.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਉਨੀਂਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

"ਅੰਮ੍ਰਿਤ ਛਕਣਾ" ਅਤੇ "ਖੰਡੇ ਦੀ ਪਾਹੁਲ" - ਨ ੧੮੬੦ ਤੋਂ ਪਹਿਲਾਂ ਦੀਆਂ ਲਿਖਤਾਂ `ਚ "ਗੁਰਬਾਣੀ ਦੇ ਚਰਣਾ ਨਾਲ ਜੁੜਣ" ਅਥਵਾ "ਸਿੱਖ ਧਰਮ `ਚ ਪ੍ਰਵੇਸ਼" ਕਰਣ ਵਾਲੀ ਰਸਮ ਦਾ ਨਾਮ ਕੇਵਲ ਤੇ ਕੇਵਲ ‘ਖੰਡੇ ਦੀ ਪਾਹੁਲ’ ਜਾਂ ‘ਖੰਡੇ ਬਾਟੇ ਕੀ ਪਾਹੁਲ’ ਲੈਣੀ ਹੀ ਮਿਲਦਾ ਹੈ, ਨਾ ਕਿ ‘ਅੰਮ੍ਰਿਤ ਛੱਕਣਾ’। ਕਿਉਂਕਿ "ਖੰਡੇ ਬਾਟੇ ਦੀ ਪਾਹੁਲ" ਲੈਣ ਦਾ ਮਤਲਬ ਹੀ ਜਗਿਆਸੂ ਰਾਹੀਂ ਆਖਿਰੀ ਸੁਆਸਾਂ ਤੀਕ "ਗੁਰਬਾਣੀ ਅੰੰਿਮ੍ਰਤ ਨੂੰ ਛਕਣ" ਅਥਵਾ ਜੀਵਨ ਭਰ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾ ਨਾਲ ਜੁੜੇ ਰਹਿਣ ਲਈ ਪ੍ਰਣ ਹੈ। ਇਸ ਦੇ ਉਲਟ, ਜੇ ਅੰਮ੍ਰਿਤ ਵਾਲੇ ਦਰਵਾਜ਼ੇ ਦੀ ਦਹਿਲੀਜ਼ `ਤੇ ਹੱਥ ਲਗਾ ਕੇ ਹੀ ਅਸੀਂ ‘ਅੰਮ੍ਰਿਤ ਧਾਰੀ’ ਵੀ ਹੋ ਜਾਂਦੇ ਜਾਂ ‘ਅੰਮ੍ਰਿਤ ਛੱਕ ਲਿਆ" ਕਹਿਲਵਾਂਦਾ ਹੈ ਤਾਂ ਅਗਲੀ ਗੱਲ ਚੱਲੇ ਗੀ ਕਿਥੋਂ? ਅਤੇ ਕਿਵੇਂ?

ਦਰਅਸਲ ਆਖ਼ਰੀ ਸੁਆਸ ਤੀਕ "ਗੁਰਬਾਣੀ ਅੰਮ੍ਰਿਤ" ਨੂੰ ਛੱਕਣਾ ਅਤੇ ਛੱਕਦੇ ਰਹਿਣਾ ਹੀ ਸਾਡਾ "ਸਿੱਖੀ ਜੀਵਨ" ਹੈ। ਇਸੇ ਨੂੰ ਗੁਰਬਾਣੀ `ਚ "ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ" (ਪੰ: ੪੬੫) ਵਾਲੇ ਗੁਰ-ਫ਼ੁਰਮਾਨਾਂ ਰਾਹੀਂ ਸਪਸ਼ਟ ਵੀ ਕੀਤਾ ਹੋਇਆ ਹੈ। ਗੁਰਬਾਣੀ ਫ਼ੁਰਮਾਣ "ਸਿਖੀ ਸਿਖਿਆ ਗੁਰ ਵੀਚਾਰਿ" ਤੋਂ ਬਿਨਾ, ਗੁਰੂ ਕੀ ਸਿੱਖੀ ਵਾਲਾ ਸਾਡਾ "ਸਿੱਖੀ ਜੀਵਨ" ਤਾਂ ਤਿਆਰ ਹੀ ਨਹੀਂ ਹੋ ਸਕਦਾ, ਫ਼ਿਰ ਅਸੀਂ ਸਿੱਖ ਕਿਸਦੇ ਅਤੇ ਕਿਵੇਂ?

ਉਸ ਦੇ ਉਲਟ ਅੱਜ ਤਾਂ ਅਸੀਂ ਕੁੱਝ ਹੀ ਸਮੇਂ `ਚ ਜੀਵਨ ਭਰ ਲਈ "ਅੰਮ੍ਰਿਤ ਛੱਕ ਕੇ", ਵਿਹਲੇ ਵੀ ਹੋ ਜਾਂਦੇ ਹਾਂ ਅਤੇ ਕਹਿੰਦੇ ਵੀ ਇਹੀ ਹਾਂ ਕਿ ਮੈਂ ਜਾਂ ਅਸਾਂ "ਅੰਮ੍ਰਿਤ ਛੱਕ ਲਿਆ ਹੈ" "ਅੰਮ੍ਰਿਤ ਛਕਿਆ ਹੋਇਆ ਹੈ" ਜਾਂ "ਮੈਂ ਜਾਂ ਅਸੀਂ ਅੰਮ੍ਰਿਤ ਧਾਰੀ ਹਾਂ" ਆਦਿ। ਇਸ ਤੋਂ ਬਾਅਦ ਫ਼ਿਰ ਅਸਾਂ ਇਹ ਅੰਮ੍ਰਿਤ ਭਾਵੇਂ ਕਿਸੇ ਗੁਰਦੁਆਰੇ ਦੀ ਮੈਂਬਰੀ ਜਾਂ ਨੌਕਰੀ ਲੈਣ ਲਈ ਹੀ ਕਿਉਂ ਨਾ ਛੱਕਿਆ ਭਾਵ "ਵੱਕਤ ਟਪਾੳ" ਹੀ ਕਿਉਂ ਨਾ ਹੋਵੇ ਜਾਂ ਕੁੱਝ ਇਸੇ ਤਰ੍ਹਾਂ। ਉਂਜ ਇਸ ਵਿਸ਼ੇ ਨਾਲ ਸੰਬੰਧਤ ਗੁਰਮੱਤ ਪਾਠ ਨੰ: ੧੫੨ "ਅੰਮ੍ਰਿਤੁ ਹਰਿ ਕਾ ਨਾਮੁ ਹੈ. ." ਤੇ ਗੁਰਮੱਤ ਪਾਠ ਨੰ: ੯੨ "ਨਾਨਕ ਅੰਮ੍ਰਿਤ ਏਕੁ ਹੈ…" ਵੀ ਦਿੱਤੇ ਜਾ ਚੁੱਕੇ ਹਨ। ਗੁਰੂ ਕੀਆਂ ਸੰਗਤਾਂ ਉਨ੍ਹਾਂ ਦਾ ਲਾਭ ਲੈ ਸਕਦੀਆਂ ਹਨ।

ਮੁੱਕਦੀ ਗੱਲ ਕਿ "ਖੰਡੇ ਬਾਟੇ ਦੀ ਪਾਹੁਲ" ਲਈ ਸ਼ਬਦਾਵਲੀ, ‘ਅੰਮ੍ਰਿਤ ਛਕਣਾ-ਛਕਾਉਣਾ’ ਵੀ ਦਰਅਸਲ ਉਨ੍ਹਾਂ ਚੌਰਾਸੀ ਸਾਲਾਂ ਦੀ ਹੀ ਦੇਣ ਅਤੇ ਲਗਭਗ ਸੰਨ ੧੮੬੦ ਦੇ ਆਸ ਪਾਸ ਦੀ ਉਪਜ ਹੈ। ਇਸ ਤਰ੍ਹਾਂ ਪੰਥ ਵਿਚਾਲੇ ਉਸ ਦੌਰਾਨ ਇਹ ਵੀ ਉਚੇਚੇ ਕੀਤੀ ਹੋਈ ਲਫ਼ਜ਼ਾਂ ਦੀ ਅੱਦਲਾ-ਬਦਲੀ ਹੀ ਜ਼ਾਹਿਰ ਹੁੰਦੀ ਹੈ ਇਸ ਤੌ ਵੱਧ ਕੁੱਝ ਨਹੀਂ। ਜਦਕਿ ਉਸ ਦਾ ਨੁਕਸਾਨ ਅਸੀਂ ਅੱਜ ਤੀਕ ਭੋਗ ਰਹੇ ਹਾਂ।

ਫ਼ਿਰ ਇਤਨਾ ਹੀ ਨਹੀਂ, ਇਹ ਵੀ ਸਪਸ਼ਟ ਹੁੰਦਾ ਹੈ ਕਿ ਲਗਭਗ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਹੀ ਮੂਲੋਂ ਬ੍ਰਾਹਮਣਾਂ ਪਰ ਸ਼ਕਲੋਂ ਉਨ੍ਹਾਂ ਪੰਜ ਕਕਾਰੀ ਸਿੱਖਾਂ, ਭਾਵ ਸਮੇਂ ਦੀ ਪੁਜਾਰੀ ਸ਼੍ਰੇਣੀ ਵੱਲੋਂ ਪਾਹੁਲ ਬਾਰੇ ਅਜਿਹੀ ਬੇ-ਰੁਖੀ ਵੀ ਪੈਦਾ ਕੀਤੀ ਗਈ। ਬ੍ਰਾਹਮਣ ਦੀ ਨਿਆਈਂ, ਇਸ ਨੂੰ ਵੀ ਪੁਜਾਰੀ ਸ਼੍ਰੇਣੀ ਤੀਕ ਹੀ ਸੀਮਤ ਕਰ ਦਿੱਤਾ ਗਿਆ। ਇੱਕ ਤਰੀਕੇ ਬਾਕੀਆਂ ਲਈ ਇਸ ਦੀ ਲੋੜ ਹੀ ਮੁਕਾਅ ਦਿੱਤੀ ਗਈ। ਸੰਗਤਾਂ ਵਿਚਾਲੇ ਇਸ ਨੂੰ ਅਜਿਹਾ ਹਊਆ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਜਿਵੇਂ "ਅੰਮ੍ਰਿਤ, ਬੜੀ ਉੱਤਮ ਵਸਤੂ ਹੈ" (ਬੇਸ਼ੱਕ ਇਸ `ਚ ਸ਼ੱਕ ਨਹੀਂ) ਉਸ ਦੇ ਨਾਲ ਇਹ ਵੀ ਕਿ "ਅੰਮ੍ਰਿਤ ਨਿਭੇ ਗਾ ਨਹੀਂ", "ਬੇਅਦਬੀ ਹੋ ਜਾਵੇਗੀ" "ਖੰਡਤ ਹੋ ਜਾਵੇਗਾ", "ਪਾਬੰਦੀਆਂ ਲੱਗ ਜਾਂਦੀਆਂ ਹਨ", "ਨਿੱਤਨੇਮ ਜ਼ਰੂਰੀ ਹੁੰਦਾ ਹੈ, ਜੇ ਖੰਡਤ ਹੋ ਜਾਵੇ ਤਾਂ ਪਾਪ ਲਗਦਾ ਹੈ" ਆਦਿ, ਆਦਿ।

