.

ਕਾਗਹੁ ਹੰਸ ਕਰੇਇ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 23)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 22 ਪੜੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸ ਕਰੇਇ

(ਵਾਰ ਸਿਰੀਰਾਗੁ -ਮ: ੧-੯੧)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ ਵਾਰ ਸਿਰੀਰਾਗ ਦੀ ਪਉੜੀ ਨੰ. 20 ਦੇ ਨਾਲ ਦੂਸਰੇ ਸਲੋਕ ਵਜੋਂ ਪਾਵਨ ਅੰਕ 91 ਉਪਰ ਦਰਜ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਣ ਕੀਤਾ ਹੋਇਆ ਹੈ। ਇਹੀ ਸਲੋਕ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਸੰਗ੍ਰਹਿ ਵਿੱਚ ਵੀ ਸਲੋਕ ਨੰ. 124 ਵਜੋਂ ਪਾਵਨ ਅੰਕ 1383 ਉਪਰ ਦਰਜ ਹੈ। ਇਸ ਪਾਵਨ ਫੁਰਮਾਣ ਨੂੰ ਅਕਸਰ ਹੀ ਇਨ੍ਹਾਂ ਸ਼ਾਬਦਿਕ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਪ੍ਰਮਾਤਮਾ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਕਾਂ (ਪੰਛੀ) ਨੂੰ ਹੰਸ (ਪੰਛੀ) ਬਣਾ ਸਕਦਾ ਹੈ। ਧਾਰਮਕਿ ਸਟੇਜਾਂ ਉਪਰ ਕਚ-ਘਰੜ ਪ੍ਰਚਾਰਕਾਂ/ ਕਵੀਸ਼ਰਾਂ /ਢਾਢੀਆਂ/ਰਾਗੀਆਂ ਆਦਿ ਵਲੋਂ ਇਸ ਦੀ ਉਥਾਨਕਾ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿੱਚ ਸਰੋਵਰ ਕਿਨਾਰੇ ਦੁੱਖ ਭੰਜਨੀ ਬੇਰੀ ਦਾ ਪੱਖ ਪੂਰਦੇ ਹੋਏ ਸਾਖੀ ਸੁਣਾਈ ਜਾਂਦੀ ਹੈ ਕਿ ਬੀਬੀ ਰਜਨੀ ਦੇ ਪਿੰਗਲੇ ਪਤੀ ਵਲੋਂ ਛਪੜੀ ਵਿਚੋਂ ਜਦੋਂ ਕਾਲੇ ਕਾਵਾਂ ਨੂੰ ਚੁੱਭੀ ਮਾਰ ਕੇ ਚਿੱਟੇ ਹੰਸ ਬਣ ਕੇ ਨਿਕਲਦੇ ਹੋਏ ਦੇਖਿਆ ਤਾਂ ਉਸ ਨੇ ਵੀ ਆਪਣੇ ਤਨ ਦਾ ਕੋਹੜ/ ਪਿੰਗਲਾਪਨ ਇਸ ਛੱਪੜੀ ਵਿੱਚ ਆਪਣੇ ਸਰੀਰ ਦਾ ਇਸ਼ਨਾਨ ਕਰਵਾ ਕੇ ਦੂਰ ਕਰ ਲਿਆ।

