ਹਰ ਸਾਲ ਫਰਵਰੀ ਮਹੀਨੇ ਵਿੱਚ ਸਿੱਖਾਂ ਵਲੋਂ ਗੁਰਦੁਆਰਿਆਂ ਵਿੱਚ
‘ਗੁਰਦੁਆਰਾ ਸੁਧਾਰ ਲਹਿਰ’ ਦੌਰਾਨ ਸਾਕਾ ਨਨਕਾਣਾ ਸਾਹਿਬ, ਜੈਤੋਂ ਦਾ ਮੋਰਚਾ, ਗੁਰੂ ਕਾ ਬਾਗ
ਦਾ ਮੋਰਚਾ, ਚਾਬੀਆਂ ਦਾ ਮੋਰਚਾ ਆਦਿ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਸਮਾਗਮ ਕੀਤੇ ਜਾਂਦੇ
ਹਨ। ਜਿਨ੍ਹਾਂ ਵਿੱਚ ਰਵਾਇਤੀ ਤੌਰ ਤੇ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ, ਰਾਗੀਆਂ, ਢਾਡੀਆਂ,
ਪ੍ਰਚਾਰਕਾਂ ਵਲੋਂ ਇਨ੍ਹਾਂ ਸਾਕਿਆਂ ਦਾ ਇਤਿਹਾਸ ਦੱਸਿਆ ਜਾਂਦਾ ਹੈ। ਭਾਵੇਂ ਕਿ ਜਿਨ੍ਹਾਂ
ਗੁਰਦੁਆਰਿਆਂ ਵਿੱਚ ਪਿਛਲੀ ਸਦੀ ਦੇ ਸੰਤਾਂ-ਮਹੰਤਾਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਖਿਲਾਫ ਪ੍ਰਚਾਰ
ਕੀਤਾ ਜਾਂਦਾ ਹੈ, ਉਨ੍ਹਾਂ ਹੀ ਗੁਰਦੁਆਰਿਆਂ ਵਿੱਚ ਨਵੇਂ ਭੇਸ ਤੇ ਨਵੇਂ ਅੰਦਾਜ ਵਿੱਚ ਬੈਠੇ
ਸੰਤਾਂ-ਮਹੰਤਾਂ ਤੇ ਪ੍ਰਬੰਧਕਾਂ ਬਾਰੇ ਕੁੱਝ ਨਹੀਂ ਬੋਲਿਆ ਜਾਂਦਾ। ਕੀ ਉਨ੍ਹਾਂ ਵਿਚੋਂ ਬਹੁਤਿਆਂ ਦਾ
ਕਿਰਦਾਰ ਵੀ ਨਰੈਣੂ ਮਹੰਤ ਵਾਲਾ ਨਹੀਂ ਹੈ? ਸਭ ਮਾਇਆ ਦੀ ਖੇਡ ਹੈ ਤੇ ਰੋਟੀਆਂ ਕਾਰਨ ਪੂਰੇ ਤਾਲ
ਵਾਲੀ ਗੱਲ ਸਾਡੇ ਪ੍ਰਚਾਰਕਾਂ ਦੀ ਹੈ। ਜੇ ਇਨ੍ਹਾਂ ਸ਼ਹੀਦੀ ਸਾਕਿਆਂ ਜਾਂ ‘ਗੁਰਦੁਆਰਾ ਸੁਧਾਰ ਲਹਿਰ’
ਦਾ ਪਿਛੋਕੜ ਦੇਖੀਏ ਤਾਂ ਦਸ ਗੁਰੂ ਸਾਹਿਬਾਨ ਦੇ ਜੀਵਨ ਕਾਲ ਤੋਂ ਬਾਅਦ ਸਿੱਖ ਤਕਰੀਬਨ 100 ਸਾਲ
ਮੁਗਲੀਆ ਹਕੂਮਤ ਖਿਲਾਫ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ ਤੇ ਅਖੀਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ
