.

ਬਲ-ਧੁਨੀ (ਅੱਧਕ) ਦਾ ਸੰਖੇਪ ਇਤਿਹਾਸ
ਹਰਜਿੰਦਰ ਸਿੰਘ ‘ਘੜਸਾਣਾ’

ਲਗਾਖਰ ਵਿੱਚੋਂ ਬਲ-ਧੁਨੀ (ਅੱਧਕ) ਦੀ ਮਹਤੱਤਾ ਵੀ ਪੰਜਾਬੀ ਵਿੱਚ ਵਧੇਰੇ ਕਰਕੇ ਹੈ। ਗੁਰਬਾਣੀ-ਪਾਠ ਕਰਦੇ ਸਮੇਂ ਬਹੁਤਾਤ ਵਿੱਚ ਐਸੇ ਲਫਜ਼ ਨਜ਼ਰੀਂ ਪੈਂਦੇ ਹਨ , ਜੋ ਬਲ-ਧੁਨੀ ਦੇ ਪ੍ਰਯੋਗ਼ ਦੀ ਮੰਗ ਕਰਦੇ ਹਨ। ਚੂੰਕਿ, ਐਸਾ ਨਾ ਕੀਤਿਆਂ ਲਫ਼ਜ਼ ਦਾ ਸ਼ੁੱਧ ਅਰਥ ਸਪਸ਼ਟ ਨਹੀਂ ਹੁੰਦਾ। ਐਪਰ, ਗੁਰਬਾਣੀ ਵਿੱਚ ਬਲ-ਧੁਨੀ ਦੀ ਅਣਹੋਂਦ ਹੋਣ ਕਾਰਣ ਕੁੱਝ ਸਜੱਨ ਇਸ ਪ੍ਰਤੀ ਅਪਵਾਦ ਰਖਦੇ ਹਨ ਕਿ, ‘ਜਦੋਂ ਬਲ-ਧੁਨੀ ਦਾ ਚਿੰਨ੍ਹ ਗੁਰਬਾਣੀ ਵਿੱਚ ਵਰਤਿਆ ਹੀ ਨਹੀਂ ਗਿਆ ਤਾਂ, ਉਚਾਰਣ ਸਮੇਂ ਇਸ ਦਾ ਪ੍ਰਯੋਗ ਭੀ ਨਹੀਂ ਕਰਨਾ ਚਾਹੀਦਾ’। ਉਪਰੋਕਤ ਲੇਖ ਵਿੱਚ ਅਸਾਂ ਇਹ ਵੀਚਾਰਨ ਦਾ ਯਤਨ ਕਰਾਂਗੇ ਕਿ, ਪੁਰਾਤਨ ਕਾਲ (ਗੁਰੂ-ਕਾਲ) ਵਿੱਚ ਪੰਜਾਬੀ ਭਾਖਾ ਅੰਦਰ ਕਿਸੇ ਲਫ਼ਜ਼ ਦੇ ਅੱਖਰ ਨੂੰ ਬਲ-ਧੁਨੀ ਸਹਿਤ ਉਚਾਰੇ ਜਾਣ ਦੀ ਪ੍ਰਥਾ ਅਵੱਸ਼ ਸੀ।
(ਉ) ਪੰਜਾਬੀ ਤੋਂ ਪਹਿਲਾਂ ਬਲ-ਧੁਨੀ ਦੀ ਹੋਂਦ -:
ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਜੇਕਰ ਅਸੀਂ ‘ਪਾਲੀ’ ਭਾਖਾ ਨੂੰ ਪੜਚੋਲਦੇ ਹਾਂ ਤਾਂ ਬਲ-ਧੁਨੀ ਦੇ ਪ੍ਰਯੋਗ ਦੀ ਵਰਤੋਂ ਬਾਬਤ ਇਲਮ ਹੁੰਦਾ ਹੈ।‘ਪ੍ਰਾਕ੍ਰਿਤ’ ਦਾ ਸਭ ਤੋਂ ਪੁਰਾਣਾ ਰੂਪ ‘ਪਾਲੀ’ ਹੈ।