.

ਪਹਿਲਾ ਪਾਣੀ ਜੀਉ ਹੈ

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਅੰਦਰ ਵੱਖ-ਵੱਖ ਧਰਮ ਹਨ। ਹਰੇਕ ਧਰਮ ਨੇ ਸ੍ਰਿਸ਼ਟੀ ਦੀ ਉਤਪਤੀ ਦੇ ਸਿਧਾਂਤ ਬਾਰੇ ਆਪਣੇ ਵਿਚਾਰ ਦਿੱਤੇ ਹਨ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਬੰਧ ਵਿੱਚ ਦਸਿਆ ਹੈ ਕਿ ਸਭ ਤੋਂ ਪਹਿਲਾਂ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਪ੍ਰ੍ਰਕਾਸ਼ਮਾਨ ਕੀਤਾ, ਫਿਰ ਪ੍ਰਮੇਸ਼ਰ ਤੋਂ ਹਵਾ ਬਣੀ, ਫਿਰ ਹਵਾ ਤੋਂ ਪਾਣੀ, ਅਤੇ ਫਿਰ ਪਾਣੀ ਤੋਂ ਹੀ ਵੱਖ-ਵੱਖ ਜੀਵ ਜੰਤੂਆਂ ਦੀ ਪੈਦਾਇਸ਼ ਆਰੰਭ ਹੋਈ। ਗੁਰੂ ਸਾਹਿਬ ਵਲੋਂ ਅੱਜ ਤੋਂ ਲਗਭਗ 500 ਸਾਲ ਪਹਿਲਾਂ ਇਹ ਸਿਧਾਂਤ ਦਿਤਾ, ਜਿਸ ਦੀ ਸਚਾਈ ਨੂੰ ਵਿਗਿਆਨ ਵਲੋਂ ਵੀ ਪ੍ਰਮਾਣਿਤ ਕਰ ਦਿੱਤਾ ਗਿਆ ਹੈ। ਇਸ ਪ੍ਰਥਾਇ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਹਨ-

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।

(ਸਿਰੀਰਾਗੁ ਮਹਲਾ ੧-੧੯)

ਇਸੇ ਹੀ ਪ੍ਰਕਰਣ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਵਲੋਂ ਦਰਸਾਇਆ ਗਿਆ ਕਿ ਸ੍ਰਿਸ਼ਟੀ ਨੂੰ ਜੀਵਨ ਦੇਣ ਵਾਲਾ ਪਾਣੀ ਇੱਕ ਐਸਾ ਤੱਤ ਹੈ, ਜਿਸ ਦੁਆਰਾ ਜੀਵ-ਜੰਤੂਆਂ, ਬਨਸਪਤੀ ਆਦਿ ਵਿੱਚ ਜੀਵਨ ਦੀ ਰੌਂ ਚਲਦੀ ਰਹਿੰਦੀ ਹੈ ਅਤੇ ਹਰੇਕ ਪਾਸੇ ਹਰਿਆਵਲ ਛਾਈ ਰਹਿੰਦੀ ਹੈ ਜੋ ਕਿ ਪਾਣੀ ਦੀ ਅਣਹੋਂਦ ਵਿੱਚ ਕਦਾਚਿਤ ਸੰਭਵ ਨਹੀਂ ਹੋ ਸਕਦੀ।

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।

(ਵਾਰ ਆਸਾ-ਸਲੋਕ ਮਹਲਾ ੧-੪੭੨)

ਪਾਣੀ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਪਾਣੀ ਦੇ ਆਸਰੇ ਹੀ ਸਾਰੀ ਪ੍ਰਕਿਰਤੀ ਦੀ ਕਾਰ ਸਦੀਵੀਂ ਚਲਦੀ ਰਹਿੰਦੀ ਹੈ। ਪ੍ਰਮੇਸ਼ਰ ਵਲੋਂ ਇਸ ਦੇ ਬਹੁਭਾਂਤੀ ਰੰਗੀਲੇ ਪੱਖ ਨੂੰ ਬਣਾਈ ਰੱਖਣ ਲਈ ਹਵਾਵਾਂ ਦੇ ਰਾਹੀਂ ਸਮੁੰਦਰਾਂ ਤੋਂ ਵਾਸ਼ਪੀਕਰਨ ਹੋ ਕੇ ਬੱਦਲਾਂ ਦੁਆਰਾ ਫਿਰ ਵਰਖਾ ਰੂਪ ਵਿੱਚ ਨਦੀਆਂ ਦਰਿਆਵਾਂ ਦੇ ਸਮੁੰਦਰ ਵਲ ਵਹਿਣ ਰਾਹੀਂ ਪਾਣੀ ਦੇ ਸਰਕਲ ਨੂੰ ਚਲਾਇਆ ਹੋਇਆ ਹੈ। ਇਹ ਸਭ ਕੁੱਝ ਪ੍ਰਭੂ ਦੇ ਹੁਕਮ ਅੰਦਰ ਵਾਪਰ ਰਿਹਾ ਹੈ ਅਤੇ ਉਸ ਵਲੋਂ ਪੈਦਾ ਕੀਤੇ ਜੀਵ-ਜੰਤੂਆਂ, ਬਨਸਮਪਤੀ ਆਦਿ ਦੇ ਮੌਲਣ ਵਿੱਚ ਸਹਾਇਕ ਬਣਦਾ ਹੈ। ਇਸ ਪ੍ਰਥਾਇ ਗੁਰਬਾਣੀ ਫੁਰਮਾਣ ਹੈ-

ਮੀਹੁ ਪਇਆ ਪਰਮੇਸਰਿ ਪਾਇਆ।।

ਜੀਅ ਜੰਤ ਸਭਿ ਸੁਖੀ ਵਸਾਇਆ।।

(ਮਾਝ ਮਹਲਾ ੫-੧੦੫)

ਸਾਰੀ ਕਾਇਨਾਤ ਦੇ ਮੂਲ ਅਕਾਲ ਪੁਰਖ ਵਲੋਂ ਬਣਾਈ ਨਿਯਮਾਵਲੀ ਅਨੁਸਾਰ ਸਾਰੀ ਸ੍ਰਿਸ਼ਟੀ ਦੀ ਕਾਰ ਹਵਾ, ਪਾਣੀ, ਧਰਤੀ ਦੇ ਆਸਰੇ ਹੀ ਕਾਇਮ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਮੇਸ਼ਰ ਦੇ ਹੁਕਮ ਰੂਪੀ ਨਿਯਮਾਵਲੀ ਲੂੰ ਸਮਝਦੇ ਹੋਏ ਇਨ੍ਹਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਕੇ ਬਣਦਾ ਸਤਿਕਾਰ ਦੇਈਏ ਅਤੇ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ-

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।

(ਜਪੁ-੮)

============

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.