.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਅਠਾਰਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਉਹ ਚੌਰਾਸੀ ਸਾਲ ਬਨਾਮ ਸਿੱਖ ਇਤਿਹਾਸ- ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਅਤੇ ਸੰਨ ੧੭੯੯ ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਦੀ ਕਾਇਮੀ ਦੌਰਾਨ, ਜਦੋਂ ਰਾਜਸੀ ਅਤਿਆਚਾਰਾਂ ਕਾਰਣ ਸਾਰੀ ਸਿੱਖ ਕੌਮ ਅਤੇ ਉਨ੍ਹਾਂ ਦੇ ਪ੍ਰਵਾਰ, ਵੱਕਤੀ ਤੌਰ `ਤੇ ਜੰਗਲਾਂ, ਜੂਹਾਂ, ਮਾਰੂਥਲਾ ਅਤੇ ਪਹਾੜਾਂ `ਚ ਜਾ ਵੱਸੇ। ਉਪ੍ਰੰਤ ਇਹੀ ਉਹ ਚੌਰਾਸੀ ਸਾਲਾਂ ਦਾ ਮੁੱਖ ਸਮਾਂ ਸੀ, ਜਿਸ ਸੰਬੰਧੀ ਜ਼ਿਕਰ ਚੱਲ ਰਿਹਾ ਹੈ।

ਉਸ ਸਾਰੇ ਨਾਲ ਵਿਚਾਰਣ ਦਾ ਵਿਸ਼ਾ ਇਹ ਹੈ ਕਿ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ, ਕੇਵਲ ਇਤਨਾ ਹੀ ਨਹੀਂ ਸੀ ਹੋਇਆ ਜਾਂ ਹੋ ਰਿਹਾ ਕਿ ਸਿੱਖ ਧਰਮ ਦੀਆਂ ਸਮੂਚੀਆਂ ਧਰਮਸ਼ਾਲਾਵਾਂ ਅਤੇ ਇਤਿਹਾਸਕ ਸਥਾਨਾਂ `ਤੇ ਰਾਮਰਈਏ, ਧੀਰਮਲੀਏ, ਬੇਦੀ-ਸੋਢੀ ਵੰਸ਼ਜ, ਨਿਰਮਲੇ, ਡੁਪਲੀਕੇਟ ਉਦਾਸੀ, ਭਿੰਨ-ਭਿੰਨ ਡੇਰੇਦਾਰ, ਉਪ੍ਰੰਤ ਸਮੇਂ ਸਮੇਂ ਦੀਆਂ ਬਖ਼ਸ਼ਿਸ਼ਾਂ ਅਤੇ ਗੱਦੀਆਂ ਨਾਲ ਸੰਬੰਧਤ ਪ੍ਰਵਾਰਾਂ ਨਾਲ ਸੰਬੰਧਤ ਲੋਕਾਂ `ਚੋਂ ਬਰਸਾਤੀ ਖੁੰਬਾਂ ਵਾਂਗ ਉਪਜੇ ਗੱਦੀਦਾਰ, ਉਪ੍ਰੰਤ ਸਿੱਖੀ ਭੇਸ `ਚ ਵਿਪ੍ਰ, ਮੰਦਿਰਾਂ ਦੇ ਬਹੁਤੇ ਅਣਪੜ੍ਹ ਪੁਜਾਰੀ ਆਦਿ; ਵੱਕਤੀ ਲਾਭ ਲੈਣ ਲਈ ਕੌਮ `ਤੇ ਛਾਏ ਰਹੇ। ਬਲਕਿ ਉਹ ਸਾਰੇ ਆਪਣੇ ਆਪਣੇ ਢੰਗ ਦਾ ਤੇ ਆਪਣੇ-ਆਪਣੇ ਡੇਰੇ ਅਥਵਾ ਆਪਣੀ-ਆਪਣੀ ਨਿਜ ਦੀ ਚੜ੍ਹਤ ਲਈ ਹੀ ਪ੍ਰਚਾਰ ਕਰ ਰਹੇ ਸਨ। ਇਹ ਸਾਰੇ ਜ਼ਾਹਿਰਾ ਤਾਂ ਭਾਵੇਂ ਗੁਰਮੱਤ ਦਾ ਪ੍ਰਚਾਰ ਹੀ ਕਰ ਰਹੇ ਸਨ ਪਰ ਮੂਲ ਰੂਪ `ਚ ਨਾ ਉਹ ਗੁਰਮੱਤ ਦਾ ਪ੍ਰਚਾਰ ਕਰ ਰਹੇ ਸਨ ਅਤੇ ਨਾ ਹੀ ਗੁਰਬਾਣੀ ਵਿਚਾਰਧਾਰਾ ਦਾ।

ਜਿਵੇਂ ਕਿ ਵੇਰਵਾ ਵੀ ਆ ਚੁੱਕਾ ਹੈ ਕਿ ਉਸ ਅਤਿ ਦੇ ਬਿਖੜੇ ਤੇ ਕਠਨ ਸਮੇਂ `ਚ ਉਨ੍ਹਾਂ ਸਮੂਹ ਵਿਰੋਧੀਆਂ `ਚੋਂ ਹਰੇਕ ਦਾ ਮਕਸਦ ਕੇਵਲ ਗੁਰਮੱਤ ਅਤੇ ਗੁਰਬਾਣੀ ਦੇ ਪਰਦੇ `ਚ ਆਪਣੇ-ਆਪਣੇ ਡੇਰੇ ਅਤੇ ਸੰਪ੍ਰਦਾਏ ਆਦਿ ਨੂੰ ਹੀ ਚਮਕਾਉਣਾ ਅਤੇ ਉਸ ਨੂੰ, ਉਸ ਸਮੇਂ ਦੀਆਂ ਗੁਰੂ ਕੀਆਂ ਭੋਲੀਆਂ ਭਾਲੀਆਂ ਸੰਗਤਾਂ `ਤੇ ਭਾਰੂ ਕਰਣਾ ਸੀ। ਕਿਉਂਕਿ ਉਸ ਦੌਰਾਨ ਗੁਰੂ ਕੀਆਂ ਸੰਗਤਾਂ ਤਾਂ ਹੈਣ ਹੀ ਉਨ੍ਹਾਂ ਦੇ ਰਹਿਮੋ-ਕਰਮ `ਤੇ ਸਨ। ਬਲਕਿ ਉਸ ਸਾਰੇ ਦੇ ਨਾਲ-ਨਾਲ, ਉਸ ਦੌਰਾਨ ਸਿੱਖ ਰਹਿਣੀ ਅਤੇ ਸਿੱਖ ਧਰਮ ਵਿਰੁਧ ਜਿਹੜੀ ਇੱਕ ਹੋਰ ਭਿਅਣਕ ਖੇਡ, ਖੇਡੀ ਜਾ ਰਹੀ ਸੀ, ਉਹ ਤਾਂ ਹੋਰ ਵੀ ਖ਼ਤਰਨਾਕ ਸੀ। ਉਹ ਸਿੱਖ ਧਰਮ ਦੇ ਭਵਿੱਖ ਨਾਲ ਇਸ ਤਰ੍ਹਾਂ ਦਾ ਭਿਆਣਕ ਖਿਲਵਾੜ ਸੀ, ਜਿਸ ਦੀ ਸਜ਼ਾ, ਅਸੀਂ ਅੱਜ ਤੀਕ ਭੋਗ ਰਹੇ ਹਾਂ ਅਤੇ ਉਹ ਵੀ ਅਰੁੱਕ।

