. |
|
ਕਾਰਪੋਰੇਸ਼ਨਾਂ ਦੀ ਮੀਡੀਏ ਤੇ ਵਧਦੀ ਇਜ਼ਾਰੇਦਾਰੀ: ਖਤਰੇ ਦੀ ਘੰਟੀ
ਹਰਚਰਨ ਪ੍ਰਹਾਰ
ਫੋਨ: 403-681-8689 ਈ-ਮੇਲ:
[email protected]
ਮੀਡੀਆ ਨੂੰ ਲੋਕਤੰਤਰ ਵਿੱਚ, ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ, ਦੇਸ਼ ਨੂੰ
ਚਲਾਉਣ ਵਾਲੀ ਐਡਮਨਿਸਟਰੇਸ਼ਨ ਜਾਂ ਬਿਉਰੋ ਕਰੇਸੀ ਅਤੇ ਜੁਡੀਸ਼ਰੀ (ਕਨੂੰਨ, ਸੰਵਿਧਾਨ ਜਾਂ ਕੋਰਟ
ਸਿਸਟਮ) ਤੋਂ ਬਾਅਦ ਚੌਥਾ ਥੰਮ ਮੰਨਿਆ ਜਾਂਦਾ ਹੈ। ਕਿਸੇ ਦੇਸ਼ ਜਾਂ ਸਮਾਜ ਵਿੱਚ ਲੋਕਤੰਤਰ ਨੇ ਕਿਤਨੇ
ਮਜਬੂਤੀ ਨਾਲ ਪੈਰ ਜਮਾਏ ਹੋਏ ਹਨ, ਇਸ ਗੱਲ ਤੋਂ ਪਤਾ ਲਗਦਾ ਹੈ ਕਿ ਉਥੇ ਦਾ ਮੀਡੀਆ ਕਿਤਨਾ ਮਜਬੂਤ
ਹੈ। ਉਥੇ ਲੋਕਾਂ ਕੋਲ ਆਪਣੀ ਗੱਲ ਆਜ਼ਾਦੀ ਨਾਲ ਕਰਨ ਦਾ ਕਿਤਨਾ ਮੌਕਾ ਹੈ? ਉਥੇ ਦੀਆਂ ਸਰਕਾਰਾਂ
ਲੋਕਾਂ ਨੂੰ ਆਪਣੇ ਹੱਕਾਂ ਲਈ ਬੋਲਣ ਤੇ ਮੀਡੀਏ ਨੂੰ ਲੋਕਾਂ ਸਾਹਮਣੇ ਸਚਾਈ ਲਿਆਉਣ ਦਾ ਕਿੰਨਾ ਮੌਕਾ
ਦਿੰਦੀਆਂ ਹਨ? ਮੀਡੀਆ ਕੋਈ ਵੀ ਹੋਵੇ, ਉਸਦਾ ਕੰਮ ਜਿਥੇ ਖ਼ਬਰਾਂ, ਸੂਚਨਾਵਾਂ, ਲੁਕੇ ਹੋਏ ਤੱਥਾਂ ਨੂੰ
ਸਹੀ ਸੰਦਰਭ ਵਿੱਚ ਲੋਕਾਂ ਤੱਕ ਪਹੁੰਚਾਣਾ ਹੁੰਦਾ ਹੈ। ਉਥੇ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ
ਪ੍ਰਤੀ ਲੋਕਾਂ ਨੂੰ ਸਹੀ ਸਮਝ ਦੇਣਾ ਵੀ ਹੁੰਦਾ ਹੈ। ਮੀਡੀਏ ਦਾ ਖੇਤਰ ਬੇਸ਼ਕ ਬਹੁਤ ਵਿਸ਼ਾਲ ਹੈ। ਪਰ
ਹਰ ਤਰ੍ਹਾਂ ਦੇ ਮੀਡੀਏ ਰਾਹੀਂ ਅਸੀਂ ਸਮਾਜ ਪ੍ਰਤੀ ਆਪਣਾ ਫਰਜ਼ ਜਰੂਰ ਨਿਭਾਉਣਾ ਹੁੰਦਾ ਹੈ। ਮੀਡੀਏ
ਨੂੰ ਸਮਾਜ ਦਾ ਦਰਪਨ ਵੀ ਮੰਨਿਆ ਜਾਂਦਾ ਹੈ। ਲੋਕ ਹਮੇਸ਼ਾਂ ਮੀਡੀਏ ਤੋਂ ਆਸ ਰੱਖਦੇ ਹਨ ਕਿ ਉਹ ਸਮਾਜ
ਨੂੰ ਜਿਥੇ ਸਹੀ ਜਾਣਕਾਰੀ ਦੇਵੇ, ਉਥੇ ਮੀਡੀਆ ਨਿਰਪੱਖਤਾ ਨਾਲ ਕੰਮ ਕਰੇ। ਪਰ ਜਿਥੇ ਹੌਲੀ-ਹੌਲੀ
ਵੱਡਾ ਮੀਡੀਆ, ਆਪਣੀ ਨਿਰਪੱਖਤਾ ਤੇ ਆਜ਼ਾਦ ਹਸਤੀ ਨੂੰ ਗੁਆ ਕੇ ਵੱਡੀਆਂ ਕਾਰਪੋਰੇਸ਼ਨਾਂ ਤੇ ਸਿਆਸੀ
ਪਾਰਟੀਆਂ ਦਾ ਧੁਤੂ ਬਣਦਾ ਜਾ ਰਿਹਾ ਹੈ। ਉਥੇ ਦੁਨੀਆਂ ਭਰ ਦਾ ਵੱਡਾ ਮੀਡੀਆ, ਸਿਰਫ ਕੁੱਝ ਕੁ
ਕਾਰਪੋਰੇਸ਼ਨਾਂ ਦਾ ਬਿਜਨੈਸ ਬਣ ਕੇ ਰਹਿ ਗਿਆ ਹੈ। ਜੋ ਸਿਰਫ ਆਪਣੇ ਅਤੇ ਸਿਆਸੀ ਆਕਾਵਾਂ ਦੇ ਹਿੱਤਾਂ
ਨੂੰ ਹੀ ਪਾਲ਼ਦਾ ਹੈ। ਛੋਟਾ ਤੇ ਆਜ਼ਾਦ ਮੀਡੀਆ, ਇਸ ਸਭ ਵਰਤਾਰੇ ਵਿੱਚ ਵਿਚਾਰਾ ਬਣਦਾ ਜਾ ਰਿਹਾ ਹੈ।
ਪਿਛਲ਼ੇ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਲੋਕ ਆਪਣੇ ਮਨ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਕਿ
ਸ਼ੁੱਭ ਸ਼ਗਨ ਕਿਹਾ ਜਾ ਸਕਦਾ ਹੈ। ਹਰ ਉਹ ਵਿਅਕਤੀ ਜੋ ਲੋਕਾਂ ਤੇ ਆਪਣੀ ਦੌਲਤ ਜਾਂ ਰਾਜਨੀਤਕ ਤਾਕਤ
ਰਾਹੀਂ ਰਾਜ ਕਰਨਾ ਚਾਹੁੰਦਾ ਹੈ, ਮੀਡੀਏ ਤੋਂ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦਾ ਰਿਹਾ ਹੈ।
ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ, ਲੋਕਾਂ ਦਾ ਸੋਸ਼ਣ ਕਰਕੇ
ਇਕੱਠੀ ਕੀਤੀ ਦੌਲਤ ਬਾਰੇ ਸਹੀ ਜਾਣਕਾਰੀ ਜੇਕਰ ਕੋਈ ਲੋਕਾਂ ਤੱਕ ਪਹੁੰਚਾ ਸਕਦਾ ਹੈ ਤਾਂ ਉਹ ਮੀਡੀਆ
ਹੀ ਹੈ। ਮੀਡੀਆ ਉਨ੍ਹਾਂ ਤੇ ਕੁੰਡਾ ਹੋ ਸਕਦਾ ਸੀ। ਇਸ ਲਈ ਹਰ ਸਰਮਾਏਦਾਰ ਤੇ ਰਾਜਨੀਤੀਵਾਨ, ਮੀਡੀਏ
ਨੂੰ ਆਪਣੇ ਹਿੱਤਾਂ ਲਈ ਵਰਤਣ ਦਾ ਯਤਨ ਕਰਦਾ ਰਿਹਾ ਹੈ ਜਾਂ ਡਰਾ ਕੇ ਆਪਣੇ ਵਿਰੋਧ ਵਿੱਚ ਜਾਣ ਤੋਂ
ਰੋਕਦਾ ਰਿਹਾ ਹੈ। ਪਿਛਲ਼ੇ ਸਮੇਂ ਵਿੱਚ ਲੋਕ ਵਿਰੋਧੀ ਸਰਕਾਰਾਂ ਮੀਡੀਏ ਨੂੰ ਆਪਣੇ ਕੰਟਰੋਲ ਵਿੱਚ
ਰੱਖਦੀਆਂ ਸਨ। ਮੀਡੀਆ ਆਪਣੀ ਗੱਲ ਆਜ਼ਾਦੀ ਨਾਲ ਨਾ ਕਰ ਸਕੇ, ਸਰਕਾਰੀ ਇਸ਼ਤਿਹਾਰਾਂ ਤੇ ਪਾਬੰਧੀ ਲਗਾ