ਉਸੇ ਦਾ ਹੀ ਨਤੀਜਾ ਹੈ ਕਿ ਗੁਰੂ ਕੀਆਂ ਸੰਗਤਾਂ ਦੀਆਂ ਨਜ਼ਰਾਂ `ਚ "ਖੰਡੇ ਦੀ ਪਾਹੁਲ" ਲੈਣੀ ਜਿਸ ਨੂੰ ਅੱਜ ਬਹੁਤਾ ਕਰਕੇ "ਅੰਮ੍ਰਿਤ ਛਕਣਾ" ਹੀ ਕਿਹਾ ਜਾਂਦਾ ਹੈ, ਬਹੁਤੀਆਂ ਸੰਗਤਾਂ ਦੇ ਮਨਾਂ `ਚ ਇਹ ਅੱਜ ਵੀ ਬਹੁਤ ਵੱਡਾ ਹਊਆ ਬਣਿਆ ਪਿਆ ਹੈ। ਗੁਰੂ ਕੀਆਂ ਸੰਗਤਾਂ ਦੇ ਮਨਾਂ `ਚ ਅਜਿਹੇ ਸ਼ੰਕੇ ਅਤੇ ਸੁਆਲ ਅੱਜ ਵੀ ਘਰ ਕੀਤੇ ਬੈਠੇ ਹਨ ਕਿ "ਅੰਮ੍ਰਿਤ ਬੜੀ ਉੱਤਮ ਵਸਤੂ ਹੈ, ਛੱਕ ਲਿਆ ਤਾਂ ਸਾਡੇ ਤੋਂ ਨਿਭੇਗਾ ਨਹੀਂ, ਬੇਅਦਬੀ ਹੋ ਜਾਵੇਗੀ", "ਬਹੁਤ ਪਾਬੰਦੀਆਂ ਵੱਧ ਜਾਂਦੀਆਂ ਹਨ", "ਪਾਬੰਦੀਆਂ `ਚ ਪੈ ਜਾਵਾਂਗੇ", "ਕੰਮ ਕਾਰ `ਚੋਂ ਤਾਂ ਸਾਨੂੰ ਫ਼ੁਰਸਤ ਨਹੀਂ ਹੁੰਦੀ, ਫ਼ਿਰ ਨਿੱਤਨੇਮ ਵੀ ਕਰਣਾ ਪਵੇਗਾ" ਆਦਿ। ਗੁਰਬਾਣੀ ਅਤੇ "ਖੰਡੇ ਦੀ ਪਾਹੁਲ" ਦਾ ਸਤਿਕਾਰ ਕਰਦੇ-ਕਰਦੇ, ਅੱਜ ੯੫% ਤੋਂ ਉੱਤੇ ਗੁਰੂ ਕੀਆਂ ਸੰਗਤਾਂ "ਖੰਡੇ ਦੀ ਪਾਹੁਲ" ਤੋਂ ਹੀ ਟੁੱਟੀਆਂ ਪਈਆਂ ਹਨ। ਜਦਕਿ ਸਿੱਖ ਦਾ ਮਤਲਬ ਹੀ ਇਕੋ ਹੈ ਕਿ ਉਸਨੇ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲੈਣੀ ਹੀ ਹੈ।

ਜਦਕਿ ਇਹ ਨਤੀਜਾ ਵੀ ਉਸੇ ਕੁ-ਪ੍ਰਚਾਰ ਦਾ ਹੀ ਹੈ; ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਵੀ ਗੁਰੂ ਕੇ ਸਿੱਖ ਦਾ ਮਤਲਬ, ਪਾਹੁਲਧਾਰੀ (ਚਰਣਪਾਹੁਲ ਪ੍ਰਾਪਤ) ਸੀ, ਪਰ ਅੱਜ ਪੂਰਾ ਜ਼ੋਰ ਲਗਾ ਕੇ ਵੀ ਪਾਹੁਲਧਾਰੀਆਂ ਦੀ ਗਿਣਤੀ ਪੰਜ ਪ੍ਰਤੀਸ਼ਤ ਤੋਂ ਅੱਗੇ ਨਹੀਂ ਟੱਪ ਰਹੀ। ਉਸੇ ਦਾ ਨਤੀਾਜਾ ਹੈ ਕਿ ਅੱਜ ਵੱਡੀ ਗਿਣਤੀ `ਚ ਸਿੱਖ ਪਨੀਰੀ ਦਾ ਤੇਜ਼ੀ ਨਾਲ ਨਸ਼ਿਆਂ, ਪਤਿੱਤ ਪੁਣੇ ਅਤੇ ਲੱਚਰ ਗਾਇਕੀ ਆਦਿ ਵੱਲ ਵੱਧਦੇ ਤੇ ਧੱਕਦੇ ਜਾਣਾ। ਇਸ ਦੇ ਨਾਲ-ਨਾਲ ਇਹ ਵੀ, ਜੇ ਇਮਾਨਦਾਰੀ ਨਾਲ ਸਰਵੇ ਕੀਤਾ ਜਾਵੇ ਤਾਂ ਅੱਜ ਵੀ ਸਾਡੇ ਬਹੁਤੇ ਭਾਈ-ਗ੍ਰੰਥੀ ਸਾਹਿਬਾਨ ਅਤੇ ਪ੍ਰਚਾਰਕ ਸੱਜਣ ਉਹੀ ਮਿਲਣ ਗੇ ਜਿੰਨ੍ਹਾਂ ਦਾ ਪਿਛੋਕੜ, ਉਸ ਸਮੇਂ ਦਾ ਮੂਲੋਂ ਬ੍ਰਾਹਮਣ ਵਰਗ ਹੀ ਹੈ। ਇਸੇ ਲਈ ਅੱਜ ਵੀ ਸਿੱਖੀ ਜੀਵਨ ਅਤੇ ਗੁਰਬਾਣੀ ਜੀਵਨ-ਜਾਚ ਨਾਲ, ਉਨ੍ਹਾਂ ਦਾ ਬਹੁਤਾ ਕਰਕੇ ਕੁੱਝ ਵੀ ਲੈਣਾ-ਦੇਣਾ ਨਹੀਂ।

ਫ਼ਿਰ ਜੇ ਉਹ ਖ਼ੁੱਦ ਨਹੀਂ ਤਾਂ ਉਨ੍ਹਾਂ ਦੇ ਪੂਰਵਜ, ਇਸ ਪਾਸੇ ਕੇਵਲ ਇਸ ਲਈ ਆਏ ਸਨ ਕਿ ਇਹ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਵਧੀਆ ਤੇ ਸੌਖਾ ਵਸੀਲਾ ਸੀ ਅਤੇ ਉਨ੍ਹਾਂ ਦੇ ਪ੍ਰਵਾਰਾਂ `ਚ ਅੱਜ ਵੀ ਉਹ ਉਸੇ ਤਰ੍ਹਾਂ ਹੀ ਚਲਦਾ ਆ ਰਿਹਾ ਹੈ। ਸਰੂਪ ਵੱਲੋਂ ਤਾਂ ਉਹ ਦਿਲਖਿੱਚਵੇਂ ਪੰਜ ਕਕਾਰੀ ਸਰੂਪ `ਚ ਮਿਲਦੇ ਹਨ ਅਤੇ ਸਿੱਖੀ ਸਰੂਪ ਦੇ ਧਾਰਣੀ ਵੀ ਹੁੰਦੇ ਹਨ, ਪਰ ਮੂਲ ਰੂਪ `ਚ ਉਨ੍ਹਾਂ `ਚੌ ਬਹੁਤਿਆਂ ਦੇ ਮਨ `ਚ ਅੱਜ ਵੀ ਨਾ "ਗੁਰੂ ਪਾਤਸ਼ਾਹ ਲਈ ਸਤਿਕਾਰ ਹੁੰਦਾ ਹੈ" ਅਤੇ ਨਾ "ਗੁਰੂ ਸਾਹਿਬ ਦਾ ਨਿਰਮਲ ਭਉ", ਕਿਉਂਕਿ ਉਥੇ ਬਹੁਤਾ ਕਰਕੇ ਵਿਸ਼ਾ ਹੀ, ਕੇਵਲ ਰੋਟੀ-ਰੋਜ਼ੀ ਦਾ ਹੀ ਹੁੰਦਾ ਹੈ।

ਇਸ ਤਰ੍ਹਾਂ ਕੁਲ ਮਿਲਾ ਕੇ ਅੱਜ ਵਿਸ਼ਾ ਕੇਵਲ "ਖੰਡੇ ਦੀ ਪਾਹੁਲ" ਤੀਕ ਹੀ ਸ਼ੀਮਤ ਨਹੀਂ ਰਹਿ ਚੁੱਕਾ ਬਲਕਿ ਵੱਡੀ ਗਿਣਤੀ `ਚ ਸੰਗਤਾਂ ਵਿਚਾਲੇ ਅਜਿਹੀ ਸ਼ਬਦਾਵਲੀ ਵੀ ਪ੍ਰਚਲਤ ਕੀਤੀ ਹੋਈ ਮਿਲਦੀ ਹੈ ਕਿ ‘ਗੁਰਬਾਣੀ ਤਾਂ ਹੈ ਹੀ ਅਗਾਧਬੋਧ’, ‘ਗੁਰੂ ਦੀ ਬਾਣੀ ਤਾਂ ਗੁਰੂ ਹੀ ਸਮਝ ਸਕਦਾ ਹੈ’, "ਗੁਰਬਾਣੀ ਦੇ ਅਰਥ ਹੋ ਹੀ ਨਹੀਂ ਸਕਦੇ", "ਜੇ ਗੁਰਬਾਣੀ ਦੇ ਅਰਥ ਹੀ ਕਰਣੇ ਹੁੰਦੇ ਤਾਂ ਗੁਰੂ ਸਾਹਿਬ ਭਲਾ ਆਪ ਹੀ ਕਿਉਂ ਨਾ ਕਰਕੇ ਜਾਂਦੇ? ਆਦਿ…ਆਦਿ।

