.

ਮਾਇਆ

ਮੈਨੂੰ ਇਹ ਪਤਾ ਲਗਣ ’ਤੇ ਬੜੀ ਹੈਰਾਨਗੀ ਹੋਈ ਕਿ ਅਮਰੀਕਾ ਵਰਗੇ ਦੇਸ਼ ਵਿੱਚ ਲੋਕੀ ਕੁੱਤਾ ਜਾਂ ਬਿੱਲੀ ਤਾਂ ਆਮਤੌਰ ’ਤੇ ਪਾਲਦੇ ਹੀ ਹਨ ਪਰ ਕਈ ਲੋਕੀ ਸੱਪ ਅਤੇ ਨੇਵਲੇ ਵੀ ਪਾਲਦੇ ਹਨ। ਉਨ੍ਹਾਂ ਵਾਸਤੇ ਇਹ ਉਨ੍ਹਾਂ ਦਾ ਪਾਲਤੂ ਜਾਨਵਰ ਜਾਂ ਜੀਅ-ਜੰਤ ਪਾਲਣ ਦਾ ਸ਼ੌਂਕ ਹੋਵੇਗਾ ਪਰ ਗੁਰਬਾਣੀ ਪੜ੍ਹਦਿਆਂ ਜਦੋਂ ਮਾਇਆ, ਨਾਗਿਨ, ਸਰਪਨੀ ਆਦਿ ਅੱਖਰ ਸਾਮ੍ਹਣੇ ਆਉਂਦੇ ਹਨ ਤਾਂ ਪੁਰਾਤਨ ਮਿਥਿਹਾਸ ਵੀ ਯਾਦ ਆਉਂਦਾ ਹੈ ਕਿ ਕਿਵੇਂ ਲੋਕਾਂ ਦੇ ਮਨਾਂ ਅੰਦਰ ਵਿਸ਼ਵਾਸ ਦੇ ਨਾਂ ਹੇਠਾਂ ਅੰਧ ਵਿਸ਼ਵਾਸ ਬੈਠਾ ਹੋਇਆ ਸੀ ਕਿ ਸੱਪ ਧਨ (ਮਾਇਆ) ਦੀ ਰਾਖੀ ਕਰਦਾ ਹੈ। ਆਮ ਕਹਾਵਤ ਇਹ ਵੀ ਸੁਣੀਦੀ ਸੀ ਕਿ ਜਿੱਥੇ ਸੱਪ ਰਹਿੰਦਾ ਹੈ, ਉੱਥੇ ਸੱਪ ਦੀ ਖੁੱਢ ’ਚ ਜ਼ਰੂਰ ਧਨ ਜਾਂ ਕੋਈ ਖ਼ਜ਼ਾਨਾ ਦਬਿਆ ਮਿਲੇਗਾ। ਸਾਡੇ ਨਾਨੀ ਜੀ ਅਕਸਰ ਅਖਾਣ ਵਰਤਦੇ ਸਨ ਕਿ ਜੇਕਰ ਕੋਈ ਇਨਸਾਨ ਮਾਇਆ ਨਾਲ ਚਮੜਿਆ, ਖੱਚਤ, ਕੰਜੂਸ ਹੋਵੇ ਤਾਂ ਮਾਨੋਂ ਉਹ ਮਾਇਆ ਉੱਤੇ ਸੱਪ ਵਾਂਗੂੰ ਫਨ ਖਿਲਾਰ ਕੇ ਬੈਠਾ ਹੈ।

ਇੰਜੀਨੀਅਰ ਹੋਣ ਦੇ ਨਾਤੇ ਬੜਾ ਦਿਲ ਕਰਦਾ ਸੀ ਕਿ ਕਦੋਂ ਨੀਂਹਾਂ ਖੁੱਦਣ ਵੇਲੇ ਸੱਪ ਅਤੇ ਧਨ ਦਾ ਕੋਈ ਦ੍ਰਿਸ਼ ਵੇਖਣ ਨੂੰ ਮਿਲੇ ਪਰ ਕੋਈ ਸਬੱਬ ਨਹੀਂ ਬਣਿਆ। ਲੇਕਿਨ ਨਾਨੀ ਜੀ ਕਿਹਾ ਕਰਦੇ ਸਨ ਕਿ ਪੁਰਾਤਨ ਸਮੇਂ ’ਚ ਜਦੋਂ ਲੋਕਾਂ ਦੇ ਘਰਾਂ ’ਚ ਤਿਜੌਰੀ, ਅਲਮਾਰੀ ਜਾਂ ਅੱਜ ਕਲ ਦੇ ਬੈਂਕਾਂ ਵਾਲੇ ਲਾਕਰ ਨਹੀਂ ਹੁੰਦੇ ਸਨ ਤਾਂ ਉਹ ਆਪਣਾ ਧਨ ਜ਼ਮੀਨ ’ਚ ਗਢ ਦਿਆ ਕਰਦੇ ਸਨ। ਹੋ ਸਕਦਾ ਹੈ ਕਿ ਉਹ ਆਪਣੇ ਧਨ ਦੀ ਰਾਖੀ ਲਈ ਉੱਥੇ ਸੱਪ ਪਾਲ ਕੇ ਰੱਖਦੇ ਹੋਣ ਤਾਕਿ ਅੰਜਾਨ ਮਨੁੱਖ ਉਨ੍ਹਾਂ ਦੇ ਧਨ ਨੂੰ ਲਿਜਾਣ ਤੋਂ ਸੱਪ ਕਾਰਣ ਡਰ ਜਾਵੇ, ਭਾਵ ਦਬਾਏ ਧਨ ਤਕ ਪੁੱਜ ਹੀ ਨਾ ਸਕੇ। ਕਈ ਮਨੁੱਖ ਧਨ ਨੂੰ ਦਬਾ ਕੇ, ਕਿਸੀ ਹੋਰ ਨੂੰ ਦਸਦੇ ਨਹੀਂ ਸਨ ਅਤੇ ਕੇਵਲ ਸੱਪ ਦੇ ਇਤਬਾਰ ਤਕ ਸੀਮਿਤ ਰਹਿੰਦੇ ਸਨ। ਉਨ੍ਹਾਂ ਮਨੁੱਖਾਂ ਦੇ ਮਰ ਜਾਣ ਮਗਰੋਂ ਸੱਪ ਨੂੰ ਵੇਖ ਕੇ ਅੰਦਾਜ਼ਾ ਲਗਾਉਣ ਵਾਲਾ ਜਾਂ ਸੱਪਾਂ ਬਾਰੇ ਜਾਨਕਾਰੀ ਰੱਖਣ ਵਾਲਾ ਕੋਈ ਮਨੁੱਖ ਖਜ਼ਾਨੇ ਤਕ ਪਹੁੰਚ ਜਾਂਦਾ ਹੋਵੇਗਾ। ਉਹ ਸੱਪ ਤੋਂ ਡਰਦਾ ਨਹੀਂ ਸੀ ਕਿਉਂਕਿ ਉਹ ਸੱਪ ਨੂੰ ਕਾਬੂ ਕਰਨਾ ਜਾਣਦੇ ਸਨ ਅਤੇ ਖਜ਼ਾਨਾ ਪ੍ਰਾਪਤ ਕਰ ਲੈਂਦੇ ਸਨ।

