.

ਨਾਮ ਅਤੇ ਨਾਮ ਸਿਮਰਨ

ਇਸ਼ਟ {ਇੱਕ ਓਅੰਕਾਰ (ੴ)} ਨਾਲ ਨੇੜਤਾ, ਸਾਂਝ ਅਤੇ ਉਸ ਵਿੱਚ ਵਿਲੀਨਤਾ ਹੀ ਮਨੁੱਖ ਦਾ ਪਰਮ ਧਰਮ ਅਥਵਾ ਜੀਵਨ-ਮਨੋਰਥ ਹੈ। ਇਸ ਅਧਿਆਤਮਿਕ ਲਕਸ਼ ਦੀ ਪ੍ਰਾਪਤੀ ਦਾ ਇਕੋ ਇੱਕ ਸਾਧਨ ਹੈ: ਸਮੁੱਚੀ ਮਾਨਵਤਾ ਦੇ ਇਸ਼ਟ, ਏਕੰਕਾਰ ਦੇ ਨਾਮ ਦਾ ਸਿਮਰਨ। "ਇਕ ਓਅੰਕਾਰ/ਏਕੰਕਾਰ" ਦੇ ਨਾਮ ਦਾ ਸਿਮਰਨ ਗੁਰਮਤਿ ਦਾ ਧੁਰਾ ਹੈ; ਇਸ ਧੁਰੇ ਤੋਂ ਬਿਨਾਂ ਗੁਰਮਤਿ ਦਾ ਖ਼ਿਆਲ ਵੀ ਨਹੀਂ ਕੀਤਾ ਜਾ ਸਕਦਾ। ਨਾਮ ਅਤੇ ਨਾਮ ਸਿਮਰਨ ਦੇ ਦਾਰਸ਼ਨਿਕ ਧੁਰੇ ਨੂੰ ਗੁਰਮਤਿ ਦਾ ਪਰਮੁੱਖ ਸਿੱਧਾਂਤ ਮੰਨਿਆ ਜਾਂਦਾ ਹੈ। ਇਸੇ ਲਈ, ਗੁਰਬਾਣੀ ਦੇ ਹਰ ਸ਼ਬਦ ਵਿੱਚ ਇਸ ਸਿੱਧਾਂਤ ਨੂੰ ਬਾਰ ਬਾਰ ਬੜੀ ਸ਼੍ਰੱਧਾ ਤੇ ਸ਼ਿੱਦਤ ਨਾਲ ਦ੍ਰਿੜਾਇਆ ਗਿਆ ਹੈ। ਨਾਮ-ਸਿਮਰਨ ਦੇ ਮਹੱਤਵ ਨੂੰ ਮੁੱਖ ਰੱਖਦਿਆਂ, ਗੁਰਬਾਣੀ ਵਿੱਚ ਨਾਮ-ਸਿਮਰਨ ਨੂੰ ਹੀ ਅਟਲ ਧਰਮੁ ਕਿਹਾ ਗਿਆ ਹੈ: ਤਜਿ ਸਭਿ ਭਰਮ ਭਜਿਓ ਪਾਰਬ੍ਰਹਮ॥ ਕਹੁ ਨਾਨਕ ਅਟਲ ਇਹੁ ਧਰਮੁ॥

ਸਰਬ ਧਰਮ ਮਹਿ ਸ੍ਰੇਸਟ ਧਰਮ ਹਰਿ ਕੋ ਨਾਮ ਜਪੁ ਨਿਰਮਲ ਕਰਮ॥

ਧਰਮ ਕਮਾਉਣ ਅਤੇ ਮਨੁੱਖਾ ਜੀਵਨ ਦੇ ਮੂਲ ਮਕਸਦ ਵਿੱਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਪ੍ਰਭੂ ਦੇ ਨਾਮ ਦਾ ਸਿਮਰਨ ਉੱਚਤਮ ਕਰਮ ਹੈ:

ਪ੍ਰਭ ਕੈ ਸਿਮਰਨੁ ਸਭ ਤੇ ਊਚਾ॥

ਜਪਿ ਜਨ ਸਦਾ ਸਦਾ ਦਿਨੁ ਰੈਣੀ॥ ਸਭ ਤੇ ਊਚ ਨਿਰਮਲ ਇਹ ਕਰਣੀ॥ ਸੁਖਮਨੀ

ਸਗਲ ਧਰਮ ਪਵਿਤ੍ਰ ਇਸਨਾਨੁ॥ ਸਭ ਮਹਿ ਊਚ ਬਿਸੇਖ ਗਿਆਨ॥ …ਗਉੜੀ ਮ: ੫

ਨਾਮੀ ਨੂੰ ਮਿਲਨ ਲਈ ਉਸ ਦੇ ਦੈਵੀ ਗੁਣਾਂ (ਵਡਿਆਈ) ਦਾ ਚਿੰਤਨ/ਸਿਮਰਨ ਹੀ ਇੱਕ ਮਾਤ੍ਰ ਵਿਧੀ ਹੈ:

