.

ਗੁਰਬਾਣੀ ਵਿੱਚ ਜੀਵਨ ਮੁਕਤਿ ਦਾ ਸੰਕਲਪ

(ਸੁਖਜੀਤ ਸਿੰਘ ਕਪੂਰਥਲਾ)

ਪ੍ਰਮੇਸ਼ਰ ਵਲੋਂ ਸਾਜੀ ਗਈ ਸ੍ਰਿਸ਼ਟੀ ਅੰਦਰ ਵੱਖ-ਵੱਖ ਤਰਾਂ ਦੇ ਜੀਵ ਜੰਤੂ ਹਨ। ਮਨੁੱਖਾ ਜਨਮ ਇਨ੍ਹਾਂ ਸਾਰਿਆਂ ਵਿਚੋਂ ਸ੍ਰੇਸ਼ਟ ਮੰਨਿਆ ਗਿਆ ਹੈ। ਮਨੁੱਖ ਨੂੰ ਸਹੀ ਜੀਵਨ ਸੇਧ ਦੇਣ ਲਈ ਸੰਸਾਰ ਅੰਦਰ ਸਮੇਂ-ਸਮੇਂ ਤੇ ਵੱਖ-ਵੱਖ ਧਾਰਮਿਕ ਰਹਿਬਰ ਆਏ, ਜਿਨ੍ਹਾਂ ਨੇ ਮਨੁੱਖ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕਰਨ ਅਤੇ ਉਸਦੇ ਭਲੇ ਲਈ ਮਾਰਗ ਦਰਸ਼ਨ ਕਰਦੇ ਹੋਏ ਯਤਨ ਕੀਤੇ। ਇਸੇ ਹੀ ਲੜੀ ਅੰਦਰ ਗੁਰੂ ਨਾਨਕ ਸਾਹਿਬ ‘ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ` (੧੪੦੮) ਬਣ ਕੇ ਸੰਸਾਰ ਵਿੱਚ ਆਏ। ਜਿਥੇ ਪਹਿਲਾਂ ਇਹ ਵਿਚਾਰ ਪ੍ਰਚਲਿਤ ਸੀ ਕਿ ਮਨੁੱਖ ਨੇ ਧਰਮ ਆਧਾਰਿਤ ਦਾਨ-ਪੁੰਨ ਵਾਲਾ ਜੀਵਨ ਜੀਊਣਾ ਹੈ ਅਤੇ ਇਸ ਦਾ ਫਲ ਮਰਨ ਉਪਰੰਤ ਮਿਲੇਗਾ, ਗੁਰੂ ਨਾਨਕ ਸਾਹਿਬ ਨੇ ਇਸ ਤੋਂ ਉਲਟ ਇਹ ਸਿਧਾਂਤ ਦਿਤਾ ਕਿ ਮਰਨ ਤੋਂ ਬਾਦ ਮੁਕਤੀ ਜੇ ਮਿਲ ਵੀ ਜਾਵੇ ਤਾਂ ਉਹ ਕਿਸ ਅਰਥ ਰਹਿ ਜਾਵੇਗੀ। ਅਸਲ ਮੁਕਤੀ ਤਾਂ ਉਹ ਹੈ ਜੋ ਜਿਊਂਦੇ ਜੀਅ ਹੀ ਮਿਲ ਜਾਵੇ।