ਇਹ ਧਾਰਣਾ ਲੋਕਾਂ ਦੇ ਮਨ ਅੰਦਰ ਪੱਕ ਗਈ ਸੀ ਕਿ ਧਨ ਅਤੇ ਧਨ ਦਾ ਰਾਖਾ ਸੱਪ ਭਾਵ ਕੁਬੇਰ ਦੇਵਤਾ ਹੁੰਦਾ ਹੈ। ਇੱਕ ਪਾਸੇ ਜ਼ਮੀਨ ’ਚ ਸੱਪਾਂ ਦੀ ਖੁੱਡ ਰੂਪੀ ਘਰ, ਦੂਜੇ ਮਨੁੱਖਾਂ ਵਲੋਂ ਦੱਬਿਆ ਖਜ਼ਾਨਾ, ਤੀਜੇ ਪਾਸੇ ਉਸਦਾ ਰਾਖਾ ਸੱਪ। ਇਹ ਸਭ ਪ੍ਰਤੀਕ ਬਣ ਗਏ ਜੋ ਕਿ ਰੋਜ਼ਮੱਰਾ ਦੀ ਜ਼ਿੰਦਗੀ ’ਚ ਆਮ ਅਖਾਣ ਵਜੋਂ ਵਰਤੇ ਜਾਣ ਲਗ ਪਏ। ਇਨ੍ਹਾਂ ਪੁਰਾਤਨ ਮਿਥਿਹਾਸਕ ਪ੍ਰਤੀਕ, ਅੱਖਰਾਂ ਅਤੇ ਪ੍ਰਮਾਣਾਂ ਨੂੰ ਧਰਮ ਦੀ ਦੁਨੀਆ ’ਚ ਵਰਤਿਆ ਜਾਣ ਲਗ ਪਿਆ। ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਧਨ, ਸੱਪ, ਸਰਪਨੀ, ਸਰਪ ਜੋਨ ਅਤੇ ਮਾਇਆ ਨਾਗਿਨ ਜੈਸੇ ਅਨੇਕਾਂ ਪ੍ਰਮਾਣ ਵਰਤੇ ਗਏ ਹਨ। ਉਨ੍ਹਾਂ ਦੀ ਡੂੰਘਾਈ ’ਚ ਵਿਚਾਰ ਕਰਨੀ ਲਾਹੇਵੰਦ ਹੋਵੇਗੀ।

ਸੱਪਾਂ ਦੇ ਅੰਦਰ ਜ਼ਹਿਰ ਦੀ ਥੈਲੀ ਬਾਰੇ ਸੁਣਦੇ ਹਾਂ। ਜਿਉਂ ਹੀ ਸੱਪ ਨੂੰ ਆਪਣੀ ਜ਼ਿੰਦਗੀ ਖਤਰੇ ’ਚ ਲਗਦੀ ਹੈ ਉਸੀ ਵੇਲੇ ਡਰ ਅਤੇ ਕ੍ਰੋਧ ਕਾਰਣ ਸੱਪ ਆਪਣੀ ਜ਼ਹਿਰ ਦੀ ਥੈਲੀ ਰਾਹੀਂ ਦੁਸ਼ਮਨ ਨੂੰ ਜ਼ਹਿਰ ਦਾ ਡੰਗ ਮਾਰਦਾ ਹੈ।

ਹੇਠ ਲਿਖੇ ਗੁਰਬਾਣੀ ਦੇ ਸੁਨੇਹੇ ਤੋਂ ਮਹਿਸੂਸ ਹੁੰਦਾ ਹੈ ਕਿ ਡਰ ਕਾਰਣ ਸੱਪ ਜ਼ਮੀਨ ਹੇਠ ਖੁੱਡ (ਬਿਲ) ਬਣਾ ਕੇ ਸੁਰਖਿਅਤ ਮਹਿਸੂਸ ਕਰਦਾ ਹੈ:

ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 157)

ਹੇਠ ਲਿਖੇ ਪ੍ਰਮਾਣ ਰਾਹੀਂ ਸਮਝ ਪੈਂਦੀ ਹੈ ਕਿ ਧਨ-ਮਾਇਆ ਨੂੰ ਨਾਗਿਨ-ਸਰਪਨੀ (ਸੱਪ) ਕਹਿੰਦੇ ਹਨ।

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 510)

ਸੱਪ ਵੱਡੇ ਤੋਂ ਵੱਡੇ ਜਾਨਵਰ ਦੇ ਚਾਰੋਂ ਪਾਸੇ ਲਿਪਟ ਜਾਂਦਾ ਹੈ ਅਤੇ ਜਕੜ ਕੇ ਮਾਰ ਦੇਂਦਾ ਹੈ।

ਆਮਤੌਰ ’ਤੇ ਵੇਖਣ ਸੁਣਨ ਨੂੰ ਮਿਲਦਾ ਹੈ ਕਿ ਸੱਪ ਨੇ ਜੋ ਕੁਝ ਖਾਣਾ ਹੁੰਦਾ ਹੈ ਉਸ ਲਈ ਉਸਨੂੰ ਦੰਦਾਂ ਦੀ ਲੋੜ ਨਹੀਂ ਹੁੰਦੀ ਅਤੇ ਕਿਸੀ-ਕਿਸੀ ਸੱਪ ਦੇ ਤਾਂ ਕੇਵਲ ਦੋ ਦੰਦ ਹੁੰਦੇ ਹਨ, ਜਿਨ੍ਹਾਂ ਰਾਹੀਂ ਸ਼ਿਕਾਰ ਨੂੰ ਜ਼ਖਮ ਕਰਕੇ ਜ਼ਹਿਰ ਦੇਣਾ ਹੀ ਹੁੰਦਾ ਹੈ ਪਰ ਕੁਝ ਵੀ ਖਾਣ ਲਈ ਸੱਪ ਕੇਵਲ ਨਿਗਲਦਾ ਹੀ ਹੈ, ਚਬਾਉਂਦਾ ਨਹੀਂ।

ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 643)

ਜਦੋਂ ਡਿਸਕਵਰੀ ਚੈਨਲ ਆਦਿ ’ਤੇ ਵਿਖਾਂਦੇ ਹਨ ਤਾਂ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਸੱਪ ਹਿਰਨ, ਬਾਰਾਸਿੰਘਾ ਆਦਿ ਵੱਡੇ ਆਕਾਰ ਦੇ ਜਾਨਵਰਾਂ ਨੂੰ ਵੀ ਨਿਗਲ ਜਾਂਦਾ ਹੈ, ਉਸਦਾ ਪੇਟ ਉਤਨੇ ਵੱਡੇ ਆਕਾਰ ਦਾ ਲਚੀਲਾ ਹੋਣ ਕਾਰਨ ਪੂਰੇ-ਪੂਰੇ ਜਾਨਵਰ ਨੂੰ ਅੰਦਰ ਕੁਝ ਮਹੀਨੇ ਰੱਖ ਕੇ ਖਾਂਦਾ ਰਹਿੰਦਾ ਹੈ।

ਜਦੋਂ ਮਨੁੱਖ ‘ਮਾਈ ਮਾਇਆ ਛਲੁ’ ਦੇ ਭਰਮ ਜਾਲ ’ਚ ਫੱਸਦਾ ਹੈ ਤਾਂ ਮਨੁੱਖ ਦਾ ਜੀਵਨ ਉਸੀ ਜਾਨਵਰ ਵਾਂਗੂੰ ਮੁੱਕ ਜਾਂਦਾ ਹੈ, ਜਿਸ ਨੂੰ ਸੱਪ ਬਿਨਾ ਦੰਦਾਂ ਤੋਂ ਨਿਗਲ ਜਾਂਦਾ ਹੈ।

