.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖ ਨੇਤਾਵਾਂ ਦੀ ਗਵਾਚੀ ਭਰੋਸੇ ਯੋਗਤਾ

ਸਿਆਣਿਆਂ ਦਾ ਕਥਨ ਹੈ ਕਿ ਲਾਲਚ ਬੁਰੀ ਬਲ਼ਾ ਹੈ। ਗੁਰਬਾਣੀ ਦਾ ਵਾਕ ਹੈ ‘ਲਾਲਚੁ ਛਡਹੁ ਅੰਧਿਹੋ ਲਾਲਚਿ ਦੁਖੁ ਭਾਰੀ` ਜਦੋਂ ਵੀ ਕਿਸੇ ਕੌਮ ਦਾ ਕੋਈ ਆਗੂ ਲਾਲਚ ਵਾਲੀ ਬਿਰਤੀ ਨੂੰ ਧਾਰ ਕੇ ਚੱਲੇਗਾ ਓਦੋਂ ਹੀ ਕੌਮਾਂ ਦਾ ਭਵਿੱਖ ਤਬਾਹੀ ਦੇ ਕੰਢੇ `ਤੇ ਖੜਾ ਹੁੰਦਾ ਦਿਖਾਈ ਦੇਵੇਗਾ। ਕੁਰਬਾਨੀ, ਤਿਆਗ ਤੇ ਸੇਵਾ ਦੀ ਭਾਵਨਾ ਨਾਲ ਹੀ ਕੌਮਾਂ ਲੰਮੇਰਾ ਸਮਾਂ ਜਿਉਂਦੀਆਂ ਨੇ।
ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਉਪਰੰਤ ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਖੁਦ-ਮੁਖਤਿਆਰੀ ਲਈ ਫੌਜ ਦਾ ਗਠਨ ਕੀਤਾ ਤਾਂ ਦੇਸ ਦੇ ਦੂਰ-ਦਰਾਡ ਇਲਾਕਿਆਂ ਵਿਚੋਂ ਮਰ ਜੀਵੜੇ ਆਪਣੀਆਂ ਜਵਾਨੀਆਂ ਲੈ ਕੇ ਹਾਜ਼ਰ ਹੋਏ ਸਨ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਪੁੱਛਿਆ ਕਿ ਤੁਸੀਂ ਤਨਖਾਹ ਕੀ ਲਓਗੇ, ਤਾਂ “ਅੱਗੋਂ ਇਹਨਾਂ ਨੌਜਵਾਨਾਂ ਨੇ ਕਿਹਾ ਸੀ ਕਿ ਦੋ ਸਮੇਂ ਦਾ ਪਰਸ਼ਾਦਾ ਤੇ ਛੇ ਮਹੀਨਿਆਂ ਉਪਰੰਤ ਦੋ ਚੋਲ਼ੇ”। ਮਾਝੇ, ਮਾਲਵੇ ਤੇ ਦੁਆਬੇ ਦੇ ਇਹ ਨੌਜਵਾਨ ਆਪਣੇ ਘੋੜੇ ਸ਼ਸ਼ਤਰ ਲੈ ਕੇ ਗੁਰੂ ਤੋਂ ਨਿਸ਼ਾਵਰ ਹੋਣ ਲਈ ਤੇ ਲੋਕਾਂ ਦੀ ਅਜ਼ਾਦੀ ਦਾ ਰਾਹ ਪੱਧਰਾ ਕਰਨ ਲਈ ਇੱਕ ਫੌਜ ਦਾ ਰੂਪ ਧਾਰਨ ਕਰ ਗਏ।
ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਯੋਧੇ ਗੁਰੂ-ਆਗੂ ਨੇ ਨੌਜਵਾਨਾਂ ਵਿੱਚ ਐਸੀ ਰੂਹ ਫੂਕੀ ਕੇ ਢਿੱਡੋਂ ਭੁੱਖੇ ਰਹਿ ਕੇ ਵੀ ਦੁਸ਼ਮਣ ਨਾਲ ਲੋਹਾ ਲਿਆ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਲਕ ਦੀ ਅਜ਼ਾਦੀ ਲਈ ਪੰਜਾਬ ਨੂੰ ਤੋਰਿਆ ਸੀ ਤਾਂ ਇਸ ਜਰਨੈਲ ਦੀ ਅਗਵਾਈ ਹੇਠ ਦੇਖਦਿਆਂ ਦੇਖਦਿਆਂ ਇੱਕ ਵੱਡੀ ਫੌਜ ਇਕੱਠੀ ਹੋ ਗਈ ਸੀ। ਸਿੱਖ ਕੌਮ ਦੇ ਇਸ ਆਗੂ ਨੇ ਸਰਹਿੰਦ ਫਤਹ ਕਰਕੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਚਲਾ ਕੇ ਹਲੇਮੀ ਰਾਜ ਨੂੰ ਸਾਕਾਰ ਕੀਤਾ। ਸਿੱਖ ਜਰਨੈਲਾਂ ਨੇ ਬੜੀ ਸੂਝ ਨਾਲ ਸਿੱਖ ਮਿਸਲਾਂ ਕਾਇਮ ਕੀਤੀਆਂ। ਮਹਾਂਰਾਜਾ ਰਣਜੀਤ ਸਿੰਘ ਵਰਗੇ ਆਗੂ ਨੇ ਕਮਾਂਡ ਸੰਭਾਲਦਿਆਂ ਕੁੱਝ ਸਾਲਾਂ ਵਿੱਚ ਹੀ ਵਿਸ਼ਾਲ ਪੰਜਾਬ ਬਣਾ ਦਿੱਤਾ ਸੀ।
ਗੋਰਿਆਂ ਨੇ ਪੰਜਾਬ ਨੂੰ ਫਤਹ ਕੀਤਾ ਤਾਂ ਉਹਨਾਂ ਸਭ ਤੋਂ ਪਹਿਲਾਂ ਸਾਡੇ ਲੀਡਰਾਂ ਦੀਆਂ ਕੰਮਜ਼ੋਰੀਆਂ ਲੱਭ ਕੇ ਆਪਣੇ ਨਾਲ ਰਲਾਉਣਾ ਸ਼ੁਰੂ ਕੀਤਾ ਤੇ ਬਾਕੀ ਦਾ ਰਹਿੰਦਾ ਕੰਮ ਨਵੇਂ ਸਾਜੇ ਸਾਧਾਂ ਕੋਲੋਂ ਕਰਵਾਇਆ ਗਿਆ। ਅੰਗਰੇਜ਼ ਨੇ ਦੂਰ ਅੰਦੇਸ਼ੀ ਨਾਲ ਸਿੱਖ ਕੌਮ ਵਿੱਚ ਦੂਜੀ ਕਤਾਰ ਦੀ ਲੀਡਰਸ਼ਿੱਪ ਦਾ ਉਭਾਰ ਪੈਦਾ ਕੀਤਾ ਜਿਹੜੀ ਉਹਨਾਂ ਦੀ ਬੋਲੀ ਬੋਲਦੀ ਸੀ।
ਪੰਜਾਬ ਦੀ ਵੰਡ ਹੋਣ `ਤੇ ਪੰਜਾਬੀਆਂ ਨੂੰ ਬਹੁਤ ਵੱਡਾ ਸੰਤਾਪ ਭੋਗਣਾ ਪਿਆ। ਭਾਰਤੀ ਨੇਤਾਵਾਂ ਨੇ ਕਈ ਸ਼ਤਰੰਜ ਦੀਆਂ ਬਾਜ਼ੀਆਂ ਖੇਡੀਆਂ ਹਾਰ ਸਿੱਖ ਨੇਤਾਵਾਂ ਦੀ ਹੀ ਹੁੰਦੀ ਰਹੀ ਹੈ। ੧੯੪੭ ਤੋਂ ਲੈ ਕੇ ਹੁਣ ਤੀਕ ਸਿੱਖ ਨੇਤਾਵਾਂ ਨੇ ਕੋਈ ਵੀ ਵੱਡੀ ਪ੍ਰਾਪਤੀ ਨਹੀਂ ਕੀਤੀ। ਵੋਟਾਂ ਦੀ ਰਾਜਨੀਤੀ ਦਾ ਦੌਰ ਸ਼ੁਰੂ ਹੋਇਆ ਤਾਂ ਭਾਰਤੀ ਨੇਤਾ ਕਮੀਨਗੀ ਦੀ ਖੇਡ ਖੇਡਦਿਆਂ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਘੱਟ ਗਿਣਤੀਆਂ `ਤੇ ਗਿਣੀ ਮਿੱਥੀ ਸਾਜ਼ਿਸ ਤਾਹਿਤ ਜ਼ੁਲਮ ਢਾਏ ਗਏ ਹਨ। ਸਿੱਖ ਨੇਤਾਵਾਂ ਨੇ ਜੇ ਕਦੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਤਾਂ ਭਾਰਤੀ ਫਿਰਕੂ ਮੀਡੀਏ ਨੇ ਇਹਨਾਂ ਜਾਇਜ਼ ਮੰਗਾਂ ਨੂੰ ਸਿੱਖਾਂ ਵਲੋਂ ਵੱਖਰੇ ਰਾਜ ਦੀ ਮੰਗ ਦਾ ਬੇਲੋੜਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਹੌਲ਼ੀ ਹੌਲ਼ੀ ਸਿੱਖ ਨੇਤਾਵਾਂ ਨੂੰ ਵੀ ਰਾਜ ਭਾਗ ਮਾਨਣ ਲਈ ਜਦੋ ਜਹਿਦ ਕਰਨੀ ਪਈ। ਅਖੀਰ ਸਿੱਖ ਨੇਤਾਵਾਂ ਨੂੰ ਸਮਝ ਲੱਗ ਗਈ ਕਿ ਅਸੀਂ ਵੀ ਕੋਈ ਨਾ ਕੋਈ ਜ਼ਰੂਰ ਪੱਤਾ ਖੇਡੀਏ ਜਿਸ ਨਾਲ ਸਾਨੂੰ ਵੀ ਰਾਜ ਭਾਗ ਮਾਨਣ ਦਾ ਮੌਕਾ ਮਿਲ ਜਾਏ। ਪਹਿਲਾਂ ਪਹਿਲ ਤਾਂ ਸਿੱਖ ਨੇਤਾਵਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਪੰਜਾਬੀ ਸੂਬੇ ਲਈ ਮੋਰਚਾ ਲਗਾਇਆ ਗਿਆ। ਸਿੱਖਾਂ ਦੀ ਮੰਗ ਤਾਂ ਮੰਨ ਲਈ ਗਈ ਪਰ ਪੰਜਾਬੀ ਸੂਬਾ ਲੰਗੜਾ ਬਣਾ ਕੇ ਸਿੱਖਾਂ ਦੇ ਹੱਥ ਫੜਾ ਦਿੱਤਾ। ਨਾਲ ਇਹ ਵੀ ਅਹਿਸਾਸ ਕਰਾ ਦਿੱਤਾ ਕਿ ਹੁਣ ਤੁਸੀਂ ਸਾਰੀ ਉਮਰ ਮੋਰਚੇ ਹੀ ਲਗਾਇਆ ਕਰੋਗੇ। ਪੰਜਾਬ ਦੀ ਰਾਜਧਾਨੀ, ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕੇ ਸਦਾ ਲਈ ਨਸੂਰ ਬਣ ਗਏ ਹਨ। ਜਦੋਂ ਵੀ ਵੋਟਾਂ ਆਉਂਦੀਆਂ ਨੇ ਇਹ ਦੋਵੇਂ ਮਸਲੇ ਤੱਤ-ਫੱਟ ਜਨਮ ਲੈ ਲੈਂਦੇ ਹਨ।
ਸਿੱਖ ਆਗੂਆਂ ਨੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਦਾ ਮਤਾ ਹੋਂਦ ਵਿੱਚ ਲਿਆਂਦਾ। ਇਸ ਮਤੇ ਨੂੰ ਭਾਰਤ ਦੇ ਹੋਰ ਸੂਬਿਆਂ ਨੇ ਵੀ ਪ੍ਰਵਾਨ ਕੀਤਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ। ਸਿੱਖ ਆਗੂਆਂ ਨੂੰ ਹੁਣ ਤੀਕ ਏੰਨੀ ਕੁ ਸਮਝ ਲੱਗ ਗਈ ਸੀ ਕਿ ਪੰਥ ਦਾ ਪੱਤਾ ਵਰਤਿਆਂ ਨੌਜਵਾਨਾਂ ਦੇ ਜ਼ਜਬਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਇਆ ਜਾ ਸਕਦਾ ਹੈ। ਸਿੱਖ ਆਗੂਆਂ ਨੇ ਹਰ ਵਾਰੀ ਪੰਥ ਦਾ ਵਾਸਤਾ ਪਉਂਦਿਆਂ ਵੋਟਾਂ ਮੰਗੀਆਂ ਤੇ ਰਾਜ ਭਾਗ ਦਾ ਅਨੰਦ ਮਾਣਿਆਂ ਪਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕੋਈ ਨਿਗਰ ਵਿਉਂਤ ਬੰਦੀ ਨਹੀਂ ਕੀਤੀ। ਸਿੱਖਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ।
ਕੌਮ ਦੀ ਬਦ-ਕਿਸਮਤੀ ਹੀ ਮੰਨੀ ਜਾ ਸਕਦੀ ਹੈ ਕਿ ਕੌਮ ਦੇ ਜ਼ਿੰਮੇਵਾਰ ਆਗੂਆਂ ਨੇ ਕੋਈ ਵੀ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਕੀਤਾ, ਖਿਲਾਰਾ ਹੀ ਪਾਇਆ ਹੈ। ਪਿਛੋਕੜ ਵਿੱਚ ਨਾ ਜਾਂਦਿਆਂ ਹੋਇਆਂ ਪੰਜਾਬੀ ਸੂਬਾ ਬਣਨ ਤੋਂ ਹੀ ਸ਼ੁਰੂ ਕਰ ਲਈਏ ਤਾਂ ਸਿੱਖ ਨੇਤਾਵਾਂ ਦੀ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਵੀ ਵੱਡੀ ਪ੍ਰਾਪਤੀ ਨਹੀਂ ਗਿਣੀ ਜਾ ਸਕਦੀ। ਸਿੱਖ ਆਗੂਆਂ ਨੇ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਉਸ ਦੀ ਰੂਪ ਰੇਖਾ ਹੀ ਬਦਲ ਜਾਂਦੀ ਰਹੀ ਹੈ। ਪੰਜਾਬ ਦੇ ਪਾਣੀਆਂ ਦਾ ਮਸਲਾ ਹੀ ਲੈ ਲੈਂਦੇ ਹਾਂ ਜੋ ਕਪੂਰੀ ਤੋਂ ਸ਼ੂਰੂ ਹੋਇਆ ਸੀ ਪਰ ਇਹ ਸਾਰਾ ਮਸਲਾ ਨੌਜਵਾਨਾਂ ਦੀਆਂ ਸ਼ਹੀਦੀਆਂ ਵਿੱਚ ਰੰਗਿਆ ਗਿਆ। ਸਿੱਖ ਨੇਤਾਵਾਂ ਨੇ ਸਿੱਖ ਨੌਜਵਾਨਾਂ ਦੇ ਜ਼ਜਬਾਤਾਂ ਨੂੰ ਪੂਰੀ ਤਰ੍ਹਾਂ ਵਰਤਿਆ ਹੈ। ਮੰਗ ਕੋਈ ਹੁੰਦੀ ਹੈ ਪਰ ਥੋੜੇ ਸਮੇਂ ਉਪਰੰਤ ਮੰਗ ਦੀ ਰੂਪ ਰੇਖਾ ਹੀ ਬਦਲ ਜਾਂਦੀ ਹੈ। ਮਿਸਾਲ ਦੇ ਤੋਰ `ਤੇ ਕਿਸਾਨਾਂ ਦੀ ਮੰਗ ਹੁੰਦੀ ਹੈ ਕਿ ਸਾਡਾ ਝੋਨਾ ਮੰਡੀ ਵਿਚੋਂ ਚੁੱਕਦਿਆਂ ਹੀ ਸਾਨੂੰ ਪੈਸੇ ਮਿਲਣੇ ਚਾਹੀਦੇ ਹਨ। ਸਰਕਾਰ ਆਨਾਕਾਨੀ ਕਰਦੀ ਹੈ। ਫਿਰ ਸੰਘਰਸ਼ ਸ਼ੁਰੂ ਹੁੰਦਾ ਹੈ ਸਰਕਾਰ ਕੁੱਝ ਕਿਸਾਨਾਂ ਨੂੰ ਫੜ ਲੈਂਦੀ ਹੈ ਤਾਂ ਫਿਰ ਕਿਸਾਨਾਂ ਦੀ ਝੋਨੇ ਵਾਲੀ ਮੰਗ ਖਤਮ ਹੋ ਜਾਂਦੀ ਹੈ ਤੇ ਮੰਗ ਰਹਿ ਜਾਂਦੀ ਹੈ ਕਿ ਸਾਡੇ ਫੜੇ ਹੋਏ ਕਿਸਾਨ ਰਿਹਾ ਕੀਤੇ ਜਾਣ। ਇੰਜ ਹੀ ਸਿੱਖ ਨੇਤਾਵਾਂ ਨੇ ਕੌਮ ਦੇ ਨੌਜਵਾਨਾਂ ਦੇ ਜ਼ਜਬਾਤਾਂ ਨਾਲ ਹਰ ਵਾਰੀ ਖੇਡ ਖੇਡੀ ਹੈ। ਸਿੱਖ ਨੌਜਵਾਨਾਂ ਨੇ ਹਮੇਸ਼ਾ ਸਿੱਖ ਆਗੂਆਂ ਦੇ ਕਹੇ ਤੇ ਸ਼ਹਾਦਤਾਂ ਦੇ ਜਾਮ ਪੀਤੇ ਹਨ ਪਰ ਸਿੱਖ ਨੇਤਾਵਾਂ ਨੂੰ ਜਦੋਂ ਰਾਜ ਭਾਗ ਮਿਲ ਜਾਂਦਾ ਹੈ ਤਾਂ ਉਹ ਹਕੀਕੀ ਮੰਗਾਂ ਤੋਂ ਹੀ ਕੰਨੀ ਕਤਰਉਣ ਲੱਗ ਪੈਂਦੇ ਹਨ।
ਗੱਲ ਸਿਰਫ ਸਿੱਖ ਨੇਤਾਵਾਂ ਦੀ ਕੀਤੀ ਜਾ ਰਹੀ ਹੈ। ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਮੁੱਖ ਨਿਸ਼ਾਨਾ ਇਹ ਮਿੱਥਿਆ ਜਾਂਦਾ ਹੈ ਕਿ ਪੁਲੀਸ ਦੀ ਧੱਕੇ ਸ਼ਾਹੀ ਕਰਨ ਵਾਲਿਆਂ ਤੇ ਕੇਸ ਬਣਾਏ ਜਾਣਗੇ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਏਗੀ ਹੁੰਦਾ ਬਿਲਕੁਲ ਇਸ ਦੇ ਉਲਟ ਹੈ ਜਿਹੜੇ ਪੁਲੀਸ ਅਫਸਰਾਂ ਤੇ ਕੇਸ ਚਲਾਉਣ ਦੀ ਗੱਲ ਕੀਤੀ ਜਾਂਦੀ ਹੈ ਸਰਕਾਰ ਉਹਨਾਂ ਨੂੰ ਹੀ ਤਰੱਕੀਆਂ ਦੇ ਕੇ ਹੋਰ ਵੱਡੇ ਅਫਸਰ ਲਗਾ ਲੈਂਦੀ ਹੈ। ਇਸ ਦਾ ਅਰਥ ਹੈ ਕਿ ਸਿੱਖ ਆਗੂਆਂ ਨੇ ਆਪਣੀ ਭਰੋਸੇ ਯੋਗਤਾ ਖਤਮ ਕਰ ਲਈ ਹੈ।