ਇਸ ਵਿਸ਼ੇ ਉਪਰ ਭਗਤ ਸਧਨਾ ਜੀ ਵਲੋਂ ਰਾਗ ਬਿਲਾਵਲ ਅੰਦਰ ਉਚਾਰਣ ਕੀਤੇ ਗਏ ਸ਼ਬਦ ਰਾਹੀਂ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਮਨੁੱਖ ਆਪਣੇ ਇਸ ਜੀਵਨ ਅੰਦਰ ਹੀ ਪ੍ਰਭੂ ਦਾ ਭਗਤ ਬਣ ਕੇ ਉਸਦੀ ਬਖ਼ਸ਼ਿਸ਼ ਲਈ ਆਪਣੀ ਪਾਤਰਤਾ ਸਾਬਤ ਕਰੇ। ਜੇਕਰ ਮਨੁੱਖ ਸੋਚਦਾ ਹੈ ਕਿ ਮਾਲਕ ਦੀ ਭਗਤੀ ਦਾ ਫਲ ਬਾਅਦ ਵਿੱਚ ਮਿਲੇਗਾ ਤਾਂ ਇਹ ਉਸਦੀ ਭੁੱਲ ਹੈ। ਜਿਵੇਂ ਪਪੀਹਾ ਸਵਾਂਤੀ ਬੂੰਦ ਲਈ ਪੁਕਾਰ ਕਰਦਾ-ਕਰਦਾ ਅੰਤ ਮੌਤ ਨੂੰ ਪ੍ਰਾਪਤ ਹੋ ਜਾਵੇ, ਮਰਣ ਤੋਂ ਬਾਅਦ ਜੇਕਰ ਉਸਨੂੰ ਸਮੁੰਦਰ ਦਾ ਸਮੁੱਚਾ ਪਾਣੀ ਵੀ ਸਵਾਂਤੀ ਬੂੰਦ ਦੇ ਰੂਪ ਵਿੱਚ ਪ੍ਰਾਪਤ ਹੋ ਜਾਵੇ ਤਾਂ ਪਪੀਹੇ ਦੇ ਕਿਸੇ ਕੰਮ ਨਹੀਂ। ਜੇ ਕੋਈ ਮਨੁੱਖ ਪਾਣੀ ਵਿੱਚ ਡੁੱਬ ਰਿਹਾ ਹੋਵੇ, ਜੇ ਮਰਣ ਤੋਂ ਬਾਅਦ ਉਸਨੂੰ ਬੇੜੀ ਮਿਲ ਵੀ ਜਾਵੇ ਤਾਂ ਉਹ ਬੇੜੀ ਕਿਸ ਅਰਥ ਹੈ। ਠੀਕ ਇਸੇ ਤਰਾਂ ਮਨੁੱਖ ਨੂੰ ਪ੍ਰਮੇਸ਼ਰ ਅੱਗੇ ਬੇਨਤੀ ਕਰਨੀ ਬਣਦੀ ਹੈ ਕਿ ਮੈਨੂੰ ਤੁਹਾਡੀ ਬਖਸ਼ਿਸ਼ ਦੀ ਲੋੜ ਹੁਣ ਹੈ ਤਾਂ ਜੋ ਮੈਂ ਜਿਊਂਦੇ ਜੀਅ ਹੀ ਮੁਕਤੀ ਦੇ ਮਾਰਗ ਰੂਪੀ ਮੰਜ਼ਿਲ ਦੀ ਪ੍ਰਾਪਤੀ ਕਰ ਸਕਾਂ। ਗੁਰਬਾਣੀ ਦੇ ਪਾਵਨ ਬਚਨ ਹਨ-

ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖੁ ਪਾਵੈ।।

ਪ੍ਰਾਨ ਗਏ ਸਾਗਰ ਮਿਲੇ ਫੁਨਿ ਕਾਮਿ ਨ ਆਵੈ।। ੨।।

ਪ੍ਰਾਨ ਜੁ ਥਾਕੇ ਥਿਰ ਨਹੀ ਕੈਸੇ ਬਿਰਮਾਵਉ।।

ਬੂਡਿ ਮੂਏ ਨਉਕਾ ਮਿਲੇ ਕਹੁ ਕਾਹਿ ਚਡਾਵਉ।। ੩।।

ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ।।

ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ।। ੪।। ੧।।

(ਬਾਨੀ ਸਧਨੇ ਕੀ- ਰਾਗ ਬਿਲਾਵਲ-੮੫੮)

ਗੁਰੂ ਸਾਹਿਬ ਤੋਂ ਪਹਿਲਾਂ ਆਮ ਤੌਰ ਤੇ ਇਹ ਮੰਨਿਆ ਜਾਂਦਾ ਸੀ ਕਿ ਮਰਣ ਤੋਂ ਬਾਅਦ ਮਨੁੱਖ ਦੇ ਕੀਤੇ ਗਏ ਚੰਗੇ-ਮੰਦੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਦੀ ਪ੍ਰਾਪਤੀ ਹੁੰਦੀ ਹੈ। ਪ੍ਰੰਤੂ ਗੁਰਬਾਣੀ ਨੇ ਇਸ ਸਿਧਾਂਤ ਨੂੰ ਬਿਲਕੁਲ ਵੀ ਮਾਨਤਾ ਨਹੀਂ ਦਿਤੀ ਸਗੋਂ ਇਹ ਆਖਿਆ ਕਿ ਸਿੱਖ ਦੇ ਮਨ ਅੰਦਰ ਨਾ ਤਾਂ ਸਵਰਗ ਦਾ ਕੋਈ ਲਾਲਚ ਹੈ ਅਤੇ ਨਾ ਹੀ ਨਰਕ ਦਾ ਕੋਈ ਡਰਾਵਾ ਹੈ, ਅਸੀਂ ਤਾਂ ਆਪਣੇ ਗੁਰੂ ਦੀ ਕ੍ਰਿਪਾ ਦੁਆਰਾ ਦੋਵੇ ਹੀ ਪੱਖਾਂ ਨੂੰ ਜੋ ਮਰਣ ਤੋਂ ਬਾਦ ਮੁਕਤੀ ਰੂਪ ਵਿੱਚ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ ਕਦੀ ਵੀ ਮਾਨਤਾ ਨਹੀਂ ਦਿੰਦੇ। ਇਸ ਪ੍ਰਥਾਇ ਭਗਤ ਕਬੀਰ ਜੀ ਦਾ ਫੁਰਮਾਣ ਹੈ-

