.

ਹਮਾਰਾ ਧੜਾ ਹਰਿ ਰਹਿਆ ਸਮਾਈ॥ …

ਸੱਚ ( "ੴਸਤਿਨਾਮ ਕਰਤਾ ਪੁਰਖ…" ) ਨਾਲ ਜੁੜਿਆ ਮਨੁੱਖ ਹੀ ਸਚਿਆਰ ਹੋ ਸਕਦਾ ਹੈ, ਅਤੇ ਸਚਿਆਰ ਮਨੁੱਖ ਨੂੰ ਕਿਸੇ ਸੰਸਾਰਕ ਧੜੇ/ਦਲ/ਜੁੰਡਲੀ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ! ਪਰੰਤੂ ਸੱਚ (ਪ੍ਰਭੂ) ਨਾਲੋਂ ਟੁੱਟਾ ਮਨੁੱਖ, ਝੂਠੀ ਮਾਇਆ ਦੇ ਛਲਪੂਰਨ ਪਰਛਾਵੇਂ ਹੇਠ, ਮਨ/ਆਤਮਾ ਵੱਲੋਂ ਕਮਜ਼ੋਰ ਪੈ ਕੇ ਵਿਕਾਰ-ਗ੍ਰਸਤ ਹੋ ਜਾਂਦਾ ਹੈ! ਵਿਕਾਰਾਂ ਕਾਰਣ ਉਸ ਦੀ ਜ਼ਮੀਰ ਮਰ ਜਾਂਦੀ ਹੈ ਤੇ ਉਹ ਪਰਮਾਰਥ ਤੇ ਪਰਸੁਆਰਥ ਦੇ ਨੈਤਿਕ ਗੁਣਾਂ ਨੂੰ ਤਿਆਗ ਕੇ ਸ਼ੁੱਧ ਸਵਾਰਥੀ ਬਣ ਜਾਂਦਾ ਹੈ। ਸਵਾਰਥੀ ਸੁਭਾਅ ਸ਼ੈਤਾਨੀਯਤ ਦਾ ਦੂਜਾ ਨਾਮ ਹੈ। ਸਵਾਰਥ ਦੇ ਐਬ ਕਾਰਣ, ਸ਼ੈਤਾਨ ਮਨੁੱਖ ਇਨਸਾਨੀਯਤ ਤੋਂ ਇਤਨਾ ਗਿਰ ਜਾਂਦਾ ਹੈ ਕਿ ਉਹ ਕਿਸੇ ਦਾ ਵੀ ਸਕਾ ਨਹੀਂ ਰਹਿੰਦਾ। ਆਪਣੀ ਗ਼ਰਜ਼ ਦੀ ਖ਼ਾਤਿਰ ਉਹ ਆਪਣੇ ਸਕੇ ਸਨਬੰਧੀਆਂ, ਇੱਥੋਂ ਤਕ ਕਿ ਰੱਬ ਤੇ ਰੱਬ ਦੀ ਮਾਸੂਮ ਰਿਆਇਆ ਨੂੰ ਵੀ ਵੇਚ ਕੇ ਖਾ ਜਾਣ ਤੋਂ ਨਹੀਂ ਝਿਜਕਦਾ!

ਆਤਮਿਕ ਪੱਖੋਂ ਹੌਲਾ ਤੇ ਮਲੀਨ ਮਨ ਵਾਲਾ ਸਵਾਰਥੀ ਬੰਦਾ ਆਪਣੀ ਮਾਨਸਿਕ ਹੀਣਤਾ ਤੇ ਆਤਮਿਕ ਹੌਲੇਪਣ ਨੂੰ ਲੋਕਾਂ ਦੀਆਂ ਨਿਗਾਹਾਂ ਵਿੱਚ ਸਾਵਾਂ ਕਰਨ ਵਾਸਤੇ ਜਿਹੜੇ ਅਮਾਨਵੀ ਹੀਲੇ ਕਰਦਾ ਹੈ, ਉਨ੍ਹਾਂ ਹੀਲਿਆਂ ਵਿੱਚੋਂ ਇੱਕ ਹੈ: ਧੜੇਬੰਦੀ! ਇਨਸਾਨੀਯਤ ਤੋਂ ਗਿਰਿਆ ਹੋਇਆ ਮਤਲਬੀ ਮਨੁੱਖ ਦੁਨਿਆਵੀ ਧੜਿਆਂ ਦੀ ਦਲਦਲ ਵਿੱਚ ਇਤਨਾ ਧਸ ਜਾਂਦਾ ਹੈ ਕਿ ਉਸ ਦਾ ਕੋਈ ਦੀਨ-ਈਮਾਨ ਹੀ ਨਹੀਂ ਰਹਿੰਦਾ, ਤੇ ਉਹ ਥਾਲੀ ਦੇ ਬੈਂਗਣ ਦੀ ਤਰ੍ਹਾਂ ਏਧਰ ਓਧਰ ਲੁੜ੍ਹਕਦਾ ਹੀ ਰਹਿੰਦਾ ਹੈ। ਥਾਲੀ ਦਾ ਇਹ ਬੈਂਗਣ ਆਪਣੀਆਂ ਕਾਲੀਆਂ ਕਰਤੂਤਾਂ ਸਦਕਾ ਮਨੁੱਖਾ ਸਮਾਜ ਦੇ ਹਰ ਖੇਤ੍ਰ ਵਿੱਚ ਭ੍ਰਸ਼ਟਤਾ ਫੈਲਾਉਂਦਾ ਹੈ। ਧੜੇ-ਬੰਦੀ ਦੇ ਗ਼ੁਲਾਮ ਮਨੁੱਖ ਦੀ ਵਿਅਕਤੀਗਤ ਸ਼ਖ਼ਸੀਯਤ (individual personality) ਖ਼ਤਮ ਹੋ ਜਾਂਦੀ ਹੈ, ਉਸ ਦੀ ਅਣਖ ਮਰ ਜਾਂਦੀ ਹੈ ਤੇ ਉਹ ਧੜੇਬੰਦੀ ਦੇ ਗੰਦੇ ਨਾਲੇ ਦੇ ਵਹਿਣ ਵਿੱਚ ਵਹਿਣ `ਤੇ ਮਜਬੂਰ ਹੋ ਜਾਂਦਾ ਹੈ। ਹੌਲੀ ਹੌਲੀ ਉਸ ਨੂੰ ਧੜੇਬੰਦੀ ਦੀ ਗੰਦਗੀ ਹੀ ਅੰਮ੍ਰਿਤ ਲੱਗਣ ਲੱਗ ਜਾਂਦੀ ਹੈ।

