਿ ਉਨ੍ਹਾਂ ਨੂੰ, ਸੰਸਾਰ ਤਲ `ਤੇ ਕਿਸੇ ਨੂੰ ਵੀ ਗੁਰੂ ਧਾਰਨ ਕਰਣ ਦੀ ਲੋੜ ਨਹੀਂ ਸੀ। ਗੁਰਬਾਣੀ `ਚ ਇਸ ਬਾਰੇ ਭੱਟ ਕੀਰਤ ਜੀ ਫ਼ੁਰਮਾਉਂਦੇ ਹਨ "ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯੳ॥" (ਪ: ੧੩੯੫)। ਇਸ ਸੰਬੰਧ `ਚ ਇਹ ਵੀ ਦੋਰਾਅ ਦੇਵੀਏ ਕਿ ਗੁਰੂ ਨਾਨਕ ਪਾਤਸ਼ਾਹ ਸਿੱਧੇ ਅਕਾਲਪੁਰਖ ਦੀ ਹੀ ‘ਕਲਾ’, ‘ਇਲਾਹੀ ਸ਼ਬਦ’, ‘ਆਤਮਕ ਗਿਆਨ’ ਅਤੇ ਸਰਬਕਾਲੀ, ਸਰਬ ਵਿਆਪੀ ‘ਸ਼ਬਦ ਗੁਰੂ’ ਦਾ ਹੀ ਸਰੀਰਕ ਪ੍ਰਗਟਾਵਾ ਸਨ।

ਇਹੀ ਕਾਰਣ ਹੈ ਕਿ ਆਪ ਨੇ ਜਾਂ ਆਪ ਵਲੋਂ ਸਥਾਪਤ ਗੁਰੂ ਵਿਅਕਤੀਆਂ ਨੇ ਜਿਸ ਦੇ ਸਿਰ `ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰਖਿਆ ਤਾਂ ਉਹ ਵੀ ਗੁਰੂ ਨਾਨਕ ਹੀ ਹੋ ਨਿਬੜਿਆ। ਇਸ ਦੇ ਨਾਲ-ਨਾਲ ਇਹ ਵੀ ਰੱਬੀ ਸੱਚ ਹੈ ਕਿ ਆਪ ਰਾਹੀਂ ਖ਼ੁਦ ਰਚੀ ਜਾਂ ਪ੍ਰਵਾਣ ਕੀਤੀ ਬਾਣੀ, "ਜੁਗੋ ਜੁਗ ਅਟੱਲ਼" ਹੈ ਅਤੇ ਅੱਜ ਸਦੀਆਂ ਬਾਅਦ ਵੀ "ਸੱਚੀ ਬਾਣੀ" ਸਾਬਤ ਹੋ ਰਹੀ ਹੈ। ਜਿਉਂ ਜਿਉਂ ਕਿਸੇ ਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ, ਉਸ ਲਈ ਇਹ ਸੱਚ ਵੀ ਆਪਣੇ ਆਪ ਨਿੱਖਰਦਾ ਜਾਂਦਾ ਹੈ।