ਦਰਅਸਲ ਇਹ ਖੇਡ ਸੀ, ਜੋ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਉਨ੍ਹਾਂ ਲੋਕਾਂ ਨੇ, ਆਪਣੇ-ਆਪਣੇ ਝੰਡੇ ਗੱਡਣ ਲਈ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਭਾਵ ਸੰਨ ੧੪੬੯ ਤੋਂ ਲੈ ਕੇ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਸ਼ਹਾਦਤ ਦੇ ਸਮੇਂ ਤੀਕ ਦੇ ਸੰਪੂਰਣ ਸਿੱਖ ਇਤਿਹਾਸ ਅਤੇ ਗੁਰੂ-ਇਤਿਹਾਸ ਦਾ, ਬੜੀ ਬੇਦਰਦੀ ਨਾਲ ਮਲੀਆ ਮੇਟ ਕਰ ਦਿੱਤਾ ਸੀ। ਜਦਕਿ ਉਸ ਦੇ ਨਾਲ-ਨਾਲ ਇਹ ਸਮੂਹ ਤਾਕਤਾਂ ਜਿਹੜਾ ਆਪਣੇ-ਆਪਣੇ ਵੱਲੋਂ ਬਦਲਵਾਂ ਤੇ ਮਿਲਗੋਭਾ ਸਿੱਖ ਇਤਿਹਾਸ ਸੰਸਾਰ ਨੂੰ ਦੇ ਰਹੀਆਂ ਅਤੇ ਸੰਗਤਾਂ ਵਿਚਾਲੇ ਪਹੁੰਚਾ ਰਹੀਆਂ ਸਨ, ਉਸ ਨੂੰ ਉਹ ਸਦੀਵ ਕਾਲ ਲਈ ਲਿਖ਼ਤੀ ਰੂਪ `ਚ ਵੀ ਪੱਕਾ ਕਰ ਰਹੀਆਂ ਸਨ। ਖ਼ੂਬੀ ਇਹ ਕਿ ਉਸ ਸਾਰੇ `ਤੇ ਕੇਵਲ ਗੁਰਮੱਤ ਤੇ ਗੁਰਬਾਣੀ ਦੀ ਕੇਵਲ ਚਾਸਨੀ ਹੀ ਚੜ੍ਹਾਈ ਹੋਈ ਸੀ ਜਦਕਿ ਅਸਲ `ਚ ਨਾ ਉਹ ਸਿੱਖ ਇਤਿਹਾਸ ਸੀ ਤੇ ਨਾ ਅਸਲ ਗੁਰ-ਇਤਿਹਾਸ।

ਫ਼ਿਰ ਇਤਨਾ ਹੀ ਨਹੀਂ, ਸਮੇਂ ਦੀ ਜ਼ਾਲਮ ਹਕੂਮਤ ਜਿਹੜੀ ਕਿ ਪਹਿਲਾਂ ਹੀ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਰਹੀ ਅਤੇ ਮੁੱਲ ਪਾ ਰਹੀ ਸੀ, ਹਕੂਮਤੀ ਤਲ `ਤੇ ਸੰਬਧਤ ਸਮੇਂ ਦਾ ਪੂਰਾ ਰਿਕਾਰਡ ਵੀ ਉਨ੍ਹਾਂ ਪਾਸ ਸੀ। ਉਨ੍ਹਾਂ ਨੇ ਵੀ ਸਰਕਾਰੀ ਰਿਕਾਰਡਾਂ `ਚ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬੰਧਤ, ਇਸ ਪੱਖੋਂ ਕਿਹੜੀ ਕਸਰ ਛੱਡਣੀ ਅਤੇ ਕਿਹੜਾ ਨੁਕਸਾਨ ਨਹੀਂ ਸੀ ਕਰਣਾ? ਇਸ ਦਾ ਵੱਡਾ ਸਬੂਤ ਮਿਲਦਾ ਹੈ ਜਦੋਂ ਉਨ੍ਹਾ ਨੇ ਬਾਬਾ ਬੰਦਾ ਸਿੰਘ ਜੀ ਬਹਾਦੁਰ ਰਾਹੀਂ ਸਥਾਪਤ ਖ਼ਾਲਸਾ ਰਾਜ ਦੌਰਾਨ ਚਲਾਏ ਗਏ "ਨਾਨਕ ਸ਼ਾਹੀ" ਸਿੱਕੇ ਵੀ ਗਾਲ ਕੇ ਪੂਰੀ ਤਰ੍ਹਾਂ ਮੁੱਕਾਅ ਦਿੱਤੇ।

ਫ਼ਿਰ ਇਤਨਾ ਹੀ ਨਹੀਂ, ਉਸ ਸਮੇਂ ਦੀ ਜ਼ਾਲਮ ਇਸਲਾਮੀ ਹਕੂਮਤ ਵੱਲੌਂ ਲੋਕਾਈ ਲਈ ਗੁੜ ਦਾ ਨਾਮ ਵੀ, ਭੇਲੀ `ਚ ਤਬਦੀਲ਼ ਕਰ ਦਿੱਤਾ ਗਿਆ। ਉਹ ਇਸ ਲਈ ਕਿ ਗੁਰੂ ਕੀਆਂ ਸੰਗਤਾਂ ਰਾਹੀਂ ਮਾਤ੍ਰ ਗੁੜ ਕਹਿਣ ਨਾਲ ਹੀ, ਉਨ੍ਹਾਂ ਨੂੰ ਆਪਣੇ ‘ਗੁਰੂ’ ਅਤੇ ਗੁਰੂ ਸਾਹਿਬਾਨ ਅਥਵਾ ਦਸ ਪਾਤਸ਼ਾਹੀਆਂ ਦਾ ਵੀ ਚੇਤਾ ਤੀਕ ਨਾ ਆਵੇ। ਇਸ ਤਰ੍ਹਾਂ ਉਸ ਸਮੇਂ ਅਜਿਹੇ ਸਿੱਖ ਧਰਮ ਵਿਰੋਧੀ ਹਕੂਮਤੀ ਕਰੜੇ ਹਾਲਾਤ ਵੀ, ਸੋਨੇ `ਤੇ ਸੁਹਾਗੇ ਦੀ ਨਿਅਈਂ, ਇਨ੍ਹਾਂ ਡੇਰਾਵਾਦੀ, ਸੰਪਰਦਾਈ, ਬ੍ਰਾਹਮਣੀ, ਵਿਪ੍ਰ ਆਦਿ ਸਿੱਖ ਵਿਰੋਧੀ ਸਮੂਹ ਤਾਕਤਾਂ ਦੀ ਵੀ ਆਪ ਮੁਹਾਰੇ ਮਦਦ ਕਰ ਰਹੇ ਸਨ।

ਉਸੇ ਦਾ ਨਤੀਜਾ ਹੈ ਕਿ ਅੱਜ ਵੀ ਸਾਨੂੰ ਜਿਹੜਾ ਸਿੱਖ ਇਤਿਹਾਸ ਪ੍ਰਾਪਤ ਹੈ ਉਹ ਜੇ ਸਾਰਾ ਨਹੀਂ ਤਾਂ ਵੀ ਉਸ ਵਿੱਚਲਾ ੯੫% ਸਿੱਖ ਇਤਿਹਾਸ ਸੰਨ ੧੭੧੬ ਤੋਂ ਬਾਅਦ ਦਾ ਹੀ ਲਿਖਿਆ ਹੋਇਆ ਹੈ, ਫ਼ਿਰ ਉਨ੍ਹਾਂ ਲਿਖ਼ਤਾ `ਤੇ ਲਿਖਣ ਦਾ ਸੰਨ ਭਾਵੇਂ ਕੁੱਝ ਵੀ ਪਾਇਆ ਦਾ ਹੋਵੇ। ਉਸ ਸਾਰੇ `ਤੇ ਕੇਵਲ ਗੁਰਮੱਤ ਅਤੇ ਗੁਰਬਾਣੀ ਦੀ ਚਾਸ਼ਨੀ ਹੀ ਚੜ੍ਹੀ ਹੁੰਦੀ ਹੈ। ਇਹ ਵੀ ਕਿ ਉਸ ਨੂੰ ਸ਼ੁੱਧ ਸਿੱਖ ਅਤੇ ਗੁਰ ਇਤਿਹਾਸ ਦਾ ਭੁਲੇਖਾ ਦੇਣ ਲਈ ਸਿੱਖ ਇਤਿਹਾਸ ਨਾਲ ਸੰਬੰਧਤ ਕੁੱਝ ਟੂਕਾਂ ਵੀ ਪਾਈਆਂ ਹੁੰਦੀਆਂ ਹਨ ਪਰ ਉਹ ਅਸਲ ਸਿੱਖ ਅਤੇ ਗੁਰ-ਇਤਿਹਾਸ ਨਹੀਾਂ। ਇਸ ਤਰ੍ਹਾਂ ਇਸ ਪੱਖੋਂ ਕੁਲ ਮਿਲਾ ਕੇ ਅੱਜ ਸਾਡੇ ਪਾਸ ਜੇ ਕਰ ਕੁੱਝ ਬਚਿਆ ਹੋਇਆ ਹੈ, ਤਾਂ ਉਹ ਹਨ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ "ਗੁਰਬਾਣੀ ਦਾ ਖਜ਼ਾਨਾ", ਉਪ੍ਰੰਤ ਕਿਸੇ ਹੱਦ ਤੀਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਜਾਂ ਭਾਈ ਨੰਦ ਲਾਲ ਸਿੰਘ ਜੀ ਦੀਆਂ ਕੁੱਝ ਰਚਣਾਵਾਂ।