ਧਾਰਮਕ ਦੁਨੀਆ ਵਿੱਚ ਮਾਇਆ ਨੂੰ ਸਰਪਨੀ ਕਿਹਾ ਜਾਂਦਾ ਹੈ ਅਤੇ ਇਸ ਦਾ ਤਿਆਗ ਕਰਨਾ ਸਿਖਾਇਆ ਜਾਂਦਾ ਰਿਹਾ ਹੈ। ਪਰ ਗੁਰਬਾਣੀ ’ਚ ਇਹ ਸਮਝਾਇਆ ਗਿਆ ਹੈ ਕਿ ਦੁਨਿਆਵੀ ਧਨ ਪਦਾਰਥ, ਸੋਨਾ, ਚਾਂਦੀ ਨੂੰ ਮਾਇਆ ਨਹੀਂ ਕਹਿੰਦੇ ਹਨ। ਕੇਵਲ ਮਨ ਦੀ ਮਤ ਵਾਲੇ ਭੁਲੇਖੇ ਅਤੇ ਭਰਮ ਵਾਲੇ ਖਿਆਲਾਂ ਦੀ ਤਾਕਤ ਨੂੰ ਮਾਇਆ ਕਹਿੰਦੇ ਹਨ। ਬਾਹਰਲੇ ਧਨ, ਸੋਨਾ, ਚਾਂਦੀ, ਪਰਿਵਾਰ ਆਦਿ ਨੂੰ ਛੱਡਣ ਬਦਲੇ, ਮਨ ਕੀ ਮਤ ਵਾਲੇ, ਜੰਮਾਂ ਵਾਲੇ ਖਿਆਲਾਂ ਰੂਪੀ ਮਾਇਆ ਤੋਂ ਸੁਚੇਤ ਹੋਣਾ ਹੈ। ਭਾਵ ਇਹ ਕਿ ‘ਕਰੜਾ ਸਾਰੁ’ ਬਿਬੇਕਤਾ ਨਾਲ ਚਬਾ ਕੇ ਖਾ ਜਾਣਾ ਹੈ। ਜਾਗ ਕੇ ਜੁਗਤ ਨਾਲ ਵਰਤਨਾ ਹੈ। ਇਨ੍ਹਾਂ ਧਨ ਪਦਾਰਥਾਂ ਦਾ ਦਾਸ ਬਣਨ ਬਦਲੇ ਇਨ੍ਹਾਂ ਨੂੰ ਆਪਣੇ ਚਾਕਰ ਬਣਾ ਕੇ ਵਰਤਣਾ ਹੀ ਜਾਗ੍ਰਤ ਅਵਸਥਾ ਹੈ। ਇਹ ਜਾਗ੍ਰਤ ਅਵਸਥਾ ਹੀ ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਹੁੰਦੀ ਹੈ। ਬਿਬੇਕ ਬੁੱਧੀ ਦੇ ਬਲ ਨਾਲ ਮਾਇਆ ਦੇ ਬਲ (ਜਮਾਂ ਦੀ ਤਾਕਤ) ਨੂੰ ਜਿੱਤਣਾ ਹੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ। ਸੱਪਾਂ ਦੀ ਦੁਨੀਆ ’ਚ ਗਾਰੁੜ ਮੰਤ੍ਰ ਦੀ ਮਿੱਥ ਹੈ ਕਿ ਇਸ ਮੰਤ੍ਰ ਨਾਲ ਸੱਪ ਕਾਬੂ ਹੋ ਜਾਂਦੇ ਹਨ। ਅਸਲੀਅਤ ’ਚ ਮੰਤ੍ਰ ਹੁੰਦੇ ਹਨ ਕਿ ਨਹੀਂ ਪਰ ਬਿਬੇਕਤਾ ਦੇ ਬੱਲ ਨਾਲ ਮਾਇਆ ਰੂਪੀ ਸਰਪਨੀ ਨੂੰ ਕਾਬੂ ਕਰਨਾ ਹੀ ਸਤਿਗੁਰ ਦੀ ਮੱਤ ਰੂਪੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ।

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥

ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 480)

ਇਸ ’ਚ ਕੋਈ ਸ਼ੱਕ ਨਹੀਂ ਕਿ ਸੱਪ ਰੂਪੀ ਮਾਇਆ ’ਚ ਬੜੀ ਤਾਕਤ ਹੈ। ‘ਸਰਪਨੀ ਤੇ ਊਪਰਿ ਨਹੀ ਬਲੀਆ’ ਲੇਕਿਨ ਮਾਇਆ ਰੂਪੀ ਮਨ ਕੀ ਮਤ ਨਾਲੋਂ ਸੱਤ ਦਾ ਬੱਲ ਕਿਤੇ ਜ਼ਿਆਦਾ ਹੈ। ਰੱਬ ਦੀ ਮਤ ਹੀ ਸਤਿਗੁਰ ਕੀ ਮਤ ਹੁੰਦੀ ਹੈ, ਜਿਸ ਰਾਹੀਂ ਮਨੁੱਖ ਮਨ ਕੀ ਮੱਤ ਰੂਪੀ ਮਾਇਆ ਨੂੰ ਜਿੱਤ ਲੈਂਦਾ ਹੈ। ਇਹੋ ਅਵਸਥਾ ਹੈ ਜਦੋਂ ਮਨੁੱਖ ਬਿਬੇਕਤਾ ਨਾਲ ਭਰਮ ਤੋਂ ਛੁੱਟ ਕੇ ਸੱਚ ਨੂੰ ਪਛਾਣ ਲੈਂਦਾ ਹੈ ਅਤੇ ਮੰਦੇ ਖਿਆਲਾਂ ਰੂਪੀ ਮਾਇਆ ਤੋਂ ਠਗਾਇਆ ਨਹੀਂ ਜਾਂਦਾ ਬਲਕਿ ਉਸਨੂੰ ਕਾਬੂ ਕਰ ਲੈਂਦਾ ਹੈ। ਮਨ ਕੀ ਮਤ ਰੂਪੀ ਮਾਇਆ ਦੇ ਜ਼ਹਿਰ ਤੋਂ ਆਪਣੇ ਆਪਨੂੰ ਬਚਾ ਲੈਂਦਾ ਹੈ ਭਾਵ ਆਪਣੇ ਖਿਆਲਾਂ ਤੋਂ ਜ਼ਹਿਰ ਰੂਪੀ ਸਰਪਨੀ ਨੂੰ ਮਾਰ-ਮੁਕਾ ਕੇ ਕੱਚਾ ਚਬਾ ਜਾਂਦਾ ਹੈ। ਹੁਣ ਮਾਇਆ ਦਾ ਜ਼ਹਿਰ ਖਿਆਲਾਂ ’ਚ ਰਹਿੰਦਾ ਹੀ ਨਹੀਂ।

ਇਹੋ ਅਵਸਥਾ ਹੈ ਜਦੋਂ ਮਨੁੱਖ ਬਿਬੇਕਤਾ ਰਾਹੀਂ ਭਰਮ ਤੋਂ ਛੁੱਟ ਕੇ ਸੱਚ ਨੂੰ ਪਛਾਣ ਲੈਂਦਾ ਹੈ ਅਤੇ ਮੰਦੇ ਖਿਆਲਾਂ ਰੂਪੀ ਮਾਇਆ ਤੋਂ ਠਗਾਇਆ ਨਹੀਂ ਜਾਂਦਾ ਬਲਕਿ ਉਸਨੂੰ ਕਾਬੂ ਕਰ ਲੈਂਦਾ ਹੈ। ਮਨ ਕੀ ਮਤ ਰੂਪੀ ਮਾਇਆ ਦੇ ਜ਼ਹਿਰ ਤੋਂ ਆਪਣੇ ਆਪ ਨੂੰ ਬਚਾ ਲੈਂਦਾ ਹੈ ਭਾਵ ਆਪਣੇ ਖਿਆਲਾਂ ਚੋਂ ਜ਼ਹਿਰ ਰੂਪੀ ਸਰਪਨੀ ਨੂੰ ਮਾਰ-ਮੁਕਾ ਕੇ ਕੱਚਾ ਚਬਾ ਜਾਂਦਾ ਹੈ। ਹੁਣ ਮਾਇਆ ਦਾ ਜ਼ਹਿਰ ਖਿਆਲਾਂ ’ਚ ਰਹਿੰਦਾ ਹੀ ਨਹੀਂ।