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥

ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ …ਜਪੁ

(ਨਾਮੀ:- ਉਹ ਹਸਤੀ ਜਿਸ ਦਾ ਨਾਮ ਸਿਮਰਨਾ ਵਿਹਿਤ ਹੈ, ਇਸ਼ਟ।)

ਨਾਮ-ਸਿਮਰਨ ਮਨੁੱਖ ਦੇ ਆਤਮਿਕ ਜੀਵਨ ਦਾ ਮੂਲ ਆਧਾਰ ਹੈ। ਇਸ਼ਟ (ੴ) ਦੇ ਨਾਮ-ਸਿਮਰਨ ਤੋਂ ਬਿਨਾਂ ਮਨੁੱਖ ਧਰਤੀ ਉੱਤੇ ਨਿਰਜਿੰਦ ਬੋਝ ਜਾਂ ਮੋਈ ਹੋਈ ਆਤਮਾ ਵਾਲੀ ਚਲਦੀ ਫਿਰਦੀ ਲਾਸ਼ ਹੈ:

ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥ ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ॥ ਫਰੀਦ ਜੀ

ਸੋ ਜੀਵਿਆ ਜਿਸੁ ਮਨਿ ਵੱਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਸਲੋਕ ਮ: ੧

ਨਾਮ-ਸਿਮਰਨ ਦੇ ਵਿਸ਼ੇ ਦੇ ਹੋਰ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਨਾਮ ਅਤੇ ਸਿਮਰਨ ਦੇ ਅਰਥ ਭਾਵਾਂ ਨੂੰ ਸਮਝ ਲੈਣਾ ਜ਼ਰੂਰੀ ਹੈ:-

ਨਾਮ:- ਉਹ ਸ਼ਬਦ ਜਿਸ ਨਾਲ ਕਿਸੇ ਵਸਤੂ ਜਾਂ ਹੋਂਦ ਦੀ ਪਹਿਚਾਨ ਹੋਵੇ। ਨਾਮ ਜਾਂ ਨਾਂਵ ਮੁੱਖ ਰੂਪ ਵਿੱਚ ਦੋ ਪ੍ਰਕਾਰ ਦਾ ਹੈ: ਵਸਤੂਵਾਚਕ ਜਾਂ ਜਾਤੀਵਾਚਕ ਤੇ ਦੂਜਾ, ਗੁਣ ਵਾਚਕ। ਸੂਖਮ ਤੇ ਅਸਥੂਲ ਇਸ਼ਟ ਅਕਾਲ ਪੁਰਖ (ੴ) ਕੋਈ ਵਸਤੂ ਨਹੀਂ ਤੇ ਨਾ ਹੀ ਉਸ ਦੀ ਕੋਈ ਜਾਤਿ ਹੈ! ਇਸ ਲਈ ਉਸ ਦੀ ਪਹਿਚਾਨ ਉਸ ਦੇ ਗੁਣਾਂ/ਸਿਫ਼ਤਾਂ ਨਾਲ ਹੀ ਕੀਤੀ ਜਾਂਦੀ ਹੈ। ਉਸ ਦੇ ਗੁਣ ਅਣਗਿਣਤ ਹਨ; ਇਸ ਲਈ, ਉਸ ਦੇ ਨਾਮ ਵੀ ਅਣਗਿਣਤ ਹਨ! ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥ ਆਸਾ ਮ: ੧

ਸ੍ਰਿਸ਼ਟੀ ਦੇ ਮਾਲਿਕ ਪ੍ਰਭੂ ਪ੍ਰਤਿ ਭਾਵਨਾਵਾਂ ਦੇ ਅਨੰਤ ਹੋਣ ਕਰਕੇ ਉਸ ਦੇ ਨਾਮ ਵੀ ਅਨੰਤ ਹਨ। ਸੋ, ਪ੍ਰਭੂ ਨੂੰ ਕਿਸੇ ਖ਼ਾਸ ਨਾਮ ਨਾਲ ਬੰਨ੍ਹਿਆ ਨਹੀਂ ਜਾ ਸਕਦਾ! ਪਰਮਾਤਮਾ ਦਾ ਅਸਲ ਨਾਮ ਜਿਸ ਰਾਹੀਂ ਉਸ ਦਾ ਬੋਧ ਹੁੰਦਾ ਹੈ: ਉਹ ਹੈ ਸਤਿ/ਸਚਿ: ਤੇਰਾ ਸਚਿ ਨਾਮੁ ਪਰਮੇਸਰਾ॥ ਬਸੰਤ ਮ: ੧

