.

ਸਿੱਖ ਕੌਮ ਗਿਰਾਵਟ ਦੇ ਰਾਹ ਤੇ

ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹੀਦੀ ਤੋਂ ਬਾਦ ਸਿੱਖ ਪਾਟੋ-ਧਾੜ ਦਾ ਸ਼ਿਕਾਰ ਹੋ ਗਏ ਅਤੇ ਜਰਨੈਲਾਂ ਨੇ ਆਪਣੀ ਆਪਣੀ ਫੌਜ ਨੂੰ ਇਕੱਠਿਆਂ ਕਰਕੇ ਆਪਣੇ ਇਲਾਕੇ ਦਾ ਪ੍ਰਬੰਧ ਸੰਭਾਲ ਲਿਆ ਜਿਸ ਨਾਲ ਸਾਰਾ ਪੰਜਾਬ ਗੁਰੂ ਗੋਬੀੰਦ ਸਿੰਘ ਜੀ ਦੇ ਸਿੱਖੀ ਅਸੂਲ ਨੂੰ ਭੁਲ ਕੇ ਮਨ ਆਈਆਂ ਕਰਨ ਲੱਗ ਪਿਆ ਅਤੇ ਆਪਣੇ ਆਪਣੇ ਇਲਾਕੇ ਤੇ ਹਕੂਮਤ ਕਰਨ ਲਗ ਪਏ। ਇਸਦੇ ਨਾਲ ਹੀ ਦੋ ਹੋਰ ਗਰੁਪ, ਤੱਤ ਖਾਲਸਾ ਅਤੇ ਬੰਧਈ ਖਾਲਸਾ ਵੀ ਬਣ ਗਏ ਅਤੇ ਬਣੇ ਵੀ ਗੁਰਦਾਸ ਨੰਗਲ ਦੇ ਕਿਲ੍ਹੇ ਵਿੱਚ ਹੀ । ਤੱਤ ਖਾਲਸਾ ਦੇ ਨੇਤਾ ਭਾਈ ਬਿਨੋਧ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਗੁਰਦਾਸ ਨੰਗਲ ਦਾ ਕਿਲ੍ਹਾ ਛੱਡ ਗਏ। ਬਾਬਾ ਬੰਦਾ ਸਿੰਘ ਬਹਾਦੁਰ ਕਿਲ੍ਹਾ ਛਡਣ ਵਾਸਤੇ ਨਾਂ ਮੰਨਿਆਂ ਅਤੇ ਅੰਤ ਵਿੱਚ ਮੁਗਲ ਫੌਜ ਨੇ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੈਦ ਕਰਕੇ ਦਿਲੀ ਲਿਜਾ ਕੇ ਸ਼ਹੀਦ ਕਰ ਦਿਤਾ। ਇਸ ਤਰਾਂ ਭਾਈ ਬਿਨੋਧ ਸਿੰਘ ਅਤੇ ਉਨ੍ਹਾਂ ਦੇ ਸਾਥੀ 'ਤੱਤ ਖਾਲਸਾ' ਅੱਖਵਾਉਣ ਲਗੇ ਅਤੇ ਜਿਹੜੇ ਸਿੱਖ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਹੀ ਮੰਨਦੇ ਸਨ ਉਹ ਬੰਧਈ ਖਾਲਸਾ ਬਣ ਕੇ ਵਿੱਚਰਨ ਲਗੇ। ਅੱਜ ਵੀ ਇਹ ਦੋਨੋ ਦਲ 'ਬੁੱਢਾ ਦਲ' ਅਤੇ 'ਤਰਨਾਂ ਦਲ' ਦੇ ਰੂਪ ਵਿੱਚ ਵਿੱਚਰ ਰਹੇ ਹਨ। ਦੂਜੇ ਪਾਸੇ ਵੱਡੇ ਸਰਦਾਰਾਂ ਨੇ ਮਿਸਲਾਂ ਬਣਾ ਕੇ ਉਨ੍ਹਾਂ ਦੇ ਨਾਮ ਰੱਖ ਲਏ ਜਿਨ੍ਹਾਂ ਦੀ ਗਿਣਤੀ 12 ਤੱਕ ਸੀ ਅਤੇ ਕੁਝ ਸਿੰਘਾਂ ਨੇ ਜੱਥੇਦਾਰ ਬਘੇਲ ਸਿੰਘ ਦੀ ਕਮਾਂਡ ਹੇਠ ਸਰਹੰਦ ਫਤਿਹ ਕਰਕੇ ਆਪਣਾ ਰੁਖ ਦਿੱਲ੍ਹੀ ਵੱਲ ਕਰ ਲਿਆ ਅਤੇ 11 ਮਾਰਚ 1783 ਵਾਲੇ ਦਿਨ ਦਿੱਲ੍ਹੀ ਫਤਿਹ ਕਰਕੇ ਲਾਲ-ਕਿਲੇ ਤੇ ਕੇਸਰੀ ਝੰਡਾ ਝੁਲਾ ਦਿੱਤਾ।
ਜਦੋਂ ਰਣਜੀਤ ਸਿੰਘ ਆਪਣੇ ਪਿਤਾ ਮਹਾਂ ਸਿੰਘ ਦੀ ਮੌਤ ਤੋਂ ਬਾਦ 1792 ਵਿੱਚ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਬਣਿਆ ਤਾਂ ਉਸਦੀ ਕੂਟ ਨੀਤੀ ਨੇ ਟੋਟੇ ਹੋਏ ਪੰਜਾਬ ਨੂੰ ਮੁੜ ਇਕ ਲੜੀ ਵਿੱਚ ਪਰੋਇਆ ਅਤੇ ਸਾਰੀਆਂ ਮਿਸਲਾਂ ਨੂੰ ਜਿੱਤ ਕੇ ਜਾਂ ਭਾਈਚਾਰੇ ਨਾਲ ਇਕੱਠਾ ਕਰਕੇ 1799 ਵਿੱਚ ਸ਼ੇਰ-ਏ-ਪੰਜਾਬ ਦਾ ਖਿਤਾਬ ਧਾਰਣ ਕਰਕੇ ਆਪਣੇ ਰਾਜ ਨੂੰ ਪੰਜਾਬ ਦੇ ਚਾਰ ਦਰਿਅਵਾਂ ਦਾ ਵਾਰਸ ਹੀ ਨਹੀਂ ਬਣਾਇਆਂ ਸਗੋਂ 41 ਸਾਲ ਅੰਗ੍ਰੇਜ ਹਕੂਮੱਤ ਨੂੰ ਵੀ ਸੱਤਲੁਝ ਪਾਰ ਨਹੀਂ ਕਰਨ ਦਿਤਾ ਅਤੇ ਆਪਣੇ ਰਾਜ-ਭਾਗ ਨੂੰ 1839 ਤੱਕ ਬਰਕਰਾਰ ਵੀ ਰੱਖਿਆ । ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ 1799 ਤੋਂ 1839 ਦੇ ਸਮੇਂ ਦੇ ਵਿਚਕਾਰ ਪੰਜਾਬ, ਜੰਮੂ ਅਤੇ ਕਸ਼ਮੀਰ, ਕਾਂਗੜਾ, ਪਿਸ਼ਾਵਰ, ਮੁਲਤਾਨ, ਹਜਾਰਾ ਅਤੇ ਜਮਰੌਦ ਤੱਕ ਫੈਲਿਆ ਹੋਇਆ ਸੀ। ਜਿਥੇ ਅਸੀਂ ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦੀਆਂ ਜਿਤਾਂ, ਉਸਦੀ ਕੂਟ ਨੀਤੀ, ਆਪਣੀ ਪਰਜਾ ਪ੍ਰਤੀ ਰਹਿਮ-ਦਿਲੀ, ਉਸਦੀ ਦੂਰ-ਅੰਦੇਸ਼ੀ ਅਤੇ ਹੋਰ ਅਨੇਕਾਂ ਸਫਲਤਾਵਾਂ ਵੱਲ ਝਾਤ ਮਾਰਦੇ ਹਾਂ ਤਾਂ ਸੋਚਣ ਲੱਗ ਪੈਂਦੇ ਹਾਂ ਕਿ ਇਤਨੇ ਗੁਣ ਹੋਣ ਦੇ ਬਾਵਯੂਦ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਦ 41 ਸਾਲ ਦੀਆਂ ਕੁਰਬਾਨੀਆਂ ਨਾਲ ਉਸਾਰਿਆ ਗਿਆ ਸਿੱਖ-ਰਾਜ 3 ਸਾਲ 11 ਮਹੀਨੇ ਅਤੇ 09 ਦਿਨ ਹੀ ਚਲ ਸਕਿਆ ਅਤੇ ਉਹ ਵੀ ਡੋਗਰਿਆਂ ਦੇ ਰਹਿਮ ਨਾਲ। ਜਦੋਂ ਕਿ ਮਹਾਂਰਾਜਾ ਰਣਜੀਤ ਸਿੰਘ ਦੇ ਨੌਂ ਵਾਰੱਸ ਜਿਨ੍ਹਾਂ ਵਿੱਚੋਂ ਸ਼ਹਿਯਾਦਾ ਈਸ਼ਰ ਸਿੰਘ ਇਕ ਸਾਲ ਦੀ ਉਮਰ ਭੋਗ ਕੇ ਚਲਾਣਾ ਕਰ ਗਿਆ ਸੀ ਅਤੇ ਦਲੀਪ ਸਿੰਘ ਅਜੇ ਕੁੱਝ ਮਹੀਨਿਆਂ ਦਾ ਹੀ ਸੀ ਤੋਂ ਬਿਨਾਂ ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ, ਪਿਛੌਰਾ ਸਿੰਘ 6 ਜਵਾਨ ਰਾਜ-ਕੁਮਾਰ ਅਤੇ ਇਕ ਜਵਾਨ ਪੋਤਰਾ, ਨੌਂ ਨਿਹਾਲ ਸਿੰਘ ਉਮਰ 18 ਸਾਲ, ਮਹਾਂਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਸੰਭਾਲਣ ਦੀ ਸਮਰੱਥਾ ਰੱਖਦੇ ਸਨ। ਫਿਰ ਵੀ ਹਰੀ ਸਿੰਘ ਨਲੁਆ, ਆਕਾਲੀ ਫੂਲਾ ਸਿੰਘ ਵਰਗੇ ਜਰਨੈਲਾਂ ਅਤੇ ਹੋਰ ਸਿੱਖ-ਰਾਜ ਵਾਸਤੇ ਜੂਝਣ ਵਾਲੇ ਬਹਾਦਰ ਸੂਰਬੀਰਾਂ ਦੀਆਂ ਕੁਰਬਾਨੀਆਂ ਨਾਲ ਉਸਾਰਿਆ ਸਿੱਖ-ਰਾਜ ਦੋ-ਤਿੰਨ ਡੋਗਰੇ ਭਰਾਵਾਂ ਨੇ ਹੀ 3 ਸਾਲ 11 ਮਹੀਨੇ 09 ਦਿਨਾਂ ਵਿੱਚ ਮਲੀਆ-ਮੇਟ ਕਰ ਦਿਤਾ ਕਿਓਂ? ਅੱਜ ਦੇ ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਵਾਸਤੇ ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
