.

ਬਾਬਾ ਫਿਰ ਮਕੇ ਗਇਆ... (1)

ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਸਮੇਂ ਭਾਰਤ ਵਿਚ ਧਰਮਾਂ ਅਤੇ ਅਖੌਤੀ ਧਰਮੀਆਂ ਦੀ ਭਰਮਾਰ ਸੀ ਪਰ ਦੋ ਬਹੁਤ ਪ੍ਰਸਿਧ ਸਨ, ਹਿੰਦੂ ਅਤੇ ਮੁਸਲਮਾਨ। ਹਿੰਦੂਆਂ ਮੁਤਾਬਿਕ ਰੱਬ ਦੱਖਣ (ਦੁਆਰਕਾ-ਜਗਨਨਾਥ ਪੁਰੀ) ਵਿੱਚ ਅਤੇ ਮੁਸਲਮਾਨਾਂ ਮੁਤਾਬਕ ਰੱਬ ਪੱਛਮ (ਮੱਕੇ) ਵਿਚ ਵਸਦਾ ਹੈ। ਉਸ ਸਮੇਂ ਤਿੰਨ ਕਿਸਮ ਦੇ ਧਾਰਮਿਕ ਆਗੂ ਪ੍ਰਸਿੱਧ ਸਨ-ਬ੍ਰਹਮਣ, ਕਾਜੀ ਅਤੇ ਜੋਗੀ। ਇਨ੍ਹਾਂ ਦੇ ਜੀਵਨ ਨੂੰ ਘੋਖਣ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਇਹ ਧਰਮੀ ਨਹੀਂ ਸਗੋਂ ਭੇਖੀ ਹਨ ਅਤੇ ਆਪਣਾ ਨਿਰਣਾ ਬਾਣੀ ਵਿਚ ਇਸ ਤਰ੍ਹਾਂ ਦਿੱਤਾ -
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
(ਗੁਰੂ ਗ੍ਰੰਥ ਸਾਹਿਬ, ਪੰਨਾ 662)
1. ਪੰਡਿਤਾਂ (ਬ੍ਰਾਹਮਣਾ) ਬਾਰੇ ਗੁਰੁ ਸਾਹਿਬ ਨੇ ਆਖਿਆ ਕਿ ਉਹ ਧਾਰਮਿਕ ਕਿਤਾਬਾਂ ਜ਼ਰੂਰ ਪੜ੍ਹਦੇ ਹਨ, ਪਰ ਉਨ੍ਹਾਂ ਵਿਚ ਕੀ ਲਿਖਿਆ ਹੈ ਨਹੀਂ ਸੋਚਦੇ। ਉਹ ਸਵੇਰੇ-ਸ਼ਾਮ ਇਨ੍ਹਾਂ ਨੂੰ ਪੜ੍ਹਦੇ ਸਨ, ਮੂਰਤੀ ਪੂਜਾ ਕਰਦੇ ਸਨ, ਗਾਇਤ੍ਰੀ ਦਾ ਪਾਠ ਕਰਦੇ ਸਨ। ਗਲ ਵਿਚ ਮਾਲਾ, ਦੋ ਧੋਤੀਆਂ, ਮੱਥੇ ਉਤੇ ਤਿਲਕ ਲਾਉਂਦੇ ਸਨ ਜਿਨ੍ਹਾਂ ਦਾ ਪੂਭੂ ਪ੍ਰਾਪਤੀ ਨਾਲ ਕੋਈ ਸੰਬੰਧ ਨਹੀਂ ਸੀ। ਇਨ੍ਹਾਂ ਪੰਡਤਾਂ ਦੀਆਂ ਸਿਖਿਆਵਾਂ ਦੇ ਅਸਰ ਹੇਠ ਲੋਕ ਇਕ ਰੱਬ ਦੀ ਥਾਂ ਅਨੇਕਾਂ ਦੇਵੀ-ਦੇਵਤਿਆਂ ਦੀ ਪੂਜਾ ਵਿਚ ਉਲਝ ਗਏ ਸਨ ਅਤੇ ਮੂਰਤੀ ਪੂਜਕ ਬਣ ਗਏ। ਸੂਰਜ, ਵਰਣ (ਪਾਣੀ), ਹਵਾ/ਹਨੇਰੀ, ਇੰਦਰ (ਬੱਦਲ), ਅਗਨੀ, ਨਦੀਆਂ, ਪਹਾੜਾਂ ਅਤੇ ਅਸਮਾਨੀ ਬਿਜਲੀ ਆਦਿ ਦੀ ਪੂਜਾ ਕੀਤੀ ਜਾਂਦੀ ਸੀ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨ ਵੱਡੇ ਦੇਵਤੇ ਮੰਨੇ ਜਾਂਦੇ ਸਨ ਜੋ ਸੰਸਾਰ ਦੀ ਉਤਪਤੀ, ਪਾਲਣਾ ਅਤੇ ਸੰਘਾਰ (ਮਾਰਨਾ) ਦਾ ਧਿਆਨ ਕਰਦੇ ਸਨ। ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਸੀ। ਗਊਆਂ, ਸੱਪਾਂ, ਸਾਨ੍ਹਾਂ, ਮਗਰਮੱਛਾਂ, ਪਿੱਪਲ, ਤੁਲਸੀ, ਨਿੰਮ, ਕਿਕਰ, ਨਾਰੀਅਲ, ਆਦਿ ਦੀ ਪੂਜਾ ਕੀਤੀ ਜਾਂਦੀ ਸੀ। ਸਵਰਗ-ਨਰਕ, ਜਿੰਨਾਂ-ਭੂਤਾਂ, ਜਾਦੂ-ਟੂਣੇ, ਪਿੱਤਰ-ਪੂਜਾ, ਮੜ੍ਹੀਆਂ ਦੀ ਪੂਜਾ, ਸ਼ਗਨ-ਅਪਸ਼ਗਨ, ਮਹੂਰਤ ਕੱਢਣੇ, ਤੀਰਥ, ਇਸ਼ਨਾਨ, ਵਰਤ ਅਤੇ ਦਾਨ ਵਿਚ ਵਿਸ਼ਵਾਸ ਰੱਖਿਆ ਜਾਂਦਾ ਸੀ। ਅਨੇਕ ਪ੍ਰਕਾਰ ਦੇ ਯੱਗ, ਦੇਵਤਿਆਂ ਦੀ ਕ੍ਰੋਪੀ ਤੋਂ ਬਚਣ ਲਈ ਮਨੁੱਖਾਂ ਅਤੇ ਪਸ਼ੂਆਂ ਦੀ ਬਲੀ, ਮੁਕਤੀ ਵਾਸਤੇ ਗਯਾ ਅਤੇ ਬਨਾਰਸ ਆਦਿ ਥਾਵਾਂ ਤੇ ਪੰਡਤਾਂ ਨੂੰ ਦਾਨ ਕਰਨ ਮਗਰੋਂ ਆਤਮ ਹੱਤਿਆ ਅਤੇ ਹੋਰ ਅਨੇਕਾਂ ਅੰਧ ਵਿਸ਼ਵਾਸ ਹਿੰਦੂ ਧਰਮ ਦਾ ਅਨਿਖੜਵਾਂ ਅੰਗ ਬਣ ਚੁੱਕੇ ਸਨ। ਦੌਲਤ ਰਾਇ ਆਰੀਆ ਮੁਤਾਬਿਕ ‘ਏਕ (ਹਿੰਦੂ) ਗਨੇਸ਼ ਦਾ ਪੂਜਾਰੀ ਥਾ, ਦੂਸਰਾ ਸੂਰਜ ਕਾ, ਤੀਸਰਾ ਸ਼ਿਵ ਕਾ, ਚੌਥਾ ਵਿਸ਼ਨੂੰ ਕਾ, ਪਾਂਚਵਾਂ ਰਾਮ ਕਾ, ਛਟਾ ਕ੍ਰਿਸ਼ਨ ਕਾ, ਸਾਤਵਾਂ ਹਨੂੰਮਾਨ ਕਾ, ਆਠਵਾਂ ਬ੍ਰਹਮਾ ਕਾ, ਨਾਵਾਂ ਲਛਮਨ ਕਾ, ਦਸਵਾਂ ਸ਼ੰਕਰ ਅਚਾਰਯ ਕਾ, ਗਿਆਰਵਾਂ ਵੇਦਾਂਤੀ, ਬਾਹਰਵਾਂ ਕਰਮ ਕਾਂਝੀ ਔਰ ਉਸ ਪਰ ਆਪਸ ਮੇਂ ਵਿਰੋਧ ਔਰ ਕੀਨਾ। ਮੁਲਕ ਕੀ ਜ਼ਬਾਨ ਏਕ ਨਾ ਥੀ, ਧਰਮ ਪੁਸਤਕੇਂ ਏਕ ਨਾ ਥੀ, ਜੋ ਤਮਾਮ ਹਿੰਦੂਓਂ ਪਰ ਹਾਵੀ ਹੋਂ, ਧਰਮ ਕਾ ਕੋਈ ਐਸਾ ਮਾਮਲਾ ਨਾ ਥਾ, ਜਿਸ ਮੇਂ ਤਮਾਮ ਹਿੰਦੂ ਸ਼ਾਮਿਲ ਹੋਂ। (ਪੁਸਤਕ ਸਵਾਨਿ ਉਮਰੀ ਗੁਰੂ ਗੋਬਿੰਦ ਸਿੰਘ)