ਸਿੱਖ ਇਤਿਹਾਸ `ਚ ਮਿਲਾਵਟਾਂ ਹੀ ਮਿਲਾਵਟਾਂ- ਚੌਰਾਸੀ ਸਾਲਾਂ ਦੇ ਉਸ ਅਤਿ ਬਿੱਖੜੇ ਸਮੇਂ ਦੌਰਾਨ, ਇਕੋ ਸਮੇਂ ਭਿੰਨ ਭਿੰਨ ਪਾਸਿਆਂ ਤੋਂ ਕੀਤੇ ਜਾ ਰਹੇ ਮਿਲਗੋਭੇ ਗੁਰਮੱਤ ਅਤੇ ਗੁਰਬਾਣੀ ਦੇ ਪ੍ਰਚਾਰ `ਚ ਇਤਿਹਾਸ ਪੱਖੋਂ ਭਰਵੀਂ ਰੱਲ-ਗੱਡ ਹੋਈ। ਹਰੇਕ ਸੰਪ੍ਰਦਾਯ, ਡੇਰਾ ਆਦਿ ਉਸ ਦੌਰਾਨ, ਸਿੱਖ ਇਤਿਹਾਸ ਨੂੰ ਨਿਰੋਲ ਆਪਣੇ ਰੰਗ `ਚ ਪੇਸ਼ ਕਰਣ `ਚ ਹੀ ਮਸਤ ਸੀ। ਇਸੇ ਤੋਂ ਉਸ ਦੌਰਾਨ ਕੁਲ ਮਿਲਾ ਕੇ ਗੁਰਬਾਣੀ ਵਿਚਾਰਧਾਰਾ ਅਤੇ ਅਰਥ-ਬੋਧ ਦੇ ਨਾਲ-ਨਾਲ ਸਿੱਖ ਇਤਹਾਸ ਵਿਚਾਲੇ ਵੀ ਭਰਵੀਂ ਅਲਟਾ-ਪਲਟੀ ਕੀਤੀ ਗਈ।

ਇਸ ਕਾਰੇ ਨੇ ਵੀ ਉਸ ਸਮੇਂ ਦੇ ਸਿੱਖ ਮਾਨਸ ਨੂੰ ਗੁਰਬਾਣੀ ਜੀਵਨ ਤੋਂ ਦੂਰ ਲੈ ਜਾਣ `ਚ ਆਪਣਾ ਬਹੁਤ ਵੱਡਾ ਹਿੱਸਾ ਪਾਇਆ। ਖ਼ੂਬੀ ਇਹ ਕਿ ਇੱਕ ਪਾਸੇ ਗੁਰਬਾਣੀ ਦੇ ਰੂਪ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਗੁਰੂ ਕੀਆਂ ਸੰਗਤਾਂ ਨੂੰ ਕੁੱਝ ਹੋਰ "ਨਿਵੇਕਲਾ ਜੀਵਨ ਰਾਹ" ਦਰਸਾ ਰਹੇ ਸਨ ਜਦਕਿ ਦੂਜੇ ਪਾਸੇ ਜਿਸ ਪ੍ਰਚਾਰ `ਤੇ ਵਿਰੋਧੀਆਂ ਰਾਹੀਂ ਦਿਨ-ਰਾਤ ਇੱਕ ਕੀਤਾ ਜਾ ਰਿਹਾ ਸੀ ਉਹ ਗੁਰਮੱਤ ਦੇ ਨਾਮ `ਤੇ ਬਿਲਕੁਲ ਹੋਰ ਸੀ। ਬਲਕਿ ਉਸ ਦੇ ਨਾਲ-ਨਾਲ ਕੀਤਾ ਤੇ ਪ੍ਰਚਾਰਿਆ ਜਾ ਰਿਹਾ ਸਿੱਖ ਇਤਿਹਾਸ ਦੇ ਨਾਮ `ਤੇ ਅਸਲ ਤੇ ਮੂਲ ਸਿੱਖ ਇਤਿਹਾਸ ਵੀ ਨਹੀਂ ਸੀ।

ਸਿੱਖ ਇਤਿਹਾਸ ਦੇ ਨਾਮ `ਤੇ ਕੀਤੇ ਜਾ ਰਹੇ ਉਸ ਪ੍ਰਚਾਰ ਦੌਰਾਨ ਕਿੱਧਰੇ ਗੁਰੂ ਸਾਹਿਬਾਨ ਦੇਵੀਆਂ ਦੀ ਪੂਜਾ ਕਰ ਰਹੇ ਹਨ, ਕਿੱਧਰੇ ਭੰਗ ਦੇ ਪ੍ਰਸ਼ਾਦਿ ਵੰਡੇ ਤੇ ਵਰਤਾਏ ਰਹੇ ਜਾ ਰਹੇ ਹਨ, ਕਿੱਧਰੇ ਗੁਰੂ ਸਾਹਿਬ ਨੂੰ ਹੀ ਪੁੱਤਰ ਕਾਮਨਾ ਅਧੀਨ ਬ੍ਰਾਹਮਣੀ ਤੀਰਥਾਂ ਦੇ ਇਸ਼ਨਾਨ ਅਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਦੇ ਦੱਸਿਆ ਜਾ ਰਿਹਾ ਸੀ। ਕਿੱਧਰੇ ਤੀਜੇ ਪਾਤਸ਼ਾਹ, ਰਾਤਾਂ ਬੱਧੀ ਬੈਠ ਕੇ ਤਪੱਸਿਆ ਕਰਦੇ ਹਨ, ਉਸ ਤਪੱਸਿਆ ਦੌਰਾਨ, ਨੀਂਦ ਆਉਣ `ਤੇ, ਉਨ੍ਹਾਂ ਰਹੀਂ ਆਪਣੇ ਕੇਸਾਂ ਨੂੰ ਕਿੱਲੀ ਨਾਲ ਬੰਣ੍ਹਦੇ ਦੱਸਿਆ। ਹੋਰ ਤਾਂ ਹੋਰ, ਉਸ ਸੰਬੰਧ `ਚ ਗੋਇੰਦਵਾਲ ਸਾਹਿਬ ਵਿਖੇ ਉਸ ਮਿਲਾਵਟੀ ਸਾਖ਼ੀ ਨੁਮਾ ਕਹਾਣੀ ਨਾਲ ਸੰਬੰਧਤ ਇੱਕ ਸ਼ੋ-ਕੇਸ `ਚ ਤੀਜੇ ਪਾਤਸ਼ਾਹ ਦੇ ਉਨ੍ਹਾਂ ਕੇਸਾਂ ਦੇ ਅੱਜ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਫ਼ਿਰ ਇੱਕ ਹੋਰ ਮਨਘੜੰਤ ਸਾਖੀ, ਅੱਜ ਵੀ ਉਸੇ ਤਰ੍ਹਾਂ ਪ੍ਰਚਲਤ ਹੈ, ਜਿਸ ਅਨੁਸਾਰ ਤੀਜੇ ਪਾਤਸ਼ਾਹ, ਆਪਣੀ ਬਾਕੀ ਸਾਰੀ ਉਮਰ, ਚੌਥੇ ਪਾਤਸ਼ਾਹ ਨੂੰ ਦੇ ਦਿੰਦੇ ਹਨ।