ਬੌਧ ਦੇ ਧਰਮ-ਗ੍ਰੰਥ ਅਤੇ ਮਹਾਰਾਜਾ ਅਸ਼ੋਕ ਦੇ ਸ਼ਿਲਾਲੇਖ ਉਕਤ ਭਾਖਾ ਵਿੱਚ ਹੀ ਲਿਖੇ ਗਏ ਹਨ।ਮਹਾਤਮਾ ਬੁੱਧ ਨੇ ਇਸੇ ਬੋਲੀ ਵਿੱਚ ਆਪਣੇ ਧਰਮ ਦਾ ਪ੍ਰਚਾਰ ਕੀਤਾ ਸੀ। ਇਹ ਕਹਿਣ ਵਿੱਚ ਕੋਈ ਦੋ ਰਾਵਾਂ ਨਹੀਂ ਕਿ, ਪਾਲੀ ਹੀ ਪ੍ਰਾਚੀਨ ਪ੍ਰਾਕ੍ਰਿਤ ਹੈ। ਸੋ, ਉਕਤ ਭਾਖਾ ਵਿੱਚ ਜੇਕਰ ਅਜੋਕੇ ਕਿਸੇ ਲਫ਼ਜ਼ ਦਾ ਉਚਾਰਣ ਵੇਖਿਆ ਜਾਏ ਤਾਂ ਬਿਲਕੁਲ ਅਜੋਕੇ ਉਚਾਰਣ ਨਾਲ ਮੇਲ ਖਾਂਦਾ ਸੀ, ਜਿਵੇਂ : ਸੰਸਕ੍ਰਿਤ ਦੇ
‘सप्त’,’धर्म’,’हस्त’ ਆਦਿ ਲਫ਼ਜ਼ਾਂ ਦਾ ਉਚਾਰਨ ਕ੍ਰਮ ਅਨੁਸਾਰ ‘ਸੱਤ,ਧੱਮ (धम्म), ਹੱਥ’ ਸੀ। ਚੂੰਕਿ, ਪਾਲੀ ਵਿੱਚ ਅੰਤਿਮ ਇਕੱਠੇ ਉਚਾਰਣ ਵਾਲੇ ਵਿਅੰਜਨਾਂ ਵਿੱਚੋਂ ਪਹਿਲਾ ਵਿਅੰਜਨ ਲੋਪ ਹੋ ਗਿਆ ਅਤੇ ਉਸ ਥਾਵੇਂ ਦੂਜੇ ਵਿਅੰਜਨ ਦਾ ਉਚਾਰਣ ਦੂਹਰਾ ਹੋ ਕੇ ਸੰਜੁਗਤ ਰੂਪ ਬਣ ਗਿਆ। ਸੋ, ਕਹਿਣ ਤੋਂ ਮੁਰਾਦ ਕੇ ਪਾਲੀ ਵਿੱਚ ਸ਼ਬਦਾਂ ਉਪਰ ਬਲ-ਧੁਨੀ ਦਾ ਪ੍ਰਯੋਗ ਹੁੰਦਾ ਸੀ। ਇਸ ਪਿਛੋਂ ‘ਪ੍ਰਾਕ੍ਰਿਤਾਂ’ ਵਿੱਚ ਬਲ-ਧੁਨੀ ਦਾ ਪ੍ਰਯੋਗ ਕਾਇਮ ਰਿਹਾ।ਉਦਾਹਰਣ ਵਜੋਂ, ‘ਪ੍ਰਾਕ੍ਰਿਤ’ ਵਿੱਚ ਨਾਂਵ ਪੁਲਿੰਗ,ਕਰਤਾ ਕਾਰਕ ਇਕਵਚਨ ਦਾ ਰੂਪ ‘ਸੱਤੋ, ਧੰਮੋ, ਹੱਥੋ’ ਸੀ। ਇਸ ਪਿਛੋਂ ਤਕਰੀਬਨ ਈਸਵੀ ਸੰਨ ਦੇ ਅਰੰਭ ਕਾਲ ਸਮੇਂ, ਅੰਤਮ ‘ਓ’ ਦਾ ਉਚਾਰਣ ਸੰਖੇਪ ਅਤੇ ਛੋਟਾ ਹੋਣ ਲੱਗ ਪਿਆ।ਅੰਤ ਨੂੰ ‘ਸੱਤੁ, ਧੰਮੁ, ਹੱਥੁ’ ਰੂਪ ਹੋ ਗਿਆ। ਇਸ ਸਾਰੀ ਵੀਚਾਰ ਵਿੱਚ ਇਸ ਸਿੱਧ ਹੁੰਦਾ ਹੈ ਕਿ ਅੱਜ ਤੋਂ ਢਾਈ ਹਜ਼ਾਰ ਪਹਿਲਾਂ ਵੀ ਅੱਧਕ (ਬਲ-ਧੁਨੀ) ਦਾ ਉਚਾਰਣ ਕੀਤਾ ਜਾਂਦਾ ਸੀ।