ਇਹ ਇੱਕ ਪ੍ਰਮਾਣਿਤ ਸੱਚਾਈ ਹੈ ਕਿ ਸੰਸਾਰਕ ਧੜੇਬੰਦੀ ਮਨੁੱਖਤਾ ਵਾਸਤੇ ਵੱਡਾ ਸ਼ਰਾਪ ਹੈ। ਇਸ ਸ਼ਰਾਪ ਤੋਂ ਬਚਣ ਵਾਸਤੇ ਇੱਕੋ ਇੱਕ ਰਾਹ ਹੈ: ਸੰਸਾਰਕ ਧੜਿਆਂ/ਜੁੰਡਲੀਆਂ ਦਾ ਪਰਿਤਿਆਗ ਕਰਕੇ ਸਿਰਫ਼ ਸੱਚੇ ਸਰਬਵਿਆਪਕ ਪ੍ਰਭੂ ਨਾਲ ਸਦੀਵੀ ਧੜਾ/ਪੱਖ ਬਣਾਈ ਰੱਖਣਾ! ਗੁਰੂ ਰਾਮ ਦਾਸ ਜੀ ਸੰਸਾਰਕ ਧੜਿਆਂ ਦੀ ਲਾਅਨਤ ਬਾਰੇ ਸਾਨੂੰ ਸੁਚੇਤ ਕਰਦੇ ਹੋਏ ਇਨ੍ਹਾਂ ਦੇ ਭੈੜੇ ਅਮਾਨਵੀ ਚਸਕੇ ਤੋਂ ਛੁਟਕਾਰਾ ਪਾਉਣ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਲਿਖਦੇ ਹਨ:

ਕਿਸਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥

ਕਿਸਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥

ਕਿਸ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥

ਹਮਾਰਾ ਧੜਾ ਹਰਿ ਰਹਿਆ ਸਮਾਈ॥ ੧॥

ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ਹੈ॥

ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥ ਰਹਾਉ॥

ਜਿਨੑ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥

ਥਿਰੁ ਨ ਰਹਹਿ ਮਨਿ ਖੋਟੁ ਕਮਾਹਿ॥

ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥ ੨॥

ਏਹਿ ਸਭਿ ਧੜੇ ਮਾਇਆ ਮੋਹ ਪਸਾਰੀ॥ ਮਾਇਆ ਕਉ ਲੂਝਹਿ ਗਾਵਾਰੀ॥

ਜਨਮਿ ਮਰਹਿ ਜੂਐ ਬਾਜੀ ਹਾਰੀ॥

ਹਮਰਾ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥ ੩॥

ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ॥

ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ॥

ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ॥ ੪॥

ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ॥ ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ॥ ਜੈਸਾ ਬੀਜੈ ਤੈਸਾ ਖਾਵੈ॥

ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ॥ ੫॥ ਆਸਾ ਮ: ੪

ਸ਼ਬਦ ਅਰਥ:- ਧੜਾ: ਪੱਖ, ਗੱਠਜੋੜ, ਗੰਢ-ਤੁਪ, ਤੱਕੜੀ ਦੇ ਹਲਕੇ ਪੱਲੜੇ ਨੂੰ ਸਾਂਵਾਂ ਕਰਨ ਵਾਸਤੇ ਵਰਤਿਆ ਜਾਂਦਾ ਵਜ਼ਨ। ਸੁਤ: ਔਲਾਦ, ਪੁੱਤਰ। ਸਕੇ: ਜਿਸ ਨਾਲ ਨੇੜਤਾ ਹੋਵੇ। ਸਿਕਦਾਰ: ਸਿਕਹਦਾਰ: ਜਿਸ ਦੇ ਨਾਮ ਦਾ ਸਿੱਕਾ ਚਲਦਾ ਹੋਵੇ, ਆਪਣੇ ਨਾਮ ਦਾ ਸਿੱਕਾ ਚਲਾਉਣ ਵਾਲਾ, ਹਾਕਿਮ, ਰਾਜਾ, ਸੁਲਤਾਨ। ਚਉਧਰੀ: ਖੇਤੀ ਕਰਨ ਵਾਲਾ, ਜ਼ਮੀਂਦਾਰ। ਸੁਆਇ: ਸੁਆਰਥ, ਮਤਲਬ, ਗ਼ਰਜ਼, ਲਾਭ/ਫ਼ਾਇਦਾ। ਹਰਿ ਰਹਿਆ ਸਮਾਈ: ਹਰਿ/ਪਰਮਾਤਮਾ ਜੋ ਸਰਬਵਿਆਪਕ ਹੈ। ੧।

