.

ਸਿੱਖ ਧਰਮ ਤੇ ਤਰਕਸ਼ੀਲਤਾ

ਹਰਚਰਨ ਪ੍ਰਹਾਰ (ਸਿੱਖ ਵਿਰਸਾ) ਫੋਨ: 403-681-8689 Email: [email protected]

ਬਚਪਨ ਤੋਂ ਸਿੱਖ ਧਰਮ ਦੇ ਬਹੁਤੇ ਪ੍ਰਚਾਰਕਾਂ ਤੇ ਖਾਸਕਰ ਸੰਤਾਂ-ਬਾਬਿਆਂ ਤੋਂ ਅਜਿਹਾ ਸੁਣਦੇ ਆ ਰਹੇ ਹਾਂ ਕਿ ਧਰਮ ਸ਼ਰਧਾ ਤੇ ਵਿਸ਼ਵਾਸ਼ ਦਾ ਵਿਸ਼ਾ ਹੈ। ਆਪਣੇ ਗੁਰੂਆਂ-ਪੀਰਾਂ ਤੇ ਸ਼ੰਕਾ ਕਰਨਾ, ਨਰਕਾਂ ਦੇ ਭਾਗੀ ਬਣਨ ਬਰਾਬਰ ਹੈ। ਅਜਿਹਾ ਵੀ ਸੁਣਨ ਨੂੰ ਮਿਲਦਾ ਹੈ ਕਿ ਸਾਨੂੰ ਆਪਣੀਆਂ ਪ੍ਰੰਪਰਾਵਾਂ ਤੇ ਮਰਿਯਾਦਾਵਾਂ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਧਰਮ ਦੀ ਕਿਸੇ ਮਰਿਯਾਦਾ ਜਾਂ ਪ੍ਰੰਪਰਾ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਧਰਮ ਦੀ ਕੋਈ ਮਰਿਯਾਦਾ ਜਾਂ ਪ੍ਰੰਪਰਾ ਭਾਵੇਂ ਕਿਤਨੀ ਵੀ ਤਰਕਹੀਣ, ਸਮਾਂ ਵਿਹਾ ਚੁੱਕੀ ਕਿਉਂ ਨਾ ਹੋਵੇ, ਉਸ ਬਾਰੇ ਵਿਚਾਰ ਕਰਨਾ ਜਾਂ ਉਸ ਤੇ ਕਿੰਤੂ ਪ੍ਰੰਤੂ ਕਰਨਾ ਧਰਮ ਵਿਰੋਧੀ ਹੈ। ਇਸੇ ਕਰਕੇ ਆਮ ਤੌਰ ਤੇ ਪੜ੍ਹੇ ਲਿਖੇ ਜਾਂ ਸੋਚ ਵਿਚਾਰ ਵਾਲੇ ਅਗਾਂਹਵਧੂ ਲੋਕਾਂ ਵਲੋਂ ਜਥੇਬੰਧਕ ਧਰਮਾਂ ਨੂੰ ਪਿਛਾਂਹਖਿਚੂ ਕਿਹਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅੱਜ 21ਵੀਂ ਸਦੀ ਦੇ ਵਿਗਿਆਨਕ, ਤਕਰਸ਼ੀਲ, ਅਗਾਂਹਵਧੂ, ਮਨੁੱਖਤਾਵਾਦੀ ਤੇ ਚਿੰਤਤ-ਮਨਨ ਕਰਨ ਵਾਲੇ ਵਿਅਕਤੀਆਂ ਨੂੰ, ਪ੍ਰਚਲਤ ਜਥੇਬੰਧਕ ਧਰਮ ਫਿੱਟ ਨਹੀਂ ਆਉਂਦੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਦਿਨੋ-ਦਿਨ ਜਥੇਬੰਧਕ ਧਰਮਾਂ ਤੋਂ ਦੂਰ ਹੋ ਰਹੀ ਹੈ। ਜੇ ਅਸੀਂ ਵਾਈ ਜਨਰੇਸ਼ਨ (1980-2000) ਜਾਂ ਮਲੇਨੀਅਮ ਜਨਰੇਸ਼ਨ (2000 ਤੋਂ ਬਾਅਦ ਪੈਦਾ ਹੋ ਰਹੀ) ਨੂੰ ਦੇਖੀਏ ਤਾਂ ਉਹ ਤਕਰੀਬਨ ਧਰਮ ਕਰਮ ਛੱਡ ਚੁੱਕੀ ਹੈ, ਜੇ ਉਨ੍ਹਾਂ ਵਿਚੋਂ ਕੁੱਝ ਧਰਮ ਪ੍ਰਤੀ ਸ਼ਰਧਾ ਰੱਖਦੇ ਵੀ ਹਨ ਤਾਂ ਸਿਰਫ ਮਾਪਿਆਂ ਦੇ ਪ੍ਰਭਾਵ ਵਿੱਚ ਸ੍ਰਿਸ਼ਟਾਚਰ ਵਜੋਂ ਹੀ ਧਰਮ ਦੇ ਕਰਮਕਾਂਡ ਨਿਭਾਉਂਦੇ ਹਨ, ਨਹੀਂ ਤਾਂ ਉਨ੍ਹਾਂ ਨੂੰ ਧਰਮ ਵਿੱਚ ਕੋਈ ਦਿਲਚਸਪੀ ਨਹੀਂ। ਇਸ ਤੋਂ ਅਗਲੀ ਜਨਰੇਸ਼ਨ ਇਨ੍ਹਾਂ ਧਰਮਾਂ ਤੋਂ ਬਿਲਕੁਲ ਦੂਰ ਹੋ ਜਾਵੇਗੀ ਕਿਉਂਕਿ ਇਨ੍ਹਾਂ ਵਿੱਚੋਂ ਵਿਅਕਤੀ ਨੂੰ ਕੁੱਝ ਵੀ ਨਹੀਂ ਮਿਲ ਰਿਹਾ। ਅੱਜ ਦਾ ਨੌਜਵਾਨ ਪੀੜ੍ਹੀ ਸੋਚਦੀ ਹੈ ਕਿ ਧਰਮ ਮੰਦਰਾਂ ਵਿੱਚ ਜਾ ਕੇ ਪੁਰਾਣੀਆਂ ਘਸੀਆਂ ਪਿਟੀਆਂ ਕਥਾ ਕਹਾਣੀਆਂ ਸੁਣਨ ਜਾਂ ਫੋਕਟ ਕਰਮਕਾਂਡ ਨਿਭਾਉਣ ਨਾਲੋਂ ਕੁੱਝ ਹੋਰ ਕਰਨਾ ਸਾਰਥਕ ਹੈ। ਅੱਜ ਦੁਨੀਆਂ ਵਿੱਚ ਪ੍ਰਚਲਤ ਜਥੇਬੰਧਕ ਧਰਮ, ਜਿਨ੍ਹਾਂ ਗੁਰੂਆਂ, ਪੈਗੰਬਰਾਂ ਦੇ ਨਾਮ ਤੇ ਚੱਲ ਰਹੇ ਹਨ, ਉਨ੍ਹਾਂ ਨੇ ਕਦੇ ਕਿਸੇ ਧਰਮ ਦੀ ਸ਼ੁਰੂਆਤ ਨਹੀਂ ਕੀਤੀ ਸੀ ਤੇ ਨਾ ਹੀ ਕਦੇ ਕੋਈ ਜਥੇਬੰਧਕ ਧਰਮ ਹੀ ਬਣਾਇਆ ਸੀ। ਧਰਮਾਂ ਦਾ ਇਤਿਹਾਸ ਪੜ੍ਹ ਕੇ ਦੇਖੋ, ਹਰ ਗੁਰੂ, ਪੈਗੰਬਰ ਜਾਂ ਸੰਤ, ਹਮੇਸ਼ਾਂ ਆਪਣੇ ਸਮੇਂ ਦੇ ਜਥੇਬੰਧਕ ਧਰਮਾਂ ਦੇ ਵਿਰੋਧ ਵਿੱਚ ਖੜਾ ਮਿਲੇਗਾ। ਕਦੇ ਕਿਸੇ ਸੱਚੇ ਸੰਤ ਜਾਂ ਗੁਰੂ ਨੇ ਕਿਸੇ ਪੁਰਾਣੇ ਜਥੇਬੰਧਕ ਧਰਮ ਨੂੰ ਨਾ ਕਦੇ ਮਾਨਤਾ ਦਿੱਤੀ ਤੇ ਨਾ ਉਨ੍ਹਾਂ ਦੀ ਕਿਸੇ ਮਰਿਯਾਦਾ ਜਾਂ ਪ੍ਰੰਪਰਾ ਨੂੰ ਹੀ ਮੰਨਿਆ। ਹਰ ਇੱਕ ਨੇ ਮਨੁੱਖ ਨੂੰ ਸਮੇਂ ਅਨੁਸਾਰ ਸੱਚ ਨਾਲ ਜੁੜਨ ਦਾ ਹੋਕਾ ਦਿੱਤਾ। ਪਰ ਸਮਾਂ ਪਾ ਕੇ ਅਜਿਹੇ ਮਹਾਂਪੁਰਸ਼ਾਂ ਪ੍ਰਤੀ ਲੋਕਾਂ ਦੇ ਸਤਿਕਾਰ ਦਾ ਲਾਭ ਉਠਾ ਕੇ ਸ਼ੈਤਾਨ ਪੁਜਾਰੀ ਤੇ ਲੋਕ ਵਿਰੋਧੀ ਸ਼ਾਸਕ ਗੱਠਜੋੜ ਕਰਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਦੇ ਰਹੇ ਹਨ ਤੇ ਇਸੇ ਤਰ੍ਹਾਂ ਹਰੇਕ ਮਹਾਂਪੁਰਸ਼ ਦੇ ਜੀਵਨ ਕਾਲ ਤੋਂ ਬਾਅਦ ਨਵਾਂ ਫਿਰਕਾ (ਧਰਮ?) ਪ੍ਰਚਲਤ ਹੁੰਦਾ ਰਿਹਾ ਹੈ ਅਤੇ ਇਹ ਪੰਡਤ-ਪੁਜਾਰੀ, ਸਰਮਾਏਦਾਰ ਤੇ ਸ਼ਾਸਕ ਨਵੇਂ ਰੂਪ ਵਿੱਚ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਰਾਹ ਲੱਭ ਲੈਂਦੇ ਰਹੇ ਹਨ। ਮੇਰਾ ਇਹ ਮੰਨਣਾ ਹੈ ਕਿ ਦੁਨੀਆਂ ਵਿੱਚ ਪ੍ਰਚਲਤ ਸਾਰੇ ਗੁਰੂਆਂ, ਪੈਗੰਬਰਾਂ, ਮਹਾਂਪੁਰਸ਼ਾਂ ਦੇ ਨਾਮ ਤੇ ਪ੍ਰਚਲਤ ਅਖੌਤੀ ਸਭ ਧਰਮ, ਨਕਲੀ ਹਨ, ਇਨ੍ਹਾਂ ਵਿੱਚ ਧਰਮ ਨਾ ਦੀ ਕੋਈ ਸ਼ੈਅ ਨਹੀਂ ਹੈ। ਜੇ ਇਨ੍ਹਾਂ ਕੋਲ ਹੈ ਤਾਂ ਸਿਰਫ ਇਤਨਾ ਕੁ ਹੀ ਹੈ ਕਿ ਇਨ੍ਹਾਂ ਨੇ ਉਨ੍ਹਾਂ ਗੁਰੂਆਂ, ਪੈਗੰਬਰਾਂ ਦੀ ਵਿਚਾਰਧਾਰਾ ਦੇ ਗ੍ਰੰਥਾਂ ਨੂੰ ਜੱਫਾ ਮਾਰਿਆ ਹੋਇਆ ਹੈ। ਜੇ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਂਪੁਰਸ਼ਾਂ ਨੂੰ ਇਨ੍ਹਾਂ ਨਕਲੀ ਧਾਰਮਿਕ ਫਿਰਕਿਆਂ ਵਿਚੋਂ ਕਦੇ ਕੁੱਝ ਨਹੀਂ ਮਿਲਿਆ ਤਾਂ ਸਾਨੂੰ ਵੀ ਕੁੱਝ ਨਹੀਂ ਮਿਲਣ ਵਾਲਾ। ਧਰਮ ਹਰੇਕ ਦਾ ਨਿੱਜ਼ੀ ਹੁੰਦਾ ਹੈ, ਧਰਮ ਕਦੇ ਜਥੇਬੰਧਕ ਨਹੀਂ ਹੋ ਸਕਦਾ? ਜਿਸ ਸਥਾਨ ਜਾਂ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ, ਉਥੇ ਦੇ ਸਾਂਝੇ ਮਸਲਿਆਂ, ਲੋਕ ਹਿੱਤਾਂ ਤੇ ਆਪਸੀ ਭਾਈਚਾਰਕ ਸਾਂਝ ਲਈ ਜਥੇਬੰਦੀ ਦੀ ਲੋੜ ਹੋ ਸਕਦੀ ਹੈ ਤੇ ਕੰਮ ਵੀ ਆ ਸਕਦੀ ਹੈ, ਪਰ ਧਰਮ ਲਈ ਕਦੇ ਜਥੇਬੰਦੀ ਦੀ ਲੋੜ ਨਹੀਂ ਹੋ ਸਕਦੀ? ਧਰਮ ਮਨੁੱਖ ਦੀ ਨਿੱਜੀ ਸਾਧਨਾ ਹੈ, ਮਨ ਨੂੰ ਸਾਧਣ ਦੀ ਆਪਣੀ ਕਮਾਈ ਹੈ, ਸੱਚ ਨੂੰ ਜਾਨਣ ਲਈ ਨਿੱਜੀ ਅਨੁਭਵ ਹੈ। ਮੇਰਾ ਇਹ ਮੰਨਣਾ ਹੈ ਕਿ ਜਦੋਂ ਤੱਕ ਦੁਨੀਆਂ ਵਿੱਚ ਜਥੇਬੰਦਕ ਧਰਮ ਕਾਇਮ ਹਨ, ਮਨੁੱਖ ਕਦੇ ਸ਼ਾਂਤੀ ਤੇ ਆਪਸੀ ਭਾਈਚਾਰੇ ਨਾਲ ਨਹੀਂ ਰਹਿ ਸਕਦਾ। ਇਨ੍ਹਾਂ ਧਰਮਾਂ ਦੀ ਸ਼ੁਰੂਆਤ ਹੀ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ ਨਾਲ ਹੁੰਦੀ ਹੈ। ਜਦੋਂ ਮਨੁੱਖ ਨੂੰ ਉਸਦੇ ਗੁਣਾਂ, ਉਸਦੀ ਸਖਸ਼ੀਅਤ, ਉਸਦੀ ਮਨੁੱਖਤਾ ਪ੍ਰਤੀ ਦੇਣ ਨੂੰ ਛੱਡ ਕੇ ਸਿਰਫ ਜਥੇਬੰਦਕ ਧਰਮ ਦੇ ਕਰਮਕਾਂਡਾਂ ਨੂੰ ਨਿਭਾਉਣ, ਖਾਸ ਧਾਰਮਿਕ ਚਿੰਨ੍ਹ ਧਾਰਨ ਕਰਨ, ਖਾਸ ਪਹਿਰਾਵੇ ਤੇ ਦਿਖਾਵੇ ਕਰਨ, ਖਾਸ ਤਰ੍ਹਾਂ ਦੀ ਪੂਜਾ ਪਾਠ ਦੇ ਅਧਾਰ ਤੇ ਵਿਸ਼ੇਸ਼ ਮੰਨ ਲਿਆ ਜਾਂਦਾ ਹੈ ਤਾਂ ਮਨੁੱਖ ਕਦੇ ਵਿਕਾਸ ਨਹੀਂ ਕਰ ਸਕਦਾ। ਵੈਸੇ ਵੀ ਸਾਰੇ ਧਾਰਮਿਕ ਫਿਰਕੇ ਪੁਰਾਤਨਤਾ ਵਿੱਚ ਵਿਸ਼ਵਾਸ਼ ਕਰਦੇ ਹਨ, ਵਿਕਾਸ ਵਿੱਚ ਨਹੀਂ। ਕੁਦਰਤ ਦਾ ਨਿਯਮ ਵਿਕਾਸ ਕਰਨਾ ਹੈ, ਹਰ ਚੀਜ਼ ਵਿਕਾਸ ਕਰ ਰਹੀ ਹੈ, ਇਥੇ ਕੁੱਝ ਵੀ ਖੜੋਤ ਵਿੱਚ ਨਹੀਂ ਹੈ। ਜੋ ਖੜੋਤ ਵਿੱਚ ਦਿਸਦਾ ਵੀ ਹੈ, ਉਹ ਵੀ ਖੜੋਤ ਵਿੱਚ ਨਹੀਂ ਹੈ, ਸਗੋਂ ਇਹ ਸਾਡਾ ਭਰਮ ਹੀ ਹੈ। ਕਿਸੇ ਜਗ੍ਹਾ ਪਿਆ ਪੱਥਰ ਦੇਖਣ ਨੂੰ ਲੱਗਦਾ ਹੈ ਕਿ ਖੜੋਤ ਵਿੱਚ ਹੈ, ਪਰ ਇੱਕ ਦਿਨ ਉਹ ਵੀ ਖਤਮ ਹੋ ਜਾਏਗਾ, ਉਹ ਵੀ ਵਿਕਾਸਮਾਨ ਹੈ। ਕੋਈ ਅਡੋਲ ਖੜਾ ਦਰਖਤ ਵੀ ਇੱਕ ਦਿਨ ਵੀ ਬੀਜ ਸੀ, ਜੋ ਪੌਦਾ ਬਣਿਆ ਤੇ ਵੱਡਾ ਦਰਖਤ ਬਣ ਕੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਵੇਗਾ। ਪਰ ਧਾਰਮਿਕ ਫਿਰਕੇ ਨਾ ਸਿਰਫ ਮਨੁੱਖਤਾ ਵਿਰੋਧੀ ਹਨ, ਸਗੋਂ ਵਿਕਾਸ ਦੇ ਵਿਰੋਧੀ ਹੋਣ ਕਰਕੇ ਕੁਦਰਤ ਦੇ ਵੀ ਵਿਰੋਧ ਵਿੱਚ ਖੜੇ ਹਨ, ਇਨ੍ਹਾਂ ਨੂੰ ਕੁਦਰਤ ਦੇ ਅੱਟਲ ਨਿਯਮਾਂ ਦੀ ਸੋਝੀ ਨਹੀਂ ਹੈ। ਨਹੀਂ ਤਾਂ ਇਹ ਕਦੇ ਇਹ ਪ੍ਰਚਾਰ ਨਾ ਕਰਨ ਕਿ ਜੋ ਸਾਡੇ ਗੁਰੂਆਂ, ਪੈਗੰਬਰਾਂ ਨੇ ਜੋ ਸਦੀਆਂ ਪਹਿਲਾਂ ਕਹਿ ਦਿੱਤਾ ਜਾਂ ਗ੍ਰੰਥਾਂ ਵਿੱਚ ਲਿਖ ਦਿੱਤਾ ਉਹ ਹੀ ਆਖਰੀ ਸੱਚ ਹੈ। ਇਥੇ ਸਭ ਵਿਕਾਸਮਾਨ ਤੇ ਨਾਸ਼ਵੰਤ ਹੈ, ਕੁੱਝ ਵੀ ਸਥਿਰ ਨਹੀਂ ਤੇ ਕੁੱਝ ਵੀ ਅੰਤਿਮ ਨਹੀਂ ਹੈ। ਨਾ ਸਿਰਫ ਦਿਸਦਾ ਸੰਸਾਰ ਹੀ ਵਿਕਾਸਮਾਨ ਹੈ, ਸਗੋਂ ਮਨੁੱਖੀ ਚੇਤੰਨਤਾ, ਮਨ, ਦਿਮਾਗ ਵੀ ਵਿਕਾਸਮਾਨ ਹੈ। ਅੱਜ ਦਾ ਬੱਚਾ ਜਿਤਨਾ ਚੇਤੰਨ, ਬੁੱਧੀਮਾਨ, ਫੁਰਤੀਲਾ ਤੇ ਵੱਧ ਉਮਰ ਜੀਣ ਵਾਲਾ ਹੈ, ਉਤਨਾ ਅੱਜ ਤੋਂ 100 ਜਾਂ 500 ਜਾਂ 1000 ਸਾਲ ਪਹਿਲਾਂ ਕਦੇ ਵੀ ਨਹੀਂ ਸੀ। ਪਰ ਪ੍ਰਚਲਤ ਜਥੇਬੰਦਕ ਧਰਮ ਮਨੁੱਖ ਦੇ ਵਿਕਾਸ ਵਿੱਚ ਰੁਕਾਵਟ ਹਨ, ਇਸੇ ਲਈ ਅੱਜ ਦੀ ਚੇਤੰਨ ਨੌਜਵਾਨ ਪੀੜ੍ਹੀ ਇਨ੍ਹਾਂ ਤੋਂ ਦੂਰ ਭੱਜ ਰਹੀ ਹੈ, ਮੇਰੇ ਖਿਆਲ ਵਿੱਚ ਭੱਜਣਾ ਹੀ ਚਾਹੀਦਾ ਹੈ, ਇਨ੍ਹਾਂ ਵਿੱਚ ਫੋਕਟ ਕਰਮਕਾਂਡ ਨਿਭਾਉਣ ਤੋਂ ਇਲਾਵਾ ਹੈ ਵੀ ਕੀ ਹੈ, ਜਿਸ ਲਈ ਛੋਟੀ ਜਿਹੀ ਜ਼ਿੰਦਗੀ ਨੂੰ ਬਰਬਾਦ ਕੀਤਾ ਜਾਵੇ। ਪਰ ਮੈਂ ਇਹ ਜਰੂਰ ਕਹਾਂਗਾ ਕਿ ਅੱਜ ਦੇ ਮਨੁੱਖ ਨੂੰ ਇਨ੍ਹਾਂ ਨਕਲੀ ਧਰਮਾਂ ਤੋਂ ਭੱਜ ਕੇ ਆਪਣੇ ਨਿੱਜ ਘਰ ਵੱਲ ਨੂੰ ਮੁੜਨ ਦੀ ਲੋੜ ਹੈ। ਸਭ ਧਰਮ ਗੁਰੂਆਂ ਦਾ ਇਹੀ ਸੰਦੇਸ਼ ਸੀ ਤੇ ਹੈ ਕਿ ਧਰਮ ਬਾਹਰ ਨਹੀਂ, ਤੁਹਾਡੇ ਅੰਦਰ ਹੈ, ਉਸਨੂੰ ਖੋਜਣਾ ਹੀ ਧਰਮੀ ਹੋਣਾ ਹੈ। ਉਸ ਲਈ ਕਿਸੇ ਕਰਮਕਾਂਡ, ਕਿਸੇ ਧਾਰਮਿਕ ਪਹਿਰਾਵੇ, ਕਿਸੇ ਧਾਰਮਿਕ ਚਿੰਨ੍ਹ, ਕਿਸੇ ਧਾਰਮਿਕ ਫਿਰਕੇ ਜਾਂ ਸਮਾਜ ਨੂੰ ਛੱਡਣ ਦੀ ਲੋੜ ਨਹੀਂ। ਸਮਾਜ-ਪਰਿਵਾਰ ਵਿੱਚ ਵਿਚਰਦਿਆਂ, ਆਪਣੀਆਂ ਜਿੰਮੇਵਾਰੀਆਂ ਨਿਭਾਉਂਦਿਆਂ, ਜੀਵਨ ਦਾ ਆਨੰਦ ਲੈਂਦਿਆਂ, ਆਪਣੇ ਨਿੱਜ (ਸਵੈ) ਨਾਲ ਜੁੜਿਆ ਜਾ ਸਕਦਾ ਹੈ। ਇਤਨੀ ਗੱਲ ਜਰੂਰ ਹੋ ਸਕਦੀ ਹੈ ਕਿ ਆਪਣੇ ਸਵੈ ਨਾਲ ਜੁੜਨ ਦਾ ਤਰੀਕਾ ਜੇ ਨਾ ਪਤਾ ਹੋਵੇ ਤਾਂ ਕਿਸੇ ਜਾਣਕਾਰ ਤੋਂ ਸਿੱਖਿਆ ਜਾ ਸਕਦਾ ਹੈ?