ਕੇ ਮੀਡੀਏ ਨੂੰ ਦਬਾਇਆ ਜਾਂਦਾ ਸੀ। ਮੀਡੀਏ ਤੇ ਵੱਖ-ਵੱਖ ਢੰਗਾਂ ਨਾਲ ਪਾਬੰਧੀਆਂ ਲਗਾਉਂਦਾ ਰਿਹਾ
ਹੈ। ਅਨੇਕਾਂ ਪੱਤਰਕਾਰਾਂ ਨੂੰ ਸਮੇਂ ਸਮੇਂ ਆਪਣਾ ਫਰਜ਼ ਨਿਭਾਉਂਦੇ ਹੋਏ, ਜਾਨ ਤੋਂ ਹੱਥ ਧੋਣੇ ਪਏ
ਹਨ। ਅਨੇਕਾਂ ਆਜ਼ਾਦ ਮੀਡੀਆ ਸੰਸਥਾਵਾਂ ਸਰਕਾਰਾਂ ਵਲੋਂ ਬੰਦ ਕਰਾ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਬੇਸ਼ਕ ਹਰ ਕੋਈ ਮੀਡੀਏ ਤੋਂ ਨਿਰਪੱਖਤਾ ਤੇ ਆਜ਼ਾਦੀ ਨਾਲ ਆਪਣੀ ਗੱਲ ਕਰਨ ਦੀ ਵਕਾਲਤ ਕਰਦਾ ਹੈ, ਪਰ
ਮੀਡੀਏ ਤੇ ਸਰਕਾਰਾਂ ਅਤੇ ਪੁਲਿਸ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਤੇ ਖਾਸਕਰ ਧਾਰਮਿਕ ਅਦਾਰਿਆਂ ਦਾ
ਵੀ ਬੜਾ ਦਬਾਅ ਰਹਿੰਦਾ ਹੈ। ਕਿਸੇ ਵੀ ਘਟਨਾ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਨਾਮ
ਹੇਠ ਮੀਡੀਆ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ। ਪਿਛਲ਼ੀ ਸਦੀ ਤੋਂ ਜਿਸ ਤਰ੍ਹਾਂ ਵੱਡੀਆਂ-ਵੱਡੀਆਂ
ਮਲਟੀ ਨੈਸ਼ਨਲ ਕਾਰਪੋਰੇਸ਼ਨਾਂ ਹਰ ਪਾਸੇ ਆਪਣਾ ਪ੍ਰਭਾਵ ਵਧਾ ਰਹੀਆਂ ਸਨ। ਮੀਡੀਆ ਵੀ ਉਨ੍ਹਾਂ ਤੋਂ ਬਚ
ਨਹੀਂ ਸਕਿਆ। ਲੋਕ ਵਿਰੋਧੀ ਸਰਕਾਰਾਂ ਤੇ ਲੋਕ ਵਿਰੋਧੀ ਮਲਟੀ ਨੈਸ਼ਨਲ ਕਾਰਪੋਰੇਸ਼ਨਾਂ ਵਲੋਂ ਮੀਡੀਆ
ਨੂੰ ਦਬਾਉਣ ਦੀ ਥਾਂ ਮੀਡੀਆ ਤੇ ਕੰਟਰੋਲ ਕਰਕੇ ਇਸ ਸੱਚੇ ਸੁੱਚੇ ਪ੍ਰੋਫੈਸ਼ਨ ਨੂੰ ਵੀ ਮੁਨਾਫੇ ਦਾ
ਸਾਧਨ ਬਣਾ ਲਿਆ ਤੇ ਆਪਣੀ ਇਜਾਰਦਾਰੀ ਸਥਾਪਤ ਕਰ ਲਈ। ਅੱਜ ਦੁਨੀਆਂ ਭਰ ਦੀਆਂ ਸਰਕਾਰਾਂ ਇਨ੍ਹਾਂ
ਕੁੱਝ ਕੁ ਕਾਰਪੋਰੇਸ਼ਨਾਂ ਦੇ ਇਸ਼ਾਰੇ ਤੇ ਨੱਚਦੀਆਂ ਹਨ। ਮੀਡੀਆ ਵਿੱਚ ਉਨ੍ਹਾਂ ਨੇ ਨਾ ਸਿਰਫ ਆਪਣਾ
ਦਬ-ਦਬਾ ਹੀ ਬਣਾਇਆ ਹੈ, ਸਗੋਂ ਦੁਨੀਆਂ ਭਰ ਦਾ ਮੀਡੀਆ ਉਨ੍ਹਾਂ ਨੇ ਆਪਣੀ ਦੌਲਤ ਨਾਲ ਖਰੀਦ ਲਿਆ ਹੈ
ਤੇ ਪੱਤਰਕਾਰੀ ਨੂੰ ਵੀ ਉਨ੍ਹਾਂ ਨੇ ਆਪਣੀ ਮੁਨਾਫੇ ਦੀ ਹਵਸ ਅਧੀਨ ਧੰਦਾ ਬਣਾ ਦਿੱਤਾ ਹੈ। ਕੁੱਝ
ਕਾਰਪੋਰੇਸ਼ਨਾਂ ਦੇ ਹੱਥਾਂ ਵਿੱਚ ਹੋਣ ਕਾਰਨ ਇਹ ਇਤਨੇ ਕੰਟਰੋਲਡ ਢੰਗ ਨਾਲ ਕੰਮ ਕਰਦਾ ਹੈ ਕਿ ਇਹ
ਆਪਣੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਜਿਹੜੀ ਮਰਜ਼ੀ ਪਾਰਟੀ ਦੇ ਹੱਕ ਵਿੱਚ ਲੋਕਾਂ ਦੀ ਸੋਚ ਬਦਲਣ
ਦੇ ਸਮਰੱਥ ਹੈ। ਕਾਰਪੋਰੇਸ਼ਨਾਂ ਆਪਣੀਆਂ ਘਟੀਆ ਵਸਤਾਂ ਨੂੰ ਵੀ ਮੀਡੀਏ ਰਾਹੀਂ ਮੁਨਾਫੇ ਤੇ ਵੇਚ
ਰਹੀਆਂ ਹਨ। ਸਾਇੰਸ ਦੀਆਂ ਖੋਜਾਂ ਨੂੰ ਵੀ ਆਪਣੇ ਹਿੱਤਾਂ ਲਈ ਵਰਤਦੀਆਂ ਹਨ। ਸਰਕਾਰਾਂ ਦੀਆਂ ਲੋਕ
ਵਿਰੋਧੀ ਨੀਤੀਆਂ ਨੂੰ ਕਿਵੇਂ ਲੋਕ ਪੱਖੀ ਬਣਾ ਕੇ ਪੇਸ਼ ਕਰਨਾ ਹੈ ਜਾਂ ਲੋਕ ਪੱਖੀ ਨੀਤੀਆਂ ਨੂੰ
ਕਿਵੇਂ ਲੋਕ ਵਿਰੋਧੀ ਬਣਾ ਕੇ ਪੇਸ਼ ਕਰਨਾ ਹੈ, ਪੇਸ਼ਾਵਰ ਪੱਤਰਕਾਰਾਂ ਰਾਹੀਂ ਇਨ੍ਹਾਂ ਨੂੰ ਖੂਬ ਆਉਂਦਾ
ਹੈ। ਆਉ ਤੱਥਾਂ ਦੇ ਅਧਾਰ ਤੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਮਲਟੀ ਨੈਸ਼ਨਲ ਕਾਰਪੋਰੇਸ਼ਨਾਂ
ਨੇ ਮੀਡੀਏ ਨੂੰ ਨਾ ਸਿਰਫ ਬਿਜਨੈਸ ਬਣਾ ਦਿੱਤਾ ਹੈ, ਸਗੋਂ ਕੁੱਝ ਕੁ ਕੋਰਪੋਰੇਸ਼ਨਾਂ ਹੀ ਸਭ ਮੀਡੀਆ
ਅਦਾਰਿਆਂ ਤੇ ਕਾਬਜ਼ ਹਨ।
ਗੱਲ ਕਨੇਡਾ ਤੋਂ ਸ਼ੁਰੂ ਕਰਦੇ ਹਾਂ। ਕਨੇਡਾ ਦੁਨੀਆਂ ਦੇ ਉਨ੍ਹਾਂ ਦੇਸ਼ਾਂ
ਵਿਚੋਂ ਮੋਹਰੀ ਹੈ, ਜਿਨ੍ਹਾਂ ਵਿੱਚ ਤਕਰੀਬਨ ਸਾਰਾ ਮੇਨ ਸਟਰੀਮ ਮੀਡੀਆ, ਸਿਰਫ ਕੁੱਝ ਕਾਰਪੋਰੇਸ਼ਨਾਂ
ਬੈੱਲ, ਸ਼ਾਅ, ਰੌਜ਼ਰਸ, ਨਿਊ ਕੈਪ, ਕਿਊਬੈਕਰ,
ਟੌਰ ਸਟਾਰ, ਪੋਸਟ ਮੀਡੀਆ ਨੈਟਵਰਕ, ਕੋਰਸ ਇੰਟਰਟੇਨਮੈਂਟ ਤੇ ਸੀ. ਬੀ. ਸੀ. (ਸਰਕਾਰ ਅਧੀਨ)
