.

ਉਸਤਤ-ਨਿੰਦਾ

(ਭਾਗ 4)

ਇੱਕ ਮੰਦਾ ਵਾਪਰਿਆ ਹਾਲ ਸਾਨੂੰ ਕਿਸੇ ਦੀ ਨਿੰਦਾ ਕਰਨ ਦਾ ਹੱਕ ਨਹੀਂ ਦਿੰਦਾ। ਉਸਤਤ ਨਿੰਦਾ ਕਰਨ ਦੀ ਸਾਡੀ ਇਹ ਅਵਸਥਾ ਹੀ ਦੁਬਿਧਾ ਹੈ। ਗੁਰਬਾਣੀ ਦਾ ਫੁਰਮਾਨ ਹੈ ਕਿ,

ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 757)


ਸਾਡੀ ਦੁਬਿਧਾ ਦੀ ਅਵਸਥਾ ਹੀ ਸਾਡੇ ਤੋਂ ਕਿਸੀ ਦੀ ਉਸਤਤ ਜਾਂ ਨਿੰਦਾ ਕਰਾਉਂਦੀ ਹੈ। ਜੋ ਸਾਨੂੰ ਚੰਗਾ ਲਗੇ, ਸਾਡੇ ਵਾਸਤੇ ਕੁਝ ਕਰੇ, ਜੋ ਸਾਡੇ ਮਨ ਅਨੁਸਾਰ ਕੁਝ ਕਰੇ, ਸਾਡੇ ਧੜੇ, ਮਜ਼੍ਹਬ ਜਾਂ ਬਰਾਦਰੀ ਦਾ ਹੋਵੇ ਤਾਂ ਅਸੀਂ ਉਸਦੀ ਉਸਤਤ ਕਰਦੇ ਹਾਂ। ਇਸੇ ਤਰ੍ਹਾਂ ਜੋ ਸਾਡੇ ਮਨ ਅਨੁਸਾਰ ਨਾ ਚਲੇ, ਨਾ ਕਰੇ, ਸਾਡੇ ਭਲੇ ਦਾ ਨਾ ਹੋਵੇ, ਸਾਨੂੰ ਚੰਗਾ ਨਾ ਲਗਦਾ ਹੋਵੇ, ਜਿਸਦੇ ਚੰਗੇ ਗੁਣ ਵੀ ਸਾਨੂੰ ਪਸੰਦ ਨਾ ਹੋਣ, ਸਾਡੇ ਧੜੇ, ਮਜ਼੍ਹਬ, ਜ਼ਾਤ ਦਾ ਨਾ ਹੋਵੇ, ਉਸਦੇ ਚੰਗੇ ਗੁਣਾਂ ਨੂੰ ਵੀ ਨੀਵਾਂ (ਮੰਦਾ) ਸਮਝਣਾ ਅਤੇ ਉਸ ਬਾਰੇ ਮੰਦਾ ਚਿਤਵਨਾ, ਮੰਦਾ ਬੋਲਣਾ, ਭੰਡਣਾ ਹੀ ਸਾਡੀ ਉਸ ਬਾਰੇ ਨਿੰਦਾ ਕਰਨਾ ਹੈ।

