.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਪੰਦ੍ਰਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

"ਹਜ਼ਾਰ ਤਨੀਆਂ ਇਕੋ ਗੰਢ" -ਸ਼ੱਕ ਨਹੀਂ ਕਿ ਪ੍ਰਚਲਤ ਮੁਹਾਵਰਾ "ਹਜ਼ਾਰ ਤਨੀਆਂ ਇਕੋ ਗੰਢ" ਨਹੀਂ ਬਲਕਿ "ਸੌ ਤਨੀਆਂ ਇਕੋ ਗੰਢ" ਹੀ ਹੈ। ਕਿਉਂਕਿ ਅੱਜ ਪੰਥ ਦੇ ਜੋੇ ਹਾਲਾਤ ਬਣੇ ਪਏ ਹਨ ਅਤੇ ਪੰਥ ਵਿਚਾਲੇ ਜਿਤਨਾ ਬਿਖਰਾਵ ਵਧਿਆ ਪਿਆ ਹੈ, ਉਸ ਲਈ ਤਾਂ "ਹਜ਼ਾਰ ਤਨੀਆਂ ਇਕੋ ਗੰਢ" ਵਾਲੇ ਮੁਹਾਵਰੇ ਵਾਲੀ ਗੱਲ ਵੀ ਛੋਟੀ ਸਾਬਤ ਹੋ ਰਹੀ ਹੈ। ਤਾਂ ਵੀ ਵਿਸ਼ੇ ਨੂੰ ਸਮਝਣ ਲਈ ਇਸ ਸਮੂਚੇ ਮਸਲੇ ਨੂੰ ਦੋ ਪੱਖਾਂ ਤੋਂ ਬਿਆਣਿਆ ਜਾ ਸਕਦਾ ਹੈ।

ਪਹਿਲਾ ਇਹ ਕਿ ਵਿਰਲਿਆਂ ਨੂੰ ਛੱਡ ਕੇ, ਅੱਜ ਜਿੱਤਨੇ ਵੀ ਸਿੱਖ ਹਨ ਉਨ੍ਹਾਂ `ਚੋਂ ਬਹੁਤਿਆਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਕੋਲ ਵੱਖ ਵੱਖ ਤੇ ਉੱਤਣੀਆਂ ਹੀ ਸਿੱਖੀਆਂ ਸੰਭਾਲੀਆਂ ਅਤੇ ਉਨ੍ਹਾਂ ਦੇ ਜੀਵਨ ਅੰਦਰ ਪਣਪ ਰਹੀਆਂ ਹਨ। ਜਦਕਿ ਮੂਲ ਰੂਪ `ਚ ਸਿੱਖੀ ਇਕੋ ਹੀ ਹੈ ਅਤੇ ਉਹ ਸਿੱਖੀ ਹੈ ਜਿਹੜੀ ਬਿਨਾ ਮਿਲਾਵਟ, ਨਿਰੋਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾ `ਚੋਂ ਪ੍ਰਾਪਤ ਹੋਵੇ ਅਤੇ ਸਿੱਖ ਮਾਨਸ ਕੋਲ ਆ ਰਹੀ ਹੋਵੇ। ਇਸ ਲਈ ਸਪਸ਼ਟ ਹੈ ਕਿ ਬਾਕੀ ਸਭ "ਗੁਰੂ ਨਾਨਕ ਪਾਤਸ਼ਾਹ" ਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਨਾਮ `ਤੇ ਕੇਵਲ ਸਿੱਖੀ ਦਾ ਵਿਗਾੜ ਹੀ ਹੈ।

ਇਸ ਤੋਂ ਬਾਅਦ ਇਸੇ ਅਤਿਅੰਤ ਵਿਗੜੇ ਤੇ ਵਿਗਾੜੇ ਜਾ ਚੁੱਕੇ ਮਸਲੇ ਦਾ ਦੂਜਾ ਪੱਖ ਹੈ "ਹਜ਼ਾਰ ਤਨੀਆਂ ਇਕੋ ਗੰਢ" ਦੂਜੇ ਲਫ਼ਜ਼ਾਂ `ਚ ਇਸ ਸਮੂਚੇ ਵਖ੍ਰੇਵੇਂ ਦਾ ਇਕੋ ਹੀ ਹੱਲ ਤੇ ਸੱਚ ਵੀ ਇਹੀ ਹੈ। ਉਹ ਹੱਲ ਹੈ, ਜੇਕਰ ਅੱਜ ਵੀ ਗੁਰੂ ਕਾ ਸਿੱਖ ਅਖਵਾਉਣ ਵਾਲਾ ਸਮੂਚਾ ਪੰਥ, ਸਿਦਕਦਿਲੀ ਤੇ ਇਮਾਨਦਾਰੀ ਨਾਲ ਆਪਣੇ "ਇਕੋ ਇੱਕ ਰਹਿਬਰ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਆ ਜਾਵੇ। ਇਸ ਤਰ੍ਹਾਂ "ਗੁਰ੍ਰੂ ਨਾਨਕ-ਗੁਰੂ-ਗਬਿੰਦ ਸਿੰਘ ਜੀ" ਦਾ ਇਹ ਲਾਡਲਾ ਪੰਥ, ਭਾਈ ਗੁਰਦਾਸ ਜੀ ਦੇ ਕਥਨ "ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ" (੧/੨੭ਭਾ: ਗੁ: ) ਅਤੇ "ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ" (੧/੨੭ਭਾ: ਗੁ: ) ਅਨੁਸਾਰ, ਅੱਜ ਵੀ ਸੰਸਾਰ ਭਰ `ਚ ਆਪਣੀ ਉਸੇ ਹੋਂਦ ਨੂੰ ਮੁੜ ਪ੍ਰਗਟ ਅਤੇ ਉਜਾਗਰ ਕਰਣ ਦੇ ਸਮ੍ਰਥ ਹੋ ਸਕਦਾ ਹੈ।