ਦੇ ਕੰਟਰੋਲ ਵਿੱਚ ਹੈ। ਮੀਡੀਏ ਵਿੱਚ ਕਾਰਪੋਰੇਸ਼ਨਾਂ
ਦੀ ਇਜ਼ਾਰੇਦਾਰੀ ਦੇ ਮਾਮਲੇ ਵਿੱਚ ਕਨੇਡਾ ਦਾ ‘ਜ਼ੀ 8’ ਦੇਸ਼ਾਂ ਵਿਚੋਂ ਸਭ ਤੋਂ ਥੱਲੇ ਨੰਬਰ ਹੈ। ਸਾਲ
1990 ਤੋਂ 2005 ਦੌਰਾਨ ਮੀਡੀਆ ਦੇ ਵੱਡੇ ਹਿੱਸੇ ਤੇ ਇਨ੍ਹਾਂ ਕਾਰਪੋਰੇਸ਼ਨਾਂ ਨੇ ਕਬਜ਼ਾ ਕਰ ਲਿਆ ਸੀ।
ਇੱਕ ਰਿਪੋਰਟ ਅਨੁਸਾਰ 1990 ਤੱਕ ਕਨੇਡਾ ਵਿੱਚ 17. 3% ਨਿਊਜ਼ ਮੀਡੀਆ ਆਜ਼ਾਦ ਸੀ, ਜੋ ਕਿ ਹੁਣ ਸਿਰਫ
1% ਰਹਿ ਗਿਆ ਹੈ। ਇਸੇ ਤਰ੍ਹਾਂ 1983 ਤੱਕ 50 ਦੇ ਕਰੀਬ ਕਨੇਡੀਅਨ ਕਾਰਪੋਰੇਸ਼ਨਾਂ ਦੀ ਮੀਡੀਆ ਤੇ
ਮਾਲਕੀ ਸੀ ਤੇ ਹੁਣ ਪਿਛਲੇ 30 ਸਾਲਾਂ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਛੋਟੀਆਂ ਤੋਂ ਖਰੀਦ ਕੇ
ਇਹ ਮਾਲਕੀ ਸਿਰਫ 6-7 ਕਾਰਪੋਰੇਸ਼ਨਾਂ ਕੋਲ ਚਲੀ ਗਈ ਹੈ। ਮੀਡੀਏ ਬਾਰੇ ਇੱਕ ਗੱਲ ਪ੍ਰਚਲਤ ਹੈ ਕਿ
ਜੋ ਮੀਡੀਆ ਨੂੰ ਕੰਟਰੋਲ ਕਰਦਾ ਹੈ, ਉਹੀ
ਲੋਕਾਂ ਦੇ ਦਿਮਾਗ ਨੂੰ ਕੰਟਰੋਲ ਕਰਦਾ ਹੈ।
ਸ਼ਾਇਦ ਇਸੇ ਕਾਰਨ ਕਾਰਪੋਰੇਸ਼ਨਾਂ ਮੀਡੀਆ ਤੇ ਕਾਬਿਜ਼ ਹੋਣਾ ਚਾਹੁੰਦੀਆਂ ਹਨ ਤਾਂ ਕਿ ਲੋਕਾਂ ਦੇ ਦਿਮਾਗ
ਨੂੰ ਕੰਟਰੋਲ ਕਰਕੇ ਨਾ ਸਿਰਫ ਆਪਣੇ ਸਿਆਸੀ ਆਕਾਵਾਂ ਦੇ ਹੱਕ ਵਿੱਚ ਭੁਗਤਾ ਸਕਣ, ਸਗੋਂ ਆਪਣੀ
ਮਨਮਰਜ਼ੀ ਦੀਆਂ ਵਸਤਾਂ ਮੰਡੀ ਵਿੱਚ ਵੇਚ ਸਕਣ। ਹੁਣ ਕਨੇਡਾ-ਅਮਰੀਕਾ ਵਿੱਚ ਆਜ਼ਾਦ ਮੀਡੀਆ ਨਾ ਦੀ ਕੋਈ
ਚੀਜ਼ ਨਹੀਂ ਹੈ। ਹੁਣ ਤੁਸੀਂ ਆਜ਼ਾਦ ਸੋਚ ਵਾਲੀ ਕੋਈ ਲਿਖਤ ਕਿਸੇ ਮੇਨ ਸਟਰੀਮ ਅਖ਼ਬਾਰ ਜਾਂ ਮੈਗਜ਼ੀਨ
ਆਦਿ ਵਿੱਚ ਨਹੀਂ ਛਪਵਾ ਸਕਦੇ? ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਪਾਲਿਸੀ ਹੈ ਕਿ ਅਸੀਂ ਸਿਰਫ
ਆਪਣੇ ਪੇਡ ਲੇਖਕਾਂ ਦੇ ਵਿਚਾਰ ਹੀ ਛਾਪਦੇ ਹਾਂ ਅਤੇ ਉਨ੍ਹਾਂ ਪੇਡ ਲੇਖਕਾਂ ਦੀ ਕਿਸੇ ਲਿਖਤ ਨੂੰ ਵੀ
ਛਪਣ ਤੋਂ ਪਹਿਲਾਂ ਆਪਣੇ ਉਪਰਲੇ ਐਡੀਟਰਾਂ ਤੋਂ ਮਨਜੂਰੀ ਲੈਣੀ ਪੈਂਦੀ ਹੈ। ਉਨ੍ਹਾਂ ਦਾ ਕਹਿਣਾ
ਹੁੰਦਾ ਹੈ ਕਿ ਜੇ ਤੁਸੀਂ ਕੋਈ ਜਾਣਕਾਰੀ ਲੋਕਾਂ ਤੱਕ ਪਹੁੰਚਾਣੀ ਚਾਹੁੰਦੇ ਹੋ ਤਾਂ ਤੁਸੀਂ ਪੇਡ ਐਡ
ਪਾ ਸਕਦੇ ਹੋ, ਉਹ ਵੀ ਪਹਿਲਾਂ ਉਨ੍ਹਾਂ ਦੇ ਐਡੀਟੋਰੀਅਲ ਬੋਰਡ ਵਲੋਂ ਮਨਜੂਰ ਕੀਤੀ ਜਾਵੇਗੀ। ਕੀ ਇਹ
ਪੱਤਰਕਾਰੀ ਹੈ? ਪੱਤਰਕਾਰਤਾ ਹੁਣ
ਕਾਰਪੋਰੇਸ਼ਨਾਂ ਦੀ ਮੁਨਾਫੇ ਦੀ ਹਵਸ ਪੂਰਤੀ ਦਾ ਸੰਦ ਤੋਂ ਵੱਧ ਕੁੱਝ ਨਹੀਂ ਹੈ।
ਅਸੀਂ ਜੋ ਮੀਡੀਆ ਵਿੱਚ ਦੇਖਦੇ ਹਾਂ, ਉਸ ਵਿੱਚ ਉਹੀ ਕੁੱਝ
ਦਿਖਾਇਆ ਜਾਂਦਾ ਹੈ, ਜੋ ਸਿਆਸਤਦਾਨਾਂ ਤੇ ਕਾਰਪੋਰੇਸ਼ਨਾਂ ਦੇ ਹਿੱਤ ਵਿੱਚ ਹੈ, ਇਸ ਲਈ ਜਰੂਰੀ ਨਹੀਂ
ਕਿ ਉਹ ਸੱਚ ਹੀ ਹੋਵੇ, ਹਰ ਖ਼ਬਰ ਤੇ ਘਟਨਾ ਦਾ ਦੂਜਾ ਪੱਖ ਵੀ ਹੋ ਸਕਦਾ ਹੈ। ਜਿਸਨੂੰ ਜਾਨਣ ਲਈ
ਨਿਰਪੱਖ ਤੇ ਆਜ਼ਾਦ ਮੀਡੀਏ ਦੀ ਹੋਂਦ ਜਰੂਰੀ ਹੈ, ਜਿਹੜਾ ਕਿ ਸਾਜ਼ਿਸ਼ ਅਧੀਨ ਖਤਮ ਕੀਤਾ ਜਾ ਰਿਹਾ ਹੈ।
ਕਾਰਪੋਰੇਟ ਮੀਡੀਏ ਦਾ ਇੱਕ ਭਾਰੂ ਪੱਖ ਇਹ ਵੀ ਹੈ ਕਿ ਇਹ ਬੜੇ ਯੋਜਨਾਬੱਧ ਢੰਗ ਨਾਲ ਖਪਤਕਾਰੀ
ਸਭਿਆਚਾਰ ਸਿਰਜਣ ਲਈ ਆਪਣੇ ਦਰਸ਼ਕਾਂ ਦੀ ਸੋਚ ਨੂੰ ਬਦਲਣ ਲਈ ਪ੍ਰੋਗਰਾਮ ਤਿਆਰ ਕਰਦੇ ਹਨ, ਖਾਸਕਰ
ਅੱਲੜ ਨੌਜਵਾਨ ਪੀੜ੍ਹੀ ਲਈ। ਇਸਦਾ ਨਤੀਜਾ ਤੁਸੀਂ ਬਲੈਕ ਫਰਾਈਡੇ ਸੇਲ ਜਾਂ ਕੁੱਝ ਖਾਸ ਮੌਕਿਆਂ ਤੇ
ਲਾਈਆਂ ਜਾਂਦੀਆਂ ਅਖੌਤੀ ਸੇਲਾਂ ਮੌਕੇ ਦੇਖ ਸਕਦੇ ਹੋ, ਕਿਵੇਂ ਲੋਕ ਕਰੇਜ਼ੀ ਹੋ ਜਾਂਦੇ ਹਨ। ਬੱਚਿਆਂ
ਜਾਂ ਨੌਜਵਾਨਾਂ ਦੀਆਂ ਗੇਮਾਂ ਦਾ ਕੋਈ ਨਵਾਂ ਵਰਜ਼ਨ ਆਉਂਦਾ ਹੈ ਤਾਂ ਕਿਵੇਂ ਲੋਕ ਪਾਗਲ ਹੋ ਕੇ