ਮਿਸਾਲ ਦੇ ਤੌਰ ’ਤੇ ਜੇ ਇੱਕ ਮਨੁੱਖ ਨੇ ਦੂਜੇ ਮਨੁੱਖ ਤੋਂ ਪੈਸੇ ਉਧਾਰ ਲਏ ਹਨ ਪਰ ਦਿੱਤੇ ਗਏ ਸਮੇਂ ’ਚ ਪੈਸੇ ਮੋੜਨ ਦਾ ਇਕਰਾਰ ਪੂਰਾ ਨਾ ਹੋ ਸਕਿਆ। ਲੈਣਦਾਰ ਨੂੰ ਨਹੀਂ ਪਤਾ ਕਿ ਕਰਜ਼ਾਈ ਨਾਲ ਦਰਅਸਲ ਕੀ ਵਾਪਰਿਆ ਹੈ। ਹੋ ਸਕਦਾ ਹੈ ਕਿ ਉਸ ਦੇ ਹਾਲਾਤ ਪਹਿਲੇ ਤੋਂ ਵੀ ਖਰਾਬ ਹੋ ਗਏ ਹੋਣ। ਲੈਣਦਾਰ ਨੇ ਸਮਝਿਆ ਕਿ ਦੇਣਦਾਰ ਬੇਈਮਾਨ ਹੋ ਗਿਆ ਹੈ। ਧੋਖੇਬਾਜ਼ ਅਤੇ ਠੱਗ ਹੈ। ਜ਼ੁਬਾਨ ਦਾ ਪੱਕਾ ਨਹੀਂ ਹੈ। ਐਸੇ ਅਨੇਕਾਂ ਦੋਸ਼ ਥੋਪ ਕੇ ਉਸ ਦੀ ਨਿੰਦਾ ਲੋਕਾਂ ਅੱਗੇ ਕਰ ਦਿੱਤੀ। ਉਹ ਸਮਝਦਾ ਹੈ ਕਿ ਇਹ ਧਰਮ ਦਾ ਕੰਮ ਹੈ ਕਿ ਮੈਂ ਹੋਰਨਾ ਨੂੰ ਇਸ ਮਨੁੱਖ ਦੇ ਧੋਖੇ ਤੋਂ ਬਚਾਵਾਂ। ਇਸ ਕਰਕੇ ਉਸਦੇ ਇੱਕ ਔਗੁਣ ਨੂੰ 100 ਬਣਾਕੇ ਪੇਸ਼ ਕਰਦਾ ਹੈ ਅਤੇ ਗੁਣਾਂ ਨੂੰ ਜ਼ੀਰੋ ਕਰ ਦੇਂਦਾ ਹੈ। ਇਸ ਤਰ੍ਹਾਂ ਹੀ ਨਿੰਦਾ ਕਰਨ ਦੀ ਆਦਤ ਪੈ ਜਾਂਦੀ ਹੈ। ਸੋ, ਜੋ ਇਨਸਾਨ ਉਸਤਤ ਕਰਦੇ ਹਨ, ਉਹ ਹੀ ਨਿੰਦਾ ਵੀ ਕਰਦੇ ਹਨ ਅਤੇ ਆਪਣੀ ਚੀਜ਼ਾਂ, ਗੱਲਾਂ ਅਤੇ ਪ੍ਰਾਪਤੀ ਦੀਆਂ ਵਡਿਆਈਆਂ ਕਰਦੇ ਹਨ। ਦੂਜਿਆਂ ਦੇ ਚੰਗੇ ਨੂੰ ਵੀ ਘਟੀਆ ਕਹਿ ਕੇ ਨਿੰਦਦੇ ਰਹਿੰਦੇ ਹਨ।

ਹਰ ਇੱਕ ਗੱਲ ਦਾ ਕੋਈ ਮੂਲ ਕਾਰਨ ਹੁੰਦਾ ਹੈ। ਉਸ ਕਾਰਨ ਤਕ ਜਾਣ ਦੀ ਸਾਡੀ ਸਮਰੱਥਾ (ਅੱਖ) ਨਹੀਂ ਹੁੰਦੀ। ਇਸ ਕਰਕੇ ਕਾਰਨ ਪਤਾ ਨਹੀਂ ਲਗਦਾ ਅਤੇ ਨਿੰਦਾ ਕਰੀ ਜਾਣਾ ਸਾਡੇ ਵੱਲੋਂ ਉਸ ਮਨੁੱਖ ਦੇ ਗੁਣਾਂ ਦੀ ਬੇਕਦਰੀ ਕਰਨਾ ਹੁੰਦਾ ਹੈ। ਆਪਣੀ ਘਟੀਆ ਚੀਜ਼, ਗੱਲ ਜਾਂ ਪ੍ਰਾਪਤੀ ਨੂੰ ਦੂਜਿਆਂ ਨਾਲ ਮਾਪ ਕੇ ਵਡਿਆਈ ਜਾਣਾ ਹੀ ਸਾਡੀ ਫਾਲਤੂ ਦੀ ਉਸਤਤ ਕਰਨਾ ਹੁੰਦਾ ਹੈ। ਇਸ ਤੋਂ ਸਾਨੂੰ ਗੁਰੇਜ਼ ਕਰਨਾ ਹੈ।