ਇਸੇ ਤਰ੍ਹਾਂ, ਹਰੇਕ ਗੁਰੂ ਹਸਤੀ ਰਾਹੀਂ, ਸਮੇਂ-ਸਮੇਂ ਨਾਲ ਗੁਰੱਗਦੀ ਦੀ ਸੌਪਣਾ ਸਮੇਂ "ਗੁਰਬਾਣੀ ਦਾ ਖਜ਼ਾਨਾ ਸੌਂਪਣ" ਦੀ ਬਜਾਏ, ਹਰੇਕ ਆਉਣ ਵਾਲੀ ਗੁਰੂ ਹਸਤੀ ਦੇ ਸੰਨਮੁਖ ਟੱਕਾ ਪਤਾ ਨਹੀਂ ਪੰਜ ਪੈਸੇ, ਨਾਰੀਅਲ ਰੱਖ ਕੇ ਅਤੇ ਉਸ ਨੂੰ ਤਿਲਕ ਲਗਾਉਣ ਵਾਲੀ ਬ੍ਰਾਹਮਣੀ ਰੀਤੀ ਦਾ ਪ੍ਰਚਾਰ ਕੀਤਾਂ ਅਤੇ ਉਹ ਪ੍ਰਚਾਰ ਅੱਜ ਵੀ ਧੜੱਲੇ ਨਾਲ ਹੋ ਰਿਹਾ ਹੈ, ਜਿਹੜਾ ਕਿ ਸਭ, ਮੂਲ ਰੂਪ `ਚ ਹੇ ਹੀ ਬ੍ਰਾਹਮਣੀ ਕਰਣੀ ਅਤੇ ਨਿਰੋਲ ਉਸ ਸਮੇਂ ਦੀ ਉਪਜ ਅਤੇ ਬਾਅਦ ਦੀਆਂ ਲਿਖ਼ਤਾਂ ਦੀ ਦੇਣ।

ਇਹ ਵੀ ਕਿ ਇਕੋ ਇੱਕ ਗੁਰੂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅਥਵਾ "ਆਦਿ ਬੀੜ" ਦੀ ਸੰਪਾਦਨਾ ਲਈ ਮੋਹਨ ਜੀ ਦੇ ਚੁਬਾਰੇ ਜਾਂ ਸੰਗਲਾ ਦੀਪ ਆਦਿ ਤੋਂ ਬਾਣੀ ਇਕਤ੍ਰ ਕਰਣ ਦੀਆਂ ਸਾਖੀਆਂ ਦੇ ਨਾਮ `ਤੇ ਬੇਸਿਰਪੈਰ ਦੀਆਂ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਉਸ ਸਾਰੇ ਦਾ ਇਕੋ ਹੀ ਮਕਸਦ ਸੀ, ਗੁਰੂ ਕੀਆਂ ਸੰਗਤਾਂ ਨੂੰ ਪ੍ਰਭਾਵ ਦੇਣਾ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬੀੜ ਅਧੂਰੀ ਹੈ ਅਤੇ ਬੀੜ ‘ਦੀ ਸੰਪਾਦਨਾ ਸਮੇ ਬਹੁਤ ਸਾਰੀ ਬਾਣੀ ਬਾਹਰ ਵੀ ਛੁੱਟ ਗਈ ਹੈ ਆਦਿ. . ।

ਦਰਅਸਲ ਅਜਿਹੀਆਂ ਨਿਰਮੂਲ ਸਾਖ਼ੀ ਨੁਮਾ ਕਹਾਣੀਆਂ ਦੇ ਆਧਾਰ `ਤੇ "ਪੈਂਤੀ ਅੱਖਰੀ" ਆਦਿ ਬਹੁਤੇਰੀਆਂ ਰਚਨਾਵਾਂ ਪ੍ਰਚਲਤ ਕੀਤੀਆਂ ਗਈਆਂ ਅਤੇ ਅੱਜ ਵੀ ਸੰਗਤਾ ਨੂੰ ਉਸੇ ਤੋਂ ਭਮਲ-ਭੁਸੇ `ਚ ਪਾਇਆ ਜਾ ਰਿਹਾ ਹੈ। ਬਲਕਿ ਗੁਰਬਾਣੀ ਦੇ ਕਈ ਗੁਟਕਿਆਂ `ਚ ਉਹ ਰਚਨਾਵਾਂ ਛਪੀਆਂ ਹੋਈਆਂ ਵੀ ਮਿਲ ਰਹੀਆਂ ਹਨ। ਇਸੇ ਤਰ੍ਹਾਂ ਉਸ ਸਮੇਂ ਦੀ ਦੇਣ ਸਾਖੀਆਂ ਦੇ ਨਾਮ `ਤੇ ਹੋਰ ਵੀ ਬੇਅੰਤ ਮਨ-ਘੜੰਤ ਕਹਾਣੀਆਂ ਗੁਰੂ ਕੀਆਂ ਸੰਗਤਾਂ ਵਿੱਚਕਾਰ, ਅੱਜ ਵੀ ਉਸੇ ਤਰ੍ਹਾਂ ਹੀ ਪ੍ਰਚਲਤ ਹਨ।

ਜਦਕਿ ਸਿੱਖ ਇਤਿਹਾਸ ਨਾਲ ਸੰਬੰਧਤ ਅਜਿਹਈਆਂ ਸਾਰੀਆਂ ਲਿਖਤਾਂ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਜਾਂ ਉਸ ਤੋਂ ਵੀ ਬਾਅਦ ਦੀਆਂ ਲਿਖ਼ਤਾਂ `ਚ ਵੀ ਪ੍ਰਾਪਤ ਹਨ। ਖ਼ੂਬੀ ਇਹ, ਕਿ ਇਨ੍ਹਾਂ `ਚ ਅਸਲੋਂ ਇੱਕ ਵੀ ਰਚਨਾ ਸੰਨ ੧੭੦੮ ਤੋਂ ਪਹਿਲਾਂ ਦੀ ਪ੍ਰਾਪਤ ਨਹੀਂ।

ਇਤਿਹਾਸਕ ਤਲ `ਤੇ ਸਿੱਖ ਧਰਮ ਨਾਲ ਹੋਰ ਵੱਡੇ ਅਨਰਥ- ਇਸੇ ਲੜੀ `ਚ ਬਹੁਤ ਵੱਡਾ ਅਨਰਥ ਇਹ ਹੋਇਆ ਕਿ ਪੂਰਾ ਜ਼ੋਰ ਲਗਾ ਕੇ ਦਸਮੇਸ਼ ਪਿਤਾ ਨੂੰ ਬਾਕੀ ਨੌਂ ਗੁਰੂ ਵਿਅੱਕਤੀਆਂ ਤੋਂ ਨਿਖੇੜ ਕੇ ਪੇਸ਼ ਕਰਣ ਦੀ ਵੱਡੀ ਪੱਧਰ `ਤੇ ਲਹਿਰ ਚਲਾਈ ਗਈ। ਬਲਿਕ ਦਸਮੇਸ਼ ਪਿਤਾ ਦੇ ਨਾਮ `ਤੇ "ਬਚਿਤ੍ਰ ਨਾਟਕ" ਦੀ ਰਚਨਾ ਅਤੇ ਸਮੇਂ-ਸਮੇਂ ਨਾਲ ਕਈ ਪੜਾਵਾਂ `ਚੋਂ ਨਿਕੱਲਿਆ ਅਜੋਕਾ ‘ਦਸਮ ਗ੍ਰੰਥ’ ਵੀ ਮੂਲ਼ ਰੂਪ `ਚ ਉਸ ਪ੍ਰਚਲਤ "ਬਚਿਤ੍ਰ ਨਾਟਕ" ਦਾ ਹੀ ਵਾਧਾ ਤੇ ਫੈਲਾਵ ਹੈ।

ਇਸੇ ਤਰ੍ਹਾਂ ਉਸ ਦੌਰਾਨ ਪੌਰਾਣਕ ਅਤੇ ਬ੍ਰਾਹਮਣੀ ਆਧਾਰ `ਤੇ ਸਿੱਖ ਇਤਿਹਾਸ ਵਿੱਚਲੀਆਂ ਕੁੱਝ ਮੁੱਖ ਇਤਿਹਾਸਕ ਤਾਰੀਖਾਂ `ਚ ਵੀ ਅੰਤਾਂ ਦਾ ਰਲ-ਗੱਡ ਕੀਤਾ ਹੋਇਆ ਹੈ। ਮਿਸਾਲ ਵੱਜੋਂ:-

(੧) ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਵਿਸਾਖ ਸੁਦੀ ਤੀਜ ਭਾਵ ੧੬ ਅਪ੍ਰੈਲ ਤੋ "ਕੱਤਕ ਦੀ ਪੂਰਨਾਸ਼ੀ" `ਚ ਬਦਲਣਾ ਅਤੇ ਉਸਨੂੰ ਪ੍ਰਚਲਤ ਵੀ ਕਰਣਾ।