ਇਸ ਤਰ੍ਹਾਂ "ਖੰਡੇ ਦੀ ਪਾਹੁਲ" ਲੈਣ ਤੋਂ ਇਲਾਵਾ ਗੁਰਬਾਣੀ ਅਰਥ-ਬੋਧ-ਵਿਚਾਰ ਬਾਰੇ ਵੀ ਅਤੇ ਅਜਿਹੇ ਹੋਰ ਵੀ ਬਹੁਤੇਰੇ ਫ਼ਿਕਰੇ ਅਤੇ ਰੁਕਾਵਟਾਂ ਨੁਮਾ ਢੁੱਚਰਾ, ਅੱਜ ਕਿਧਰੋਂ ਬਾਹਰੋਂ ਨਹੀਂ ਆ ਰਹੀਆਂ। ਬਲਕਿ ਇਹ ਸਭ ਮੂਲ ਰੂਪ `ਚ ਉਦੋਂ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਸਾਡੇ `ਤੇ ਛਾ ਚੁੱਕੀ, ਉਸ ਪੁਜਾਰੀ-ਪ੍ਰਚਾਰਕ (ਪਰਜਾਰੀ) ਸ਼੍ਰੇਣੀ ਦੀ ਹੀ ਦੇਣ ਹਨ। ਉਹ ਸਭ ਇਸ ਲਈ ਕਿ ਬ੍ਰਾਹਮਣ ਦੀ ਨਿਆਈ, ਇਸ ਪੱਖੋਂ ਇਧਰ ਵੀ ਉਨ੍ਹਾਂ ਦੀ ਸੋਚ ਵੀ ਇਹ ਸੀ ਕਿ ਕੌਮ ਉਪਰ, ਕੇਵਲ ਉਨ੍ਹਾਂ ਭਾਵ ਪੁਜਾਰੀ ਸ਼੍ਰੇਣੀ ਦੀ ਪ੍ਰਭੂਸਤਾ ਅਤੇ ਅਜ਼ਾਰਾਦਾਰੀ ਹੀ ਕਾਇਮ ਰਵੇ। ਜਦਕਿ ਬਹੁਤਾ ਕਰਕੇ ਸੱਚ ਵੀ ਇਹੀ ਹੈ ਕਿ ਅੱਜ ਸਧਾਰਣ ਸਿੱਖ ਨੂੰ ਤਾਂ ਆਪ ਅਰਦਾਸ ਕਰਣੀ ਵੀ ਭਾਰੀ ਹੋਈ ਪਈ ਹੈ।

ਫ਼ਿਰ ਸੰਨ ੧੯੯੯, ਖਾਲਸਾ ਰਾਜ-ਈ: ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ, ਆ ਗਿਆ ਖਾਲਸਾ ਰਾਜ। ਇਨ੍ਹਾਂ ਚੌਰਾਸੀ ਸਾਲਾ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ `ਚ ਸੰਨ ੧੭੯੯, ਖਾਲਸਾ ਸਥਾਪਤ ਸਥਾਪਤ ਹੋਇਆ। ਬੇਸ਼ੱਕ ਸਾਡੇ ਬਹੁਤੇ ਸਿੱਖ ਲਿਖਾਰੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਦੋਸ਼ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ `ਚ ਵੀ ਬ੍ਰਾਹਮਣੀ ਵਿਚਾਰਧਾਰਾ ਨੂੰ ਹੀ ਪ੍ਰਪੱਕਤਾ ਮਿਲੀ ਸੀ", ਸਿੱਖ ਜੀਵਨ ਜਾਚ ਅਤੇ ਗੁਰਬਾਣੀ ਵਿਚਾਰਧਾਰਾ ਨੂੰ ਨਹੀਂ। ਜਦਕਿ ਸੱਚ ਵੀ ਇਹੀ ਹੈ, ਪਰ ਉਸਦੇ ਵਿਸ਼ੇਸ਼ ਕਾਰਣ ਵੀ ਹਨ, ਜਿਨ੍ਹਾਂ ਨੂੰ ਗਹਿਰਾਈ ਤੋਂ ਘੋਖਣ ਦੀ ਲੋੜ ਹੈ। ਸੱਚ ਤਾਂ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ, ਆਪਣੇ ਆਪ `ਚ ਵੱਡੇ ਸਿੱਖੀ ਪਿਆਰ ਤੇ ਸਿੱਖੀ ਦਰਦ ਵਾਲਾ, ਬਿਨਾ ਸ਼ੱਕ ਸਿੱਖ ਮਹਾਰਾਜਾ ਹੀ ਸੀ। ਤਾਂ ਵੀ ਵਿਵਹਾਰਕ ਤੌਰ `ਤੇ ਮਹਾਰਾਜੇ ਦੇ ਆਪਣੇ ਜੀਵਨ ਅੰਦਰ ਬ੍ਰਾਹਮਣ ਮੱਤ ਅਤੇ ਵਿਪਰਨ ਦੀਆਂ ਰੀਤਾਂ ਵੀ ਕੁੱਟ ਕੁੱਟ ਕੇ ਭਰੀਆਂ ਹੋਈਆਂ ਸਨ। ਇਹ ਵੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਕੁਲ-ਪੁਰੋਹਤ ਵੀ ਸਨ। ਇਥੋਂ ਤੀਕ ਕਿ ਮਹਾਰਾਜੇ ਦੀ ਆਪਣੀ ਮੌਤ ਤੋਂ ਬਾਅਦ ਉਸ ਦੀਆਂ ਕਈ ਰਾਣੀਆਂ ਵੀ ਸਤੀ ਹੋਈਆਂ ਸਨ ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਕੁੱਝ ਗੁਰਮੱਤ ਦੇ ਵਿਰੁਧ ਹੋਇਆ।

ਫ਼ਿਰ ਇਸ ਦੇ ਨਾਲ, ਵਿਸ਼ੇ ਨੂੰ ਜੇ ਇਮਾਨਦਾਰੀ ਨਾਲ ਘੋਖਿਆ ਜਾਵੇ ਤਾਂ ਉਸ ਦੇ ਜੀਵਨ ਅੰਦਰ ਸਿੱਖ ਧਰਮ ਆਧਾਰਤ ਪਰ-ਉਪਕਾਰ ਦੇ ਗੁਣ ਅਤੇ ਆਪਣੇ ਧਰਮ ਲਈ ਪਿਆਰ ਤੇ ਜਜ਼ਬਾ ਆਦਿ ਵੀ ਬਹੁਤ ਭਰਿਆ ਪਿਆ ਸੀ। ਇਹੀ ਕਾਰਣ ਹੈ ਜੇ ਇਸ ਵਿਸ਼ੇ ਨੂੰ ਕੁੱਝ ਠੰਢੇ ਦਿਮਾਗ਼ ਨਾਲ ਲਿਆ ਜਾਵੇ ਅਤੇ ਉਸ ਦੇ ਰਾਜ ਕਾਲ ਨੂੰ ਨਿਰਪੱਖ ਹੋ ਕੇ ਪਰਖਿਆ-ਵਾਚਿਆ ਜਾਵੇ ਤਾਂ ਸੰਸਾਰ ਭਰ ਦੇ ਸ਼ਾਸਕਾਂ `ਚੋਂ, ਉਸਦੇ ਰਾਜ ਕਾਲ ਦੇ ਉਹ ਚਾਲੀ ਸਾਲ, ਜੰਤਾ ਲਈ ਅਤੇ ਸ਼ਾਸਨ ਪੱਖੋਂ ਵੀ "ਸਹੀ ਅਰਥਾਂ `ਚ ਕਿਸੇ ਸੁਅਰਨ ਜੁੱਗ (Golden Period) ਤੌਂ ਘਟ ਨਹੀਂ ਸਨ। ਉਸ ਦਾ ਮੂਲ ਕਾਰਣ ਵੀ ਉਸ ਦਾ ਆਪਣੇ ਆਪ `ਚ "ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ" ਤੇ "ਗੁਰਬਾਣੀ ਦਾ ਸਿੱਖ" ਹੋਣਾ ਹੀ ਸੀ।

ਗਹਿਰੀ ਵਿਚਾਰ ਦਾ ਵਿਸ਼ਾ ਹੈ ਕਿ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਕਾਨੂੰਨਾਂ `ਚ ਦੋਸ਼ੀ ਲਈ ਮੌਤ ਦੀ ਸਜ਼ਾ ਵੀ ਹੈ ਸੀ ਅਤੇ ਇਸੇ ਤਰ੍ਹਾਂ ਕਿਸੇ ਚੋਰ ਲਈ, ਚੋਰ ਦੇ ਹੱਥ ਕੱਟਣ ਦਾ ਕਾਨੂੰਨ ਵੀ ਹੈ ਸੀ। ਇਸ ਸਾਰੇ ਦੇ ਬਾਵਜੂਦ, ਈ: ਸੰਨ ੧੭੯੯ ਤੋਂ ਸੰਨ ੧੮੩੯ ਭਾਵ ਉਸ ਦੇ ਰਾਜ ਕਾਲ ਦੇ ਉਨ੍ਹਾਂ ਚਾਲੀ ਸਾਲਾਂ ਦੋਰਾਨ ਨਾ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ ਨਾ ਕਿਸੇ ਚੋਰ ਦੇ ਹੱਥ ਹੀ ਕੱਟਣੇ ਪਏ ਸਨ, ਤਾਂ ਉਹ ਕਿਉਂ? ਫ਼ਿਰ ਕੇਵਲ ਸਿੱਖ ਹੀ ਨਹੀਂ, ਮੁਸਲਮਾਨਾ ਤੇ ਹਿੰਦੂਆਂ ਸਮੇਤ ਉਸ ਦੇ ਸ਼ਾਸਨ ਦੌਰਾਨ ਕਿਸੇ ਵੀ ਧਰਮ ਵਿਸ਼ਵਾਸ ਦੇ ਬੰਦੇ ਵੱਲੋਂ, ਉਸ ਨਾਲ ਅਨਿਯਾਯ ਦੀ ਭਿੰਣਕ ਵੀ ਨਹੀਂ ਸੀ। ਹੋਰ ਤਾਂ ਹੋਰ, ਉਸ ਦੇ ਸ਼ਾਸਨ ਕਾਲ `ਚ ਇੱਕ ਵਾਰ ਅਕਾਲ ਪੈ ਜਾਣ ਦੀਆਂ ਖ਼ਬਰਾ ਵੀ ਹਨ, ਪਰ ਉਸ ਅਕਾਲ ਦੌਰਾਨ ਵੀ ਮਹਾਰਾਜੇ ਰਾਹੀਂ ਖ਼ੁੱਦ ਭੇਸ ਬਦਲ ਕੇ ਸਾਧਾਰਣ ਲੋਕਾਈ ਵਿਚਾਲੇ ਵਿਚਰਣ ਦੇ ਹਵਾਲੇ ਵੀ ਮਿਲਦੇ ਹਨ। ਉਹ ਇਸ ਲਈ ਕਿ ਉਸ ਦੇ ਸ਼ਾਸਨ `ਚ ਕੋਈ ਵੀ ਮਨੁੱਖ ਭੁੱਖੇ ਪੇਟ ਨਾ ਸੌਵੇਂ। ਇਸ ਲਈ ਇਹ ਸਭ ਉਸਦੇ ਜੀਵਨ ਅੰਦਰ ਗੁਰਬਾਣੀ ਵਿਚਾਰਧਾਰਾ ਦੀ ਚਮਕ ਨਹੀ ਸੀ ਤਾਂ ਹੋਰ ਕੀ ਸੀ, ਉਹ ਚਮਕ ਜਿਹੜੀ ਮਹਾਰਾਜੇ ਦੇ ਆਪਣੇ ਜੀਵਨ ਅੰਦਰੋਂ ਆਪਣੇ ਆਪ ਪ੍ਰਗਟ ਹੁੰਦੀ ਸੀ।