ਵਿੱਚ ਸਿੱਖ ਰਾਜ ਕਾਇਮ ਕੀਤਾ। ਭਾਵੇਂ ਕਿ ਉਹ ਸਿੱਖ ਰਾਜ ਸਿਰਫ ਇੱਕ ਪਰਿਵਾਰ ਦਾ ਰਾਜ ਬਣ ਕੇ 50 ਕੁ
ਸਾਲਾਂ ਵਿੱਚ ਹੀ ਖਤਮ ਹੋ ਗਿਆ ਸੀ। ਪਰ ਇਸ ਸਾਰੇ ਸਮੇਂ ਦੌਰਾਨ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਜਾਂ
ਧਾਰਮਿਕ ਕੰਮਕਾਜ ਨਿਰਮਲੇ ਸੰਤਾਂ ਤੇ ਉਦਾਸੀ ਮਹੰਤਾਂ ਵਲੋਂ ਨਿਭਾਇਆ ਜਾਂਦਾ ਰਿਹਾ। ਇਹ ਦੋਨੋਂ
ਸੰਪਰਦਾਵਾਂ ਸ਼ੁਰੂ ਤੋਂ ਸਿੱਖੀ ਦੇ ਮੁਢਲੇ ਅਸੂਲਾਂ ਤੋਂ ਦੂਰ ਰਹੀਆਂ ਕਿਉਂਕਿ ਨਿਰਮਲੇ ਸੰਤਾਂ ਦਾ
ਪਿਛੋਕੜ ਬਨਾਰਸ ਤੋਂ ਸੀ, ਜਿਸਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਸੇ
ਤਰ੍ਹਾਂ ਉਦਾਸੀ ਸੰਪਰਦਾ ਦਾ ਪਿਛੋਕੜ ਹਰਦਿੁਆਰ ਨਾਲ ਜੁੜਦਾ ਹੈ, ਜੋ ਕਿ ਕਰਮਕਾਂਡੀ ਪੰਡਤਾਂ ਦਾ
ਧੁਰਾ ਰਿਹਾ ਹੈ। ਇਨ੍ਹਾਂ ਦੋਨਾਂ ਸੰਪਰਦਾਵਾਂ ਤੇ ਬ੍ਰਹਮਣਵਾਦ ਦੀ ਜਾਤ-ਪਾਤੀ, ਫਿਰਕੂ ਅਤੇ
ਵਹਿਮਾਂ-ਭਰਮਾਂ-ਕਰਮਕਾਂਡਾਂ ਵਿੱਚ ਗ੍ਰਸੀ ਮਨੁੱਖਤਾ ਵਿਰੋਧੀ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਸੀ।
ਸਿੱਖ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਅਤੇ ਉਨ੍ਹਾਂ ਤੋਂ ਪਹਿਲਾਂ ਹੋਏ ਇਨਕਲਾਬੀ
ਸੰਤਾਂ-ਭਗਤਾਂ-ਮਹਾਂਪੁਰਸ਼ਾਂ ਦੀ ਬਾਣੀ ਰਾਹੀਂ 2 ਸਦੀਆਂ ਤੋਂ ਵੱਧ ਸਮਾਂ ਲਗਾ ਕਿ ਇੱਕ ਨਵੇਂ ਸਮਾਜ
ਦੀ ਸਿਰਜਨਾ ਕੀਤੀ ਸੀ, ਪਰ ਇਨ੍ਹਾਂ ਦੋਨਾਂ ਸੰਪਰਦਾਵਾਂ ਨੇ ਸਿੱਖਾਂ ਦੇ ਸੰਘਰਸ਼ਮਈ 100 ਸਾਲਾਂ ਅਤੇ