ਜ਼ੁਬਾਨ ਨਾਲ ਕਹੇ/ਰਟੇ ਜਾਣ ਵਾਲੇ ਸਾਰੇ ਨਾਮ ਬਣਾਵਟੀ ਹਨ, ਪਰਮੇਸ਼ਰ ਦਾ ਮੁੱਢ ਕਦੀਮੀ ਤੇ ਸਦੀਵੀ ਨਾਮ ਸਤਿਨਾਮ ਹੀ ਹੈ:

ੴ ਸਤਿਨਾਮੁ ਕਰਤਾ ਪੁਰਖੁ……॥ ਮ: ੧

ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮ ਤੇਰਾ ਪਰਾ ਪੂਰਬਲਾ॥ ਮ: ੫

ਸਾਰੀ ਸਥੂਲ ਸ੍ਰਿਸ਼ਟੀ ਕਰਤਾਰ ਦੇ ਨਾਮ ਦਾ ਹੀ ਪ੍ਰਕਾਸ਼ ਹੈ। ਰੱਬ ਦੇ ਅਨੇਕ ਗੁਣਾਂ ਅਤੇ ਗੁਣਵਾਚਕ ਨਾਂਵਾਂ ਨੂੰ ਉਸ ਦੀ ਅਸੀਮ ਸ੍ਰਿਸ਼ਟੀ/ਸਿਰਜਨਾ/ਪ੍ਰਕਿਰਤੀ/ਕੁਦਰਤ ਵਿੱਚ ਦੇਖਿਆ ਜਾ ਸਕਦਾ ਹੈ। ਸੰਸਾਰ ਵਿੱਚ ਜੋ ਸਿਰਜਿਆ ਗਿਆ ਹੈ, ਉਹ ਸਭ ਨਾਮ ਹੀ ਹੈ। ਨਾਮ ਇੱਕ ਅਦੁੱਤੀ ਸ਼ਕਤੀ ਹੈ ਜੋ ਸਰਬਵਿਆਪਕ ਨਾਮੀ ਦੀ ਤਰ੍ਹਾਂ ਹੀ ਸਰਬਵਿਆਪਕ ਹੈ: ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥ …ਜਪੁ

ਆਪੀਨੈ ਆਪ ਸਾਜਿਉ ਆਪੀਨ੍ਹੈ ਰਚਿਉ ਨਾਉ॥ ਆਸਾ ਮ: ੧

ਗੁਰਬਾਣੀ ਵਿੱਚ ਸ਼ਬਦ ਨੂੰ ਵੀ ਨਾਮ ਦਾ ਸੂਚਕ ਮੰਨਿਆ ਗਿਆ ਹੈ!

ਸੁਰਤਿ ਸਬਦਿ ਭਵਸਾਗਰੁ ਤਰੀਐ ਨਾਨਕ ਨਾਮੁ ਵਖਾਣੈ॥ ਸਿਧ ਗੋਸਟਿ ਮ: ੧

…ਘੜੀਐ ਸਬਦੁ ਸਚੀ ਟਕਸਾਲ॥ …ਜਪੁ

ਗੁਰਬਾਣੀ ਵਿੱਚ ਕਾਦਰ ਦੀ ਕੁਦਰਤ (ਹੁਕਮ ਸੱਤਾ) ਨੂੰ ਵੀ ਨਾਮ ਕਿਹਾ ਗਿਆ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਦੀ ੧੬ਵੀਂ ਅਸ਼ਟਪਦੀ ਦੇ ਪੰਜਵੇਂ ਪਦੇ ਵਿੱਚ ਇਸ ਤੱਥ ਦਾ ਸੁਵਿਸਤਾਰ ਖ਼ੁਲਾਸਾ ਕਰਦੇ ਹਨ:

ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ …ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥ ਨਾਮ ਕੇ ਧਾਰੇ ਪੁਰੀਆ ਸਭ ਭਵਨ॥ …ਸੁਖਮਨੀ

ਅੰਗਰੇਜ਼ੀ ਵਿੱਚ ਨਾਮ ਦਾ ਸਮਾਨਾਰਥੀ ਸ਼ਬਦ ਹੈ, the Word: the Scriptures, any sacred writing. Holy: dedicated to religious use; Without sin; deserving reverence—high respect; respectful awe—reverential fear; (ਡਰ ਭਉ).