(੨) ਪਹਿਲੇ ਪਾਤਸ਼ਾਹ ਦਾ ਜੋਤੀ ਜੌਤ ਸਮਾਉਣ ਦਾ ਪੁਰਬ "ਅਸੂ ਸੁਦੀ ਦਸਵੀਂ" ਤੋਂ "ਅਸੂ ਵਦੀ ਦਸਵੀਂ" ੰ, ਭਾਵ ੧੫ ਦਿਨ ਪਹਿਲਾਂ, ਬ੍ਰਾਹਮਣੀ ਸਰਾਧਾਂ ਵਾਲੇ ਦਿਨਾਂ `ਚ ਬਦਲਿਆ ਹੋਇਆ ਹੈ ਅਤੇ ਉਸ ਨੂੰ ਵੱਧ-ਚੜ੍ਹ ਕੇ ਉਸੇ ਤਰ੍ਹਾਂ ਪ੍ਰਚਲਤ ਵੀ ਕੀਤਾ ਹੋਇਆ ਹੈ।

(੩) ੪੦ ਮੁੱਕਤਿਆ ਦਾ ਇਤਿਹਾਸਕ ਸਾਕਾ, ਸਾਕਾ ਮੁਕਤਸਰ ਸਾਹਿਬ। ਮੂਲ ਰੂਪ `ਚ ਇਹ ਸਾਕਾ ਮਈ ਮਹੀਨੇ ਦਾ ਹੈ। ਪਰ ਇਸ ਇਤਿਹਾਸਕ ਦਿਹਾੜੇ ਨੂੰ ਵੀ ਲਗਭਗ ਛੇ ਮਹੀਨੇ ਅੱਗੇ ਪਾ ਕੇ "ਮਾਘੀ ਦੀ ਸੰਗ੍ਰਾਂਦ" ਵਾਲੇ ਦਿਨ `ਤੇ ਬਦਲਿਆ ਹੋਇਆ ਹੈ। ਫ਼ਿਰ "ਮਾਘੀ ਦੀ ਸੰਗ੍ਰਾਂਦ" ਤੋਂ ਇੱਕ ਦਿਨ ਪਹਿਲਾਂ "ਲੋਹੜੀ" ਦਾ ਤਿਉਹਾਰ, ਜਦਕਿ ਉਹ ਵੀ ਆਪਣੇ ਆਪ `ਚ ਬ੍ਰਾਹਮਣੀ ਤਿਉਹਾਰ ਹੈ।

(੪) ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ, ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਲਗਭਗ ਛੇ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ, ਗਵਾਲੀਅਰ ਦੇ ਕਿਲੇ ਚੋਂ, ਅਗਸਤ ਦੇ ਮਹੀਨੇ `ਚ ਰਿਹਾਅ ਹੋ ਕੇ ਆਏ ਸਨ। ਪਾਤਸਤਹ ਨੇ, ਗਵਾਲੀਅਰ ਦੇ ਉਸੇ ਕਿਲੇ `ਚ ਕੈਦ ੫੨ ਪਹਾੜੀ ਹਿੰਦੂ ਰਾਜਿਆਂ ਨੂੰ ਵੀ ਆਪਣੇ ਨਾਲ ਛੁਡਵਾਇਆ ਸੀ। ਇਸੇ ਤੋਂ, ਸਿੱਖ ਇਤਿਹਾਸ `ਚ ਗੁਰੂ ਹਰਿ ਗੋਬਿੰਦ ਸਾਹਿਬ ਨੂੰ "ਬੰਦੀ ਛੋੜ ਸਤਿਗੁਰੂ" ਦੇ ਉਪਨਾਮ ਨਾਲ ਵੀ ਯਾਦ ਕੀਤਾ ਅਤੇ ਜਾਣਿਆ ਜਾਂਦਾ ਹੈ।

ਖ਼ੂਬੀ ਇਹ, ਬ੍ਰਾਹਮਣ ਨੇ, ਗੁਰੂ ਹਰਿ ਗੋਬਿੰਦ ਜੀ ਦੇ ਅਗਸਤ ਮਹੀਨੇ ਵਾਲੇ "ਬੰਦੀ ਬੰਦੀ ਛੋੜ ਦਿਵਸ" ਨੂੰ ਵੀ ਬਦੋਬਦੀ ਬ੍ਰਾਹਮਣੀ ਤਿਉਹਾਰ ਦਿਵਾਲੀ ਨਾਲ ਸੰਬੰਧਤ ਕਰਕੇ ਰਲ-ਗੱਡ ਕਰ ਦਿੱਤਾ।

ਇਸ ਤਰ੍ਹਾਂ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ, ਗੁਰੂ ਕੀਆਂ ਸੰਗਤਾਂ" ਜਿਹੜੀਆਂ ਬੇਸ਼ੱਕ ਅਸਿਧੇ ਢੰਗ ਨਾਲ ਓਦੋਂ ਹੈਣ ਹੀ ਬਹੁਤਾ ਕਰਕੇ ਬ੍ਰਾਹਮਣ ਦੇ ਰਹਿਮੋ-ਕਰਮ `ਤੇ ਸਨ, ਬੜੀ ਕੁਟਲਨੀਤੀ ਨਾਲ ਉਨ੍ਹਾਂ ਨੂੰ ਬ੍ਰਾਹਮਣੀ ਪੂਰਨਮਾਸ਼ੀਆਂ, ਸੰਗ੍ਰਾਂਦਾ, ਨੌਰਾਤਿਆਂ-ਸਰਾਧਾਂ (ਥਿਤਾਂ ਵਾਰਾਂ) ਉਪ੍ਰੰਤ ਲੋਹੜੀਆਂ ਤੇ ਦਿਵਾਲੀਆਂ ਆਦਿ ਨਿਰੋਲ ਬ੍ਰਾਹਮਣੀ ਤਿਉਹਾਰਾਂ `ਚ ਵੀ ਉਲਝਾ ਦਿੱਤਾ ਗਿਆ ਅਤੇ ਉਹ ਸਾਰੇ ਪ੍ਰਭਾਵ ਗੁਰੂ ਕੀਆਂ ਸੰਗਤਾਂ ਵਿੱਚਕਾਰ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ।

ਤਾਂ ਤੇ ਸਿੱਖ ਇਤਿਹਾਸ ‘ਵਿੱਚਲੀ ਕਿਸ-ਕਿਸ ਇਤਿਹਾਸਕ ਮਿਲਾਵਟ ਦਾ ਵਰਨਣ ਕੀਤਾ ਜਾਵੇ, ਸਿਆਣੇ ਕਹਿੰਦੇ ਹਨ ਜਿਸ ਕੌਮ ਨੂੰ ਖਤਮ ਕਰਣਾ ਹੋਵੇ ਉਸ ਦੇ ਇਤਿਹਾਸ, ਰਹਿਤ-ਮਰਿਆਦਾ `ਚ ਰਲ-ਗੱਡ ਕਰ ਦੇਵੋ, ਕੌਮ ਆਪਣੇ ਆਪ ਮੁੱਕ ਜਾਵੇਗੀ।

ਜਦਕਿ ਇਧਰ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ, ਮਿਲਾਵਟ ਤਾਂ ਫ਼ਿਰ ਵੀ ਹੋਰ ਗੱਲ ਹੈ, ਵਿਰੋਧੀਆਂ ਨੇ ਪੂਰਾ ਦਾ ਪੂਰਾ ਸਿੱਖ ਇਤਿਹਾਸ ਹੀ ਨੇਸਤੋ ਨਾਬੂਦ ਕਰ ਦਿੱਤਾ ਸੀ। ਕਿਉਂਕਿ ਉਸ ਸਮੇਂ ਸਿੱਖ ਧਰਮ ਦਾ ਸਮੂਚਾ ਪ੍ਰਚਾਰ ਪਬੰਧ ਹੀ ਉਨ੍ਹਾਂ ਸਾਰਿਆਂ ਦੇ ਹੱਥਾਂ `ਚ ਸੀ। ਫ਼ਿਰ ਨਾਲ-ਨਾਲ ਗੁਰਮੱਤ ਤੇ ਗੁਰਬਾਣੀ ਦੀ ਕੇਵਲ ਚਾਸ਼ਣੀ ਚੜ੍ਹਾ ਕੇ ਉਨ੍ਹਾਂ ਨੇ ਬਦਲਵੇਂ ਅਤੇ ਆਪ ਘੜੇ ਡੁਪਲੀਕੇਟ ਸਿੱਖ ਇਤਿਹਾਸ ਨੂੰ ਰਚਣ ਅਤੇ ਲਿਖ਼ਤੀ ਰੂਪ `ਚ ਪ੍ਰਚਲਤ ਕਰਣ `ਚ ਵੀ ਕਸਰ ਨਹੀਂ ਸੀ ਰਹਿਣ ਦਿੱਤੀ।