ਰਾਜ ਕਰਨ ਦੇ 50 ਕੁ ਸਾਲਾਂ ਵਿੱਚ ਸਾਰੀ ਇਨਕਲਾਬੀ ਵਿਚਾਰਧਾਰਾ ਨੂੰ ਉਲਟਾ ਦਿੱਤਾ ਸੀ। ਇਨ੍ਹਾਂ ਨੇ
ਇਸ ਸਮੇਂ ਦੌਰਾਨ ਅਨੇਕਾਂ ਅਜਿਹੇ ਗ੍ਰੰਥ ਲਿਖੇ, ਜਿਨ੍ਹਾਂ ਨਾਲ ਸਿੱਖ ਵਿਚਾਰਧਾਰਾ ਤੇ ਸਿੱਖ ਸਮਾਜ
ਦਾ ਮੁਹਾਂਦਰਾ ਹੀ ਬਦਲ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਨ੍ਹਾਂ ਨੂੰ ਮਿਲੀਆਂ
ਜਗੀਰਾਂ ਤੇ ਹੋਰ ਸਹੂਲਤਾਂ ਨਾਲ ਇਹ ਇਤਨੇ ਤਾਕਤਵਰ ਹੋ ਗਏ ਸਨ ਕਿ ਗੁਰਦੁਆਰੇ ਗੁੰਡਾਗਰਦੀ ਤੇ
ਵਿਭਚਾਰ ਦੇ ਅੱਡੇ ਬਣ ਗਏ ਸਨ। ਸਿੱਖਾਂ ਵਿੱਚ ਹਿੰਦੂਆਂ ਵਾਲੇ ਪੁਰਾਣੇ ਕਰਮਕਾਂਡ ਤੇ ਮੂਰਤੀ ਪੂਜਾ
ਆਮ ਹੋ ਗਈ ਸੀ। ਸਿੱਖ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਬੜੀ ਸਾਜ਼ਿਸ਼ ਅਧੀਨ ਆਪਣੇ ਰਾਜਸੀ ਹਿੱਤਾਂ
ਲਈ ਇਨ੍ਹਾਂ ਸੰਤਾਂ-ਮਹੰਤਾਂ ਨੂੰ ਸ਼ਹਿ ਦੇਣੀ ਜਾਰੀ ਰੱਖੀ, ਜਿਸ ਨਾਲ ‘ਸਭੇ ਸਾਂਝੀ ਵਾਲ
ਸਦਾਇਨ---’ ਦਾ ਸੰਦੇਸ਼ ਲੈ ਕੇ ਆਇਆ ਸਿੱਖ ਸਮਾਜ, ਜਾਤ-ਪਾਤ ਤੇ ਛੂਤ-ਛਾਤ ਵਿੱਚ ਵੰਡਿਆ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਹਲ ਵਾਹਕਾਂ ਨੂੰ ਜਮੀਨਾਂ ਦੇ
ਮਾਲਕ ਬਣਾ ਕੇ ਲਿਆਂਦਾ ਸਿੱਖ ਇਨਕਲਾਬ, ਉਲਟ ਦਿਸ਼ਾ ਵੱਲ ਹੋ ਤੁਰਿਆ ਤੇ ਸਿੱਖ ਸਮਾਜ ਵਿੱਚ ਜਗੀਰਦਾਰੀ
ਫਿਰ ਪ੍ਰਧਾਨ ਹੋ ਗਈ। ਉਹ ਸਾਰੇ ਵਹਿਮ-ਭਰਮ, ਕਰਮਕਾਂਡ, ਮਰਿਯਾਦਾਵਾਂ ਆਦਿ ਸਿੱਖ ਸਮਾਜ ਵਿੱਚ ਉਵੇਂ
ਹੀ ਪ੍ਰਚਲਤ ਹੋ ਗਏ, ਜਿਸ ਤਰ੍ਹਾਂ ਗੁਰੂਆਂ ਦੀ ਆਮਦ ਤੋਂ ਪਹਿਲਾਂ ਭਾਰਤੀ ਸਮਾਜ ਵਿੱਚ ਪ੍ਰਚਲਤ ਸਨ।
ਸੌ ਸਾਲ ਤੋਂ ਵੱਧ ਸਮਾਂ ਵਿਦੇਸ਼ੀ ਜਰਵਾਣਿਆਂ ਨਾਲ ਲੋਹਾ ਲੈਂਦਾ ਰਿਹਾ ਖਾਲਸਾ, ਕੁੱਝ ਸਾਲਾਂ ਵਿੱਚ