ਲਾਈਨਾਂ ਵਿੱਚ ਖੜ੍ਹ ਕੇ ਬੁੱਕਿੰਗ ਕਰਾਉਂਦੇ ਹਨ, ਜਿਵੇਂ ਉਹ ਗੇਮ ਜਾਂ ਫੋਨ ਅਗਰ ਕੁੱਝ ਦਿਨ ਨਾ
ਮਿਲਿਆ ਜਾਂ ਲੇਟ ਮਿਲਿਆ ਤਾਂ ਉਨ੍ਹਾਂ ਦੀ ਜ਼ਿੰਦਗੀ ਹੀ ਖੜ ਜਾਵੇਗੀ। ਚੀਨ, ਬੰਗਲਾ ਦੇਸ਼, ਇੰਡੀਆ,
ਪਾਕਿਸਤਾਨ ਜਾਂ ਹੋਰ ਏਸ਼ੀਅਨ ਤੇ ਅਫਰੀਕਨ ਪਛੜੇ ਦੇਸ਼ਾਂ ਵਿੱਚ ਸਸਤੀ ਲੇਬਰ ਰਾਹੀਂ ਤਿਆਰ ਕੀਤੇ ਮਾਲ
ਉੱਪਰ ਵੱਡੀਆਂ ਕਾਰਪਰੇਸ਼ਨਾਂ ਜਾਂ ਬਰੈਂਡ ਨੇਮ ਦੇ ਲੇਬਲ ਲਗਾ ਕੇ ਕਿਵੇਂ ਕਈ ਸੈਂਕੜੇ ਗੁਣਾਂ ਮੁਨਾਫੇ
ਤੇ ਵੇਚਣ ਲਈ ਲੋਕਾਂ ਨੂੰ ਮੀਡੀਆ ਰਾਹੀਂ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ। ਨੌਜਵਾਨ ਪੀੜ੍ਹੀ ਉਹੀ
ਚੀਜ਼ ਚੀਨ ਜਾਂ ਕਿਸੇ ਹੋਰ ਥਰਡ ਵਰਲਡ ਜਾਂ ਪਛੜੇ ਦੇਸ਼ ਦਾ ਨਾਮ ਸੁਣ ਕੇ ਖਰੀਦਣ ਲਈ ਤਿਆਰ ਨਹੀਂ
ਹੁੰਦੀ, ਪਰ ਉਹੀ ਮਾਲ ਨਾਈਕੀ, ਗੈੱਸ, ਬੌਸ, ਗੈਪ, ਗੂਚੀ, ਅਰਮਾਨੀ, ਰੀਬੂਕ, ਸੋਨੀ, ਐਪਲ, ਡੀਜ਼ਲ,
ਐਡੀਡਾਸ, ਸਿਟੀਜ਼ਨ, ਟਾਈਮੈਕਸ ਆਦਿ ਅਨੇਕਾਂ ਬਰੈਂਡ ਨੇਮ ਕੰਪਨੀਆਂ ਦੇ ਨਾਮ ਹੇਠ ਸੈਂਕੜੇ ਗੁਣਾਂ ਵੱਧ
ਮੁਨਾਫੇ ਤੇ ਮੀਡੀਏ ਦੀ ਮਾਈਂਡ ਕੰਟਰੋਲ ਗੇਮ ਰਾਹੀਂ ਵੇਚਿਆ ਜਾਂਦਾ ਹੈ। ਕਾਰਪੋਰੇਟ ਮੀਡੀਆ ਸਿਰਫ
ਸਰਮਾਏਦਾਰ ਸਰਕਾਰਾਂ ਤੇ ਕਾਰਪੋਰੇਟ ਪਾਵਰ ਲਈ ਹੀ ਕੰਮ ਨਹੀਂ ਕਰਦਾ, ਸਗੋਂ ਸਮਾਲ ਤੇ ਲੋਕਲ ਬਿਜਨੈਸ
ਨੂੰ ਖਤਮ ਕਰਨ ਲਈ ਵੀ ਲੋਕਾਂ ਦੀ ਮਾਈਂਡ ਸੈਟਿੰਗ ਕਰਦਾ ਹੈ। ਕਨੇਡਾ ਦੀਆਂ ਦੋਵੇਂ ਵੱਡੀਆਂ ਪਾਰਟੀਆਂ
ਪੀ. ਸੀ. ਤੇ ਲਿਬਰਲ ਅਤੇ ਅਮਰੀਕਾ ਦੀਆਂ ਵੱਡੀਆਂ ਪਾਰਟੀਆਂ ਰਿਪਬਲਿਕਨ ਤੇ ਡੈਮੋਕਰੇਟ, ਇਨ੍ਹਾਂ
ਕਾਰਪੋਰੇਸ਼ਨਾਂ ਦੇ ਹਿੱਤਾਂ ਲਈ ਹੀ ਕੰਮ ਕਰਦੀਆਂ ਹਨ। ਇੱਕ ਅਮਰੀਕੀ ਲੇਖਕ ਤੇ ਸੀ. ਆਈ. ਏ. ਦੇ
ਸਾਬਕਾ ਅਫਸਰ, ਜੌਹਨ ਸਟਾਕਵੈਲ ਅਨੁਸਾਰ ਅਗਰ ਤੁਸੀਂ ਦੁਨੀਆਂ ਬਾਰੇ ਜਾਂ ਵਰਲਡ ਪੌਲੇਟਿਕਸ ਨੂੰ
ਜਾਨਣਾ ਹੈ, ਆਪਣੇ ਆਪ ਨੂੰ ਐਜੂਕੇਟ ਕਰਨਾ ਹੈ ਤਾਂ ਚੰਗੇ ਲੇਖਕਾਂ ਦੀ ਕਿਤਾਬਾਂ ਤੇ ਇੰਟਰਨੈਟ ਦੀਆਂ
ਕੁੱਝ ਆਜ਼ਾਦ ਵੈਬਸਾਈਟਾਂ ਤੇ ਛਪਦੇ ਆਰਟੀਕਲਾਂ ਰਾਹੀਂ ਹੀ ਜਾਣ ਸਕਦੇ ਹੋ, ਕਾਰਪੋਰੇਟ ਮੀਡੀਆ ਰਾਹੀਂ
ਤੁਸੀਂ ਕਿਸੇ ਵੀ ਵਿਸ਼ੇ ਬਾਰੇ ਆਪਣੀ ਰਾਏ ਨਹੀਂ ਬਣਾ ਸਕਦੇ। ਇਥੇ ਇਹ ਵੀ ਜਾਨਣਾ ਜਰੂਰੀ ਹੈ ਕਿ
ਵੱਡੀਆਂ ਬੁੱਕ ਪਬਲਿਸ਼ਰ ਕੰਪਨੀਆਂ ਤੇ ਵੀ ਹੁਣ ਵੱਡੀਆਂ ਕਾਰਪੋਰੇਸ਼ਨਾਂ ਦੀ ਹੀ ਮਾਲਕੀ ਹੈ, ਇਸ ਲਈ
ਉਨ੍ਹਾਂ ਵਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਵਿੱਚ ਦਿੱਤੀ ਜਾਣਕਾਰੀ ਜਰੂਰੀ ਨਹੀਂ ਸਹੀ ਤੇ ਤੱਥਾਂ
ਅਧਾਰਿਤ ਜਾਂ ਲੋਕ ਪੱਖੀ ਹੋਵੇ? ਕਿਤਾਬਾਂ ਲਿਖਣਾ ਤੇ ਉਨ੍ਹਾਂ ਨੂੰ ਵੇਚਣਾ ਵੀ ਇੱਕ ਬਹੁਤ ਵੱਡਾ
ਬਿਜਨੈਸ ਹੈ। ਇਸ ਲਈ ਅਗਰ ਤੁਸੀਂ ਅੰਗਰੇਜ਼ੀ ਦੀ ਕੋਈ ਕਿਤਾਬ ਖਰੀਦੋ ਤਾਂ ਜਰੂਰ ਖਿਆਲ ਰੱਖੋ ਕਿ ਕਿਸ
ਨੇ ਪਬਲਿਸ਼ ਕੀਤੀ ਹੈ ਤੇ ਕੌਣ ਲੇਖਕ ਹੈ। ਘਟਨਾਵਾਂ ਦੇ ਦੂਜੇ ਪੱਖ ਨੂੰ ਦਿਖਾਉਣ ਲਈ ਕਈ ਡਾਕੂਮੈਂਟਰੀ
ਫਿਲਮਾਂ ਦੇ ਲੇਖਕ ਤੇ ਨਿਰਮਾਤਾ ਚੰਗਾ ਕੰਮ ਕਰਦੇ ਹਨ, ਪਰ ਅਜਿਹੀਆਂ ਡਾਕੂਮੈਂਟਰੀ ਆਮ ਲੋਕਾਂ ਦੀ
ਪਹੁੰਚ ਤੋਂ ਹੀ ਬਾਹਰ ਹਨ।
ਕਨੇਡਾ ਵਿੱਚ ਕੁੱਝ ਕਾਰਪੋਰੇਸ਼ਨਾਂ ਵਲੋਂ ਕਿਸ ਤਰ੍ਹਾਂ ਸਾਰੇ ਮੀਡੀਏ ਨੂੰ
ਖਰੀਦ ਕੇ ਆਪਣੇ ਅਧੀਨ ਕਰ ਲਿਆ ਹੈ, ਇਸਦੀ ਮਿਸਾਲ ਇਹ ਅੰਕੜੇ ਹਨ: ‘ ਟੌਰ
ਸਟਾਰ ਗਰੁੱਪ’ ਵਲੋਂ ਟਰਾਂਟੋ ਸਟਾਰ, ਹਮਿਲਟਨ
ਸਪੈਕਟੇਟਰ, ਵਾਟਰਲੂ ਰਿਜਨ ਰੈਕਰਡ, ਗਲਫ ਮਰਕਰੀ ਤੋਂ ਇਲਾਵਾ ‘ਮੈਟਰੋ
ਨਿਊਜ਼ ਪੇਪਰ’ ਟਰਾਂਟੋ, ਔਟਵਾ, ਵਿਨੀਪੈਗ,