ਇਸ ਤੋਂ ਬਾਅਦ ਇਹ ਵੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੀ ਤਾਕਤ ਦੀ ਧਾਕ ਵੀ ਇੰਨੀਂ ਵੱਧ ਸੀ ਕਿ, ਉਸ ਸਮੇਂ ਭਾਰਤ ‘ਦੇ ਅੰਗ੍ਰੇਜ਼ ਸ਼ਾਸਕ, ਜਿਨ੍ਹਾਂ ਬਾਰੇ ਮਸ਼ਹੂਰ ਸੀ ਕਿ ਅੰਗ੍ਰੇਜ਼ਾਂ ਦੇ ਰਾਜ ਦਾ ਸੂਰਜ, ਕਦੇ ਨਹੀਂ ਨਹੀਂ ਡੁੱਬਦਾ। ਉਸ ਦੇ ਉਲਟ, ਸੰਨ ੧੮੦੮ `ਚ ਸੰਸਾਰ ਪੱਧਰ `ਤੇ ਉਨ੍ਹਾਂ ਅੰਗ੍ਰੇਜ਼ ਸਾਸਕਾਂ ਨੂੰ ਵੀ, ਆਪਣੇ ਰਾਜ ਪਾਟ ਦੀ ਹਿਫ਼ਾਜ਼ਤ ਤੇ ਹੱਦ-ਬੰਦੀ ਨੂੰ ਕਾਇਮ ਰਖਣ ਲਈ ਉਚੇਚੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਣੀ ਪਈ ਸੀ। ਇਸ ਸੰਬੰਧ `ਚ ਅੰਗ੍ਰ੍ਰੇੁਜ਼ ਸਰਕਾਰ ਨੂੰ ਖ਼ੁੱਦ ਵਾਇਦਾ ਦੇਣਾ ਪਿਆ ਸੀ ਕਿ ਉਹ ਮਹਾਰਾਜੇ ਦੇ ਰਾਜ ਪਾਟ `ਚ ਦਖ਼ਲ ਦੇਣਾ ਤਾਂ ਦੂਰ, ਉਸ ਵੱਲ ਦੇਖਣ ਗੇ ਵੀ ਨਹੀਂ। ਖੈਰ! ਤਾਂ ਵੀ ਇਹ ਵਿਸ਼ਾ ਆਪਣੇ ਆਪ `ਚ ਬਿਲਕੁਲ ਵੱਖਰਾ ਹੈ।

ਇਥੇ ਇਸਦਾ ਕੇਵਲ ਇਤਨਾ ਹੀ ਸੰਬੰਧ ਹੈ ਕਿ ਸਮੂਚਾ ਸਿੱਖ ਪੰਥ ਜਿਹੜਾ ਪਿਛਲੇ ਚੌਰਾਸੀ ਸਾਲਾਂ ਤੋਂ, ਸਿੱਖ ਧਰਮ ਦੇ ਪ੍ਰਚਾਰ ਪ੍ਰਬੰਧ ਪੱਖੋਂ ਪੂਰੀ ਤਰ੍ਹਾਂ ਬ੍ਰਾਹਮਣੀ ਤੇ ਵਿਰੋਧੀ ਤਾਕਤਾਂ ਦੀ ਅਨਜਾਣੀ ਗੁਲਾਮੀ `ਚ ਦਬੋਚਿਆ ਪਿਆ ਸੀ। ਸੰਨ ੧੯੯੯, ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ, ਖ਼ਾਲਸਾ ਰਾਜ ਦੀ ਕਾਇਮੀ ਤੀਕ, ਪੁਸ਼ਤ-ਦਰ-ਪੁਸ਼ਤ, ਸਿੱਖ ਕੌਮ ਪੂਰੀ ਤਰ੍ਹਾਂ ਬ੍ਰਾਹਮਣੀ, ਅਣਮੱਤੀ ਤੇ ਵਿਪ੍ਰਣ ਰੀਤਾਂ ਭਰਪੂਰ ਜੀਵਨ ਹੀ ਬਤੀਤ ਕਰ ਰਹੀ ਸੀ। ਇਸ ਤਰ੍ਹਾਂ ਓਦੋਂ ਉਹੀ ਜੀਵਨ ਰਹਿਣੀ ਸੀ ਸਮੂਚੇ ਗੁਰੂ ਕੇ ਪੰਥ ਦੀ, ਨਾ ਕਿ ਗੁਰਬਾਣੀ ਵਿਚਾਰਧਾਰਾ ਭਰਪੂਰ ਜੀਵਨ ਰਹਿਣੀ।

ਦੂਜੇ ਪਾਸੇ ਇਹ ਵੀ ਦੇਖ ਚੁੱਕੇ ਹਾਂ ਕਿ ਉਨ੍ਹਾਂ ਚੌਰਾਸੀ ਸਾਲਾ ਦੌਰਾਨ, ਵਿਰੋਧੀਆਂ ਰਾਹੀਂ ਸਿੱਖ ਇਤਿਹਾਸ, ਗੁਰ ਇਤਿਹਾਸ ਦਾ ਮਲੀਆਂ ਮੇਟ ਤੇ ਗੁਰੂ ਕੀਆਂ ਸੰਗਤਾਂ ਦੇ ਮਨਾਂ ਗੁਰਮੱਤ ਵਿਚਾਰਧਾਰਾ ਦਾ ਵੀ ਲਗਭਗ ਪੂਰੀ ਤਰ੍ਹਾਂ ਮਲੀਆਂ ਮੇਟ ਕੀਤਾ ਜਾ ਚੁੱਕਾ ਸੀ। ਇਸ ਤਰ੍ਹਾਂ ਲਗਾਤਾਰ ਚੌਰਾਸੀ ਸਾਲਾਂ ਤੋਂ, ਬਦਲੇ `ਚ ਸੰਗਤਾਂ ਵਿਚਾਲੇ ਜੋ ਕੁੱਝ ਪੁੱਜ ਜਾ ਪਹੁੰਚਾਇਆਂ ਜਾ ਰਿਹਾ ਸੀ, ਉਹ ਭਿੰਨ ਭਿੰਨ ਸਿੱਖ ਵਿਰੋਧੀ ਤਾਕਤਾਂ ਦੇ ਰੰਗ `ਚ ਰੰਗਿਆ ਹੋਇਆ ਮਿਲਗੋਭਾ ਤੇ ਬਨਾਵਟੀ, ਕੇਵਲ ਸਿੱਖ ਇਤਿਹਾਸ ਹੀ ਨਹੀਂ, ਬਲਕਿ ਗੁਰ ਇਤਿਹਾਸ ਵੀ ਸੀ। ਇਸ ਲਈ ਉਹ ਸਭ ਕਹਿਣ ਨੂੰ ਹੀ ਗੁਰ ਇਤਿਹਾਸ ਅਤੇ ਸਿੱਖ-ਇਤਿਹਾਸ ਸੀ, ਜਦਕਿ ਅਸਲੋਂ ਨਾ ਉਹ ਸਿੱਖ ਇਤਿਹਾਸ ਸੀ ਅਤੇ ਨਾ ਗੁਰ-ਇਤਿਹਾਸ।

ਇਤਨਾ ਹੋਣ ਦੇ ਬਾਵਜੂਦ ਜੇ ਫ਼ਿਰ ਵੀ ਸਿੱਖ-ਧਰਮ ਬਚਿਆ ਹੋਇਆ ਸੀ ਤਾਂ ਉਹ ਕੇਵਲ ਅਪਣੇ ਸਿੱਖੀ ਸਰੂਪ ਕਾਰਣ। ਵਰਨਾ ਵਿਰੋਧੀਆਂ ਰਾਹੀਂ ਸਿੱਖ ਦੇ ਜੀਵਨ `ਚੋਂ ਸਿੱਖੀ ਤਾਂ ਪੂਰੀ ਤਰ੍ਹਾਂ ਧੋਤੀ ਜਾ ਚੁੱਕੀ ਸੀ। ਸਪਸ਼ਟ ਹੈ ਕਿ ਅਜਿਹੇ ਭਿਅੰਕਰ ਪੰਥਕ ਹਾਲਾਤ `ਚ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਕੋਈ ਹੋਰ ਵੀ ਸਿੱਖ ਬਾਦਸ਼ਾਹ ਹੁੰਦਾ ਤਾਂ ਜ਼ਰੂਰੀ ਨਹੀਂ ਕਿ ਉਹ ਵੀ ਸਿੱਖੀ ਜੀਵਨ ਪੱਖੋਂ ਉਸ ਤੋਂ ਮਜ਼ਬੂਤ ਹੁੰਦਾ। ਬਲਕਿ ਇਹ ਵੀ ਸੰਭਵ ਹੈ ਕਿ ਇਸ ਪੱਖੋਂ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਵੱਧ ਕਮਜ਼ੋਰ ਹੁੰਦਾ ਤੇ ਕੌਮ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ। ਜਦਕਿ ਮਹਾਰਾਜਾ ਰਣਜੀਤ ਸਿੰਘ ਦੇ ਨਿਜ ਦੇ ਜੀਵਨ ਅੰਦਰ ਜਿਹੜੇ ਪਰਉਪਕਾਰ ਤੇ ਮਨੁੱਖੀ ਬਰਾਬਰੀ ਆਦਿ ਵਾਲੇ ਇਲਾਹੀ ਗੁਣ ਸਨ, ਅਸਲ `ਚ ਉਹ ਸਿੱਖ ਧਰਮ ਅਤੇ ਗੁਰਬਾਣੀ ਵਿਚਾਰਧਾਰਾ ਦੀ ਹੀ ਦੇਣ ਸਨ।

ਇਸ ਲਈ ਦੇਖਣਾ ਇਹ ਵੀ ਹੈ ਕਿ ਅਜਿਹੇ ਨਿੱਘਰੇ ਪੰਥਕ ਹਾਲਾਤਾਂ `ਚ ਜੇਕਰ ਖਾਲਸਾ ਰਾਜ ਕਾਇਮ ਹੋਇਆ, ਤਾਂ ਵੀ ਉਸ ਦੀਆਂ ਜੜ੍ਹਾਂ `ਚ "ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਪ੍ਰਗਟ ਸਿੱਖੀ ਦੀ ਖ਼ੁਸ਼ਬੂ ਤਾਂ ਹੈ ਹੀ ਸੀ। ਉਂਝ ਹਾਲਾਤ ਪੱਖੋਂ ਓਦੋਂ ਕੌਮ ਤਾਂ ਪੂਰੀ ਤਰ੍ਹਾਂ ਮਿਲਗੋਭਾ ਅਣਮੱਤੀ ਤੇ ਬ੍ਰਾਹਮਣੀ ਵਿਚਾਰਧਾਰਾ ਦੇ ਨਾਲ-ਨਾਲ ਭਰਵੇਂ ਵਿਪ੍ਰਣ ਕਰਮਕਾਂਡੀ ਚਿੱਕੜ `ਚ ਧੱਸੀ ਹੋਈ ਸੀ, ਜਿਸ ਕਾਰਣ ਉਸ ਸਮੇਂ ਅਸਲੋਂ ਸਿੱਖੀ ਦੀ ਕੇਵਲ ਰਹਿੰਦ-ਖੂੰਦ ਹੀ ਬਾਕੀ ਸੀ। ਇਸੇ ਲਈ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੌਰਾਨ, ਜਦੋਂ ਸਾਨੂੰ ਰਾਜਸੀ ਤਾਕਤ ਵਰਤ ਕੇ ਸਿੱਖ ਧਰਮ ਅਤੇ ਗੁਰਬਾਣੀ ਵਿਚਾਰਧਾਰਾ ਨੂੰ ਫੈਲਾਉਣ ਦਾ ਮੌਕਾ ਬਣਿਆ, ਤਾਂ ਵੀ ਅਸਲ `ਚ ਇਹ ਸਿੱਖ ਵਿਚਾਰਧਾਰਾ ਦੇ ਫੈਲਾਅ ਦਾ ਨਹੀਂ ਬਲਕਿ ਸਿੱਖੀ ਦੇ ਨਾਂ `ਤੇ ਬ੍ਰਾਹਮਣੀ ਅਤੇ ਅਣਮੱਤੀ ਤਾਕਤਾਂ ਨੂੰ ਹੋਰ ਵਧੇਰੇ ਪੱਕਿਆਈ ਦੇਣ ਵਾਲਾ ਰਸਤਾ ਹੀ ਬਣ ਚੁੱਕਾ ਹੋਇਆ ਸੀ।

‘ਜਥਾ ਰਾਜਾ ਤਥਾ ਪਰਜਾ’ -ਇਸ ਲਈ ਉਸੇ ਦਾ ਹੀ ਨਤੀਜਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ ਵੀ ਸਿੱਖ ਜੀਵਨ ਰਹਿਣੀ ਨੂੰ ਹੀ ਸਭ ਤੋਂ ਵੱਧ ਨੁਕਸਾਨ ਪੁੱਜਾ। ਜਦਕਿ ਸਿੱਖ ਮਹਾਰਾਜਾ ਹੋਣ ਦੇ ਨਾਤੇ, ਉਸ ਦੇ ਜੀਵਨ ਅੰਦਰ "ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਪ੍ਰਗਟ ਸਿੱਖੀ ਦੀ ਖ਼ੁਸ਼ਬੂ ਵੀ ਸੀ ਜਿਸ ਦਾ ਨਤੀਜਾ, ਮਹਾਰਾਜੇ ਦੇ ਸ਼ਾਸਨ ਕਾਲ `ਚ, ਸਮੂਚੀ ਲੋਕਾਈ ਵਿਚਾਲੇ ਮਨੁੱਖੀ ਭਾਈਚਾਰਾ ਤੇ ਆਪਸੀ ਪਿਆਰ ਵੀ ਅੰਤਾ ਦਾ ਸੀ। ਇਹ ਵੀ ਕਿ ਉਨ੍ਹਾਂ ਚਾਲੀ ਸਾਲਾਂ ਦੌਰਾਨ ਸਮੂਚੀ ਜਨਤਾ ਨੂੰ ਬਿਨਾ ਵਿੱਤਕਰਾ ਨਿਆਂ ਵੀ ਪ੍ਰਾਪਤ ਹੋਇਆ ਅਤੇ ਇਸ ਸੰਬੰਧੀ ਕਿਸੇ ਇੱਕ ਨੂੰ ਵੀ ਸ਼ਿਕਾਇਤ ਪੈਦਾ ਨਹੀਂ ਸੀ ਹੋਈ। ਕਿਉਂਕਿ ਧਾਰਮਿਕ ਪੱਖੋਂ ਵੀ ਕਿਸੇ ਵੀ ਧਰਮ ਜਾਂ ਸਮੁਦਾਏ ਨਾਲ ਵਿੱਤਕਰੇ ਦਾ ਨਾ ਹੋਣਾ, ਆਪਸੀ ਸਦਭਾਵਨਾ ਆਦਿ, ਸਰਕਾਰੀ ਪੱਧਰ `ਤੇ ਸਮੂਚੀ ਲੋਕਾਈ ਨੂੰ ਗੁਰੂ ਦਰ ਰਾਹੀਂ ਸਥਾਪਤ ਸੰਗਤ-ਪੰਕਤ ਆਧਾਰਤ ਮਨੁੱਖੀ ਬਰਾਬਰੀ ਅਤੇ ਆਪਣੇ-ਪਣ ਵਾਲਾ ਨਿਘ ਹੀ ਪ੍ਰਾਪਤ ਹੋਇਆ ਸੀ।

ਖ਼ਾਲਸਾ ਰਾਜ ਦਾ ਅੰਤ-ਸੰਨ ੧੮੩੯ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਸੰਨ ੧੮੪੯ ਤੀਕ, ਡੋਗਰਿਆਂ ਦੀ ਗਦਾਰੀ ਕਾਰਣ, ਰਾਜਸੀ ਤਲ `ਤੇ ਲਗਾਤਾਰ ਦਸ ਸਾਲ-ਵੱਡਾ ਖੂਨ ਖਰਾਬਾ ਹੋਇਆ। ਉਸੇ ਦਾ ਨਤੀਜਾ ਸੀ ਕਿ, ਇਤਨੇ ਮਜ਼ਬੂਤ ਤੇ ਬਲਸ਼ਾਲੀ ਖ਼ਾਲਸਾ ਰਾਜ ਦਾ ਕੇਵਲ ਦਸ ਸਾਲਾਂ `ਚ ਕੇਵਲ ਖੂਨੀ ਡਰਾਪ ਸੈਨ ਹੀ ਨਹੀਂ ਸੀ ਹੋਇਆ ਬਲਕਿ ਜਰਨੈਲ ਹਰੀ ਸਿੰਘ ਨਲੂਆ ਤੇ ਸ਼ਾਮ ਸਿੰਘ ਅਟਾਰੀ ਵਰਗੇ ਸਾਡੇ ਮਹਾਨ ਯੋਧੇ ਵੀ ਉਸਦੀ ਭੇਟ ਹੋ ਗਏ ਸਨ। ਜਦਕਿ ਉਹ ਸਾਰਾ ਬ੍ਰਿਤਾਂਤ ਤਾਂ ਆਪਣੇ ਆਪ `ਚ ਹੈ ਹੀ ਰੋਂਗਟੇ ਖੜੇ ਕਰ ਦੇਣ ਵਾਲਾ।

ਫ਼ਿਰ ਉਸੇ ਦਾ ਤਬਾਹੀ ਦਾ ਅਗਲਾ ਪੜਾਅ ਸੀ ਕਿ ਉਸ ਤੋਂ ਬਾਅਦ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਦਰਅਸਲ ਇਸ ਸਾਰੇ ਦਾ ਮੁੱਖ ਕਾਰਣ ਵੀ, ਪੰਥ `ਚੋਂ ਗੁਰਬਾਣੀ ਜੀਵਨ ਦਾ ਮੁੱਕਾ ਹੋਣਾ ਸੀ। ਇਸ ਦੇ ਉਲਟ ਉਸ ਖ਼ਾਲਸਾ ਰਾਜ ਦੌਰਾਨ, ਜੇ ਸਚਮੁਚ "ਗੁਰੂ ਨਾਨਕ-ਗੁਰੂ ਗਬਿੰਦ ਸਿੰਘ" ਅਤੇ "ਗੁਰਬਾਣੀ ਵਿਚਾਰਧਾਰਾ" ਦਾ ਮੌਲਿਕ ਪ੍ਰਚਾਰ ਵੀ ਹੋ ਗਿਆ ਹੁੰਦਾ ਤਾਂ ਅੱਜ ਕੇਵਲ ਪੰਜਾਬ ਹੀ ਨਹੀਂ ਬਲਕਿ ਭਾਰਤ ਦੇਸ਼ ਦਾ ਸਮੂਚਾ ਇਤਿਹਾਸ ਹੀ ਹੋਰ ਹੋਣਾ ਸੀ। ਫ਼ਿਰ ਇਹ ਵੀ ਕਿ ਇਤਨੀ ਤਬਾਹੀ ਅਤੇ ਅਜਿਹੇ ਖੂਨ-ਖ਼ਰਾਬੇ ਦਾ ਹੋਣਾ ਵੀ ਸੰਭਵ ਨਹੀਂ ਸੀ।

ਉਸ ਸਾਰੇ ਦਾ ਮੂਲ ਕਾਰਣ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਬੇਸ਼ੱਕ ਅਣਜਾਣੇ `ਚ, ਪਰ ਬ੍ਰਾਹਮਣੀ ਕਰਮਕਾਂਡਾਂ ਤੇ ਲਗਾਤਾਰ ਪਿਛਲੇ ਚੌਰਾਸੀ ਸਾਲਾ ਤੋਂ ਚਲਦੇ ਆ ਰਹੇ ਅਣਮਤੀ ਤੇ ਸਿੱਖ ਧਰਮ ਵਿਰੋਧੀ ਪ੍ਰਚਾਰ ਨੂੰ ਹੋਰ ਪ੍ਰਪਕਤਾ ਮਿਲਣੀ ਸੀ। ਗਹਿਰਾਈ ਤੋਂ ਘੇਖਿਆ ਜਾਵੇ ਤਾਂ ਅੱਜ ਵੀ ਵਿਰੋਧੀਆਂ ਰਾਹੀਂ ਬੜੀ ਕੁਟਲਨੀਤੀ ਨਾਲ ਹਰ ਪਾਸਿਓਂ ਬਹੁਤਾ ਜ਼ੋਰ ਸਿੱਖ ਜੀਵਨ `ਚੋ ਸਿੱਖੀ ਅਤ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਰਬ- ਉੱਚਤਾ ਨੂੰ ਖੌਰਾ ਲਗਾਉਣ ਦੇ ਯਤਣ ਹੀ ਹੋ ਰਹੇ ਹਨ। ਦਰਅਸਲ ਹੱਥਲੀ ਲੇਖ ਲੜੀ ਦਾ ਅਸਲ ਮਕਸਦ ਵੀ, ਗੁਰੂ ਕੀਆਂ ਸੰਗਤਾਂ ਵਿਚਾਲੇ ਇਸੇ ਸੱਚ ਨੂੰ ਉਜਾਗਰ ਕਰਣਾ ਅਤੇ ਇਸ ਪੱਖੋਂ ਸੰਗਤਾਂ ਨੂੰ ਵੱਧ ਤੋਂ ਵੱਧ ਸੁਚੇਤ ਕਰਣਾ ਵੀ ਹੈ।