ਸਿੱਖ ਅਗੂਆਂ ਨੇ ਹਮੇਸ਼ਾਂ ਨੌਜਵਾਨਾਂ ਨੂੰ ਅੱਗੇ ਲਗਾ ਕੇ ਆਪਣਾ ਮਤਲਵ ਹੱਲ ਕੀਤਾ ਹੈ ਪਰ ਸਿੱਖ ਮੁੱਦੇ ਜਿਉਂ ਦੇ ਤਿਉਂ ਹੀ ਖੜੇ ਹਨ। ਸਿੱਖ ਨੇਤਾਵਾਂ ਵਿੱਚ ਨਿਘਾਰ ਦੀ ਸਿੱਖਰ ਮੌਜੂਦਾ ਦੌਰ ਵਿੱਚ ਦੇਖੀ ਜਾ ਸਕਦੀ ਹੈ। ਸਿੱਖ ਨੇਤਾਜਨ ਜਦੋਂ ਰਾਜ ਭਾਗ ਵਿੱਚ ਨਹੀਂ ਹੁੰਦੇ ਓਦੋਂ ਸਾਰੇ ਸਿੱਖ ਮੁੱਦੇ ਇਹਨਾਂ ਨੂੰ ਯਾਦ ਹੁੰਦੇ ਹਨ ਪਰ ਰਾਜ ਭਾਗ ਦੇ ਮਾਲਕ ਬਣਦਿਆਂ ਹੀ ਸਿੱਖ ਸਭਿਆਚਾਰ ਤੇ ਸਿੱਖ ਮੁੱਦੇ ਸਾਰਾ ਕੁੱਝ ਗਵਾਚ ਹੀ ਜਾਂਦਾ ਹੈ। ਕੇਂਦਰ ਵਿੱਚ ਬਾਜਪਈ ਦੀ ਸਰਕਾਰ ਬਣੀ ਸੀ ਤਾਂ ਬੀਬੀ ਜੈਲਲਤਾ ਨੇ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਵਿੱਚ ਆਪਣੀਆਂ ਸ਼ਰਤਾਂ ਮਨਾ `ਤੇ ਹਮਾਇਤ ਕੀਤੀ ਸੀ। ਦੂਜੇ ਪਾਸੇ ਅਕਾਲੀ ਭਾਈ ਆਖਦੇ ਸਨ ਕਿ ਅਸਾਂ ਬਿਨ ਸ਼ਰਤ ਹਮਾਇਤ ਦੇਣੀ ਹੈ ਤੇ ਸਾਨੂੰ ਚਾਹੀਦਾ ਵੀ ਕੁੱਝ ਨਹੀਂ ਹੈ।
ਅੱਜ ਕੀ ਹਾਲਾਤ ਬਣ ਗਏ ਹਨ ਕਿ ਧਰਮ ਦਾ ਪ੍ਰਚਾਰ ਕਰਨ ਵਾਲੇ ਜੱਥੇਦਾਰ ਆਪਣੀ ਭਰੋਸੇਯੋਗਤਾ ਹੀ ਗਵਾ ਗਏ ਹਨ। ਇਹਨਾਂ ਜੱਥੇਦਾਰਾਂ ਨੇ ਕੌਮ ਦੇ ਪਹਿਰੇਦਾਰ ਬਣਨਾ ਸੀ ਪਰ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਖੁਦ ਪੁਲੀਸ ਦੇ ਪਹਿਰੇ ਵਿੱਚ ਸਾਹ ਲੈ ਰਹੇ ਹਨ। ਕੀ ਇਹਨਾਂ ਤੋਂ ਕੋਈ ਆਸ ਕੀਤੀ ਜਾ ਸਕਦੀ ਹੈ ਕਿ ਇਹ ਸਿੱਖ ਧਰਮ ਦੇ ਮੁੱਦਿਆਂ ਦੀ ਗੱਲ ਕਰਨਗੇ ਜਾਂ ਖੁਲ੍ਹੇ-ਆਮ ਸੰਗਤ ਵਿੱਚ ਵਿਚਰ ਕੇ ਕੋਈ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨਗੇ? ਏਨੀ ਮਾੜੀ ਹਾਲਤ ਕੌਮ ਦੇ ਜੱਥੇਦਾਰਾਂ ਦੀ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਈ। ਕੌਮ ਦੇ ਜੱਥੇਦਾਰ ਆਪਣੀ ਖੁਦ ਮੁਖਤਿਆਰੀ ਹੀ ਗਵਾ ਚੁੱਕੇ ਹਨ ਕਿਉਂ ਕਿ ਇਹ ਰਾਜਨੀਤਿਕ ਨੇਤਾਵਾਂ ਦੇ ਦੁੰਮਸ਼ੱਲੇ ਬਣ ਗਏ ਹਨ।