ਟੇਕ: ਸਹਾਰਾ, ਆਸਰਾ। ਪਖੁ: ਧਿਰ, ਧੜਾ, ਪਾਸਾ। ਜਾਹਿ: ਜਾਂਦੇ ਹਨ। ੧। ਰਹਾਉ।

ਝੂਠੁ ਧੜੇ: ਕੱਚੇ/ਥੋੜਚਿਰੇ, ਸਦਾ ਨਾ ਨਿਭਣ ਵਾਲੇ ਸਵਾਰਥੀ ਸਾਥ। ਸਮਰਥ: ਸਾਨੀ, ਬਰਾਬਰ ਦਾ। ੨।

ਪਸਾਰੀ: ਪਸਰਿਆ ਹੋਇਆ, ਵਿਆਪਕ। ਲੂਝੈ: ਖਹਿਬੜਦੇ, ਝਗੜਦੇ ਹਨ। ਗਾਵਾਰੀ: ਉਜੱਡ, ਮੂੜ੍ਹ, ਅਗਿਆਨੀ। ਬਾਜੀ: ਖੇਡ, ਮਾਨਵ ਜੀਵਨ ਦੀ ਬਾਜੀ/ਖੇਡ। ਜਿ: ਜਿਸ, ਜਿਹੜਾ। ਹਲਤੁ ਪਲਤੁ: ਐਥੇ ਓਥੇ, ਇਸ ਲੋਕ ਵਿੱਚ ਅਤੇ ਉਸ ਲੋਕ ਵਿੱਚ। ੩।

ਕਲਿਜੁਗ: ਕਲ੍ਹ-ਕਲੇਸ਼ ਦਾ ਯੁੱਗ, ਚੌਥਾ ਯੁੱਗ। ਪੰਚ ਚੋਰ: ਸ਼ੁੱਭ ਗੁਣਾਂ ਨੂੰ ਚੁਰਾਉਣ ਵਾਲੇ ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ)। ਸਤਿਸੰਗ: ਉਹ ਸੰਗਤ/ਇਕੱਠ ਜਿੱਥੇ ਸਿਰਫ਼ ਸਤਿ ਰੂਪ ਪਰਮਾਤਮਾ ਦੇ ਗੁਣਾਂ ਦੀ ਹੀ ਵਿਚਾਰ ਹੋਵੇ। ੪।

ਮਿਥਿਆ: ਝੂਠ, ਥੁੜਚਿਰਾ, ਜੋ ਸਦੀਵੀ ਨਹੀਂ, ਨਿਸ਼ਫਲ/ਨਿਰਾਰਥਕ। ਦੂਜਾ ਭਾਓ: ਰੱਬ ਤੋਂ ਬਿਨਾਂ ਕਿਸੇ ਹੋਰ ਨਾਲ ਲਗਾਓ, ਦਵੈਤ, ਮੋਹ-ਮਾਇਆ। ਛਿਦ੍ਰ: ਐਬ, ਦੋਸ਼, ਖੋਟ, ਕਾਣ। ਅਟਕਲੈ: ਅਨੁਮਾਨ/ਅੰਦਾਜ਼ਾ, ਵਿਚਾਰ। ਧਰਮੁ: ਫ਼ਰਜ਼, ਨੇਕ ਕਰਮ, ਅਧਿਆਤਮਵਾਦੀ ਨਿਯਮ। ਜਿਣਿ: ਜਿੱਤਣ ਵਾਲਾ। ਜਿਨ: ਜਿਨ੍ਹਾਂ ਨੇ। ੫।

ਭਾਵ ਅਰਥ:- (ਇਸ ਮਤਲਬ ਦੀ ਦੁਨੀਆ ਵਿੱਚ ਨਿੱਜੀ ਫ਼ਾਇਦੇ ਦੀ ਖ਼ਾਤਿਰ) ਕਿਸੇ ਨੇ ਦੋਸਤਾਂ-ਮਿੱਤਰਾਂ ਨਾਲ, ਕਿਸੇ ਨੇ ਆਪਣੀ ਔਲਾਦ (ਪੁੱਤ-ਧੀ) ਨਾਲ ਅਤੇ ਕਿਸੇ ਨੇ ਭਰਾ ਨਾਲ ਧੜਾ ਬਣਾਇਆ ਹੋਇਆ ਹੈ। ਕਈ ਮਨੁੱਖ ਆਪਣੀ ਗ਼ਰਜ਼ ਪੂਰੀ ਕਰਨ ਵਾਸਤੇ (ਇਤਨੇ ਗਿਰ ਜਾਂਦੇ ਹਨ ਕਿ ਉਹ) ਆਪਣੇ (ਅਤਿ ਨਾਜ਼ੁਕ ਰਿਸ਼ਤੇ) ਕੁੜਮ ਤੇ ਜਵਾਈ ਨਾਲ ਸਵਾਰਥੀ ਸਾਂਝ ਪਾ ਰੱਖਦੇ ਹਨ। ਕਈ ਆਪਣੇ ਮਤਲਬ ਦੀ ਖ਼ਾਤਿਰ ਰਾਜੇ/ਸ਼ਾਸਕ ਤੇ ਜ਼ਮੀਨਦਾਰ ਨਾਲ ਗੰਢ-ਤੁਪ ਕਰੀ ਰੱਖਦੇ ਹਨ। (ਪਰੰਤੂ) ਸਾਡਾ ਧੜਾ ਤਾਂ ਹਰਿ/ਪ੍ਰਭੂ ਨਾਲ ਹੈ ਜੋ ਸਰਬਵਿਆਪਕ ਹੈ। ੧।

ਅਸੀਂ ਪ੍ਰਭੂ (ਸੱਚ) ਨਾਲ ਸਾਂਝ ਬਣਾਈ ਹੋਈ ਹੈ। ਉਹ (ਸੱਚ) ਹੀ ਸਾਡਾ ਸਹਾਰਾ ਹੈ। ਉਸ ਸੱਚੇ ਪ੍ਰਭੂ ਤੋਂ ਬਿਨਾਂ ਸਾਡਾ ਕੋਈ ਪੱਖ ਨਹੀਂ ਤੇ ਨਾ ਹੀ ਕੋਈ ਹੋਰ ਆਸਰਾ ਹੈ। ਮੈਂ ਉਸ ਪ੍ਰਭੂ ਦੇ ਅਣਗਿਣਤ ਗੁਣ ਹੀ ਗਾਉਂਦਾ ਰਹਿੰਦਾ ਹਾਂ। ੧। ਰਹਾਉ।