ਅਜੋਕਾ ਪੰਥਕ ਵਿਗਾੜ, ਅਤੀ ਸੰਖੇਪ `ਚ-ਇਸ ਤੋਂ ਪਹਿਲਾਂ ਕਿ ਇਹ ਸਮਝਣ ਦਾ ਯਤਣ ਕਰੀਏ ਕਿ ਪੰਥ ਅੰਦਰ ਅਜਿਹਾ ਬਿਖਮ ਵਿਗਾੜ ਅਤੇ ਵਖ੍ਰੇਵਾਂ ਕਦੋਂ ਅਰੰਭ ਹੋਇਆ? ਇਸ ਦੀਆਂ ਜੜ੍ਹਾਂ ਕਿੱਥੇ ਹਨ? ਇਸ ਦਾ ਹੱਲ ਕੀ ਹੈ ਅਤੇ ਉਹ ਹੱਲ ਨਿਕਲੇਗਾ ਕਿਵੇਂ? ਇਹ ਵੀ ਕਿ, ਉਸ ਦਾ ਹੱਲ ਨਿਕਲ ਸਕੇਗਾ ਵੀ ਜਾਂ ਨਹੀਂ? ਇਹ ਆਪਣੇ ਆਪ `ਚ ਬੜਾ ਗੁੰਝਲਦਾਰ ਵਿਸ਼ਾ ਹੈ, ਜਿਸਨੂੰ ਅੱਗੇ ਚੱਲ ਕੇ ਕਈ ਪਾਸਿਆਂ ਤੋਂ ਅਤੇ ਲੜਾਵਾਂ `ਚ ਲੈਣਾ ਅਤੇ ਸਮਝਣਾ ਪਵੇਗਾ।

ਤਾਂ ਵੀ ਜੇ ਇਸ ਮਸਲੇ ਨੂੰ ਅਤੀ ਸੰਖੇਪ `ਚ ਸਮਝਣਾ, ਵਿਚਾਰਣਾ- ਬਿਆਨਣਾ ਹੋਵੇ ਤਾਂ ਇਸ ਨੂੰ ਮੌਟੇ ਤੌਰ `ਤੇ ਵੱਧ ਤੋਂ ਵੱਧ ਚਾਰ ਭਾਗਾਂ `ਚ ਵੰਡਿਆ ਜਾ ਸਕਦਾ ਹੈ। ਦੂਜੇ ਲਫ਼ਜ਼ਾਂ `ਚ ਵਿਰਲਿਆਂ ਨੂੰ ਛੱਡ ਕੇ ਬੇਸ਼ੱਕ ਅੱਜ ਹਰੇਕ ਸਿੱਖ ਅਖਵਾਉਣ ਵਾਲੇ ਦੇ ਜੀਵਨ ਅੰਦਰ ਵੱਖ-ਵੱਖ ਤਰ੍ਹਾਂ ਦੀ ਸਿੱਖੀ ਪਣਪ ਤੇ ਪਲ ਰਹੀ ਹੈ ਤਾਂ ਵੀ ਵਿਸ਼ੇ ਨੂੰ ਪਹਿਚਾਣਨ ਤੇ ਸਮਝਣ ਲਈ ਉਸ ਸਾਰੇ ਨੂੰ ਅਸੀਂ ਮੌਟੇ ਤੌਰ `ਤੇ ਵੱਧ ਤੌ ਵੱਧ ਚਾਰ ਭਾਗਾਂ `ਚ ਵੰਡ ਰਹੇ ਹਾਂ। ਤਾਂ ਉਹ ਚਾਰ ਭਾਗ ਕੀ ਅਤੇ ਕਿਹੜੇ ਹਨ? :-

(੧) ਇੱਕ ਤਾਂ ਉਹ ਸੱਜਣ ਹਨ ਜਿਹੜੇ ਉਂਜ ਤਾਂ ਮਨ ਕਰਕੇ ਆਪਣੇ ਆਪ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸਿੱਖ ਹੀ ਮੰਨਦੇ ਅਤੇ ਸਮਝਦੇ ਵੀ ਹਨ। ਪਰ ਉਨ੍ਹਾਂ ਅੰਦਰ ਜਿਹੜੀ ਸਿੱਖੀ ਪਣਪ ਰਹੀ ਹੈ ਉਹ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਿੱਖੀ ਘੱਟ ਅਤੇ ਬਹੁਤਾ ਕਰਕੇ ਉਨ੍ਹਾਂੑ ਦੇ ਜੀਵਨ ਅੰਦਰ ਉਹ ਸਿੱਖੀ ਪੁੱਜ ਰਹੀ ਹੈ ਜਿਹੜੀ, ਲਗਾਤਰ ਪਿਛਲੇ ਕੁੱਝ ਸਮੇਂ ਤੋਂ ਹੀ ਨਹੀਂ ਬਲਕਿ ਪਿਛਲੀਆਂ ਕੁੱਝ ਸਦੀਆਂ ਤੋਂ ਪੁਸ਼ਤ-ਦਰ-ਪੁਸ਼ਤ ਭਿੰਨ-ਭਿੰਨ ਡੇਰਿਆਂ, ਸੰਪ੍ਰਦਾਵਾਂ ਅਤੇ ਗੁਰਦੁਆਰਿਆਂ `ਚ ਹੋ ਰਹੇ ਅਣ-ਅਧਿਕਾਰੀ ਸਿੱਖ ਧਰਮ ਦੇ ਪ੍ਰਚਾਰ ਰਸਤੇ ਪੁੱਜ ਰਹੀ ਹੈ।

