.

ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ॥

(ਗੁਰੂ ਉਸਤਤਿ - ਕਲ੍ਹਸਹਾਰ ਭੱਟ ਦੀ ਜ਼ੁਬਾਨੀ)

ਸਿੱਖਾ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਪਇਆ ਹੈ। ਆਪਣੇ ਲਗਭਗ 24 ਸਾਲਾਂ ਦੇ ਗੁਰਿਆਈ ਜੀਵਨ ਦੌਰਾਨ ਉਨ੍ਹਾਂ ਨੇ ਮਹਾਨ ਅਤੇ ਅਚੰਭੇ ਭਰੇ ਕਾਰਨਾਮੇ ਕੀਤੇ। ਇਨ੍ਹਾਂ ਕਾਰਨਾਮਿਆਂ ਤੋਂ ਆਪ ਜੀ ਦੀ ਮਹਾਨ ਸਖਸ਼ੀਅਤ ਭਲੀ ਪ੍ਰਕਾਰ ਪ੍ਰਗਟ ਹੋ ਜਾਂਦੀ ਹੈ। ਇਨ੍ਹਾਂ ਕਾਰਨਾਮਿਆਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:

1. ਦਸਵੰਧ ਦੀ ਰੀਤ ਚਲਾਉਣੀ।

2. ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਕਰਕੇ ਇਸ ਨੂੰ ਸਿੱਖਾਂ ਦੀ ਰਾਜਧਾਨੀ ਬਣਾਉਣਾ।

3. ਸਿੱਖਾਂ ਦੇ ਕੇਂਦਰੀ ਅਸਥਾਨ, ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਸੰਮਤ 1645।

4. ਤਰਨ ਤਾਰਨ ਸ਼ਹਿਰ ਦੀ ਸਥਾਪਨਾ ਸੰਮਤ 1647।

5. ਕਰਤਾਰਪੁਰ (ਜਲੰਧਰ) ਸ਼ਾਹਿਰ ਦਾ ਵਸਾਉਣਾ ਸੰਮਤ 1651

6. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਕੇ ਦਰਬਾਰ ਸਾਹਿਬ ਵਿਚ ਪਹਿਲਾ ਪ੍ਰਕਾਸ਼ ਸਮੰਤ 1661।

7. ਸਿੱਖ ਸਮਾਜ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਮਸੰਦ-ਸੰਗਠਨ ਨੂੰ ਸੁਧਾਰਿਆ ਅਤੇ ਮਜਬੂਤ ਕੀਤਾ।

10. ਲੋਕਾਂ ਦੇ ਦੁੱਖ ਦੂਰ ਕਰਨ ਲਈ ਖੂਹ ਅਤੇ ਹਰਟ ਆਦਿ ਲਗਵਾਏ।

11. ਲਹੌਰ ਅਤੇ ਪੰਜਾਬ ਵਿਚ ਕਾਲ ਦੌਰਾਨ ਲੋੜਵੰਦਾਂ ਦੀ ਧਨ, ਦਵਾਈਆਂ, ਕੱਪੜਿਆਂ, ਭੋਜਨ ਅਤੇ ਰੋਜਗਾਰ ਪੈਦਾ ਕਰਕੇ ਸਹਾਇਤਾ ਕੀਤੀ।

ਇਸ ਤਰ੍ਹਾਂ ਆਪ ਜੀ ਦੇ ਯਤਨਾਂ ਸਦਕਾ ਸਿੱਖ ਧਰਮ ਹਰਮਨ-ਪਿਆਰਾ ਹੋ ਗਿਆ ਅਤੇ ਅਨਮੱਤੀਆਂ ਨੇ ਭਾਰੀ ਗਿਣਤੀ ਵਿਚ ਸਿੱਖੀ ਜੀਵਨ ਧਾਰਨ ਕੀਤਾ।

ਸੰਖੇਪ ਜੀਵਨ ਗੁਰੂ ਅਰਜਨ ਸਾਹਿਬ ਜੀ:

1. ਜਨਮ: ਸੰਨ 1563 (ਸੰਮਤ 1620)

2. ਮਾਤਾ: ਬੀਬੀ ਭਾਨੀ ਸਪੁੱਤਰੀ ਗੁਰੂ ਅਮਰ ਦਾਸ ਜੀ।

3. ਪਿਤਾ: ਗੁਰੂ ਰਾਮ ਦਾਸ ਜੀ।

4. ਜਨਮ ਅਸਥਾਨ: ਗੋਇੰਦਵਾਲ ਸਾਹਿਬ (ਪੰਜਾਬ)।

5. ਵਿਆਹ: ਸੰਨ 1579 (ਸੰਮਤ 1636) ਮਾਤਾ ਗੰਗਾ ਜੀ ਨਾਲ ਜੋ ਸ੍ਰੀ ਕ੍ਰਿਸ਼ਨ ਚੰਦ, ਪਿੰਡ ਮਾਓ, ਜਿਲ੍ਹਾ ਜਲੰਧਰ ਦੀ ਸਪੁੱਤਰੀ ਸਨ।