ਵੈਸੇ ਪ੍ਰਮੇਸ਼ਰ ਦੀ ਸਾਜੀ ਸ੍ਰਿਸ਼ਟੀ ਬਾਰੇ ਇੱਕ ਸਧਾਰਨ ਬੁੱਧੀ ਰੱਖਣ ਵਾਲਾ ਵੀ ਇਹ ਭਲੀਭਾਂਤ ਜਾਣਦਾ ਹੈ ਕਿ ਪ੍ਰਭੂ ਨੇ ਬੇਅੰਤ ਪ੍ਰਕਾਰ ਦੇ ਜੀਵ ਜੰਤੂਆਂ ਦੀ, ਭਾਵ ਵੱਖ-ਵੱਖ ਜੂਨਾਂ ਦੀ ਰਚਨਾ ਕੀਤੀ ਹੈ। ਜੋ ਵੀ ਜੀਵ-ਜੰਤੂ ਪ੍ਰਮੇਸ਼ਰ ਨੇ ਜਿਸ ਜੂਨ ਵਿੱਚ ਪੈਦਾ ਕੀਤਾ ਹੈ। ਉਹ ਅੰਤ ਤੱਕ ਉਸੇ ਹੀ ਜੂਨੀ ਵਿੱਚ ਪ੍ਰਮੇਸ਼ਰ ਵਲੋਂ ਮਿਲਿਆ ਜੀਵਨ ਬਤੀਤ ਕਰਕੇ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਜੀਵਨ ਅੰਦਰ ਇੱਕ ਜੂਨ ਤੋਂ ਦੂਜੀ ਜੂਨ ਵਿੱਚ ਤਬਦੀਲ ਹੋ ਜਾਣ ਦੀਆਂ ਗੱਲਾਂ ਕੁਦਰਤ ਦੇ ਨਿਯਮਾਂ ਵਿਰੁੱਧ ਹਨ।

ਇਸ ਪੱਖ ਉਪਰ ਪੜਚੋਲਵੀਂ ਵਿਚਾਰ ਕਰਨ ਤੋਂ ਪਹਿਲਾਂ ਦਾਸ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ (ਜਾਂ ਕਿਸੇ ਹੋਰ) ਇਤਿਹਾਸਕ ਸਰੋਵਰ/ਬਾਉਲੀ ਆਦਿ ਉਪਰ ਕੋਈ ਇਤਰਾਜ਼ ਕਰਨਾ ਇਸ ਲੇਖ ਦਾ ਮਕਸਿਦ ਕਦਾਚਿਤ ਵੀ ਨਹੀਂ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੀ ਆਪਣੀ ਇਤਿਹਾਸਕ ਮਹਾਨਤਾ ਅਤੇ ਫਿਲਾਸਫੀ ਹੈ। ਇਸ ਦੇ ਪਿਛੋਕੜ ਵਿੱਚ ਇਤਿਹਾਸ ਅਤੇ ਫਿਲਾਸਫੀ ਅਧਾਰਤ ਦਿਤੀ ਗਈ ਸਿਖਿਆ ਨੂੰ ਪੱਲੇ ਬੰਨਣ ਦੀ ਜ਼ਰੂਰਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਨੂੰ ਸਮਝਣ ਲਈ ਅਸੀਂ ਅਕਸਰ ਹੀ ਕੇਵਲ ਸ਼ਾਬਦਿਕ ਅਰਥਾਂ ਤਕ ਹੀ ਸੀਮਤ ਹੋ ਜਾਂਦੇ ਹਾਂ, ਜਿਸ ਕਾਰਣ ਗੁਰਬਾਣੀ ਅੰਦਰ ਦਰਸਾਏ ਸਹੀ ਉਪਦੇਸ਼ ਤਕ ਪਹੁੰਚ ਹੋਣੀ ਮੁਸ਼ਕਲ ਹੋ ਜਾਂਦੀ ਹੈ, ਇਸ ਤਰਾਂ ਕਈ ਤਰਾਂ ਦੇ ਹੋਰ ਭੁਲੇਖੇ ਉਤਪੰਨ ਹੋ ਜਾਂਦੇ ਹਨ ਅਤੇ ਅਸੀਂ ਅਕਸਰ ਹੀ ਗੁਰਮਤਿ ਦੀ ਬਜਾਏ ਮਨਮਤਿ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਸਬੰਧ ਵਿੱਚ ਕੁੱਝ ਗੁਰਬਾਣੀ ਪ੍ਰਮਾਣ ਹੇਠਾਂ ਦਿਤੇ ਜਾ ਰਹੇ ਹਨ-

ੳ) ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ।।

ਸੀਸ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੇ।।

(ਵਡਹੰਸੁ ਮਹਲਾ ੧-੫੫੭)