ਕੈਲਗਰੀ, ਐਡਮਿੰਟਨ, ਵੈਨਕੂਵਰ ਵਿੱਚ ਪਬਲਿਸ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਗਰੁੱਪ ਵਲੋਂ
ਕਨੇਡਾ ਭਰ ਵਿੱਚ 116 ਕਮਿਉਨਿਟੀ ਨਿਊਜ਼ ਪੇਪਰ ਵੀ ਛਾਪੇ ਜਾਂਦੇ ਹਨ। ਇਸੇ ਤਰ੍ਹਾਂ 750 ਮਿਲੀਅਨ
ਸੰਪਤੀ ਵਾਲੇ ‘ਪੋਸਟ ਮੀਡੀਆ ਨੈਟਵਰਕ’
ਕੋਲ ਕੈਲਗਰੀ ਹੈਰਲਡ, ਐਡਮਿੰਟਨ ਜਰਨਲ,
ਮੌਂਟਰੀਅਲ ਗਜ਼ਟ, ਔਟਵਾ ਸਿਟੀਜ਼ਨ, ਦੀ ਰਿਜ਼ਨ ਲੀਡਰ ਪੋਸਟ, ਵੈਂਕੂਵਰ ਸੰਨ, ਵਿੰਡਸਰ ਸਟਾਰ, ਟਰਾਂਟੋ
ਸੰਨ, ਕੈਲਗਰੀ ਸੰਨ, ਐਡਮਿੰਟਨ ਸੰਨ, ਔਟਵਾ ਸੰਨ, ਵਿਨੀਪੈਗ ਸੰਨ, ਵੈਨਕੂਵਰ ਸੰਨ, ਵੈਨਕੂਵਰ
ਪਰੌਵਿੰਸ ਦੀ ਮਾਲਿਕੀ ਤੋਂ ਇਲਾਵਾ ਇਸੇ ਗਰੁੱਪ ਵਲੋਂ ਟਰਾਂਟੋ ਏਰੀਏ ਵਿੱਚ 24 ਰੋਜ਼ਾਨਾ ਫਰੀ ਨਿਊਜ਼
ਪੇਪਰਜ਼, 37 ਕਮਿਉਨਿਟੀ ਨਿਊਜ਼ ਪੇਪਰਜ਼ ਵੀ ਚਲਾਏ ਜਾਂਦੇ ਹਨ। ਇਸੇ ਗਰੁੱਪ ਵਲੋਂ ਫਈਨੈਂਸ਼ਲ ਪੋਸਟ,
ਕੈਨੇਡਾ ਡਾਟ ਕਾਮ ਵੈਬਸਾਈਟ, ਨੈਸ਼ਨਲ ਪੋਸਟ, ਲੀਡਰ ਪੋਸਟ ਰਿਜ਼ਾਈਨਾ, ਔਟਵਾ ਸਿਟੀਜ਼ਨ, ਸਟਾਰ ਫੀਨਿਕਸ
ਸੈਸਕਾਟੂਨ ਆਦਿ ਵੀ ਛਾਪੇ ਜਾਂਦੇ ਹਨ। ਇਸੇ ਤਰ੍ਹਾਂ 29 ਬਿਲੀਅਨ ਸੰਪਤੀ ਵਾਲੇ ‘ਰੌਜ਼ਰਸ
ਮੀਡੀਆ ਗਰੁੱਪ’ ਵਲੋਂ ਰੌਜ਼ਰਸ ਵਾਇਰਲੈਸ,
ਰੌਜ਼ਰਸ ਕੇਬਲ, ਰੌਜ਼ਰਸ ਮੀਡੀਆ ਦੇ ਨਾਮ ਹੇਠ ਰੌਜ਼ਰ ਟੀਵੀ, ਔਮਨੀ ਟੀਵੀ (ਓਨਟੇਰੀਉ ਬੀ. ਸੀ. ,
ਅਲਬਰਟਾ), ਟੀ. ਐਸ. ਸੀ. ਸ਼ਾਪਿੰਗ ਚੈਨਲ, ਓ ਐਲ ਐਨ ਚੈਨਲ, ਐਫ ਐਕਸ ਨਾਉ, ਜ਼ੀ ਫੋਰ, ਸਪੋਰਟਸਨੈਟ,
ਸਿਟੀ ਟੀਵੀ, ਸ਼ੋਅ ਮੀ ਆਦਿ ਟੀਵੀ ਚੈਨਲਾਂ ਤੋਂ ਇਲਾਵਾ 53 ਰੇਡੀਉ ਸਟੇਸ਼ਨਾਂ ਅਤੇ ਕਨੇਡੀਅਨ ਬਿਜਨੈਸ,
ਛੈਟੇਲੇਨ, ਮੈਕਲੀਨ, ਟੁਡੇਸ ਪੇਰੈਂਟਸ, ਫਲੇਅਰ, ਗਲੋਅ, ਹੈਲੋ ਕਨੇਡਾ ਆਦਿ ਵਰਗੇ 71 ਮੈਗਜ਼ੀਨ ਵੀ
ਪਬਲਿਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਰੌਜ਼ਰਸ ਵਲੋਂ ‘ਟਰਾਂਟੋ ਬਲੂ ਜੇਸ ਬੇਸਬਾਲ ਕਲੱਬ’,
‘ਰੌਜ਼ਰਸ ਸੈਂਟਰ ਟਰਾਂਟੋ’, ‘ਵੈਨਕੂਵਰ ਰੌਜ਼ਰਸ ਅਰੀਨਾ’ ਦੇ ਨਾਮ ਦਾ ਰਾਈਟ ਵੀ ਇਨ੍ਹਾਂ ਕੋਲ ਹੈ।
ਕਨੇਡਾ ਦੀ ਇੱਕ ਹੋਰ ਵੱਡੀ ਕਾਰਪੋਰੇਸ਼ਨ ‘ਬੈੱਲ ਕੈਨੇਡਾ’ ਵਲੋਂ ਬੈੱਲ ਹੋਮ ਫੋਨ ਸਰਵਿਸ, ਬੈੱਲ
ਮੋਬਿਲਟੀ, ਸੋਲੋ ਮੋਬਾਈਲ, ਵਰਜ਼ਿਨ ਮੋਬਾਈਲ ਕੈਨੇਡਾ, ਬੈੱਲ ਇੰਟਰਨੈੱਟ, ਸਿਮਪੈਟੀਕੋ, ਬੈੱਲ ਟੀਵੀ,
ਬੈੱਲ ਐਕਸਪ੍ਰੈਸ ਵੂ, ਵੀ. ਡੀ. ਐਸ. ਐਲ. ਟੈਲੀਵਿਯਨ, ਨਾਰਥ ਵੈਸਟ ਟੈਲੀਵਿਯਨ, ਬੈੱਲ ਐਲੀਐਂਟ,
ਨਾਰਥਰਨ ਟੈੱਲ, ਟੈਲੀਬੈਕ, ਕੇ. ਐਮ. ਟੀ. ਸੀ. , ਕੇਬਲ ਵਿਜ਼ਨ,
ELESAT Canada, CLEC Bell West, CGI (29%
ownership), ਬੈੱਲ ਕੋਲ
CTV Globe Media
ਦੇ 15% ਸ਼ੇਅਰਾਂ ਦੀ ਵੀ ਮਾਲਕੀ ਹੈ। ਬੈੱਲ ਕੋਲ ਇਸ ਵੇਲੇ 51 ਟੀਵੀ ਸਟੇਸ਼ਨਾਂ, 33 ਰੇਡੀਉ
ਸਟੇਸ਼ਨਾਂ, 6 ਅਖ਼ਬਾਰਾਂ ਤੇ ਮੈਗਜ਼ੀਨਾਂ, 7 ਇੰਟਰਨੈਸ਼ਨਲ ਟੀਵੀ ਚੈਨਲਾਂ, 5 ਪਬਲਿਸ਼ਿੰਗ ਤੇ ਪਰੋਡਕਸ਼ਨ
ਹਾਊਸਾਂ ਦੀ ਮਾਲਕੀ ਵੀ ਹੈ। ਇਸੇ ਤਰ੍ਹਾਂ ‘ਸ਼ਾਅ’ ਕਾਰਪੋਰੇਸ਼ਨ ਬਾਰੇ ਆਮ ਲੋਕ ਇਹੀ ਸਮਝਦੇ ਹਨ ਕਿ ਇਹ
ਸਿਰਫ ਕੇਬਲ, ਫੋਨ ਤੇ ਇੰਟਰਨੈਟ ਕੰਪਨੀ ਹੈ, ਪਰ ਅਜਿਹਾ ਨਹੀਂ ਹੈ, ਇਸ ਕੋਲ ਵੀ ਮੀਡੀਏ ਦੇ ਅਨੇਕਾਂ
ਆਊਟਲੈਟਸ ਦਾ ਕੰਟਰੋਲ ਹੈ। ਸ਼ਾਅ ਕਰਪੋਰੇਸ਼ਨ ਕੋਲ ਸ਼ਾਅ ਡਾਇਰੈਕਟ ਸੈਟੇਲਾਈਟ ਟੀਵੀ, ਸ਼ਾਅ ਬਰਾਡਕਾਸਟ
ਸਰਵਿਸਿਜ਼, ਸ਼ਾਅ ਬਿਜਨੈਸ, ਸ਼ਾਅ ਵਾੲਰਿਲੈਸ ਟਰੈਕਿੰਗ, ਸ਼ਾਅ ਮੀਡੀਆ, ਸ਼ਾਅ ਬਿੱਗ ਪਾਈਪ ਇੰਕ ਤੋਂ
ਇਲਾਵਾ 31 ਟੀਵੀ ਸਟੇਸ਼ਨ ਹਨ। ਜਿਨ੍ਹਾਂ ਵਿੱਚ ਗਲੋਬਲ ਟੈਲੀਵਿਯਨ (11 ਸ਼ਹਿਰਾਂ ਵਿੱਚ), ਬੀ. ਬੀ.