ਅੱਜ ਦੇ ਇਸ ਲੇਖ ਦਾ ਵਿਸ਼ਾ ਇਸ ਗੱਲ ਤੇ ਵਿਚਾਰ ਕਰਨਾ ਹੈ ਕਿ ਕੀ ਸਿੱਖ ਧਰਮ ਸਿਰਫ ਸ਼ਰਧਾ ਤੇ ਕਰਮਕਾਂਡਾਂ ਅਧਾਰਿਤ ਹੀ ਹੈ ਜਾਂ ਇਸ ਵਿੱਚ ਤਰਕ ਜਾਂ ਦਲੀਲ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ? ਬੇਸ਼ਕ ਸਿੱਖ ਗੁਰਦੁਆਰਿਆਂ ਜਾਂ ਸਿੱਖ ਸਮਾਜ ਦੀਆਂ ਧਾਰਮਿਕ ਪ੍ਰੰਪਰਾਵਾਂ ਨੂੰ ਦੇਖ ਕੇ ਜਾਂ ਬਹੁਤੇ ਪ੍ਰਚਾਰਕਾਂ ਤੇ ਖਾਸਕਰ ਡੇਰਿਆਂ ਦੇ ਪੜ੍ਹੇ ਹੋਏ ਪ੍ਰਚਾਰਕਾਂ ਨੂੰ ਸੁਣ ਕੇ ਤਾਂ ਇਹੀ ਲਗਦਾ ਹੈ ਕਿ ਸਿੱਖ ਧਰਮ ਵਿੱਚ ਦਲੀਲ ਜਾਂ ਤਰਕ ਨੂੰ ਕੋਈ ਥਾਂ ਨਹੀਂ ਹੈ ਤੇ ਸਿੱਖ ਧਰਮ ਦੀਆਂ ਮਰਿਯਾਦਾਵਾਂ, ਕਰਮਕਾਂਡ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹ ਆਦਿ ਵੀ ਅੰਧ ਵਿਸ਼ਵਾਸ਼ੀ ਸ਼ਰਧਾ ਅਧਾਰਿਤ ਹੀ ਹਨ। ਸਿੱਖ ਧਰਮ ਵਿੱਚ ਵੀ ਹੋਰ ਧਾਰਮਿਕ ਫਿਰਕਿਆਂ ਵਾਂਗ ਤਰਕ, ਦਲੀਲ ਆਦਿ ਨੂੰ ਕੋਈ ਥਾਂ ਨਹੀਂ ਹੈ। ਬੇਸ਼ਕ ਇੱਕ ਪਾਸੇ ਸਾਡੇ ਬਹੁਤ ਸਾਰੇ ਪ੍ਰਚਾਰਕ ਅਜਿਹਾ ਦਾਅਵਾ ਵੀ ਕਰਦੇ ਹਨ ਕਿ ਸਿੱਖ ਧਰਮ ਨਵੇਂ ਯੁੱਗ ਦਾ ਵਿਗਿਆਨਕ ਧਰਮ ਹੈ ਤੇ ਦੂਜੇ ਪਾਸੇ ਹਰ ਛੋਟੀ-ਛੋਟੀ ਗੱਲ ਤੇ ਤਰਕ ਜਾਂ ਦਲੀਲ ਦੇਣ ਨਾਲ ਇਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਧਰਮ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਤਰਕ ਤੇ ਦਲੀਲ ਨਾਲ ਗੱਲ ਕਰਨ ਵਾਲੇ ਨੂੰ ਧਰਮ ਵਿਚੋਂ ਛੇਕਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੇ ਬਾਈਕਾਟ ਕੀਤੇ ਜਾਂਦੇ ਹਨ। ਪਿਛਲੇ ਸਮੇਂ ਵਿੱਚ ਅਜਿਹੇ ਅਨੇਕਾਂ ਕੇਸ ਸਾਹਮਣੇ ਆਏ ਹਨ, ਜਦੋਂ ਕਈ ਸਿੱਖ ਵਿਦਵਾਨਾਂ ਨੂੰ ਆਪਣੀਆਂ ਲਿਖਤਾਂ ਕਾਰਨ ਪੰਥ ਵਿੱਚੋਂ ਛੇਕਿਆ ਗਿਆ ਹੈ ਅਤੇ ਅਨੇਕਾਂ ਤੇ ਭਾਰੀ ਦਬਾਅ ਪਾ ਕੇ ਮਾਫੀਆਂ ਮੰਗਵਾਈਆਂ ਗਈਆਂ, ਕਦੇ ਕਿਸੇ ਤਰਕ ਜਾਂ ਦਲੀਲ ਨਾਲ ਜਵਾਬ ਨਹੀਂ ਦਿੱਤਾ ਗਿਆ। ਅਸੀਂ ਪੁਰਾਣੇ ਸਮੇਂ ਵਿੱਚ ਦੇਖਦੇ ਹਾਂ ਕਿ ਕਿਵੇਂ ਚਰਚ ਵਲੋਂ ਅਨੇਕਾਂ ਵਿਗਿਆਨੀਆਂ ਦੀਆਂ ਖੋਜਾਂ ਨੂੰ ਇਸਾਈਅਤ ਖਿਲਾਫ ਦੱਸ ਕੇ ਤਸੀਹੇ ਤੇ ਸਜ਼ਾਵਾਂ ਦਿੱਤੀਆਂ ਗਈਆਂ ਸਨ। ਇਸਲਾਮ ਦਾ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ, ਜਿਥੇ ਲੱਖਾਂ ਲੋਕਾਂ ਨੂੰ ਧਰਮ ਵਿਰੋਧੀ ਜਾਂ ਇਸਲਾਮ ਵਿਰੋਧੀ ਕਾਫਰ ਮੰਨ ਕੇ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਰਹੇ ਹਨ। ਔਰਤਾਂ ਨਾਲ ਬਦਸਲੂਕੀਆਂ ਤੇ ਅੱਤਿਆਚਾਰਾਂ ਨਾਲ ਸਾਰੇ ਧਰਮਾਂ ਦੇ ਇਤਿਹਾਸ ਭਰੇ ਪਏ ਹਨ। ਇੰਡੀਆ ਜਾਂ ਸਾਊਥ ਏਸ਼ੀਅਨ ਦੇਸ਼ਾਂ ਵਿੱਚ ਧਰਮ, ਕੌਮ ਤੇ ਜਾਤ ਦੇ ਨਾਮ ਜਿਤਨਾ ਖੂਨ ਡੋਲਿਆ ਗਿਆ ਹੈ ਜਾਂ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਹੈ, ਉਤਨਾ ਰਾਜਨੀਤਕ ਲੜਾਈਆਂ ਨਾਲ ਨਹੀਂ ਹੋਇਆ। ਸਿੱਖ ਧਰਮ ਨੂੰ ਵਿਗਿਆਨਕ ਤੇ ਨਵੇਂ ਯੁਗ ਦਾ ਦੱਸਣ ਵਾਲੇ ਤਰਕ ਤੇ ਦਲੀਲ ਨਾਲ ਗੱਲ ਕਰਨ ਵਾਲਿਆਂ ਨੂੰ ਨਾਸਤਿਕ ਹੋਣ ਦਾ ਖਿਤਾਬ ਝੱਟ ਦੇ ਮਾਰਦੇ ਹਨ। ਪਰ ਕੀ ਸੱਚਮੁੱਚ ਹੀ ਸਿੱਖ ਵਿਚਾਰਧਾਰਾ ਤਰਕਹੀਣ ਤੇ ਦਲੀਲ ਵਿਰੋਧੀ ਹੈ ਜਾਂ ਇਸ ਵਿੱਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਸਮਰਥਾ ਹੈ? ਇਸ ਬਾਰੇ ਅਸੀਂ ਕੁੱਝ ਵਿਚਾਰਾਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿਚੋਂ ਲੈ ਕੇ ਸਮਝਣ ਦਾ ਯਤਨ ਕਰਾਂਗੇ।