ਦੂਜਾ ਨੰਬਰ ਆਉਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ, ਜਿਨ੍ਹਾਂ ਦੇ ਹਾਲਾਤ ਏਦਾਂ ਦੇ ਬਣ ਗਏ ਹਨ ਕਿ ਇਹ ਆਪਣੇ ਅਧਿਕਾਰ ਹੀ ਭੁੱਲ ਗਏ ਹਨ। ਜ਼ਮੀਰ ਨਾਂ ਦੀ ਕੋਈ ਚੀਜ਼ ਇਹਨਾਂ ਪਾਸ ਰਹਿ ਹੀ ਨਹੀਂ ਗਈ। ਜਾਗਦੀ ਜ਼ਮੀਰ ਵਾਲੇ ਕੁੱਝ ਕੁ ਮੈਂਬਰ ਹੈਣ ਜਿਹੜੇ ਸਿੱਖ ਹੱਕਾਂ ਦੀ ਗੱਲ ਕਰਦੇ ਹਨ ਪਰ ਬਹੁਤੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਕਹੀ ਜਾਣ ਵਿੱਚ ਭਲਾ ਸਮਝਦੇ ਹਨ। ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ। ਸਿੱਖ ਮੁੱਦਿਆਂ ਦੀ ਗੱਲ ਇਹਨਾਂ ਨੇ ਕਦੇ ਵੀ ਨਹੀਂ ਕੀਤੀ। ਪਿੱਛੇ ਜੇਹੇ ਤਾਂ ਇਹ ਲਾਲ ਬੱਤੀ ਵਾਲੀ ਕਾਰ ਦੀ ਮੰਗ ਕਰ ਰਹੇ ਸਨ। ਜਿੰਨਾਂ ਨੇ ਧਰਮ ਪ੍ਰਚਾਰ ਦੀ ਗੱਲ ਕਰਨੀ ਸੀ ਉਹ ਪੁਲੀਸ ਦੇ ਛਾਏ ਥੱਲੇ ਦਿਨ ਕਟੀ ਕਰ ਰਹੇ ਹਨ। ਇੱਕ ਵਾਰੀ ਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮਰ ਚੁੱਕੇ ਪ੍ਰਧਾਨ ਦੀ ਗੱਡੀ ਵਿਚੋਂ ਸ਼ਰਾਬ ਆਦਿ ਦੀਆਂ ਬੋਤਲਾਂ ਵੀ ਫੜੀਆਂ ਗਈਆਂ ਸਨ।
ਤੀਜਾ ਵਿੰਗ ਸਾਡਾ ਰਾਜਨੀਤੀ ਦਾ ਆਉਂਦਾ ਹੈ। ਸਾਰੀ ਗੜਬੜ ਏੱਥੇ ਹੀ ਹੋ ਰਹੀ ਹੈ। ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਰਾਜਸੀ ਵਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਆਖਿਆ ਜਾਂਦਾ ਰਿਹਾ ਹੈ। ਭਾਂਵੇਂ ਸਿੱਖਾਂ ਦੇ ਬਹੁਤੇ ਮਸਲੇ ਹੱਲ ਨਹੀਂ ਹੋਏ ਪਰ ਫਿਰ ਵੀ ਇਹ ਕਦੇ ਕਦੇ ਭਾਰਤ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਅਵਾਜ਼ ਜ਼ਰੂਰ ਬਲੰਦ ਕਰਦੇ ਰਹੇ ਹਨ। ਪੰਥ ਦਾ ਵਾਸਤਾ ਵੀ ਪਉਂਦੇ ਰਹੇ ਹਨ। ੧੯੭੮ ਉਪਰੰਤ ਸਿੱਖ ਰਾਜਨੀਤੀ ਵਿੱਚ ਅਜੇਹਾ ਨਘਾਰ ਆਉਣਾ ਸ਼ੁਰੂ ਹੋਇਆ ਕਿ ਸਿੱਖ ਨੇਤਾ ਸਾਰੇ ਪੰਥਕ ਮੁੱਦੇ ਛੱਡ ਗਏ ਪਰ ਇਹਨਾਂ ਨੇ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਪੂਰੀ ਵਿਧੀ ਨਾਲ ਵਰਤਿਆ ਹੈ। ਨੌਜਵਾਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਪੰਜਾਬ ਦੇ ਘਰਾਂ ਵਿੱਚ ਸੱਥਰ ਵਿਛਣ ਲੱਗੇ। ਜਵਾਨ ਮਾਂਵਾਂ ਦੇ ਪੁੱਤ, ਭੈਣਾਂ ਦੇ ਭਰਾ ਤੇ ਜਵਾਨ ਪਤਨੀਆਂ ਨੇ ਆਪਣੇ ਸੁਹਾਗ ਸ਼ਹੀਦ ਕਰਾਏ ਪਰ ਕਿਸੇ ਨੇਤਾ ਨੂੰ ਕੋਈ ਸੇਕ ਨਹੀਂ ਲੱਗਿਆ। ਪੰਜਾਬ ਦਾ ਅਥਾਹ ਖੂਨ ਡੁੱਲ ਗਿਆ ਪਰ ਸਿੱਖ ਨੇਤਾਜਨਾਂ ਨੇ ਰਾਜ-ਭਾਗ ਕਾਇਮ ਕਰਨ ਲਈ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣਾ ਲਈ।
ਕੇਂਦਰ ਵਿੱਚ ਹਰ ਸਰਕਾਰ ਪੰਜਾਬ ਲਈ ਹਮੇਸ਼ਾਂ ਬੇਈਮਾਨੀ ਰਹੀ ਹੈ। ਕੇਂਦਰੀ ਸਰਕਾਰ ਦੇ ਝੂਠੇ ਲਾਰਿਆਂ ਨਾਲ ਪੰਜਾਬ ਨਾਲ ਧੋਖਾ ਹੁੰਦਾ ਆਇਆ ਹੈ। ਸਿੱਖ ਨੇਤਾਵਾਂ ਨੇ ਹਮੇਸ਼ਾਂ ਕੇਂਦਰ ਸਰਕਾਰ ਨੂੰ ਪਾਣੀ ਪੀ ਪੀ ਕੋਸਿਆ ਹੈ। ਸਿੱਖ ਲੀਡਰ ਏਹੀ ਸਬਜ਼ ਬਾਗ ਦਿਖਾਉਂਦੇ ਰਹੇ ਕਿ ਜਦੋਂ ਵੀ ਸਾਡੀ ਸਰਕਾਰ ਆਏਗੀ ਅਸੀਂ ਨੌਕਰੀਆਂ ਦੇ ਮੂੰਹ ਖੋਲ੍ਹ ਦਿਆਂਗੇ, ਪੈਸੇ ਦੀ ਕੋਈ ਕਮੀ ਨਹੀਂ ਰਹਿਣੀ, ਕੋਈ ਬੇਰੋਜ਼ਗਾਰ ਨਹੀਂ ਰਹੇਗਾ। ਧੱਕਾ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿਆਂਗੇ। ਪੰਜਾਬ ਲਈ ਅਸੀਂ ਅਕਾਸ਼ ਤੋਂ ਤਾਰੇ ਤੋੜ ਕੇ ਲਿਅਇਆ ਕਰਾਂਗੇ। ਕੇਂਦਰ ਸਰਕਾਰ ਪੰਜਾਬ ਨੂੰ ਲੁੱਟ ਕੇ ਖਾ ਗਈ ਹੈ। ਹੁਣ ਜਦੋਂ ਕੇਂਦਰ ਵਿੱਚ ਆਪਣੀ ਸਹਿਯੋਗੀ ਪਾਰਟੀ ਦੀ ਸਰਕਾਰ ਸਪੱਸਟ ਬਹੁ ਮੱਤ ਲੈ ਕੇ ਬਣ ਗਈ ਤਾਂ ਉਹ ਕਹਿੰਦੇ ਪਹਿਲਾਂ ਪਿੱਛਲਾ ਹਿਸਾਬ ਦਿਓ ਕਿਉਂ ਕਿ ਕੇਂਦਰ ਵਲੋਂ ਪਹਿਲਾਂ ਹੀ ਤੂਹਾਨੂੰ ਜ਼ਿਆਦਾ ਪੈਸੇ ਮਿਲਦੇ ਰਹੇ ਹਨ। ਹੁਣ ਤਾਂ ਸਿੱਖ ਨੇਤਾਵਾਂ ਕੋਲ ਕੋਈ ਵੀ ਬਹਾਨਾ ਨਹੀਂ ਰਿਹਾ ਹੈ ਕਿਉਂਕਿ ਕੇਂਦਰ ਵਿੱਚ ਇਹਨਾਂ ਦੀ ਭਾਈਵਾਲੀ ਸਰਕਾਰ ਮੌਜੂਦ ਹੈ।
ਹਰ ਵਾਰੀ ਪੰਥ ਦਾ ਨਾਂ ਲੈ ਕੇ ਨੌਜਵਾਨਾਂ ਨੂੰ ਅੱਗੇ ਲਗਾ ਕੇ ਇਹਨਾਂ ਨੇਤਾਵਾਂ ਨੇ ਪੰਜਾਬ `ਤੇ ਰਾਜ ਕੀਤਾ ਹੈ। ਸਿੱਖ ਨੇਤਾਵਾਂ ਵਲੋਂ ਲਾਰੇ ਤੇ ਲਾਰਾ ਲਗਾਇਆ ਜਾ ਰਿਹਾ ਹੈ। ਕਦੇ ਕਹਿੰਦੇ ਹਨ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਮੈਟਰੋ ਚਲਾ ਦਿਆਂਗੇ, ਕਦੇ ਕਹਿੰਦੇ ਹਨ ਕਿ ਪੰਜਾਬ ਦੀਆਂ ਨਹਿਰਾਂ ਦੇ ਪੁੱਲ ਉੱਚੇ ਕਰਕੇ ਪਾਣੀ ਵਾਲੀਆਂ ਬੱਸਾ ਚਲਾ ਦਿਆਂਗੇ। ਅਜੇਹੀਆਂ ਅਧਾਰਹੀਣ ਗੱਲਾਂ ਕਰਕੇ ਸਿੱਖ ਨੇਤਾਵਾਂ ਨੇ ਆਪਣੀ ਭਰੋਸੇਯੋਗਤਾ ਹੀ ਗਵਾ ਲਈ ਹੈ।