ਜਦਕਿ ਅਜੋਕੇ ਸਿੱਖ ਮਾਨਸ `ਚ ਅਜਿਹੇ ਪ੍ਰਚਾਰ ਦਾ ਦਿਨ-ਬ-ਦਿਨ ਤੇਜ਼ੀ ਨਾਲ ਵਾਧਾ ਵੀ ਹੋ ਰਿਹਾ ਹੈ। ਉਹ ਵਾਧਾ ਇਸ ਲਈ ਹੋ ਰਿਹਾ ਹੈ, ਕਿਉਂਕਿ ਦਿਨੋ-ਦਿਨ ਸਿੱਖ ਧਰਮ ਦੇ ਨਾਮ `ਤੇ ਅਜਿਹੇ ਅਖਉਤੀ ਗੁਰਮੱਤ ਪ੍ਰਚਾਰ ਦਾ ਘੇਰਾ ਬਜਾਏ ਘਟਣ ਦੇ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਉਸ `ਚ ਸਹਾਈ ਹੋਣ ਵਾਲੀਆਂ ਵੀ ਬਹੁਤਾ ਕਰਕੇ ਅਜੋਕੀਆਂ ਗੁਰੂ ਕੀਆਂ ਸੰਗਤਾਂ ਹੀ ਹਨ। ਜਦਕਿ ਅੱਜ ਉਥੇ ਗੁਰਮੱਤ ਦਾ ਸਿੱਕੇਬੰਦ ਪ੍ਰਚਾਰ ਹੈ ਹੀ ਨਾ ਦੇ ਬਰਾਬਰ ਅਤੇ ਨਤੀਜਾ ਵੀ ਉਸੇ ਤਰ੍ਹਾਂ ਦਾ ਹੀ ਹੈ।

ਇਸ ਲਈ ਉਹ ਲੋਕ ਮਨ ਕਰਕੇ ਸਿੱਖੀ ਅਤੇ ਸਿਖ ਧਰਮ ਲਈ ਇਮਾਨਦਾਰ ਤਾਂ ਬਹੁਤ ਹਨ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਮਨ ਕਰਕੇ ਸਮ੍ਰਪਿਤ ਵੀ ਹਨ। ਵੱਡੇ ਵੱਡੇ ਪੰਥਕ ਕਾਰਜਾਂ ਸਮੇਂ ਬਲਕਿ ਕਿਸੇ ਵੀ ਪੰਥਕ ਭੀੜਾ ਸਮੇਂ, ਪੰਥ ਦੀਆਂ ਮੁਹਰਲੀਆਂ ਕਤਾਰਾਂ `ਚ ਵੀ ਉਹੀ ਖੜੇ ਹੁੰਦੇ ਹਨ, ਤਾਂ ਵੀ ਸਿੱਖੀ ਅਤੇ ਗੁਰਬਾਣੀ ਜੀਵਨ ਦੇ ਸੱਚ ਪੱਖੋਂ ਉਹ ਅੰਦਰੋਂ ਲਗਭਗ ਖਾਲੀ ਹੀ ਹੁੰਦੇ ਹਨ।

(੨) ਇਸ ਲੜੀ `ਚ ਦੂਜੇ ਨੰਬਰ `ਤੇ ਜਿਹੜੇ ਸਿੱਖ ਆਉਂਦੇ ਹਨ ਅੱਜ ਉਨ੍ਹਾਂ ਦੀ ਗਿਣਤੀ ਵੀ ਘੱਟ ਨਹੀਂ। ਇਹ ਸੱਜਣ ਉਹ ਹਨ ਜਿਨ੍ਹਾਂ `ਚੋਂ ਬਹੁਤੇ ਸਿੱਖੀ ਬਾਣੇ ਪੱਖੋਂ ਪੰਜ ਕਕਾਰੀ ਵੱਡੇ ਦਿਲ-ਖਿੱਚਵੇਂ ਸਿੱਖੀ ਸਰੂਪ `ਚ ਹੀ ਵਿਚਰਦੇ ਹਨ। ਜਦਕਿ ਪਹਿਲੀ ਗੱਲ ਇਹ ਕਿ ਉਹ ਆਪਸ `ਚ ਵੀ ਬਹੁਤਾ ਕਰਕੇ ਭਿੰਨ-ਭਿੰਨ ਟੁਕੜਿਆਂ ਤੇ ਧੜਿਆਂ `ਚ ਵੰਡੇ ਹੋਏ ਮਿਲਦੇ ਹਨ। ਫ਼ਿਰ ਜੇ ਕੁੱਝ ਹੋਰ ਗਹਿਰਾਈ `ਚ ਜਾਵੋ ਤਾਂ, ਪੰਜ ਕਕਾਰੀ ਦਿਲ-ਖਿੱਚਵੇਂ ਸਿੱਖੀ ਸਰੂਪ `ਚ ਹੋਣ ਦੇ ਬਾਵਜੂਦ ਉਥੇ ਪੰਥਕ ਹਾਲਤ ਹੋਰ ਵੀ ਖ਼ਰਾਬ ਹੋਏ ਪਏ ਹਨ।

ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਉਨ੍ਹਾਂ ਕੋਲ ਜਿਹੜੀ ਸਿੱਖੀ ਪੁੱਜ ਰਹੀ ਹੈ ਅਤੇ ਉਨ੍ਹਾਂ ਦੇ ਜੀਵਨ ਅੰਦਰ ਜਿਹੜੀ ਸਿੱਖੀ ਪਣਪ ਰਹੀ ਹੈ ਉਹ ਵੀ ਭਿੰਨ-ਭਿੰਨ ਸਵੈ ਵਿਰੋਧੀ ਰਹਿਣੀਆਂ ਦੇ ਰੂਪ ਚ ਤਾਂ ਹੈ ਹੀ ਪਰ ਉਨ੍ਹਾਂ ਦੀ ਸਿੱਖ ਰਹਿਣੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਰਬਉੱਚਤਾ `ਤੇ ਜਾਣੇ-ਅਣਜਾਣੇ ਭਰਵੀਂ ਚੋਟ ਵੀ ਕਰ ਰਹੀ ਹੈ।