ਜੇ ਅਸੀਂ ਗੱਲ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਿਤ ਹੀ ਕਰੀਏ ਤਾਂ ਸਾਨੂੰ ਕਈ ਉਦਾਹਰਣਾਂ ਮਿਲ ਜਾਂਦੀਆਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਗੱਲ ਨੂੰ ਜਿਥੇ ਤਰਕ ਤੇ ਦਲੀਲ ਨਾਲ ਪੇਸ਼ ਕੀਤਾ, ਉਥੇ ਉਨ੍ਹਾਂ ਨੇ ਆਪਣੇ ਸਮੇਂ ਵਿੱਚ ਪ੍ਰਚਲਤ ਧਾਰਮਿਕ ਰੀਤਾਂ-ਰਸਮਾਂ-ਕਰਮਕਾਂਡਾਂ ਆਦਿ ਨੂੰ ਵੀ ਬੜੀ ਬੇਬਾਕੀ ਤੇ ਤਰਕ ਨਾਲ ਰੱਦ ਕੀਤਾ ਤੇ ਲੋਕਾਈ ਨੂੰ ਸੱਚ ਦਾ ਮਾਰਗ ਦਿਖਾਇਆ। ਉਨ੍ਹਾਂ ਦੇ ਜੀਵਨ ਦੀਆਂ ਕੁੱਝ ਉਦਾਹਰਣਾਂ ਤੇ ਝਾਤ ਮਾਰਦੇ ਹਾਂ।

-ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਆਮ ਪ੍ਰਚਲਤ ਹੈ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਜਨੇਊ ਪਹਿਨਾਉਣ ਦਾ ਸਮਾਗਮ ਰਚਾਇਆ ਤਾਂ ਗੁਰੂ ਨਾਨਕ ਸਾਹਿਬ ਨੇ ਬੜੇ ਤਰਕ ਨਾਲ ਪੰਡਤ ਨੂੰ ਜਨੇਊ ਪਾਉਣ ਤੋਂ ਰੋਕ ਦਿੱਤਾ ਕਿ ਇਸ ਧਾਗੇ ਦੇ ਪਹਿਨਣ ਨਾਲ ਮੈਨੂੰ ਕੀ ਲਾਭ ਹੋਵੇਗਾ? ਕੀ ਧਾਗਾ ਮੇਰੇ ਚਰਿੱਤਰ ਨੂੰ ਉੱਚਾ ਚੁੱਕ ਸਕੇਗਾ? ਕੀ ਇਹ ਜਨੇਊ ਪਾਉਣ ਨਾਲ ਮੇਰੇ ਅੰਦਰ ਦਇਆ, ਸੰਤੋਖ, ਸੱਚ ਆਦਿ ਗੁਣ ਆ ਜਾਣਗੇ? ਅਜਿਹੇ ਅਨੇਕਾਂ ਤਰਕਾਂ ਤੇ ਦਲੀਲਾਂ ਨਾਲ ਗੁਰੂ ਨਾਨਕ ਸਾਹਿਬ ਨੇ ਪੰਡਿਤ ਦਾ ਧਾਰਮਿਕ ਚਿੰਨ੍ਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰਬਾਣੀ ਫੁਰਮਾਨ ਹੈ: ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥’ (ਪੰਨਾ: 471) ਪਰ ਅੱਜ ਸਿੱਖਾਂ ਵਲੋਂ ਵੀ ਅਨੇਕਾਂ ਕਰਮਕਾਂਡੀ ਰੀਤਾਂ ਤੇ ਧਾਰਮਿਕ ਚਿੰਨ੍ਹਾਂ ਨੂੰ ਬੜੀ ਮਹੱਤਤਾ ਨਾਲ ਪ੍ਰਚਲਤ ਕੀਤਾ ਹੋਇਆ ਹੈ, ਜਿਨ੍ਹਾਂ ਤੇ ਤਰਕ ਕਰਨ ਨੂੰ ਧਰਮ ਵਿਰੋਧੀ ਦੱਸਿਆ ਜਾਂਦਾ ਹੈ। ਅੱਜ ਸਿੱਖਾਂ ਵਿੱਚ ਵਿਵਹਾਰ ਜਾਂ ਕਿਰਦਾਰ ਨਾਲੋਂ ਧਾਰਮਿਕ ਚਿੰਨ੍ਹਾਂ ਤੇ ਬਾਹਰੀ ਪਹਿਰਾਵੇ ਨੂੰ ਸਿੱਖੀ ਦਾ ਮੁਢਲਾ ਅਸੂਲ ਮੰਨ ਲਿਆ ਗਿਆ ਹੈ। ਬਾਹਰੀ ਦਿਖਾਵਾ ਜਾਂ ਪਹਿਰਾਵਾ ਨਾ ਰੱਖਣ ਵਾਲਿਆਂ ਨੂੰ ਸਿੱਖ ਮੰਨਣ ਤੋਂ ਹੀ ਇਨਕਾਰ ਕੀਤਾ ਜਾ ਰਿਹਾ ਹੈ। ਗੁਰਦੁਆਰਿਆਂ ਦੇ ਸੰਵਿਧਾਨ ਇਸ ਢੰਗ ਨਾਲ ਬਣਾਏ ਜਾਂ ਤਬਦੀਲ ਕੀਤੇ ਜਾ ਰਹੇ ਹਨ ਕਿ ਅਕਲ ਜਾਂ ਲਿਆਕਤ ਵਾਲਿਆਂ ਨੂੰ ਲਾਂਭੇ ਕਰਕੇ ਸਿਰਫ ਦਿਖਾਵੇ, ਪਹਿਰਾਵੇ ਜਾਂ ਚੋਲਿਆਂ ਵਾਲੇ ਥੋੜੇ ਜਿਹੇ ਲੋਕ ਹੀ ਗੁਰਦੁਆਰਿਆ ਤੇ ਕਾਬਿਜ਼ ਰਹਿਣ। ਦੁਨੀਆਂ ਭਰ ਵਿੱਚ ਬੜੀ ਸਾਜ਼ਿਸ਼ ਨਾਲ ਪੜ੍ਹੇ ਲਿਖੇ ਜਾਂ ਵੱਖ-ਵੱਖ ਖੇਤਰਾਂ ਦੇ ਮਾਹਿਰ ਵਿਅਕਤੀਆਂ ਨੂੰ ਉਨ੍ਹਾਂ ਦੇ ਸਰੀਰਕ ਦਿਖਾਵੇ (ਆਊਟਰ ਲੁੱਕ) ਜਾਂ ਪਹਿਰਾਵੇ ਕਰਕੇ ਸਿੱਖ ਸੰਸਥਾਵਾਂ ਤੋਂ ਬਾਹਰ ਧੱਕਿਆ ਜਾ ਰਿਹਾ ਹੈ। ਜੇ ਗੁਰੂ ਨਾਨਕ ਸਾਹਿਬ ਹਿੰਦੂ ਧਰਮ ਜਾਂ ਉਨ੍ਹਾਂ ਤੋਂ ਪਹਿਲੇ ਧਰਮਾਂ (ਇਸਲਾਮ, ਬੁੱਧ, ਜੈਨ, ਯੋਗ ਆਦਿ) ਦੇ ਸਮਾਂ ਵਿਹਾਅ ਚੁੱਕੇ ਧਾਰਮਿਕ ਚਿੰਨ੍ਹਾਂ ਆਦਿ ਨੂੰ ਤਰਕ ਨਾਲ ਰੱਦ ਕਰ ਸਕਦੇ ਹਨ ਤਾਂ ਕੀ ਸਿੱਖਾਂ ਨੂੰ ਆਪਣੇ ਕਰਮਕਾਂਡਾਂ ਤੇ ਅਨੇਕਾਂ ਤਰ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਤਰਕ ਤੇ ਦਲੀਲ ਨਾਲ ਨਹੀਂ ਪਰਖਣਾ ਚਾਹੀਦਾ ਤਾਂ ਕਿ ਫੋਕਟ ਕਰਮਕਾਂਡਾਂ ਨੂੰ ਰੱਦ ਕਰਕੇ ਧਰਮ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ? ਸਮੇਂ ਅਨੁਸਾਰ ਧਰਮ ਨੂੰ ਨਵੀਨਤਮ ਰੂਪ ਦਿੱਤਾ ਜਾ ਸਕੇ। ਪਰ ਜਿਥੇ 21ਵੀਂ ਸਦੀ ਵਿੱਚ ਲੋਕ ਇਸ ਗੱਲ ਲਈ ਲੜ ਰਹੇ ਹੋਣ ਕਿ ਲੰਗਰ ਜਮੀਨ ਤੇ ਬੈਠ ਕੇ ਖਾਣਾ ਧਰਮ ਹੈ ਜਾਂ ਕੁਰਸੀਆਂ ਆਦਿ ਤੇ ਬੈਠ ਕੇ ਖਾਣਾ ਧਰਮ, ਉਨ੍ਹਾਂ ਲੋਕਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ? ਫਿਰ ਉਨ੍ਹਾਂ ਲੋਕਾਂ ਦੇ ਅਜਿਹੇ ਦਾਅਵਿਆਂ ਦਾ ਕੀ ਮਤਲਬ ਰਹਿ ਜਾਂਦਾ ਹੈ ਕਿ ਸਿੱਖ ਧਰਮ, ਨਵੇਂ ਯੁਗ ਦਾ ਵਿਗਿਆਨਕ ਧਰਮ ਹੈ?

-ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਨੇਕਾਂ ਸ਼ਬਦ ਅਜਿਹੇ ਮਿਲ ਜਾਂਦੇ ਹਨ, ਜਿਨ੍ਹਾਂ ਵਿੱਚ ਉਸ ਸਮੇਂ ਦੇ ਪ੍ਰਚਲਤ ਧਰਮਾਂ ਇਸਲਾਮ, ਬੁੱਧ, ਜੈਨ, ਯੋਗ ਆਦਿ ਦੇ ਨਾ ਸਿਰਫ ਧਾਰਮਿਕ ਚਿੰਨ੍ਹਾਂ ਨੂੰ ਨਕਾਰਿਆ ਗਿਆ ਹੈ, ਸਗੋਂ ਉਨ੍ਹਾਂ ਦੀਆਂ ਅਨੇਕਾਂ ਧਾਰਮਿਕ ਰਸਮਾਂ ਤੇ ਮਰਿਯਾਦਾਵਾਂ ਨੂੰ ਫੋਕਟ ਦੱਸਿਆ ਗਿਆ ਹੈ। ਜਿਵੇਂ ਕਿ ਇਸਲਾਮ ਵਿੱਚ ਸੁੰਨਤ (ਮਰਦ ਦੇ ਲਿੰਗ ਦੇ ਮੂਹਰਲੇ ਭਾਗ ਦੇ ਮਾਸ ਨੂੰ ਕੱਟਣਾ) ਬੜੀ ਮਹੱਤਵਪੂਰਨ ਧਾਰਮਿਕ ਰਸਮ ਹੈ, ਜਿਸ ਤੋਂ ਬਿਨਾਂ ਕੋਈ ਮਰਦ ਆਪਣੇ ਆਪ ਨੂੰ ਮੁਸਲਮਾਨ ਨਹੀਂ ਕਹਾ ਸਕਦਾ। ਉਸ ਬਾਰੇ ਕਟਾਕਸ਼ ਕਰਦੇ ਹੋਏ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਜੇ ਸੁੰਨਤ ਨਾਲ ਮਰਦ ਮੁਸਲਮਾਨ ਬਣਦਾ ਹੈ ਤਾਂ ਔਰਤ ਦੀ ਸੁੰਨਤ ਕਿਵੇਂ ਕਰੋਗੇ ਕਿ ਉਹ ਵੀ ਮੁਸਲਮਾਨ ਬਣ ਜਾਵੇ? ਗੁਰਬਾਣੀ ਵਿੱਚ ਇਥੋਂ ਤੱਕ ਤਰਕ ਕੀਤਾ ਗਿਆ ਹੈ ਕਿ ਜੇ ਰੱਬ ਨੂੰ ਮੁਸਲਮਾਨ ਬਣਾਉਣ ਲਈ ਸੁੰਨਤ ਦੀ ਜਰੂਰਤ ਸੀ ਤਾਂ ਉਹ ਪਹਿਲਾਂ ਹੀ ਮਰਦਾਂ ਦੇ ਲਿੰਗ ਦਾ ਮਾਸ ਕੱਟ ਕੇ ਭੇਜਦਾ? ਗੁਰਬਾਣੀ ਫੁਰਮਾਨ: ‘ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥ (ਪੰਨਾ: 477)। ਹੁਣ ਜੇ ਇਸ ਸ਼ਬਦ ਨੂੰ ਅੱਜ ਦੇ ਸਿੱਖ ਸਮਾਜ ਵਿੱਚ ਪ੍ਰਚਲਤ ਅਨੇਕਾਂ ਧਾਰਮਿਕ ਰੀਤਾਂ ਜਾਂ ਧਾਰਮਿਕ ਚਿੰਨ੍ਹਾਂ ਦੇ ਸੰਦਰਭ ਵਿੱਚ ਤਰਕ ਨਾਲ ਵਿਚਾਰਿਆ ਜਾਵੇ ਤਾਂ ਬਹੁਤੀਆਂ ਮਰਿਯਾਦਾਵਾਂ ਸਮਾਂ ਵਿਹਾਅ ਚੁੱਕੀਆਂ ਤੇ ਤਰਕਹੀਣ ਸਾਬਿਤ ਹੋਣਗੀਆਂ। ਜਿਨ੍ਹਾਂ ਨੂੰ ਛੱਡ ਕੇ ਅਗਾਂਹਵਧੂ ਤੇ ਵਿਗਿਆਨਕ ਹੋਣਾ ਹੀ ਸਿੱਖ ਧਰਮ ਦੀ ਫਿਲਾਸਫੀ ਹੈ।

-ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਿਤ ਇੱਕ ਹੋਰ ਘਟਨਾ ਸਿੱਖ ਇਤਿਹਾਸ ਵਿੱਚ ਕਾਫੀ ਪ੍ਰਚਲਤ ਹੈ ਕਿ ਹਿੰਦੂਆਂ ਦੇ ਵੱਡੇ ਤੀਰਥ ਅਸਥਾਨ ਹਰਿਦੁਆਰ ਵਿੱਚ ਲੋਕ ਸਰੋਵਰ ਵਿਚੋਂ ਪਾਣੀ ਸੂਰਜ ਵੱਲ ਉਛਾਲ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਪਾਣੀ ਦੂਜੇ ਪਾਸੇ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਲੋਕਾਂ ਨੇ ਇਸਦਾ ਕਾਰਨ ਪੁਛਿਆ ਤਾਂ ਗੁਰੂ ਨਾਨਕ ਸਾਹਿਬ ਨੇ ਮੋੜਵਾਂ ਸਵਾਲ ਕੀਤਾ ਕਿ ਤੁਸੀਂ ਸੂਰਜ ਵੱਲ ਪਾਣੀ ਕਿਉਂ ਉਛਾਲ ਰਹੇ ਹੋ ਤਾਂ ਉਨ੍ਹਾਂ ਦੇ ਜਵਾਬ ਕਿ ਅਸੀਂ ਪਿੱਤਰ ਲੋਕ ਵਿੱਚ ਆਪਣੇ ਪਿੱਤਰਾਂ ਨੂੰ ਪਾਣੀ ਪਹੁੰਚਾ ਰਹੇ ਤਾਂ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਅਤੇ ਉਨ੍ਹਾਂ ਵਲੋਂ ਇਹ ਕਹਿਣ ਤੇ ਕਿ ਇਹ ਪਾਣੀ ਕਰਤਾਰਪੁਰ ਕਿਵੇਂ ਪਹੁੰਚ ਸਕਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਤਰਕ ਕੀਤਾ ਕਿ ਜੇ ਮੇਰਾ ਪਾਣੀ ਕੁੱਝ ਸੌ ਕਿਲੋਮੀਟਰਾਂ ਤੱਕ ਨਹੀਂ ਜਾ ਸਕਦਾ ਤਾਂ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਸੂਰਜ ਤੱਕ ਕਿਵੇਂ ਪਹੁੰਚ ਸਕਦਾ ਹੈ? ਪਰ ਅੱਜ ਦੇ ਸਿੱਖ ਸਮਾਜ ਵੱਲ ਝਾਤੀ ਮਾਰੀ ਜਾਵੇ ਤਾਂ ਗੁਰਦੁਆਰਿਆਂ ਤੇ ਸਿੱਖ ਘਰਾਂ ਵਿੱਚ ਅਨੇਕਾਂ ਧਰਮ ਦੇ ਨਾਮ ਤੇ ਕਰਮਕਾਂਡ ਕੀਤੇ ਜਾ ਰਹੇ ਹਨ, ਜਿਹੜੇ ਗੁਰੂ ਨਾਨਕ ਸਾਹਿਬ ਦੇ ਅਜਿਹੇ ਤਰਕਬਾਣਾਂ ਅੱਗੇ ਇੱਕ ਪਲ ਵੀ ਨਹੀਂ ਖੜ ਸਕਦੇ? ਪਰ ਅੱਜ ਜੇ ਕੋਈ ਸਿੱਖ ਵਿਦਵਾਨ ਅਜਿਹੀਆਂ ਮੂਰਖਤਾ ਪੂਰਨ ਮਰਿਯਾਦਾਵਾਂ ਤੇ ਤਰਕ ਕਰਦਾ ਹੈ ਤਾਂ ਉਸ ਤੇ ਨਾਸਤਿਕ ਹੋਣ ਦਾ ਲੇਬਲ ਝੱਟ ਲਗਾ ਦਿੱਤਾ ਜਾਂਦਾ ਹੈ। ਗੁਰਦੁਆਰਿਆਂ ਤੇ ਕਾਬਿਜ਼ ਇੱਕ ਖਾਸ ਧੜੇ ਤੇ ਟੋਲੇ ਵਲੋਂ ਤਰਕ, ਦਲੀਲ ਤੇ ਸਮਝਦਾਰੀ ਨੂੰ ਨਾਸਤਿਕਤਾ, ਕਾਮਰੇਡੀ, ਆਰ. ਐਸ. ਐਸ ਦੇ ਏਜੰਟ ਦੇ ਖਿਤਾਬਾਂ ਰਾਹੀਂ ਆਪਣੇ ਵਿਚਾਰਧਾਰਕ ਵਿਰੋਧੀਆਂ ਖਿਲਾਫ ਵਰਤਿਆ ਜਾਂਦਾ ਹੈ ਤਾਂ ਕਿ ਭੋਲੇ-ਭਾਲੇ ਸ਼ਰਧਾਲੂਆਂ ਨੂੰ ਆਪਣਾ ਕਬਜ਼ਾ ਜਮਾਈ ਰੱਖਣ ਲਈ ਵਰਤਿਆ ਜਾ ਸਕੇ।

-ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਹੀ ਇੱਕ ਹੋਰ ਘਟਨਾ ਬੜੀ ਮਹੱਤਵਪੂਰਨ ਹੈ ਕਿ ਜਦੋਂ ਉਹ ਹਰਿਦੁਆਰ ਗਏ ਹੋਏ ਸਨ ਤਾਂ ਇੱਕ ਪਾਖੰਡੀ ਸਾਧ ਦੇ ਪਾਖੰਡ ਦਾ ਪਾਜ ਉਘਾੜਨ ਲਈ ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਹ ਸਾਧ ਜੋ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦਾ ਹੈ ਤੇ ਲੋਕਾਂ ਨੂੰ ਇਹ ਕਹਿ ਕੇ ਲੁੱਟ ਰਿਹਾ ਹੈ ਕਿ ਉਸਨੂੰ ਤਿੰਨਾਂ ਲੋਕਾਂ (ਧਰਤੀ, ਆਕਾਸ਼ ਤੇ ਪਾਤਾਲ) ਦੀ ਜਾਣਕਾਰੀ ਹੈ ਤੇ ਸਭ ਦੇ ਦਿਲਾਂ ਦੀਆਂ ਜਾਣ ਲੈਂਦਾ ਹੈ ਤਾਂ ਜਦੋਂ ਉਹ ਅੱਖਾਂ ਮੀਟੇ ਤਾਂ ਉਸਦਾ ਮਾਇਆ ਵਾਲਾ ਲੋਟਾ ਚੁੱਕ ਕੇ ਉਸਦੇ ਪਿਛੇ ਲੁਕਾ ਦੇਵੇ, ਭਾਈ ਮਰਦਾਨਾ ਜੀ ਨੇ ਅਜਿਹਾ ਹੀ ਕੀਤਾ ਤੇ ਜਦੋਂ ਸਾਧ ਨੇ ਅੱਖਾਂ ਖੋਲ੍ਹੀਆਂ ਤਾਂ ਲੋਟਾ ਗਾਇਬ ਦੇਖ ਕੇ ਘਬਰਾ ਗਿਆ ਤੇ ਗੁੱਸੇ ਵਿੱਚ ਲੋਕਾਂ ਨੂੰ ਸਰਾਪ ਦੇਣ ਲੱਗਾ ਤਾਂ ਗੁਰੂ ਨਾਨਕ ਸਾਹਿਬ ਨੇ ਤਰਕ ਕੀਤਾ ਕਿ ਜੇ ਤੈਨੂੰ ਸਾਰੀ ਸ੍ਰਿਸਟੀ ਦਾ ਗਿਆਨ ਹੈ, ਤੈਨੂੰ ਤਿੰਨਾਂ ਲੋਕਾਂ ਦੀਆਂ ਖ਼ਬਰਾਂ ਹਨ ਤਾਂ ਆਪਣੀ ਦਿੱਬ ਦ੍ਰਿਸ਼ਟੀ ਨਾਲ ਲੋਟਾ ਲੱਭ ਕਿਉਂ ਨਹੀਂ ਲੈਂਦਾ? ਉਸਦਾ ਗੁੱਸਾ ਦੇਖ ਕੇ ਗੁਰੂ ਨਾਨਕ ਸਾਹਿਬ ਨੇ ਦਲੀਲ ਤੇ ਤਰਕ ਨਾਲ ਲੋਕਾਂ ਨੂੰ ਦੱਸਿਆ ਕਿ ਬ੍ਰਹਮ ਗਿਆਨੀ ਹੋਣ ਦਾ ਦਾਅਵਾ ਕਰਨ ਵਾਲੇ ਨੂੰ ਆਪਣੇ ਪਿਛੇ ਪਿਆ ਲੋਟਾ ਤੇ ਨਜ਼ਰ ਨਹੀਂ ਆ ਰਿਹਾ ਤੇ ਗੱਲਾਂ ਤਿੰਨ ਲੋਕਾਂ ਦੀਆਂ ਕਰ ਰਿਹਾ ਹੈ। ਹੁਣ ਜੇ ਇਹੀ ਤਰਕ ਅੱਜ ਦੇ ਸਮੇਂ ਵਿੱਚ ਗੁਰਦੁਆਰਿਆਂ ਜਾਂ ਡੇਰਿਆਂ ਵਿੱਚ ਬੈਠੇ ਭਾਂਤ-ਭਾਂਤ ਦੇ ਸਾਧਾਂ ਤੇ ਲਗਾਇਆ ਜਾਵੇ ਤਾਂ ਉਹ ਤੁਹਾਡੇ ਤੇ ਸ਼ਰਧਾ ਹੀਣੇ ਨਾਸਤਿਕ ਤੇ ਕਾਮਰੇਡ ਹੋਣ ਦਾ ਇਲਜ਼ਾਮ ਲਗਾਉਣਗੇ? ਜਿਵੇਂ ਕਾਮਰੇਡ ਹੋਣਾ ਕੋਈ ਗੁਨਾਹ ਹੋਵੇ? ਦੇਖਿਆ ਜਾਵੇ ਤਾਂ ਹਿੰਦੁਸਤਾਨ ਜਾਂ ਪੰਜਾਬ ਵਿੱਚ, ਜੇ ਆਮ ਕਿਰਤੀਆਂ ਤੇ ਮਜਦੂਰਾਂ ਲਈ ਕੋਈ ਲੜਦਾ ਹੈ, ਸੰਘਰਸ਼ ਕਰਦਾ ਹੈ ਤਾਂ ਉਹ ਤਰਕਸ਼ੀਲ ਤੇ ਮਾਰਕਸਵਾਦੀ ਵਿਚਾਰਧਾਰਾ ਦੇ ਲੋਕ ਹੀ ਹਨ। ਪਰ ਧਾਰਮਿਕ ਪਹਿਰਾਵੇ ਦੇ ਦੰਭ ਵਿੱਚਲੇ ਪਾਖੰਡੀਆਂ ਵਲੋਂ ਲੋਕਾਂ ਦੇ ਮਨਾਂ ਵਿੱਚ ਤਰਕਸ਼ੀਲਤਾ ਤੇ ਮਾਰਕਸਵਾਦ ਨੂੰ ਧਰਮ ਵਿਰੋਧੀ ਪੇਸ਼ ਕੀਤਾ ਜਾਂਦਾ ਹੈ। ਤਰਕਸ਼ੀਲਤਾ ਤੇ ਨਾਸਤਿਕਤਾ ਅੱਗੇ ਉਨ੍ਹਾਂ ਦੇ ਨਕਲੀ ਧਰਮ ਤੇ ਨਕਲੀ ਰੱਬ ਇੱਕ ਪਲ ਵੀ ਖੜ ਨਹੀਂ ਸਕਦੇ, ਇਸ ਲਈ ਉਨ੍ਹਾਂ ਕੋਲ ਕਾਰਗਰ ਹਥਿਆਰ, ਤਰਕਸ਼ੀਲਾਂ ਬਾਰੇ ਘਟੀਆ ਪ੍ਰਚਾਰ ਕਰਨਾ ਹੀ ਹੈ। ਅਜਿਹੇ ਲੋਕ, ਕੁੱਝ ਪੜ੍ਹੇ ਲਿਖੇ ਤੇ ਸੂਝਵਾਨ ਪ੍ਰਚਾਰਕ, ਜੋ ਲੋਕਾਂ ਨੂੰ ਵਹਿਮਾਂ-ਭਰਮਾਂ-ਪਾਖੰਡਾਂ-ਕਰਮਕਾਂਡਾਂ ਆਦਿ ਵਿਚੋਂ ਕੱਢਣ ਲਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ, ਤੇ ਵੀ ਨਾਸਤਿਕ ਅਤੇ ਤਰਕਸ਼ੀਲ ਹੋਣ ਦਾ ਇਲਜ਼ਾਮ ਲਗਾਉਣ ਤੱਕ ਜਾਂਦੇ ਹਨ।

-ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਦੇ ਜ਼ਿਕਰ ਨਾਲ ਉਨ੍ਹਾਂ ਦੀ ਤਰਕ, ਦਲੀਲ ਤੇ ਵਿਗਿਆਨਕ ਵਿਚਾਰਧਾਰਾ ਨੂੰ ਹੋਰ ਸੌਖੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ, ਜਦੋਂ ਉਹ ਇਸਲਾਮ ਦੇ ਗੜ੍ਹ ਮੱਕੇ ਗਏ ਤੇ ਉਥੇ ਉਹ ਕਾਅਬੇ ਵੱਲ ਪੈਰ ਕਰਕੇ ਲੇਟ ਗਏ ਤਾਂ ਲੋਕਾਂ ਨੇ ਇਤਰਾਜ਼ ਕੀਤਾ ਕਿ ਉਨ੍ਹਾਂ ਨੇ ਰੱਬ ਦੇ ਘਰ ਵੱਲ ਪੈਰ ਕਰਕੇ ਇਸਲਾਮ ਦੀ ਤੌਹੀਨ ਕੀਤੀ ਹੈ ਤਾਂ ਗੁਰੂ ਜੀ ਨੇ ਬੜੇ ਸਹਿਜ ਨਾਲ ਆਪਣਾ ਤਰਕਸ਼ੀਲ ਵਿਚਾਰ ਪੇਸ਼ ਕੀਤਾ ਕਿ ਜਿਧਰ ਰੱਬ ਦਾ ਘਰ ਨਹੀਂ ਉਧਰ ਪੈਰ ਕਰ ਦੇਵੋ, ਕਿਉਂਕਿ ਇਸਲਾਮ ਵੀ ਇਸ ਗੱਲ ਵਿੱਚ ਵਿਸ਼ਵਾਸ਼ ਕਰਦਾ ਹੈ ਕਿ ਅੱਲ੍ਹਾ ਸਭ ਜਗ੍ਹਾ ਮੌਜੂਦ ਹੈ। ਗੁਰੂ ਨਾਨਾਕ ਸਾਹਿਬ ਨੇ ਲੋਕਾਂ ਨੂੰ ਦਲੀਲ ਨਾਲ ਚੈਲਿੰਜ ਕੀਤਾ ਕਿ ਤੁਸੀਂ ਰੱਬ ਦੇ ਨਾਮ ਤੇ ਮਨੁੱਖਤਾ ਵਿੱਚ ਵੰਡੀਆਂ ਨਹੀਂ ਪਾ ਸਕਦੇ।

-ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਹਿੰਦੂਆਂ ਦੇ ਇਸ ਵਿਸ਼ਵਾਸ਼ ਨੂੰ ਦਲੀਲ ਨਾਲ ਨਕਾਰਿਆ, ਜਿਸ ਅਨੁਸਾਰ ਧਰਤੀ ਨੂੰ ਬਲਦ ਨੇ ਆਪਣੇ ਸਿੰਗਾਂ ਉੱਪਰ ਚੁੱਕਿਆ ਹੋਇਆ ਹੈ। ਉਨ੍ਹਾਂ ਤਰਕ ਕੀਤਾ ਕਿ ਜੇ ਧਰਤੀ ਨੂੰ ਬਲਦ ਨੇ ਆਪਣੇ ਸਿੰਗਾਂ ਤੇ ਚੁੱਕਿਆ ਹੋਇਆ ਹੈ ਤਾਂ ਫਿਰ ਬਲਦ ਕਿਸ ਧਰਤੀ ਤੇ ਖੜਾ ਹੈ? ਜੇ ਉਸ ਬਲਦ ਹੇਠਾਂ ਕੋਈ ਹੋਰ ਧਰਤੀ ਹੈ ਤਾਂ ਫਿਰ ਉਸ ਧਰਤੀ ਨੂੰ ਕਿਸਨੇ ਚੁੱਕਿਆ ਹੋਇਆ ਹੈ। ਉਨ੍ਹਾਂ ਆਪਣਾ ਵਿਚਾਰ ਪੇਸ਼ ਕੀਤਾ ਕਿ ਧਰਤੀਆਂ (ਭਾਵ ਗ੍ਰਹਿ) ਤਾਂ ਬੇਅੰਤ ਹਨ, ਉਹ ਕਿਸ ਆਸਰੇ ਖੜੀਆਂ ਹਨ? ‘ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥’ (ਪੰਨਾ: 3)। ਅੱਜ ਦਾ ਸਿੱਖ ਗੁਰੂ ਨਾਨਾਕ ਸਾਹਿਬ ਵਰਗੀ ਵਿਗਿਆਨਕ ਤੇ ਦਲੀਲ ਵਾਲੀ ਵਿਚਾਰਧਾਰਾ ਤੋਂ ਦੂਰ ਭੱਜ ਕੇ ਵਹਿਮਾਂ-ਭਰਮਾਂ ਵਿੱਚ ਫਸ ਕੇ ਪਾਖੰਡੀ ਸਾਧਾਂ, ਤਾਂਤਰਿਕਾਂ, ਜੋਤਸ਼ੀਆਂ, ਪਾਂਡਿਆਂ ਆਦਿ ਹੱਥੋਂ ਲੁੱਟ ਹੋ ਰਿਹਾ ਹੈ ਤੇ ਤਰਕਵਾਦੀਆਂ ਨੂੰ ਧਰਮ ਵਿਰੋਧੀ ਦੱਸਦਾ ਹੈ।

-ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਵੱਖ-ਵੱਖ ਪੁਰਾਤਨ ਵਿਸ਼ਵਾਸ਼ਾਂ ਨੂੰ ਦਲੀਲ ਤੇ ਤਰਕ ਨਾਲ ਰੱਦ ਕੀਤਾ ਗਿਆ ਹੈ। ਜਿਸ ਤਰ੍ਹਾਂ ਹਿੰਦੂਆਂ ਦਾ ਇੱਕ ਵਿਸ਼ਵਾਸ਼ ਸੀ ਜਾਂ ਹੁਣ ਵੀ ਹੈ, ਕਿ ਤੀਰਥ ਅਸਥਾਨਾਂ (ਵੱਡੇ ਹਿੰਦੂ ਧਾਰਮਿਕ ਮੰਦਰਾਂ) ਦੇ ਨਾਲ ਬਣੇ ਸਰੋਵਰਾਂ ਵਿੱਚ ਨਹਾਉਣ ਨਾਲ ਨਾ ਸਿਰਫ ਪਾਪ ਕੱਟੇ ਜਾਂਦੇ ਹਨ, ਸਗੋਂ ਮਨੋ ਕਾਮਨਾਮਾਂ ਵੀ ਪੂਰੀਆਂ ਹੁੰਦੀਆਂ ਹਨ, ਖਾਸਕਰ ਸੰਗਰਾਂਦ, ਮੱਸਿਆ, ਪੁੰਨਿਆ, ਕੁੰਭ ਦੇ ਮੇਲੇ, ਸੂਰਜ ਜਾਂ ਚੰਦ ਗ੍ਰਹਿਣਾਂ ਆਦਿ ਮੌਕਿਆਂ ਤੇ ਨਹਾਉਣ ਨਾਲ। ਉਨ੍ਹਾਂ ਦਾ ਇਹ ਵੀ ਵਿਸ਼ਵਾਸ਼ ਹੈ ਕਿ ਰੱਬ ਦੀ ਪ੍ਰਾਪਤੀ ਲਈ ਜਾਂ ਰੱਬ ਨੂੰ ਖੁਸ਼ ਕਰਨ ਲਈ ਖਾਸ ਮੌਕਿਆਂ ਤੇ ਸਰੋਵਰ ਇਸ਼ਨਾਨ ਬੜਾ ਮਹੱਤਵਪੂਰਨ ਹੈ। ਗੁਰਬਾਣੀ ਨੇ ਇਸ ਤੇ ਬੜਾ ਵਿਅੰਗਮਈ ਤਰਕ ਕੀਤਾ ਹੈ ਕਿ ਜੇ ਸਰੋਵਰਾਂ ਵਿੱਚ ਨਹਾਉਣ ਨਾਲ ਰੱਬ ਮਿਲਦਾ ਹੈ ਜਾਂ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਰੱਬ ਪਹਿਲਾਂ ਡੱਡੂਆਂ ਜਾਂ ਮੱਛੀਆਂ ਨੂੰ ਮਿਲਦਾ, ਜੋ ਹਮੇਸ਼ਾਂ ਪਾਣੀ ਵਿੱਚ ਹੀ ਰਹਿੰਦੇ ਹਨ। ‘ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡਕ ਨਾਵਹਿ॥ ਜੈਸੇ ਮੇਂਡੁਕ ਤੈਸੇ ਉਇ ਨਰ ਫਿਰਿ ਫਿਰਿ ਜੋਨੀ ਆਵਹਿ॥’ (ਪੰਨਾ: 484)। ਗੁਰਬਾਣੀ ਤਾਂ ਸਰੋਵਰਾਂ ਦੇ ਇਸ਼ਨਾਨ ਦਾ ਖੰਡਨ ਕਰਦੀ ਹੈ, ਪਰ ਲੋਕ ਗੁਰਦੁਆਰਿਆਂ ਨਾਲ ਬਣੇ ਸਰੋਵਰਾਂ ਵਿੱਚ ਸੰਗਰਾਂਦ, ਮੱਸਿਆ ਜਾਂ ਖਾਸ ਮੌਕਿਆਂ ਤੇ ਹਿੰਦੂ ਸ਼ਰਧਾਲੂਆਂ ਵਰਗੀ ਭਾਵਨਾ ਨਾਲ ਇਸ਼ਨਾਨ ਕਰਦੇ ਹਨ। ਪਿਛੇ ਜਿਹੇ ਇੱਕ ਸਿੱਖ ਪ੍ਰਚਾਰਕ ਨੂੰ ਪੰਥ ਵਿਚੋਂ ਛੇਕਣ ਲਈ ਅਕਾਲ ਤਖਤ ਤੇ ਕੁੱਝ ਗੁਰਦੁਅਰਿਆਂ ਦੇ ਪ੍ਰਬੰਧਕਾਂ ਤੇ ਜਥੇਬੰਦੀਆਂ ਨੇ ਪਹੁੰਚ ਕੀਤੀ ਕਿਉਂਕਿ ਉਸਨੇ ਸਰੋਵਰਾਂ ਦੀ ਬੇਅਦਬੀ ਕਰ ਦਿੱਤੀ ਸੀ। ਭਾਵੇਂ ਕਿ ਉਸ ਪ੍ਰਚਾਰਕ ਨੇ ਗੁਰਬਾਣੀ ਦੀ ਹੀ ਵਿਆਖਿਆ ਕੀਤੀ ਸੀ। ਹੈਰਾਨੀ ਹੁੰਦੀ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ, ਪੂਜਦੇ ਹਨ, ਉਸੇ ਦੀ ਬਾਣੀ ਦੀ ਵਿਆਖਿਆ ਕਰਨ ਤੇ ਪੰਥ ਵਿਚੋਂ ਛੇਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ? ਕਾਰਨ ਸਿਰਫ ਇਹ ਹੈ ਕਿ ਅਸੀਂ ਬਾਣੀ ਨੂੰ ਵਪਾਰ ਬਣਾ ਲਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਦੀ ਵਸਤੂ। ਇਸ ਵਿੱਚ ਕੀ ਲਿਖਿਆ ਹੈ, ਇਸ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਸਾਡੇ ਲਈ ਸੱਚ, ਸਾਡਾ ਪਾਖੰਡ ਹੈ, ਸਾਡੀਆਂ ਕਰਮਕਾਂਡੀ ਮਰਿਯਾਦਾਵਾਂ ਹਨ, ਸਾਡੀਾਂ ਸਮਾਂ ਵਿਹਾਅ ਚੁੱਕੀਆਂ ਅਖੌਤੀ ਪੁਰਾਤਨ ਪ੍ਰੰਪਰਾਵਾਂ ਹਨ। ਜਿਨ੍ਹਾਂ ਦਾ ਭਾਰ ਢੋਹਣਾ ਹੀ ਸਾਡੇ ਲਈ ਧਰਮ ਹੈ।

-ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਇੱਕ ਸਾਖੀ ਦਾ ਜ਼ਿਕਰ ਕਰਨਾ ਵੀ ਠੀਕ ਰਹੇਗਾ, ਜਿਸ ਅਨੁਸਾਰ ਜਦੋਂ ਕਿਸੇ ਸਿੱਖ ਨੇ ਕਿਹਾ ਕਿ ਮੈਂ ਪਾਠ ਤੇ ਰੋਜ਼ ਕਰਦਾ ਹਾਂ, ਪਰ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ, ਕੋਈ ਅਸਰ ਨਹੀਂ ਹੋ ਰਿਹਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਘਰ ਜਾ ਕੇ ਰੋਜ਼ਾਨਾ ਦੁੱਧ ਵਿੱਚ ਕਾਜੂ, ਬਦਾਮ ਤੇ ਹਰ ਮੇਵੇ ਪਾ ਕੇ ਸ਼ਰਦਾਈ ਬਣਾ ਲਈਂ, ਪਰ ਇਸਨੂੰ ਪੀਣਾ ਨਹੀਂ ਰੋਜ਼ਾਨਾ ਕਰੂਲੀਆਂ ਕਰਨੀਆਂ ਹਨ, ਫਿਰ ਕੁੱਝ ਦਿਨਾਂ ਬਾਅਦ ਦੇਖੀਂ ਕਿ ਤੇਰੇ ਸਰੀਰ ਨੂੰ ਕਿਤਨਾ ਲਾਭ ਹੋਇਆ ਹੈ, ਇਸਤੇ ਉਸ ਵਿਅਕਤੀ ਨੇ ਤਰਕ ਕੀਤਾ ਕਿ ਜਦੋਂ ਕੁੱਝ ਅੰਦਰ ਨਹੀਂ ਜਾਵੇਗਾ, ਸਿਰਫ ਕਰੂਲੀਆਂ ਹੀ ਕਰਨੀਆਂ ਹਨ ਤਾਂ ਸਿਹਤ ਤੇ ਕੀ ਅਸਰ ਹੋਵੇਗਾ? ਇਸ ਤੇ ਦਲੀਲ ਨਾਲ ਜਵਾਬ ਦਿੰਦੇ ਹੋਏ, ਗੁਰੂ ਜੀ ਨੇ ਕਿਹਾ ਕਿ ਜੇ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ ਨਹੀਂ, ਉਸਨੂੰ ਵਿਚਾਰਾਂਗੇ ਨਹੀਂ, ਉਸਤੇ ਕੋਈ ਅਮਲ ਨਹੀਂ ਕਰਾਂਗੇ ਤਾਂ ਫਿਰ ਜੀਵਨ ਵਿੱਚ ਕੋਈ ਤਬਦੀਲੀ ਕਿਵੇਂ ਹੋਵੇਗੀ? ਅੱਜ ਸਾਡੇ ਨਾਲ ਠੀਕ ਇਹੀ ਕੁੱਝ ਹੋ ਰਿਹਾ ਹੈ। ਅਸੀਂ ਘਰਾਂ ਵਿੱਚ ਜਾਂ ਗੁਰਦੁਆਰਿਆਂ ਵਿੱਚ ਪਾਠ ਰੱਖਦੇ ਹਾਂ, ਲੜੀਆਂ ਚਲਾਉਂਦੇ ਹਾਂ, ਪਰ ਸੁਣਨ ਵਾਲਾ ਕੋਈ ਨਹੀਂ ਹੁੰਦਾ? ਅਸੀਂ ਨਿਤਨੇਮ ਕਰਦੇ ਹਾਂ, ਪਰ ਸੁਣਨ ਵਾਲਾ ਸਾਡਾ ਮਨ ਕਿਤੇ ਹੋਰ ਭੱਜਾ ਫਿਰਦਾ ਹੈ। ਗੁਰਬਾਣੀ ਨੂੰ ਪਾਠਾਂ ਰਾਹੀਂ ਵੇਚਣਾ ਬਹੁਤੇ ਗੁਰਦੁਆਰਿਆਂ ਤੇ ਡੇਰਿਆਂ ਲਈ ਵਪਾਰ ਬਣ ਚੁੱਕਾ ਹੈ। ਭਾਈਆਂ ਤੇ ਪ੍ਰਚਾਰਕਾਂ ਲਈ ਇਹ ਇੱਕ ਰੁਜ਼ਗਾਰ ਦਾ ਸਾਧਨ ਹੈ।

