.

ਟਰੰਪ ਤਾਂ ਜਿੱਤ ਗਿਆ ਹੁਣ ਕੀ ਹੋਵੇਗਾ?

ਅਮਰੀਕਾ ਦੇ ਪ੍ਰਧਾਨ ਦੀ ਚੋਣ 8 ਨਵੰਬਰ ਨੂੰ ਹੋ ਗਈ ਹੈ ਅਤੇ ਡੌਨਲ ਟਰੰਪ ਹਿਲਰੀ ਕਲਿੰਟਨ ਨੂੰ ਪਛਾੜ ਕੇ ਚੋਣ ਜਿੱਤ ਗਿਆ ਹੈ। ਚੋਣ ਤੋਂ ਪਹਿਲਾਂ ਤਕਰੀਬਨ ਸਾਰੇ ਪੋਲ ਹਿਲਰੀ ਨੂੰ ਜਿਤਾ ਰਹੇ ਸਨ ਜਾਂ ਬਹੁਤ ਹੀ ਨੇੜੇ ਅਤੇ ਫਸਵੀਂ ਟੱਕਰ ਦਰਸਾ ਰਹੇ ਸਨ। ਪਰ ਅਮਰੀਕਾ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਐਲਨ ਲਿਚਮੈਨ ਨੇ ਚੋਣਾਂ ਤੋਂ ਕਈ ਹਫਤੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਡੌਲਨ ਟਰੰਪ ਜਿੱਤੇਗਾ। ਇਸ ਨੇ ਕਿਸ ਗੱਲ ਦੇ ਅਧਾਰ ਤੇ ਇਹ ਗੱਲ ਕਹੀ ਸੀ, ਇਸ ਬਾਰੇ ਅਗਾਂਹ ਚੱਲ ਕੇ ਗੱਲ ਕਰਦੇ ਹਾਂ। ਟਰੰਪ ਦੇ ਜਿੱਤਣ ਦਾ ਅਸਰ ਸਾਰੀ ਦੁਨੀਆ ਤੇ ਪੈ ਰਿਹਾ ਹੈ ਅਤੇ ਪਵੇਗਾ। ਇਸ ਤੋਂ ਕੋਈ ਵੀ ਅਭਿੱਜ ਨਹੀਂ ਰਹਿ ਸਕਦਾ। ਭਾਂਵੇਂ ਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ ਅਤੇ ਰਾਜਨੀਤੀ ਜਾਂ ਕਿਸੇ ਰਾਜਨੀਤਕ ਪਾਰਟੀ ਨਾਲ ਇਸ ਦਾ ਸੰਬੰਧ ਵੀ ਕੋਈ ਨਹੀਂ ਹੈ ਅਤੇ ਨਾ ਹੀ ਸਾਨੂੰ ਰਾਜਨੀਤੀ ਦੀ ਬਹੁਤੀ ਸੂਝ ਹੀ ਹੈ। ਕਿਉਂਕਿ ਟਰੰਪ ਦੀ ਜਿੱਤ ਦਾ ਅਸਰ ਸਾਰਿਆਂ ਤੇ ਪੈਣਾ ਹੈ ਅਤੇ ਪੈ ਰਿਹਾ ਹੈ ਇਸ ਲਈ ਗੁਰਮਤਿ ਦੇ ਦਾਇਰੇ ਵਿੱਚ ਰਹਿੰਦਿਆਂ ਆਮ ਜਾਣਕਾਰੀ ਅਤੇ ਸੁਚੇਤ ਰਹਿਣ ਲਈ ਕੁੱਝ ਵਿਚਾਰ ਸਾਂਝੇ ਕਰ ਰਿਹਾ ਹਾਂ।
ਕਨੇਡਾ ਅਤੇ ਅਮਰੀਕਾ ਦੇ ਦਰਿਮਿਆਨ ਹਰ ਰੋਜ਼ ਤਕਰੀਬਨ ਇੱਕ ਬਿਲੀਅਨ ਡਾਲਰ ਦਾ ਟਰੇਡ ਹੁੰਦਾ ਹੈ ਜੇ ਟਰੰਪ ਨਾਫਟਾ ਨੂੰ ਖਤਮ ਕਰਕੇ ਪਬੰਦੀਆਂ ਲਉਂਦਾ ਹੈ ਤਾਂ ਕਨੇਡਾ ਅਤੇ ਮੈਕਸੀਕੋ ਵਿੱਚ ਇੱਕ ਦਮ ਰਿਸੈਸ਼ਨ ਆਉਣ ਦਾ ਖਤਰਾ ਹੋ ਸਕਦਾ ਹੈ। ਕਿਉਂਕਿ ਚੋਣਾਂ ਜਿੱਤਣ ਤੋਂ ਇੱਕ ਦਮ ਬਾਅਦ ਵਿੱਚ ਟਰੰਪ ਦੀ ਟਿਊਨ ਕੁੱਝ ਬਦਲ ਗਈ ਸੀ ਇਸ ਲਈ ਭਰੋਸੇ ਨਾਲ ਉਸ ਬਾਰੇ ਕੁੱਝ ਵੀ ਕਹਿਣਾ ਮੁਸ਼ਕਲ ਹੈ। ਜਿਸ ਤਰ੍ਹਾਂ ਉਹ ਆਪਣੀ ਕੈਬਨਿਟ ਵਿੱਚ ਕੱਟੜਵਾਦੀਆਂ ਨੂੰ ਲੈ ਰਿਹਾ ਹੈ ਉਸ ਬਾਰੇ ਸਾਰੀ ਦੁਨੀਆਂ ਦੇ ਸਿਆਣੇ ਲੋਕ ਚਿੰਤਤ ਹਨ ਕਿ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਗੁਲ ਖਿਲਾਏਗਾ। ਪਰ ਕਨੇਡਾ, ਅਮਰੀਕਾ ਅਤੇ ਯੂਰਪ ਦੇ ਸਾਰੇ ਕੱਟੜਵਾਦੀ ਗੋਰੇ ਟਰੰਪ ਦੀ ਜਿੱਤ ਤੋਂ ਖੁਸ਼ ਹਨ। ਇਹ ਲੋਕ ਨਸਲਵਾਦ ਨੂੰ ਬਹੁਤ ਹੱਲਾ-ਸ਼ੇਰੀ ਦੇ ਰਹੇ ਹਨ। ਇਸੇ ਕਰਕੇ ਟਰੰਪ ਦੇ ਜਿੱਤਣ ਤੋਂ ਬਾਅਦ ਇੱਕ ਦਮ ਨਸਲੀ ਵਿਤਕਰੇ ਅਤੇ ਹਿੰਸਾ ਵਿੱਚ ਵਾਧਾ ਹੋਇਆ ਹੈ। ਜੋ ਕਿ ਹਰ ਇੱਕ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਹੋਣਾ ਚਾਹੀਦਾ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਲੋਕ ਪੰਜਾਬੀ ਅਤੇ ਸਿੱਖ-ਭਾਈਚਾਰੇ ਨਾਲ ਸੰਬੰਧਿਤ ਹਨ ਉਹ ਵੀ ਕਈ ਟਰੰਪ ਦੀ ਜਿੱਤ ਤੇ ਖੁਸ਼ੀ ਮਨਾ ਰਹੇ ਹਨ। ਟਰੰਟੋ ਦੇ ਇਲਾਕੇ ਦਾ ਇੱਕ ਕਾਲਮ ਨਵੀਸ ਜਿਹੜਾ ਕਿ ਕੱਟੜਵਾਦੀ ਖ਼ਾਲਿਸਤਾਨੀਆਂ ਦੇ ਖ਼ਿਲਾਫ ਆਮ ਹੀ ਲਿਖਦਾ ਰਹਿੰਦਾ ਹੈ ਉਹ ਵੀ ਟਰੰਪ ਦੀਆਂ ਸਿਫਤਾਂ ਕਰ ਰਿਹਾ ਹੈ। ਹੋਰ ਵੀ ਕਈ ਰੇਡੀਓ ਤੇ ਟਰੰਪ ਦੇ ਜਿੱਤਣ ਦੀਆਂ ਵਧਾਈਆਂ ਦੇ ਰਹੇ ਸਨ। ਕਈ ਸਿੱਖ ਅਤੇ ਮਨੂੰਵਾਦੀ ਸੋਚ ਵਾਲੇ ਕੱਟੜ ਹਿੰਦੂ ਟਰੰਪ ਦੇ ਜਿੱਤਣ ਤੇ ਬਹੁਤ ਖੁਸ਼ ਹਨ ਕਿਉਂਕਿ ਟਰੰਪ ਮੁਸਲਮਾਨਾ ਦੇ ਬਹੁਤ ਖਿਲਾਫ ਹੈ। ਇਹ ਠੀਕ ਹੈ ਕਿ ਮੁਸਲਮਾਨ ਹੋਰਨਾ ਨਾਲੋਂ ਜ਼ਿਆਦਾ ਕੱਟੜ ਅਤੇ ਮਾਰ-ਮਰਾਈ ਕਰਨ ਵਾਲੇ ਹਨ ਅਤੇ ਇਹਨਾ ਦੇ ਪ੍ਰਵਾਰ ਵੀ ਵੱਡੇ ਹੁੰਦੇ ਹਨ ਭਾਵ ਕੇ ਬੱਚੇ ਕਾਫੀ ਹੁੰਦੇ ਹਨ। ਕਨੇਡਾ ਵਿੱਚ ਆਏ ਇੱਕ ਰਫਿਊਜੀ ਪਰਵਾਰ ਦੇ ਅੱਠ ਬੱਚੇ ਸਨ ਅਤੇ ਚਾਰ ਉਹ ਆਪ ਬਾਲਗ ਸਨ, ਕੁੱਲ ਮਿਲਾ ਕੇ 13 ਜਣੇ ਸਨ। ਪਰ ਫਿਰ ਵੀ ਜਿਸ ਤਰ੍ਹਾਂ ਦੀ ਨਫਰਤ ਟਰੰਪ ਅਤੇ ਹੋਰ ਫੈਲਾ ਰਹੇ ਹਨ ਉਸ ਨੂੰ ਠੀਕ ਨਹੀਂ ਮੰਨਿਆ ਜਾ ਸਕਦਾ। ਧਰਮ ਅਤੇ ਰੰਗ ਦੇ ਨਾਮ ਤੇ ਕੱਟੜਤਾ ਅਤੇ ਨਫਰਤ ਭਾਵੇਂ ਕੋਈ ਵੀ ਫੈਲਾਵੇ ਚੰਗੀ ਗੱਲ ਨਹੀਂ ਮੰਨੀ ਜਾ ਸਕਦੀ।
ਸਾਡੇ ਨਾਲ ਦੇ ਸੂਬੇ/ਸਟੇਟ ਅਲਬਰਟਾ ਵਿੱਚ ਇਸ ਵੇਲੇ ਐਂਡੀ. ਪੀ. ਦੀ ਸਰਕਾਰ ਹੈ। ਉਥੇ ਟੋਰੀ ਪਾਰਟੀ ਨੇ ਆਪਣਾ ਨਵਾ ਸੁਬਾਈ ਲੀਡਰ ਚੁਣਨਾ ਹੈ। ਜੇਸਨ ਕੇਨੀ ਜਿਹੜਾ ਕਿ ਕਨੇਡਾ ਵਿੱਚ ਸਟੀਫਨ ਹਾਰਪਰ ਦੀ ਸਰਕਾਰ ਵੇਲੇ ਇੰਮੀਗਰੇਸ਼ਨ ਮੰਤਰੀ ਰਿਹਾ ਹੈ ਉਹ ਵੀ ਇਸ ਲੀਡਰ ਦੀ ਦੌੜ ਵਿੱਚ ਸ਼ਾਮਲ ਹੈ। ਇਸ ਵਿੱਚ ਕੁੱਝ ਬੀਬੀਆਂ ਵੀ ਸ਼ਾਮਲ ਹਨ। ਕੁੱਝ ਦਿਨ ਪਹਿਲਾਂ ਇੱਕ ਬੀਬੀ ਨੇ ਦੋਸ਼ ਲਾਇਆ ਹੈ ਕਿ ਜੇਸਨ ਕੇਨੀ ਵੀ ਇੱਥੇ ਟਰੰਪ ਵਾਂਗ ਹੀ ਕਰਨਾ ਚਾਹੁੰਦਾ ਹੈ ਅਤੇ ਉਸ ਬੀਬੀ ਨੇ ਕੇਨੀ ਦੇ ਬੰਦਿਆਂ ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਅਤੇ ਹੁਣ ਇਹ ਬੀਬੀ ਐਂਡੀ. ਪੀ ਵਿੱਚ ਸ਼ਾਮਲ ਹੋ ਗਈ ਹੈ। ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਜੇਸਨ ਕੇਨੀ ਨੇ ਇੰਮੀਗਰੇਸ਼ਨ ਮੰਤਰੀ ਹੁੰਦਿਆਂ ਕਨੂੰਨ ਕਾਫੀ ਸਖਤ ਕਰ ਦਿੱਤੇ ਸਨ।