ਗੁਰਬਾਣੀ ਦਾ ਫੁਰਮਾਨ ਹੈ ਕਿ,

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥

(ਗੁਰੂ ਗ੍ਰੰਥ ਸਾਹਿਬ, ਪੰਨਾ 920)

ਉਪਰੋਂ-ਉਪਰੋਂ ਇਸ ਪੰਕਤੀ ਦੇ ਅਰਥ ਕਰਨ ਲੱਗਿਆਂ ਲਗਦਾ ਹੈ ਅਤੇ ਇਹ ਖਿਆਲ ਵੀ ਪ੍ਰਚੱਲਤ ਹੈ ਕਿ ਰੱਬ ਨੇ ਹੀ ਸ਼ਿਵ ਸ਼ਕਤ ਪੈਦਾ ਕੀਤੀ ਹੈ। ਦਰਅਸਲ ਮਨ ਕੀ ਮਤ ਨੂੰ ਹੀ ‘ਸ਼ਿਵ ਸ਼ਕਤ’ ਕਹਿੰਦੇ ਹਨ। ਇਹ ਮਨੁੱਖ ਨੇ ਮੰਦੇ ਖਿਆਲਾਂ (ਜੰਮਾਂ) ਦਾ ਸੰਗ ਕਰਕੇ ਆਪ ਹੀ ਪ੍ਰਾਪਤ ਕੀਤੀ ਹੈ। ਗੁਰਮਤ ਸਿਧਾਂਤ ਅਨੁਸਾਰ, ਮਨ ਕੀ ਮੱਤ ਕਾਰਨ ਆਪ ਜਮਾਂ ਦੇ ਵੱਸ ਪੈਣਾ ਹੀ ‘ਸ਼ਿਵ ਸ਼ਕਤ’ ਹੈ। ਭਾਵ ਆਤਮਕ ਮੌਤ ਦੇ ਸ਼ਿਕੰਜੇ ’ਚ ਆਪਣਾ ਗਲਾ ਆਪ ਫਸਾਣਾ। ਮਨ ਕੀ ਮਤ ਅਨੁਸਾਰ ਜਿਊਣਾ ਹੀ ਪਲ-ਪਲ ਮਰਣਾ ਹੈ। ਗੁਰਮਤ ਅਨੁਸਾਰ ਮਨੁੱਖ ਨੂੰ ਜਿਊਂਦਿਆਂ ਮੁਕਤੀ ਸਿਖਾਈ ਗਈ ਹੈ, ਮਰਣ ਮਗਰੋਂ ਮੁਕਤੀ ਜੈਸੀ ਮਨਘੜਤ ਵਿਚਾਰਧਾਰਾ ਗੁਰਮਤ ’ਚ ਪਰਵਾਨ ਨਹੀਂ।

ਮਨੁੱਖ ਦਾ ਮਨ ਜਦੋਂ ਵਿਕਾਰੀ ਸੋਚ ਕਾਰਨ ਵਿਕਾਰਾਂ ਵਲ ਪ੍ਰੇਰਿਤ ਹੁੰਦਾ ਹੈ ਤਾਂ ਇਹ ਹੀ ਮਾਇਆ (ਸੱਪ) ਹੈ ਅਤੇ ਵਿਕਾਰਾਂ ਦਾ ਫੁਰਨਾ ਆਉਣਾ ਹੀ ਆਤਮਕ ਮੌਤ ਹੈ। ਵਿਕਾਰਾਂ ਦੇ ਬੰਧਨ ਤੋਂ ਛੁੱਟਣ ਲਈ ਸਤਿਗੁਰ ਦੀ ਮਤ ਲੈਣਾ ਅਤੇ ਉਸ ਅਨੁਸਾਰ ਜਿਊਣਾ ਹੀ ਜਿਊਂਦਿਆਂ ਮੁਕਤੀ ਹੈ।

ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥

ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥

(ਗੁਰੂ ਗ੍ਰੰਥ ਸਾਹਿਬ, ਪੰਨਾ 920)

ਜਿਸਨੇ ਮਨ ਕੀ ਮਤ ਛੱਡ ਕੇ ਸਤਿਗੁਰ ਕੀ ਮਤ ਲੈ ਲਈ, ਉਸਨੂੰ ਵਿਨਾਸ਼ਕਾਰੀ ਮਤ ਭਾਵ ਵਿਕਾਰੀ ਮੱਤ (ਸ਼ਿਵ ਸ਼ਕਤ) ਦੇ ਬੰਧਨ ਤੋਂ ਮੁਕਤ ਹੋਣਾ ਆ ਜਾਂਦਾ ਹੈ, ਭਾਵ ਸੱਪ ਦੀ ਵਲਗਣ ਵਾਲੀ ਜ਼ਹਿਰੀਲੀ ਬੁੱਧੀ ਤੋਂ ਮੁਕੱਤ ਹੋ ਜਾਣਾ।

ਗਰੁੜ ਪੰਛੀ ਉੱਚੀ ਉਡਾਰੀ ਦੇ ਬਾਵਜੂਦ ਜ਼ਮੀਨ ਤੇ ਸੱਪ ਨੂੰ ਵੇਖ ਲੈਂਦਾ ਹੈ ਅਤੇ ਆ ਕੇ ਮਾਰ ਕੇ ਖਾ ਜਾਂਦਾ ਹੈ। ਜਿਸ ਮਨੁੱਖ ਨੂੰ ਗਾਰੁੜ ਮੰਤ੍ਰ ਵਾਲਾ ਮੰਨਿਆ ਜਾਂਦਾ ਸੀ, ਉਸਦਾ ਕੰਮ ਸੀ ਸੱਪਾਂ ਨੂੰ ਪਕੜਨਾ। ਗੁਰਮਤ ’ਚ ਇਸੇ ਪ੍ਰਤੀਕ ਨੂੰ ਵਰਤਿਆ ਗਿਆ ਹੈ ਕਿ ਮਾਨੋ ਸਤਿਗੁਰ ਦੀ ਮੱਤ ਗਾਰੁੜ ਮੰਤ੍ਰ ਹੈ। ਸਤਿਗੁਰ ਦੀ ਮਤ ਦਾ ਮੰਤ੍ਰ ਲੈ ਕੇ ਗਰੁੜ ਪੰਛੀ ਵਾਂਗ ਆਪਣੇ ਮਨ ਦੀ ਧਰਤੀ ਤੋਂ ਨੀਵੇਂ, ਮੰਦੇ, ਜ਼ਹਿਰੀਲੇ ਖਿਆਲਾਂ (ਸੱਪਾਂ) ਨੂੰ ਤਿੱਖੀ ਨਜ਼ਰ ਦੇ ਅਵਲੋਕਨ ਨਾਲ ਢੂੰਢਕੇ ਮਾਰ ਦੇ।