ਭਿੰਨ-ਭਿੰਨ ਡੇਰਿਆਂ, ਸੰਪ੍ਰਦਾਵਾਂ ਤੋਂ ਉਭਰ ਕੇ ਆ ਰਹੀ ਉਹ ਸਿੱਖੀ ਜ਼ਾਹਿਰਾ ਤਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਿੱਖੀ ਹੀ ਹੈ ਪਰ ਉਨ੍ਹਾਂ `ਚੋ ਬਹੁਤਿਆ ਦਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਰਬਉੱਚਤਾ ਬਾਰੇ ਵਿਸ਼ਵਾਸ ਹੀ ਪੂਰੀ ਤਰ੍ਹਾਂ ਡੋਲਿਆਂ ਹੋਇਆ ਹੁੰਦਾ ਹੈ। ਬੇਸ਼ੱਕ ਅਗਿਆਨਤਾ ਵੱਸ ਜਾਂ ਬਾਹਰੀ ਤੇ ਵਿਰੋਧੀ ਪ੍ਰਭਾਵਾਂ ਅਧੀਨ, ਪਰ ਕਈ ਹਾਲਤਾਂ `ਚ ਅੱਜ ਉਹ ਆਪਣੇ ਆਪ ਨੂੰ ਵੱਡੇ ਸਿਆਣੇ ਸਿੱਖ ਦੱਸ ਤੇ ਸਮਝ ਕੇ ਵੀ ਬਦਲੇ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਅਧੂਰਾ ਸਤਿਗੁਰੂ ਕਹਿਣ, ਦੱਸਣ ਤੇ ਸਾਬਤ ਕਰਣ `ਚ ਵੀ ਉੱਕਾ ਨਹੀਂ ਹਿਚਕਚਾਉਂਦੇ।

(੩) ਇਸ ਲੜੀ `ਚ ਤੀਜੇ ਨੰਬਰ `ਤੇ ਉਹ ਸਿੱਖ ਆਉਂਦੇ ਹਨ ਜਿਹੜੇ ਦਾਅਵੇ ਨਾਲ "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਸਰਬਉੱਚਤਾ ਨੂੰ ਹੀ ਪ੍ਰਵਾਣ ਕਰਦੇ ਤੇ ਬਿਆਣਦੇ ਵੀ ਹਨ। ਉਹ ਇਸ ਪੱਖੋਂ ਟੱਸ ਤੋਂ ਮੱਸ ਵੀ ਨਹੀਂ ਹੁੰਦੇ। ਉਹ ਮਨ ਕਰ ਕੇ ਉਸ ਪੱਖੋਂ ਸਪਸ਼ਟ ਹੋਣ ਦੇ ਬਾਵਜੂਦ ਕਿ:-

"ਕਹੁ ਨਾਨਕ ਮੇਰਾ ਸਤਿਗੁਰੁ ਪੂਰਾ, ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ" (ਪੰ: ੮੨੭) ਮੰਣਦੇ ਵੀ ਹਨ ਕਿ

"ਢੋਈ ਤਿਸ ਹੀ ਨੋ ਮਿਲੈ, ਜਿਨਿ ਪੂਰਾ ਗੁਰੂ ਲਭਾ॥ ਨਾਨਕ ਬਧਾ ਘਰੁ ਤਹਾਂ, ਜਿਥੈ ਮਿਰਤੁ ਨ ਜਨਮੁ ਜਰਾ" (ਪੰ: ੪੪)

ਉਹ ਬਾਹਵਾਂ ਉੱਚੀਆਂ ਕਰਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਬਾਰੇ ਪ੍ਰਚਾਰਦੇ ਵੀ ਹਨ:-

"ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ॥ ਨਾਨਕ ਪੂਰਾ ਜੇ ਮਿਲੈ, ਕਿਉ ਘਾਟੈ ਗੁਣ ਤਾਸ" (ਪੰ: ੧੭)

"ਮਨ ਮੇਰੇ ਸਗਲ ਉਪਾਵ ਤਿਆਗੁ॥ ਗੁਰੁ ਪੂਰਾ ਆਰਾਧਿ ਨਿਤ, ਇਕਸੁ ਕੀ ਲਿਵ ਲਾਗੁ" (ਪੰ: ੪੫)

ਉਹ ਸੱਜਣ ਕੇਵਲ ਤੇ ਕੇਵਲ ਪੂਰੇ ਸਤਿਗੁਰੂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ ਨਾਲ ਹੀ ਜੁੜੇ ਹੋਏ ਹਨ ਤੇ ਉਹ ਆਪਣੇ ਆਪ ਲਈ ਅਜਿਹਾ ਦਾਅਵਾ ਵੀ ਕਰਦੇ ਹਨ। ਪਰ ਉਨ੍ਹਾਂ ਦਾ ਵੀ ਆਪਸ `ਚ ਕਈ ਪੱਖਾਂ ਤੋਂ ਖਿੰਡੇ ਹੋਣਾ ਸਪਸ਼ਟ ਅਤੇ ਜਗ ਜ਼ਾਹਿਰ ਹੈ।