ਟਰੰਪ ਦੇ ਜਿੱਤਣ ਤੋਂ ਬਾਅਦ ਸਾਰੀ ਦੁਨੀਆ ਵਿੱਚ ਸਿਆਣੇ ਲੋਕ ਆਪਣੇ ਸਿਰ ਖੁਰਕਣ ਲਈ ਮਜ਼ਬੂਰ ਹੋਏ ਸਨ ਕਿ ਇਹ ਹੋ ਕੀ ਗਿਆ ਹੈ। ਭਾਂਵੇਂ ਕਿ ਹਿਲੇਰੀ ਕਲਿੰਟਨ ਤੇ ਵੀ ਕਈ ਦੋਸ਼ ਲਗਦੇ ਹਨ ਖਾਸ ਕਰਕੇ ਈ-ਮੇਲਾਂ ਦੇ ਪਰ ਫਿਰ ਵੀ ਉਹ ਸਰਿਆਂ ਨੂੰ ਨਾਲ ਲੈ ਕੇ ਚੱਲਣ ਬਾਰੇ ਕਹਿੰਦੀ ਰਹੀ ਹੈ। ਅਮਰੀਕੇ ਦੇ ਬਹੁਤੇ ਲੋਕ ਦੋਹਾਂ ਤੇ ਹੀ ਭਰੋਸਾ ਕਰਨ ਲਈ ਤਿਆਰ ਨਹੀਂ ਸਨ ਪਰ ਇੱਕ ਦੀ ਚੋਣ ਤਾਂ ਕਰਨੀ ਹੀ ਪੈਣੀ ਸੀ ਜੋ ਹੁਣ ਹੋ ਗਈ ਹੈ। ਹੁਣ ਅਗਾਂਹ ਬਾਰੇ ਆਪਣੀ ਚਿੰਤਾ ਸਾਰੇ ਹੀ ਕਰ ਰਹੇ ਹਨ। ਜਪਾਨ ਦਾ ਪ੍ਰਧਾਨ ਮੰਤਰੀ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆ ਕੇ ਮਿਲ ਗਿਆ ਹੈ। ਮਾੜੇ ਜਿਹੇ ਦੇਸ਼ ਦੇ ਕਿਸੇ ਪ੍ਰਧਾਨ ਨੂੰ ਕੋਈ ਨਹੀਂ ਪੁੱਛਦਾ ਕਿ ਉਸ ਦੇ ਕਿਹੋ ਜਿਹੇ ਵਿਚਾਰ ਹਨ ਪਰ ਅਮਰੀਕਾ ਦੁਨੀਆ ਦਾ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਹੋਣ ਦੇ ਕਾਰਨ ਸਾਰੀ ਦੁਨੀਆ ਦੇ ਲੋਕਾਂ ਤੇ ਇਸ ਦਾ ਪ੍ਰਭਾਵ ਪੈਂਦਾ ਹੈ ਅਤੇ ਪੈਣਾ ਹੈ, ਤਾਹੀਉਂ ਤਾਂ ਸਾਰੇ ਚਿੰਤਤ ਹਨ। ਸਾਰੀ ਦੁਨੀਆ ਦਾ ਟਰੇਡ ਵੀ ਆਮ ਕਰਕੇ ਅਮਰੀਕਾ ਕਰੰਸੀ ਵਿੱਚ ਹੀ ਹੁੰਦਾ ਹੈ ਇਸ ਕਰਕੇ ਵੀ ਸਾਰੀ ਦੁਨੀਆ ਤੇ ਪਰਭਾਵ ਪੈਂਣਾ ਹੈ।
ਜੋ ਹੋਣਾ ਸੀ ਉਹ ਤਾਂ ਹੁਣ ਹੋ ਚੁੱਕਾ ਹੈ ਪਰ ਨਸਲਵਾਦ ਵਧਣ ਦਾ ਖਤਰਾ ਹੈ ਅਤੇ ਵਧ ਵੀ ਰਿਹਾ ਹੈ ਜੋ ਕਿ ਚੰਗੀ ਗੱਲ ਨਹੀਂ ਕਹੀ ਜਾ ਸਕਦੀ। ਸਾਡੇ ਲੋਕ ਬਹੁਤੇ ਦੂਰ ਅੰਦੇਸ਼ ਨਹੀਂ ਹੁੰਦੇ ਇਹ ਤਾਂ ਇੱਕ ਨਿੱਕੇ ਜਿਹੇ ਅਹੁਦੇ ਨੂੰ ਮਿਲਣ ਤੇ ਹੀ ਖੁਸ਼ ਹੋ ਜਾਂਦੇ ਹਨ। ਜੇ ਕਰ ਨਿੱਕੀ ਨੂੰ ਟਰੰਪ ਨੇ ਕੋਈ ਅਹੁਦਾ ਦੇ ਦਿੱਤਾ ਤਾਂ ਇਹਨਾ ਨੇ ਤਾਂ ਉਸ ਤੇ ਹੀ ਕੱਛਾਂ ਵਜਾਉਣੀਆਂ ਸ਼ੁਰੂ ਕਰ ਦੇਣੀਆਂ ਹਨ। ਹੋ ਸਕਦਾ ਹੈ ਕਿ ਟਰੰਪ ਦੇ ਆਉਣ ਨਾਲ ਕਈ ਗੱਲਾਂ ਚੰਗੀਆਂ ਵੀ ਹੋ ਜਾਣ ਜਿਵੇਂ ਕਿ ਸੀਰੀਆਂ ਦੀ ਲੜਾਈ ਦਾ ਅੰਤ ਹੋ ਸਕਦਾ ਹੈ ਅਤੇ ਜੇ ਕਰ ਇਹ ਹੋ ਗਿਆ ਤਾਂ ਰਫਿਊਜੀਆਂ ਦਾ ਮਸਲਾ ਵੀ ਕਾਫੀ ਹੱਲ ਹੋ ਸਕਦਾ ਹੈ। ਇਸ ਲਈ ਸਾਰਾ ਕੁੱਝ ਨਾ ਪੱਖੀ ਸੋਚਣ ਦੇ ਨਾਲ-ਨਾਲ ਕੁੱਝ ਹਾਂ ਪੱਖੀ ਉਮੀਦ ਵੀ ਰੱਖਣੀ ਚਾਹੀਦੀ ਹੈ।
ਆਓ ਹੁਣ ਅਖੀਰ ਤੇ ਪ੍ਰੋ: ਐਲਨ ਲਿਚਮੈਨ ਦੀ ਗੱਲ ਵੀ ਕਰ ਲਈਏ। ਇਹ ਪ੍ਰੋ: 1984 ਤੋਂ ਭਵਿੱਖਬਾਣੀ ਕਰਦਾ ਆ ਰਿਹਾ ਹੈ ਕਿ ਚੋਣਾਂ ਵਿੱਚ ਕਿਸ ਦੀ ਜਿੱਤ ਹੋਵੇਗੀ। ਇਸ ਦੀ ਕੀਤੀ ਭਵਿੱਖਬਾਣੀ ਪਿਛਲੇ 32 ਸਾਲਾਂ ਵਿੱਚ ਸਿਰਫ ਇੱਕ ਵਾਰੀ ਨੂੰ ਛੱਡ ਕੇ ਹਰ ਵਾਰੀ ਠੀਕ ਹੋਈ ਹੈ। ਟਰੰਪ ਦੇ ਜਿੱਤਣ ਬਾਰੇ ਇਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਇਹ ਕੋਈ ਜੋਤਸ਼ੀ ਨਹੀਂ ਹੈ ਕਿ ਗਰਿਹਾਂ ਨਛੱਤਰਾਂ ਨੂੰ ਦੇਖ ਕੇ ਜਾਂ ਕਿਸੇ ਰਾਹੂ ਕੇਤੂ ਰਾਹੀਂ ਅੰਦਾਜ਼ਾ ਲਉਂਦਾ ਹੈ। ਇਹ ਇੱਕ ਯੂਨੀਵਰਸਿਟੀ ਦਾ ਪ੍ਰੋ: ਹੈ ਇਸ ਨੇ ਇੱਕ ਫਾਰਮੂਲਾ ਬਣਾਇਆ ਹੋਇਆ ਹੈ ਜਿਸ ਵਿੱਚ ਕਿ 13 ਸਵਾਲ ਹਨ। ਜਿਹੜੀ ਪਾਰਟੀ ਤੇ ਇਹਨਾ 13 ਵਿਚੋਂ 7 ਜ਼ਿਆਦਾ ਢੁਕਣ ਉਹਨਾ ਤੇ ਜਿੱਤ ਹਾਰ ਦੀ ਭਵਿੱਖਬਾਣੀ ਕਰਦਾ ਹੈ। ਉਸ ਦੇ ਇਹ 13 ਨੁਕਤੇ/ਸਵਾਲ ਇਹ ਹਨ ਜੋ ਕਿ ਅਸੀਂ ਸੀ. ਬੀ. ਸੀ. ਦੀ ਵੈੱਬ ਸਾਈਟ ਤੋਂ ਲੈ ਕੇ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:
Here are Lichtman's 13 Keys to The White House:
1. Party Mandate: After the midterm elections, the incumbent party holds more seats in the U.S. House of Representatives than after the previous midterm elections.