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥

ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 480)

ਗੁਰਬਾਣੀ ਦੇ ਇਸ ਪ੍ਰਮਾਣ ਰਾਹੀਂ ਸਮਝਾਇਆ ਹੈ ਕਿ ਮਨ ਕੀ ਮਤ ਰੂਪੀ (ਮਾਇਆ-ਧਨ) ਸਰਪਨੀ ਨੂੰ ਪਕੜ ਕੇ ਖਾ ਜਾ, ਭਾਵ ਮਾਇਆ ਦੇ ਬੇਅੰਤ ਰੂਪਾਂ ’ਚ ਸਰਪਨੀ ਰੂਪ ਨੂੰ ਪਛਾਣ ਕੇ ਇਸ ਦੇ ਬੰਧਨ ਤੋਂ ਮੁਕੱਤ ਹੋ ਜਾ।

ਪੁਰਾਤਨ ਸਮੇਂ ’ਚ ਦਵਾਈਆਂ ਦਾ ਜੜੀ ਬੂਟੀ ਵਾਲਾ ਤਰੀਕਾ ਅਪਨਾਇਆ ਜਾਂਦਾ ਸੀ, ਜੜੀ ਬੂਟੀ ਰਾਹੀਂ ਮਰੀਜ਼ ਨੂੰ ਠੀਕ ਕਰਨ ਵਾਲੇ ਨੂੰ ਵੈਦ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਸੱਪ, ਠੂੰਆਂ, ਬਿੱਛੂ ਆਦਿ ਦੇ ਜ਼ਹਿਰ ਦਾ ਜੋ ਲੋਕੀ ਇਲਾਜ ਕਰਦੇ ਸਨ, ਉਨ੍ਹਾਂ ਨੂੰ ਕਿਸੀ ਨਾ ਕਿਸੀ ਪ੍ਰਚਲਤ ਨਾਂ ਨਾਲ ਜਾਣਿਆ ਜਾਂਦਾ ਸੀ। ਕਈ ਲੋਕੀ ਮੰਤਰ ਪੜ੍ਹ ਕੇ ਜਾਦੂ ਟੂਣੇ ਰਾਹੀਂ ਇਲਾਜ ਕਰਨ ਵਾਲਾ ਭਰਮ ਵੀ ਰੱਖਦੇ ਸਨ। ਅਗਿਆਨਤਾ ਵੱਸ ਲੋਕੀ ਉਨ੍ਹਾਂ ਨੂੰ ਵੀ ਸੱਚ ਸਮਝ ਲੈਂਦੇ ਸਨ। ਅੱਜ ਵੀ ਕਈ ਲੋਕੀ ਤਾਂਤ੍ਰਿਕਾਂ ਦੇ ਬੂਹੇ ’ਤੇ ਖ਼ੁਆਰ ਹੁੰਦੇ ਹਨ ਅਤੇ ਭਰਮ ਵੱਸ ਮੰਨੀ ਫਿਰਦੇ ਹਨ ਕਿ ਰੋਗ ਕੱਟ ਗਿਆ ਭਾਵੇਂ ਮੁਸੀਬਤ ਵੱਧ ਜਾਂਦੀ ਹੈ, ਨੁਕਸਾਨ ਹੁੰਦਾ ਹੈ।

ਹੱਥਲੇ ਲੇਖ ’ਚ ਅਸੀਂ ਗਾਰੁੜ ਮੰਤ੍ਰ ਬਾਰੇ ਵਿਚਾਰ ਰਹੇ ਹਾਂ। ਮੰਤ੍ਰ ਪੜ੍ਹਕੇ ਭਾਵੇਂ ਕਿਸੇ ਮਨੁੱਖ ਦਾ ਰੋਗ ਜਾਂ ਸੱਪ ਦਾ ਜ਼ਹਿਰ ਠੀਕ ਹੁੰਦਾ ਸੀ ਜਾਂ ਨਹੀਂ ਪਰ ਸਦੀਆਂ ਤੋਂ ਪ੍ਰਚਲਤ ਹੈ ਕਿ ਫਲਾਣਾ ਮਨੁੱਖ ਗਾਰੁੜ ਮੰਤ੍ਰ ਜਾਣਦਾ ਹੈ, ਜੋ ਕਿ ਸੱਪ ਦੇ ਜ਼ਹਿਰ ਨੂੰ ਮਨੁੱਖ ’ਚੋਂ ਖਿੱਚ ਦੇਂਦਾ ਸੀ ਜਾਂ ਜ਼ਹਿਰ ਨੂੰ ਬੇਅਸਰ ਕਰ ਦਿੰਦਾ ਸੀ ਅਤੇ ਮਨੁੱਖ ਦੀ ਜ਼ਹਿਰ ਨਾਲ ਮੌਤ ਨਹੀਂ ਹੁੰਦੀ ਸੀ।

ਅਜਕਲ ਦੀ ਖੋਜ ਰਾਹੀਂ ਪਤਾ ਲਗਦਾ ਹੈ ਕਿ ਕੁੱਤਾ, ਬਿੱਲੀ, ਸੱਪ, ਬਿੱਛੂ, ਚੂਹਾ ਆਦਿ ਕਿਸੇ ਜਾਨਵਰ ਵੱਲੋਂ ਮਨੁੱਖ ਨੂੰ ਕਟਿਆ ਜਾਵੇ ਤਾਂ ਜੋ ਜ਼ਹਿਰ ਸ਼ਰੀਰ ਨੂੰ ਚੜ੍ਹਦਾ ਹੈ, ਉਸਦੇ ਅਲਗ-ਅਲਗ ਨਾਮ ਅਤੇ ਇਲਾਜ ਹਨ। ਜੋ ਕਿ ਸਿੱਧ ਕਰਦਾ ਹੈ ਕਿ ਸਰੀਰ ਅੰਦਰ ਦਾਖਿਲ ਹੋ ਚੁੱਕਾ ਜ਼ਹਿਰ ਕਿਸੀ ਦਵਾਈ ਨਾਲ ਦੂਰ ਹੁੰਦਾ ਹੈ, ਨਾ ਕਿ ਮੰਤ੍ਰ ਜਾਂ ਜਾਦੂ ਨਾਲ। ਜਿਵੇਂ ਕਿ ਕੁੱਤੇ ਵੱਲੋਂ ਕੱਟਣ ’ਤੇ ਮਨੁੱਖ ਦੀ ਮੌਤ ਨਾ ਹੋਵੇ ਇਸਲਈ 14 ਜਾਂ 6 ਟੀਕੇ ਲਗਾਕੇ ਜ਼ਹਿਰ ਮੁਕਾਇਆ ਜਾਂਦਾ ਹੈ।

ਜੇ ਕਿਸੇ ਮਨੁੱਖ ਨੂੰ ਸੱਪ ਲੜ ਜਾਂਦਾ ਸੀ ਤਾਂ ਉਸਦਾ ਜ਼ਹਿਰ ਉਤਾਰਨ ਲਈ ਜਿਸ ਪ੍ਰਚਲਤ ਮਨੁੱਖ ਨੂੰ ਇਲਾਜ ਲਈ ਬੁਲਾਂਦੇ ਸਨ, ਉਸਨੂੰ ਮਾਂਦ੍ਰੀ ਜਾਂ ਗਾਰੁੜੀ ਕਿਹਾ ਜਾਂਦਾ ਸੀ। ਭਰਮ ਵੱਸ ਇਹ ਮੰਨਿਆ ਜਾਂਦਾ ਸੀ ਕਿ ਮਾਂਦ੍ਰੀ ਆ ਕੇ ਮੰਤਰ ਪੜ੍ਹੇਗਾ ਅਤੇ ਸੱਪ ਦਾ ਜ਼ਹਿਰ ਮਨੁੱਖ ਨੂੰ ਅਸਰ ਨਹੀਂ ਕਰੇਗਾ। ਜੋ ਮੰਤ੍ਰ ਉਹ ਮਾਂਦ੍ਰੀ ਪੜ੍ਹਦਾ ਸੀ, ਉਸਨੂੰ ਗਾਰੁੜ ਮੰਤ੍ਰ ਕਿਹਾ ਜਾਂਦਾ ਸੀ।

ਇਲ ਤੇ ਬਾਜ਼ ਵਰਗੇ ਪੰਛੀ ਜੋ ਕਿ ਸੱਪ ਨੂੰ ਹਜ਼ਾਰਾਂ ਫੁੱਟ ਉਚਾਈ ਤੋਂ ਵੀ ਜ਼ਮੀਨ ’ਤੇ ਵੇਖ ਲੈਂਦੇ ਹਨ ਅਤੇ ਫੜ ਕੇ ਖਾ ਜਾਂਦੇ ਹਨ। ਇਨ੍ਹਾਂ ਪੰਛੀਆਂ ਨੂੰ ਗਰੁੜ ਵੀ ਕਿਹਾ ਜਾਂਦਾ ਸੀ, ਇਸੇ ਕਰਕੇ ਸੱਪ ਦੇ ਜ਼ਹਿਰ ਨੂੰ ਖ਼ਤਮ ਕਰਨ ਵਾਲੇ ਤਥਾਕਥਿਤ ਮੰਤਰ ਨੂੰ ਗਰੁੜ ਅਤੇ ਇਸ ਦੀ ਮਹਾਰਤ ਹਾਸਿਲ ਕਰਨ ਵਾਲੇ ਨੂੰ ਗਾਰੁੜੀ ਕਿਹਾ ਜਾਣ ਲੱਗ ਪਿਆ। ਇਨ੍ਹਾਂ ਸਾਰੇ ਪ੍ਰਤੀਕਾਂ ’ਚੋਂ ਜੋ ਪ੍ਰਚਲਤ ਖਿਆਲ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਹੀ ਪ੍ਰੋਢਾਵਾਦੀ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਵਰਤਿਆ ਗਿਆ ਹੈ।

ਗੁਰਬਾਣੀ ਦੇ ਪ੍ਰੋਢਾਵਾਦੀ ਢੰਗ ਅਨੁਸਾਰ ਸੱਪ ਨੂੰ ਵਿਕਾਰੀ ਸੋਚ ਵਾਲੀ ਸਰਪਨੀ (ਮਾਇਆ) ਕਿਹਾ ਜਾਂਦਾ ਹੈ। ਇਸ ਸਰਪਨੀ (ਮਾਇਆ) ਦਾ ਜ਼ਹਿਰ ਮਨੁੱਖ ਦੇ ਮਨ ਤੋਂ ਉਤਾਰਨ ਵਾਲਾ ਤਰੀਕਾ (ਗੁਰ) ਸਤਿਗੁਰ ਦੀ ਮੱਤ ਹੀ ਹੁੰਦੀ ਹੈ। ਜੋ ਮਨੁੱਖ ਦੇ ਮਨ ਉੱਤੋਂ ਮਾਇਆ ਰੂਪੀ ਭਰਮ ਦਾ ਜ਼ਹਿਰ ਉਤਾਰ ਕੇ ਆਤਮਕ ਮੌਤ ਤੋਂ ਬਚਾਉਂਦੀ ਹੈ।

ਸਤਿਗੁਰ ਨੂੰ ਗਾਰੁੜੀ ਕਹਿੰਦੇ ਹਨ ਅਤੇ ਸਤਿਗੁਰ ਦੀ ਮਤ ਨੂੰ ਗਾਰੁੜ ਮੰਤ੍ਰ ਭਾਵ ਗੁਰਮੰਤ੍ਰ ਕਹਿੰਦੇ ਹਨ। ਸਤਿਗੁਰ ਦੀ ਮਤ ਨੂੰ ਬਾਰ-ਬਾਰ ਪੜ੍ਹਕੇ, ਵਿਚਾਰਕੇ, ਅਮਲੀ ਜੀਵਨ ਜਿਊਣ ਨਾਲ ਮਨ ਉੱਤੋਂ ਮਾਇਆ (ਸਰਪਨੀ) ਦਾ ਜ਼ਹਿਰ ਉਤਰਦਾ ਹੈ। ਪੁਰਾਤਨ ਤਥਾਕਥਿਤ ਮੰਤ੍ਰਾਂ ਵਾਂਗੂੰ ਸਤਿਗੁਰ ਦੀ ਮਤ (ਗੁਰਬਾਣੀ) ਨੂੰ ਕੇਵਲ ਪੜ੍ਹਨਾ ਪਰ ਅਮਲ ’ਚ ਨਾ ਲਿਆਉਣਾ ਸਾਡਾ ਭਰਮ ਹੀ ਹੈ। ਪੁਰਾਤਨ ਪ੍ਰਚਲਤ ਖਿਆਲਾਂ ਕਾਰਨ ਭਰਮ ਵੱਸ ਮੰਤ੍ਰ (ਜਾਪ ਉਚਾਰਨ) ਨੂੰ ਬਾਰ-ਬਾਰ ਪੜ੍ਹਨ ਲਈ ਕਿਹਾ ਜਾਂਦਾ ਸੀ ਲੇਕਿਨ ਅਮਲ ’ਚ ਲਿਆਉਣ ਨਾਲ ਹੀ ਮਨ ਤੋਂ ਮਾਇਆ ਰੂਪੀ ਸਰਪਨੀ ਦਾ ਜ਼ਹਿਰ (ਰੋਗ) ਮੁੱਕ ਸਕਦਾ ਹੈ। ਬਿਬੇਕ ਬੁੱਧੀ ਦੇ ਬਲ ਨਾਲ ਮਾਇਆ ਦੇ ਬਲ (ਜਮਾਂ ਦੀ ਤਾਕਤ) ਨੂੰ ਜਿੱਤਣਾ ਹੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ। ਬਿਬੇਕਤਾ ਦੇ ਬੱਲ ਨਾਲ ਮਾਇਆ ਰੂਪੀ ਸਰਪਨੀ ਨੂੰ ਕਾਬੂ ਕਰਨਾ ਹੀ ਸਤਿਗੁਰ ਦੀ ਮੱਤ ਰੂਪੀ ਗਾਰੁੜ ਮੰਤ੍ਰ ਕਹਿਲਾਉਂਦਾ ਹੈ।

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥

ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥

(ਗੁਰੂ ਗ੍ਰੰਥ ਸਾਹਿਬ, ਪੰਨਾ 480)

ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 485)

ਇਨ੍ਹਾਂ ਪੰਕਤੀਆਂ ਰਾਹੀਂ ਦ੍ਰਿੜਾਇਆ ਹੈ ਕਿ ਮੈਲ, ਵਿਕਾਰ, ਕੂੜ ਨੂੰ ਮਨ ਤੋਂ ਸਾਫ ਕਰਨਾ ਹੈ, ਜੇਕਰ ਨਾ ਕਰੋ ਤਾਂ ਬਾਹਰੋਂ-ਬਾਹਰੋਂ ਸਮਾਧੀ ਨਾਲ ਮਨ ਸ਼ੁੱਧ ਨਹੀਂ ਹੋ ਸਕਦਾ। ਮਨ ਦੀ ਸਫਾਈ ਸਤਿਗੁਰ ਦੀ ਰਜ਼ਾ ਅਨੁਸਾਰੀ ਜੀਵਨ ਨਾਲ ਹੀ ਹੁੰਦੀ ਹੈ। ਮਨ ਦਾ ਸਾਫ ਹੋਣਾ ਸਰਪਨੀ (ਮਾਇਆ) ਦੇ ਭਰਮ ਤੋਂ ਮੁਕਤ ਹੋਣਾ ਕਹਿਲਾਉਂਦਾ ਹੈ।