ਉਨ੍ਹਾਂ ਚੌਰਾਸੀ ਸਾਲਾਂ ਉਪਰ, ਇੱਕ ਝਾਤ-ਇਸ ਪੱਖੋਂ ਵੀ- ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੋਂ ਇੱਕ ਦੰਮ ਬਾਅਦ, ਪਹਿਲਾਂ ਸੰਨ ੧੭੧੫ ਤੀਕ "ਬਾਬਾ ਬੰਦਾ ਸਿੰਘ ਜੀ ਬਹਾਦੁਰ" ਨੇ ਸ਼ਕਤੀ ਸ਼ਾਲੀ ਖਾਲਸਾ ਰਾਜ ਕਾਇਮ ਕੀਤਾ।

ਇਸ ਦੌਰਾਨ ਉਸਨੇ ਵਜ਼ੀਦੇ ਵਰਗੇ ਵੱਡੇ-ਵੱਡੇ ਜ਼ਾਲਮਾ ਨੂੰ ਵੀ ਟਿਕਾਣੇ ਲਗਾਇਆ ਸੀ। ਇਸ ਤਰ੍ਹਾਂ ਉਸ ਨੇ ਜਿਵੇਂ ਕਿ ਜ਼ਾਲਮ ਮੁਗ਼ਲ ਹਕੂਮਤ ਦੀਆਂ ਜੜ੍ਹਾ ਵੀ ਹਿਲਾਅ ਕੇ ਰੱਖ ਦਿੱਤੀਆਂ ਸਨ।

ਉਪ੍ਰੰਤ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਸੰਨ ੧੭੧੬ ਤੋਂ ਲੈ ਕੇ ਸੰਨ ੧੬੯੯, ਖ਼ਾਲਸਾ ਰਾਜ ਦੀ ਸਥਾਪਨਾ, ਵਿਚਾਰ ਅਧੀਨ ਉਨ੍ਹਾਂ ਚੌਰਾਸੀ ਸਾਲਾ ਦੌਰਾਨ:-

(੧) ਸੰਨ ੧੭੪੦ `ਚ ਸਿੱਖਾਂ ਨੇ ਨਵਾਬ ਕਪੂਰ ਸਿੰਘ ਦੀ ਕਮਾਨ ਹੇਠ ਮੁੜ ਰਾਜਸੱਤਾ ਪ੍ਰਾਪਤ ਕੀਤੀ ਸੀ।

(੨) ਉਸ ਤੋਂ ਬਾਅਦ ਫ਼ਿਰ ਤੀਜੀ ਵਾਰ ਸੰਨ ੧੭੭੪ `ਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਰਾਜ ਕਾਇਮ ਕੀਤਾ ਤੇ ਆਪਣਾ ਸਿੱਕਾ ਵੀ ਚਲਾਇਆ ਸੀ।

(੩) ਸੰਨ ੧੭੮੩ `ਚ ਬਾਬਾ ਬਘੇਲ ਸਿੰਘ ਦੀ ਕਮਾਨ ਹੇਠ ੩੦. ੦੦੦ ਖ਼ਾਲਸਾ ਫ਼ੌਜ ਨੇ ਬਾਕਾਇਦਾ ਦਿੱਲੀ ਨੂੰ ਫ਼ਤਿਹ ਕੀਤਾ ਸੀ। ਇਸਤਰ੍ਹਾਂ ਉਸ ਨੇ ਵੀ ਦਿੱਲੀ ਦੇ ਲਾਲ ਕਿਲੇ `ਤੇ ਖ਼ਾਲਸਾਈ ਨਿਸ਼ਾਨ ਝੁਲਾਇਆ ਸੀ। "ਮੋਰੀ ਗੇਟ", "ਤੀਸ ਹਜ਼ਾਰੀ" ਤੇ "ਪੁੱਲ ਮਿਠਾਈ ਚੌਕ" ; ਦਿੱਲੀ ਵਿੱਚਲੇ ਇਲਾਕਿਆਂ ਦੇ ਨਾਮ, ਖ਼ਾਲਸਾ ਫ਼ੌਜਾਂ ਰਾਹੀਂ ਉਸੇ ਇਤਿਹਾਸਕ ਘਟਣਾ, ਦਿੱਲੀ ਫ਼ਤਿਹ ਨਾਲ ਹੀ ਸੰਬੰਧਤ ਹਨ।

ਦਰਅਸਲ ਲਗਾਤਰ ਚਲਦੀਆਂ ਆ ਰਹੀਆਂ ਇਹ ਪੰਥਕ ਪ੍ਰਾਪਤੀਆਂ ਹੀ ਸਨ ਜਿਹੜੀਆਂ ਸੰਨ ੧੭੯੯ `ਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ ਖਾਲਸਾ ਰਾਜ ਦੀ ਕਾਇਮੀ ਦੀ ਬੁਨਿਆਦ ਬਣੀਆਂ। ਇਸਦੇ ਨਾਲ ਸਚਾਈ ਇਹ ਵੀ ਹੈ ਕਿ ਇਤਨੇ ਵੱਡੇ ਦਰਜੇ `ਤੇ ਦਿਨ-ਰਾਤ ਹੋ ਰਹੀ ਬ੍ਰਾਹਮਣੀ ਅਤੇ ਵਿਰੋਧੀ ਰਲਗੱਡ ਅਤੇ ਉਸ ਦੇ ਹਰ ਸਮੇਂ ਵਿਰੋਧੀ ਪ੍ਰਚਾਰ ਦੌਰਾਨ, ਸਿੱਖੀ ਜੀਵਨ ਦੀ ਸੰਭਾਲ ਕਰਣੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਚੌਰਾਸੀ ਸਾਲਾਂ ਦੌਰਾਨ, ਬੜੀ ਕੁਟਲਨੀਤੀ ਨਾਲ ਤੇ ਉਹ ਵੀ ਭਿੰਨ-ਭਿੰਨ ਵਿਰੋਧੀ ਸੋਮਿਆਂ ਤੋਂ ਦਿਨ-ਰਾਤ ਹੋ ਰਹੇ ਮਿਲਗੋਭਾ ਸਿੱਖੀ ਜੀਵਨ ਦੇ ਵਿਗਾੜ ਨੂੰ ਸਮਝ ਪਾਉਣਾ ਵੀ, ਓਦੋਂ ਪੰਥ ਲਈ ਸੌਖੀ ਗੱਲ ਨਹੀਂ ਸੀ। ਸ਼ਾਇਦ ਇਸੇ ਕਾਰਣ ਅਤੇ ਸੀਮਤ ਸਾਧਨਾਂ ਕਾਰਣ ਵੀ, ਸਾਡੇ ਰਾਹੀਂ ਕਾਇਮ ਇਹ ਸਾਰੇ ਰਾਜ ਪਾਟ ਵੀ ਲੰਮੇ-ਲੰਮੇਂ ਸਮੇਂ ਤੱਕ ਨਹੀਂ ਸਨ ਚੱਲ ਸਕੇ।

ਫ਼ਿਰ ਉਸ ਸਾਰੇ ਤੋਂ ਇਲਾਵਾ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਛੋਟਾ ਅਤੇ ਵੱਡਾ, ਦੋ ਘਲੂਘਾਰੇ ਵੀ ਵਾਪਰੇ ਸਨ। ਤਾਂ ਤੇ:-

ਛੋਟਾ ਘਲੂਘਾਰਾ- ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਵਾਪਰੇ ਦੋ ਘਲੂਘਾਰਿਆ `ਚੋਂ ਪਹਿਲੇ ਘਲੂਘਾਰੇ ਨੂੰ ਛੋਟੇ ਘਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਸ ਪਹਿਲੇ ਅਤੇ ਛੋਟੇ ਘਲੂਘਾਰੇ ਦੌਰਾਨ ਕਾਨੂੰਵਾਨ ਦੀ ਛੰਭ `ਚ ਘਿਰੇ ਹੋਏ ਖਾਲਸੇ ਦਾ ਜੂਨ ਸੰਨ ੧੭੪੬ `ਚ ਕਤਲੇਆਮ ਹੋਇਆ। ਉਸ ਘਲੂਘਾਰੇ `ਚ ਪੰਜ ਹਜ਼ਾਰ ਤੋਂ ਵੱਧ ਖਾਲਸੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ।

ਉਪ੍ਰੰਤ ਵੱਡਾ ਘਲੂਘਾਰਾ-ਉਸਤੋਂ ਬਾਅਦ, ੨੮ ਮਾਘ ਸੰਮਤ ੧੮੧੮ ਭਾਵ ੫ ਫਰਵਰੀ ੧੭੬੨ ਨੂੰ ਅਹਿਮਦਸ਼ਾਹ ਦੁਰਾਨੀ ਨਾਲ ਕੁੱਪ ਰਹੀੜੇ (ਰਾਏਪੁਰ ਗੁਜਰਵਾਲ) ਦੇ ਸਥਾਨ `ਤੇ ਖਾਲਸੇ ਦੀ ਡੱਟਵੀਂ ਟੱਕਰ ਹੋਈ। ਇਸ ਸਮੇਂ ਇਕੋ ਦਿਨ `ਚ ਲਗਭਗ ੧੫ ਤੋਂ ੨੦ ਹਜ਼ਾਰ ਸਿੰਘ ਅਤੇ ਉਨ੍ਹਾ ਦੇ ਪ੍ਰਵਾਰ ਸ਼ਹੀਦ ਹੋਏ। ਜਦਕਿ ਦੂਜੇ ਬੰਨੇਂ ਵੀ ਇਤਨੀ ਹੀ ਗਿਣਤੀ `ਚ ਵੈਰੀ ਦਲ ਦੀਆਂ ਫੋਜਾਂ ਵੀ।

ਗੁਰੂ ਕੇ ਪੰਥ ਲਈ ਇਹ ਇੱਕ ਅਜਿਹਾ ਭਿਅੰਕਰ ਸਮਾਂ ਸੀ ਜਦੋਂ ਸਿੱਖ ਕੇਵਲ ਆਪਣੇ ਸਰੂਪ ਦੀ ਰਾਖੀ ਲਈ ਹੀ ਸ਼ਹੀਦੀਆਂ ਪਾ ਰਹੇ ਸਨ। ਵਰਣਾ ਸਿੱਖ ਕੌਮ ਤਾਂ ਪਹਿਲਾਂ ਹੀ ਲੰਮੇ ਸਮੇਂ ਭਾਵ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਦੀ ਸਹਾਦਤ ਤੋਂ ਇੱਕ ਦੰਮ ਬਾਅਦ ਤੋਂ, ਅਜਿਹੀਆਂ ਮੁਸੀਬਤਾਂ ਹੀ ਝਾਗ ਰਹੀ ਸੀ। ਉਹ ਤਾਂ ਪਹਿਲਾਂ ਹੀ ਸੌਖਾ `ਤੇ ਸ਼ਹਰੀ ਜੀਵਨ ਤਾਂ ਬਤੀਤ ਹੀ ਨਹੀਂ ਸੀ ਕਰ ਰਹੀ। ਫ਼ਿਰ ਦੂਜੇ ਪਾਸੇ ਵੈਰੀ ਦੱਲ ਵੀ ਹਰ ਸਮੇਂ ਇੰਨ੍ਹਾਂ ਦਾ ਖੁਰਾ ਖੋਜ ਮਿਟਾਉਣ ਦੇ ਸੁਪਨੇ ਲੈ ਰਿਹਾ ਸੀ।