ਸਿਮਰਨ ਜਾਂ ਸਮਰਣ: ਇੱਕ ਮਨ ਇੱਕ ਚਿਤ ਹੋ ਕੇ ਇਸ਼ਟ ਪਰਮੇਸ਼ਵਰ ਦੇ ਨਾਮ ਅਰਥਾਤ ਗੁਣਾਂ ਦਾ ਚਿੰਤਨ ਕਰਨਾ, ਵਿਚਾਰਨਾ/ਜਪਨਾ/ਆਰਾਧਨਾ, ਸੇਵਨਾ, ਸਿਫ਼ਤ ਸਾਲਾਹ ਕਰਨੀ…। ਇਸ਼ਟ ਦੀ ਵਡਿਆਈ/ਸਿਫ਼ਤਾਂ/ਗੁਣਾਂ ਨੂੰ ਸੁਆਸ ਸੁਆਸ ਮਨ ਵਿੱਚ ਚਿਤਾਰਣ ਅਤੇ ਉਨ੍ਹਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਦਾ ਹਾਰਦਿਕ ਯਤਨ ਹੀ ਪ੍ਰਭੂ-ਭਗਤੀ, ਰੱਬ ਦੀ ਬੰਦਗੀ, ਨਾਮ-ਸਿਮਰਨ ਜਾਂ ਨਾਮ-ਅਭਿਆਸ ਹੈ।

ਅਧਿਆਤਮਵਾਦੀ ਬਾਣੀਕਾਰ ਨਾਮ-ਸਿਮਰਨ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਅਕਾਲ ਪੁਰਖ ਅੱਗੇ ਨਾਮ ਸਿਮਰਨ ਦੀ ਸਮਰੱਥਾ ਦੀ ਬਖ਼ਸ਼ਿਸ਼ ਲਈ ਅਰਜ਼ੋਈ ਕਰਦੇ ਹਨ:

…ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ॥ ਮ: ੧

ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ ਫਰੀਦ ਜੀ

ਅਧਿਆਤਮਿਕ ਮਾਰਗ ਉੱਤੇ ਚੱਲਣ ਵਾਸਤੇ ਜਿਸ ਸਹਾਰੇ ਤੇ ਰੌਸ਼ਣੀ/ਜੋਤਿ ਦੀ ਲੋੜ ਹੈ, ਉਸ ਦੀ ਪ੍ਰਾਪਤੀ ਦਾ ਵਸੀਲਾ ਸਿਰਫ਼ ਨਾਮ-ਸਿਮਰਨ ਹੀ ਹੈ। ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ, ਮੈਨੂੰ (ਵਿਕਾਰੀ ਰੁਚੀਆਂ ਕਾਰਣ ਆਤਮਿਕ ਪੱਖੋਂ ਅੰਨ੍ਹੇ ਹੋਏ ਹੋਏ ਨੂੰ) ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਤੇ ਸਹਾਰਾ ਪ੍ਰਾਪਤ ਹੋ ਗਿਆ ਹੈ:

ਮੈ ਅੰਧੁਲੇ ਨਾਵੈ ਕੀ ਜੋਤਿ॥ ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ॥ …ਮਲਾਰ ਮ: ੧

ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ॥

ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ॥ ਸੂਹੀ ਮ: ੧

ਸ਼ਬਦ ਅਰਥ: ਲਕੁਟੀ: ਛੜੀ, ਸੋਟੀ। ਟੋਹਣੀ: ਛੂਹ ਕੇ ਜਾਣਨ ਦਾ ਸਾਧਨ। ਲਕੁਟੀ ਟੋਹਣੀ: ਛੋਹ ਕੇ ਦੇਖਣ ਵਾਲੀ ਛੜੀ। ਮੋਹਣੀ: ਮਨ ਨੁੰ ਮੋਹ ਕੇ ਮਲੀਨ ਕਰਨ ਵਾਲੀ ਮਾਇਆ।