ਮਨ ਦੀ ਧਰਤੀ ਤੋਂ ਮੰਦੇ ਨੀਵੇਂ ਜ਼ਹਿਰੀਲੇ ਖਿਆਲਾਂ ਰੂਪੀ ਬੇਅੰਤ ਮੁਰਦਾਰ ਸੱਪਾਂ, ਚੂਹੇ, ਬਿੱਛੂਆਂ ਨੂੰ ਮਾਰ ਮੁਕਾਉਣਾ ਹੀ ਗੁਰਮੰਤ੍ਰ, ਗੁਰੂ ਕੀ ਮਤ ਦੀ ਜੁਗਤ ਕਹਿਲਾਉਂਦਾ ਹੈ।

ਮੰਤ੍ਰੰ ਰਾਮ ਰਾਮ ਨਾਮੰ, ਧ੍ਹਾਨੰ ਸਰਬਤ੍ਰ ਪੂਰਨਹ ॥

ਗ੍ਹਾਨੰ ਸਮ ਦੁਖ ਸੁਖੰ, ਜੁਗਤਿ ਨਿਰਮਲ ਨਿਰਵੈਰਣਹ ॥

ਦਯਾਲੰ ਸਰਬਤ੍ਰ ਜੀਆ, ਪੰਚ ਦੋਖ ਬਿਵਰਜਿਤਹ ॥

ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1357)

ਆਮਤੌਰ `ਤੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਡਾਕਟਰ ਆਉਂਦਾ ਹੈ ਤਾਂ ਮਰੀਜ਼ ਨੂੰ ਮਾਨਸਿਕ ਤੌਰ `ਤੇ ਸੁੱਖ ਮਿਲਦਾ ਹੈ। ਇਹ ਗੱਲ ਮਰੀਜ਼ ਦੀ ਮਾਨਸਿਕ ਦਸ਼ਾ ਤਕ ਤਾਂ ਠੀਕ ਹੈ ਪਰ ਅਧੂਰੀ ਹੈ ਕਿਉਂਕਿ ਮਰੀਜ਼ ਨੂੰ ਡਾਕਟਰ ਦਾ ਆਉਣਾ ਚੰਗਾ ਲਗਦਾ ਹੈ। ਡਾਕਟਰ ਵੱਲੋਂ ਮਰੀਜ਼ ਨਾਲ ਕੋਮਲ ਮਿੱਠਾ ਵਤੀਰਾ ਵੀ ਚੰਗੀ ਗੱਲ ਹੈ। ਡਾਕਟਰ ਦਾ ਚੰਗਾ ਵਤੀਰਾ, ਮਰੀਜ਼ ਦੇ ਮਨ ਦੀ ਚੰਗੀ ਦਸ਼ਾ ਦਾ ਸਹਾਇਕ ਹੁੰਦਾ ਹੈ। ਭਾਵ ਇਹ ਹੈ ਕਿ ਮਰੀਜ਼ ਦਾ ਮਨ ਦਵਾਈ ਖਾਣ ਲਈ ਤਿਆਰ ਹੋ ਜਾਂਦਾ ਹੈ ਪਰ ਵਿਚਾਰਨ ਵਾਲੀਆਂ ਕੁਝ ਗੱਲਾਂ ਹਨ:

ਮਰੀਜ਼ ਦੀ ਬਿਮਾਰੀ ਡਾਕਟਰ ਨੂੰ ਠੀਕ ਸਮਝ ਆ ਜਾਵੇ।

ਮਰੀਜ਼ ਨੂੰ ਡਾਕਟਰ ਠੀਕ ਦਵਾਈ ਵੀ ਦੇਵੇ।

ਮਰੀਜ਼ ਦਵਾਈ ਖਾ ਲਵੇ ਤਾਂ ਰੋਗ ਦੂਰ ਹੋ ਜਾਂਦਾ ਹੈ।

ਜੇ ਮਰੀਜ਼ ਚੰਗੇ ਕੋਮਲ ਮਿੱਠਾ ਬੋਲਣ ਵਾਲੇ ਡਾਕਟਰ ਵੱਲੋਂ ਠੀਕ ਦਵਾਈ ਪ੍ਰਾਪਤ ਕਰ ਲਵੇ ਪਰ ਸੰਜਮ ਨਾਲ ਖਾਵੇ ਹੀ ਨਾ ਤਾਂ ਰੋਗ ਦੂਰ ਨਹੀਂ ਹੁੰਦਾ। ਸਾਰੀ ਵਿਚਾਰ ਦਾ ਤੱਤ ਇਹ ਨਿਕਲਿਆ ਕਿ ਭਾਵੇਂ ਡਾਕਟਰ ਵਧੀਆ ਸੂਝ ਵਾਲਾ ਹੋਵੇ, ਮਰੀਜ਼ ਦੇ ਰੋਗ ਦੀ ਪਛਾਣ ਵੀ ਠੀਕ ਹੋ ਜਾਵੇ ਪਰ ਜੇ ਮਰੀਜ਼ ਚੰਗੀ ਦਵਾਈ ਦਾ ਕੋਈ ਰਟਨ ਮੰਤ੍ਰ ਪੂਰਾ ਕਰ ਲਵੇ ਅਤੇ ਅਮਲੀ ਤੌਰ ’ਤੇ ਦਵਾਈ ਨਾ ਖਾਵੇ ਤਾਂ ਰੋਗ ਮੁਕਤ ਨਹੀਂ ਹੋ ਸਕਦਾ। ਹੂਬਹੂ ਇਸੇ ਤਰ੍ਹਾਂ ਗਾਰੁੜ ਮੰਤ੍ਰ ਨੂੰ ਪੜ੍ਹਕੇ, ਰਟਨ ਕਰਕੇ ਸਰੀਰ ਚੋਂ ਜ਼ਹਿਰ ਨਹੀਂ ਨਿਕਲ ਸਕਦਾ, ਜਦੋਂ ਤਕ ਕਿ ਮਨੁੱਖੀ ਤਨ ਅੰਦਰ ਦਵਾਈ ਨਾ ਪਾਈ ਜਾਵੇ।

ਇਸ ਵਿਚਾਰ ਤੋਂ ਸਮਝ ਪੈਂਦੀ ਹੈ ਕਿ ਸਤਿਗੁਰ ਦੀ ਮਤ (ਗਾਰੁੜ ਮੰਤ੍ਰ) ਨੂੰ ਬਾਰ-ਬਾਰ ਪੜ੍ਹਨ ਨਾਲ ਮਨੁੱਖੀ ਮਨ ਦਾ ਰੋਗ ਮਾਇਆ ਸਰਪਨੀ ਤੋਂ ਨਹੀਂ ਛੁਟਦਾ, ਸਤਿਗੁਰ ਦੀ ਮਤ ਦੀ ਜੁਗਤੀ/ਗੁਰ ਵਾਲੀ ਅਉਖਧ ਖੁਆਣੀ ਲਾਜ਼ਮੀ ਹੈ।