(ਅ) ਦੇਵਨਾਗਰੀ,ਬ੍ਰਹਮੀ ਆਦਿ ਲਿੱਪੀਆਂ ਵਿੱਚ ਬਲ-ਧੁਨੀ ਦਾ ਤਰੀਕਾ-:

‘ਦੇਵਨਾਗਰੀ’ ਜਾਂ ‘ਬ੍ਰਹਮੀ’ ਲਿੱਪੀ ਵਿੱਚ ਭੀ ਬਲ-ਧੁਨੀ ਦਾ ਪ੍ਰਯੋਗ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ਉਪਰੋਕਤ ਲਿੱਪੀਆਂ ਵਿੱਚ ਜਦੋਂ ਕਿਸੇ ਸ਼ਬਦ ‘ਤੇ ਬਲ-ਧੁਨੀ ਦਾ ਪ੍ਰਯੋਗ ਕਰਨਾ ਹੁੰਦਾ ਹੈ ਤਾਂ ਉਸ ਨੂੰ ‘ਦੁੱਤ’ ਕਰ ਦਿੱਤਾ ਜਾਂਦਾ ਹੈ। ‘ਦੁੱਤ’ ਦਾ ਭਾਵ, ਸਮੀਕਰਨ ਦੇ ਨੇਮ ਅਨੁਸਾਰ ਅੰਤਮ ਵਿਅੰਜਨ ਨੂੰ ਦੁਹਰਾ ਕਰ ਕੇ ਲਿਖ ਦਿੱਤਾ ਜਾਂਦਾ ਹੈ। ਜਿਵੇਂ ‘ਦਿੱਲੀ’ ਨੂੰ ‘दिल्ली’ ਲਿਖੀਦਾ ਹੈ। ਸੋ, ਕਹਿਣ ਤੋਂ ਭਾਵ ‘ਬਲ-ਧੁਨੀ’ ਦਾ ਪ੍ਰਯੋਗ਼ ਬਹੁਤ ਪੁਰਾਣੇ ਸਮੇਂ ਚੱਲਿਆ ਰਿਹਾ ਹੈ।
(ੲ) ਗੁਰਬਾਣੀ ਵਿੱਚ ਬਲ-ਧੁਨੀ ਚਿੰਨ੍ਹ ਦਾ ਅਭਾਵ -:
ਸੁਆਲ ਪੈਦਾ ਹੁੰਦਾ ਹੈ ਕਿ, ਗੁਰਬਾਣੀ ਵਿੱਚ ਅੱਧਕ (ਬਲ-ਧੁਨੀ) ਦਾ ਚਿੰਨ੍ਹ ਕਿਉਂ ਨਹੀਂ ਲੱਗਾ ? ਜਵਾਬ ਇਹ ਹੈ ਕਿ ਗੁਰੂ-ਕਾਲ ਸਮੇਂ ਜਾਂ ਇਸ ਤੋਂ ਪਹਿਲਾਂ ਪੁਰਾਤਨ ਪੰਜਾਬੀ ਵਿੱਚ ਬਲ-ਧੁਨੀ ਨੂੰ ਪ੍ਰਗਟਾਉਣ ਲਈ ਵੱਖਰੇ ਤੌਰ ‘ਤੇ ਕੋਈ ਚਿੰਨ੍ਹ ਈਜਾਦ ਨਹੀਂ ਸੀ ਹੋਇਆ। ਉਂਜ, ਪੁਰਾਤਨ ਪੰਜਾਬੀ ਵਿੱਚ ਉਚਾਰਣ ਦੇ ਭਾਗ ਵਜੋਂ ਬਲ-ਧੁਨੀ ਸ਼ਾਮਿਲ ਸੀ। ਇਸ ਕਰਕੇ ਸਮੱਗਰ ਗੁਰਬਾਣੀ ਵਿੱਚ ਅਜੋਕਾ ਬਲ-ਧੁਨੀ ਚਿੰਨ੍ਹ ਵਰਤਿਆ ਨਹੀਂ ਗਿਆ।