ਭਾਵ ਅਰਥ: ਮੇਰੇ (ਮਾਇਆ-ਧੂੜ ਵਿੱਚ) ਅੰਨ੍ਹੇ ਹੋ ਚੁੱਕੇ ਵਾਸਤੇ ਹਰਿ-ਨਾਮ ਰੂਪੀ ਛੜੀ ਹੀ ਮੇਰਾ ਪਥ-ਪ੍ਰਦਰਸ਼ਕ ਹੈ। (ਇਸ ਲਈ) ਮੈਂ ਮਾਲਿਕ ਪ੍ਰਭੂ ਦੇ ਸਹਾਰੇ ਹੀ ਰਹਿੰਦਾ ਹਾਂ ਤਾਂ ਜੋ ਮਨ ਨੂੰ ਮਲੀਨ ਕਰਨ ਵਾਲੀ ਮਾਇਆ ਮੈਂਨੂੰ ਮੋਹ ਨਾ ਸਕੇ।

ਨਾਮ ਦੇਵ ਜੀ ਦਾ ਵਿਚਾਰ ਹੈ ਕਿ ਆਤਮਿਕ ਪੱਖੋਂ ਕੰਗਾਲ ਬੰਦੇ ਵਾਸਤੇ ਪਰਮਾਤਮਾ ਦੇ ਨਾਮ ਦਾ ਸਹਾਰਾ ਹੀ ਸਹੀ ਸਹਾਰਾ ਹੈ:

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥

ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ ਤਿਲੰਗ ਨਾਮਦੇਵ ਜੀ

ਸ਼ਬਦ ਅਰਥ:- ਖੁੰਦਕਾਰਾ: ਖ਼ੁਦਾਵੰਦਗਾਰ, ਖ਼ੁਦਾਵੰਦ= ਸਾਹਿਬ, ਮਾਲਿਕ, ਅਲ੍ਹਾ ਤਅਲਾ; ਗਾਰ=ਵਾਲਾ; ਖ਼ੁਦਾਵੰਦਗਾਰ: ਸਾਹਿਬੀ ਕਰਨ ਵਾਲਾ ਮਾਲਿਕ, ਪਰਮਾਤਮਾ। ਮਸਕੀਨ: ਆਤਮਿਕ ਪੱਖੋਂ ਅਤਿ ਕਮਜ਼ੋਰ, ਫ਼ਕੀਰ ਤੋਂ ਵੀ ਗ਼ਰੀਬ।

ਭਾਵ ਅਰਥ:- ਹੇ ਮੇਰੇ ਮਾਲਿਕ! ਮੇਰਾ (ਆਤਮਿਕ ਪੱਖੋਂ) ਅੰਨ੍ਹੇ ਦਾ ਤੇਰਾ ਨਾਮ ਹੀ ਇੱਕ ਸਹਾਰਾ (ਪਥ-ਪ੍ਰਦਰਸ਼ਕ) ਹੈ। ਮੈਂ (ਆਤਮਿਕ ਪੱਖੋਂ) ਕੰਗਾਲ ਤੇ ਅਤਿ ਅਸਮਰੱਥ ਹਾਂ। ਇਸ ਹਾਲਤ ਵਿੱਚ ਤੇਰਾ ਨਾਮ ਹੀ ਮੇਰੇ ਆਤਮਿਕ ਜੀਵਨ ਦਾ ਸਹਾਰਾ ਹੈ।

ਨਾਮ ਅਤੇ ਨਾਮ-ਸਿਮਰਨ ਦੇ ਮਨ/ਆਤਮਾ ਉੱਤੇ ਪੈਂਦੇ ਕੀਮੀਆਈ, ਕਰਾਮਾਤੀ ਤੇ ਅਲੌਕਿਕ ਅਸਰਾਂ ਦਾ ਗੁਰਬਾਣੀ ਵਿੱਚ ਬਾਰ ਬਾਰ ਜ਼ਿਕਰ ਕੀਤਾ ਗਿਆ ਹੈ:

ਕਹਿ ਰਵਿਦਾਸ ਜੋ ਜਪੈ ਨਾਮੁ॥ ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ॥ ਰਵਿਦਾਸ ਜੀ

ਹਰਿ ਹਰਿ ਜਨ ਕੈ ਮਾਲੁ ਖਜੀਨਾ॥ ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ॥ …