ਅਜਿਹੇ ਭਿਅੰਕਰ ਪੰਥਕ ਹਾਲਾਤ `ਚ ਸਿੱਖਾਂ ਲਈ ਆਪਣੇ ਸਿੱਖੀ ਜੀਵਨ ਦੀ ਤਾਂ ਸੰਭਾਲ ਕਰਣੀ ਹੀ ਸੰਭਵ ਨਹੀਂ ਸੀ। ਉਨ੍ਹੀ ਦਿਨੀ ਸਿੱਖਾਂ ਨੂੰ ਲਗਾਤਾਰ ਛੇ-ਛੇ ਦਿਨ ਘੋੜਿਆਂ ਦੀਆਂ ਕਾਠੀਆਂ `ਤੇ ਵੀ ਸਮਾਂ ਬਤੀਤ ਕਰਣਾ ਪੈ ਰਿਹਾ ਸੀ। ਕਿਉਂਕਿ ਹਰ ਸਮੇਂ ਉਨ੍ਹਾਂ ਪਿਛੇ, ਉਨ੍ਹਾਂ ਦੇ ਖੂਨ ਦਾ ਪਿਆਸਾ ਵੈਰੀ ਦਲ ਲਗਾ ਰਹਿੰਦਾ ਸੀ। ਤਾਂ ਵੀ ਗੁਰੂ ਦੇ ਓਟ ਆਸਰੇ, ਸਿੱਖਾਂ ਨੇ ਆਪਣਾ ਦਿਲ ਨਹੀਂ ਸੀ ਹਾਰਿਆ, ਵੈਰੀ ਦੀ ਈਨ ਨਹੀਂ ਸੀ ਮੰਨੀ। ਇੱਕ ਪਾਸੇ ਉਹ ਡਟ ਕੇ ਵੈਰੀ ਦਲ ਦਾ ਮੁਕਾਬਲਾ ਕਰ ਰਹੇ ਸਨ ਅਤੇ ਉਸ ਦੇ ਨਾਲ ਉਹ ਆਪਣੇ ਸਿੱਖੀ ਸਰੂਪ ਦੀ ਰਾਖੀ ਅਤੇ ਸੰਭਾਲ ਵੀ ਕਰ ਰਹੇ ਸਨ।

ਪਤਿੱਤਪੁਣੇ ਵੱਲ ਵਧ ਰਹੇ ਸੱਜਨਾਂ ਦੇ ਚਰਣਾਂ `ਚ! - ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਅੰਦਰੋਂ ਸਿੱਖੀ ਜੀਵਨ ਤੋਂ ਖਾਲੀ ਹੋ ਜਾਣ ਤੋਂ ਬਾਅਦ ਵੀ ਜਿਹੜਾ ਸਿੱਖੀ ਸਰੂਪ ਅੱਜ ਸਾਡੇ ਕੋਲ ਸ਼ਾਂਭਿਆ ਪਿਆ ਹੈ। ਅਸਲ `ਚ ਉਹ ਸਾਡੇ ਉਨ੍ਹਾਂ ਪੂਰਵਜਾਂ ਦੀ ਹੀ ਦੇਣ ਹੈ। ਉਨ੍ਹਾਂ ਪੂਰਵਜਾਂ ਦੀ, ਜਿਨ੍ਹਾਂ ਨੇ ਲਗਾਤਾਰ ਛੇ-ਛੇ ਦਿਨ ਘੋੜਿਆਂ ਦੀਆਂ ਕਾਠੀਆਂ `ਤੇ ਰਾਤਾਂ ਬਤੀਤ ਕਰਕੇ ਅਤੇ ਭੁਖੇ ਭਾਣੇ ਰਹਿ ਕੇ ਵੀ "ਗੁਰਬਾਣੀ ਜੀਵਨ ਦੇ ਪ੍ਰਗਟਾਵੇ" ਇਸ ਕੇਸਾਧਾਰੀ, ਸਰੂਪ ਦੀ ਰਾਖੀ ਕੀਤੀ। ਵੱਡੀ ਗਿਣਤੀ `ਚ ਸ਼ਹੀਦੀਆਂ ਤਾਂ ਪਾ ਲਈਆਂ ਪਰ ਆਂਪਣੇ ਸਰੂਪ `ਤੇ ਆਂਚ ਨਹੀਂ ਸੀ ਆਉਣ ਦਿੱਤੀ।

ਇਸ ਲਈ ਦੇਸ਼ ਤੇ ਸੰਸਾਰ ਭਰ `ਚ ਵੱਸ ਰਹੇ ਖਾਸਕਰ ਉਨ੍ਹਾਂ ਸਿੱਖਾਂ ਲਈ ਇਹ ਦੀਰਘ ਵਿਚਾਰ ਦਾ ਵਿਸ਼ਾ ਹੈ, ਜਿਹੜੇ ਅੱਜ ਆਪ ਨਾਈਆਂ ਦੀਆਂ ਦੁਕਾਨਾਂ `ਤੇ ਧੱਕੇ ਖਾ ਰਹੇ ਅਤੇ ਆਪਣੇ ਪਿਤਾ ਪੁਰਖੀ ਸਿੱਖੀ ਸਰੂਪ ਨੂੰ ਆਪਣੀ ਹੱਥੀਂ ਤਿਲਾਂਜਲੀ ਦੇਣ `ਤੇ ਤੁਲੇ ਹੋਏ ਹਨ। ਕਾਰਣ ਇਕੋ ਹੈ ਕਿ ਉਨ੍ਹਾਂ ਨੂੰ "ਗੁਰਬਾਣੀ ਜੀਵਨ ਦੇ ਪ੍ਰਗਟਾਵੇ" ਇਸ ਸਰੂਪ ਦੀ ਅਸਲੀਅਤ ਬਾਰੇ ਕੁੱਝ ਵੀ ਪਤਾ ਨਹੀਂ।

ਕਾਸ਼! ਉਨ੍ਹਾਂ ਕੁਮਾਰਗ ਪਿਆਂ ਨੇ ਆਪਣੇ ਗੌਰਵਮਈ ਇਤਿਹਾਸ ਤੋਂ ਇਸ ਇਲਾਹੀ ਤੇ ਰੱਬੀ ਸਰੂਪ ਦੀ ਕੀਮਤ ਹੀ ਕਿਸੇ ਤੋਂ ਪੁੱਛ ਲਈ ਹੁੰਦੀ। ਸਿੱਖੀ ਜੀਵਨ-ਜਾਚ ਤਾਂ ਉਨ੍ਹਾਂ ਕੋਲੋਂ ਪਹਿਲਾਂ ਹੀ ਖੁੱਸ ਚੁੱਕੀ ਹੋਈ ਸੀ, ਤਾਂ ਵੀ ਜੇ ਉਨ੍ਹਾਂ ਚੌਰਾਸੀ ਸਾਲਾਂ `ਚ "ਗੁਰਬਾਣੀ ਜੀਵਨ ਦੇ ਪ੍ਰਗਟਾਵੇ" ਇਸ ਸਿੱਖੀ ਸਰੂਪ ਦੀ ਬਚਾਅ ਵੀ ਤਾਂ, ਸਾਡੇ ਉਨ੍ਹਾਂ ਪੂਰਵਜਾਂ ਦੇ ਕਾਰਣ ਹੀ ਸੀ। ਜਦਕਿ ਉਨ੍ਹਾਂ ਸ਼ਹੀਦੀਆਂ ਪਾਉਣ ਵਾਲਿਆਂ ਵਿੱਚਕਾਰ ਓਦੋਂ ਬੱਚੇ, ਬਜ਼ੁਰਗ ਤੇ ਬੀਬੀਆਂ ਵੀ ਬਰਾਬਰ ਦੀਆਂ ਹਿੱਸੇਦਾਰ ਸਨ।

ਪਤਿੱਤ ਹੋਣ ਵਾਲਿਓ! ਤੁਸੀਂ ਠੰਡੇ ਦਿਮਾਗ਼ ਨਾਲ ਵਿਚਾਰ ਕਰੋ! -ਫ਼ਿਰ ਤੁਸੀਂ ਇਹ ਵੀ ਸਮਝ ਲਵੋਗੇ ਕਿ ਪ੍ਰਭੂ ਬਖ਼ਸ਼ੇ ਇਸ ਇਲਾਹੀ ਸੰਪੂਰਣ ਕੇਸਾਧਾਰੀ ਸਰੂਪ ਦੇ, ਤੁਹਾਡੇ ਪਾਸੋਂ ਚਲੇ ਜਾਣ ਬਾਅਦ, ਤੁਸੀਂ ਪੂਰੀ ਤਰ੍ਹਾਂ ਦੁਨੀਆਂ ਦੀ ਭੀੜ `ਚ ਗੁੰਮ ਹੋ ਚੁੱਕੇ ਹੋਵੋਗੇ। ਤੁਹਾਡਾ ਇਹ ਅਜੋਕਾ ਨਾਰ੍ਹਾ ਕਿ "ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ, ਕੇਸਾਂ `ਚ ਕੀ ਪਿਆ ਹੈ"। ਦਰਅਸਲ ਉਸ ਵੇਲੇ ਇਸ ਨਾਰੇ ਦੀ ਸਚਾਈ ਤੁਹਾਡੀ ਸਮਝ `ਚ ਆ ਵੀ ਗਈ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।