ਇਸ ਪ੍ਰਮਾਣ ਦੇ ਸ਼ਾਬਦਿਕ ਅਰਥ ਇਹ ਬਣਦੇ ਹਨ ਕਿ ਜੇ ਕੋਈ ਸਾਨੂੰ ਪ੍ਰਮੇਸ਼ਰ ਦੇ ਘਰ ਦੀਆਂ ਬਾਤਾਂ ਸੁਣਾਵੇ ਤਾਂ ਭੇਟਾ ਵਜੋਂ ਸਾਨੂੰ ਆਪਣਾ ਸਿਰ ਕੱਟ ਕੇ ਉਸਨੂੰ ਬੈਠਣ ਲਈ ਦੇ ਦੇਣਾ ਚਾਹੀਦਾ ਹੈ। ਜਦੋਂ ਕਿ ਭਾਵ-ਅਰਥ ਅਨੁਸਾਰ ਇਸ ਦਾ ਅਰਥ ਇਹ ਬਣਦਾ ਹੈ ਕਿ ਪ੍ਰਮੇਸ਼ਰ ਦੇ ਘਰ ਦੀਆਂ ਬਾਤਾਂ ਸੁਨਾਉਣ ਵਾਲੇ ਪ੍ਰਤੀ ਸਾਨੂੰ ਆਪਣੀ ਹਉਮੈ ਦਾ ਤਿਆਗ ਕਰਕੇ ਨਿਮਰਤਾ ਧਾਰਨ ਕਰਦੇ ਹੋਏ ਸੇਵਾ ਲਈ ਤਤਪਰ ਰਹਿਣਾ ਚਾਹੀਦਾ ਹੈ।

ਅ) ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ।।

(ਰਾਮਕਲੀ ਮਹਲਾ ੧-੯੩੮)

ਇਹ ਪ੍ਰਮਾਣ ਅਕਸਰ ਹੀ ਤੀਰਥ/ ਗੁਰਧਾਮ ਯਾਤਰਾਵਾਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਵਲੋਂ ਆਪਣੇ ਇਸ਼ਤਿਹਾਰਾਂ ਉਪਰ ਲਿਖਿਆ ਜਾਂਦਾ ਹੈ ਅਤੇ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਕ ਅਤੇ ਰਾਮਕਲੀ ਮਹਲਾ ੧ ਵੀ ਲਿਖਿਆ ਜਾਂਦਾ ਹੈ, ਜਿਸ ਤੋਂ ਆਮ ਸੰਗਤ ਇਹ ਪ੍ਰਭਾਵ ਲੈਂਦੀ ਹੈ ਕਿ ਇਹ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਣ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵੀ ਹੈ, ਇਸ ਲਈ ਸਾਨੂੰ ਸਿੱਖਾਂ ਨੂੰ ਬਾਣੀ ਗੁਰੂ ਦੇ ਇਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਇੱਕ ਤੁਕ ਦਾ ਅਰਥ ਇਹ ਸਮਝਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਇਹ ਉਪਦੇਸ਼ ਦੇ ਰਹੇ ਹਨ ਕਿ ਸਾਨੂੰ ਤੀਰਥਾਂ ਉਪਰ ਇਸ਼ਨਾਨ ਕਰਨਾ ਚਾਹੀਦਾ ਹੈ, ਇਸ ਤਰਾਂ ਕਰਨ ਨਾਲ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਮੈਲ ਉਤਰ ਜਾਂਦੀ ਹੈ। ਜਦੋਂ ਕਿ ਐਸਾ ਕੋਈ ਵੀ ਗੁਰਮਤਿ ਸਿਧਾਂਤ ਨਹੀਂ ਹੈ। ਹੁਣ ਇਸ ਵਿਸ਼ੇ ਉਪਰ ਪੜਚੋਲ ਕਰਨ ਤੇ ਸਾਹਮਣੇ ਆਉਂਦਾ ਹੈ ਕਿ ਇਹ ਪਾਵਨ ਤੁਕ ਗੁਰੂ ਨਾਨਕ ਸਾਹਿਬ ਵਲੋਂ ਉਚਾਰਣ ਕੀਤੀ ਹੋਈ ਬਾਣੀ ‘ਸਿਧ ਗੋਸਟਿ` ਵਿਚੋਂ ਹੈ। ਇਸ ਬਾਣੀ ਦਾ ਸਿਰਲੇਖ ਹੀ ਦਸਦਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਵਲੋਂ ਸਿੱਧਾਂ ਨਾਲ ਵਿਚਾਰ ਚਰਚਾ ਹੈ, ਜਿਸ ਰਾਹੀਂ ਸਿੱਧ ਆਪਣੇ ਯੋਗ ਮੱਤ ਦੇ ਸਿਧਾਂਤ ਦਸਦੇ ਹੋਏ ਗੁਰੂ ਨਾਨਕ ਸਾਹਿਬ ਉਪਰ ਸਵਾਲ ਕਰਦੇ ਹਨ। ਗੁਰੂ ਸਾਹਿਬ ਜਿਥੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ ਉਸਦੇ ਨਾਲ ਗੁਰਮਤਿ ਸਿਧਾਂਤ ਵੀ ਸਪਸ਼ਟ ਕਰਦੇ ਹਨ। ਇਸ ਦ੍ਰਿਸ਼ਟੀਕੋਣ ਦੁਆਰਾ ਜਦੋਂ ਅਸੀਂ ਇਸ ਤੁਕ ਤੋਂ ਅਗਲੀ ਤੁਕ ਨਾਲ ਜੋੜਦੇ ਹਾਂ ਤਾਂ ਪ੍ਰਮਾਣ ਦਾ ਅਰਥ ਹੀ ਹੋਰ ਬਣ ਕੇ ਸਾਹਮਣੇ ਆਉਂਦਾ ਹੈ-