ਸਿੱਖ ਇਤਿਹਾਸ ਤੇ ਗੁਰਬਾਣੀ ਵਿਚੋਂ ਇਹ ਕੁੱਝ ਕੁ ਉਦਾਹਰਣਾਂ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅੰਧ ਵਿਸ਼ਵਾਸ਼ੀ ਜਾਂ ਕਰਮਕਾਂਡੀ ਨਹੀਂ ਸੀ। ਗੁਰਬਾਣੀ ਤੇ ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਹੋਰ ਉਦਾਹਰਣਾਂ ਇਸ ਗੱਲ ਨੂੰ ਸਾਬਿਤ ਕਰਨ ਲਈ ਲਈਆਂ ਜਾ ਸਕਦੀਆਂ ਹਨ, ਕਿ ਗੁਰੂ ਸਾਹਿਬਾਨ ਆਪਣੀ ਵਿਚਾਰ ਬੜੇ ਤਰਕ, ਦਲੀਲ ਤੇ ਵਿਗਿਆਨਕ ਢੰਗ ਨਾਲ ਦਿੰਦੇ ਸਨ। ਉਨ੍ਹਾਂ ਨੇ ਆਪਣੇ ਸਮੇਂ ਦੀਆਂ ਕਿਸੇ ਵੀ ਧਰਮ ਦੀਆਂ ਸਮਾਂ ਵਿਹਾਅ ਚੁੱਕੀਆਂ, ਕਰਮਕਾਂਡੀ ਤੇ ਫੋਕਟ ਰੀਤਾਂ ਰਸਮਾਂ ਤੇ ਧਾਰਮਿਕ ਚਿੰਨ੍ਹਾਂ ਆਦਿ ਨੂੰ ਕੋਈ ਮਹੱਤਤਾ ਨਹੀਂ ਦਿੱਤੀ। ਉਨ੍ਹਾਂ ਨੇ ਆਪਣੇ ਤੋਂ ਪਹਿਲੇ ਸਾਰੇ ਧਰਮਾਂ ਦੀਆਂ ਫੋਕਟ ਮਰਿਯਾਦਾਵਾਂ ਦਾ ਖੰਡਨ ਕੀਤਾ। ਪੁਰਾਣੇ ਵਿਸ਼ਵਾਸ਼ਾਂ ਨੂੰ ਰੱਦ ਕਰਕੇ ਨਵੇਂ ਢੰਗ ਨਾਲ ਜੀਉਣ ਦਾ ਰਸਤਾ ਦਿਖਾਇਆ। ਪਰ ਅੱਜ ਸਿੱਖਾਂ ਦੇ ਗੁਰਦੁਆਰਿਆਂ ਤੇ ਕਾਬਿਜ਼ ਅੰਧ ਵਿਸ਼ਵਾਸ਼ੀ ਪ੍ਰਬੰਧਕਾਂ ਅਤੇ ਡੇਰਿਆਂ ਵਿੱਚ ਪੜ੍ਹੇ ਹੋਏ ਅਨਪੜ੍ਹ ਜਾਂ ਅਧਪੜ੍ਹ ਪ੍ਰਚਾਰਕਾਂ ਵਲੋਂ ਜਿਸ ਸ਼ਰਧਾ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਅਜਿਹੀ ਸ਼ਰਧਾ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ। ਸਿੱਖ ਧਰਮ ਅਗਾਂਹਵਧੂ, ਤਰਕਸ਼ੀਲ ਤੇ ਵਿਗਿਆਨਕ ਧਰਮ ਹੈ, ਜਿਸ ਦੀਆਂ ਨੀਹਾਂ ਸੱਚ ਤੇ ਦਲੀਲ ਅਧਾਰਿਤ ਹਨ। ਜਥੇਬੰਧਕ ਧਰਮਾਂ ਵਿੱਚ ‘ਸ਼ਰਧਾ’ ਪੁਜਾਰੀਆਂ ਵਲੋਂ ਲੋਕਾਂ ਨੂੰ ਲੁੱਟਣ ਦਾ ਇੱਕ ਸਾਧਨ (ਟੂਲ) ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਜਿਥੇ ਗੁਰਬਾਣੀ ਨੂੰ ਪੜ੍ਹੀਏ, ਵਿਚਾਰੀਏ, ਉਥੇ ਹੋਰ ਤਰਕਸ਼ੀਲ, ਅਗਾਂਹਵਧੂ ਤੇ ਵਿਗਿਆਨਕ ਸਾਹਿਤ ਵੀ ਪੜ੍ਹੀਏ, ਜਿਸ ਨਾਲ ਸਾਡੀ ਸੋਚ ਦਾ ਵਿਕਾਸ ਹੋ ਸਕੇ। ਸਾਡੀ ਸੋਚ ਦਾ ਦਾਇਰਾ ਵਧ ਸਕੇ ਤੇ ਅਸੀਂ ਫਿਰਕਿਆਂ ਵਿਚੋਂ ਨਿਕਲ ਕੇ ਮਨੁੱਖਤਾਵਾਦੀ ਸੋਚ ਦੇ ਧਾਰਨੀ ਹੋਈਏ। ਜਿਸ ਫਿਰਕੇ, ਸਮਾਜ, ਕੌਮ, ਧਰਮ, ਜਾਤ, ਦੇਸ਼ ਆਦਿ ਵਿੱਚ ਅਸੀਂ ਜਨਮ ਲੈਂਦੇ ਹਾਂ, ਉਹ ਸ਼ੁਰੂਆਤ ਹੈ, ਮੰਜ਼ਿਲ ਨਹੀਂ। ਇਥੋਂ ਵਿਕਾਸ ਕਰਕੇ ਅਸੀਂ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਣਾ ਹੈ। ਮਨੁੱਖ ਨੇ ਹਮੇਸ਼ਾਂ ਵਿਕਾਸ ਕੀਤਾ ਹੈ ਤੇ ਕਰਦਾ ਰਹੇਗਾ। ਪਰ ਜਥੇਬੰਧਕ ਨਕਲੀ ਧਰਮ ਮਨੁੱਖ ਨੂੰ ਪੁਰਾਤਨ ਮਰਿਯਾਦਾਵਾਂ ਤੇ ਧਾਰਮਿਕ ਚਿੰਨ੍ਹਾਂ ਰਾਹੀਂ ਨਾ ਸਿਰਫ ਬੰਦਨਾਂ ਵਿੱਚ ਪਾਉਂਦੇ ਹਨ, ਸਗੋਂ ਧਰਮ ਦੇ ਅਸਲੀ ਤੱਤ ਤੋਂ ਤੋੜ ਕੇ ਮਨੁੱਖ ਦਾ ਵਿਕਾਸ ਵੀ ਰੋਕਦੇ ਹਨ। ਸਾਨੂੰ ਇਨ੍ਹਾਂ ਪੁਜਾਰੀਆਂ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ। ਆਪਣੇ ਆਪ ਨੂੰ ਮਾਨਸਿਕ ਤੌਰ ਤੇ ਉੱਚਾ ਚੁੱਕਣ ਲਈ ਗੁਰਬਾਣੀ ਸਮੇਤ ਚੰਗਾ ਸਾਹਿਤ ਪੜ੍ਹਨ ਦੀ ਲੋੜ ਹੈ ਤੇ ਇਨ੍ਹਾਂ ਕਰਮਕਾਂਡੀ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਜਾਂ ਗੁਰੂ ਸਾਹਿਬਾਨ ਵਾਂਗ ਤਰਕ, ਦਲੀਲ ਤੇ ਵਿਗਿਆਨਕ ਢੰਗ ਨਾਲ ਗੱਲ ਕਰਨ ਦੀ ਲੋੜ ਹੈ। ਅਸੀਂ ਉਥੇ ਰੁਕਣਾ ਨਹੀਂ, ਜਿਥੇ ਗੁਰੂ ਸਾਹਿਬਾਨ ਸਾਨੂੰ ਛੱਡ ਕੇ ਗਏ ਸਨ, ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਉਸ ਤੋਂ ਅੱਗੇ ਤੁਰਨਾ ਹੈ। ਆਪਣਾ ਸਫਰ ਆਪ ਕਰਨਾ ਹੈ ਤੇ ਆਪਣਾ ਅਤੇ ਸਮਾਜ ਦਾ ਵਿਕਾਸ ਕਰਨਾ ਹੈ ਤੇ ਵਿਕਾਸ ਵਿੱਚ ਸਹਾਈ ਹੋਣਾ ਹੈ। ਸਮੇਂ ਦੇ ਹਾਣੀ ਬਣਨਾ ਹੈ, ਨਾ ਕਿ ਅੰਧ ਵਿਸ਼ਵਾਸ਼ਾਂ, ਕਰਮਕਾਂਡਾਂ ਤੇ ਫੋਕਟ ਮਰਿਯਾਦਾਵਾਂ ਦਾ ਭਾਰ ਢੋਂਹਦੇ ਜੀਵਨ ਗੁਜਾਰਨਾ ਹੈ। ਸਮਾਂ ਮੰਗ ਕਰ ਰਿਹਾ ਹੈ ਅਸੀਂ ਵੀ ਇਨ੍ਹਾਂ ਪੁਜਾਰੀਆਂ, ਸਰਮਾਏਦਾਰਾਂ ਤੇ ਲੋਕ ਵਿਰੋਧੀ ਸ਼ਾਸਕਾਂ ਦੇ ਗੱਠਜੋੜ ਰੂਪੀ ਮਨੁੱਖਤਾ ਵਿੱਚ ਵੰਡੀਆਂ ਪਾ ਰਹੇ ਧਾਰਮਿਕ ਫਿਰਕਿਆਂ ਨੂੰ ਵੰਗਾਰੀਏ ਅਤੇ ਗੁਰੂ ਨਾਨਕ ਸਾਹਿਬ ਵਾਂਗ ਸਮੇਂ ਦੇ ਬਾਬਰਾਂ ਨੂੰ ਜਾਬਰ ਕਹਿਣ ਦੀ ਜੁਰਅਤ ਕਰੀਏ। ਸਾਨੂੰ ਵੀ ਗੁਰਬਾਣੀ ਦੇ ਰਚਣਹਾਰਿਆਂ ਵਾਂਗ ਇਨ੍ਹਾਂ ਪੁਜਾਰੀਆਂ ਨੂੰ ਕਹਿਣਾ ਪੈਣਾ ਹੈ: ‘ਝੂਠੁ ਨ ਬੋਲਿ ਪਾਂਡੇ ਸਚੁ ਕਹੀਐ॥’ (ਪੰਨਾ: 904)। ਜਾਂ ਫਿਰ ‘ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥’ (ਪੰਨਾ: 662)। ਜਿਸ ਤਰ੍ਹਾਂ ਉਸ ਸਮੇਂ ਕਾਜ਼ੀਆਂ, ਬ੍ਰਾਹਮਣਾਂ ਤੇ ਯੋਗੀਆਂ ਆਦਿ ਨੇ ਰਲ਼ ਕੇ ਲੁੱਟ ਮਚਾਈ ਹੋਈ ਸੀ, ਅੱਜ ਉਨ੍ਹਾਂ ਨੇ ਨਵਾਂ ਰੂਪ ਧਾਰ ਲਿਆ ਹੈ, ਉਨ੍ਹਾਂ ਦੇ ਪਹਿਰਾਵੇ ਤੇ ਚਿੰਨ੍ਹ ਬਦਲ ਗਏ ਹਨ। ਅੱਜ ਇਹ ਪੁਜਾਰੀ, ਸਰਮਾਏਦਾਰ ਤੇ ਸ਼ਾਸਕ ਦੇ ਰੂਪ ਵਿੱਚ ਰਲ਼ ਕੇ ਲੁੱਟ ਰਹੇ ਹਨ। ਪਰ ਉਨ੍ਹਾਂ ਦੀ ਮਨੁੱਖਤਾ ਵਿਰੋਧੀ ਫਿਰਕੂ ਸੋਚ ਨਹੀਂ ਬਦਲੀ, ਜਿਸਨੂੰ ਪਛਾਨਣ ਤੇ ਪਛਾੜਨ ਦੀ ਲੋੜ ਹੈ। ਆਉ ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਬਣੀਏ ਅਤੇ ਤਰਕਸ਼ੀਲ, ਵਿਗਿਆਨਕ ਤੇ ਅਗਾਂਹਵਧੂ ਸੋਚ ਦੇ ਧਾਰਨੀ ਹੋਈਏ।




.