ਸਤਿਗੁਰ ਨਾਨਕ ਆਪ ਭੀ ਵਾਰ ਬਿਹਾਗੜਾ ਵਿਚ ਪੰਨਾ 556 ਤੇ ਲਿਖਦੇ ਹਨ -
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥

2. ਧਰਮ ਦਾ ਦੂਜਾ ਆਗੂ ਸੀ ਜੋਗੀ ਜੋ ਗੋਰਖ ਨਾਥ ਦੇ ਰਾਹ ਤੇ ਚਲਦੇ ਸਨ। ਉਨ੍ਹਾਂ ਮੁਤਾਬਿਕ ਪ੍ਰਭੂ ਨਾਲ ਜੁੜਨ (ਪ੍ਰਭੂ ਪ੍ਰਾਪਤੀ) ਲਈ ਘਰ ਬਾਰ ਤਿਆਗ ਕੇ ਜੰਗਲਾਂ ਵਿਚ ਰਹਿਣਾ ਜ਼ਰੂਰੀ ਸੀ ਪਰ ਅੰਨ ਬਸਤਰਾਂ ਵਾਸਤੇ ਇਹ ਲੋਕ ਘਰ-ਘਰ ਮੰਗਣ ਜਾਂਦੇ ਸਨ। ਜਟਾਂ, ਵਧਾਉਣੀਆਂ, ਪਿੰਡੇ ਤੇ ਸੁਆਹ ਮਲ ਲੈਣੀ, ਕੰਨੀ ਮੁੰਦਰਾਂ, ਹੱਥ ਵਿਚ ਡੰਡਾ ਅਤੇ ਸੰਖ ਰੱਖਣਾ ਇਨ੍ਹਾਂ ਦਾ ਧਾਰਮਿਕ ਪਹਿਰਾਵਾ ਸੀ। ਗੁਰੂ ਨਾਨਕ ਮੁਤਾਬਿਕ ਇਹ ਭੀ ਪ੍ਰਭੂ ਪ੍ਰਾਪਤੀ ਦਾ ਸਾਧਨ ਨਹੀਂ -

ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥ ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ ॥
(ਗੁਰੂ ਗ੍ਰੰਥ ਸਾਹਿਬ, ਪੰਨਾ 951)


3. ਮੁਸਲਮਾਨ ਧਰਮ ਦੇ ਆਗੂ ਕਾਜ਼ੀ ਸਨ। ਆਮ ਲੋਕਾਂ ਦੀ ਥਾਂ ਰਾਜਿਆਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਹ ਰਾਜਿਆਂ ਦੀ ਖੁਸ਼ਾਮਤ ਕਰਦੇ ਸਨ। ਹਿੰਦੂਆਂ ਤੇ ਜੁਲਮ ਢਾਹੁੰਦੇ ਸਨ। ਨਿਆਂ ਦਾ ਕੰਮ ਵੀ ਕਾਜ਼ੀਆਂ ਕੋਲ ਹੁੰਦਾ ਸੀ। ਨਿਆਂ ਕਰਨ ਦੀ ਥਾਂ ਇਹ ਲੋਕ ਰਿਸ਼ਵਤ ਲੈਕੇ ਬੇਗੁਨਾਹ ਲੋਕਾਂ ਨੂੰ ਕਸੂਰਵਾਰ ਸਾਬਤ ਕਰਦੇ ਸਨ।

ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥
(ਗੁਰੂ ਗ੍ਰੰਥ ਸਾਹਿਬ, ਪੰਨਾ 951)

ਇਨ੍ਹਾਂ ਲੋਕਾਂ ਨੂੰ ਦੇਖ ਕੇ ਆਮ ਜਨਤਾ ਖਿਮਾਂ, ਧੀਰਜ, ਸੰਤੋਖ, ਮਨੁੱਖੀ ਪਿਆਰ, ਪ੍ਰਭੂ-ਪਿਆਰ ਨੂੰ ਛੱਡ ਕੇ ਬਾਹਰੀ ਭੇਖ ਹੀ ਧਾਰਨ ਕਰੀ ਬੈਠੇ ਸੀ। ਮੱਕੇ ਦੀ ਯਾਤਰਾ, ਰੋਜ਼ੇ ਰੱਖਣੇ, ਪੰਜੇ ਵਕਤ ਪੰਜ ਨਿਵਾਜ਼ਾ ਅਦਾ ਕਰਨੀਆਂ, ਬਾਹਰੋਂ ਸਰੂਪ ਮੁਸਲਮਾਨਾਂ ਵਾਲਾ ਬਣਾਈ ਰੱਖਣਾ ਇਨ੍ਹਾਂ ਦਾ ਧਰਮ ਸੀ। ਕਾਫਰਾਂ ਨੂੰ ਆਪਣੇ ਧਰਮ ਵਿਚ ਲਿਆਉਣਾ ਅਤੇ ਬਹਿਸ਼ਤ (ਸਵਰਗ) ਵਿਚ ਇਨ੍ਹਾਂ ਦਾ ਵਿਸ਼ਵਾਸ ਸੀ ਪਰ ਗੁਰੂ ਸਾਹਿਬ ਮੁਤਾਬਿਕ ਇਹ ਭੀ ਪ੍ਰਭੂ ਪ੍ਰਾਪਤੀ ਵਾਲਾ ਸਾਧਨ ਨਹੀਂ।