ਸੋ ਇਸ ਲੇਖ ਰਾਹੀਂ ਅਸੀਂ ਇਹੋ ਸਮਝ ਰਹੇ ਹਾਂ ਕਿ ਮਨੁੱਖ ਦਾ ਮਨ ਵਿਕਾਰਾਂ ਰੂਪੀ ਕਾਚੇ ਧਨ ਵਾਲੀ ਮੱਤ ਨੂੰ ਪਸੰਦ ਕਰਦਾ ਹੈ, ਇਸੇ ਨੂੰ ਸਰਪਨੀ ਕਿਹਾ ਹੈ।

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥

(ਗੁਰੂ ਗ੍ਰੰਥ ਸਾਹਿਬ, ਪੰਨਾ 510)

ਜੋ ਕੋਈ ਵੀ ਵਿਕਾਰੀ ਮਨ ਕੀ ਮਤ ਨੂੰ ਸੇਂਵਦਾ ਹੈ, ਇਹ ਸਰਪਨੀ (ਮਾਇਆ ਰੂਪੀ ਮਤ) ਉਸਨੂੰ ਪਲ-ਪਲ ਅਵਗੁਣਾਂ ਦਾ ਜ਼ਹਿਰ ਦੇ ਕੇ ਵਿਕਾਰੀ ਖ਼ਿਆਲਾਂ (ਸ਼ਿਵ ਸ਼ਕਤ) ਰਾਹੀਂ ਵਲੇਟ-ਵਲੇਟ ਕੇ ਆਤਮਕ ਮੌਤ ਮਾਰ ਦੇਂਦੀ ਹੈ।

ਜਦੋਂ ਮਨ ਕੀ ਮਤ ਦੇ ਵੱਸ ਪੈ ਕੇ ਵਿਕਾਰੀ ਖਿਆਲ ਆਉਂਦੇ ਹਨ ਤਾਂ ਆਤਮਕ ਤੌਰ ’ਤੇ ਅੰਤਕਾਲ ਆ ਜਾਂਦਾ ਹੈ।

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਸਰਪ ਜੋਨਿ ਵਲਿ ਵਲਿ ਅਉਤਰੈ॥

(ਗੁਰੂ ਗ੍ਰੰਥ ਸਾਹਿਬ, ਪੰਨਾ 526)

ਇੱਥੇ ਲਛਮੀ ਦਾ ਭਾਵ ਮੰਦੇ ਖਿਆਲਾਂ ਰੂਪੀ ਮਾਇਆ ਹੈ। ਮਾਨੋ ਮਨੁੱਖ ਦਾ ਮਨ ਉਸੇ ਪਲ ਇਨਸਾਨੀਅਤ ਦੇ ਤਲ ਤੋਂ ਡਿਗ ਕੇ (ਅਉਤਰਣ) ਸਰਪ ਜੂਨੀ ਵਾਲਾ ਜੀਵਨ ਜਿਊਣ ਵਲ ਪ੍ਰੇਰਿਤ ਹੋ ਜਾਂਦਾ ਹੈ। ਇਸ ਸ਼ਬਦ ਦਾ ਰਹਾਉ ਹੈ, ‘ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥’। ਮਨ ਕੀ ਮਤ ਛੱਡ ਕੇ ਸਤਿਗੁਰ ਦੀ ਮਤ ਨਾਲ ਸੁਰਤ, ਮਤ, ਮਨ ਅਤੇ ਬੁਧਿ ਨੂੰ ਨਿਰੰਤਰ ਜੋੜਨਾ ਹੈ। ਵਰਨਾ ਮਨ ਕੀ ਮਤ (ਸਰਪਨੀ) ਅਧੀਨ ਜੀਵਨ ਆਤਮਕ ਮੌਤ ਵਲ ਗ਼ਰਕ ਹੁੰਦਾ ਜਾਂਦਾ ਹੈ।

ਅਸੀਂ ਲੇਖ ਦੇ ਸ਼ੁਰੂ ’ਚ ਸੱਪ ਵਲੋਂ ਰਾਖੀ, ਜ਼ਮੀਨ ਥਲੇ ਦੱਬੇ ਧਨ ਮਾਇਆ ਬਾਰੇ ਵਿਚਾਰ ਕਰ ਚੁਕੇ ਹਾਂ। ਉਸੇ ਪ੍ਰਤੀਕ ਨੂੰ ਵਿਚਾਰੋ ਤਾਂ ਸਮਝ ਪੈਂਦੀ ਹੈ ਕਿ ਸਾਡੇ ਅੰਤਰਆਤਮੇ ’ਚ ਰੱਬ (ਸਤਿਗੁਰ) ਵਸਦਾ ਹੈ। ਸਤਿਗੁਰ ਦੀ ਮਤ ਦਾ ਰਤਨ ਜਵਾਹਰ ਵਾਲਾ ਖ਼ਜ਼ਾਨਾ ਹੈ। ਸਾਡੇ ਅੰਦਰ ਹੀ ਗੁਹਜ ਖ਼ਜ਼ਾਨਾ ਪਿਆ ਹੈ ‘ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥’ ਸਾਡੇ ਮਨ ਕੀ ਮਤ (ਕੂੜ ਦੀ ਪਾਲ) ਹੀ ਸੱਪ ਰੂਪੀ ਫਨ ਖਿਲਾਰ ਕੇ ਬੈਠੀ ਹੈ। ਗੁਰਬਾਣੀ ਰਾਹੀਂ ਸਤਿਗੁਰ ਦੀ ਮੱਤ ਦਾ ਖਜ਼ਾਨਾ ਸਾਨੂੰ ਬਿਬੇਕ ਬੁੱਧੀ ਬਖ਼ਸ਼ਦੀ ਹੈ। ਇਸੇ ਗਰੁੜ ਬਿਰਤੀ (ਗਾਰੁੜ ਮੰਤ੍ਰ) ਰਾਹੀਂ ਇਸ ਸੱਪ ਰੂਪੀ ਮਾਇਆ (ਭਰਮ ਦੇ ਛੱਲ) ਤੋਂ ਮੁਕਤ ਹੋਣਾ ਹੈ। ਸਰਪਨੀ ਮਾਇਆ ਨੂੰ ਸਮਝ-ਪਛਾਣ ਕੇ ਭਰਮ ਤੋਂ ਮੁਕਤ ਹੋਣਾ ਹੈ ਤਾਕਿ ਅੰਤਰਆਤਮੇ ’ਚ ਪਏ ਗੁਹਜ ਰਤਨ-ਜਵਾਹਰ ਦਾ ਅਸਲੀ ਧਨ ਪ੍ਰਾਪਤ ਕਰ ਸਕੀਏ। ਜਿਸ ਧਨ ਰਾਹੀਂ ਜੀਵਨ ਮੁਕਤ ਹੋ ਕੇ ਸਦ ਜੀਵਨ (ਅਮਰ ਜੀਵਨ) ਦੇ ਸਫਰ ਦਾ ਤੋਸਾ ਪੱਲੇ ਪੈ ਜਾਂਦਾ ਹੈ।

ਸੰਗਿ ਚਲਨ ਕਉ ਤੋਸਾ ਦੀਨ੍ਾ ਗੋਬਿੰਦ ਨਾਮ ਕੇ ਬਿਉਹਾਰੀ ॥

(ਗੁਰੂ ਗ੍ਰੰਥ ਸਾਹਿਬ, ਪੰਨਾ 401)

ਵੀਰ ਭੁਪਿੰਦਰ ਸਿੰਘ




.