ਗੁਰਬਾਣੀ ਗਹੁ ਨਾਲ ਵਾਚਿਆਂ ਇਹ ਭੀ ਸਪਸ਼ਟ ਹੁੰਦਾ ਹੈ ਕਿ, ਕੁੱਝ ‘ਕੁ ਲਫ਼ਜ਼ ਜੋ ਬਲ-ਧੁਨੀ ਦਾ ਪ੍ਰਯੋਗ ਮੰਗਦੇ ਹਨ, ਉਹਨਾਂ ਨੂੰ ਦੇਵਨਾਗਰੀ, ਬ੍ਰਹਮੀ, ਨਾਗਰੀ ਆਦਿ ਲਿੱਪੀਆਂ ਵਾਲੇ ਤਰੀਕੇ ਅਨੁਸਾਰ ਦੁੱਤ ਕੀਤਾ ਹੋਇਆ ਹੈ।ਇੱਥੋਂ ਉਕਤ ਗੱਲ ਭੀ ਸਿੱਧ ਹੋ ਜਾਂਦੀ ਹੈ ਕਿ, ਗੁਰੂ ਕਾਲ ਵਿੱਚ ਬਲ-ਧੁਨੀ ਦਾ ਉਚਾਰਣ ਤਾਂ ਪ੍ਰਚਲਤ ਸੀ, ਐਪਰ ਇਸ ਨੂੰ ਪ੍ਰਗਟ ਕਰਨ ਲਈ ਕੋਈ ਚਿੰਨ੍ਹ ਪੈਦਾ ਨਹੀਂ ਸੀ ਹੋਇਆ।
(ਸ) ਬਲ-ਧੁਨੀ ਚਿੰਨ੍ਹ ਪੰਜਾਬੀ ਵਿੱਚ ਕਦੋਂ ਈਜਾਦ ਹੋਇਆ :
ਖ਼ੋਜ ਕੀਤਿਆਂ ਪਤਾ ਲਗਦਾ ਹੈ ਕਿ ਬਲ-ਧੁਨੀ ਦਾ ਚਿੰਨ੍ਹ ਲਗਭਗ 1800 ਈਸਵੀ ਤੋਂ ਮਗਰੋਂ ਹੀ ਪ੍ਰਗਟ ਹੋਇਆ ਹੈ। ਸੰਨ 1854-55 ਵਿੱਚ ਪ੍ਰਕਾਸ਼ਿਤ ਹੋਏ ‘ਪੰਜਾਬੀ-ਅੰਗਰੇਜੀ ਕੋਸ਼’ ਵਿੱਚ (ਉਕਤ ਕੋਸ਼ ਅੰਗ੍ਰੇਜ ਮਿਸ਼ਨਰੀਆਂ ਵੱਲੋਂ ਛਾਪਿਆ ਗਿਆ ਸੀ, ਦਾਸ ਪਾਸ ਮੌਜੂਦ ਹੈ) ਬਲ-ਧੁਨੀ ਚਿੰਨ੍ਹ ਦੀ ਥਾਂ ਇੱਕ ਸਿੱਧੀ ਲਕੀਰ (-) ਵਰਤੀ ਹੈ। ਇਸ ਤੋਂ ਬਾਅਦ ਦੀਆਂ ਲਿਖਤਾਂ ਵਿੱਚ ਬਲ-ਧੁਨੀ ਦਾ ਅਜੋਕਾ ਚਿੰਨ੍ਹ ਵਰਤਿਆ ਮਿਲਦਾ ਹੈ।1800 ਈ.