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ॥ …

ਸਰਬ ਰੋਗ ਕਾ ਅਉਖਦੁ ਨਾਮੁ॥ ਕਲਿਆਣ ਰੂਪ ਮੰਗਲ ਗੁਣ ਗਾਮ॥ …ਸੁਖਮਨੀ ਮ: ੫

ਨਾਮ-ਸਿਮਰਨ ਤੋਂ ਬਿਨਾਂ ਮਨੁੱਖ ਮਾਨਸਿਕ ਤੌਰ `ਤੇ ਮਲੀਨ (ਮੈਲਾ ਹਰਿ ਕੇ ਨਾਮ ਬਿਨੁ ਜੀਉ॥ ਮ: ੫) ਅਤੇ ਆਤਮਿਕ ਪੱਖੋਂ ਰੋਗੀ ਹੋ ਕੇ ਕਈ ਤਰ੍ਹਾਂ ਦੇ ਦੁਸ਼ਟਤਾ ਭਰਪੂਰ, ਘ੍ਰਿਣਤ ਤੇ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ। ਇਸੇ ਲਈ, ਗੁਰਬਾਣੀ ਵਿੱਚ ਨਾਮ-ਵਿਹੂਣੇ ਮਨਮੁੱਖਾਂ ਵਾਸਤੇ ਬੜੇ ਸਖ਼ਤ ਤੇ ਖਰ੍ਹਵੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ, ਸੱਪ, ਕੂਕਰ (ਕੁੱਤਾ), ਗਰਧਬ (ਗਧਾ/ਖੋਤਾ), ਕੁਸਟੀ/ਕੋਹੜੀ ਤੇ ਵਿਸ਼ਟਾ/ਗੰਦਗੀ ਦਾ ਕੀੜਾ…… ਆਦਿ।

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ॥ ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ॥ ਫਰੀਦ ਜੀ

ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥

ਜਿਹ ਨਰ ਰਾਮ ਭਗਤਿ ਨਹਿ ਸਾਧੀ॥ ਜਨਮਤ ਕਸ ਨ ਮੁਓ ਅਪਰਾਧੀ॥ ਗਉੜੀ ਕਬੀਰ ਜੀ

ਕਹੁ ਕਬੀਰ ਜੈਸੇ ਸੁੰਦਰ ਸਰੂਪ॥ ਨਾਮ ਬਿਨਾ ਜੈਸੇ ਕੁਬਜ ਕੁਰੂਪ॥

ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥ ਮ: ੧

ਖਾਣਾ ਪੀਣਾ ਹਸਣਾ ਬਾਦਿ॥ ਜਬ ਲਗੁ ਰਿਦੈ ਨ ਆਵਹਿ ਯਾਦਿ॥ ਆਸਾ ਮ: ੧

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟ॥

ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥ ਮ: ੧

ਧ੍ਰਿਗੁ ਬਹੁ ਜੀਵਣੁ ਜਿਤੁ ਹਰਿ ਨਾਮਿ ਨ ਲਗੈ ਪਿਆਰੁ॥ …ਮ: ੩

ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ। ਮ: ੩

ਜਿਨੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ॥

ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ॥ ਮ: ੩

ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ॥ ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ॥ ਜਿਨਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ॥ ਜਿਓ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ॥ ਮ: ੪

ਜਿਨ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸੁ ਕੈ ਕੁਲਿ ਲਾਗੀ ਗਾਰੀ॥

ਹਰਿ ਤਿਸ ਕੁਲਿ ਪਰਸੂਤਿ ਨ ਕਰੀਅਹੁ ਤਿਸ ਬਿਧਵਾ ਕਰਿ ਮਹਤਾਰੀ॥ ਮਲਾਰ ਮ: ੪

ਬਿਨੁ ਸਿਮਰਨ ਜੈਸੇ ਸਰਪ ਆਰਜਾਰੀ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ॥ …

ਬਿਨੁ ਸਿਮਰਨ ਭਏ ਕੂਕਰ ਕਾਮ॥ ਸਾਕਤ ਬੇਸੁਆ ਪੂਤ ਨਿਨਾਮ॥ …ਗਉੜੀ ਮ: ੫

(ਬੇਸੁਆ ਪੂਤ: ਵੇਸਵਾ ਦੀ ਨਾਜਾਇਜ਼ ਔਲਾਦ। ਨਿਨਾਮ: ਜਿਸ ਦੇ ਪਿਓ ਦੇ ਨਾਮ ਦਾ ਪਤਾ ਨਹੀਂ।)