ਇਹ ਵੀ ਕਰਤਾਪੁਰਖ ਹੀ ਜਾਣਦਾ ਹੈ ਕਿ ਇਸ ਸਰਬ ਉੱਤਮ ਕਾਰਜ ਲਈ ਉਨ੍ਹਾਂ ਨੂੰ ਆਪਸੀ ਵਿਚਾਰ-ਵਿਟਾਂਦਰਾ ਕਰਣ ਅਤੇ ਨਿਰੋਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਕਸਵੱਟੀ `ਤੇ ਇੱਕ ਮੱਤ ਹੋਣ ਲਈ ਕੋਈ ਕੇਂਦਰੀ ਮੰਚ ਪ੍ਰਾਪਤ ਨਹੀਂ, ਅਤੇ ਇਹ ਸਭ ਵੀ ਇਸੇ ਲਈ ਹੋ ਰਿਹਾ ਹੈ।

ਜਾਂ ਉਨ੍ਹਾਂ `ਚੋਂ ਵੀ ਕੁੱਝ ਅੰਦਰ ਨਿਜੀ ਤੌਰ `ਤੇ ਅਥਵਾ ਸੰਬੰਧਤ ਸ਼ੰਸਥਾਵਾਂ ਦੇ ਪ੍ਰਭਾਵਾਂ ਅਧੀਨ "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" (ਪ: ੪੬੮) ਵਾਲੀ ਘਾਟ ਆਈ ਹੋਈ ਹੈ। ਜਦਕਿ ਗੁਰਬਾਣੀ ਦੇ ਚਰਣਾਂ `ਚ ਆਉਣ ਤੋਂ ਬਾਅਦ ਤਾਂ "ਹਉਮੈ" ਦਾ ਟੁੱਟਣਾ ਤੇ ਮੁੱਕਣਾ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਦਾ ਸਿਧਾਂਤ ਤਾਂ "ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ) ਵਾਲਾ ਹੈ।

ਫ਼ਿਰ ਉਨ੍ਹਾਂ ਵਿਚਾਲੇ ਅਜਿਹੇ ਸੱਜਣ ਅਤੇ ਸੰਸਥਾਵਾਂ ਵੀ ਵਿਚਰ ਰਹੀਆਂ ਹਨ ਜਿਹੜੀਆਂ ਜਾਣੇ- ਅਣਜਾਣੇ "ਗੁਰੂ ਕੀਆਂ ਸੰਗਤਾਂ" ਨੂੰ ਅਜਿਹੇ ਭੰਮਲ-ਭੂਸੇ `ਚ ਪਾਉਣ ਲਈ ਵੀ ਮੁਹਰਲੀ ਕੱਤਾਰ `ਚ ਖੜੀਆਂ ਹਨ, ਕਿਉਂਕਿ ਉਨ੍ਹਾਂ ਰਾਹੀ ਕੀਤੇ ਜਾ ਰਹੇ ਗੁਰਮੱਤ ਪ੍ਰਚਾਰ ਅਨੁਸਾਰ:-

(i) "ਦਸੋ? "ਸ਼ਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਕਿੱਥੇ ਲਿਖਿਆ ਹੈ ਕਿ ਮਨੁੱਖ ਲਈ ਸੰਪੂਰਣ ਕੇਸਾਧਾਰੀ ਸਰੂਪ ਜ਼ਰੂਰੀ ਹੈ? ਜਾਂ "ਕੇਸਾਂ-ਰੋਮਾਂ ਦੀ ਕੱਟ ਵੱਢ ਨਹੀਂ ਕਰਣੀ" ਅਥਵਾ

() "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਕਿੱਥੇ ਲਿਖਿਆ ਹੈ ਕਿ ਸ਼ਰਾਬ ਆਦਿ ਨਸ਼ੇ ਨਹੀਂ ਕਾਰਣੇ" ਆਦਿ।

ਤਾਂ ਤੇ ਅਜਿਹੇ ਲੋਕ ਜੇਕਰ ਇਮਾਨਦਾਰੀ ਨਾਲ ਮਨੁੱਖ ਦੇ "ਸੰਪੂਰਣ ਕੇਸਾਧਾਰੀ ਸਰੂਪ" ਸੰਬੰਧੀ ਕੇਵਲ "ਹੁਕਮਿ ਰਜਾਈ ਚਲਣਾ" ਦੇ ਅਰਥ ਹੀ ਸਮਝ ਲੈਣ, ਉਨ੍ਹਾਂ ਨੂੰ ਤਾਂ ਵੀ ਵਿਸ਼ਾ ਪੂਰੀ ਤਰ੍ਹਾਂ ਸਮਝ `ਚ ਆ ਜਾਵੇਗਾ। ਜਦਕਿ "ਸੰਪੂਰਣ ਕੇਸਾਧਾਰੀ ਸਰੂਪ" ਦੀ ਪ੍ਰੌੜਤਾ ਅਤੇ "ਨਸ਼ਿਆਂ ਦੇ ਸੇਵਣ ਵਿਰੁਧ" ਤਾਂ ਗੁਰਬਾਣੀ `ਚੋਂ ਬਹੁਤੇਰੇ ਫ਼ੁਰਮਾਨ ਪ੍ਰਾਪਤ ਹਨ; ਲੋੜ ਹੈ ਤਾਂ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਪੱਖਾਂ ਤੋਂ ਗੁਰਬਾਣੀ ਦੇ ਵਿਸ਼ੇਸ਼ ਅਧਯਣ ਦੀ, ਵਿਸ਼ੇ ਆਪਣੇ ਆਪ ਸਮਝ `ਚ ਆ ਜਾਣਗੇ, ਇਸ ਤੋਂ ਬਾਅਦ:-