ਤੋਂ ਪਹਿਲਾਂ ਇਹ ਚਿੰਨ੍ਹ ਕਿਸੇ ਭੀ ਲਿਖਤ ਵਿੱਚ ਨਹੀਂ ਵਰਤਿਆ ਮਿਲਦਾ। ‘ਸ਼ਰਧਾ ਰਾਮ ਫਿਲੌਰੀ’ ਦੀਆਂ ਲਿਖਤਾਂ ਜੋ 1865 ਈਸਵੀ ਦੀਆਂ ਹਨ ਵਿੱਚ ਬਲ-ਧੁਨੀ ਦੇ ਚਿੰਨ੍ਹ ਦਾ ਪ੍ਰਯੋਗ਼ ਮਿਲਦਾ ਹੈ। ਸੋ, 1800 ਈ. ਵਿੱਚ ਇਹ ਚਿੰਨ੍ਹ ਇੱਕ ਸਿੱਧੀ ਲਕੀਰ ਤੋਂ ਅਗਾਂਹ 1860-65 ਈ. ਦਰਮਿਆਨ ਪੂਰਨ ਰੂਪ ਵਿੱਚ ਚਿੰਨ੍ਹ ਪ੍ਰਗਟ ਹੋਇਆ ਜਾਪਦਾ ਹੈ।
(ਹ) ਬਲ-ਧੁਨੀ ਚਿੰਨ੍ਹ ਦਾ ਕਿਸੇ ਲਫ਼ਜ਼ ਉਪਰ ਲਾਉਣ ਦਾ ਦਰੁਸੱਤ ਸਥਾਨ :
ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਜਿਸ ਲਫ਼ਜ਼ ਨੂੰ ਬਲ ਸਹਿਤ ਕਰਨਾ ਹੋਵੇ ਤਾਂ ਲਕੀਰ ਉਤੇ ਅੱਧਕ ਲਾਈ ਜਾਂਦੀ ਹੈ। ਅਜੋਕੀ ਲਿਖਤ ਵਿੱਚ ਇਹ ਚਿੰਨ੍ਹ ਦੀ ਵਰਤੋਂ ਬਾਬਤ ਨਾਵਾਕਫ਼ੀ ਹੋਣ ਕਾਰਣ ਦਰੁਸੱਤ ਥਾਂ ਚਿੰਨ੍ਹ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਬਲ-ਧੁਨੀ ਦਾ ਚਿੰਨ੍ਹ ਸੱਜੇ ਪਾਸੇ ਵਾਲੇ ਅੱਖਰ ‘ਤੇ ਬਲ ਦੇਣ ਲਈ ਲਾਇਆ ਜਾਂਦਾ ਹੈ,ਐਪਰ ਅਜਿਹਾ ਕਰਨ ਲੱਗਿਆ ਦਬਾਅ ਦਾ ਕੁੱਝ ਅਸਰ ਖੱਬੇ ਪਾਸੇ ਵਾਲੇ ਅੱਖਰ ਉੱਤੇ ਵੀ ਅਵੱਸ਼ ਪੈਂਦਾ ਹੈ। ਇਸ ਕਰਕੇ ਹੀ ਭਾਸ਼ਾ-ਵਿਗਿਆਨ ਅਨੁਸਾਰ ਇਹ ਚਿੰਨ੍ਹ ਦੋਹਾਂ ਅੱਖਰਾਂ ਦੇ ਵਿਚਕਾਰ ਲਾਉਣਾ ਚਾਹੀਦਾ ਹੈ
(ਕ) ਅੱਧਕ-ਚਿੰਨ੍ਹ ਨੂੰ ‘ਦੁੱਤ’ ਧੁਨੀ ਜਾਂ ‘ਬਲ-ਧੁਨੀ’ ਆਖਣਾ ਚਾਹੀਦਾ ਹੈ :