2. Contest: There is no serious contest for the incumbent party nomination.
3. Incumbency: The incumbent party candidate is the sitting president.
4. Third party: There is no significant third party or independent campaign.
5. Short term economy: The economy is not in recession during the election campaign.
6. Long term economy: Real per capita economic growth during the term equals or exceeds mean growth during the previous two terms.
7. Policy change: The incumbent administration effects major changes in national policy.
8. Social unrest: There is no sustained social unrest during the term.
9. Scandal: The incumbent administration is untainted by major scandal.
10. Foreign/military failure: The incumbent administration suffers no major failure in foreign or military affairs.
11. Foreign/military success: The incumbent administration achieves a major success in foreign or military affairs.
12. Incumbent charisma: The incumbent party candidate is charismatic or a national hero.
13. Challenger charisma: The challenging party candidate is not charismatic or a national hero.

ਪ੍ਰੋ: ਐਲਨ ਲਿਚਮੈਨ ਨੂੰ ਜਦੋਂ ਟਰੰਪ ਦੇ ਭਵਿੱਖ ਬਾਰੇ ਸਵਾਲ ਪੁੱਛਿਆ ਕਿ ਦੇਸ਼ ਨੂੰ ਕਿਸ ਤਰ੍ਹਾਂ ਚਲਾਵੇਗਾ ਅਤੇ ਦੁਨੀਆ ਤੇ ਉਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਅਤੇ ਉਸ ਦਾ ਅਪਾਣਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਇਸ ਦਾ ਜਵਾਬ ਪ੍ਰੋ: ਐਲਨ ਲਿਚਮੈਨ ਨੇ ਇਹ ਦਿੱਤਾ ਸੀ ਕਿ ਟਰੰਪ ਤੇ ਆਉਣ ਵਾਲੇ ਸਮੇਂ ਵਿੱਚ ਇੰਪੀਚਮਿੰਟ ਹੋਣ ਦੀ ਪੂਰੀ ਸੰਭਾਵਨਾ ਹੈ। ਉਸ ਤੇ ਕਈ ਕੇਸ ਚੱਲ ਰਹੇ ਹਨ ਅਤੇ ਹੋਰ ਵੀ ਚੱਲਣਗੇ। ਖਾਸ ਕਰਕੇ ਰੇਪ ਦੇ ਅਤੇ ਟੈਕਸ ਛੋਟ ਵਾਲੀ ਸੁਸਾਇਟੀ ਦੇ। ਦੇਖੋ ਕਿ ਆਉਣ ਵਾਲੇ ਸਮੇਂ ਵਿੱਚ ਪ੍ਰੋ: ਐਲਨ ਲਿਚਮੈਨ ਦੀ ਭਵਿੱਖਵਾਣੀ ਕਿਤਨੀ ਕੁ ਠੀਕ ਹੁੰਦੀ ਹੈ। ਜੇ ਕਰ ਕਿਸੇ ਪਾਠਕ ਨੂੰ ਇਸ ਲੇਖ ਵਿੱਚ ਕੋਈ ਜਾਣਕਾਰੀ ਗਲਤ ਲਗਦੀ ਹੈ ਤਾਂ ਉਹ ਆਪਣੇ ਵਿਚਾਰ, ‘ਤੁਹਾਡੇ ਆਪਣੇ ਪੰਨੇ’ ਤੇ ਦੇ ਸਕਦਾ ਹੈ।
ਮੱਖਣ ਸਿੰਘ ਪੁਰੇਵਾਲ,
ਨਵੰਬਰ 20, 2016.




.