ਅ) ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ।।

ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ।। ੭।।

(ਰਾਮਕਲੀ ਮਹਲਾ ੧-੯੩੮)

ਉਪਰੋਕਤ ਦੋਵੇ ਤੁਕਾਂ ਨੂੰ ਇੱਕਠੇ ਰੱਖ ਕੇ ਵੇਖਣ ਨਾਲ ਇਸ ਦੇ ਭਾਵ-ਅਰਥ ਹੀ ਬਦਲ ਜਾਂਦੇ ਹਨ ਕਿਉਂ ਕਿ ਇਥੇ ਗੋਰਖ ਦਾ ਚੇਲਾ ਲੋਹਾਰੀਪਾ ਆਪਣੇ ਯੋਗ ਮੱਤ ਦੇ ਸਿਧਾਂਤ ਨੂੰ ਸਮਝਾ ਰਿਹਾ ਹੈ। ਜਦੋਂ ਕਿ ਇਸ ਤੁਕ ਨੂੰ ਵਰਤਣ ਵਾਲੇ ਗੁਰੂ ਨਾਨਕ ਸਾਹਿਬ ਵਲੋਂ ਕਹੇ ਜਾਂਦੇ ਗੁਰਮਤਿ ਸਿਧਾਂਤ ਰੂਪ ਵਿੱਚ ਪੇਸ਼ ਕਰ ਰਹੇ ਹੁੰਦੇ ਹਨ, ਜੋ ਕਿ ਗੁਰਬਾਣੀ ਸਿਧਾਂਤਾਂ ਪ੍ਰਤੀ ਸਰਾਸਰ ਅਗਿਆਨਤਾ ਦਾ ਪ੍ਰਗਟਾਵਾ ਹੀ ਕਿਹਾ ਜਾਵੇਗਾ।