ਹੀ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਕੇ ਭਾਰਤੀ ਲੋਕਾਂ ਦੀ ਗੁਲਾਮੀ ਪੱਕੀ ਕਰਨ ਦੇ ਰਾਹ ਪੈ ਗਿਆ।
ਅਜਿਹੇ ਸਮਿਆਂ ਵਿੱਚ ਕੁੱਝ ਸਿੱਖ ਵਿਦਵਾਨਾਂ ਵਲੋਂ ਸ਼ੁਰੂ ਕੀਤੀ ਗਈ ‘ਸਿੰਘ ਸਭਾ ਲਹਿਰ’
ਹੌਲੀ-ਹੌਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਤਬਦੀਲ ਹੋ ਗਈ ਅਤੇ ਸਿੱਖਾਂ ਨੂੰ ਆਪਣੇ ਗੁਰਦੁਆਰੇ
ਇਨ੍ਹਾਂ ਸੰਤਾਂ-ਮਹੰਤਾਂ ਤੋਂ ਲਹੂ ਡੋਲਵਾਂ ਸੰਘਰਸ਼ ਕਰਕੇ ਖੋਹਣੇ ਪਏ। ‘ਗੁਰਦੁਆਰਾ ਸੁਧਾਰ ਲਹਿਰ’
ਤੋਂ ਲੋਕਾਂ ਦੀਆਂ ਵੋਟਾਂ ਰਾਹੀਂ ਚੁਣ ਕੇ ਆਈ ‘ਸ਼੍ਰੋਮਣੀ ਗੁਰਦੁਆਰਾ ਕਮੇਟੀ’ ਵੀ ਜਲਦੀ ਹੀ
ਰਾਜਨੀਤਕ ਲੋਕਾਂ ਦੀ ਕਠਪੁਤਲੀ ਬਣ ਗਈ। ਗੁਰਦੁਆਰਾ ਸੁਧਾਰ ਲਹਿਰ ਦੁਆਰਾ ਗੁਰਦੁਆਰਿਆਂ ਵਿਚੋਂ ਭਜਾਏ
ਗਏ ਸੰਤ-ਮਹੰਤ ਨਵੇਂ ਰੂਪ ਵਿੱਚ ਬ੍ਰਹਮ ਗਿਆਨੀ ਮਹਾਂਪੁਰਸ਼ ਬਣ ਕੇ ਰਾਜਸੀ ਲੋਕਾਂ ਦੀ ਸ਼ਹਿ ਤੇ
ਡੇਰਿਆਂ ਦੇ ਮੁਖੀਆਂ ਦੇ ਰੂਪ ਵਿੱਚ ਆ ਪ੍ਰਗਟ ਹੋਏ। ਗੁਰਦੁਆਰਾ ਸੁਧਾਰ ਲਹਿਰ ਰਾਹੀਂ ਆਇਆ ਥੋੜਾ
ਬਹੁਤ ਸੁਧਾਰ ਮੁੜ ਸੁਧਾਰ ਦੀ ਮੰਗ ਕਰ ਰਿਹਾ ਹੈ ਤੇ ਸਿੱਖ ਸਮਾਜ 500 ਸਾਲ ਪਿਛੇ ਉਥੇ ਜਾ ਖੜਿਆ,
ਜਿਥੋਂ ਕੱਢਣ ਲਈ ਗੁਰੂਆਂ ਨੇ 2 ਸਦੀਆਂ ਸੰਘਰਸ਼ ਕੀਤਾ ਸੀ। ਅੱਜ ਸਮੁੱਚੇ ਰੂਪ ਵਿੱਚ ਸਿੱਖਾਂ ਦੀ
ਹਾਲਤ ਹੋਰ ਵੀ ਪਤਲੀ ਹੋ ਚੁੱਕੀ ਹੈ। ਸਿੱਖ ਗੁਰਦੁਆਰੇ ਅੱਜ ਸਿੱਖ ਵਿਚਾਰਧਾਰਾ ਤੋਂ ਉਲਟ ਦਿਸ਼ਾ ਵੱਲ
ਖੜੇ ਹਨ ਤੇ ਸਿੱਖ ਇਨਕਲਾਬ ਪਿਛਲਖੁਰੀ ਹੋ ਤੁਰਿਆ ਹੈ। ਅੱਜ ਵੀ ਹਾਲਾਤ ਉਹੀ ਹਨ, ਜਿਹੋ ਜਿਹੇ ਗੁਰੂ
ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਬਿਆਨ ਕੀਤੇ ਸਨ: ‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ
ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥’ (ਪੰਨਾ: 145)
ਅਜਿਹਾ ਸਿਰਫ ਸਿੱਖਾਂ ਨਾਲ ਹੀ ਨਹੀਂ ਵਾਪਰਿਆ, ਸਭ ਧਾਰਮਿਕ ਲਹਿਰਾਂ ਨਾਲ
ਅਜਿਹਾ ਹੀ ਵਾਪਰਦਾ ਰਿਹਾ ਹੈ। ਸਾਰੇ ਜਥੇਬੰਦਕ ਧਰਮਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਉ, ਜਦੋਂ ਹੀ
ਕੋਈ ਧਾਰਮਿਕ ਲਹਿਰ ਜਾਂ ਵਿਚਾਰਧਾਰਾ, ਜਥੇਬੰਦਕ ਧਰਮ ਦਾ ਰੂਪ ਧਾਰਦੀ ਹੈ, ਉਸਦਾ ਸਿਆਸੀਕਰਨ ਹੋ
ਜਾਂਦਾ ਰਿਹਾ ਹੈ। ਸਿਆਸਤ ਹਮੇਸ਼ਾਂ ਹੀ ਧਰਮ ਤੇ ਕਾਬਿਜ਼ ਜਾਂ ਭਾਰੂ ਰਹੀ ਹੈ। ਪਿਛਲੇ 5000 ਸਾਲ ਦਾ
ਜਥੇਬੰਦਕ ਧਰਮਾਂ ਦਾ ਇਤਿਹਾਸ ਇਹੀ ਦੱਸਦਾ ਹੈ ਕਿ ਸਿਆਸਤ ਦੇ ਸਾਹਮਣੇ ਧਰਮ ਹਮੇਸ਼ਾਂ ਨਿਮਾਣਾ,
ਨਿਤਾਣਾ ਤੇ ਸਾਹ-ਸੱਤ ਹੀਣ ਰਿਹਾ ਹੈ। ਵੱਡੇ-ਵੱਡੇ ਪੋਪ, ਮੁੱਲਾਂ-ਮੁਲਾਣੇ, ਇਮਾਮ,
ਪੰਡਿਤ-ਬ੍ਰਾਹਮਣ, ਜਥੇਦਾਰ ਆਦਿ ਸਿਆਸੀ ਲੋਕਾਂ ਦੀਆਂ ਰਖੇਲਾਂ ਬਣ ਕੇ ਵਿਰਚਦੇ ਰਹੇ ਹਨ ਤੇ ਅੱਜ ਵੀ
ਵਿਚਰ ਰਹੇ ਹਨ। ਜਥੇਬੰਦਕ ਧਰਮਾਂ ਵਿੱਚ ਕੁੱਝ ਸਮਾਂ ਬਾਅਦ ਕੋਈ ਨਾ ਕੋਈ ਧਰਮੀ ਪੁਰਸ਼ ਜਾਂ ਕੋਈ ਧੜਾ
ਸੁਧਾਰ ਕਰਨ ਲਈ ਉਠਦਾ ਰਿਹਾ ਹੈ, ਧਰਮ ਸੁਧਾਰ ਦੀਆਂ ਲਹਿਰਾਂ ਚਲਦੀਆਂ ਰਹੀਆਂ ਹਨ, ਪਰ ਕਦੇ ਕੋਈ
ਸੁਧਾਰ ਲਹਿਰ ਕਾਮਯਾਬ ਨਹੀਂ ਹੋਈ, ਸਗੋਂ ਹਮੇਸ਼ਾਂ ਉਨ੍ਹਾਂ ਨੂੰ ਹਾਰ ਕੇ ਮੁੱਖਧਾਰਾ ਵਾਲੇ ਧੜੇ ਤੋਂ