ਜੇ ਥੋੜ੍ਹਾ ਹੋਰ ਜਾਗ ਕੇ ਦੇਖੀਏ ਤਾਂ ਵਿਰੋਧੀਆਂ ਨੇ ਸੰਨ ੧੪੬੯, ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਸੰਨ ੧੭੦੮, ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੀਕ, ਭਾਵ ਇਨ੍ਹਾਂ ੨੩੯ ਸਾਲਾਂ ਦੇ ਸਿੱਖ ਇਤਿਹਾਸ ਨੂੰ ਬੜੀ ਕੁਟਲਨੀਤੀ ਨਾਲ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਉਸੇ ਦਾ ਨਤੀਜਾ ਹੋਇਆ ਹੈ ਕਿ ਅੱਜ ਸਿੱਖ ਧਰਮ ਦੀ ਸਾਰੀ ਗੱਲ ਹੀ ਸ਼ੁਰੂ ਹੋ ਰਹੀ ਹੈ ਤਾਂ ਵਿਸਾਖੀ ੧੬੯੯ ਤੋਂ, ਨਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ, ਸੰਨ ੧੪੬੯ ਤੋਂ। ਜਦਕਿ "ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ ਭਾ: ਗੁ) ਅਤੇ "ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ" (੧/੪੫ ਭਾ: ਗੁ) ਆਦਿ ਵੇਰਵੇ ਅਸੀਂ ਅਰੰਭ `ਚ ਹੀ ਦੇ ਆਏ ਹਾ।

ਹੋਰ ਤਾਂ ਹੋਰ, ਦੂਜਿਆਂ `ਤੇ ਕੀ ਗਿੱਲਾ ਕਰਾਂਗੇ, ਸਾਡੀ ਕੌਮ ਦੇ ਆਗੂਆਂ ਨੇ ਤਾਂ ਸੰਸਾਰ ਪੱਧਰ `ਤੇ ਸੰਨ ੧੬੯੯ ਨੂੰ ‘ਖਾਲਸੇ ਦਾ ਤਿੰਨ ਸੌ ਸਾਲਾ ਜਨਮ ਦਿਨ" ਵਜੋਂ ਆਪ ਵੀ ਬੜੀ ਸ਼ਾਨੋ-ਸ਼ੋਕਤ ਨਾਲ ਮਨਾ ਲਿਆ ਹੈ। ਇਸ ਤਰ੍ਹਾਂ ਕੌਮ ਨੇ ਆਪ ਹੀ ਇਸ `ਤੇ ਮੋਹਰ ਲਗਾ ਦਿੱਤੀ ਅਤੇ ਸੰਸਾਰ ਨੂੰ ਸਾਬਤ ਕਰ ਦਿੱਤਾ ਜਿਵੇਂ ਕਿ ਇਸ ਤੋਂ ਪਹਿਲਾਂ, ਸਿੱਖ ਕੌਮ ਦੀ ਹੋਂਦ ਅਤੇ ਸਿੱਖ ਕੌਮ ਦਾ ਵਜੂਦ ਹੀ ਨਹੀਂ ਸੀ। ਇਸ ਤਰ੍ਹਾਂ ਸਿੱਖ ਕੌਮ ਦੇ ਆਗੂਆਂ ਨੇ ਆਪ ਵੀ ਇਹੀ ਪ੍ਰਚਾਰਿਆ ਹੋਇਆ ਹੈ ਕਿ ਸਿੱਖ ਕੌਮ ਅਥਵਾ ਗੁਰੂ ਕੇ ਸਿੱਖ ਲਈ ਪਾਹੁਲਧਾਰੀ, ਕੇਸਾਧਾਰੀ ਤੇ ਦਸਤਾਰਧਾਰੀ ਸਰੂਪ ਦਾ ਅਰੰਭ ਹੀ, ਵਿਸਾਖੀ ਸੰਨ ੧੬੯੯ ਨੂੰ ਹੋਇਆ, ਨਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਵਿਸਾਖੀ ਸੰਨ ੧੪੬੯ ਤੋਂ।

ਜਦਕਿ ਅਰੰਭ `ਚ ਅਸੀਂ ਇਹ ਵੀ ਪੂਰੀ ਤਰ੍ਹਾਂ ਤੇ ਖੁੱਲ ਕੇ ਸਪਸ਼ਟ ਕਰ ਆਏ ਹਾਂ ਸਿੱਖ ਕੌਮ ਪਾਹੁਲਧਾਰੀ, ਕੇਸਾਧਾਰੀ, ਕੰਘਾ ਧਾਰੀ, ਕਛਿਹਰਾਧਾਰੀ ਅਤੇ ਦਸਤਾਰਧਾਰੀ ਆਦਿ ਪਹਿਲੇ ਜਾਮੇ ਤੋਂ ਹੀ ਹੋ ਚੁੱਕੀ ਸੀ। ਉਪ੍ਰੰਤ ਛੇਵੇਂ ਜਾਮੇ ਤੋਂ ਇਹ ਕੌਮ ਸ਼ਸਤ੍ਰਧਾਰੀ ਵੀ ਹੈ ਅਤੇ ਬਾਕੀ ਸਾਰਾ ਵੇਰਵਾ. . ।

ਇਸ ਲਈ ਵਿਸ਼ੇ ਨੂੰ ਸਮਝਣ ਲਈ ਹੱਥਲੀ ਲਿਖ਼ਤ ਨੂੰ ਜੇਕਰ ਪਹਿਲੀ ਕਿਸ਼ਤ ਤੋਂ ਨੰਬਰਵਾਰ ਪੜ੍ਹ ਲਿਆ ਜਾਵੇ ਤਾਂ ਸਾਰੀ ਗੱਲ ਪੂਰੀ ਤਰ੍ਹਾਂ ਸਮਝ `ਚ ਆ ਜਾਵੇਗੀ। ਇਹ ਵੀ ਕਿ ਇਸ ਸੰਬੰਧ `ਚ ਅਸੀਂ ਗੁਰਮੱਤ ਪਾਠ ਨੰ: ੬੩ ‘ਵਿਸਾਖੀ-੧੪੬੯’ ਅਤੇ ਗੁਰਮੱਤ ਪਾਠ ਨੰ: ੬੭ ‘ਲੇਖਾ ਜੋਖਾ ਤਿੰਨ ਸੌ ਸਾਲਾ’ ਵੀ ਸੰਗਤਾਂ ਦੀ ਸੇਵਾ `ਚ ਦੇ ਚੁੱਕੇ ਹੋਏ ਹਾਂ, ਸੰਗਤਾਂ ਉਨ੍ਹਾਂ ਦਾ ਲਾਭ ਵੀ ਲੈ ਸਕਦੀਆਂ ਹਨ।

ਦੇਖਣਾ ਇਹ ਹੈ ਕਿ ਜਿਸ ਮਨੁੱਖ ਨੂੰ ਗੁਰੂ ਸਹਿਬ ਨੇ ੨੩੯ ਵਰ੍ਹੇ ਲਗਾ ਕੇ ਉਸ ਬ੍ਰਾਹਮਣੀ ਤੇ ਅਣਮੱਤੀ ਚਿੱਕੜ `ਚੋਂ ਕੱਢਿਆ ਸੀ। ਇੰਨ੍ਹਾਂ ਚੌਰਾਸੀ ਸਾਲਾਂ `ਚ, ਉਸੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੀਕ ਕੇਵਲ ਬ੍ਰਾਹਮਣੀ ਚਿੱਕੜ `ਚ ਹੀ ਨਹੀਂ ਬਲਕਿ ਉਨ੍ਹਾਂ ਬੇਅੰਤ ਅਣਮੱਤੀ ਪ੍ਰਭਾਵਾਂ ਦੀ ਗਹਿਰੀ ਖੱਡ `ਚ ਧਕੇਲਿਆ ਜਾ ਚੁੱਕਾ ਸੀ। ਅੱਜ ਉਹੀ ਗੁਰੂ ਕਾ ਲਾਲ, ਭਿੰਨ-ਭਿੰਨ ਵਿਰੋਧੀ ਪ੍ਰਭਾਵਾਂ ਦੀ ਜੱਕੜ `ਚ ਪੂਰੀ ਤਰ੍ਹਾਂ ਫ਼ਸ ਚੁੱਕਾ ਹੋਇਆ ਸੀ। ਉਪ੍ਰੰਤ ਅਰੁੱਕ ਤੇ ਦਿਨੋਦਿਨ ਵਧਦੇ ਆ ਰਹੇ ਉਨ੍ਹਾਂ ਵਿਰੋਧੀ ਪ੍ਰਭਾਵਾਂ ਸਦਕਾ, ਅਜੋਕੇ ਬਹੁਤੇ ਸਿੱਖਾਂ ਦੇ ਜੀਵਨ `ਚ ਵੀ ਉਛਾਲੇ ਮਾਰ ਰਿਹਾ ਹੈ। ਜਦਕਿ ਬਦਲੇ `ਚ ਗੁਰਬਾਣੀ ਜੀਵਨ ਦੀ ਸੋਝੀ ਜਿਵੇਂ ਕਿ ਉਨ੍ਹਾਂ ਸਿਖਾਂ ਦੇ ਜੀਵਨ ਚੋਂ ਪਰ ਲਗਾ ਕੇ ਉੱਡ ਚੁੱਕੀ ਹੋਈ ਹੈ।