(ਸਵਾਰਥੀ ਲੋਕ) ਜਿਨ੍ਹਾਂ ਨਾਲ ਗੰਢ-ਤੁਪ ਕਰਦੇ ਹਨ, ਉਹ ਅੰਤ ਨੂੰ ਮਰ ਜਾਂਦੇ ਹਨ। ਮਨ ਖੋਟਾ ਕਰਕੇ ਧੜੇ ਬਣਾਉਣ ਵਾਲੇ ਵੀ ਸਦਾ ਨਹੀਂ ਰਹਿੰਦੇ। (ਇਸ ਲਈ) ਧੜੇ ਬਣਾਉਣ ਤੇ ਧੜਿਆਂ ਦਾ ਪੱਖ ਪੂਰਨ ਵਾਲਿਆਂ ਦੋਨਾਂ ਨੂੰ ਪਛਤਾਉਣਾ ਪੈਂਦਾ ਹੈ। (ਸੰਸਾਰਕ ਧੜਿਆਂ ਦੀ ਨਿਸ਼ਫ਼ਲਤਾ ਤੋਂ ਸੁਚੇਤ) ਅਸੀਂ ਤਾਂ ਉਸ ਸੱਚੇ ਪ੍ਰਭੂ ਨਾਲ ਧੜਾ ਬਣਾਇਆ ਹੈ ਜਿਸ ਦਾ ਹੋਰ ਕੋਈ ਸਾਨੀ ਨਹੀਂ। ੨।

ਸੰਸਾਰਕ ਧੜੇ ਮਾਇਆ ਦੇ ਵਿਆਪਕ ਮੋਹ ਦਾ ਹੀ ਨਤੀਜਾ ਹਨ। ਮਾਇਆ ਦੀ ਖ਼ਾਤਿਰ ਹੀ ਮੂਰਖ ਲੋਕ ਆਪਸ ਵਿੱਚ ਖਹਿਬੜਦੇ ਤੇ ਲੜਦੇ-ਝਗੜਦੇ ਰਹਿੰਦੇ ਹਨ। (ਮਾਇਆ ਦੀ ਖ਼ਾਤਿਰ ਧੜੇਬੰਦੀ ਵਿੱਚ ਉਲਝੇ ਲੋਕ) ਜੀਉਂਦੇ ਹੀ ਮਰੇ ਸਮਾਨ ਹਨ। (ਉਹ ਜੰਮਣ-ਮਰਨ ਦੇ ਗੇੜ ਵਿੱਚ ਹੀ ਪਏ ਰਹਿੰਦੇ ਹਨ)। (ਇਸ ਤਰ੍ਹਾਂ ਸੱਚ ਨੂੰ ਛੱਡਿ, ਧੜਿਆਂ ਮਗਰ ਲੱਗ ਕੇ) ਉਹ ਦੁਰਲੱਭ ਮਾਨਸ ਜੀਵਨ ਦੀ ਖੇਡ ਹਾਰ ਜਾਂਦੇ ਹਨ। (ਇਸੇ ਲਈ) ਅਸਾਂ ਤਾਂ ਉਸ ਹਰੀ ਨਾਲ ਨਾਤਾ ਜੋੜਿਆ ਹੈ ਜਿਸ ਨੇ ਇਸ ਲੋਕ ਤੇ ਅਗਲੇ ਲੋਕ ਵਿੱਚ ਸਾਡਾ ਜੀਵਨ ਸੁਧਾਰਿਆ/ਸਵਾਰਿਆ ਹੈ। ੩।

ਕਲ੍ਹਾ-ਕਲੇਸ਼ ਵਾਲੇ ਯੁਗ ਵਿੱਚ ਲੋਕ (ਸੱਚ ਦਾ ਸਾਥ ਛੱਡ ਕੇ) ਧੜੇ ਬਣਾਉਂਦੇ ਹਨ; ਧੜਿਆਂ ਦੇ ਸਹਾਰੇ ਰਹਿਣ ਵਾਲੇ ਲੋਕਾਂ ਦੇ ਮਨਾਂ ਵਿੱਚ ਸ਼ੁਭ ਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਨੂੰ ਚੁਰਾਉਣ ਵਾਲੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ ਵਿਕਾਰਾਂ ਵਿੱਚ ਵਾਧਾ ਹੁੰਦਾ ਹੈ। (ਧੜਿਆਂ ਦੇ ਅਜਿਹੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ) ਜਿਸ ਮਨੁੱਖ ਉੱਤੇ ਪ੍ਰਭੂ ਦੀ ਨਿਗਾਹ ਸਵੱਲੀ ਹੋਵੇ, ਉਸ ਨੂੰ ਉਹ ਸਤਿਸੰਗਤ ਨਾਲ ਜੋੜਦਾ ਹੈ। ਅਸੀਂ ਤਾਂ ਉਸ ਹਰੀ ਨਾਲ ਧੜਾ ਬਣਾਇਆ ਹੈ ਜਿਸ ਦੇ ਸਾਥ ਨੇ ਸਾਨੂੰ ਇਨ੍ਹਾਂ ਸੰਸਾਰਕ ਧੜਿਆਂ ਤੋਂ ਮੁਕਤ ਕੀਤਾ ਹੈ। ੪।