ਵਿਸ਼ਾ ਅਧੀਨ ਪ੍ਰਮਾਣ ਵਿੱਚ ਜੋ ‘ਕਾਂ ਅਤੇ ਹੰਸ` ਦੋ ਪੰਛੀਆਂ ਦੀ ਗੱਲ ਕੀਤੀ ਗਈ ਹੈ, ਉਹ ਜੀਵਨ ਅੰਦਰਲੇ ਅਉਗਣਾਂ ਅਤੇ ਸਦਗੁਣਾਂ ਦੇ ਹਵਾਲੇ ਵਿੱਚ ਹੈ। ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ‘ਕਾਗਾ ਕਰੰਗ ਢੰਢੋਲਿਆ … …।। ੯੧।। ` ਅਤੇ ‘ਕਾਗਾ ਚੂੰਡਿ ਨ ਪਿੰਜਰਾ … …. ।। ੯੨।। ` (੧੩੮੨) ਨੂੰ ਵੀ ਭਾਵ -ਅਰਥ ਵਿੱਚ ਜਾ ਕੇ ਪੜ੍ਹਣ ਨਾਲ ਸਥਿਤੀ ਬਿਲਕੁਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਇਸੇ ਤਰਾਂ ਰਾਮਕਲੀ ਰਾਗ ਅੰਦਰ ਗੁਰੂ ਅਰਜਨ ਸਾਹਿਬ ਦੇ ਪਾਵਨ ਬਚਨਾਂ ਅੰਦਰ ‘ਹੰਸ ਅਤੇ ਬਗੁਲੇ` ਦਾ ਦ੍ਰਿਸ਼ਟਾਂਤ ਲਿਆ ਗਿਆ ਹੈ, ਕਿਉਂਕਿ ਬਾਹਰੀ ਤੌਰ ਤੇ ਹੰਸ ਅਤੇ ਬਗੁਲਾ ਦੋਵੇਂ ਚਿੱਟੇ ਖੰਭਾਂ ਵਾਲੇ ਹਨ, ਆਪਣੀ ਖੁਰਾਕ ਵੀ ਇਕੋ ਜਗ੍ਹਾ ਪਾਣੀ ਵਿਚੋਂ ਭਾਲਦੇ ਹਨ, ਵੇਖਣ ਨੂੰ ਵੀ ਆਪਸੀ ਭੁਲੇਖਾ ਪਾਉਂਦੇ ਹਨ। ਪਰ ਇਸੇ ਤਰਾਂ ਗੁਰਮੁਖ ਅਤੇ ਮਨਮੁਖ ਸਬੰਧੀ ਇਹ ਭੁਲੇਖਾ ਕਿੰਨਾ ਕੁ ਸਮਾਂ ਬਣਿਆ ਰਹਿ ਸਕਦਾ ਹੈ, ਇੱਕ ਨ ਇੱਕ ਦਿਨ ਤਾਂ ਪੂਰੇ ਸਤਿਗੁਰ ਰੂਪੀ ਸਰਾਫ ਦੀ ਅੰਤਰੀਵ ਦ੍ਰਿਸ਼ਟੀ ਦੁਆਰਾ ‘ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ` (੩੮੧) ਪਾਜ ਉਘੜ ਹੀ ਜਾਣਾ ਹੈ। ਇਥੇ ‘ਹੰਸ ਅਤੇ ਬਗੁ` ਦੇ ਦ੍ਰਿਸ਼ਟਾਂਤ ਗੁਰਮੁਖ ਅਤੇ ਸਨਮੁਖ ਦੇ ਅਰਥਾਂ ਵਿੱਚ ਲਏ ਹਨ। ਪੰਚਮ ਪਾਤਸ਼ਾਹ ਦੇ ਪਾਵਨ ਬਚਨ ਹਨ-

ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ।।

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ।।

ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ।।

ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਝੁ ਲਖਾਵੈ।।

(ਰਾਮਕਲੀ ਮਹਲਾ ੫-੯੬੦)

ਆਉ ਹੁਣ ਵਿਸ਼ਾ ਅਧੀਨ ‘ਕਾਗਹੁ ਹੰਸੁ ਕਰੇਇ` ਵਾਲੇ ਪੱਖ ਨੂੰ ਸਪਸ਼ਟ ਕਰਨ ਲਈ ਇਸ ਨਾਲ ਸਬੰਧਿਤ ਪ੍ਰਮਾਣਾਂ ਨੂੰ ਅਰਥਾਂ ਸਹਿਤ ਵਿਚਾਰਣ ਦਾ ਯਤਨ ਕਰੀਏ-