ਕਲ੍ਹ ਤੀਕ ਤਨੋਂ-ਮਨੋਂ ਗੁਰਬਾਣੀ ਦਾ ਇਹ ਸਿੱਖ, ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਕੁੱਝ ਹੀ ਪੁਸ਼ਤਾਂ ਬਾਅਦ, ਅੰਨ੍ਹੀਂ ਸ਼ਰਧਾ ਨਾਲ ਭਰਪੂਰ, ਨਿਰਾ ਕਰਮਕਾਂਡੀ ਤੇ ਫੋਕਟ ਰੀਤੀ ਰਿਵਾਜਾਂ `ਚ ਡੁੱਬਾ ਹੋਇਆ, ਗੁਰੂ ਦਾ ਸਿੱਖ ਹੀ ਨਹੀਂ ਬਲਕਿ ਜਜ਼ਬਾਤੀ, ਬ੍ਰਾਹਮਣੀ ਤੇ ਨਿਪਟ ਅਣਮੱਤੀ ਸਿੱਖ ਰਹਿ ਚੁੱਕਾ ਸੀ। ਉਹ ਸਿੱਖ ਵੀ ਸਰਬ ਉਤੱਮ ਜੀਵਨ ਵਿਗਿਆਨ ਦੇ ਦਾਤੇ, "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਦਾ ਹੋਇਆ ਵੀ ਉਸੇ ਤਰ੍ਹਾਂ ਸੰਸਾਰਕ ਮੰਗਾਂ, ਮੰਗ ਰਿਹਾ ਸੀ। ਜਿਵੇਂ ਕੋਈ ਮੂਰਤੀ ਪੂਜਕ ਮੂਰਤੀਆਂ, ਕੱਬਰਾ, ਮੜ੍ਹੀਆਂ, ਪਿੱਪਲਾਂ, ਸੱਪਾਂ, ਪੋਦਿਆਂ ਦਾ ਪੁਜਾਰੀ ਕਰਦਾ ਆ ਰਿਹਾ ਸੀ।

ਮੰਤ੍ਰਾਂ ਦੇ ਜਾਪਾਂ ਨਾਲ ਜਿਹੜੇ ਉਪਾਅ ਬ੍ਰਾਹਮਣ ਹਜ਼ਾਰਾਂ ਸਾਲਾਂ ਤੋਂ ਕਰਦਾ ਆਇਆ ਸੀ ਅਤੇ ਪਾਤਸ਼ਾਹ ਨੇ ਉਨ੍ਹਾਂ ੨੩੯ ਸਾਲਾਂ `ਚ ਉਸ ਨੂੰ ਇਸ ਠੱਗੀ ਦੇ ਚਕ੍ਰਵਿਊਹ `ਚੋਂ ਬਾਹਿਰ ਕੱਢਿਆ ਸੀ, ਅੱਜ ਗੁਰਬਾਣੀ ਨੂੰ ਵਰਤ ਕੇ ਵੀ ਉਹ ਮਨੁੱਖ, ਫ਼ਿਰ ਤੋਂ ਉਨ੍ਹਾਂ ਹੀ ਉਪਾਵਾਂ ਦਾ ਰਾਹੀਗੀਰ ਬਣਿਆ, ਨਵੇਂ ਰੂਪ `ਚ ਉਭਰੇ ਇਸ ਪੰਜ ਕਕਾਰੀ ਬ੍ਰਾਹਮਣ ਕੋਲ ਵਾਪਿਸ ਪੁੱਜ ਚੁੱਕਾ ਸੀ।

ਉਨ੍ਹਾਂ ਚੌਰਾਸੀ ਸਾਲਾਂ `ਚ ਸਾਡੇ ਕੋਲ ਕੇਵਲ ਜਜ਼ਬਾਤਾਂ ਦੀ ਸਿੱਖੀ ਤੇ ਸਿੱਖੀ ਦਾ ਢਾਂਚਾ ਹੀ ਬਚਿਆ ਸੀ। ਸਿੱਖੀ ਤਾਂ ਸਿੱਖ ਅੰਦਰੋਂ ਅਲੋਪ ਹੋ ਚੁੱਕੀ ਸੀ, ਕਹਿਣ ਨੂੰ ਉਹ ਅਜੇ ਵੀ ਗੁਰੂ ਦਾ ਸਿੱਖ ਸੀ ਪਰ ਉਸ ਦੇ ਜੰਮਨੇ-ਮਰਨੇ, ਖੁਸ਼ੀ-ਗਮੀ ਸਭ ਗੁਰਬਾਣੀ ਸੇਧ ਦੇ ਉਲਟ ਸਨ। ਉਪ੍ਰੰਤ ਇਸ ਭਿਅੰਕਰ ਖੇਡ ਤੋਂ ਪਿੱਛਾ ਛੁੱਟਣਾ ਤਾਂ ਦੂਰ, ਸਾਡੇ ਗਿਰਦ ਇਸ ਦੀ ਪੱਕੜ ਦਿਨੋਂ ਦਿਨ ਹੋਰ ਵੀ ਪੱਕੀ ਹੋ ਰਹੀ ਹੈ।

ਸਿੱਖ ਧਰਮ ਵਿੱਚਲੀ ਅਜੋਕੀ ਪੁਜਾਰੀ ਸ਼੍ਰੇਣੀ ਦਾ ਆਰੰਭ ਅਤੇ ਉਸਦਾ ਪਹਿਰਾਵਾ? - ਦਸਮੇਸ਼ ਪਿਤਾ ਤੀਕ ਸਿੱਖ ਧਰਮ `ਚ, ਗੁਰਬਾਣੀ ਅਤੇ ਗੁਰਮੱਤ ਦੇ ਪ੍ਰਚਾਰਕਾਂ ਦੀ ਕੋਈ ਵੱਖਰੀ ਸ਼੍ਰੇਣੀ ਮੂਲੋਂ ਹੀ ਨਹੀਂ ਸੀ ਅਤੇ ਨਾ ਹੀ ਪਹਿਰਾਵੇ ਵਜੋਂ ਉਨ੍ਹਾਂ ਦੀ ਵਿਸ਼ੇਸ਼ ਪਛਾਣ। ਉਦੋਂ ਤੀਕ ਇਹ ਸਿੱਖੀ ਜੀਵਨ ਅਤੇ ਸਿੱਖ ਰਹਿਣੀ ਵਾਲੇ ਸ਼ੱਜਣਾ ਲਈ ਵੱਡੇ ਸਤਿਕਾਰ ਵਾਲਾ ਕਿੱਤਾ ਸੀ। ਫ਼ਿਰ ਭਾਵੇਂ ਉਹ ਸੱਜਣ ਸਮੇਂ ਦੇ ਵੱਡੇ ਵਪਾਰੀ ਭਾਈ ਕਲਿਆਣਾ ਜੀ ਸਨ, ਭਾਈ ਲਖੀ ਸ਼ਾਹ ਵਣਜਾਰਾ ਜਾਂਭਾਈ ਮਨਸੁਖ ਆਦਿ। ਜਾਂ ਫ਼ਿਰ ਭਾਈ ਗੁਰਦਾਸ ਜੀ ਵਰਗੇ, ਜਿਨ੍ਹਾਂ ਦੇ ਸਮੂਚੇ ਜੀਵਨ ਕੇਵਲ ਅਤੇ ਕੇਵਲ ਗਰਬਾਣੀ ਦੇ ਪ੍ਰਚਾਰ ਨੂੰ ਹੀ ਸਮ੍ਰਪਤ ਹੁੰਦੇ ਸਨ। ਉਨ੍ਹਾਂ ਦੇ ਜੀਵਨ, ਸੁਆਸ-ਸੁਆਸ ਗੁਰਮੱਤ ਪੱਖੋਂ ਤਿਆਰੀ ਅਤੇ ਨਿਰੋਲ ਗੁਰਮੱਤ ਦੇ ਪ੍ਰਚਾਰ ਦਾ ਹੀ ਪ੍ਰਗਟਾਵਾ ਹੁੰਦੇ ਸਨ।