ਇਸੇ ਇਲਾਹੀ ਸੱਚ ਨੂੰ ਗੁਰੂ ਨਾਨਕ ਸਾਹਿਬ ਨੇ ਆਪ, ਆਪਣੀ ਬਾਣੀ `ਚ ਵੀ ਅਨੇਕਾਂ ਵਾਰ ਪ੍ਰਗਟ ਕੀਤਾ ਹੈ ਜਿਵੇਂ "ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯) ਜਦਕਿ ਇਸ ਸੰਬੰਧ `ਚ ਹੀ "ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੩) ਦੇ ਅਰਥ ਵੀ ਅਸੀਂ ੇਖ ਤੇ ਸਮਝ ਚੁੱਕੇ ਹਾਂ। ਫ਼ਿਰ ਸੰਪੂਰਣ ਗੁਰਬਾਣੀ ਦੀ ਰਚਨਾ ਬਾਰੇ ਵੀ ਗੁਰਦੇਵ ਸਪਸ਼ਟ ਫ਼ੁਰਮਾਉਂਦੇ ਹਨ "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ" (ਪੰ: ੭੨੨) ਆਦਿ ਦੀ ਇਸੇ ਪ੍ਰੌੜਤਾ `ਚ ਅਨੇਕਾਂ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਫ਼ਿਰ ਇਤਨਾ ਹੀ ਨਹੀਂ "ੴ "ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਨ ਗੁਰਬਾਣੀ `ਚ, ਪੈਂਤੀ ਲਿਖਾਰੀ ਹੋਣ ਦੇ ਬਾਵਜੂਦ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਵਾਲਾ ਸਿਧਾਂਤ ਵੀ ਕੰਮ ਕਰ ਰਿਹਾ ਹੈ। ਜਦਕਿ ਇਹ ਵੀ ਆਪਣੇ ਆਪ `ਚ ਹੈਰਾਣਕੁਣ ਵਿਸ਼ਾ ਹੈ ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਇਲਾਵਾ ਸ਼ੰਸਾਰ ਭਰ ਦੀ ਕਿਸੇ ਵੀ ਹੋਰ ਲਿਖਤ `ਤੇ ਇਹ ਸਿਧਾਂਤ ਲਾਗੂ ਨਹੀਂ ਹੁੰਦਾ। ਗਹਿਰਾਈ `ਚ ਜਾਵੋ ਤਾਂ ਇਸ ਕਰਣੀ `ਚੌ ਵੀ ਆਪ ਮੁਹਾਰੇ ਕਰਤੇ ਅਕਾਲਪੁਰਖ ਦੀ ਜ਼ਾਹਿਰਾ ਕਲਾ ਹੀ ਪ੍ਰਗਟ ਹੋ ਰਹੀ ਹੈ।

"ਜੋਤਿ ਰੂਪਿ ਹਰਿ ਆਪਿ" -ਸੰਭਵ ਹੈ ਕੁੱਝ ਸੱਜਣ ਇਸ ਸ਼ਬਦਾਵਲੀ `ਤੇ ਵੀ ਉਟੰਕਣ ਕਰਣ, ਕਿ ਜਦੋਂ ਗੁਰਬਾਣੀ ਅਨੁਸਾਰ "ਸਰੀਰ ਗੁਰੂ" ਹੈ ਹੀ ਨਹੀਂ ਤਾਂ "ਦਸ ਗੁਰੂ ਪਾਤਸ਼ਾਹੀਆਂ" ਬਾਰੇ ਕੀ ਕਿਹਾ ਜਾਵੇ? ਬੇਸ਼ਕ ਇਸ ਵਿਸ਼ੇ ਨੂੰ ਅਸੀਂ ਬਾਣੀ ‘ਸਿਧ ਗੋਸ਼ਟਿ’ ਚੋਂ ਵੀ ਦੇਖ ਚੁੱਕੇ ਹਾਂ ਅਤੇ ਇੱਕ ਹੋਰ ਗੁਰਬਾਣੀ ਪ੍ਰਮਾਣ "ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯) ਰਾਹੀਂ ਵੀ। ਇਹੀ ਨਹੀਂ ਬਲਕਿ ਇਸ ਪੱਖੋਂ ਜਿਉਂ ਜਿਉਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਇਸ ਵਿਸ਼ੇ ਸੰਬੰਧੀ ਸੋਝੀ ਲੈਂਦੇ ਜਾਵਾਂਗੇ, ਇਸ ਬਾਰੇ ਸਮੂਚੀ ਅਸਲੀਅਤ, ਆਪਣੇ ਆਪ ਉਘੜਦੀ ਆਵੇਗੀ। ਤਾਂ ਵੀ:-

(੧) ਸਮੂਚੇ ਮਨੁੱਖ ਮਾਤ੍ਰ ਦੀ ਸੰਭਾਲ ਅਤੇ ਉਧਾਰ ਲਈ ਗੁਰੂ ਨਾਨਕ ਪਾਤਸ਼ਾਹ, ਧੁਰੌ ਵਰੋਸਾਏ ਮਨੁੱਖ ਰੂਪ `ਚ ਸ਼ਬਦਾ-ਅਵਤਾਰ" ਹੀ ਸਨ। ਤਾਂ ਵੀ ਜਦੋਂ ਇਸ ਵਿਸ਼ੇ ਨੂੰ ਗੁਰਬਾਣੀ `ਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਵੀ ਪ੍ਰਤੱਖ ਅਤੇ ਸਪਸ਼ਟ ਹੋ ਜਾਵੇਗਾ ਕਿ -

"ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ" (ਪੰ: ੧੪੦੮)

ਭਾਵ "ਗੁਰੂ ਨਾਨਕ ਪਾਤਸ਼ਾਹ" ਸਿੱਧੇ ਅਕਾਲਪੁਰਖ ਦੇ ਸਦੀਵੀ, ਸਰਬਕਾਲੀ, ਸਰਬ ਵਿਆਪੀ, ਗੁਰੂ’ ‘ਸ਼ਬਦ ਗੁਰੂ, ਸਤਿਗੁਰੂ ਦਾ ਹੀ ਪ੍ਰਗਟਾਵਾ ਅਤੇ ਜਮਾਂਦਰੂ ਗੁਰੂ ਸਨ

(੨) ਇਸ ਦੇ ਨਾਲ-ਨਾਲ ਹੈਰਾਣਕੁਣ ਸਚਾਈ ਇਹ ਵੀ ਹੈ ਕਿ ਸੰਸਾਰ ਪੱਧਰ ਤੇ ਜਿੰਨੇ ਵੀ ਰਾਜੇ, ਮਹਾਰਾਜੇ, ਬਾਦਸ਼ਾਹ, ਗੱਦੀਦਾਰ ਪੈਦਾ ਹੋਏ, ਕਦੇ ਨਹੀਂ ਹੋਇਆ ਜੋ ਇੱਕ ਦੀ ਲਿਆਕਤ, ਕਾਰਜ ਢੰਗ ਅਤੇ ਸੋਚਣੀ ਸਭਕੁਝ ਆਪਣੇ ਤੋਂ ਪਹਿਲੇ ਜਾਂ ਬਾਅਦ `ਚ ਆਉਣ ਵਾਲੇ ਵਿਅਕਤੀ ਨਾਲ ਇਕੋ ਹੋਵੇ। ਇਸੇ ਤਰ੍ਹਾਂ ਜਿੱਥੇ ਕਿਸੇ ਇੱਕ ਨੇ ਕਿਸੇ ਕੰਮ ਨੂੰ ਜਿੱਥੇ ਛੱਡਿਆ, ਆਉਣ ਵਾਲੇ ਨੇ ਉਸੇ ਕਾਰਜ ਨੂੰ ਹੀ ਅਗੇ ਟੋਰਿਆ ਹੋਵੇ। ਜਦਕਿ ਇਹ ਵਿਲੱਖਣਤਾ ਵੀ ਕੇਵਲ ਤੇ ਕੇਵਲ ਗੁਰੂ ਨਾਨਕ ਦਰ `ਤੇ ਅਤੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ `ਚੋਂ ਹੀ ਮਿਲੇਗੀ। ਲੋੜ ਹੈ ਤਾਂ ਇਸ ਰੱਬੀ ਸਚਾਈ ਨੂੰ "ਦਸ ਗੁਰੂ ਪਾਤਸ਼ਾਹੀਆਂ" ਦੇ ਜੀਵਨ `ਚੋਂ ਪਹਿਚਾਨਣ ਦੀ, ਵਿਸ਼ਾ ਆਪਣੇ-ਆਪ ਖੁੱਲਦਾ ਜਾਵੇਗਾ।