ਸੁਰਗ ਬਾਸ ਨ ਬਾਛੀਐ ਡਰੀਐ ਨ ਨਰਕ ਨਿਵਾਸ।।

ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ।।

(ਗਉੜੀ ਕਬੀਰ ਜੀ-੩੩੭)

ਮਲਾਰ ਰਾਗ ਅੰਦਰ ਭਗਤ ਨਾਮਦੇਵ ਜੀ ਇਸ ਸਬੰਧ ਵਿੱਚ ਆਪਣੇ ਜੀਵਨ ਵਿਚੋਂ ਬਹੁਤ ਸੁੰਦਰ ਦ੍ਰਿਸ਼ਟਾਂਤ ਦੁਆਰਾ ਪ੍ਰਮੇਸ਼ਰ ਨੂੰ ਬੇਨਤੀ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਹੇ ਅਕਾਲ ਪੁਰਖ! ਨਾਮਦੇਵ ਤੇਰਾ ਭਗਤ ਹੈ ਅਤੇ ਉਸਨੂੰ ਜੀਊਂਦੇ ਜੀਅ ਧਰਮ ਮੰਦਰ ਵਿਚੋਂ ਸ਼ੂਦਰ-ਸ਼ੂਦਰ ਆਖਦੇ ਹੋਏ ਧੱਕੇ ਮਾਰ ਕੇ ਬਾਹਰ ਕੱਢ ਦਿਤਾ ਜਾ ਰਿਹਾ ਹੈ ਅਤੇ ਇਸ ਤਰਾਂ ਨਾਮਦੇਵ ਦੀ ਅੱਜ ਸਾਰਿਆਂ ਦੇ ਸਾਹਮਣੇ ਬੇਇਜਤੀ ਕੀਤੀ ਜਾ ਰਹੀ ਹੈ। ਜੇ ਮੇਰੀ ਭਗਤੀ ਦਾ ਫਲ ਮੈਨੂੰ ਮਰਣ ਤੋਂ ਬਾਦ ਮਿਲਣਾ ਹੈ ਤਾਂ ਨਾਮਦੇਵ ਨੂੰ ਇਹ ਮੁਕਤੀ ਨਹੀਂ ਚਾਹੀਦੀ ਕਿਉਂਕਿ ਫਿਰ ਇਸ ਮੁਕਤੀ ਦਾ ਧੱਕੇ ਮਾਰਣ ਵਾਲਿਆਂ ਅਤੇ ਵੇਖਣ ਵਾਲਿਆਂ ਨੂੰ ਕਿਵੇਂ ਪਤਾ ਲਗੇਗਾ? ਇਸ ਪ੍ਰਥਾਇ ਗੁਰਵਾਕ ਹੈ-

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ।।

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛਉਡੀ ਹੋਇਲਾ।।

(ਮਲਾਰ-ਭਗਤ ਨਾਮਦੇਵ ਜੀ-੧ ੨੯੨)

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਮਤਿ ਵਿੱਚ ਮਰਣ ਤੋਂ ਬਾਦ ਮੁਕਤੀ ਦੇ ਸਿਧਾਂਤ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਅੰਦਰ ਕਿਸ ਤਰਾਂ ਮੁਕਤੀ ਦੀ ਗੱਲ ਕੀਤੀ ਗਈ ਹੈ?