ਸੱਚ ਤੋਂ ਬਿਨਾਂ ਮਾਇਆ ਦਾ ਮੋਹ ਝੂਠਾ ਹੈ। ਝੂਠੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਧੜੇ ਬਣਾਉਂਦਾ ਹੈ। (ਸੱਚ ਦਾ ਪੱਖ ਛੱਡ ਕੇ ਧੜਿਆਂ ਵਿੱਚ ਉਲਝਿਆ ਮਨੁੱਖ) ਹੰਕਾਰ-ਵੱਸ ਦੂਸਰਿਆਂ ਦੇ ਔਗੁਣ ਚਿਤਾਰਦਾ ਰਹਿੰਦਾ ਹੈ। ਇਸ ਤਰ੍ਹਾਂ ਦੂਸਰਿਆਂ ਦੀ ਨਿੰਦਾ ਤੇ ਆਪਣੀ ਉਸਤਤਿ ਕਰ ਕੇ ਉਹ ਆਪਣੀ ਕਰਨੀ ਦਾ ਫ਼ਲ ਭੁਗਤਦਾ ਹੈ। ਦਾਸ ਨਾਨਕ ਦਾ ਧੜਾ ਪ੍ਰਭੂ ਨਾਲ ਹੈ, ਪ੍ਰਭੂ ਨਾਲ ਧੜਾ ਹੀ ਨਾਨਕ ਦਾ ਧਰਮ ਹੈ। ਇਸ ਧਰਮ ਦੇ ਸਹਾਰੇ ਹੀ ਨਾਨਕ ਨੇ ਸਾਰੀ ਸ੍ਰਿਸ਼ਟੀ (ਵਿਕਾਰਾਂ ਦੀ ਜੜ ਸੰਸਾਰਕ ਧੜਿਆਂ) ਉੱਤੇ ਫ਼ਤਹਿ ਪਾਈ ਹੈ। ੫।

ਉਪਰ ਵਿਚਾਰੇ ਗੁਰੁਸ਼ਬਦ ਅਨੁਸਾਰ, ਮਨੁੱਖ ਨੂੰ ਝੂਠੇ ਸੰਸਾਰਕ ਧੜਿਆਂ ਦਾ ਪਰਿਤਿਆਗ ਕਰਕੇ ਜੀਵਨ ਦੇ ਹਰ ਖੇਤਰ ਵਿੱਚ ਸੱਚ (ਸਤਿਨਾਮ ਅਕਾਲ ਪੁਰਖ) ਨਾਲ ਸਦੀਵੀ ਸਾਥ ਬਣਾਉਣਾ ਚਾਹੀਦਾ ਹੈ ਕਿਉਂਕਿ, ਸੱਚ ਦਾ ਸਾਥ-ਸਹਾਰਾ ਮਨੁੱਖ ਨੂੰ ਸੰਸਾਰਕ ਧੜਿਆਂ ਤੇ ਇਨ੍ਹਾਂ ਧੜਿਆਂ ਦੇ ਅਸਰ ਹੇਠ ਵਧਦੇ-ਫੁਲਦੇ ਵਿਕਾਰਾਂ ਦੀ ਗੰਦਗੀ ਤੋਂ ਬਚਾਈ ਰੱਖਦਾ ਹੈ। ਪਰੰਤੂ ਆਪਣੇ ਆਪ ਨੂੰ ਗੁਰੂ (ਗ੍ਰੰਥ) ਦੇ ਕਹਿੰਦੇ ਕਹਾਉਂਦੇ ਲਗ ਪਗ ਸਾਰੇ ਸਿੱਖ ਨਿੱਜੀ ਸਵਾਰਥਾਂ ਦੀ ਖ਼ਾਤਿਰ ਇਸ ਗੁਰੁ-ਸਿੱਖਿਆ ਦੇ ਬਿਲਕੁਲ ਉਲਟ, ਸੱਚ ਨਾਲੋਂ ਨਾਤਾ ਤੋੜ ਕੇ ਝੂਠੇ ਸੰਸਾਰਕ ਧੜਿਆਂ ਦੀ ਨਿਖਿੱਧ ਧੂੜ ਵਿੱਚ ਪੂਰੀ ਤਰ੍ਹਾਂ ਲਥ-ਪਥ ਹੋ ਚੁੱਕੇ ਹਨ। ਇਥੇ ਹੀ ਬਸ ਨਹੀਂ, ਸਾਨੂੰ ‘ਸਿੱਖਾਂ’ ਨੂੰ ਆਪਣੇ ਇਸ ਮਾਨਸਿਕ ਕੋੜ੍ਹ ਦਾ ਫ਼ਖ਼ਰ ਵੀ ਹੈ!

ਅੱਜ ਸਿੱਖਾਂ ਦੇ ਧੜਿਆਂ ਦੀ ਗਿਣਤੀ ਕਰਨੀ ਸੰਭਵ ਨਹੀਂ! ‘ਸਿੱਖਾਂ’ ਦੀਆਂ ‘ਸਿਰਮੌਰ’ ਸੰਸਥਾਵਾਂ ਦੇ ਸਾਰੇ ਉਹਦੇਦਾਰ ਸੁਆਰਥ ਤੇ ਧੜੇਬੰਦੀ ਦੇ ਮਾਨਸਿਕ ਮਰਜ਼ ਦੇ ਵੱਡੇ ਮਰੀਜ਼ ਹਨ। ਗੁਰਸਿੱਖੀ ਜੀਵਨ ਦਾ ਸਿਆਸਤ, ਜਿਸ ਦਾ ਆਧਾਰ ਹੀ ਧੜੇਬੰਦੀ ਹੈ, ਨਾਲ ਕੋਈ ਲੈਣਾ ਦੇਣਾ ਨਹੀਂ। ਪਰੰਤੂ ਅੱਜ ਗੁਰਸਿੱਖੀ ਦੇ ਸੁਹਾਵਣੇ ਰੁੱਖ ਉੱਤੇ ਸੜੀ ਸਿਆਸਤ ਪੂਰੀ ਤਰ੍ਹਾਂ ਛਾ ਚੁੱਕੀ ਹੈ। ਇਸ ਦੁਖਾਂਤ ਦਾ ਕਾਰਣ ਕੋਈ ਹੋਰ ਨਹੀਂ ਸਗੋਂ ਸਿੱਖਾਂ ਅਤੇ ਸਿੱਖਾਂ ਦੇ ਝੂਠੇ ਤੇ ਦੰਭੀ ਲੀਡਰਾਂ ਦਾ, ਸਵਾਰਥ ਦੀ ਖ਼ਾਤਿਰ, ਅਨੇਕ ਧੜਿਆਂ ਵਿੱਚ ਵੰਡਿਆ ਹੋਣਾ ਹੈ। ਸਿੱਖਾਂ ਦੇ ਵਿਆਪਕ ਧੜਿਆਂ ਉੱਤੇ ਸਰਸਰੀ ਜਿਹੀ ਨਿਗਾਹ ਮਾਰੀਏ ਤਾਂ ਇਹ ਸ਼ਰਮਨਾਕ ਸੱਚ ਬਿਨਾਂ ਸ਼ੱਕ ਸਾਬਤ ਹੁੰਦਾ ਹੈ।