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸ ਹੋਹੈ।।

ਨਾਨਕ ਧਨ ਧੰਨ ਵਡੇ ਵਡਭਾਗੀ ਜਿਨ ਗੁਰਮਤਿ ਨਾਮੁ ਰਿਦੈ ਮਲੁ ਧੋਹੈ।।

(ਗੂਜਰੀ ਮਹਲਾ ੪-੪੯੨)

ਅਰਥ-ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ ਸਰੋਵਰ ਵਿੱਚ ਨਾਤਿਆਂ ਭਾਵ ਆਤਮਕ ਚੁੱਭੀ ਲਾਇਆ ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿੱਚ ਰਹਿਣ ਵਾਲਾ ਮਨੁੱਖ ਭੀ) ਹੰਸ ਬਣ ਜਾਂਦਾ ਹੈ ਭਾਵ ਹਰਿ ਨਾਮ ਦਾ ਪ੍ਰੇਮੀ ਬਣ ਜਾਂਦਾ ਹੈ। ਹੇ ਨਾਨਕ ਉਹ ਮਨੁੱਖ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ।

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ।।

ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ।।

(ਵਾਰ ਸਿਰੀਰਾਗੁ- ਮਹਲਾ ੧-੯੧)

ਅਰਥ- ਜਿਸ ਵੱਲ ਪ੍ਰਭੂ ਪਿਆਰ ਨਾਲ ਤੱਕੇ, ਉਸ ਦਾ ਬਗੁਲਾ-ਪਨ ਭਾਵ ਪਾਖੰਡ ਦੂਰ ਹੋਣਾ ਕੀ ਔਖਾ

ਹੈ ਤੇ ਉਸ ਦਾ ਹੰਸ ਭਾਵ ਉੱਜਲ ਮੱਤ ਬਨਣਾ ਕੀਹ ਮੁਸ਼ਕਿਲ ਹੈ। ਹੇ ਨਾਨਕ! ਜੇ ਪ੍ਰਭੂ ਚਾਹੇ ਤਾਂ ਉਹ ਬਾਹਰੋਂ ਚੰਗੇ ਦਿਸਣ ਵਾਲੇ ਨੂੰ ਤਾਂ ਕਿਤੇ ਰਿਹਾ ਕਾਂ ਨੂੰ ਭੀ, ਭਾਵ ਅੰਦਰੋਂ ਗੰਦੇ ਆਚਰਣ ਵਾਲੇ ਨੂੰ ਭੀ, ਉੱਜਲ-ਬੁੱਧ ਹੰਸ ਬਣਾ ਦਿੰਦਾ ਹੈ।

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਇਥੇ ਅਰਥ ਸਮਝਣ ਲਈ ਕਿਸੇ ਮਨਘੜਤ ਕਥਾ ਕਹਾਣੀਆਂ ਦੀ ਜ਼ਰੂਰਤ ਨਹੀਂ, ਸਗੋਂ ਭਾਵ-ਅਰਥ ਵਿੱਚ ਜਾ ਕੇ ਸਮਝਣ ਦੀ ਲੋੜ ਹੈ ਜਿਸ ਨਾਲ ਅਸੀਂ ਇਸ ਨਿਰਣੇ ਉਪਰ ਪਹੁੰਚ ਜਾਵਾਂਗੇ ਕਿ ਇਥੇ ਮਨੁੱਖੀ ਬਿਰਤੀ ਦਾ ਮੰਦੇ ਪਨ ਤੋਂ ਗੁਰੂ ਦੀ ਕ੍ਰਿਪਾ ਨਾਲ ਚੰਗੇ ਪਨ ਵਿੱਚ ਤਬਦੀਲ ਹੋ ਜਾਣ ਵਾਲੀ ਅਵਸਥਾ ਦਾ ਜ਼ਿਕਰ ਕੀਤਾ ਗਿਆ ਹੈ।

=============

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.