19 ਵੀਂ ਸਦੀ ਦੀਆਂ ਪੰਜਾਬੀ ਵਿਆਕਰਣਾ ਵਿੱਚ ਇਸ ਚਿੰਨ੍ਹ ਦੀ ਆਵਾਜ਼ ਨੂੰ ਦੁੱਤ-ਧੁਨੀ ਆਖਿਆ ਗਿਆ ਹੈ।ਦੁੱਤ-ਧੁਨੀ ਵਿਅੰਜਨ ਅੱਖਰਾਂ ਦੇ ਸਮੀਕਰਨ ਨੂੰ ਕਿਹਾ ਜਾਂਦਾ ਹੈ, ਇਸ ਕਰਕੇ ‘ਬਲ-ਧੁਨੀ’ ਕਹਿਣਾ ਹੀ ਸਾਰਥਿਕ ਹੈ।
ਸਾਰ :
ਉਪਰੋਕਤ ਸਾਂਝੀ ਕੀਤੀ ਵਿਚਾਰ ਦਾ ਸਾਰ-ਸਿੱਟਾ ਇਹ ਹੈ ਕਿ, ਬਲ-ਧੁਨੀ ਦਾ ਉਚਾਰਣ ਗੁਰੂ ਕਾਲ ਵੇਲੇ ਅਵੱਸ਼ ਕੀਤਾ ਜਾਂਦਾ ਸੀ, ਐਪਰ ਕੋਈ ਚਿੰਨ੍ਹ ਈਜਾਦ ਨਾ ਹੋਣ ਕਰਕੇ ਗੁਰਬਾਣੀ ਵਿੱਚ ਅਣਹੋਂਦ ਹੈ। ਸੋ, ਗੁਰਬਾਣੀ ਪਠਨ-ਪਾਠ ਕਰਦੇ ਸਮੇਂ ਲੋੜੀਂਦੇ ਲਫ਼ਜ਼ ‘ਤੇ ਬਲ-ਧੁਨੀ ਦਾ ਪ੍ਰਯੋਗ਼ ਕਰਨਾ ਜ਼ਰੂਰੀ ਹੈ। ਇਸ ਵਿੱਚ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਚੂੰਕਿ, ਲਫ਼ਜ਼ ਉਪਰ ਬਲ-ਧੁਨੀ ਦਾ ਪ੍ਰਯੋਗ਼ ਬਗ਼ੈਰ ਅਰਥਾਂ ਦੀ ਸਪਸ਼ਟਤਾ ਨਹੀਂ ਹੋ ਸਕਦੀ, ਜਿਵੇਂ ਉਦਾਹਰਣ ਦੇ ਤੌਰ ‘ਤੇ ਕੁੱਝ ਵੰਨਗੀ -:
ਬਲ-ਧੁਨੀ ਰਹਿਤ ਬਲ-ਧੁਨੀ ਸਹਿਤ
ਫਰਕੁ- (ਅੰਤਰ) ਫਰੱਕਿ –(ਫ਼ੌਰਨ)
ਸਰਬਤ-(ਮਿੱਠਾ ਪਾਣੀ) ਸਰਬੱਤ –(ਸਮੂਹ)
ਉਧਰਿ –(ਪਾਰ ਪੈ ਜਾ) ਉਧੱਰਿ –(ਪਾਰ ਕਰ ਦੇ) ਆਦਿ।
ਸੋ, ਗੁਰਬਾਣੀ ਉਚਾਰਣ ਵੇਲੇ ਬਲ-ਧੁਨੀ ਦੀ ਲੋੜੀਂਦੀ ਵਰਤੋਂ ਕਰਨ ਵਿੱਚ ਕੋਈ ਦੋਸ਼ ਨਹੀਂ, ਚੂੰਕਿ, ਇਹ ਪ੍ਰਥਾ ਪੁਰਾਣੀ ਗੁਰੂ ਕਾਲ ਵੇਲੇ ਵੀ ਪ੍ਰਚਲਤ ਸੀ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’

[email protected]




.