ਸਾਰੇ ਦੇਸ ਅਤੇ ਪਿੰਗਲੇ ਪੰਜਾਬੀ ਸੂਬੇ ਵਿੱਚ ਅਨੇਕ ਅਕਾਲੀ ਦਲ ਬਣ ਚੁੱਕੇ ਹਨ! ਸਾਰੇ ਅਕਾਲੀ ਦਲ, ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਦਾ ਸੱਤਾਧਾਰੀ ‘ਕਾਲੀ ਦਲ, ਗੁਰਮਤਿ ਦੇ ਛਾਂ ਦਾਰ ਸੁਹਾਵਨੇ ਰੁੱਖ ਉੱਤੇ ਮਾਰੂ ਵੇਲ ਦੀ ਤਰ੍ਹਾਂ ਛਾਏ ਹੋਏ ਹਨ। ਇਨ੍ਹਾਂ ਸਿਆਸੀ ਧੜਿਆਂ ਦੇ ਮਨਹੂਸ ਪਰਛਾਵੇਂ ਹੇਠ ਸੱਚੀ ਗੁਰਸਿੱਖੀ ਕਿਧਰੇ ਦਿਖਾਈ ਹੀ ਨਹੀਂ ਦਿੰਦੀ। ਸਿੱਖ ਲੀਡਰ, ਸੰਸਾਰਕ ਸਵਾਰਥਾਂ ਦੀ ਖ਼ਾਤਿਰ, ਆਪਣੀਆਂ ਜ਼ਮੀਰਾਂ ਗਹਿਣੇ ਧਰ ਕੇ ਗੁਰਮਤਿ-ਵਿਰੋਧੀ ਸਿਆਸੀ ਧੜਿਆਂ ਦਾ ਪੱਖ ਪੂਰਦੇ ਹਨ। ਧੜੇ ਦਾ ਪੱਖ ਪੂਰਨ ਲਈ ਸੱਚ ਵੱਲੋਂ ਮੂੰਹ ਮੋੜ ਕੇ ਹਮੇਸ਼ਾ ਝੂਠ ਬੋਲਣਾ ਤੇ ਕੁਫ਼ਰ ਤੋਲਣਾ ਪੈਂਦਾ ਹੈ। ਚਿੱਟਾ ਝੂਠ ਬੋਲਣ ਤੇ ਕੁਫ਼ਰ ਤੋਲਣ ਵਿੱਚ ‘ਸਿੱਖ’ ਲੀਡਰਾਂ ਦੀ ਕੋਈ ਰੀਸ ਨਹੀਂ ਕਰ ਸਕਦਾ! ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ!

ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਜਥੇਦਾਰ ਤੇ ਪੁਜਾਰੀ ਲਾਣਾ ਗੱਦੀਆਂ ਤੇ ਗੋਲਕਾਂ ਦੀ ਖ਼ਾਤਿਰ ਸੁਆਰਥਾਧੀਨ ਸ਼ਾਸਕ ਅਕਾਲੀ ਦਲ ਦੇ ਧੜੇ ਦੀ ਗ਼ੁਲਾਮੀ ਕਰ ਰਹੇ ਹਨ। ਸ਼ਾਸਕ ਅਕਾਲੀ ਦਲ ਦੇ ਦੁਰਕਾਰੇ ਹੋਏ ‘ਮੁੱਖ ਸੇਵਾਦਾਰ’ ਤੇ ਹੋਰ ਪੁਜਾਰੀ ਲਾਣਾ ਅਕਾਲੀਆਂ ਦੇ ਦੂਸਰੇ ਧੜਿਆਂ ਦਾ ਪੱਖ ਪੂਰਦੇ ਹਨ।

ਦੇਸ-ਬਿਦੇਸ ਦੇ ਤਕਰੀਬਨ ਸਾਰੇ ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸੱਚ ਨਾਲੋਂ ਨਾਤਾ ਤੋੜ ਕੇ ਧੜਿਆਂ ਵਿੱਚ ਵੰਡੀਆਂ ਹੋਈਆਂ ਹਨ। ਇਨ੍ਹਾਂ ਕਮੇਟੀਆਂ ਦੇ ਜ਼ਮੀਰ ਮਰੇ ਹੰਕਾਰੀ ਕਾਰਕੁਨਾਂ ਦੇ ਧੜੇ ਵੀ ਗੱਦੀਆਂ ਤੇ ਗੋਲਕਾਂ ਦੀ ਖ਼ਾਤਿਰ ਹਮੇਸ਼ਾ ਜੂਤ-ਪਤਾਂਗ ਹੁੰਦੇ ਰਹਿੰਦੇ ਹਨ ਅਤੇ ‘ਸੰਗਤਾਂ’ ਤੋਂ ਗੁਰੂ ਦੇ ਨਾਮ `ਤੇ ਠੱਗੀ ਮਾਇਆ ਕਚਹਿਰੀਆਂ ਵਿੱਚ ਬਰਬਾਦ ਕਰਦੇ ਰਹਿੰਦੇ ਹਨ! ਸ਼ਰਮ ਤੇ ਹਯਾ ਇਨ੍ਹਾਂ ਦੇ ਨੇੜਿਓਂ-ਤੇੜਿਓਂ ਨਹੀਂ ਲੰਘਦੀ!