ਵੱਖ ਹੋ ਕੇ ਨਵਾਂ ਧੜਾ ਖੜ ਕਰਨਾ ਪੈਂਦਾ ਰਿਹਾ ਤੇ ਸਮਾਂ ਪਾ ਕੇ ਉਹ ਇਨਕਲਾਬੀ ਧੜਾ ਵੀ ਉਥੇ ਹੀ ਆ
ਖੜਦਾ ਹੈ, ਜਿਥੇ ਕਿਸੇ ਨਵੇਂ ਸੁਧਾਰ ਦੀ ਲੋੜ ਹੁੰਦੀ ਹੈ। ਇਸਾਈਆਂ, ਮੁਸਲਮਾਨਾਂ, ਹਿੰਦੂਆਂ,
ਬੋਧੀਆਂ, ਜੈਨੀਆਂ, ਯਹੂਦੀਆਂ, ਸਿੱਖਾਂ ਵਿਚੋਂ ਨਿਕਲੇ ਹਜ਼ਾਰਾਂ ਫਿਰਕੇ, ਕਿਸੇ ਸਮੇਂ ਸੁਧਾਰ ਦੀ
ਵਿਚਾਰਧਾਰਾ ਲੈ ਕੇ ਹੀ ਆਏ ਸਨ? ਸ਼ਾਇਦ ਇਹ ਕੋਈ ਕੁਦਰਤ ਦਾ ਹੀ ਨਿਯਮ ਹੈ ਕਿ ਇਸ ਦੁਨੀਆਂ ਵਿੱਚ
ਸੰਪੂਰਨਤਾ (ਪ੍ਰਫੈਕਸ਼ਨ) ਨਹੀਂ ਆ ਸਕਦੀ, ਇਸ ਲਈ ਹਮੇਸ਼ਾਂ ਸਭ ਕੋਸ਼ਿਸ਼ਾਂ ਵਿਕਾਰ ਜਾਂਦੀਆਂ ਹਨ। ਇਥੇ
ਜੀਸਸ, ਮੁਹੰਮਦ, ਬੁੱਧ, ਮਹਾਂਵੀਰ, ਕਬੀਰ, ਨਾਨਕ ਵਰਗੇ ਮਹਾਂਬਲੀ, ਪੈਗੰਬਰ, ਮਹਾਂਪੁਰਸ਼ ਕੋਸ਼ਿਸ਼ਾਂ
ਕਰਦੇ ਰਹੇ, ਸਮਾਜ ਬਦਲਣ ਲਈ ਯਤਨਸ਼ੀਲ ਰਹੇ ਤੇ ਕੁੱਝ ਹੱਦ ਤੱਕ ਆਪਣੇ ਜੀਵਨ ਵਿੱਚ ਕੁੱਝ ਕੁ ਲੋਕਾਂ
ਨੂੰ ਪ੍ਰਭਾਵਤ ਵੀ ਕਰ ਸਕੇ, ਉਨ੍ਹਾਂ ਦੇ ਜਾਣ ਤੋਂ ਬਾਅਦ ਇਹੀ ਕੁੱਝ ਵਾਪਰਦਾ ਰਿਹਾ ਹੈ ਤੇ ਹਮੇਸ਼ਾਂ
ਸ਼ੈਤਾਨ ਦਾ ਹੀ ਰਾਜ ਰਹਿੰਦਾ ਹੈ। ਮੈਨੂੰ ਤੇ ਕਈ ਵਾਰ ਇਸ ਤਰ੍ਹਾਂ ਲਗਦਾ ਹੈ ਕਿ ਅਜਿਹੇ ਸੰਘਰਸ਼,
ਸੁਧਾਰ, ਕੁਰਬਾਨੀਆਂ ਵੀ ਇੱਕ ਖੇਡ ਹੀ ਹੈ, ਸੱਚ ਤੇ ਝੂਠ ਦਾ ਖੇਡ, ਹੀਰੋ ਤੇ ਵਿਲੇਨ ਦਾ ਖੇਡ, ਰਾਮ
ਤੇ ਰਾਵਣ ਦਾ ਖੇਡ, ਕੌਰਵਾਂ ਤੇ ਪਾਂਡਵਾਂ ਦਾ ਖੇਡ, ਮਜਲੂਮ ਤੇ ਜ਼ਾਬਰ ਦਾ ਖੇਡ ਅਤੇ ਜੇ ਇਹ ਖੇਡ ਖਤਮ
ਹੋ ਜਾਵੇ ਤਾਂ ਸ਼ਾਇਦ ਦੁਨੀਆਂ ਦੀ ਇਹ ਖੇਡ ਹੀ ਖਤਮ ਹੋ ਜਾਵੇ।
ਸਵਾਲ ਉਠਦਾ ਹੈ ਕਿ ਕੀ ਜਥੇਬੰਦਕ ਧਰਮਾਂ ਵਿੱਚ ਸੁਧਾਰ ਹੋ ਸਕਦਾ ਹੈ? ਮੇਰੀ