ਇਸ ਤੋਂ ਇਲਾਵਾ ਇਨ੍ਹਾਂ ਧਰਮੀ ਲੋਕਾਂ ਨੇ ਸਮੇਂ ਨੂੰ ਵੱਖ-ਵੱਖ ਭਾਗਾਂ ਵਿਚ ਵੰਡ ਕੇ ਸਮਿਆਂ ਮੁਤਾਬਿਕ, ਭਗਵਾਨ, ਧਾਰਮਿਕ ਪੁਸਤਕਾਂ, ਰੰਗ ਆਦਿ ਦੇ ਨਾਮ ਭੀ ਵੰਡ ਦਿੱਤਾ ਜਿਵੇਂ -

ਸਮਾਂ (ਯੁਗ) ਭਗਵਾਨ ਦਾ ਨਾਮ ਵੇਦ ਰੰਗ
ਸਤ ਯੁਗ ਸੇਤੰਬਰ ਸ਼ਾਮ ਵੇਦ ਸਫੇਦ
ਤ੍ਰੇਤਾ ਯੁਗ ਸ੍ਰੀ ਰਾਮ ਚੰਦਰ ਰਿਗ ਵੇਦ ਪੀਲਾ
ਦੁਆਪਰ ਯੁਗ ਸ੍ਰੀ ਕ੍ਰਿਸ਼ਨ ਯੁਜਰ ਵੇਦ ਲਾਲ
ਕਲਯੁਗ ਅੱਲਾ ਅਥਰਵ ਵੇਦ ਨੀਲਾ

ਗੁਰੂ ਸਾਹਿਬ ਨੇ ਇਨ੍ਹਾਂ ਧਰਮਾਂ ਨੂੰ ਨਿਕਾਰਦੇ ਹੋਏ ਨਿਰਮਲ ਪੰਥ, ਸਿੱਖ ਧਰਮ ਦੀ ਨੀਂਹ ਰੱਖੀ। ਜਿਸ ਮੁਤਾਬਕ ਰੱਬ ਦੀ ਪਰੀਭਾਸ਼ਾ ਮੂਲ ਮੰਤਰ ਵਿਚ ਕੀਤੀ -

, ਸਤਿਨਾਮੁ, ਕਰਤਾਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ।

ਇਹ ਧਰਮ ਸਭ ਤੋਂ ਵੱਧ ਜੋਰ ਇਕ ਅਕਾਲ ਦੀ ਭਗਤੀ ਕਰਨ ਉੱਤੇ ਹੀ ਜ਼ੋਰ ਦੇਂਦਾ ਹੈ। ਇਹ ਧਰਮ ਮਨੁੱਖ ਨੂੰ ਨਿਰਾਰਥਕ ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਨੂੰ ਤਿਆਗ ਕੇ ਉੱਚੇ ਸੁੱਚੇ ਧਾਰਮਿਕ ਅਤੇ ਸਦਾਚਾਰਕ ਗੁਣਾਂ ਨੂੰ ਧਾਰਨ ਦੀ ਪ੍ਰੇਰਨਾ ਕਰਦਾ ਹੈ, ਜਿਸ ਵਿਚ ਜੀਵਨ ਦੇ ਸਾਰੇ ਖੇਤਰ (ਧਾਰਮਿਕ, ਸਮਾਜਕ, ਆਰਥਿਕ ਅਤੇ ਰਾਜਨੀਤਕ) ਸ਼ਾਮਲ ਹਨ। ਗੁਰੂ ਸਾਹਿਬ ਨੇ ਬ੍ਰਾਹਮਣਾ, ਕਾਜ਼ੀਆਂ, ਜੋਗੀਆਂ ਅਤੇ ਰਾਜਨੀਤਕ ਨੇਤਾਵਾਂ ਦੇ ਗਲਤ ਵਿਸ਼ਵਾਸਾਂ ਅਤੇ ਗਲਤ ਕੰਮਾਂ ਦਾ ਦਲੇਰੀ ਅਤੇ ਨਿਡਰਤਾ ਨਾਲ ਖੰਡਨ ਕੀਤਾ।

ਬਲਬਿੰਦਰ ਸਿੰਘ ਅਸਟ੍ਰੇਲੀਆ




.