ਬਿਨੁ ਸਿਮਰਨ ਗਰਧਭ ਕੀ ਨਿਆਈ॥ …

ਬਿਨੁ ਸਿਮਰਨ ਕੂਕਰ ਹਰਕਾਇਆ॥ …

ਬਿਨੁ ਸਿਮਰਨ ਹੈ ਆਤਮ ਘਾਤੀ॥ …ਮ: ੫

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ॥

ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨ॥ ਮ: ੯

ਆਤਮਾ ਦੀ ਪਰਮਾਤਮਾ ਤੋਂ ਵਿੱਥ ਤੇ ਵਿਛੋੜੇ ਦਾ ਮੂਲ ਕਾਰਣ ਮਾਇਆ ਦਾ ਮੋਹ ਹੈ। ਨਾਮ ਸਿਮਰਨ ਨਾਲ ਮਨ ਨੂੰ ਮਾਇਆ ਵੱਲੋਂ ਮੋੜ ਕੇ ਈਸ਼ਵਰ ਵੱਲ ਪ੍ਰੇਰਿਆ ਜਾ ਸਕਦਾ ਹੈ। ਮਨ ਨੂੰ ਨਿਰਮੈਲ ਤੇ ਪਰਮਾਤਮਾ ਦੀ ਅੰਸ਼ ਆਤਮਾ ਨੂੰ ਨਿਰੋਗ, ਨਰੋਆ ਤੇ ਸਜੀਵ ਰੱਖਣ ਦਾ ਕੇਵਲ ਇੱਕ ਹੀ ਸਾਧਨ ਹੈ: ਪਰਮਾਤਮਾ ਦੇ ਨਾਮ ਦਾ ਸਿਮਰਨ:

ਭਰੀਐ ਮਤਿ ਪਾਪਾ ਕੈ ਸੰਗ॥ ਓਹੁ ਧੋਪੈ ਨਾਵੈ ਕੈ ਰੰਗ॥ ਜਪੁ

ਨਾਮੁ ਅਉਖਧੁ ਮੋ ਕਉ ਸਾਧੂ ਦੀਆ ਕਿਲਬਿਖ ਕਾਟੇ ਨਿਰਮਲੁ ਥੀਆ॥ ਮਾਝ ਮ: ੫ ਸਰਬ ਰੋਗ ਕਾ ਅਉਖਦੁ ਨਾਮੁ॥ …

…ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡਭਾਗ ਮਥੋਰਾ॥ ਤਿਨ ਜਨ ਕੇ ਸਭਿ ਪਾਪ ਗਏ ਸਭ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ॥ ……ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ॥ ਰਾਗੁ ਸਾਰਗ ਮ: ੪

ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ॥ …ਮ: ੫

(ਸੁਧਾਖਰੁ: ਸ਼ੁੱਧ+ਅੱਖਰ, ਹਰੀ ਦਾ ਨਿਰਮਲ ਨਾਮ।)

ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ॥ ਰਾਗੁ ਸਾਰਗ ਮ: ੫

ਸਚਿ ਸਿਮਰਿਐ ਹੋਵੈ ਪਰਗਾਸੁ॥ ਤਾ ਤੇ ਬਿਖਿਆ ਮਹਿ ਉਦਾਸੁ॥ ਧਨਾ: ਮ: ੧,

ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ॥ . . ਮ: ੩

ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ॥ …ਮਾਝ ਮ: ੧

ਸਿਮਰਨ ਇੰਦ੍ਰੀਆਂ ਦੀ ਖੇਡ ਨਹੀਂ। ਇੰਦ੍ਰੀਆਂ ਨਾਲ ਕੀਤਾ ਗਿਆ ਸਿਮਰਨ ਦੰਭ ਹੈ, ਦਿਖਾਵਾ ਹੈ। ਅਜਿਹਾ ਦਿਖਾਵੇ ਦਾ (ਕਰਮਕਾਂਡਾਂ ਵਾਲਾ) ਸਿਮਰਨ ਨਿਰਾਰਥਕ ਹੈ। ਸਿਰ ਹਿਲਾ ਹਿਲਾ ਕੇ ਅਰੜਾਟ ਪਾਉਣ ਨੂੰ ਵੀ ਸਿਮਰਨ ਨਹੀਂ ਕਿਹਾ ਜਾ ਸਕਦਾ। ਸੱਚਾ ਸਿਮਰਨ ਮਨ ਦਾ ਉੱਚਤਮ ਉੱਦਮ ਹੈ। ਮਨ ਵਿੱਚ ਮਨ ਨਾਲ ਕੀਤਾ ਗਿਆ ਸਿਮਰਨ ਹੀ ਸੱਚਾ ਤੇ ਸਾਰਥਕ ਸਿਮਰਨ ਹੈ।

…ਬਿਨੁ ਜਿਹਵਾ ਜੋ ਜਪੈ ਹਿਆਇ॥ ਕੋਈ ਜਾਣੈ ਕੈਸਾ ਨਾਉ॥ ੨॥

ਅਹਿਨਿਸਿ ਅੰਤਰਿ ਰਹੈ ਲਿਵ ਲਾਇ॥ ਸੋਈ ਪੁਰਖ ਜਿ ਸਚਿ ਸਮਾਇ॥ ੩॥ ਮਲਾਰ ਮ: ੧ (ਹਿਆਇ:- ਹਿਰਦੇ ਵਿੱਚ।)