ਸੀ. ਕਨੇਡਾ, ਬੀ. ਬੀ. ਸੀ. ਕਿਡਸ, ਫੌਕਸ ਸਪੋਰਟਸ, ਸ਼ੋਕੇਸ, ਨੈਸ਼ਨਲ ਜੌਗਰਾਫਿਕ ਆਦਿ ਦੇ ਨਾਮ
ਪ੍ਰਮੁੱਖ ਹਨ। ਤਕਰੀਬਨ 900 ਮਿਲੀਅਨ ਸੰਪਤੀ ਵਾਲੇ ‘ਕਰੋਸ
ਇੰਟਰਟੇਨਮੈਂਟ’ ਮੀਡੀਆ ਗਰੁੱਪ ਕੋਲ 20 ਟੀਵੀ
ਸਟੇਸ਼ਨ ਤੇ 37 ਰੇਡੀਉ ਸਟੇਸ਼ਨ ਹਨ। ਇਸੇ ਤਰ੍ਹਾਂ 1200 ਮਿਲੀਅਨ ਸੰਪਤੀ ਵਾਲੀ ‘ਕਿਊਬੈਕਰ
ਮੀਡੀਆ ਗਰੁੱਪ’ ਵਲੋਂ ਕਨੇਡਾ ਦੇ ‘ਸੰਨ
ਗਰੁੱਪ ਅਖ਼ਬਾਰਾਂ’ ਤੋਂ ਇਲਾਵਾ 16 ਰੋਜ਼ਾਨਾ ਅਖ਼ਬਾਰਾਂ, 178 ਹਫਤਾਵਾਰੀ ਕਮਿਉਨਿਟੀ ਅਖ਼ਬਾਰਾਂ,
ਵੀਡੀਉਟਰੌਨ (ਕੇਬਲ, ਟੀਵੀ, ਇੰਟਰਨੈਟ, ਫੋਨ, ਸੈੱਲ ਫੋਨ) ਡਿਸਟਰੀਬਿਊਸ਼ਨ, 30 ਤੋਂ ਜ਼ਿਆਦਾ ਫਰੈਂਚ
ਟੀਵੀ ਸਟੇਸ਼ਨਜ਼ ਤੇ ਰੇਡੀਉ ਸਟੇਸ਼ਨ ਚਲਾਏ ਜਾ ਰਹੇ ਹਨ।
ਜੇ ਹੁਣ ਗੱਲ ਅਮਰੀਕਨ ਮੀਡੀਆ ਦੀ ਕਰੀਏ ਤਾਂ ਇੱਕ ਸਰਵੇਖਣ ਅਨੁਸਾਰ 1983
ਤੱਕ 90% ਮੀਡੀਆ ਦੀ ਮਾਲਕੀ 50 ਦੇ ਕਰੀਬ ਕੰਪਨੀਆਂ ਕੋਲ ਸੀ ਤੇ ਪਿਛਲੇ 3 ਦਹਾਕਿਆਂ ਵਿੱਚ ਸਥਿਤੀ
ਇਸ ਤੋਂ ਉਲਟ ਹੋ ਗਈ ਹੈ ਅਤੇ ਹੁਣ 90% ਤੋਂ ਜ਼ਿਆਦਾ ਮੀਡੀਆ ਤੇ ਮਾਲਕੀ ਕਨੇਡਾ ਵਾਂਗ ਸਿਰਫ 6 ਮਲਟੀ
ਬਿਲੀਅਨ ਕਾਰਪੋਰੇਸ਼ਨਾਂ ‘ ਕੌਮ ਕਾਸਟ’
(74. 5 ਬਿਲੀਅਨ ਸੰਪਤੀ), ‘ਵਾਲਟ
ਡਿਜ਼ਨੀ’ (52. 6 ਬਿਲੀਅਨ ਸੰਪਤੀ), ‘21ਵੀ
ਸੈਂਚਰੀ ਫੌਕਸ’ (28. 98 ਬਿਲੀਅਨ ਸੰਪਤੀ),
‘ਟਾਈਮ ਵਾਰਨਰ’
(28. 11 ਬਿਲੀਅਂ ਸੰਪਤੀ), ‘ਸੀ.
ਬੀ. ਐਸ. ਕਾਰਪੋਰੇਸ਼ਨ’ (13. 88 ਬਿਲੀਅਨ
ਸੰਪਤੀ), ‘ਵਾਇਆ ਕੌਮ’
(13. 27 ਬਿਲੀਅਨ ਸੰਪਤੀ) ਦੇ ਹੱਥਾਂ ਵਿੱਚ ਜਾ ਚੁੱਕੀ
ਹੈ। ‘ਕੌਮ ਕਾਸਟ’
ਕੋਲ 32 ਟੀਵੀ ਸਟੇਸ਼ਨਾਂ ਤੇ ਕੇਬਲ ਨੈਟਵਰਕ ਤੇ 17 ਚੈਨਲਾਂ
ਦੀ ਮਾਲਕੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਤਕਰੀਬਨ ਸਾਰੇ ਪ੍ਰਮੁੱਖ ਦੇਸ਼ਾਂ ਵਿੱਚ ਇਨ੍ਹਾਂ ਦੇ
ਚੈਨਲ ਡਿਸ਼ ਜਾਂ ਕੇਬਲ ਤੇ ਚਲਦੇ ਹਨ। ਹਾਲੀਵੁੱਡ ਦੀਆਂ ਕਾਫੀ ਮੂਵੀਆਂ ਦੀ ਕਾਸਟਿੰਗ ਵੀ ਇਸ
ਕਾਰਪੋਰੇਸ਼ਨ ਵਲੋਂ ਕੀਤੀ ਜਾਂਦੀ ਹੈ। ਇਸ ਕਾਰਪੋਰੇਸ਼ਨ ਦੇ ਅਧੀਨ ਆਉਂਦੀਆਂ ਕੰਪਨੀਆਂ ਤੇ ਮੀਡੀਆ ਦੇ
ਆਊਟਲੈਟ ਦੇਖੇ ਜਾਣ ਤਾਂ ਇਨ੍ਹਾਂ ਦੀ ਗਿਣਤੀ 500 ਤੋਂ ਵੀ ਵੱਧ ਹੈ। ‘ਰੇਡੀਉ
ਵੰਨ ਇੰਕ’ ਨਾਮ ਦੀ 1. 4 ਬਿਲੀਅਨ ਸੰਪਤੀ
ਵਾਲੀ ਇੱਕ ਛੋਟੀ ਜਿਹੀ ਕੰਪਨੀ ਕੋਲ ਅਮਰੀਕਾ ਵਿੱਚ 55 ਰੇਡੀਉ ਸਟੇਸ਼ਨ ਹਨ। ਇਸੇ ਤਰ੍ਹਾਂ ‘ਵਾਲਟ
ਡਿਜ਼ਨੀ’ ਅਧੀਨ ਅਨੇਕਾਂ ਵੱਖਰੇ-ਵੱਖਰੇ ਨਾਵਾਂ
ਹੇਠ ਚੈਨਲ ਹਨ, ਜਿਸਦੇ ਯਹੂਦੀ ਧਨਾਢ ਮਾਲਕ ਹਨ। ਇਸਦੇ ਸੀ. ਈ. . ਓ. ਦੀ ਤਨਖਾਹ 45 ਮਿਲੀਅਨ
ਅਮਰੀਕਨ ਡਾਲਰ ਸਲਾਨਾ ਹੈ। ਜਿਵੇਂ ਡਿਜ਼ਨੀ ਦੀ ਇੱਕ ਕੰਪਨੀ ‘ਏ.
ਬੀ. ਸੀ. ਟੈਲੀਵਿਯਨ ਨੈਟਵਰਕ’ ਅਧੀਨ 232
ਚੈਨਲ ਚਲਦੇ ਹਨ। ਡਿਜ਼ਨੀ ਕੋਲ 32 ਰੇਡੀਉ ਸਟੇਸ਼ਨ ਹਨ। ਇਸ ਤੋਂ ਇਲਾਵਾ ਡਿਜ਼ਨੀ ਦੇ ਅਧੀਨ ਅਨੇਕਾਂ,
ਅਖ਼ਬਾਰਾਂ, ਮੈਗਜ਼ੀਨ ਤੇ ਕਈ ਤਰ੍ਹਾਂ ਦੇ ਪਬਲੀਕੇਸ਼ਨਜ਼ ਹਨ। ‘ਸੀ.
ਬੀ. ਐਸ’ ਕਾਰਪੋਰੇਸ਼ਨ ਕੋਲ 130 ਰੇਡੀਉ
ਸਟੇਸ਼ਨ ਅਤੇ 30 ਟੀਵੀ ਸਟੇਸ਼ਨ ਹਨ। ‘ਟਾਈਮ
ਵਾਰਨਰ’ ਵਲੋਂ ਚਲਾਇਆ ਜਾਂਦਾ ‘ਸੀ
ਐੱਨ. ਐੱਨ.’ ਅਮਰੀਕਨ ਪ੍ਰਾਪੇਗੰਡਾ ਲਈ
ਦੁਨੀਆਂ ਭਰ ਵਿੱਚ ਵਰਤਿਆ ਜਾਂਦਾ ਹੈ। ਇਸ ਅਧੀਨ ਚੈਨਲ ਦੁਨੀਆਂ ਦੇ 200 ਤੋਂ ਵੱਧ ਦੇਸ਼ਾਂ ਵਿੱਚ
ਚਲਦੇ ਹਨ। ਦੁਨੀਆਂ ਭਰ ਵਿੱਚ ਮਸ਼ਹੂਰ ਮੈਗਜ਼ੀਨ ‘ਟਾਈਮ’
ਵੀ ਇਸੇ ਗਰੁੱਪ ਦੇ ਯਹੂਦੀ ਅਰਬ ਪਤੀਆਂ ਵਲੋਂ
ਚਲਾਇਆ ਜਾਂਦਾ ਹੈ। ‘ਆਈ ਹਰਟ ਮੀਡੀਆ
ਇੰਕ’ ਕੋਲ ‘ਕਲੀਅਰ
ਚੈਨਲ’ ਨਾਮ ਹੇਠ 103 ਵੱਡੇ ਰੇਡੀਉੇ ਸਟੇਸ਼ਨ
ਹਨ। ਪੂਰੇ ਅਮਰੀਕਾ ਵਿੱਚ ਇਸ ਕੋਲ 1200 ਤੋਂ ਵੱਧ ਏ. ਐੱਮ. ਤੇ ਐਫ. ਐੱਮ. ਦੇ 1200 ਦੇ ਕਰੀਬ
ਚੈਨਲ ਹਨ। ਇਸ ਤੋਂ ਇਲਾਵਾ ਇਸੇ ਕਾਰਪੋਰੇਸ਼ਨ ਕੋਲ ਵੱਖ-ਵੱਖ ਨਾਵਾਂ ਹੇਠ ਸੈਂਕੜੇ ਚੈਨਲ ਚਲਦੇ ਹਨ।