1843 ਤੋਂ 1854 ਵਿੱਚ ਜਦੋਂ ਅੰਗਰੇਜਾਂ ਨੇ ਸਿੱਖ-ਰਾਜ ਉਤੇ ਪੂਰੀ ਤਰਾਂ ਕਬਜਾ ਕਰ ਲਿਆ ਤਾਂ ਦਲੀਪ ਸਿੰਘ, ਜਿਸਨੂੰ ਆਪਣੀ ਕੱਠ-ਪੁਤਲੀ ਬਣਾ ਕੇ ਰਖਿਆ ਹੋਇਆ ਸੀ, ਨੂੰ ਲੰਡਨ ਭੇਜ ਦਿਤਾ। ਜਦੋਂ ਅੰਗ੍ਰੇਜ ਪੰਜਾਬ ਤੇ ਪੂਰੀ ਤਰਾਂ ਕਾਬਜ ਹੋ ਗਏ ਤਾਂ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਤਾਂ ਵੱਧਦੀ ਗਈ ਪ੍ਰੰਤੂ ਸਿੱਖਾਂ ਨੂੰ ਲਾਮ-ਬੰਦ ਕਰਨ ਵਾਲਾ ਜਰਨੈਲ ਕੋਈ ਨਾਂ ਬਣਿਆਂ ਜਾਂ ਇਹ ਕਹਿ ਲਵੋ ਕਿ ਸਿੱਖਾਂ ਨੇ ਕਿਸੇ ਸਿੱਖ ਨੂੰ ਜਰਨੈਲ ਮੰਨਿਆਂ ਹੀ ਨਹੀਂ, ਹਾਂ ਅੰਗ੍ਰੇਜਾਂ ਤੋਂ ਆਪਣੀ ਬਹਾਦਰੀ ਵਿੱਖਾ ਕੇ ਮੁਰੱਬੇ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਜਰੂਰ ਹੋਇਆ। ਜਦੋਂ ਜੱਲਿਆਂਵਾਲੇ ਬਾਗ ਵਿੱਚ ਨਿਹੱਥੇ ਪੰਜਾਬੀਆਂ ਉੱਤੇ ਗੋਲੀ ਚਲਦੀ ਦੇਖ ਕੇ ਊਧਮ ਸਿੰਘ ਵਰਗੇ ਬੱਬਰ ਅਤੇ ਲਾਲਾ ਲਾਜਪੱਤ ਦੀ ਮੌਤ ਦਾ ਬਦਲਾ ਲੈਣ ਵਾਸਤੇ ਭੱਗਤ ਸਿੰਘ ਵਰਗੇ ਸ਼ੇਰਾਂ ਦੀ ਜਮੀਰ ਜਾੱਗੀ ਉਸ ਸਮੇਂ ਵੀ ਭਰਾਤਰੀ ਸਿੱਖਾਂ ਵਲੋਂ ਕੋਈ ਹੁੰਗਾਰਾ ਨਾਂ ਮਿਲਿਆ ਅਤੇ ਦੋਨਾਂ ਸੂਰਬੀਰਾਂ ਨੇ "ਖੂਨ ਦਾ ਬਦਲਾ ਖੂਨ" ਵਿੱਚ ਦਿਨ-ਦਿਹਾੜੇ ਲਿਆ ਅਤੇ ਮੌਤ ਵੀ ਖਿੜੇ-ਮੱਥੇ ਕਬੂਲ ਕੀਤੀ। ਦੂਜੇ ਪਾਸੇ ਅੰਗ੍ਰੇਜ ਹਕੂਮੱਤ ਸਿੱਖ-ਰਾਜ ਹਥਿਆ ਕੇ ਵੀ ਸਿੱਖਾਂ ਨੂੰ ਤੰਗ ਕਰਨ ਤੇ ਪੂਰੀ ਤਰਾਂ ਤੁੱਲ੍ਹੀ ਹੋਈ ਸੀ। ਇਕ ਪਾਸੇ ਤਾਂ ਸਿੱਖ ਆਪਣੇ ਗੁਰੂ ਦੀ ਸਿੱਖਿਆ ਨੂੰ ਭੁੱਲ ਕੇ ਅੰਗ੍ਰੇਜਾਂ ਤੋਂ ਇਨਾਮ ਅਤੇ ਕੁਰਸੀਆਂ ਲੈਣ ਵਾਸਤੇ ਅਤੇ ਮਹੰਤ ਬਣਕੇ ਗੁਰਦੁਆਰਿਆਂ ਤੇ ਕਾਬਜ ਹੁੰਦੇ ਜਾ ਰਹੇ ਸਨ ਅਤੇ ਦੂਜੇ ਪਾਸੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਜੋ ਵਿਰਲੇ ਵਿਰਲੇ ਗੁਰੂ ਦੀ ਸਿੱਖਿਆ ਤੇ ਚਲੱਣ ਵਾਲੇ ਸਿੰਘ ਸਨ ਉਹ "ਚਾਬੀਆਂ ਦਾ ਮੋਰਚਾ," "ਮੋਰਚਾ ਗੁਰੂ ਕਾ ਬਾਗ" ਅਤੇ "ਸਾੱਕਾ ਪੰਜਾ ਸਾਹਿਬ" ਹਾਦਸਿਆਂ ਵਿੱਚ ਪ੍ਰਿਥਵੀ ਚੰਦ ਦੇ ਸੇਵਕਾਂ ਨਾਲ ਸਿਰ-ਧੱੜ ਦੀ ਬਾਜੀ ਲਾ ਕੇ ਮਰ ਜਾਂ ਮਾਰ ਰਹੇ ਸਨ।
ਮਹਾਤਮਾਂ ਗਾਂਧੀ ਨੇ ਜਦੋਂ "ਭਾਰਤ ਛਡੋ" ਦਾ ਨਾਹਰਾ ਲਾਇਆ ਤਾਂ ਉਸ ਵੇਲੇ ਸਿੱਖਾਂ ਦੀ ਅਬਾਦੀ ਕੇਵਲ 1.5% ਸੀ ਪ੍ਰੰਤੂ ਆਜਾਦੀ ਦੇ ਪਰਵਾਨਿਆਂ (ਸਿੱਖਾਂ) ਦਾ ਆਜਾਦੀ ਦੀ ਲੜਾਈ ਵਿੱਚ ਸ਼ਹੀਦੀਆਂ ਪਾਉਣ ਦਾ ਯੋਗਦਾਨ 77% ਸੀ, ਸੂਲੀ ਤੇ ਚੜਨ ਵਾਲੇ ਅਤੇ ਉਮਰ ਕੈਦਾਂ ਕਟੱਣ ਵਾਲਿਆਂ ਦੀ ਗਿਣਤੀ ਪਾ ਕੇ ਇਹ 81% ਬਣ ਜਾਂਦੀ ਹੈ। "ਭਾਰਤ ਛਡੋ" ਲਹਿਰ ਸਮੇਂ ਜੇਲਾਂ ਵਿੱਚ ਜਾਣ ਵਾਲੇ ਪੰਜਾਬੀਆਂ ਵਿੱਚੋਂ 70% ਸਿੱਖ ਸਨ। ਜਦੋਂ ਜਨਰਲ ਮੋਹਣ ਸਿੰਘ ਨੇ 20,000 ਦੀ ਗਿਣਤੀ ਵਿੱਚ ਅਜਾਦ-ਹਿੰਦ ਫੌਜ ਬਣਾਈ ਸੀ, ਜਿਸਦੀ ਵਾਗ-ਡੋਰ ਬਾਦ ਵਿੱਚ ਨੇੱਤਾ ਜੀ ਸੁਭਾਸ਼ ਚੰਦਰ ਬੋਸ ਨੇ ਸੰਭਾਲੀ ਉਸ ਵਿੱਚ 60% ਸਿੱਖ ਸਨ।
ਹੁਣ ਜੇਕਰ ਅਸੀਂ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੋਂ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਤੱਕ ਝਾਤ ਮਾਰੀਏ ਤਾਂ ਸ਼ਾਇਦ ਹੀ ਅਠਾਰਵੀਂ, ਉਨੀਵੀਂ ਜਾਂ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਰਗਾ ਕੋਈ ਸਿੱਖ ਜੋ ਗੁਰੂ ਗ੍ਰੰਥ ਸਾਹਿਬ, ਜਿਸਨੂੰ 38 ਸਾਲ ਭਾਰਤ ਦੀ ਸੁਪਰੀਮ ਕੋਰਟ ਵਿੱਚ ਕੇਸ ਚਲੱਣ ਤੋਂ ਬਾਦ 29 ਮਾਰਚ 2000 ਵਾਲੇ ਦਿਨ ਦੋ ਜੱਜਾਂ ਦੇ ਬੈੱਚ (ਜਸਟਿਸ ਏ.