6. ਔਲਾਦ: (ਗੁਰੂ) ਹਰਗੋਬਿੰਦ ਸਾਹਿਬ ਸੰਨ 1595 (ਸੰਮਤ 1652)।

7. ਗੁਰਗੱਦੀ: 1581 (ਸੰਮਤ 1638)

8. ਸ਼ਹੀਦੀ: 30.5.1606 (ਸੰਮਤ 1663)

9. ਬਾਣੀ: 30 ਰਾਗਾਂ ਵਿਚ।

ਭੱਟਾਂ ਦਾ ਗੁਰੂ ਅਰਜਨ ਦੇਵ ਜੀ ਪਾਸ ਆਉਣਾ ਅਤੇ ਗੁਰੂ ਉਸਤਤਿ:

ਗੋਇੰਦਵਾਲ ਵਿਖੇ 1.9.1581 ਨੂੰ ਗੁਰੂ ਰਾਮਦਾਸ ਜੀ ਅਕਾਲ ਚਲਾਣਾ ਕਰ ਗਏ। ਇਸ ਤੋਂ ਕੁੱਝ ਦਿਨ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਉੱਤਰ ਅਧਿਕਾਰੀ ਥਾਪ ਕੇ ਗੁਰਿਆਈ ਦੇ ਚੁੱਕੇ ਸਨ। ਗੁਰੂ ਰਾਮਦਾਸ ਜੀ ਦੇ ਅਕਾਲ ਚਲਾਣੇ ਨੂੰ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਜਦੋਂ 11 ਭੱਟ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿਚ ਗੋਇੰਦਵਾਲ ਹਾਜ਼ਰ ਹੋਏ ਅਤੇ ਪ੍ਰਸੰਨਤਾ ਪ੍ਰਾਪਤ ਕੀਤੀ।

ਇਹ ਦਿਵਵਾਨ ਭੱਟ ਕਾਫੀ ਸਮੇਂ ਤੋਂ ਕਿਸੇ ਬ੍ਰਹਮ ਗਿਆਨੀ - ਮਹਾਂਪੁਰਖ ਦੀ ਭਾਲ ਕਰ ਰਹੇ ਸਨ। ਕਈ ਤੀਰਥ ਅਸਥਾਨਾਂ ਤੇ ਜਾ ਕੇ ਬੜੇ ਸਾਧ-ਸੰਤਾਂ ਨੂੰ ਮਿਲ ਚੁੱਕੇ ਸਨ। ਪਰ ਅਜੇ ਤੱਕ ਕਿਤੋਂ ਤਸੱਲੀ ਨਹੀਂ ਸੀ ਹੋ ਸਕੀ। ਧਰਮ ਦੀ ਕਮਾਈ ਕਰਨ ਵਾਲਾ ਅਤੇ ਪਰਮਾਤਮਾ ਦੇ ਦਰ ਦੀ ਸੋਝੀ ਕਰਵਾਉਣ ਵਾਲਾ ਉਨ੍ਹਾਂ ਨੂੰ ਕੋਈ ਵੀ ਮਹਾਂਪੁਰਖ ਨਾ ਮਿਲਿਆ। ਗੋਇੰਦਵਾਲ ਵਿਖੇ ਗੁਰੂ ਸਾਹਿਬ ਦਾ ਦੀਦਾਰ ਕਰਕੇ ਜੋ ਆਤਮਿਕ ਆਨੰਦ ਭੱਟਾਂ ਨੂੰ ਮਿਲਿਆ ਉਸ ਦਾ ਜਿਕਰ ਭੱਟ ਨਲ੍ਹ ਆਪਣੇ ਸਵਯੀਆਂ ਵਿਚ ਕਰਦਾ ਹੋਇਆ ਲਿਖਦਾ ਹੈ, "ਨਾਮ ਅੰਮ੍ਰਿਤ ਪੀਣ ਦੀ ਮੇਰੇ ਅੰਦਰ ਚਿਰਾਂ ਦੀ ਤਾਂਘ ਸੀ। ਜਦੋਂ ਮੈਂ ਗੁਰੂ ਜੀ ਦਾ ਦਰਸ਼ਨ ਕੀਤਾ, ਮੇਰੀ ਉਹ ਤਾਂਘ ਪੂਰੀ ਹੋ ਗਈ, ਮੇਰਾ ਮਨ ਜੋ ਪਹਿਲਾਂ ਦਸੀਂ ਪਾਸੀਂ ਭਟਕਦਾ ਫਿਰਦਾ ਸੀ, ਦਰਸ਼ਨ ਕਰਕੇ ਟਿਕਾਣੇ ਆ ਗਿਆ, ਤੇ ਕਈ ਵਰ੍ਹਿਆਂ ਦਾ ਦੁੱਖ ਮੇਰੇ ਅੰਦਰੋਂ ਦੂਰ ਹੋ ਗਿਆ"। ਭੱਟ ਨਲ੍ਹ ਉੱਥੇ ਇਹ ਵੀ ਲਿਖਦਾ ਹੈ, "ਇਹ ਦਰਸ਼ਨ ਉਨ੍ਹਾਂ ਨੂੰ ਗੋਇੰਦਵਾਲ ਵਿਚ ਹੋਇਆ, ਜੋ ਮੈਨੂੰ ਪ੍ਰਤੱਖ ਤੌਰ ਤੇ ਬੈਕੁੰਠ ਨਗਰ ਦਿੱਸ ਰਿਹਾ ਹੈ"। ਭੱਟ ਨਲ੍ਹ ਮੁਤਾਬਕ:

ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥ ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥ ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥ ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ?ਨ ਤੀਰਿ ਬਿਪਾਸ ਬਨਾਯਉ ॥ ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥6॥10॥ (ਗੁਰੂ ਗ੍ਰੰਥ ਸਾਹਿਬ, ਪੰਨਾ 1400)

ਗੁਰੂ ਗ੍ਰੰਥ ਸਾਹਿਬ ਵਿਚ 11 ਭੱਟਾਂ ਦੀ ਬਾਣੀ ਦਰਜ ਹੈ। ਜਿਸ ਵਿਚ ਪਹਿਲੇ ਪੰਜ ਗੁਰੂਆਂ ਦੀ ਉਸਤਤਿ ਕੀਤੀ ਹੋਈ ਹੈ। ਇਸ ਲੇਖ ਵਿਚ ਭੱਟ ਕਲਸਹਾਰ, ਜੋ ਭੱਟਾਂ ਦਾ ਜਥੇਦਾਰ ਵੀ ਸੀ, ਦੇ ਗੁਰੂ ਅਰਜਨ ਪਾਤਸ਼ਾਹ ਦੀ ਉਸਤਤਿ ਵਿਚ ਲਿਖੇ ਸਵੱਯਏ ਅਰਥਾਂ ਸਮੇਤ ਪੇਸ਼ ਕੀਤੇ ਜਾ ਰਹੇ ਹਨ। ਆਓ ਇਨ੍ਹਾਂ ਨੂੰ ਪੜ੍ਹ ਕੇ ਆਪਾਂ ਵੀ ਅਨੰਦ ਮਾਣੀਏ। ਨੋਟ: ਭੱਟ ‘ਕਲ੍ਹਸਹਾਰ’, ‘ਕਲ੍ਹ’ ਕਰਕੇ ਵੀ ਜਾਣਿਆ ਜਾਂਦਾ ਹੈ।

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥ ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥ ਸਤਿਗੁਰ ਚਰਣ ਕਵਲ ਰਿਦਿ ਧਾਰੰ ॥ ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1406)

ਭਾਵ: ਮੈਂ ਉਸ ਅਬਿਨਾਸੀ ਅਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ, ਜਿਸ ਦਾ ਸਿਮਰਨ ਕਰਨ ਨਾਲ ਦੁਰਮਤਿ ਦੀ ਮੈਲ ਦੂਰ ਹੋ ਜਾਂਦੀ ਹੈ। ਮੈਂ ਸਤਿਗੁਰ ਦੇ ਕੰਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ ਅਤੇ ਪ੍ਰੇਮ ਨਾਲ ਗੁਰੂ ਅਰਜਨ ਜੀ ਦੀ ਉਸਤਤਿ ਵੀਚਾਰਦਾ ਹਾਂ।

ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ ਸਗਲ ਮਨੋਰਥ ਪੂਰੀ ਆਸਾ ॥ ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ ਕਲ੍ਹ ਜੋੜਿ ਕਰ ਸੁਜਸੁ ਵਖਾਣਿਓ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1406)