ਸਮਝ ਅਨੁਸਾਰ ਜਾਂ ਇਤਿਹਾਸਕ ਪੱਖ ਤੋਂ ਦੇਖਿਆਂ ਅਜਿਹਾ ਸੰਭਵ ਨਹੀਂ। ਅਸਲ ਵਿੱਚ ਧਰਮ (ਅਸਲੀ) ਦਾ
ਬੁਨਿਆਦੀ ਪੱਖ ਇਹ ਹੈ ਕਿ ਧਰਮ ਹਮੇਸ਼ਾਂ ਜਾਤੀ ਹੁੰਦਾ ਹੈ, ਕਦੇ ਵੀ ਜਮਾਤੀ ਨਹੀਂ ਹੋ ਸਕਦਾ। ਜਿਹੜਾ
ਜਮਾਤੀ ਹੈ, ਉਹ ਨਕਲੀ ਧਰਮ ਹੈ। ਉਹ ਧਰਮ ਦੇ ਨਾਮ ਤੇ ਬਣਿਆ ਧਾਰਮਿਕ ਫਿਰਕਾ ਹੈ। ਜਦੋਂ ਹੀ ਕੋਈ
ਧਾਰਮਿਕ ਫਿਰਕਾ ਜਾਤੀ ਤੋਂ ਜਮਾਤੀ ਹੋ ਜਾਂਦਾ ਹੈ ਤਾਂ ਸੁਧਾਰ ਦੇ ਸਭ ਰਸਤੇ ਬੰਦ ਹੋ ਜਾਂਦੇ ਹਨ।
ਹਮੇਸ਼ਾਂ ਵਿਅਕਤੀ ਨੂੰ ਸੁਧਾਰਿਆ ਜਾ ਸਕਦਾ ਹੈ, ਸਮਾਜ ਨੂੰ ਨਹੀਂ। ਇਸੇ ਕਰਕੇ ਅਸਲੀ ਧਰਮ ਦੀ ਹਮੇਸ਼ਾਂ
ਤੋਂ ਇਹ ਧਾਰਨਾ ਰਹੀ ਹੈ ਕਿ ਜੇ ਵਿਅਕਤੀ ਬਦਲ ਜਾਵੇ, ਵਿਅਕਤੀ ਧਰਮੀ ਬਣ ਜਾਵੇ ਤਾਂ ਸਮਾਜ ਜਾਂ ਸਾਰੀ
ਦੁਨੀਆਂ ਬਦਲ ਸਕਦੀ ਹੈ, ਪਰ ਜੇ ਸਮਾਜ ਨੂੰ ਬਦਲੋਗੇ ਤਾਂ ਕਦੇ ਕੁੱਝ ਨਹੀਂ ਬਦਲ ਸਕਦਾ। ਇਥੇ ਆ ਕੇ
ਹੀ ਜਥੇਬੰਦਕ ਧਰਮ ਫੇਲ਼੍ਹ ਹੁੰਦੇ ਹਨ ਤੇ ਉਨ੍ਹਾਂ ਵਿੱਚ ਸੁਧਾਰ ਕਰਨ ਵਾਲੇ ਵੀ ਫੇਲ੍ਹ ਹੁੰਦੇ ਹਨ।
ਜਿਸ ਤਰ੍ਹਾਂ ਕਿਸੇ ਵਿਦਵਾਨ ਦਾ ਕਥਨ ਹੈ ਕਿ ‘ਤੁਸੀਂ ਦੁਨੀਆਂ ਨੂੰ ਨਹੀਂ ਬਦਲ ਸਕਦੇ, ਪਰ ਅਗਰ
ਤੁਸੀਂ ਬਦਲ ਜਾਉ ਤਾਂ ਤੁਹਾਡੇ ਲਈ ਸਾਰੀ ਦੁਨੀਆਂ ਬਦਲ ਜਾਂਦੀ ਹੈ।’ ਧਰਮ ਦਾ ਮੁਢੋਂ ਇਹ
ਬੁਨਿਆਦੀ ਵਿਚਾਰ ਹੈ ਕਿ ਧਰਮ ਮੰਨਣ ਦਾ ਨਹੀਂ, ਜਾਨਣ ਦਾ ਵਿਸ਼ਾ ਹੈ, ਧਰਮ ਕਮਾਉਣ ਜਾਂ ਸਾਧਨਾ ਦਾ
ਵਿਸ਼ਾ ਹੈ। ਧਰਮ ਦਾ ਪੂਜਾ-ਪਾਠ, ਕਰਮਕਾਂਡ, ਮਰਿਯਾਦਾ ਆਦਿ ਨਾਲ ਕੋਈ ਸਬੰਧ ਨਹੀਂ ਹੁੰਦਾ। ਮਨੁੱਖ ਦੀ
ਆਪਣੀ ਵਿਅਕਤੀਗਤ ਸਾਧਨਾ (ਕਮਾਈ) ਹੀ ਉਸਨੂੰ ਧਰਮੀ ਬਣਾ ਸਕਦੀ ਹੈ, ਉਸ ਨਾਲ ਹੀ ਮਨੁੱਖ ਦੀ ਸੰਪੂਰਨ