ਪੀ. ਮਿਸਰਾ ਅਤੇ ਜਸਟਿਸ ਐਮ.ਯੁਗਨ ਨਾੱਥ ਰਾਓ) ਨੇ ਆਪਣੇ 42 ਸਫੇ ਦੇ ਫੈਸਲੇ ਵਿੱਚ ਸਿੱਖ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ (ਜਿਊਂਦਾ) ਗੁਰੂ ਹੋਣ ਦਾ ਫੈਸਲਾ ਦਿਤਾ ਹੈ। ਅੱਜ ਦਾ ਸਿੱਖ ਉਸ ਫੈਸਲੇ ਤੋਂ ਵੀ ਮੁਨੱਕਰ ਹੋਈ ਜਾ ਰਿਹਾ ਹੈ। ਅੱਜ ਦਾ ਸਿੱਖ ਡੇਰਾ-ਚਾਲਕਾਂ ਨੂੰ ਤਾਂ ਗੁਰੂ ਮੰਨ ਸਕਦਾ ਹੈ ਪ੍ਰੰਤੂ ਗੁਰੂ ਗਰੰਥ ਦੀ ਬਾਣੀ ਨੂੰ ਸੁਨਣ ਅਤੇ ਮੰਨਣ ਤੋਂ ਇਤਨੀ ਦੂਰ ਭੱਜਦਾ ਹੈ ਕਿ ਗੁਰੂ ਦੀ ਗੱਲ ਵੀ ਨਹੀਂ ਸੁਣ ਸਕਦਾ। ਹੋਰ ਤਾਂ ਹੋਰ ਗੁਰਦੁਆਰੇ ਦਾ ਪ੍ਰਬੰਧ ਕਰਨ ਵਾਲੀਆਂ ਕਮੇਟੀਆਂ ਵਿੱਚ ਵੀ ਉਹ ਲੋਕ ਸੀਨਾ ਜੋਰੀ ਨਾਲ ਆਉਂਦੇ ਹਨ ਜਿਹੜੇ ਸਾਰਾ ਸਾਲ ਤਾਂ ਗੁਰੂ-ਘਰ ਆਉਣ ਤੋਂ ਪ੍ਰਹੇਜ ਕਰਦੇ ਹਨ ਪ੍ਰੰਤੂ ਅਰਜੀ ਦੇਣ ਵੇਲੇ ਸੱਭ ਤੋਂ ਅਗਲੀ ਕਤਾਰ ਵਿੱਚ ਖੜੇ ਹੁੰਦੇ ਹਨ ਕਿਉਂਕਿ ਕਮੇਟੀ ਵਿੱਚ ਆ ਕੇ ਉਨ੍ਹਾਂ ਨੇ ਰਾਗੀ ਅਤੇ ਗਰੰਥੀ ਵੀ ਸਦਣੇ ਹੁੰਦੇ ਹਨ ਜਾਂ ਸਿੱਖੀ ਦੀ ਢੈਂਦ੍ਹੀ ਕਲਾ ਵਾਸਤੇ ਕਾਨਫਰੰਸਾਂ ਵੀ ਕਰਨੀਆਂ ਹੁੰਦੀਆਂ ਹਨ। ਸਿੱਖੀ ਤਾਂ ਅਜ-ਕਲ ਨਾਂ-ਮਾਤਰ ਹੀ ਹੈ। ਆਮ ਤੌਰ ਤੇ ਅਸੀਂ ਡੇਰਿਆਂ ਨੂੰ ਦੋਸ਼ ਦਿੰਦੇ ਹਾਂ ਪ੍ਰੰਤੂ ਜੇਕਰ ਅੱਖਾਂ ਖੋਲ ਕੇ ਅਤੇ ਤਨੋਂ-ਮਨੋਂ ਦੇਖਿਆ ਜਾਵੇ ਤਾਂ ਡੇਰਿਆਂ ਅਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਕੋਈ ਕੋਈ ਖਾਸ ਅੰਤਰ ਨਹੀਂ ਸਿਵਾਏ ਇਸ ਗਲ ਦੇ ਕਿ ਡੇਰਾ ਇਕ ਵਿਅਕਤੀ ਚਲਾਉਂਦਾ ਹੈ ਅਤੇ ਗੁਰਦੁਆਰਾ ਤਿੰਨ, ਪੰਜ, ਸੱਤ, ਨੌਂ, ਗਿਆਰਾਂ ਜਾਂ ਤੇਰਾਂ ਵਿਅਕਤੀਆਂ ਦੀਆਂ ਬਣੀਆਂ ਕਮੇਟੀਆਂ ਚਲਾਉਂਦੀਆਂ ਹਨ। ਜੇਕਰ ਕਿਸੇ ਕਵੀ ਦੀਆਂ ਲਿੱਖੀਆਂ ਚਾਰ ਸਤਰਾਂ ਗੁਰਦੁਆਰਾਂ ਕਮੇਟੀਆਂ ਵਾਸਤੇ ਲਿੱਖੀਆਂ ਜਾਣ ਤਾਂ ਸ਼ਾਇਦ ਹੀ ਕੋਈ ਕਮੇਟੀ ਇਨ੍ਹਾਂ ਨੂੰ ਝੂਠੀਆਂ ਸਾਬਤ ਕਰ ਸਕੇ: "ਮਕੜੀ ਵਾਂਗੂੰ ਤਾਣਾ ਤਣਦੇ ਰਹੀੰਦੇ ਹਾਂ। ਇਸ ਤਾਣੇ ਨੇ ਸਾਡੀ ਸੁਰਤ ਭੁਲਾਈ ਹੈ। ਜਿਸਨੇ ਪੈਦਾ ਕੀਤਾ ਦਿਲੋਂ ਭੁਲਾ ਦਿਤਾ। ਝੂਠੇ ਰਿਸ਼ਤੇ ਜਾਂਦਾ ਨ੍ਹਿੱਤ ਵਧਾਈ ਹੈ।"
ਗੁਰੂ ਅਮਰ ਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਮਰਯਾਦਾ ਚਲਾ ਕੇ ਗੁਰ-ਸਿਖਾਂ ਵਿੱਚੋਂ ਜਾਤ-ਪਾਤ ਦਾ ਭੇਦ-ਭਾਵ ਖਤਮ ਕੀਤਾ ਸੀ ਜਿਸਨੂੰ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾੱਖੀ ਵਾਲੇ ਦਿਨ ਸਿੱਖਾਂ ਨੂੰ ਇਕ ਹੀ ਬਾਟੇ ਵਿਚੋਂ ਅਮ੍ਰਿਤ ਛਕਾ ਕੇ ਹੋਰ ਵੀ ਪਕਿਆਂ ਕਰ ਦਿਤਾ ਸੀ, ਜਿਸਦਾ ਭਾਵ ਸੀ, "ਸਿੱਖ ਅਮ੍ਰਿਤ ਛਕਣ ਤੋਂ ਬਾਦ ਆਪਣੇ ਪਹਿਲੇ ਸੰਸਕਾਰਾਂ ਤੋ, ਭਾਵ: "ਪਹਿਲੇ ਕਰਮਾਂ ਤੋਂ, ਵਹਿਮਾਂ ਭਰਮਾਂ ਤੋਂ, ਜਾਤ, ਕਬੀਲੇ ਅਤੇ ਨਸਲ ਤੋਂ ਮੁੱਕਤ ਹੋ ਜਾਂਦਾ ਹੈ। ਇਹ ਹੀ ਕਾਰਨ ਸੀ ਕਿ ਇਕ ਸਿੱਖ ਦੂਸਰੇ ਸਿੱਖ ਨੂੰ ਭਾਈ-ਸਾਬ ਕਹਿ ਕੇ ਬੁਲਾਂਉਦਾ ਸੀ ਅਤੇ ਪਿੰਡ੍ਹਾਂ ਦੇ ਗੁਰਦੁਆਰਿਆਂ ਦੇ ਗਰੰਥੀਆਂ ਨੂੰ ਵੀ ਭਾਈ ਜੀ ਕਿਹਾ ਜਾਂਦਾ ਸੀ ਜੋ ਅੱਜ-ਕਲ ਖਤਮ ਹੁੰਦਾ ਜਾ ਰਿਹਾ ਹੈ ਅਤੇ ਇਸਦੀ ਥਾਂ ਲੈ ਰਿਹਾ ਹੈ "ਸਰਦਾਰ" ਸ਼ਬਦ ਜੋ ਅੰਗ੍ਰੇਜਾਂ ਦਾ ਦੱਖਣੀ ਭਾਰਤ ਦੇ ਲੋਕਾਂ ਨੂੰ ਦਿਤਾ ਹੋਇਆ ਖਿਤਾਬ ਸੀ। ਪੰਜਾਬ ਵਿੱਚ ਕਿਸੇ ਵੀ ਸੂਝਵਾਨ ਸਿੱਖ ਨੇ ਆਪਣੇ ਨਾਮ ਨਾਲ ਸਰਦਾਰ ਸ਼ਬਦ ਨਹੀ ਲਾਇਆ ਜੇਕਰ ਲਾਇਆ ਹੈ ਤਾਂ ਸਿਰਦਾਰ (ਸਿਰ ਦੇਣ ਵਾਲਾ) ਲਾਇਆ ਹੈ ਜਿਵੇਂ ਸਿਰਦਾਰ ਕਪੂਰ ਸਿੰਘ। ਕਿਸੇ ਲਿਖਾਰੀ ਨੇ ਲੋਹਾ ਠੰਡਾ ਹੋਣ, ਭਾਵ ਸਿੱਖਾਂ ਦੀ ਗਿਰਾਵਟ ਦੇ ਚਾਰ ਮੂਲ ਕਾਰਨ ਵੀ ਦਸੇ ਹਨ: ਪਹਿਲਾ ਕਾਰਨ ਹੈ, "ਸਿੱਖਾਂ ਵਿੱਚੋਂ ਦੂਰ-ਅੰਦੇਸ਼ੀ ਦਾ ਖਤੱਮ ਹੋਣਾ"। ਦੂਜਾ, "ਸਿੱਖਾਂ ਦਾ ਆਪਸ ਵਿੱਚ ਵੈਰ-ਵਿਰੋਧ ਰੱਖਣਾ"। ਤੀਜਾ, "ਗੁਰਮਤਾ ਕਰਨ ਦੀ ਰੀਤ ਦਾ ਅਲੋਪ ਹਣਾ"ਅਤੇ ਚੌੱਥਾ, "ਖੁਸ਼ਹਾਲੀ ਆਉਣ ਤੇ "ਸਿੱਖਾਂ ਦਾ ਐਸ਼-ਪ੍ਰਸੱਤ ਅਤੇ ਆਲਸੀ ਹੋਣਾ"। ਇਨ੍ਹਾਂ ਕਾਰਨਾ ਦੇ ਨਾਲ ਇਕ ਹੋਰ ਅਹਿਮ ਕਾਰਨ ਗੁਰਦੁਆਰਿਆਂ ਪ੍ਰਤੀ ਸ਼ਰਧਾ ਦੀ ਥਾਂ ਲੋਹਭ ਦਾ ਵੱਧਣਾ ਵੀ ਹੈ। ਅੱਜ ਜੇਕਰ ਹਰ ਸਿੱਖ ਨੂੰ ਗੁਰੂ ਗਰੰਥ ਸਾਹਿਬ ਦੀ ਸਿੱਖਿਆ, ਗੁਰੂਆਂ ਦੀਆਂ ਜੁੱਲਮ ਦੇ ਖਿਲਾਫ ਅਤੇ ਹੱਕ-ਸੱਚ ਲਈ ਦਿਤੀਆਂ ਕੁਰਬਾਨੀਆਂ ਅਤੇ ਸਾਹਿਬਯਾਦਾ ਫਤਿਹ ਸਿੰਘ ਉਮਰ 5 ਸਾਲ ਅਤੇ ਸਾਹਿਬਯਾਦਾ ਜੋਰਾਵਰ ਸਿੰਘ ਉਮਰ 8 ਸਾਲ, ਦੇ ਮਸੂਮ ਬੱਚਿਆਂ ਦਾ ਦੀਵਾਰ ਵਿੱਚ ਚੁਣਿਆਂ ਜਾਣਾ ਅਤੇ ਵੱਡੇ ਸਾਹਿਬਯਾਦਿਆਂ, ਅਜੀਤ ਸਿੰਘ ਉਮਰ 17 ਸਾਲ ਅਤੇ ਜੁਝਾਰ ਸਿੰਘ ਉਮਰ 13 ਸਾਲ, ਨੂੰ ਆਪਣੇ ਹੱਥੀਂ ਤਿਆਰ ਕਰਕੇ ਸ਼ਹੀਦੀ ਦੇਣ ਵਾਸਤੇ ਭੇਜਣਾ ਭੁਲਦਾ ਜਾ ਰਿਹਾ ਹੈ ਤਾਂ ਇਹ ਕਹਿਣ ਵਿੱਚ ਕੋਈ ਭੁੱਲ ਨਹੀਂ ਹੋਵੇਗੀ ਕਿ ਅੱਜ ਦਾ ਸਿੱਖ ਆਪਣੇ ਗੁਰੂਆਂ ਦੀ ਸਿੱਖਿਆ ਭੁਲ ਗਿਆ ਹੈ ਅਤੇ ਉਹ ਗੁਰੂਆਂ ਦੀ ਬਕਸ਼ੀ ਸਿੱਖੀ ਵੀ ਤਿਆਗ ਚੁੱਕਾ ਹੈ ।

ਮਨਜੀਤ ਸਿੰਘ ਔਜਲਾ




.