(ਅ) ਅੱਜ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਇਕੋ ਇੱਕ ਪੂਰਣ ਸਤਿਗੁਰੂ ਬਿਆਨਣ ਵਾਲਿਆਂ `ਚ ਅਜਿਹੇ ਲਿਖਾਰੀ, ਪ੍ਰਚਾਰਕ ਤੇ ਕਥਾਵਾਚਕ ਵੀ ਪਣਪ ਰਹੇ ਹਨ ਜਿਹੜੇ ਗੁਰਬਾਣੀ ਵਿੱਚਲੇ "ਸਫ਼ਲ ਮਨੁੱਖਾ ਜਨਮ ਵਾਲੇ ਪੱਖ ਦੀ ਗੱਲ ਤਾਂ ਬੜੀ ਖੁੱਲ ਕੇ ਕਰਦੇ ਹਨ ਅਤੇ ਉਸ ਵਿਸ਼ੇ `ਤੇ ਪੂਰਾ ਜ਼ੋਰ ਵੀ ਲਗਾਉਂਦੇ ਹਨ ਜਦਕਿ ਉਨ੍ਹਾਂ ਨੂੰ ਅਜਿਹਾ ਕਰਣਾ ਵੀ ਚਾਹੀਦਾ ਹੈ।

ਪਰ ਦੂਜੇ ਪਾਸੇ ਬਿਰਥਾ ਤੇ ਅਜ਼ਾਈ ਗਵਾਏ ਮਨੁੱਖਾ ਜਨਮ ਵਾਲਾ ਪੱਖ ਅਤੇ ਗੁਰਬਾਣੀ ਆਧਾਰਤ ਹੀ ਉਸ ਦੇ ਨਤੀਜਿਆਂ ਵਾਲਾ ਪੱਖ ਜਿਸਦਾ ਗੁਰਬਾਣੀ `ਚ ਬਰਵਾਂ ਵਰਨਣ ਵੀ ਹੈ ਜਿਵੇਂ:-

"ਭਾਗਹੀਨ ਸਤਿਗੁਰੁ ਨਹੀ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ" (ਅੰ: ੯੫)

"ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕੁ ਛਾਨੈ" (ਪੰ: ੩੮੦)

"ਮਨਮੁਖ ਜਨਮੁ ਬਿਰਥਾ ਗਇਆ, ਕਿਆ ਮੁਹੁ ਦੇਸੀ ਜਾਇ" (ਪੰ: ੩੫)

"ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ" (ਪੰ: ੬੯)

"ਮਨਮੁਖ ਕਰਮ ਕਰੇ ਨਹੀ ਪਾਏ, ਬਿਨੁ ਨਾਵੈ ਜਨਮੁ ਗਵਾਵਣਿਆ" (੧੧੪॥

"ਮਨਮੁਖ ਜਨਮੁ ਗਇਆ ਹੈ ਬਿਰਥਾ, ਅੰਤਿ ਗਇਆ ਪਛੁਤਾਵਣਿਆ" (ਪੰ: ੧੨੭)

"ਮਾਨਸ ਜਨਮੁ ਅਮੋਲਕੁ ਪਾਇਓ, ਬਿਰਥਾ ਕਾਹਿ ਗਵਾਵਉ" (ਪੰ: ੨੧੯)

"ਨਾ ਮਰਜਾਦੁ ਆਇਆ ਕਲਿ ਭੀਤਰਿ, ਬਾਹੁੜਿ ਜਾਸੀ ਨਾਗਾ" (ਪੰ: ੧੨੩੮)

"ਇਹੁ ਮਾਣਸ ਜਨਮੁ ਦੁਲੰਭੁ ਹੈ, ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ, ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏ" (ਪੰ: ੪੫੦)

"ਰਤਨ ਜਨਮੁ ਹਾਰੰਤ ਜੂਐ …" (ਪੰ: ੭੦੫)

"ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" (ਪੰ: ੮੭੦) ਆਦਿ

ਬਾਕੀ ਤਾਂ ਅਕਾਲਪੁਰਖ ਹੀ ਜਾਣਦਾ ਹੈ ਕਿ ਅਜਿਹੇ ਸੱਜਣ ਪਤਾ ਨਹੀਂ ਕਿਉਂ? ਜਾਣੇ ਜਾਂ ਅਣਜਾਣੇ, ਉਸ ਸਫ਼ਲ ਮਨੁੱਖਾ ਜਨਮ ਦਾ ਹੀ ਦੂਜਾ ਪੱਖ, ਬਿਰਥਾ ਮਨੁੱਖਾ ਜਨਮ:-

"ਰਤਨ ਜਨਮੁ ਹਾਰੰਤ ਜੂਐ …" (ਪੰ: ੭੦੫) ". ਬਿਰਥਾ ਕਾਹਿ ਗਵਾਵਉ" (ਪੰ: ੨੧੯) "ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ" (ਅੰ: ੯੫) ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ (ਪੰ: ੧੨੭) ਆਦਿ ਵਾਲੇ ਮਨੁੱਖਾ ਜਨਮ ਦੇ ਹੀ ਦੂਜੇ ਵਿਰੋਧੀ, ਬਿਰਥਾ ਤੇ ਅਜ਼ਾਈਂ ਜਨਮ ਵਾਲੇ ਪੱਖ ਨੂੰ ਛੂਹੰਦੇ ਤੀਕ ਵੀ ਨਹੀਂ ਤਾਂ ਕਿਉਂ?