ਜੇ ਕਿਤੇ ਹੋਰ ਪਾਰਟੀ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆਉਂਦਾ ਤਾਂ ਸਿੱਖ ਨੇਤਾਵਾਂ ਨੇ ਪੂਰਾ ਅਸਮਾਨ ਸਿਰ `ਤੇ ਚੁੱਕ ਲੈਣਾ ਸੀ। ਇਹਨਾਂ ਨੇ ਆਪ ਨੌਜਵਾਨਾਂ ਨੂੰ ਅੱਗੇ ਲਗਾਉਣਾ ਸੀ ਤੇ ਆਪਣੀਆਂ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ ਸਨ। ਹੁਣ ਤਸਵੀਰ ਦਾ ਦੂਜਾ ਪਾਸਾ ਹੈ। ਸਿੱਖ ਆਗੂ ਸਰਕਾਰ ਚਲਾ ਰਹੇ ਹਨ ਤੇ ਇਹਨਾਂ ਦੀ ਸਰਕਾਰ ਸਮੇਂ ਅਜੇਹਾ ਸ਼ਾਂਤਮਈ ਰੋਸ ਮੁਜਾਹਰਾ ਕਰਦਿਆਂ `ਤੇ ਡਾਂਗਾ ਸੋਟਿਆਂ ਦਾ ਮੀਂਹ ਵਰ੍ਹਾ ਦੇਣਾ ਕੋਈ ਦਿਆਨਤਦਾਰੀ ਵਾਲੀ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਲਈ ਸਰਾਕਰ ਵਲੋਂ ਢਿੱਲ ਮੱਠ ਦੀ ਨੀਤੀ ਵਰਤਣ ਦੇ ਵਿਰੋਧ ਵਿੱਚ ਆਮ ਮੁਹਾਰੇ ਸੰਗਤਾਂ ਸੜਕਾਂ `ਤੇ ਆ ਗਈਆਂ। ਇੱਕ ਸਮੇਂ ਸਿੱਖ ਨੇਤਾਵਾਂ ਨੂੰ ਘਰਾਂ ਵਿਚੋਂ ਬਾਹਰ ਆਉਣਾ ਵੀ ਮੁਸ਼ਕਲ ਹੋ ਗਿਆ। ਇਸ ਦਾ ਅਰਥ ਹੈ ਕਿ ਸਿੱਖ ਨੇਤਾਜਨ ਆਪਣੀ ਭਰੋਸੇਯੋਗਤਾ ਖਤਮ ਗਵਾ ਚੁੱਕੇ ਹਨ।
ਚੌਥੀ ਪ੍ਰਕਾਰ ਦੇ ਉਹ ਲੀਡਰ ਹਨ ਜਿਹੜੇ ਰਾਜ ਭਾਗ ਦੇ ਮਾਲਕ ਨਹੀ ਹਨ ਪਰ ਜਦੋਂ ਵੀ ਕਦੇ ਕੋਈ ਮੋਰਚਾ ਲੱਗਦਾ ਹੈ ਤਾਂ ਉਹ ਸਭ ਤੋਂ ਅੱਗੇ ਹੁੰਦੇ ਹਨ। ਇਹਨਾਂ ਵਿਚਾਰਿਆਂ ਦੀ ਹਾਲਤ ਮੋਮ ਦੇ ਨੱਕ ਵਰਗੀ ਹੈ। ਇਹਨਾਂ ਲੀਡਰਾਂ ਵਲੋਂ ਕਦੇ ਵੀ ਕੋਈ ਉਸਾਰੂ ਕੰਮ ਨਹੀਂ ਹੋਇਆ। ਇਹ ਲੀਡਰ ਚੱਲ ਰਹੇ ਸੰਘਰਸ਼ ਨੂੰ ਲੀਹੋਂ ਲੌਣ ਦਾ ਬਹੁਤ ਤਜਰਬਾ ਰੱਖਦੇ ਹਨ। ਇਹ ਸਰਕਾਰ ਨਾਲ ਵੀ ਨੇੜਤਾ ਰੱਖਦੇ ਹਨ ਤੇ ਚਲ ਰਹੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਉਂਦੇ ਹਨ। ਇਹ ਨੇਤਾਜਨ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗਵਾ ਚੁੱਕੇ ਹਨ।
ਅੱਜ ਕੌਮ ਨੂੰ ਨਿਸ਼ਕਾਮ, ਕੁਰਬਾਨੀ ਤੇ ਜਜ਼ਬੇ ਵਾਲੇ ਨੇਤਾਵਾਂ ਦੀ ਜ਼ਰੂਰਤ ਹੈ ਜੋ ਨਿੱਜੀ ਸੁਅਰਥ ਤੋਂ ਉੱਪਰ ਉੱਠ ਕੇ ਕੌਮ ਦਾ ਮਨੋ ਦਰਦ ਰੱਖਦੇ ਹੋਣ।




.