ਭਾਵ: ਕਲ੍ਹ ਕਵੀ ਹੱਥ ਜੋੜ ਕੇ ਗੁਰੂ ਅਰਜਨ ਪਾਤਸ਼ਾਹ ਦੀ ਸਿਫਤਿ ਕਰਦਾ ਹੈ ਕਿ ਆਪ ਨੇ ਗੁਰੂ ਰਾਮ ਦਾਸ ਜੀ ਦੇ ਘਰ ਜਨਮ ਲਿਆ ਜਿਸ ਨਾਲ ਉਨ੍ਹਾਂ ਦੇ ਸਾਰੇ ਮਨੋਰਥ ਅਤੇ ਆਸਾਂ ਪੂਰੀਆਂ ਹੋ ਗਈਆਂ। ਜਨਮ ਤੋਂ ਹੀ ਆਪ ਨੇ ਗੁਰੂ ਦੀ ਮਤਿ ਦੁਆਰਾ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ।

ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥ ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥

ਭਾਵ: ਗੁਰੂ ਅਰਜਨ ਨੇ ਭਗਤੀ ਦਾ ਮਿਲਾਪ ਪਾ ਲਿਆ ਹੈ। ਪ੍ਰਮਾਤਮਾ ਨੇ ਆਪ ਨੂੰ ‘ਜਨਕ’ ਪੈਦਾ ਕੀਤਾ ਹੈ। ਆਪ ਨੇ ਗੁਰੂ ਦੇ ਸ਼ਬਦ ਨੂੰ ਪ੍ਰਗਟ ਕੀਤਾ ਹੈ ਅਤੇ ਪਰਮਾਤਮਾ ਨੂੰ ਆਪਣੀ ਰਸਨਾ ਉੱਤੇ ਵਸਾਇਆ ਹੋਇਆ ਹੈ।

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥1॥

ਭਾਵ: ਗੁਰੂ ਨਾਨਕ, ਗੁਰੂ ਅੰਗਦ ਅਤੇ ਗੁਰੂ ਅਮਰਦਾਸ ਜੀ ਦੇ ਚਰਨੀਂ ਲੱਗ ਕੇ, ਗੁਰੂ ਅਰਜਨ ਸਾਹਿਬ ਨੇ ਉੱਤਮ ਪਦਵੀ ਪਾਈ ਹੈ। ਗੁਰੂ ਰਾਮ ਦਾਸ ਜੀ ਦੇ ਘਰ, ਗੁਰੂ ਅਰਜਨ, ਭਗਤ ਜੰਮ ਪਿਆ ਹੈ।

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥ ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜ੍ਾਯਉ ॥ ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥2॥

ਭਾਵ: ਗੁਰੂ ਅਰਜਨ ਵੱਡੇ ਭਾਵਾਂ ਵਾਲਾ ਹੈ, ਪੂਰਨ ਖਿੜਾਓ ਵਿਚ ਹੈ। ਆਪ ਨੇ ਹਿਰਦੇ ਵਿਚ ਗੁਰ ਸ਼ਬਦ ਵਸਾਇਆ ਹੈ, ਮਾਣਕ-ਰੂਪ ਮਨ ਨੂੰ ਸੰਤੋਖ ਵਿਚ ਟਿਕਾਇਆ ਹੈ। ਗੁਰੂ ਰਾਮਦਾਸ ਨੇ ਆਪ ਨੂੰ ਨਾਮ ਦ੍ਰਿੜ੍ਹ ਕਰਾਇਆ ਹੈ ਅਤੇ ਆਪ ਨੂੰ ਅਗੰਮ ਅਗੋਚਰ ਪਾਰਬ੍ਰਹਮ ਵਿਖਾ ਦਿੱਤਾ ਹੈ। ਗੁਰੂ ਰਾਮਦਾਸ ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਅਰਜਨ ਨੂੰ ਗਿਆਨ-ਰੂਪ ਥਾਪਿਆ ਹੈ।

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥ ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥ ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥3॥

ਭਾਵ: ਗੁਰੂ ਅਰਜੁਨ ਨੇ ਗਿਆਨ ਦਾ ਰਾਜ ਥਾਪ ਕੇ ਸਤਿਜੁਗ ਵਰਤਾ ਦਿੱਤਾ ਹੈ। ਆਪ ਦਾ ਮਨ ਗੁਰੂ ਦੇ ਸ਼ਬਦ ਵਿਚ ਮੰਨਿਆ ਹੋਇਆ ਹੈ ਅਤੇ ਨਾ ਪਤੀਜਣ ਵਾਲਾ ਮਨ ਹੁਣ ਪਤੀਜ ਗਿਆ ਹੈ। ਗੁਰੂ ਨਾਨਕ ਆਪ ਸੱਚ ਰੂਪ ਨੀਂਹ ਉਸਾਰ ਕੇ ਗੁਰੂ ਅਰਜਨ ਵਿਚ ਲੀਨ ਹੋ ਗਿਆ ਹੈ। ਇਸ ਤਰ੍ਹਾਂ ਗੁਰੂ ਰਾਮਦਾਸ ਦੇ ਘਰ ਵਿਚ ਗੁਰੂ ਅਰਜਨ ਅਪਰੰਪਾਰ-ਰੂਪ ਬਣਿਆ ਹੋਇਆ ਹੈ।