ਜਦਕਿ ਇਸ ਵਿਸ਼ੇ ਨਾਲ ਸੰਬੰਧਤ ਪੂਰਾ ਵੇਰਵਾ ਵੀ ਅਸੀਂ ਗੁਰਮੱਤ ਪਾਠ ਨੰ: ੨੩ "ਸਵਾਸ ਕੀਮਤੀ ਹਨ, ਧਨ ਪਦਾਰਥ ਨਹੀਂ" `ਚ ਦੇ ਚੁੱਕੇ ਹਾਂ। ਜਦਕਿ ਇਸ ਵਿੱਚਲੇ ਸਮੇਂ ਦੌਰਾਨ ਭਾਵ ਉਨ੍ਹਾਂ ਚੌਰਾਸੀ ਸਾਲਾਂ ਦੌਰਾਨ ਹੀ, ਬ੍ਰਾਹਮਣ ਦੀ ਤਰਜ਼ `ਤੇ ਸਿੱਖਾਂ `ਚ ਵੀ ਇਹ ਨਵੀਂ ਪੁਜਾਰੀ ਸ਼੍ਰੇਣੀ ਪੈਦਾ ਕਰ ਦਿੱਤੀ ਗਈ। ਫ਼ਿਰ ਲਫ਼ਜ਼ ‘ਪੁਜਾਰੀ’ ਵੀ ਅਸਲ `ਚ ‘ਪਰਜਾਰੀ’ ਲਫ਼ਜ਼ ਤੋਂ ਬਣਿਆ ਹੋਇਆ ਹੈ, ਜਿਸਦੇ ਅਰਥ ਹੀ "ਦੂਜਿਆਂ ਦੀ ਕਮਾਈ ਤੇ ਪਲਣ ਵਾਲਾ" ਹੈ।

ਇਥੇ ਗੁਰੂ ਦਰ `ਤੇ ਅਸਾਂ ਪ੍ਰਚਾਰ-ਪ੍ਰਸਾਰ ਤਾਂ ਕਰਣਾ ਹੁੰਦਾ ਹੈ ਗੁਰਬਾਣੀ ਜੀਵਨ ਦਾ ਜਦਕਿ ਪ੍ਰਚਲਤ ਕੀਤੇ ਜਾ ਚੁੱਕੇ ਪ੍ਰਚਾਰਕ ਲਈ ਵਿਸ਼ੇਸ਼ ਪਹਿਰਾਵੇ ਤੋਂ ਬਅਦ ਪ੍ਰਚਾਰਕ ਲਈ ਹੁਣ ਕਿਸੇ ਵਿਸ਼ੇਸ਼ ਯੋਗਤਾ, ਗੁਰਮੱਤ ਦੀ ਪੜ੍ਹਾਈ ਤੇ ਗੁਰਮੱਤ ਦੀ ਰਹਿਣੀ ਵਾਲੇ ਜੀਵਨ ਦੀ ਲੋੜ ਹੀ ਜ਼ਰੂਰੀ ਨਹੀਂ ਸੀ ਰਹਿ ਗਈ। ਬ੍ਰਾਹਮਣੀ ਤਰਜ਼ `ਤੇ ਠੀਕ ਉਸੇ ਤਰ੍ਹਾਂ ਇਥੇ ਵੀ ਹੁਣ ਉਸ ਨੂੰ ਵੀ ਵਿਸ਼ੇਸ਼ ਅਤੇ ਸੰਬੰਧਤ ਕੇਵਲ ਪਹਿਰਾਵੇ ਦੀ ਹੀ ਲੋੜ ਸੀ। ਫ਼ਿਰ ਭਾਵੇਂ ਸਿੱਖ ਧਰਮ ਦਾ ਉਹ ਪ੍ਰਚਾਰਕ ਗੁਰਮੱਤ ਰਹਿਣੀ ਅਤੇ ਜੀਵਨ ਪੱਖੋਂ ਭਾਵੇਂ ਕਿਸੇ ਵੀ ਪੱਧਰ ਦਾ ਕਿਉਂ ਨਾ ਹੋਵੇ ਤੇ ਅੱਜ ਤੀਕ ਚੱਲ ਵੀ ਇਹੀ ਕੁੱਝ ਰਿਹਾ ਹੈ।

ਦੇਖਣਾ ਹੈ ਕਿ ਵਰਣਵੰਡ ਅਨੁਸਾਰ ਉਥੇ ਬ੍ਰਾਹਮਣ ਵਰਗ ਤਾਂ ਸੀ ਹੀ, ਪੁਜਾਰੀ ਵਰਗ। ਉਥੇ ਤਾਂ ਵੱਖਰਾ ਰੂਪ ਕਾਇਮ ਕਰ ਕੇ, ਬ੍ਰਾਹਮਣ ਨੇ ਤਿੰਨਾ ਬਾਕੀ ਵਰਣਾਂ `ਤੇ ਆਪਣੀ ਪ੍ਰਭੂਸਤਾ ਕਾਇਮ ਰਖਣੀ ਸੀ। ਪਰ ਇਧਰ ਗੁਰੂਦਰ `ਤੇ ਵੀ ਚੂਂਕਿ ਹੁਣ ਉਹੀ ਬ੍ਰਾਹਮਣ ਆਪਣੇ ਨਵੇਂ ਰੂਪ `ਚ ਪੂਰੀ ਤਰ੍ਹਾਂ ਕਾਬਿਜ਼ ਸੀ ਇਸ ਲਈ ਉਸੇ ਅਧਾਰ `ਤੇ ਉਸ ਨੇ ਇਥੇ ਵੀ ਪੁਜਾਰੀ ਲਈ ਵਿਸ਼ੇਸ਼ ਪਹਿਰਵੇ ਵਾਲਾ ਉਹੀ ਨਿਯਮ ਲਾਗੂ ਕਰ ਦਿੱਤਾ ਅਤੇ ਉਸੇ ਤਰ੍ਹਾਂ ਇਹ ਗੱਲ ਅੱਗੇ ਟੁਰ ਪਈ ਅਤੇ ਅੱਜ ਤੀਕ ਚਾਲੂ ਵੀ ਹੈ।

ਦੂਜੇ ਪਾਸੇ, ਬਜਾਏ ਇਸ ਪਾਸਿਓਂ ਸੁਚੇਤ ਹੋਣ ਦੇ ਬਾਕੀ ਵਿਗਾੜਾਂ ਵਾਂਗ ਅੱਜ ਇਹ ਵਿਗਾੜ ਵੀ ਸਿੱਖ ਧਰਮ ਦੇ ਪ੍ਰਚਾਰ ਦੀਆਂ ਜੜਾਂ `ਚ ਧੱਸ ਚੁੱਕਾ ਹੋਇਆ ਹੈ। ਉਂਜ ਇਸ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਵੀ, ਸਿੱਖ ਪ੍ਰਚਾਰਕ ਦੀ ਪਦਵੀ ਅਤੇ ਸਤਿਕਾਰ `ਚ ਵਿਘਣ?’ ਦੇ ਸਿਰਲੇਖ ਹੇਠ ਅਸ਼ਾਂ ਗੁਰਮੱਤ ਪਾਠ ਨੰ: ਵੀ ਸੰਗਤਾਂ ਵਿੱਚਕਾਰ ਦਿੱਤਾ ਹੋਇਆ ਹੈ। (ਚਲਦਾ) #418P-XVIIIs06.16.02.16#p18v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XVIII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਅਠਾਰਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.