(੩) ਬਿਨਾ ਸ਼ੱਕ ਗੁਰੂ ਨਾਨਕ ਸਾਹਿਬ, ਮੂਲ ਰੂਪ `ਚ "ਧੁਰ ਦਰਗਾਹੋਂ" ਹੀ ‘ਸ਼ਬਦਾ ਅਵਤਾਰ’ ਦਾ ਸਨ। ਉਸੇ ਕਾਰਣ ਉਨ੍ਹਾਂ ਨੇ ਜਿਸ `ਤੇ ਵੀ ਆਪਣਾ ਬਖਸ਼ਿਸ਼ ਭਰਿਆ ਹੱਥ ਰਖਿਆ, ਅਤੇ ਮਿਹਰ ਦੀ ਨਜ਼ਰ ਕੀਤੀ। ਫ਼ਿਰ ਭਾਵੇਂ ਉਸ ਦੀ ਸੰਸਾਰਕ ਉਮਰ ੭੨ ਸਾਲ ਸੀ ਜਾਂ ਸਵਾ ਪੰਜ ਸਾਲ। ਫ਼ਿਰ ਉਹ ਪਹਿਲਾਂ ਦੇਵੀ ਭਗਤ ਹੀ ਨਹੀਂ ਬਲਕਿ ਦੇਵੀ ਭਗਤਾਂ ਅਗੂ ਵੀ ਸੀ। ਇਸੇ ਤਰ੍ਹਾਂ ਫ਼ਿਰ ਭਾਵੇਂ ਕੋਈ ਲਗਾਤਾਰ ਪਿਛਲੇ ਉਨੀਂ ਸਾਲਾਂ ਤੋਂ ਨਿਯਮ ਨਾਲ ਗੰਗਾ ਇਸ਼ਨਾਨ ਲਈ ਹਰਦੁਆਰ ਜਾਣ ਵਾਲਾ ਅਤੇ ਸਨਾਤਨ ਮੱਤ ਦਾ ਕਟੱਰ ਅਨੁਯਾਯੀ ਤੇ ਕਰਮਕਾਂਡੀ ਵੀ ਸੀ; ਪਰ ਜ਼ਿਮੇਵਾਰੀ ਆਉਣ `ਤੇ ਹਰੇਕ ਇਨ-ਬਿਨ ਗੁਰੂ ਨਾਨਕ ਹੀ ਹੋ ਨਿਬੜਿਆ।

ਇਸ ਤਰ੍ਹਾਂ, ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ, ਬਾਕੀ ਨੌਂ ਦੇ ਨੌਂ ਗੁਰੂ ਜਾਮੇ ਇਸੇ ਰੱਬੀ ਅਤੇ ਇਲਾਹੀ ਸੱਚ ਦਾ ਹੀ ਸਬੂਤ ਅਤੇ ਪ੍ਰਗਟਾਵਾ ਹਨ। ਜਦਕਿ ਸਾਧਾਰਣ ਮਨੁੱਖਾਂ ਦੇ ਜੀਵਨ `ਤੇ ਇਹ ਵਿਸ਼ਾ ਲਾਗੂ ਹੀ ਨਹੀਂ ਹੋ ਸਕਦਾ।

ਇਹ ਵੀ ਆਪਣੇ-ਆਪ `ਚ ਇਲਾਹੀ ਸੱਚ ਹੈ ਕਿ ਦਸਾਂ `ਚੋਂ ਇੱਕ ਵੀ ਗੁਰ ਵਿਅਕਤੀ ਆਪਣੇ ਜਨਮ ਤੋਂ ਹੀ ਸਾਧਰਣ ਮਨੁੱਖ ਨਹੀਂ ਸੀ, ਬਲਕਿ ਧੁਰ-ਦਰਗਾਹੋਂ ਵਰੋਸਾਈਆਂ ਹੋਈਆਂ ਵਿਸ਼ੇਸ਼ ਰੂਹਾਂ ਅਤੇ ਮੂਲ ਰੂਪ `ਚ "ਸ਼ਬਦ-ਗੁਰੂ" ਦਾ ਹੀ ਪ੍ਰਕਾਸ਼ ਸਨ। ਫ਼ਿਰ ਜੇ ਲੋੜ ਅਤੇ ਉਡੀਕ ਹੁੰਦੀ ਸੀ ਤਾਂ ਉਨ੍ਹਾਂ ਲਈ ਕੇਵਲ ਯੋਗ ਸਮੇਂ ਦੇ ਆਉਣ ਦੀ। ਜਦਕਿ ਸਮੇਂ ਸਮੇਂ ਇਹੀ, ਹੁੰਦਾ ਵੀ ਰਿਹਾ।