ਖੇਲੁ ਗੂੜ੍ਹ੍ਹਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਯ੍ਯਿਓ ਬਿਮਲ ਬੁਧਿ ਸਤਿਗੁਰਿ ਸਮਾਣਉ ॥ ਆਜੋਨੀ ਸੰਭਵਿਅਉ ਸੁਜਸੁ ਕਲ? ਕਵੀਅਣਿ ਬਖਾਣਿਅਉ ॥ ਗੁਰਿ ਨਾਨਕਿ ਅੰਗਦੁ ਵਰ੍ਹਉ ਗੁਰਿ ਅੰਗਦਿ ਅਮਰ ਨਿਧਾਨੁ ॥ ਗੁਰਿ ਰਾਮਦਾਸ ਅਰਜੁਨੁ ਵਰ?ਉ ਪਾਰਸੁ ਪਰਸੁ ਪ੍ਰਮਾਣੁ ॥4॥

ਭਾਵ: ਅਕਾਲ ਪੁਰਖ ਨੇ ਇਹ ਅਸਚਰਜ ਖੇਡ ਰਚੀ ਹੈ। ਗੁਰੂ ਅਰਜਨ ਸੰਤੋਖ ਵਿਚ ਵਿਚਰ ਰਿਹਾ ਹੈ। ਨਿਰਮਲ ਬੁੱਧੀ ਗੁਰੂ ਸਾਹਿਬ ਵਿਚ ਸਮਾਈ ਹੋਈ ਹੈ। ਆਪ ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ। ਕਲ੍ਹ ਆਦਿ ਕਵੀਆਂ ਨੇ ਆਪ ਦਾ ਸੁੰਦਰ ਜਸ ਉਚਾਰਿਆ ਹੈ। ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਵਰ ਦਿੱਤਾ, ਅਤੇ ਗੁਰੂ ਅੰਗਦ ਨੇ ਸਭ ਪਦਾਰਥਾਂ ਦਾ ਖਜ਼ਾਨਾ ਗੁਰੂ ਅਮਰਦਾਸ ਨੂੰ ਦੇ ਦਿੱਤਾ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਨੂੰ ਵਰ ਦਿੱਤਾ ਅਤੇ ਉਨ੍ਹਾਂ ਦੇ ਚਰਨਾਂ ਨੂੰ ਛੂਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ।

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥ ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥ ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥ ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥ ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥ ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥5॥

ਭਾਵ: ਗੁਰੂ ਅਰਜਨ ਸਦ-ਜੀਵੀ ਹੈ, ਆਪ ਦਾ ਮੁੱਲ ਨਹੀਂ ਪੈ ਸਕਦਾ, ਆਪ ਜੂਨਾਂ ਤੋਂ ਰਹਿਤ ਅਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹਨ। ਗੁਰੂ ਅਰਜਨ ਭੈ ਦੂਰ ਕਰਨ ਵਾਲਾ, ਪਰਾਏ ਦੁੱਖ ਦੂਰ ਕਰਨ ਵਾਲਾ, ਬੇਅੰਤ ਅਤੇ ਗਿਆਨ ਸਰੂਪ ਹੈ। ਆਪ ਦੀ ਉਸ ਪਰਮਾਤਮਾ ਤੱਕ ਪਹੁਚ ਹੈ ਜੋ ਜੀਵਾਂ ਦੀ ਹੁੰਚ ਤੋਂ ਪਰ੍ਹੇ ਹੈ। ਗੁਰੂ ਅਰਜਨ ਭਰਮ ਅਤੇ ਭਟਕਣਾ ਨੂੰ ਦੂਰ ਕਰਨ ਵਾਲਾ ਹੈ, ਸੀਤਲ ਹੈ ਅਤੇ ਸੁਖ ਦੇਣ ਵਾਲਾ ਹੈ, ਮਾਨੋ ਅਜਨਮਾ, ਪੂਰਨ ਪੁਰਖ, ਸਿਰਜਣਹਾਰ ਪਰਗਟ ਹੋ ਗਿਆ ਹੈ। ਗੁਰੂ ਨਾਨਕ, ਗੁਰੂ ਅੰਗਦ ਅਤੇ ਗੁਰੂ ਅਮਰਦਾਸ ਦੀ ਬਰਕਤ ਨਾਲ ਗੁਰੂ ਅਰਜਨ ਸਤਿਗੁਰ ਦੇ ਸ਼ਬਦ ਵਿਚ ਲੀਨ ਹੈ। ਗੁਰੂ ਰਾਮਦਾਸ ਜੀ ਧੰਨ ਹੈ, ਜਿਸ ਨੇ ਗੁਰੂ ਅਰਜਨ ਨੂੰ ਪਰਸ ਕੇ ਪਾਰਸ ਬਣਾ ਕੇ ਆਪਣੇ ਵਰਗਾ ਕਰ ਲਿਆ ਹੈ।