ਅਮਰੀਕਾ ਵਿੱਚ ਛਪਦੀਆਂ 1500 ਦੇ ਕਰੀਬ ਰੋਜ਼ਾਨਾ ਅਖ਼ਬਾਰਾਂ ਵਿਚੋਂ 75% ਤੋਂ ਵੱਧ ਦੀ ਮਾਲਕੀ ਇਨ੍ਹਾਂ
ਕਾਰਪੋਰੇਸ਼ਨਾਂ ਕੋਲ ਹੈ। ਇਥੇ ਇਹ ਤੱਥ ਵੀ ਜਾਣ ਲੈਣਾ ਜਰੂਰੀ ਹੈ ਕਿ ਅਮਰੀਕਾ ਦੇ ਮੀਡੀਏ ਦੇ ਬਹੁਤ
ਵੱਡੇ ਹਿੱਸੇ ਦੀ ਮਾਲਕੀ ‘ਯਹੂਦੀ’ ਧਨਾਢਾਂ ਕੋਲ ਹੈ। ਅਮਰੀਕਾ ਦੀਆਂ ਵਰਲਰਡ ਪ੍ਰਸਿੱਧ ਅਖ਼ਬਾਰਾਂ
‘ਨਿਊ ਯਾਰਕ ਟਾਈਮਜ਼’, ‘ਵਾਲ ਸਟਰੀਟ
ਜਰਨਲ’ ਤੇ ‘ਵਾਸ਼ਿੰਗਟਨ ਪੋਸਟ’ ਦੀ ਮਾਲਕੀ
ਯਹੂਦੀਆਂ ਅਰਬ ਪਤੀਆਂ ਕੋਲ ਹੈ। ‘ਨਿਊ
ਯਾਰਕ ਟਾਈਮਜ਼’ ਅਖ਼ਬਾਰ ਦੇ ਬੈਨਰ ਹੇਠ ਇਸੇ
ਗਰੁੱਪ ਕੋਲ ਅਮਰੀਕਾ ਦੀਆਂ 33 ਹੋਰ ਰੋਜ਼ਾਨਾ ਵੱਡੀਆਂ ਅਖ਼ਬਾਰਾਂ ਤੇ 12 ਵੱਡੇ ਮੈਗਜ਼ੀਨਾਂ ਦੀ ਮਾਲਕੀ
ਵੀ ਹੈ। ਅਮਰੀਕਾ ਦੀਆਂ ਕਿਤਾਬਾਂ ਛਾਪਣ ਵਾਲੀਆਂ 6 ਵੱਡੀਆਂ ਪਬਲਿਸ਼ਿੰਗ ਕਾਰਪੋਰੇਸ਼ਨਾਂ ਵਿਚੋਂ 3 ਦੀ
ਮਾਲਕੀ ਵੀ ਯਹੂਦੀ ਅਰਬਪਤੀਆਂ ਕੋਲ ਹੀ ਹੈ। ਇਹ ਕਾਰਪੋਰੇਸ਼ਨਾਂ ਕਿਤਨੀਆਂ ਵੱਡੀਆਂ (ਜਾਇੰਟ) ਹੋ
ਚੁੱਕੀਆਂ ਹਨ, ਇਸਦਾ ਅੰਦਾਜਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ 6 ਕਾਰਪੋਰੇਸ਼ਨਾਂ ਕੋਲ 300
ਬਿਲੀਅਨ ਅਮਰੀਕਨ ਡਾਲਰ ਤੋਂ ਵੱਧ ਦੀ ਸੰਪਤੀ ਹੈ, ਜੋ ਕਿ ਕਈ ਦੇਸ਼ਾਂ ਦੀ ਜੀ. ਡੀ. ਪੀ ਬਰਾਬਰ ਹੈ।
ਜੇ ਕੇਬਲ ਟੀਵੀ ਦੀ ਗੱਲ ਕਰੀਏ ਤਾਂ 6 ਕਾਰਪੋਰੇਸ਼ਨਾਂ ਕੋਲ 70% ਤੋਂ ਵੱਧ ਚੈਨਲ ਹਨ ਅਤੇ ਬਾਕੀ 30%
ਚੈਨਲ 3762 ਕੰਪਨੀਆਂ ਕੋਲ ਹਨ। ਜਿਨ੍ਹਾਂ ਨੂੰ ਖਰੀਦਣ ਦੀ ਤਾਕ ਵਿੱਚ ਇਹ ਕੰਪਨੀਆਂ ਰਹਿੰਦੀਆਂ ਹਨ।
ਜਿਥੇ ਇਹ ਵੱਡੀਆਂ ਮੱਛੀਆਂ ਸਭ ਛੋਟੀਆਂ ਮੱਛੀਆਂ ਨੂੰ ਖਾਈ ਜਾ ਰਹੀਆਂ ਹਨ, ਉਥੇ ਮੀਡੀਏ ਦੇ ਕੁੱਝ
ਲੋਕਾਂ ਦੇ ਹੱਥ ਵਿੱਚ ਚਲੇ ਜਾਣ ਨਾਲ, ਇਹ ਲੋਕਾਂ ਦੇ ਮਾਈਂਡ ਕੰਟਰੋਲ ਕਰਕੇ ਆਪਣੇ ਜਾਂ ਸਰਮਾਏਦਾਰੀ
ਨਿਜ਼ਾਮਾਂ ਦੇ ਹੱਕ ਵਿੱਚ ਭੁਗਤਾ ਰਹੀਆਂ ਹਨ। ਇਨ੍ਹਾਂ ਦੀ ਇਜਾਰੇਦਾਰੀ ਸਿਰਫ ਮੀਡੀਆ ਤੱਕ ਹੀ ਸੀਮਤ
ਨਹੀਂ ਹੈ, ਸਗੋਂ ਅਮਰੀਕਾ ਦੀਆਂ 10 ਕਾਰਪੋਰੇਸ਼ਨਾਂ ‘ਕੋਕਾ
ਕੋਲਾ’, ‘ਕਰਾਫਟ’, ‘ਨੈਸਲੇ’, ‘ਪੈਪਸੀਕੋ’, ‘ਜਨਰਲ ਇਲੈਕਟਰਿਕ’, ‘ਕੈਲੋਗਸ’, ‘ਮਾਰਸ’,
‘ਯੂਨੀਲਿਵਰ’, ‘ਜੌਹਨਸੱਨ-ਜੌਹਨਸੱਨ’, ‘ਪੀ ਐਂਡ ਜੀ’
ਸਾਡੇ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਤੇ ਖਾਣ ਵਾਲੀਆਂ
ਚੀਜ਼ਾਂ ਦੇ 90% ਤੋਂ ਵੱਧ ਦੀਆਂ ਮਾਲਿਕ ਹਨ। ਇਹ 10 ਕਾਰਪੋਰੇਸ਼ਨਾਂ ਹੀ 80% ਤੋਂ ਵੱਧ ਖਾਣ-ਪੀਣ
ਵਾਲੀਆਂ ਫਰੈਂਚਾਈਜ਼ ਦੀਆਂ ਮਾਲਕ ਹਨ। ਜਿਸ ਤਰ੍ਹਾਂ ਆਮ ਸਮਝਿਆ ਜਾਂਦਾ ਹੈ ਕਿ ਕੋਕਾ ਕੋਲਾ ਵਾਲੇ
ਸਿਰਫ ਕੋਕ ਹੀ ਬਣਾਉਂਦੇ ਹਨ, ਜਦਕਿ ਸਪਰਾਈਟ, ਫਰੂਟੋਪੀਆ, ਮਿਨਿਟਮੇਡ, ਫਾਈਵ ਅਲਾਈਵ, ਸਮਾਰਟ ਵਾਟਰ,
ਦਾਸਾਨੀ ਵਾਟਰ, ਨੈਸਲੇ ਆਦਿ ਸੈਂਕੜੇ ਵਸਤਾਂ ਕੋਕਾ ਕੋਲਾ ਦੀਆਂ ਹੀ ਪਰੌਡਕਟਸ ਹਨ। ਇਸੇ ਤਰ੍ਹਾਂ
ਪੈਪਸੀ ਸਿਰਫ ਪੈਪਸੀ ਨਹੀਂ ਬਣਾਉਂਦਾ ਬਲਕਿ ਮਾਊਂਟੇਨ ਡਿਊ, ਬਰਿਸਕ, ਡੋਲ, ਲਿਪਟਨ, ਏ ਐਂਡ ਡਬਲਿਊ,
ਟੈਕੋ ਬੈੱਲ, ਕੈਂਟੱਕੀ ਫਰਾਈ, ਪੀਜ਼ਾ ਹੱਟ, ਐਂਟ ਜਮੀਕਾ ਆਦਿ ਸੈਂਕੜੇ ਕੰਪਨੀਆਂ ਦੀ ਮਾਲਕ ਹੈ।
ਦੁਨੀਆਂ ਭਰ ਵਿੱਚ ਸਰਮਾਏਦਾਰੀ ਨਿਜ਼ਾਮ ਤੇ ਕਾਰਪੋਰੇਸ਼ਨਾਂ ਦੀ ਮੁਨਾਫੇ ਦੀ
ਹਵਸ ਨੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਪਰ ਇਹ ਸਮੱਸਿਆਵਾਂ ਪੈਦਾ
ਕਰਕੇ ਉਨ੍ਹਾਂ ਵਿਚੋਂ ਵੀ ਮੁਨਾਫਾ ਕੱਢਣ ਦੀ ਮੁਹਾਰਤ ਰੱਖਦੀਆਂ ਹਨ। ਅੱਤਵਾਦ ਪੈਦਾ ਕਰਨਾ ਤੇ ਫਿਰ
ਉਸ ਰਾਹੀਂ ਵੱਧ ਮੁਨਾਫੇ ਤੇ ਹਥਿਆਰ ਵੇਚਣੇ ਇਨ੍ਹਾਂ ਦਾ ਪੁਰਾਣਾ ਹਥਿਆਰ ਹੈ। ਪਿਛਲੇ ਸਮੇਂ ਤੋਂ
ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ ਤੇ ਵਾਤਾਵਰਣ ਵਿਰੋਧੀ ਮੁਨਾਫੇ ਦੀਆਂ ਪਾਲਸੀਆਂ ਨੇ ਸਾਰੀ ਧਰਤੀ ਦੇ
ਜੀਵਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਪਰ ਮੀਡੀਏ ਤੇ ਇਨ੍ਹਾਂ ਦੇ ਕੰਟਰੋਲ ਕਾਰਨ ਗਲੋਬਲ ਵਾਰਮਿੰਗ