(੪) ਕਮਾਲ ਇਹ ਵੀ ਹੈ, ਜਿਹੜਾ ਇਲਾਹੀ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਉਲੀਕਿਆ ਅਤੇ ਅਰੰਭਿਆ ਸੀ ਆਪਣੇ ਹੀ ਦੱਸਵੇਂ ਜਾਮੇ `ਚ ਪੁੱਜ ਕੇ ਉਨ੍ਹਾਂ ਨੇ ਉਸ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ਉਸ ਨੂੰ ਸੰਪੂਰਣਤਾ ਵੀ ਆਪ ਬਖਸ਼ੀ।

ਸੰਸਾਰਕ-ਪ੍ਰਵਾਰਕ-ਰਾਜਸੀ ਤਲ `ਤੇ ਵੱਡੇ ਤੋਂ ਵੱਡੇ ਉਤਾਰ ਚੜ੍ਹਾਵ ਤੇ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਵੀ ਨਿੱਤ ਆਈਆਂ, ਪਰ ਉਹ ਸਭ ਉਸ ਇਲਾਹੀ ਪ੍ਰੋਗਰਾਮ ਦਾ ਰਸਤਾ ਨਾ ਰੋਕ ਸਕੀਆਂ। ਦਸਵੇਂ ਜਾਮੇ ਸਮੇਂ ਪੂਰਾ ਪ੍ਰੋਗਰਾਮ ਨਿਰਵਿਘਣ ਨੇਪਰੇ ਚੜ੍ਹਿਆ ਤੇ ਸੰਪੂਰਣ ਵੀ ਹੋਇਆ। ਕਿਉਂਕਿ ਇਹ ਸਾਧਾਰਣ ਅਤੇ ਸੰਸਾਰਕ ਪ੍ਰੋਗਰਾਮ ਨਹੀਂ ਸੀ, ਬਲਕਿ ਇਹ ਇਲਾਹੀ ਪ੍ਰੋਗਰਾਮ ਸੀ

(੫) ਅਜਿਹੀ ਮਿਸਾਲ ਸੰਸਾਰ ਭਰ ਦੇ ਇਤਿਹਾਸ `ਚ ਨਹੀਂ ਮਿਲ ਸਕਦੀ; ਜਦੋਂ ਦਸੋਂ ਹੀ ਪਾਤਸ਼ਾਹੀਆਂ `ਚੋਂ ਗੁਰਦੇਵ ਨੇ ਆਪਣਾ ਸਰੀਰਕ ਚੋਲਾ ਭਾਵੇਂ ੯੬ ਸਾਲ ਦੀ ਸੰਸਾਰਕ ਆਯੂ `ਚ ਤਿਆਗਿਆ, ਭਾਵੇਂ ਸਵਾ ਅੱਠ ਸਾਲ ਦੀ ਆਂਯੂ, ਸੱਤਰ ਸਾਲ ਦੀ ਭਾਵੇਂ ਅਠਤਾਲੀ ਸਾਲ, ਭਾਵੇਂ ਪੰਜੀ ਸਾਲ ਦੀ ਆਯੂ ਜਾਂ ਜਿੱਤਨੀ ਵੀ ਪਰ:-

"ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ" (ਪੰ: ੯੬੬) ਇਸੇ ਤਰ੍ਹਾਂ

"ਰਾਮਦਾਸ ਸੋਢੀ ਤਿਲਕ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ. ." (ਪੰ: ੯੨੩)

ਅਨੁਸਾਰ ਹਰੇਕ ਵਾਰ ਉਸ ਦਾ ਐਲਾਨ ਅਤੇ ਸਪੁਰਦਗੀ ਵੀ ਸਮੇਂ ਸਿਰ ਅਤੇ ਸਮੇਂ ਨਾਲ ਪਹਿਲਾਂ ਹੀ ਕੀਤੀ ਅਤੇ ਉਹ ਵੀ ਆਪ ਹੀ।