ਧਿਆਨ ਦੇਣ ਯੋਗ ਗੱਲ ਹੈ ਕਿ ਕੋਈ ਵੀ ਮਨੁੱਖ ਅੰਤਰਜਾਮੀ ਨਹੀਂ ਹੋ ਸਕਦਾ। ਗੁਰਬਾਣੀ ਇਸ ਗਲ ਦੀ ਗਵਾਹੀ ਭਰਦੀ ਹੈ ਕਿ ਅੰਤਰਜਾਮੀ ਕੇਵਲ ਅਤੇ ਕੇਵਲ ਰੱਬ ਹੀ ਹੈ - ‘ਅੰਤਰਜਾਮੀ ਸੋ ਪ੍ਰਭੁ ਪੂਰਾ’। ਸੋ, ਅਸੀਂ ਕਿਸੇ ਵੀ ਮਨੁੱਖ ਬਾਰੇ ਪੂਰਨ ਗਿਆਨ ਹਾਸਲ ਨਹੀਂ ਕਰ ਸਕਦੇ ਅਤੇ ਨਾ ਹੀ ਉਸ ਨਾਲ ਵਾਪਰੀਆਂ ਘਟਨਾਵਾਂ ਦੀ ਜੜ੍ਹ ਤਕ ਵੇਖਣ ਦੀ ਅਕਲ ਰੱਖਦੇ ਹਾਂ। ਇਸ ਕਰਕੇ ਉਪਰੋਂ-ਉਪਰੋਂ ਕਿਸੇ ਇੱਕ ਗੱਲ ਨੂੰ ਮਿਸਾਲ ਬਣਾਕੇ ਕਿਸੇ ਮਨੁੱਖ ਦੀ ਸਾਰੀ ਸ਼ਖਸੀਅਤ ਨੂੰ ਨਿੰਦਣਾ ਠੀਕ ਨਹੀਂ ਹੈ। ਕਿਸੀ ਬਾਰੇ ਘਟੀਆ ਬਿਆਨ ਬਾਜ਼ੀ ਕਰਨਾ ਹੀ ਨਿੰਦਾ ਹੈ। ਹਰੇਕ ਮਨੁੱਖ ਵਿੱਚ ਕੁਝ ਨਾ ਕੁਝ ਚੰਗੇ ਗੁਣ ਹੁੰਦੇ ਹੀ ਹਨ ਜੋ ਕਿ ਰੱਬ ਵੱਲੋਂ ਮਨੁੱਖਤਾ ਨੂੰ ਦਾਤ ਮਿਲੀ ਹੈ।

ਸਾਨੂੰ ਇਸ ਪੱਖੋਂ ਸਮਾਜ (ਦੁਨੀਆਂ) ’ਚ ਫਾਲਤੂ ਦੀ ਉਸਤਤ ਨਿੰਦਾ ਤੋਂ ਵਰਜਿਆ ਗਿਆ ਹੈ। ਗੁਰਬਾਣੀ ਵਿਚੋਂ ਇਸ ਪ੍ਰਥਾਏ ਕੁਝ ਕੁ ਸ਼ਬਦ ਇਉਂ ਹਨ:

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 755)

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
(ਗੁਰੂ ਗ੍ਰੰਥ ਸਾਹਿਬ, ਪੰਨਾ 473)

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਾਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 383)

ਇਹ ਸਾਰੇ ਸੁਨੇਹੇ ਸਾਨੂੰ ਸਾਡੀ ਸ਼ਖ਼ਸੀਅਤ ’ਚੋਂ ਫਾਲਤੂ ਦੀ ਉਸਤਤ-ਨਿੰਦਾ ਤੋਂ ਪਰਹੇਜ਼ ਰੱਖਣ ਲਈ ਦ੍ਰਿੜਾਏ ਗਏ ਹਨ।

ਜਦੋਂ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥’ ਦੀ ਅਵਸਥਾ ਮਾਣਨੀ ਸਿਖਾਂਗੇ ਤਾਂ ਤੇਰ-ਮੇਰ, ਆਪਣੇ-ਪਰਾਏ ਦੀ ਦੀਵਾਰ ਢਹੇਗੀ ਅਤੇ ਇਸ ਫਾਲਤੂ ਦੀ ਉਸਤਤ-ਨਿੰਦਾ ਦੀ ਆਦਤ ਸਾਡੇ ਸੁਭਾ ’ਚੋਂ ਅਲੋਪ ਹੋਵੇਗੀ। ਵਰਨਾ ਉਸਤਤ ਕਰਕੇ ਖੁਸ਼ਾਮਦੀ ਸੁਭਾ ਬਣਾ ਲਵਾਂਗੇ ਅਤੇ ਨਿੰਦਾ ਕਰ-ਕਰ ਦੇ ਦੁਸ਼ਮਨੀ ਵਧਾ ਲਵਾਂਗੇ। ਖੁਸ਼ਾਮਦ ਕਰਨ ਵਾਲੇ ਨੂੰ ਸਭ ਪਛਾਣ ਜਾਂਦੇ ਹਨ ਕਿ ਇਹ ‘ਦੂਜੇ ਭਾਉ’ ’ਚ ਇੰਜ ਕਰ ਰਿਹਾ ਹੈ ਅਤੇ ਨਿੰਦਕ ਤੋਂ ਵੀ ਲੋਕੀ ਕਿਨਾਰਾ ਕਰ ਲੈਂਦੇ ਹਨ ਕਿਉਂਕਿ ਨਿੰਦਕ ਟੁਰਦੇ-ਟੁਰਦੇ, ਰਾਹ ਜਾਂਦੇ ਵੀ ਨਿੱਕੇ ਜਿਹੇ ਬੋਲ ਨਾਲ ਕਿਸੇ ਦੀ ਨਿੰਦਾ ਕਰ ਜਾਂਦਾ ਹੈ, ਜਿਵੇਂ ਕਿ ਚੁਗਲ ਖੋਰ।

ਵੀਰ ਭੁਪਿੰਦਰ ਸਿੰਘ




.