ਵਰਗੇ ਸੀਰੀਅਸ ਖਤਰਿਆਂ ਬਾਰੇ ਕੋਈ ਖੋਜ ਜਾਂ ਤੱਤ ਬਾਹਰ ਨਹੀਂ ਆਉਣ ਦਿੱਤੇ ਜਾ ਰਹੇ। ਜੋ ਲੋਕ ਗਲੋਬਲ
ਵਾਰਮਿੰਗ ਜਾਂ ਵਾਤਾਵਰਣ ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੀਆਂ ਖੋਜਾਂ ਤੇ ਅੰਕੜੇ ਕਿਸੇ ਮੇਨ ਸਟਰੀਮ
ਮੀਡੀਆ ਰਾਹੀਂ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੇ। ਕਿਸ ਦੇਸ਼ ਵਿੱਚ, ਕਿਸ ਪਾਰਟੀ ਦੀ ਸਰਕਾਰ ਬਣਾਉਣੀ
ਹੈ ਜਾਂ ਗਿਰਾਉਣੀ ਹੈ, ਇਹ ਇਨ੍ਹਾਂ ਲਈ ਬੜਾ ਸੌਖਾ ਕੰਮ ਹੁੰਦਾ ਜਾ ਰਿਹਾ ਹੈ। ਮੀਡੀਏ ਰਾਹੀਂ ਕਿਸ
ਨੂੰ ਉਪਰ ਚੜਾਉਣਾ ਹੈ ਤੇ ਕਿਸਨੂੰ ਹੇਠਾਂ ਲਿਆਉਣਾ ਹੈ, ਇਨ੍ਹਾਂ ਲਈ ਛੋਟੀ ਜਿਹੀ ਗੇਮ ਹੈ ਕਿਉਂਕ
ਬਾਹਰੋਂ ਵੱਖਰੇ-ਵੱਖਰੇ ਦਿਸਣ ਵਾਲੇ ਰੇਡੀਉ, ਟੀਵੀ, ਅਖ਼ਬਾਰਾਂ, ਮੈਗਜ਼ੀਨਾਂ ਆਦਿ ਨੂੰ ਪੜਦੇ ਪਿਛੇ ਇਹ
ਕੁੱਝ ਲੋਕ ਹੀ ਚਲਾ ਰਹੇ ਹਨ। ਇਸ ਗੇਮ ਨੂੰ ਸਮਝਣ ਲਈ ਆਮ ਵਿਅਕਤੀ ਕੋਲ ਸਮਾਂ ਨਹੀਂ ਹੈ, ਸਰਮਾਏਦਾਰੀ
ਨੇ ਆਮ ਮਨੁੱਖ ਨੂੰ ਰੋਟੀ, ਕੱਪੜਾ, ਮਕਾਨ ਦੀ ਅਜਿਹੀ ਚੂਹਾ ਦੌੜ ਵਿੱਚ ਪਾਇਆ ਹੋਇਆ ਹੈ ਕਿ ਜਾਂ ਤੇ
ਉਨ੍ਹਾਂ ਕੋਲ ਕੁੱਝ ਪੜ੍ਹਨ-ਲਿਖਣ, ਜਾਨਣ, ਖੋਜਣ ਲਈ ਸਮਾਂ ਹੀ ਨਹੀਂ ਹੈ, ਜੇ ਥੋੜਾ ਸਮਾਂ ਹੈ ਤਾਂ
ਉਹ ਰੇਡੀਉ, ਟੀਵੀ, ਅਖ਼ਬਾਰਾਂ ਆਦਿ ਤੋਂ ਮਿਲਦੀ ਜਾਣਕਾਰੀ ਤੇ ਨਿਰਭਰ ਹੈ। ਇਨ੍ਹਾਂ ਵੱਡੀਆਂ
ਕਾਰਪੋਰੇਸ਼ਨਾਂ ਵਲੋਂ ਜੋ ਜਾਣਕਾਰੀ ਸਾਨੂੰ ਮੀਡੀਆ ਦੇ ਵੱਖ-ਵੱਖ ਮੀਡੀਅਮਾਂ ਰਾਹੀਂ ਪਰੋਸੀ ਜਾ ਰਹੀ
ਹੈ, ਉਹ ਲੋਕਾਂ ਲਈ ਨਹੀਂ, ਸਗੋਂ ਲੋਕਾਂ ਦਾ ਸੋਸ਼ਣ ਕਰਨ ਜਾਂ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ
ਤੋਂ ਲਾਂਭੇ ਲਿਜਾਣ ਲਈ ਹੈ ਤਾਂ ਕਿ ਆਮ ਵਿਅਕਤੀ ਕੁੱਝ ਸੋਚ ਹੀ ਨਾ ਸਕਣ। ਇੰਟਰਟੇਨਮੈਂਟ ਦੇ ਇਤਨੇ
ਜ਼ਿਆਦਾ ਵੱਖ-ਵੱਖ ਤਰ੍ਹਾਂ ਦੇ ਚੈਨਲ ਹਨ ਕਿ ਆਮ ਮਨੁੱਖ ਨੂੰ ਸਮਾਜ ਬਾਰੇ ਕੁੱਝ ਸੀਰੀਅਸ ਸੋਚਣ ਜਾਂ
ਵਿਚਾਰਨ ਲਈ ਸੋਚ ਹੀ ਪੈਦਾ ਨਹੀਂ ਹੁੰਦੀ।
ਸਮਾਜ ਪ੍ਰਤੀ ਸੁਹਿਰਦ ਤੇ ਚੇਤੰਨ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ,
ਮੀਡੀਆ ਕਰਮੀਆਂ, ਮੂਵੀ ਮੇਕਰਾਂ ਆਦਿ ਨੂੰ ਖ਼ਬਰਾਂ, ਘਟਨਾਵਾਂ, ਮਸਲਿਆਂ, ਵਰਤਾਰਿਆਂ ਆਦਿ ਬਾਰੇ ਆਮ
ਲੋਕਾਂ ਨੂੰ ਦੂਜਾ ਪਾਸਾ ਵੀ ਦਿਖਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਲਈ ਆਜ਼ਾਦ ਅਲਟਰਨੇਟ ਮੀਡੀਆ
ਨੂੰ ਖੜਾ ਕਰਨਾ ਜਾਂ ਇੰਟਰਨੈੱਟ ਤੇ ਸੋਸ਼ਲ ਮੀਡੀਆ ਰਾਹੀਂ ਲੋਕ ਪੱਖੀ ਆਵਾਜ਼ ਨੂੰ ਲਿਜਾਣ ਲਈ ਯਤਨਸ਼ੀਲ
ਹੋਣ ਦੀ ਲੋੜ ਹੈ। ਤੱਥਾਂ ਤੇ ਖੋਜ ਅਧਾਰਿਤ ਡਾਕੂਮੈਂਟਰੀ ਮੂਵੀਆਂ ਬਣਨੀਆਂ ਇਸ ਪਾਸੇ ਸਹੀ ਯਤਨ ਹੋ
ਸਕਦਾ ਹੈ। ਹਾਲੀਵੁੱਡ ਦੀ ਵੱਡੇ ਬਜਟ ਦੀਆਂ ਬਹੁਤੀਆਂ ਮੂਵੀਆਂ ਪਿਛੇ ਵੀ ਇਨ੍ਹਾਂ ਕਾਰਪੋਰੇਸ਼ਨਾਂ ਦਾ
ਹੀ ਸਰਮਾਇਆ ਲੱਗਾ ਹੁੰਦਾ ਹੈ। ਜਿਨ੍ਹਾਂ ਦਾ ਮਕਸਦ ਸਮਾਜ ਨੂੰ ਕੋਈ ਸੇਧ ਦੇਣਾ ਜਾਂ ਮਸਲਿਆਂ ਪ੍ਰਤੀ
ਸੁਚੇਤ ਕਰਨਾ ਨਹੀਂ, ਸਗੋਂ ਇੰਟਰਟੇਨਮੈਂਟ ਦੇ ਨਾਮ ਤੇ ਲੋਕਾਂ ਦੀ ਚੇਤੰਨਤਾ ਨੂੰ ਖੁੰਡਾ ਕਰਨਾ ਤੇ
ਵੱਧ ਮੁਨਾਫਾ ਕਮਾਉਣਾ ਹੁੰਦਾ ਹੈ। ਮੀਡੀਆ ਕੰਟਰੋਲ ਕਰਕੇ ਕਾਰਪੋਰੇਸ਼ਨਾਂ ਅਜਿਹਾ ਸੁਪਨਾ ਦੇਖ ਰਹੀਆਂ
ਹਨ ਕਿ ਉਹ ਮਾਈਂਡ ਕੰਟਰੋਲਿੰਗ ਗੇਮ ਨਾਲ ਜਿਥੇ ਆਪਣੀਆਂ ਕੰਪਨੀਆਂ ਦੇ ਮੁਨਾਫੇ ਲਈ ਬਿਨਾਂ ਸੋਚ ਵਾਲੇ
ਖਪਤਕਾਰ ਪੈਦਾ ਕਰ ਲੈਣਗੀਆਂ, ਉਥੇ ਲੋਕਾਂ ਦੀ ਸੋਚ ਨੂੰ ਅਜਿਹੇ ਢੰਗ ਨਾਲ ਬਦਲਣਗੀਆਂ ਕਿ ਉਹ ਸੋਚਣ
ਲਈ ਮਜਬੂਰ ਹੋਣ ਕਿ ਉਨ੍ਹਾਂ ਦੇ ਹੱਥ ਕੁੱਝ ਨਹੀਂ, ਆਪਣਾ ਕੰਮ ਕਰੋ ਤੇ ਦੁਨੀਆਂ ਵਿੱਚ ਕੋਈ ਤਬਦੀਲੀ
ਨਹੀਂ ਆ ਸਕਦੀ। ਇਸ ਸੋਚ ਨੂੰ ਬਦਲਣ ਲਈ ਲੋਕਪੱਖੀ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ।
|
. |