(੬) ਇਸ ਤੋਂ ਵੱਡੀ ਹੱਦ ਤਾਂ ਉਦੌਂ ਹੋ ਗਈ ਜਦੋਂ ਗੁਰਦੇਵ ਨੇ ਦਸਵੇਂ ਜਾਮੇਂ ਸਮੇਂ ਗੁਰਗੱਦੀ ਸੌਪਣ ਵਾਲੀ ਉਹੀ ਜ਼ਿਮੇਵਾਰੀ "ਗੁਰਬਾਣੀ ਦੇ ਖਜ਼ਾਨੇ" "ਜੁਗੋ-ਜੁਗ ਅਟੱਲ" "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸੌਪੀ, ਪਰ ਉਹ ਵੀ: ਵੀ ਆਪਣੇ "ਜੋਤੀ ਜੋਤ ਸਮਾਉਣ" ਤੋਂ ਕੇਵਲ ਇੱਕ ਦਿਨ ਪਹਿਲਾਂ ਛੇ ਅਕਤੂਬਰ ਈ: ਸੰਨ ੧੭੦੮ ਨੂੰ। ਉਦੋਂ ਵੀ ਇੱਕ ਪਾਸੇ:-

(ੳ) ਗੁਰੂ ਨਾਨਕ ਪਾਤਸ਼ਾਹ ਤੋਂ ਚਲਦੀ ਆ ਰਹੀ ਗੁਰਗੱਦੀ ਦੀ "ਸਰੀਰ ਗੁਰੂ" ਵਾਲੀ ਪ੍ਰਥਾ ਦਸਵੇਂ ਜਾਮੇ `ਚ ਅਚਣਚੇਤ ਸਮਾਪਤ ਕੀਤੀ।

(ਅ) ਇਸ ਦੇ ਨਾਲ, ਉਹੀ ਗੁਰਗੱਦੀ ਵਾਲੀ ਜ਼ਿਮੇਵਾਰੀ "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ "ਸਦੀਵ ਕਾਲ ਲਈ" ਸੌਂਪ ਦਿੱਤੀ ਜਦਕਿ ਇਹ ਕਾਰਜ ਵੀ ਅਚਣਚੇਤ ਹੀ ਸੀ।

ਬਲਕਿ ਇਹ ਆਪਣੇ ਆਪ `ਚ "ਅੱਖਰ ਰੂਪ" "ਗੁਰਬਾਣੀ ਦੇ ਖਜ਼ਾਨੇ" ਦੀ ਸੰਪੂਰਣਤਾ ਦਾ ਐਲਾਨ ਵੀ ਸੀ। ਭਾਵ ਇਸ ਲੜੀ `ਚ ਗੁਰਦੇਵ ਦੇ ਇਹ ਤਿੰਨੇ ਕੱਦਮ ਇਤਿਹਾਸਕ ਵੀ ਸਨ ਅਤੇ ਅਚਣਚੇਤ ਵੀ ਸਨ।