ਕਾਇਆ ਕਲਪੀ (ਟਰਾਂਸਫੌਰਮੇਸ਼ਨ) ਹੋ ਸਕਦੀ ਹੈ। ਧਰਮ ਗ੍ਰੰਥਾਂ ਦੇ ਪਾਠ ਤੇ ਉਨ੍ਹਾਂ ਦੀਆਂ ਵਿਚਾਰਾਂ
ਕਦੇ ਕਿਸੇ ਨੂੰ ਧਰਮੀ ਨਹੀਂ ਬਣਾ ਸਕੀਆਂ? ਕਮਿਉਨਿਜ਼ਮ ਦਾ ਵੀ ਧਰਮ ਨਾਲ ਇਹੀ ਬੁਨਿਆਦੀ ਵਿਰੋਧ ਹੈ ਕਿ
ਕਮਿਉਨਿਜ਼ਮ ਵੀ ਇਹੀ ਕਹਿੰਦਾ ਹੈ ਕਿ ਸਾਰੀ ਬੁਰਾਈ ਸਮਾਜ ਵਿੱਚ ਹੈ ਤੇ ਸਮਾਜ ਵਿੱਚ ਕਲਾਸਾਂ ਹਨ ਅਤੇ
ਕਲਾਸਾਂ ਵਿੱਚ ਸਰਮਾਏ ਦੀ ਕਾਣੀ ਵੰਡ ਕਾਰਨ ਸਾਰੀਆਂ ਸਮੱਸਿਆਵਾਂ ਹਨ। ਜੇ ਸਮਾਜ ਬਦਲ ਜਾਵੇ, ਸਮਾਜ
ਵਿੱਚ ਇਨਕਲਾਬ ਆ ਜਾਵੇ ਤੇ ਸਮਾਜ ਕਲਾਸ ਰਹਿਤ ਹੋ ਜਾਵੇ ਤਾਂ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ
ਹੱਲ ਹੋ ਜਾਣਗੀਆਂ? ਪਰ ਧਰਮ ਦੀ ਇਹ ਮਾਨਤਾ ਹੈ ਕਿ ਬੁਰਾਈਆਂ ਸਮਾਜ ਵਿੱਚ ਨਹੀਂ, ਬੰਦੇ ਵਿੱਚ ਹਨ,
ਸਮਾਜ ਬੰਦੇ ਨੇ ਬਣਾਇਆ ਹੈ, ਸਮਾਜ ਨੇ ਬੰਦਾ ਨਹੀਂ ਬਣਾਇਆ। ਇਸ ਲਈ ਜਦੋਂ ਤੱਕ ਬੰਦਾ ਨਹੀਂ ਬਦਲਦਾ,
ਕੋਈ ਸਮਾਜ ਜਾਂ ਧਾਰਮਿਕ ਸਮਾਜ, ਨਹੀਂ ਬਦਲ ਸਕਦਾ ਤੇ ਨਾ ਹੀ ਕੋਈ ਸੁਧਾਰ ਹੋ ਸਕਦਾ ਹੈ। ਆਉ ਧਰਮਾਂ,
ਸਮਾਜਾਂ, ਦੁਨੀਆਂ ਬਦਲਣ ਦੀਆਂ ਕੋਸ਼ਿਸ਼ਾਂ ਛੱਡ ਕੇ ਆਪਣੇ ਨਿੱਜ ਘਰ ਵੱਲ ਮੁੜੀਏ। ਨਾ ਦੁਨੀਆਂ ਕਦੇ
ਬਦਲੀ ਹੈ ਤੇ ਨਾ ਹੀ ਸਮਾਜ ਕਦੇ ਬਦਲਿਆ ਹੈ, ਜਿਸ ਦਿਨ ਅਸੀਂ ਬਦਲਾਂਗੇ ਤਾਂ ਸਮਾਜ ਤੇ ਦੁਨੀਆਂ ਨੇ
ਆਪੇ ਬਦਲ ਜਾਣਾ ਹੈ। ਗੁਰਬਾਣੀ ਫੁਰਮਾਨ ਹੈ: ‘ਸਭ ਕਿਛੁ ਘਰ ਮਹਿ
ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ
ਸੁਹੇਲਾ ਜੀਉ॥’ (ਪੰਨਾ: 102)।