ਬੇਸ਼ੁਮਾਰ ਸੰਤ, ਬਾਬੇ ਤੇ ਅਣਗਿਣਤ ਡੇਰਿਆਂ ਦੇ ਡੇਰੇਦਾਰ ਤੇ ਉਨ੍ਹਾਂ ਦੇ ਗੱਦੀ-ਨਸ਼ੀਨਾਂ ਦੇ ਆਪਣੇ ਆਪਣੇ ਧੜੇ ਹਨ, ਅਤੇ ਇਨ੍ਹਾਂ ਧੜਿਆਂ ਵਿੱਚ ਹਰ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

ਨਿਹੰਗਾਂ ਦੇ ਕਈ ਧੜਿਆਂ ਵੱਲੋਂ ਉਡਾਈ ਜਾ ਰਹੀ ਧੜੇਬੰਦੀ ਦੀ ਧੂੜ ਵੀ ਘੱਟ ਜ਼ਹਿਰੀਲੀ ਨਹੀਂ!

ਹੋਰ ਤਾਂ ਹੋਰ, ਕਹਿੰਦੇ ਕਹਾਉਂਦੇ ਸਕਾਲਰ, ਡਾਕਟਰ, ਪ੍ਰੋਫ਼ੈਸਰ ਤੇ ਵਿਦਵਾਨ ਲੇਖਕ ਵਗ਼ੈਰਾ ਵੀ ਆਪਣੀ ਗ਼ਰਜ਼ ਦੀ ਖ਼ਾਤਿਰ ਉਕਤ ਧੜਿਆਂ ਦਾ ਪੱਖ ਪੂਰਦੇ ਹਨ। ਪੰਜਾਬ, ਪੰਜਾਬੀ, ਪੰਜਾਬੀਅਤ ਤੇ ਸੱਚੀ ਗੁਰਸਿੱਖੀ ਨੂੰ ਨਸ਼ਟ ਕਰਨ ਵਿੱਚ ਇਹ ਵੀ ਉਪਰੋਕਤ ਧੜਿਆਂ ਵਿੱਚ ਸ਼ਾਮਿਲ ਹੋ ਕੇ ਜਾਂ ਆਪਣੇ ਧੜੇ ਬਣਾ ਕੇ ਆਪਣਾ ‘ਯੋਗ ਦਾਨ’ ਪਾਈ ਜਾ ਰਹੇ ਹਨ!

ਮੀਡੀਆ (media), ਖ਼ਾਸ ਕਰਕੇ ਪੰਜਾਬੀ ਮੀਡੀਆ, ਵੀ ਸਿੱਖਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ ਧੜੇਬੰਦੀ ਦੀ ਅੱਗ ਨੂੰ ਆਪਣੇ ਸਵਾਰਥ ਦੀ ਹਵਾ ਦੇ ਕੇ ਭਾਂਬੜ ਬਣਾ ਰਿਹਾ ਹੈ। ……

ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸੱਚੀ ਗੁਰ-ਸਿੱਖੀ ਦੇ ਧੜ ਦਾ ਹਰ ਇੱਕ ਅੰਗ ਧੜੇਬੰਦੀ ਦੇ ਕੈਂਸਰ ਨਾਲ ਪੀੜਤ ਹੋ ਚੁੱਕਿਆ ਹੈ। ਦੁੱਖ ਇਸ ਸੱਚ ਦਾ ਹੈ ਕਿ ਇਸ ਨਾਮੁਰਾਦ ਰੋਗ ਨੂੰ ਫੈਲਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਸਿੱਖਾਂ ਦੇ ਦੰਭੀ ਨੇਤਾ ਤੇ ਉਨ੍ਹਾਂ ਦੇ ਬੇਜ਼ਮੀਰੇ ਝੋਲੀਚੁੱਕ ਹੀ ਹਨ! !

ਅੱਜ, "ਇਕ ਗ੍ਰੰਥ ਇੱਕ ਪੰਥ" ਦੀਆਂ ਟਾਹਰਾਂ ਮਾਰਨ ਵਾਲੇ ਸਿੱਖਾਂ ਦੇ ਧੜਿਆਂ ਦੀ ਗਿਣਤੀ ਕਰਨੀ ਅਸੰਭਵ ਹੈ। ਜੇ ਕੋਈ ਮਾਂ ਦਾ ਲਾਲ ਇਹ ਗਿਣਤੀ ਕਰ ਸਕਦਾ ਹੋਵੇ ਤਾਂ ਇਹ ਗਿਣਤੀ ਕਰ ਕੇ ਅੰਕੜੇ ਸਾਨੂੰ ਵੀ ਦੱਸ ਦੇਵੇ! !