ਮਨੁ ਸੰਪਟੁ ਜਿਤੁ ਸਤਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ॥

ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੑ ਬਿਧਿ ਸਾਹਿਬੁ ਰਵਤੁ ਰਹੈ॥ ਸੂਹੀ ਮ: ੧

ਨਾਮ ਕੋਈ ਸਥੂਲ ਪਦਾਰਥ ਨਹੀਂ ਜੋ ਲਿੱਤਾ ਜਾਂ ਦਿੱਤਾ ਜਾ ਸਕੇ। ਪਰੰਤੂ ਹਮੇਸ਼ਾ ਤੋਂ ਹੀ ਸੰਸਾਰ ਦੇ ਲਗ ਪਗ ਸਾਰੇ ਸੰਕੀਰਣ ਧਰਮਾਂ ਦੇ ਮੋਹਰੀ ਭੋਲੇ ਭਾਲੇ ਅੰਧਵਿਸ਼ਵਾਸੀ ਲੋਕਾਂ ਨੂੰ ਅੰਧੇਰ ਕੋਠੜੀਆਂ ਵਿੱਚ ਡੱਕ ਕੇ ਜਾਂ ਬੁੱਕਲ ਵਿੱਚ ਲੈ ਕੇ ਨਾਮ ਦੇਣ ਤੇ ਲੈਣ ਦਾ ਪਾਖੰਡ ਵਪਾਰ ਕਰਦੇ ਆ ਰਹੇ ਹਨ। ਇਸ ਪੱਖੋਂ ‘ਗੁਰੁਸਿੱਖੀ’ ਦਾ ਹਾਲ ਸੱਭ ਤੋਂ ਮਾੜਾ ਹੈ! ਗੁਰਮਤਿ ਦੇ ਅਨਮੋਲ ਖ਼ਜ਼ਾਨੇ ਉੱਤੇ ਕੁੰਡਲੀ ਮਾਰੀ ਬੈਠੇ ਨਾਮ ਧਰੀਕ ਗੁਰੂ, ਸੰਤ, ਬਾਬੇ, ਮਹਾਂਪੁਰਖ, ‘ਪੰਥ ਦੇ ਮਹਾਨ ਪ੍ਰਚਾਰਕ’ ਤੇ ਡੇਰੇਦਾਰ ਵਗੈਰਾ ਵਗੈਰਾ ਵੀ ਨਿਰਲੱਜ ਹੋ ਕੇ ਨਾਮ ਦੇਣ-ਲੈਣ ਦੇ ਇਸ ਧੰਧੇ ਦੀ ਕਪਟ-ਕਮਾਈ ਡਕਾਰੀ ਜਾ ਰਹੇ ਹਨ।

ਗੁਰਮਤਿ ਅਨੁਸਾਰ, ਨਾਮ-ਸਿਮਰਨ ਨਿਰੋਲ ਮਨ/ਆਤਮਾ ਦੀ ਸਾਧਨਾ ਹੈ ਜੋ ਮਨ ਨੂੰ ਵਿਕਾਰਾਂ ਵੱਲੋਂ ਮਾਰ ਕੇ ਮਨ ਨਾਲ ਹੀ ਹੋ ਸਕਦੀ ਹੈ। ਇਸ ਤੱਥ ਦਾ ਅਤਿ ਸੁੰਦਰ ਵਰਣਨ ਬਾਣੀ "ਜਪੁ" ਦੀ ੩੮ਵੀਂ ਪਉੜੀ ਵਿੱਚ ਕੀਤਾ ਗਿਆ ਹੈ:

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥਿਆਰੁ॥

ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥

ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥

ਨਾਨਕ ਨਦਰੀ ਨਦਰਿ ਨਿਹਾਲ॥ ੩੮॥

(ਨੋਟ:- ਬਾਣੀ ਜਪੁ ਦੀ ਪਉੜੀ "ਜਤੁ ਪਾਹਾਰਾ…॥" ਦੀ ਵਿਆਖਿਆ ਲੇਖ-ਲੜੀ ਤੀਜੀ ਵਿੱਚ ਮੇਰੇ ਲੇਖਾਂ ਵਿੱਚ ਪੜ੍ਹੀ ਜਾ ਸਕਦੀ ਹੈ।)

ਗੁਰਿੰਦਰ ਸਿੰਘ ਪਾਲ

ਨਵੰਬਰ 13, 2016.




.