ਇਸ ਤਰ੍ਹਾਂ ਆਪਣੇ ਆਪ `ਚ ਇਹ ਸਭ, ਇਸ ਗੱਲ ਦਾ ਸਬੂਤ ਸਨ ਕਿ ਇਹ ਸਮੂਚਾ ਕਾਰਜ ਭਾਵ ਦਸ ਜਾਮਿਆਂ ਤੀਕ ਸਰੀਰ ਗੁਰੂ ਵਾਲੀ ਪਰੀਪਟੀ ਰਾਹੀਂ "ਸ਼ਬਦ-ਗੁਰੂ" ਨੂੰ ਸਦੀਵ ਕਾਲ ਲਈ "ਅੱਖਰ ਰੂਪ ਗੁਰਬਾਣੀ" `ਚ ਪ੍ਰਗਟ ਕਰਣ ਵਾਲਾ ਵਿਸ਼ਾ, ਕਤੱਈ ਸੰਸਾਰਕ ਵਿਸ਼ਾ ਨਹੀਂ ਸੀ। ਇਹ ਨਿਰੋਲ "ਇਲਾਹੀ ਕੌਤਕ" ਸੀ ਜਿਹੜਾ ਸਮੇਂ ਸਮੇਂ ਨਾਲ ਉਜਾਗਰ ਵੀ ਆਪਣੇ ਆਪ ਹੋਇਆ, ਚਲਦਾ ਆਇਆ ਅਤੇ ਨੇਪਰੇ ਵੀ ਚੜ੍ਹਦਾ ਗਿਆ, ਅੰਤ ਸਮਾਪਤ ਵੀ ਉਸੇ ਤਰ੍ਹਾਂ ਅਚਾਣਕ ਹੀ ਹੋ ਗਿਆ।

(੭) ਇਸ ਲੜੀ `ਚ ਇੱਕ ਵਿਸ਼ਾ ਹੋਰ ਹਦੋਂ ਵੱਧ ਹੈਰਾਣਕੁਣ ਹੈ, ਉਹ ਵੀ ਗੁਰੂ ਨਾਨਕ ਦਰ ਦਾ। ਇੰਨੇ ਵੱਡੇ ਸੰਸਾਰ `ਚ ਵਿਚਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਵਿਸ਼ੇਸ਼ ੧੫ ਹੀ ਭਗਤਾਂ ਦੀਆਂ ਅਤੇ ਕੇਵਲ ਉਹੀ ਰਚਨਾਵਾਂ ਚੁੱਕੀਆਂ, ਜਿਹੜਆਂ ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਨਾਲ ਸੰਬੰਧਤ ਸਨ।

ਜਿਹੜੀਆਂ ਸਮਾਂ ਆਉਣ `ਤੇ ਅੱਗੇ ਤਿਆਰ ਹੋਣ ਵਾਲੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ ਭਰੇ ਭੰਡਾਰ" (ਪੰ: ੬੪੬) ਵਾਲੀ ਗੁਰਬਾਣੀ ਦੀ ਕਸਵੱਟੀ `ਤੇ ਪੂਰੀਆਂ ਵੀ ਉਤਰਣੀਆਂ ਸਨ, ਇਸ ਬਾਰੇ ਕੌਣ ਅੰਦਾਜ਼ਾ ਲਗਾ ਸਕਦਾ ਸੀ? ਸਿਵਾਏ. . ।

ਇਸ ਦੇ ਉਲਟ, ਜੇ ਗਿਣਤੀ ਹੀ ਬਨਾਉਣੀ ਹੁੰਦੀ ਤਾਂ ਨੇੜੇ-ਤੇੜੇ ਹੀ ਅਖਉਤੀ ਭਗਤਾਂ-ਮਹਾਪੁਰਖਾਂ ਦਾ ਵੀ ਘਾਟਾ ਨਹੀਂ ਸੀ। ਬਲਕਿ ਉਨ੍ਹਾਂ ਭਗਤਾਂ `ਚੋਂ ਵੀ ਨਾਮਦੇਵ, ਰਵਿਦਾਸ, ਕਬੀਰ ਸਾਹਿਬ ਆਦਿ ਕੱਚੇ ਜੀਵਨ ਨਾਲ ਸੰਬੰਧਤ ਹੋਰ ਵੀ ਬੇਅੰਤ ਰਚਨਾਵਾਂ ਮੌਜੂਦ ਸਨ ਜਿਹੜੀਆਂ ਗੁਰਬਾਣੀ ਦੀ ਕਸਵੱਟੀ `ਤੇ ਪੂਰੀਆਂ ਨਹੀ ਸਨ ਉਤਰਣੀਆਂ ਅਤੇ ਗੁਰਦੇਵ ਨੇ ੳਹਿ ਪ੍ਰਵਾਣ ਹੀ ਨਹੀਂ ਸਨ ਕੀਤੀਆਂ।