ਇਕ ਵਿਚਾਰ:

ਜਿਵੇਂ ਪਸ਼ੂ-ਮੰਡੀਆਂ ਵਿੱਚ ਬੇਜ਼ੁਬਾਨ ਪਸ਼ੂਆਂ ਦੀ ਬੋਲੀ ਲਗਦੀ ਹੈ ਤੇ ਵੱਧ ਤੋਂ ਵੱਧ ਬੋਲੀ ਲਾਉਣ ਵਾਲਾ ਗਾਹਕ ਪਸ਼ੂ ਨੂੰ ਖ਼ਰੀਦ ਕੇ, ਬੜੇ ਮਾਨ ਅਭਿਮਾਨ ਨਾਲ, ਉਸ ਪਸ਼ੂ ਦੇ ਗਲ ਵਿੱਚ ਘੁੰਗਰੂਆਂ, ਟੱਲੀਆਂ ਤੇ ਰੰਗ-ਬਰੰਗੇ ਮਣਕਿਆਂ ਵਾਲੀ ਗਾਨੀ ਪਾ ਕੇ ਆਪਣੇ ਵਾੜੇ ਵਿੱਚ ਲਿਆਉਂਦਾ ਹੈ, ਤਿਵੇਂ ਸਿਆਸਤ ਦੇ ਖੇਤਰ ਵਿੱਚ ਚੋਣ-ਮੇਲਿਆਂ (ਵੋਟਾਂ ਦੇ ਦਿਨਾਂ) ਦੌਰਾਨ ਵਿਕਾਊ ਨੇਤਾਵਾਂ/ਮਨੁੱਖਾਂ ਦੀ ਬੋਲੀ ਲੱਗਦੀ ਹੈ! ਵੱਧ ਤੋਂ ਵੱਧ ਬੋਲੀ ਲਾਉਣ ਵਾਲਾ ਖ਼ਰੀਦਦਾਰ (ਅਗਾਂਹ ਵਿਕਿਆ ਹੋਇਆ ਵੱਡਾ ਨੇਤਾ) ਖ਼ਰੀਦੇ ਗਏ ਨੇਤਾ ਦੇ ਗਲ ਵਿੱਚ ਹਾਰ ਤੇ ‘ਸਿਰੋਪੇ’ ਪਾ ਕੇ ਉਸ ਨੂੰ ਆਪਣੇ ਵਾੜੇ (ਧੜੇ/ਖ਼ੇਮੇ) ਵਿੱਚ ਲਿਆਉਂਦਾ ਹੈ। ਪਸ਼ੂ-ਮੰਡੀ ਵਿੱਚੋਂ ਖ਼ਰੀਦੇ ਗਏ ਪਸ਼ੂ ਦਾ ਮੁੱਲ ਉਸ ਦੇ ਮਾਲਿਕ ਨੂੰ ਦਿੱਤਾ ਜਾਂਦਾ ਹੈ। ਅਤੇ ਬੇਜ਼ੁਬਾਨ ਪਸ਼ੂ ਦੀ ਖ਼ਰੀਦੋ ਫ਼ਰੋਖ਼ਤ ਵਿੱਚ ਪਸ਼ੂ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ, ਇਸ ਲਈ ਉਸ ਦੀ ਪਸ਼ੂ-ਜ਼ਮੀਰ ਨੂੰ ਕੋਈ ਆਂਚ ਨਹੀਂ ਆਉਂਦੀ। ਪਰੰਤੂ ਬੰਦਿਆਂ ਦੀ ਮੰਡੀ ਵਿੱਚ ਵਿਕਨ ਵਾਲਾ ਸਵਾਰਥੀ ਨੇਤਾ/ਮਨੁੱਖ ਆਪਣਾ ਤੇ ਆਪਣੀ ਜ਼ਮੀਰ ਦਾ ਮੁੱਲ਼ ਆਪ ਤੈਅ ਕਰਦਾ ਤੇ ਆਪ ਹੀ ਲੈਂਦਾ ਹੈ! ! ! ! ਹੋਏ ਨਾ ਸਾਡੇ ‘ਸਤਿਕਾਰ-ਯੋਗ’ ਨੇਤਾ ਪਸ਼ੂਆਂ ਤੋਂ ਵੀ ਗਏ-ਗੁਜ਼ਰੇ! ! ਵਿਕਾਊ ਨੇਤਾਵਾਂ ਤੋਂ ਵੀ ਬਦਤਰ ਹਨ ਉਨ੍ਹਾਂ ਦੇ ਮਤਲਬੀ ਪਿਛਲੱਗ ਜਿਹੜੇ ਉਨ੍ਹਾਂ ਵਿਕਾਊ ਨੇਤਾਵਾਂ ਦੇ ਗੁਣ ਗਾਉਂਦੇ ਨਹੀਂ ਥੱਕਦੇ! ! ! ਅਤੇ ਬਦਤਰੀਨ ਹਨ ਗੁਰਮਤਿ-ਪ੍ਰਚਾਰ ਦੇ ਧੱਕੇ ਨਾਲ ਬਣੇ ਬੈਠੇ ਠੇਕੇਦਾਰ ਜੋ ਉਪਰ ਵਿਚਾਰੇ ਗੁਰੁ-ਸ਼ਬਦ ਦੀ ਪਰਮਾਰਥੀ ਸਿੱਖਿਆ ਦੇ ਵਿਪਰੀਤ ਸ਼ਰ੍ਹੇ ਆਮ ਖ਼ਰੀਦੇ ਤੇ ਵੇਚੇ ਜਾਂਦੇ ਹਨ! ! ! !

(ਨੋਟ:-ਅੱਜ-ਕਲ ਕਿਸੇ ਵੀ ਅਖ਼ਬਾਰ ਦਾ ਕੋਈ ਵੀ ਪੰਨਾਂ ਖੋਲ੍ਹ ਕੇ ਸਰਸਰੀ ਜਿਹੀ ਨਿਗਾਹ ਮਾਰੋ, ਉਪਰੋਕਤ ਵਿਚਾਰ ਦਾ ਸਚਿਤ੍ਰਿ ਪ੍ਰਮਾਣ ਮਿਲ ਜਾਵੇ ਗਾ! !)

ਗੁਰਇੰਦਰ ਸਿੰਘ ਪਾਲ

ਜਨਵਰੀ 22, 2017.
.