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥ ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥ ਭਯ ਭੰਜਨੁ ਪਰ ਪੀਰ ਨਿਵਾਰਨੁ ਕਲ? ਸਹਾਰੁ ਤੋਹਿ ਜਸੁ ਬਕਤਾ ॥ ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥6॥

ਭਾਵ: ਜਿਸ ਗੁਰੂ ਦੀ ਮਹਿਮਾ ਜਗਤ ਵਿਚ ਹੋ ਰਹੀ ਹੈ, ਜਿਸ ਦੇ ਹਿਰਦੇ ਵਿਚ ਭਾਗ ਜਾਗ ਪਿਆ ਹੈ, ਜੋ ਗਰੀ ਨਾਲ ਜੁੜਿਆ ਰਹਿੰਦਾ ਹੈ, ਜਿਸ ਨੇ ਵੱਡੇ ਭਾਗਾਂ ਨਾਲ ਪੂਰਾ ਗੁਰੂ ਲੱਭ ਲਿਆ ਹੈ, ਜਿਸ ਦੀ ਬ੍ਰਿਤੀ ਹਰੀ ਨਾਲ ਜੁੜੀ ਰਹਿੰਦੀ ਹੈ ਅਤੇ ਜੋ ਧਰਤੀ ਦਾ ਭਾਰ ਸਹਿ ਰਿਹਾ ਹੈ, ਹੇ ਗੁਰੂ ਅਰਜੁਨ ਜੀ! ਤੂੰ ਭੈ ਦੂਰ ਕਰਨ ਵਾਲਾ, ਪਰਾਈ ਪੀੜ ਦੂਰ ਕਰਨ ਵਲਾ ਹੈਂ, ਕਵੀ ਕਲ੍ਹਸਹਾਰ ਤੇਰਾ ਜਸ ਗਾ ਰਿਹਾ ਹੈ। ਗੁਰੂ ਅਰਜੁਨ, ਗੁਰੂ ਰਾਮਦਾਸ ਜੀ ਦਾ ਪੁੱਤਰ, ਸੋਢੀ ਕੁੱਲ ਵਿਚ ਧਰਮ ਦੇ ਝੰਡੇ ਵਾਲਾ, ਪਰਮਾਤਮਾ ਦਾ ਭਗਤ ਹੈ।

ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥ ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥ ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥ ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥ ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ ਗੁਰ ਅਰਜੁਨ ਕਲੵੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥7॥

ਭਾਵ: ਗੁਰੂ ਅਰਜੁਨ ਜੀ ਨੇ ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ, ਉਹ ਗੁਰਮਤਿ ਵਿਚ ਡੂੰਘਾ ਹੈ, ਪਰਾਏ ਦੁੱਖ ਦੂਰ ਕਰਨ ਵਾਲਾ ਹੈ, ਸ੍ਰੇਸ਼ਟ ਸ਼ਬਦ ਵਾਲਾ ਹੈ, ਪਰਮਾਤਮਾ ਵਰਗਾ ਉਦਾਰ-ਚਿੱਤ ਹੈ ਅਤੇ ਹਉਮੈ ਨੂੰ ਦੂਰ ਕਰਦਾ ਹੈ। ਆਪ ਬੜੇ ਦਾਨੀ ਹਨ, ਗੁਰੂ ਦੇ ਗਿਆਨ ਵਾਲੇ ਹਨ, ਆਪ ਦੇ ਮਨ ਵਿਚੋਂ ਉਤਸ਼ਾਹ ਕਦੇ ਘੱਟ ਨਹੀਂ ਹੂੰਦਾ। ਆਪ ਸਤਵੰਤ ਹਨ, ਪਰਮਾਤਮਾ ਦਾ ਨਾਮ ਰੂਪ ਮੰਤ੍ਰ, ਜੋ, ਮਾਨੋ ਨੌ ਨਿਧੀਆਂ ਹੈ, ਆਪ ਦੇ ਖਜ਼ਾਨੇ ਵਿਚੋਂ ਕਦੇ ਭੀ ਮੁਕਦਾ ਨਹੀਂ। ਗੁਰੂ ਰਾਮਦਾਸ ਜੀ ਦਾ ਸਪੁੱਤਰ ਗੁਰੂ ਅਰਜਨ ਸਰਬ-ਵਿਆਪਕ ਦਾ ਰੂਪ ਹੈ, ਆਪ ਨੇ ਆਤਮਿਕ ਅਡੋਲਤਾ ਵਿਚ ਆਪਣਾ ਚੰਦੋਆ ਤਾਣਿਆ ਹੋਇਆ ਹੈ। ਕਵੀ ਕਲ੍ਹਸਹਾਰ ਆਖਦਾ ਹੈ, ‘ਹੇ ਗੁਰੂ ਅਰਜੁਨ! ਤੂੰ ਰਾਜ ਅਤੇ ਜੋਗ ਦਾ ਅਨੰਦ ਮਾਣ ਰਿਹਾ ਹੈਂ’।

ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥ ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥ ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥ ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥ ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥ ਗੁਰ ਅਰਜੁਨ ਕਲੵੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥8॥

ਭਾਵ: ਗੁਰੂ ਅਰਜਨ ਨੇ ਉਸ ਪਰਮਾਤਮਾ ਨੂੰ ਮਾਣਿਆ ਹੈ ਜਿਸ ਨੂੰ ਕੋਈ ਡਰ ਪੋਹ ਨਹੀਂ ਹੋ ਸਕਦਾ, ਅਤੇ ਜੋ ਲੱਖਾਂ ਵਿਚ ਰਮਿਆ ਹੋਇਆ ਹੈ। ਗੁਰੂ ਰਾਮਦਾਸ ਨੇ ਆਪ ਨੂੰ ਉਸ ਪਰਮਾਤਮਾ ਦਾ ਉਪਦੇਸ਼ ਦਿੱਤਾ ਹੈ ਜੋ ਅਗੰਮ ਹੈ, ਗੰਭੀਰ ਹੈ ਅਤੇ ਜਿਸ ਦੀ ਹਸਤੀ ਇੰਦ੍ਰੀਆਂ ਦੀ ਪਹੁੰਚ ਤੋਂ ਪਰ੍ਹੇ ਹੈ। ਗੁਰੂ ਜੀ ਦੇ ਉਪਦੇਸ਼ ਕਾਰਨ, ਆਪ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ ਹਨ, ਆਪ ਨੇ ਰਾਜ ਵਿਚ ਜੋਗ ਕਮਾਇਆ ਹੈ। ਗੁਰੂ ਅਰਜਨ ਜੀ ਧੰਨ ਹੈ, ਖਾਲੀ ਹਿਰਦਿਆਂ ਨੂੰ ਆਪ ਨੇ ਨਾਮ-ਅੰਮ੍ਰਿਤ ਨਾਲ ਨੱਕੋ-ਨੱਕ ਭਰ ਦਿੱਤਾ ਹੈ। ਗੁਰੂ ਵਾਲੀ ਪਦਵੀ ਪ੍ਰਾਪਤ ਕਰਕੇ ਆਪ ਨੇ ਅਜਰ ਅਵਸਥਾ ਨੂੰ ਜਰ ਲਿਆ ਹੈ ਅਤੇ ਆਪ ਸੰਤੋਖ ਦੇ ਸਰੋਵਰ ਵਿਚ ਲੀਨ ਹੋ ਗਏ ਹਨ। ਕਵੀ ਕਲਸਹਾਰ ਆਖਦਾ ਹੈ, ‘ਹੇ ਗੁਰੂ ਅਰਜਨ! ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਅਕਾਲ ਪੁਰਖ ਨਾਲ ਸਾਂਝ ਪ੍ਰਾਪਤ ਕਰ ਲਈ ਹੈ’।

ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਹਉ ॥ ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਹਉ ॥ ਹਰਿ ਨਾਮਿ ਲਾਗਿ ਜਗ ਉਧਰ?ਉ ਸਤਿਗੁਰੁ ਰਿਦੈ ਬਸਾਇਅਉ ॥ ਗੁਰ ਅਰਜੁਨ ਕਲ?ੁਚਰੈ ਤੈ ਜਨਕਹ ਕਲਸੁ ਦੀਪਾਇਅਉ ॥9॥

ਭਾਵ: ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ ਅਤੇ ਮੂੰਹੋਂ ਵਰ ਦੀ ਬਖਸ਼ਿਸ਼ ਕਰਦੇ ਹੋ। ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕਰ ਲਈ ਹੈ। ਅਗਿਆਨ ਨੂੰ ਆਪ ਨੇ ਨਾਸੁ ਕਰ ਦਿੱਤਾ ਹੈ ਅਤੇ ਆਤਮਿਕ ਅਡੋਲਤਾ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾ ਲਿਆ ਹੈ। ਹੇ ਗੁਰੂ ਅਰਜਨ! ਹਰੀ-ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ ਬਚਾ ਲਿਆ ਹੈ, ਆਪ ਨੇ ਸਤਿਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਕਲ੍ਹਸਹਾਰ ਕਵੀ ਆਖਦਾ ਹੈ, "ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾ ਲਿਆ ਹੈ"।