ਫ਼ਿਰ ਇਸ ਤੋਂ ਵੱਧ, ਜਿਨ੍ਹਾਂ ਭਗਤਾਂ ਦੀਆਂ ਰਚਨਾਵਾਂ ਗੁਰਦੇਵ ਨੇ ਪ੍ਰਵਾਣ ਕੀਤੀਆਂ ਉਨ੍ਹਾਂ ਦੀਆਂ ਜਾਤਾਂ, ਜਨਮ ਸਥਾਨ, ਪ੍ਰਾਂਤ ਅਤੇ ਜੰਮਾਂਦਰੂ ਧਰਮ ਵੀ ਇੱਕ ਨਹੀਂ ਬਲਕਿ ਭਿੰਨ-ਭਿੰਨ ਸਨ।

(੮) ਹੋਰ ਅਚੰਭੇ ਦੀ ਗੱਲ ਇਹ ਵੀ ਕਿ ਅਜੋਕੇ ਵਿਗਿਆਨ ਦੇ ਯੁਗ `ਚ, ਵੱਡੇ ਤੋਂ ਵੱਡੇ ਨਾਮਵਰ ਵਿਗਿਆਨੀ ਵੀ, ਅਨੇਕਾਂ ਘਾਲਣਾਵਾਂ ਘਾਲ ਕੇ ਜਿੱਥੇ ਅਤੇ ਜਿਸ ਸ਼ਿਖਰ `ਤੇ ਪੁੱਜਦੇ ਹਨ, ਗੁਰਬਾਣੀ-ਗੁਰੂ `ਚੋਂ ਉਸ ਤੋਂ ਵੀ ਬਹੁਤ ਅਗੇ ਦੀ ਸੂਚਨਾ ਮਿਲ ਜਾਂਦੀ ਹੈ। ਇਹ ਵੀ ਸਬੂਤ ਹੈ ਕਿ ਗੁਰਬਾਣੀ ਇਲਾਹੀ ਸੱਚ ਸਦਾ ਥਿਰ ਸਤਿਗੁਰੂ ਅਕਾਲਪੁਰਖ ਦੇ ਨਿਜ ਗੁਣ ਦਾ ਹੀ ਅੱਖਰ ਰੂਪ ਪ੍ਰਗਟਾਵਾ ਹੈ; ਗੁਰਬਾਣੀ ਮੂਲੋਂ ਹੀ ਸੰਸਾਰ ਤਲ ਦੀ ਰਚਨਾ ਨਹੀਂ।

(੯) ਵੱਡੀ ਸਿਦਕਦਿਲੀ ਨਾਲ ਪੜਚੋਲਣ ਅਤੇ ਘੋਖਣ ਦਾ ਵਿਸ਼ਾ ਹੈ ਕਿ ਗੁਰਬਾਣੀ `ਚ ਜਿੱਥੇ ਕਿੱਥੇ ਵੀ ਗੁਰੂ ਸਰੂਪਾਂ ਅਤੇ ਪਾਤਸ਼ਾਹੀਆਂ ਲਈ ‘ਸਰੀਰ ਗੁਰੂ’ ਦੀ ਗੱਲ ਆਈ ਹੈ, ਉਥੇ ਹੀ ਉਨ੍ਹਾਂ ਅੰਦਰ ਕਲਾ ਅਕਾਲਪੁਰਖ ਦੀ ਵਰਤਦੀ ਦਰਸਾਈ ਹੋਈ ਹੈ।

ਫ਼ਿਰ ਚਾਹੇ ਉਹ ਲਿਖਤਾਂ "ਭਟਾਂ ਦੇ ਸਵਈਆਂ" ਹਨ, "ਸਤਾ ਤੇ ਬਲਵੰਡ ਦੀ ਵਾਰ’ ਜਾਂ ਗੁਰੂ ਹਸਤੀਆਂ ਦੀਆਂ ਆਪਣੀਆਂ ਰਚਨਾਵਾਂ। (ਚਲਦਾ) #234P-1,-02.17-0217#-

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-I

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ-ਪਹਿਲਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.