ਜਦਕਿ ਗੁਰਬਾਣੀ `ਚ "ਅਜ਼ਾਈ ਮਨੁੱਖਾ ਜਨਮ ਵਾਲੀ ਗੱਲ" ਅਤੇ "ਗੁਰਬਾਣੀ ਆਧਾਰਤ ਅਜ਼ਾਈਂ ਤੇ ਬਿਰਥਾ ਮਨੁੱਖਾ ਜਨਮ ਦੇ ਨਤੀਜਿਆਂ ਦੀ ਗੱਲ ਵੀ ਹਰ ਪੱਖੋਂ ਖੁੱਲ ਕੇ ਕੀਤੀ ਹੋਈ ਹੈ।

ਫ਼ਿਰ ਇਤਨਾ ਹੀ ਨਹੀਂ ਗੁਰਬਾਣੀ ਕਦੇ ਅਤੇ ਕਿਧਰੇ ਵੀ ਇੱਕ ਪੱਖੀ ਨਹੀਂ ਬਲਕਿ ਸਰਬ ਪੱਖੀ ਹੈ ਅਤੇ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੇ ਸਫ਼ਲ ਅਤੇ ਅਸਫ਼ਲ ਦੋਵੇਂ ਪੱਖ ਹਨ ਜਿਵੇਂ:-

"ਗੁਰਮੁਖਿ ਲਾਹਾ ਲੈ ਗਏ, ਮਨਮੁਖ ਚਲੇ ਮੂਲੁ ਗਵਾਇ ਜੀਉ" (ਅੰ: ੭੪) ਹੋਰ

"ਗੁਰਮੁਖਿ ਲਾਧਾ, ਮਨਮੁਖਿ ਗਵਾਇਆ" (ਪ: ੧੧) ਪੁਨਾ:

"ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ" (ਪੰ: ੯੭) ਆਦਿ

ਹੋਰ ਤਾਂ ਹੌਰ, ਗੁਰਬਾਣੀ ਅਨੁਸਾਰ ਹੀ ਸਫ਼ਲ ਤੇ ਸਚਿਆਰੇ ਮਨੁੱਖਾ ਜਨਮ ਨੂੰ ਹਾਸਲ ਕਰਣ ਵਾਲੇ ਵਡਭਾਗੀ ਵਿਰਲੇ ਹੁੰਦੇ ਹਨ, ਉਹ ਸਾਰੇ ਜਾਂ ਵੱਡੀ ਗਿਣਤੀ `ਚ ਨਹੀਂ ਹੁੰਦੇ ਜਿਵੇਂ:-

"ਮਨ ਰੇ ਅਹਿਨਿਸਿ ਹਰਿ ਗੁਣ ਸਾਰਿ॥ ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ" (ਪੰ: ੨੧) ਹੋਰ

"ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ॥ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ॥ ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ" (ਪੰ: ੮੨) ਪੁਨਾ:

"ਅਨਦਿਨੁ ਭਗਤਿ ਗੁਰ ਸਬਦੀ ਹੋਇ॥ ਗੁਰਮਤਿ ਵਿਰਲਾ ਬੂਝੈ ਕੋਇ॥ ਨਾਨਕ ਨਾਮਿ ਸਮਾਵੈ ਸੋਇ" (ਪੰ: ੧੬੧) ਅਦਿ,

ਜਦਕਿ ਦੂਜੇ ਪਾਸੇ ਪ੍ਰਾਪਤ ਮਨੁੱਖਾ ਜਨਮ ਨੂੰ "ਬਿਰਥਾ ਕਰਣ" ਤੇ "ਅਜ਼ਾਈ ਗਵਾਉਣ" ਵਾਲੇ:-

"ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ" (ਪੰ: ੪੬੪)

"ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ" (ਪੰ: ੪੬੮)

"ਅੰਤਰਿ ਬਾਹਰਿ ਰਵਿ ਰਹਿਆ, ਤਿਸ ਨੋ ਜਾਣੈ ਦੂਰਿ॥ ਤ੍ਰਿਸਨਾ ਲਾਗੀ ਰਚਿ ਰਹਿਆ, ਅੰਤਰਿ ਹਉਮੈ ਕੂਰਿ॥ ਭਗਤੀ ਨਾਮ ਵਿਹੂਣਿਆ, ਆਵਹਿ ਵੰਞਹਿ ਪੂਰ" (ਪੰ: ੪੭) ਆਦਿ

ਇਸ ਸਾਰੇ ਦੇ ਬਾਵਜੂਦ ਉਹ ਸੱਜਣ ਧੰਨਤਾ ਦੇ ਯੋਗ ਹਨ, ਜਿਹੜੇ ਇਸ ਪੱਖੌ ਅੱਜ ਵੀ ਅਡਿੱਗ ਅਤੇ ਸਪਸ਼ਟ ਹਨ, ਜਿਹੜੇ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਹੀ ਪੂਰਣ ਤੇ "ਇਕੋ-ਇਕ" ਸਤਿਗੁਰੂ ਮੰਣਦੇ ਹਨ ਅਤੇ ਉਨ੍ਹਾਂ `ਤੇ ਅੱਜ ਵੀ "ਕਹੁ ਨਾਨਕ ਮੇਰਾ ਸਤਿਗੁਰੁ ਪੂਰਾ, ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ" (ਪੰ: ੮੨੭) ਵਾਲੇ ਵਿਸ਼ਵਾਸ ਵਾਲੀ ਗੱਲ ਹੀ ਪੂਰੀ ਉਤਰਦੀ ਹੈ।

(੪) ਅੰਤ `ਚ ਇਸ ਲੜੀ ਵਿਚਲੇ ਉਨ੍ਹਾਂ ਸੱਜਣਾ ਨੂੰ ਵੀ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਜਿਹੜੇ ਸਰੂਪ ਪੱਖੋਂ ਤਾਂ ਸਿੱਖ ਹੀ ਹਨ, ਅਖਵਾਉਂਦੇ ਵੀ ਸਿੱਖ ਹਨ, ਆਪਣੇ ਆਪ ਨੂੰ ਜਨ-ਗਨਣਾ ਵੇਲੇ ਵੀ ਸਿੱਖ ਹੀ ਲਿਖਵਾਉਂਦੇ ਹਨ। ਉਂਜ ਉਨ੍ਹਾਂ ਸਾਹਮਣੇ ਵਿਸ਼ਾ ਭਾਵੇਂ "ਕਬਰਾਂ `ਤੇ ਦੀਵੇ ਬਾਲਣ ਦਾ ਹੋਵੇ" ਜਾਂ ਗੁਰਮੱਤ ਵਿਰੋਧੀ ਕੋਈ ਵੀ ਅਜਿਹਾ ਕਰਮ, ਉਹ ਹਰੇਕ ਪਾਸੇ ਨਜ਼ਰ ਆਉਂਦੇ ਹਨ।

ਪਰ ਇਸ `ਚ ਵੀ ਬਹੁਤਾ ਕਸੂਰ ਤੇ ਦੋਸ਼ ਉਂਨ੍ਹਾਂ ਦਾ ਨਹੀਂ, ਉਥੇ ਵੀ ਜੇ ਕਸੂਰ ਹੈ ਤਾਂ ਸਦੀਆਂ ਤੋਂ ਪੰਥਕ ਤਲ `ਤੇ ਲਗਾਤਰ ਵਿਗਾੜੇ ਅਤੇ ਵਿਗੜਦੇ ਜਾ ਰਹੇ ਗੁਰਮੱਤ ਪ੍ਰਚਾਰ ਅਤੇ ੳਸ `ਚ ਗੁਰਮੱਤ ਰਹਿਣੀ ਦੇ ਘਾਟੇ ਦਾ। ਜਦਕਿ ਇਹ ਵੀ ਕਿ ਅੱਜ ਅਜਿਹੇ ਸਿੱਖਾਂ ਦੀ ਗਿਣਤੀ ਵੀ ਘੱਟ ਨਹੀਂ। ਤਾਂ ਤੇ:-

"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ॥ ਸਤਿਗੁਰ ਕੈ ਭਾਣੈ ਭੀ ਚਲਹਿ, ਤਾ ਦਰਗਹ ਪਾਵਹਿ ਮਾਣੁ" (ਪੰ: ੬੪੬)

ਗੁਰਬਾਣੀ ਫ਼ੁਰਮਾਨ ਅਨੁਸਾਰ ਅੱਜ ਲੋੜ ਹੈ ਤਾਂ "ਇਕੋ ਇੱਕ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਆ ਕੇ, ਟਕਸਾਲੀ ਗੁਰਮੱਤ ਪ੍ਰਚਾਰ ਰਾਹੀਂ ਸਮੂਚੇ ਪੰਥਕ ਹਾਲਾਤ ਨੂੰ ਸੰਭਾਲਣ ਦੀ, ਨਾ ਕਿ ਇੱਕ ਇੱਕ ਕਰਕੇ ਸਭ ਨੂੰ ਧੱਕਣ ਜਾ ਕਿਸੇ ਨੂੰ ਦੋਸ਼ ਦੇਣ ਦੀ।

ਇਸ ਸਾਰੇ ਦੇ ਬਾਵਜੂਦ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ, ਕਿ ਜਲਦੀ ਹੋਵੇ ਜਾਂ ਦੇਰ, ਇਹ ਤਾਂ ਅਕਾਲਪੁਰਖ ਹੀ ਜਾਣਦਾ ਹੈ ਕਿ ਅਜਿਹਾ ਕਦੋਂ ਹੋਵੇਗਾ ਪਰ "ਹਜ਼ਾਰ ਤਨੀਆਂ ਇਕੋ ਗੰਢ" ਅਨੁਸਾਰ ਜਦੋਂ "ਗੁਰੂ ਕਾ ਇਹ ਲਾਡਲਾ ਪੰਥ" ਇਧਰ ਓਧਰ ਦੀ ਸਮੂਚੀ ਝਾਕ ਛੱਡ ਕੇ ਬੜੀ ਸਿਦਕ-ਦਿਲੀ ਤੇ ਇਮਾਨਦਾਰੀ ਨਾਲ ਸਿੱਖ ਧਰਮ ਦੇ ਪੰਜਵੇ ਕਕਾਰ ਕੜੇ ਦੀ ਗੋਲਾਈ ਵਾਂਙ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਆ ਜਾਵੇਗਾ। ਯਕੀਨਣ ਓਦੋਂ ਘਟੋ-ਘਟ ੯੦% ਤੋਂ ਉਪਰ ਅਜੋਕੇ ਪੰਥਕ ਧਾਰਮਿਕ ਮਸਲੇ ਅਤੇ ਅਜੋਕਾ ਪੰਥਕ ਬਿਖਰਾਵ ਆਪਣੇ ਆਪ ਸਮੇਟਿਆ ਜਾਵੇਗਾ।

ਇਸ ਤੋਂ ਬਾੳਦ ਹੁਣ ਵੱਧਦੇ ਹਾਂ ਉਸ ਲੜੀ ਵੱਲ, ਇਹ ਸਮਝਣ ਲਈ ਕਿ ਆਖ਼ਿਰ ਪੰਥ `ਚ ਅਜਿਹਾ ਨਿਘਾਰ ਆਇਆ ਕਿਸ ਤਰ੍ਹਾਂ, ਇਸ ਦਾ ਅਰੰਭ ਕਦੋਂ ਹੋਇਆ ਅਤੇ ਇਸ ਦੇ ਪੜਾਅ ਕਿੱਥੇ ਕਿੱਥੇ ਤੇ ਕਿਹੜੇ ਕਿਹੜੇ ਹਨ। (ਚਲਦਾ) #418P-XVs06.16.02.16#p15v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XIV

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਪੰਦ੍ਰਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.