ਸਿੱਖੀ ਸਿਧਾਂਤ ਤਾਂ ‘ਬਿਨੁ ਸਤਿਗੁਰ ਕਿਨੈ ਨ ਪਾਇਓ` (੪੬੬) ਦਾ ਹੈ। ਜਿਹੜੇ ਜੀਵ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਦੀ ਮਤਿ ਦੇ ਧਾਰਨੀ ਬਣ ਕੇ ਚਲਣ ਦੀ ਬਜਾਏ ਆਪਣੀ ਮਨ ਦੀ ਮਤਿ ਅਨੁਸਾਰ ਚਲਦੇ ਹਨ, ਉਹ ਕਦੀ ਵੀ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦੇ। ਸੱਚੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਅਸੀਂ ਜਿੰਨੇ ਮਰਜੀ ਧਾਰਮਿਕ ਕਰਮ ਵੀ ਕਿਉਂ ਨਾ ਕਰ ਲਈਏ, ਜੀਵਨ ਮੰਜ਼ਿਲ ਦੀ ਪ੍ਰਾਪਤੀ ਸਬੰਧੀ ਆਸ ਕਰਨੀ ਬਿਲਕੁਲ ਨਿਰਰਥਕ ਹੈ। ਸੱਚਾ ਸਤਿਗੁਰੂ ਆਪਣੇ ਸ਼ਬਦ ਦੇ ਗਿਆਨ ਦੁਆਰਾ ਮਾਰਗ ਦਰਸ਼ਨ ਕਰਕੇ ਜਗਿਆਸੂ ਨੂੰ ਜੀਊਂਦੇ ਜੀਅ ਹੀ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ। ਇਸ ਪ੍ਰਥਾਇ ਅਨੰਦ ਸਾਹਿਬ ਦੀ ਪਾਵਨ ਬਾਣੀ ਅੰਦਰ ਗੁਰੂ ਅਮਰਦਾਸ ਜੀ ਦੇ ਗੁਰਵਾਕ ਹਨ-

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ।।

ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ।।

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ।।

ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦ ਸੁਣਾਏ।।

ਕਹੈ ਨਾਨਕੁ ਬੀਚਾਰਿ ਦੇਖਹੁ ਵਿਣੁ ਸਤਿਗੁਰੂ ਮੁਕਤਿ ਨ ਪਾਏ।। ੨੨।।

(ਰਾਮਕਲੀ ਮਹਲਾ ੩ ਅਨੰਦੁ-੯੨੦)

ਜਦੋਂ ਅਸੀਂ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ ਤਾਂ ‘ਸਤਿਗੁਰ ਪੁਰਾ ਵੈਦੁ ਹੈ ਪੰਜੇ ਰੋਗ ਅਸਾਧ ਨਿਵਾਰੇ` (ਭਾਈ ਗੁਰਦਾਸ ਜੀ- ਵਾਰ ੨੬ ਪਉੜੀ ੧੯) ਬਣ ਕੇ ਸਾਡੇ ਜੀਵਨ ਵਿਚਲੇ ਅਉਗਣਾਂ ਦੀ ਪਛਾਣ ਕਰਵਾ ਦਿੰਦਾ ਹੈ। ਸਾਨੂੰ ਪਤਾ ਚਲ ਜਾਂਦਾ ਹੈ ਕਿ ਇਹ ਪੰਜ ਵਿਕਾਰ ਹੀ ਮੇਰੇ ਜੀਵਨ ਮੁਕਤੀ ਦੇ ਰਸਤੇ ਵਿੱਚ ਰੁਕਾਵਟ ਹਨ। ਜਦੋਂ ਰੋਗ ਦੀ ਪਹਿਚਾਣ ਹੋ ਜਾਵੇ ਫਿਰ ਸਹੀ ਇਲਾਜ ਵੀ ਸ਼ੁਰੂ ਹੋ ਜਾਂਦਾ ਹੈ। ਪ੍ਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਫਿਰ ਸਹੀ ਅਰਥਾਂ ਵਿੱਚ ਧਨਵਾਨ, ਉਚੀ ਕੁਲ ਵਾਲਾ, ਇਜਤ ਵਾਲਾ ਬਣ ਜਾਂਦਾ ਹੈ ਅਤੇ ਜਿਥੇ ਉਹ ਆਪ ਜਿਊਂਦੇ ਜੀਅ ਮੁਕੁਤ ਹੋ ਜਾਂਦਾ ਹੈ, ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਵੀ ਮੁਕਤ ਕਰਨ ਦੇ ਸਮਰੱਥ ਬਣ ਜਾਂਦਾ ਹੈ ਅਤੇ ਰਹਿੰਦੀ ਦੁਨੀਆਂ ਤਕ ਉਸ ਦੀ ਜੈ-ਜੈਕਾਰ ਕਾਇਮ ਰਹਿੰਦੀ ਹੈ। ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ-

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ।। ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ।।

ਧੰਨ ਧੰਨ ਧੰਨ ਜਨੁ ਆਇਆ।। ਜਿਸੁ ਪ੍ਰਸਾਦਿ ਸਭੁ ਜਗਤ ਤਰਾਇਆ।।

(ਗਉੜੀ ਸੁਖਮਨੀ ਮਹਲਾ ੫-੨੯੪)