ਚੇਤੇ ਰਖੋ! ਸਰੂਪ ਦੇ ਚਲੇ ਜਾਣ ਤੋਂ ਬਾਅਦ, ਦੁਨੀਆਂ ਦੀ ਭੀੜ `ਚ ਵਿਚਰਦੇ ਹੋਏ ਤੁਹਾਡੇ ਅਤੇ ਤੁਹਾਡੇ ਪ੍ਰਵਾਰਾਂ ਦੇ ਮਨਾਂ `ਚੋਂ "ਗੁਰੂ ਨਾਨਕ-ਗ੍ਰਰੂ ਗਬਿੰਦ ਸਿੰਘ ਪਾਤਸ਼ਾਹ" ਦੀ ਨਿੱਘੀ ਯਾਦ ਵੀ ਬਹੁਤ ਜਲਦੀ, ਕੇਵਲ ਦੋ-ਤਿੰਨ ਪੁਸ਼ਤਾਂ ਬਾਅਦ ਹੀ, ਖ਼ਤਮ ਹੋ ਜਾਵੇਗੀ। ਜਦਕਿ ਗੁਰਬਾਣੀ ਦਾ ਸਰਬ-ਉੱਤਮ ਜੀਵਨ ਤਾਂ ਉਸ ਤੋਂ ਵੀ ਬਹੁਤ ਅੱਗੇ ਦਾ ਵਿਸ਼ਾ ਹੈ। ਫ਼ਿਰ ਜੇ ਸਾਡੇ ਕਹਿਣ `ਤੇ ਤੁਹਾਨੂੰ ਯਕੀਣ ਨਾ ਹੋਵੇ ਤਾਂ ਆਪਣੇ ਆਸ ਪਾਸ ਝਾਤ ਮਾਰ ਲਵੋ, ਤੁਹਾਨੂੰ ਇਸ ਦੀ ਸਚਾਈ ਬਹੁਤ ਜਲਦੀ ਸਮਝ ਆ ਜਾਵੇਗੀ।

ਉਸ ਦੇ ਨਾਲ-ਨਾਲ ਤੁਸੀਂ ਇਹ ਵੀ ਚੇਤੇ ਰਖੋ। "ਗੁਰੂ ਨਾਨਕ-ਗ੍ਰਰੂ ਗਬਿੰਦ ਸਿੰਘ ਪਾਤਸ਼ਾਹ" ਦੀ ਸਿੱਖੀ ਵੀ ਤੁਹਾਡੇ ਮਨ `ਚ ਉਦੋਂ ਹੀ ਆਪਣੀ ਜਗ੍ਹਾ ਬਣਾਵੇਗੀ, ਜਦੋਂ ਤੁਸੀਂ ਪ੍ਰਭੂ ਬਖ਼ਸ਼ੇ ਆਪਣੇ ਇਸ ਇਲਾਹੀ ਸੰਪੂਰਣ ਕੇਸਾ ਧਾਰੀ ਸਰੂਪ `ਚ ਰਹਿੰਦੇ ਹੋਏ, ਗੁਰਬਾਣੀ ਜੀਵਨ-ਜਾਚ ਦੀਆਂ ਪਉੜੀਆਂ `ਤੇ ਚੜ੍ਹਣਾ ਸ਼ੁਰੂ ਕਰੋਗੇ। ਦਰਅਸਲ ਅੱਜ ਤੁਹਾਡੀਆਂ ਇਨ੍ਹਾਂ ਢੁੱਚਰਾਂ ਦਾ ਵੀ ਇਕੋ ਹੀ ਕਾਰਣ ਹੈ ਕਿ ਅੱਜ ਤੁਹਾਡਾ ਉਹੀ ਮਨ "ਗੁਰਬਾਣੀ ਦੀ ਸਿਖਿਆ" ਅਤੇ "ਸਿੱਖੀ ਜੀਵਨ ਜਾਚ" ਪਖੋਂ ਪੂਰੀ ਤਰ੍ਹਾਂ ਖਾਲੀ ਹੈ।

ਇਸ ਲਈ ਜੇ ਅਜੇ ਵੀ ਤੁਸਾਂ ਆਪਣੀ ਅਸਲੀਅਤ ਦੀ ਪਛਾਣ ਕਰਣ ਦੀ ਕੋਸ਼ਿਸ਼ ਨਾ ਕੀਤੀ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਤੁਹਾਡੀ ਇਸ ਮੂਰਖਤਾ ਦਾ ਨਤੀਜਾ, ਅੱਜ ਤੋਂ ਕੇਵਲ ਦੋ ਤਿੰਨ ਪੁਸ਼ਤਾਂ ਬਾਅਦ ਹੀ ਤੁਹਾਡੀ ਔਲਾਦ ਨੂੰ ਵੀ ਟੱਲੀਆ ਵਜਾਉਣ ਤੇ ਬ੍ਰਾਹਮਣ ਦੇ ਪੈਰ ਪੂਜਣ ਜਾਂ ਫ਼ਿਰ ਵਿਭਚਾਰੀ ਆਦਿ ਜੀਵਨ ਬਿਤਾਉਣ ਲਈ ਹੀ ਮਜਬੂਰ ਹੋਣਾ ਪਵੇਗਾ। ਜਦਕਿ ਅਜਿਹੀਆਂ ਮਿਸਾਲਾ ਤਾਂ ਤੁਹਾਨੂੰ ਆਪਣੇ ਆਸੋਂ-ਪਾਸੋਂ ਸੌਖੇ ਹੀ ਮਿਲ ਸਕਦੀਆਂ ਹਨ। ਉਨ੍ਹਾਂ ਪ੍ਰਵਾਰਾਂ ਤੋੰ ਜਿਨ੍ਹਾ ਦੇ ਬਜ਼ੁਰਗ ਕੇਵਲ ਤੁਹਾਡੇ ਤੋਂ ਦੋ-ਤਿੰਨ ਪੁਸ਼ਤਾਂ ਪਹਿਲਾਂ ਪਤਿੱਤ ਹੋ ਗਏ ਸਨ। ਲੋੜ ਹੈ ਤਾਂ ਬਿਨਾ ਦੇਰ ਜਾਗਣ ਦੀ।

ਇਸ ਤੋਂ ਵੱਧ ਸ਼ਰਮਨਾਕ ਵਿਸ਼ਾ ਇਹ ਹੈ, ਜਦੋਂ ਸਾਡੇ ਹੀ ਕੁੱਝ ਭੁਲੱੜ ਤੇ ਅਖਉਤੀ ਸਿੱਖ ਵੀਰ ਆਪ, ਆਪਣੀਆਂ ਮਾਸੂਮ ਪੁੰਗਰਦੀਆਂ ਸਿੱਖ ਧਰਮ ਦੀਆਂ ਕੋਮਲ ਕਲੀਆਂ ਨੂੰ, ਆਪ ਆਪਣੀ ਉਂਗਲੀ ਨਾਲ ਲਗਾ ਕੇਂ ਨਾਈਆਂ ਪਾਸ ਲਿਜਾ ਰਹੇ ਹੁੰਦੇ ਹਨ। ਸਿੱਖ ਧਰਮ ਦੀਆਂ ਉਹ ਕੋਮਲ ਕਲੀਆਂ ਤੇ ਕਰੂਮਲਾਂ, ਜਿੰਨ੍ਹਾਂ ਤੀਕ ਅਜੇ ਸਿੱਖ ਧਰਮ ਦੀ ਖੁਸ਼ਬੂ ਵੀ ਨਹੀਂ ਪੁੱਜੀ ਹੁੰਦੀ।

ਸੋਚਿਆ ਜਾਵੇ ਤਾਂ ਸਿੱਖਾਂ ਅੰਦਰ ਆਪਣਾ ਸਰੂਪ ਗੁਆਉਣ ਵਾਲੀ ਇਹ ਛੂਤ ਦੀ ਬਿਮਾਰੀ, ਸਿੱਖਾਂ ਦੀ ਜਨਮ ਭੂਮੀ ਪੰਜਾਬ ਤੋਂ ਹੀ ਉਨ੍ਹਾਂ ਨਾਲ ਹਰ ਪਾਸੇ ਅਤੇ ਸਾਰੇ ਸੰਸਾਰ `ਚ ਪੁੱਜ ਰਹੀ ਹੈ। ਯਕੀਨਣ ਜੇ ਅੱਜ ਸਾਡੇ ਆਗੂ ਹੀ ਕੁੱਝ ਸਿਆਣੇ ਹੁੰਦੇ ਤਾਂ ਉਹ ਇਸ ਪੱਖੋਂ ਬਹੁਤ ਕੁੱਝ ਸੰਭਾਲ ਸਕਦੇ ਸਨ। ਦਰਅਸਲ ਇਹ ਸਾਡੇ ਆਗੂਆਂ ਤੇ ਬਹੁਤੇ ਸਿੱਖ ਪ੍ਰਵਾਰਾਂ `ਚ ਅਜਿਹੇ ਮਾਪਿਆਂ ਦੇ ਨਿੱਜੀ ਕਿਰਦਾਰ, ਬਲਕਿ ਸੰਨ ੧੭੧੬ ਤੋਂ ਲਗਾਤਾਰ ਅੱਜ ਤੀਕ ਉਨ੍ਹਾਂ ਰਾਹੀਂ ਦਿਨ-ਰਾਤ ਪ੍ਰਚਾਰੀ ਜਾ ਰਹੀ, ਬ੍ਰਾਹਮਣੀ ਤੇ ਅਣਮੱਤੀ ਮਿਲਗੋਭਾ ਸਿੱਖੀ ਦਾ ਹੀ ਨਤੀਜਾ ਹੈ, ਜਿਸ ਨੂੰ ਅੱਜ ਸਾਰਾ ਪੰਥ ਭੋਗ ਰਿਹਾ ਹੈ।

ਖੂਬੀ ਇਹ, ਕਿ ਸਾਡੀ ਇਹ ਦੁਰਦਸ਼ਾ, ਗੁਰਾਂ ਦੀ ਉਸ ਧਰਤੀ ਤੋਂ ਅਰੰਭ ਹੋ ਰਹੀ ਹੈ, ਜਿੱਥੇ ਨੌ ਗੁਰੂ ਸਰੂਪਾਂ ਦਾ ਆਗਮਨ ਹੋਇਆ। ਜਿੱਥੇ ‘ਸ਼ੋਮ੍ਰਣੀ ਕਮੇਟੀ’ ਬੈਠੀ ਹੈ, ਜਿੱਥੇ ਸਿੱਖ ਧਰਮ ਦੇ ਮੰਨੇ ਜਾਂਦੇ ਪੰਜਾਂ `ਚੋਂ ‘ਤਿੰਨ ਤਖਤ’ ਅਤੇ ਨਾਲ ਉਨ੍ਹਾਂ ਤਖ਼ਤਾਂ ਦੇ ‘ਜਥੇਦਾਰ’ ਵੀ ਬੈਠੇ ਹਨ। ਉਪ੍ਰੰਤ ਜਿੱਥੇ ਅੱਜ ਕੀਰਤਨ-ਦਰਬਾਰਾਂ ਤੇ ਸ਼ਤਾਬਦੀਆਂ ਦੀਆਂ ਤਾਂ ਕੱਤਾਰਾਂ ਲਗੀਆਂ ਹੋਈਆਂ ਹਨ ਪਰ "ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ" (ਪੰ: ੭੨੭) ਵਾਲੀ ਗੱਲ ਉੱਕਾ ਹੀ ਮੁੱਕੀ ਹੋਈ ਹੈ। (ਚਲਦਾ) #418P-XVIIIIs06.16.02.16#p19

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XVIIII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਉਨੀਂਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.