ਸੋਰਠੇ ॥ ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥ ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥1॥

ਭਾਵ: ਗੁਰੂ ਅਰਜਨ ਅਕਾਲ ਪੁਰਖ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ। ਨਾਮ ਦਾ ਪ੍ਰਕਾਸ਼ ਆਪ ਦਾ ਨੇਜਾ ਹੈ ਅਤੇ ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ।

ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥ ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਹਉ ॥2॥

ਭਾਵ: ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਅਤੇ ਜਹਾਜ਼ ਹੈ। ਆਪ ਦਾ ਗੁਰੂ ਨਾਲ ਪਿਆਰ ਹੈ। ਅਕਾਲ ਪੁਰਖ ਦੇ ਨਾਮ ਨਾਲ ਜੁੜ ਕੇ ਆਪ ਨੇ ਜਗਤ ਨੂੰ ਸੰਸਾਰ ਸਮੁੰਦਰ ਤੋਂ ਬਚਾ ਲਿਆ ਹੈ।

ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥ ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥3॥

ਭਾਵ: ਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪੰਸੰਨ ਹੋਣ ਤੇ ਪ੍ਰਾਪਤ ਕੀਤਾ ਹੈ। ਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ ਹੈ। ਗੁਰੂ

ਅਰਜਨ ਜੀ ਦੇ ਦਰ ਉੱਤੇ ਸਾਡੇ ਸਾਰੇ ਕਾਰਨ ਰਾਸ ਹੋ ਗਏ ਹਨ।

ਇਹ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਖਸ਼ੀਅਤ ਜੋ ਭੱਟਾਂ ਦੇ ਜਥੇਦਾਰ ਭੱਟ ਕਲ੍ਹਸਹਾਰ ਨੇ ਲਿਖੀ ਹੈ। ਉਹ ਕਾਫੀ ਸਮਾਂ ਗੁਰੂ ਦਰਬਾਰ ਵਿਚ ਰਹੇ। ਜੋ ਕੁਝ ਉਨ੍ਹਾਂ ਅੱਖੀਂ ਡਿੱਠਾ ਉਹ ਲਿਖ ਦਿੱਤਾ। ਸਾਨੂੰ ਇਸ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਰੀ ਚਰਚਾ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਹੋਈ ਹੈ ਅਤੇ ਜੋ ਗੁਰੂ ਅਰਜਨ ਜੀ ਦੇ ਵੇਲੇ ਤੋਂ ਸੁਰੱਖਿਅਤ ਹੈ।

ਲੋੜ ਹੈ ਅੱਜ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ। ਪਤਾ ਨਹੀਂ ਕਿਉਂ ਅੱਜ ਸਿੱਖ ਅਖੌਤੀ ਕੱਚੇ- ਪਿੱਲੇ ਬਾਬਿਆਂ ਦੇ ਡੇਰਿਆਂ ਤੇ ਚੱਕਤ ਮਾਰ ਰਹੇ ਹਨ। ਸਾਡਾ ਗੁਰੂ ਪੂਰਾ ਹੈ ਅਤੇ ਪੂਰੇ ਗੁਰੂ ਤੋਂ ਬਗੈਰ ਸਾਡੀ ਗਤੀ ਨਹੀਂ। ਸਾਡਾ ਪਾਰ ਉਤਾਰਾ ਗੁਰ-ਉਪਦੇਸ਼ ਨਾਲ ਹੀ ਹੋਣਾ ਹੈ।

ਸਾਨੂੰ ਗੁਰੂ ਅਰਜਨ ਸਾਹਿਬ ਦੇ ਰਿਣੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਬੜੀ ਹੀ ਘਾਲਣ ਘਾਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਜਿਸ ਵਿਚ ਸਾਡੇ ਗੁਰੂਆਂ, ਭਗਤਾਂ, ਗੁਰਸਿੱਖਾਂ, ਦੀ ਉਚਾਰੀ ਬਾਣੀ - ਉਪਦੇਸ਼ ਸਾਂਭ ਰੱਖੇ ਹਨ। ਗੁਰਬਾਣੀ ਹਰ ਸਿੱਖ ਲਈ ਮਾਰਗ ਦਰਸ਼ਨ ਹੈ। ਭਾਈ ਗੁਰਦਾਸ ਨੇ ਠੀਕ ਹੀ ਲਿਖਿਆ ਹੈ, ਗੁਰ ਅਰਜਨ ਵਿਟਹੁ ਕੁਰਬਾਣੀ ॥

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਲਬਿੰਦਰ ਸਿੰਘ ਅਸਟ੍ਰੇਲੀਆ




.