ਇਸ ਪ੍ਰਥਾਇ ਜਦੋਂ ਅਸੀਂ ਸਿੱਖ ਇਤਿਹਾਸ ਦੇ ਪੰਨਿਆਂ ਅੰਦਰ ਪੜਦੇ ਹਾਂ ਕਿ ਗੁਰੂ ਨਾਨਕ ਸਾਹਿਬ 1469 ਈ. ਤੋਂ ਲੈ ਕੇ 1539 ਈ. ਤਕ ਲਗਭਗ 70 ਸਾਲ ਸਰੀਰਕ ਰੂਪ ਵਿੱਚ ਮੌਜੂਦ ਰਹੇ। ਭਾਵੇਂ ਉਹ 1539 ਈ. ਕਰਤਾਰਪੁਰ (ਪਾਕਿਸਤਾਨ) ਦੀ ਧਰਤੀ ਉਪਰ ਜੋਤੀ ਜੋਤ ਵੀ ਸਮਾ ਗਏ, ਪਰ ਉਨ੍ਹਾਂ ਵਲੋਂ ਜਗਾਈ ਗਈ ਗੁਰੂ ਗਿਆਨ ਦੀ ਮਸ਼ਾਲ ਨੂੰ ਬਾਕੀ 9 ਗੁਰੂ ਸਾਹਿਬਾਨ ਨੇ ਆਪਣੇ-ਆਪਣੇ ਸਮੇਂ ਵਿੱਚ ਜਗਾਈ ਰੱਖਿਆ ਅਤੇ 10 ਗੁਰੂ ਸਾਹਿਬਾਨ ਤੋਂ ਬਾਦ ਵੀ ਇਹੀ ਮਸ਼ਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਗਿਆਨ ਦੁਆਰਾ ਲਟ-ਲਟ ਬਲ ਰਹੀ ਹੈ ਅਤੇ ਹਮੇਸ਼ਾ ਹੀ ਬਲਦੀ ਰਹੇਗੀ।

ਆਉ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਰਾਹੀਂ ਦਰਸਾਏ ਗਿਆਨ ਦੀ ਰੋਸ਼ਨੀ ਵਿੱਚ ਜਿਊਂਦੇ ਜੀਅ ਹੀ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਤੋਂ ਰਹਿਤ ਕਰਕੇ ਪ੍ਰਮੇਸ਼ਰ ਦੇ ਹੁਕਮ ਨੂੰ ਹਰ ਅਵਸਥਾ ਵਿੱਚ ਖਿੜੇ ਮੱਥੇ ਪ੍ਰਵਾਨ ਕਰ ਸਕਣ ਵਾਲੀ ਜੀਵਨ ਅਵਸਥਾ ਦੇ ਧਾਰਨੀ ਬਣ ਜਾਈਏ ਅਤੇ ਗੁਰੂ ਅਰਜਨ ਸਾਹਿਬ ਦੇ ਉਚਾਰਣ ਕੀਤੇ ਗਏ ਪਾਵਨ ਬਚਨਾਂ ਅਨੁਸਾਰ ਜੀਵਨ ਮੁਕਤਿ ਹੋ ਜਾਈਏ-

ਪ੍ਰਭ ਕੀ ਆਗਿਆ ਆਤਮ ਹਿਤਾਵੈ।। ਜੀਵਨ ਮੁਕਤਿ ਸੋਊ ਕਹਾਵੈ।।

ਤੈਸਾ ਹਰਖੁ ਤੈਸਾ ਉਸੁ ਸੋਗੁ।। ਸਦਾ ਅਨੰਦੁ ਤਹ ਨਹੀ ਬਿਓਗੁ।।

ਤੈਸਾ ਸੁਵਰਨੁ ਤੈਸੀ ਉਸ ਮਾਟੀ।। ਤੈਸਾ ਅੰਮ੍ਰਿਤ ਤੈਸੀ ਬਿਖੁ ਖਾਟੀ।।

ਤੈਸਾ ਮਾਨੁ ਤੈਸਾ ਅਭਿਆਨੁ।। ਤੈਸਾ ਰੰਕੁ ਤੈਸਾ ਰਾਜਾਨੁ।।

ਜੋ ਵਰਤਾਏ ਸਾਈ ਜੁਗਤਿ।। ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ।।

(ਗਉੜੀ ਸੁਖਮਨੀ ਮਹਲਾ ੫-੨੭੫)

=======

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.