.

ਜੋ ਅਨਹੋਨੀ ਹੋਇ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 20)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 19 ਪੜੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ

(ਸਲੋਕ ਮਹਲਾ ੯-੧੪੨੯)

ਵਿਚਾਰ- ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਉਚਾਰਣ ਕੀਤਾ ਗਿਆ ਸਲੋਕ ਨੰ. 51, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 1429 ਉਪਰ ਸੁਭਾਇਮਾਨ ਹੈ। ਇਸ ਪਾਵਨ ਬਚਨ ਨੂੰ ਅਕਸਰ ਹੀ ਕਿਸੇ ਵਿਅਕਤੀ ਦੀ ਸਰੀਰਕ ਮੌਤ ਦੇ ਵਿਸ਼ੇ ਨਾਲ ਜੋੜ ਕੇ ਮੌਤ ਨੂੰ ਅਨਹੋਨੀ ਕਿਹਾ ਜਾਂਦਾ ਹੈ। ਜਦੋਂ ਕਿ ਇਸ ਪੂਰੇ ਸਲੋਕ ਨੂੰ ਜਦੋਂ ਪੜ੍ਹ ਕੇ-ਵਿਚਾਰ ਕੇ ਵੇਖਦੇ ਹਾਂ ਤਾਂ ਇਥੇ ਮੌਤ ਰੂਪੀ ਅਨਹੋਨੀ ਦੀ ਕੋਈ ਵੀ ਗੱਲ ਨਹੀਂ ਹੈ। ਮੌਤ ਤਾਂ ਇੱਕ ਅਟੱਲ ਸਚਾਈ ਹੈ, ਗੁਰਬਾਣੀ ਤਾਂ ਦੱਸਦੀ ਹੈ ਕਿ "ਜੋ ਜਨਮੈ ਸੋ ਜਾਨਹੁ ਮੂਆ" (੩੭੫) ਜਿਸ ਦਾ ਜਨਮ ਹੈ ਉਸਦੀ ਮੌਤ ਹੋ ਜਾਣਾ ਅਟੱਲ ਸਚਾਈ ਹੈ, ਇਸੇ ਤਰਾਂ ਜੋ ਪੈਦਾ ਹੋਇਆ ਹੈ, ਉਸ ਦਾ ਨਾਸ਼ ਹੋਣਾ ਵੀ ਅਵੱਸ਼ ਹੈ, ਕਿਸੇ ਦੇ ਮਰਣ ਨੂੰ ਅਨਹੋਨੀ ਆਖਦੇ ਹੋਏ ਦੁਖੀ ਹੋ ਕੇ ਰੋਣਾ ਵਿਅਰਥ ਹੈ, ਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀ ਅਰਥ, ਜਦੋਂ ਅਸੀਂ ਆਪ ਹੀ ਸਦਾ ਇਥੇ ਟਿਕੇ ਨਹੀਂ ਰਹਿਣਾ, ਸਾਡਾ ਅੰਤ ਵੀ ਇੱਕ ਦਿਨ ਹੋਣਾ ਅਟੱਲ ਹੈ, ਇਸ ਲਈ ਮੌਤ ਨੂੰ ਅਨਹੋਨੀ ਆਖ ਕੇ ਚਿੰਤਾ ਕਰਨੀ ਛੱਡਦੇ ਹੋਏ ਆਪਾ ਸਵਾਰਣ ਲਈ ਪ੍ਰਮੇਸ਼ਰ ਦੇ ਗੁਣ ਗਾਉਣ ਵਾਲਾ ਅਸਲ ਕਾਰਜ ਕਰੀਏ-

- ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ।।

ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ।।

(ਗਉੜੀ ਭਗਤ ਕਬੀਰ ਜੀ- ੩੩੭)

-ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।।

ਨਾਨਕ ਹਰਿ ਗੁਨ ਗਾਇ ਲੈ ਛਾਡਿ ਸਗਲ ਜੰਜਾਲ।। ੫੨।।

(ਸਲੋਕ ਮਹਲਾ ੯-੧੪੨੯)

ਬਹੁਗਿਣਤੀ ਜੀਵ ਆਮ ਤੌਰ ਤੇ ਸੰਸਾਰਕ ਨਾਸ਼ਮਾਨਤਾ ਦੀ ਅਸਲੀਅਤ ਨੂੰ ਨਾ ਸਮਝਦੇ ਹੋਏ ਮੌਤ ਨੂੰ ਅਨਹੋਨੀ ਆਖ ਕੇ ਦੁਖੀ ਹੁੰਦੇ ਹਨ, ਜਦੋਂ ਕਿ ਗੁਰਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ ਹੈ ਕਿ ਹੇ ਜੀਵ! ਤੂੰ ਆਪਣੇ ਆਲੇ-ਦੁਆਲੇ ਘਰ-ਪਰਿਵਾਰ ਅੰਦਰ ਹੀ ਝਾਤੀ ਮਾਰ ਕੇ ਨਿਰਪੱਖਤਾ ਨਾਲ ਵੇਖ ਲੈ, ਇਸ ਸਭ ਕੁੱਝ ਦੀ ਅਸਲੀਅਤ ਤੇਰੇ ਸਾਹਮਣੇ ਆ ਜਾਵੇਗੀ ਤਾਂ ਫਿਰ ਦੁਖੀ ਨਹੀਂ ਹੋਵੇਗਾ ਕਿਉਂਕਿ ਮੌਤ ਕੇਵਲ ਸਾਡੇ ਘਰ ਵਿੱਚ ਹੀ ਨਹੀਂ, ਆਪਣੇ-ਆਪਣੇ ਸਮੇਂ ਤੇ ਹਰੇਕ ਘਰ ਵਿੱਚ ਦਸਤਕ ਦਿੰਦੀ ਆਈ ਹੈ, ਦੇ ਰਹੀ ਹੈ ਅਤੇ ਦਿੰਦੀ ਰਹੇਗੀ -

-ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓਹਿ।।

ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ।। ੭੩।।

-ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।

ਊਚੈ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ।। ੮੧।।

-ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ।।

ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ।। ੯੪।।

(ਸਲੋਕ ਸ਼ੇਖ ਫਰੀਦ ਜੀ-੧੩੮੦-੮੧-੮੪)

ਅਸੀਂ ਮੌਤ ਨੂੰ ਅਨਹੋਨੀ ਸਮਝਦੇ ਹੋਏ ਵਿਅਰਥ ਹੀ ਹੋਰ ਚਿੰਤਾਤੁਰ ਅਵਸਥਾ ਵਿੱਚ ਚਲੇ ਜਾਂਦੇ ਹਾਂ। ਜਦੋਂ ਕਿ ਮਨੁੱਖੀ ਜੀਵਨ ਅੰਦਰ ਤਾਂ ਪਹਿਲਾਂ ਹੀ ਚਿੰਤਾਵਾਂ ਬਹੁਤ ਹਨ, ਜਿਨ੍ਹਾਂ ਦੇ ਸਮਾਧਾਨ ਕਰਦਿਆਂ-ਕਰਦਿਆਂ ਜਿੰਦਗੀ ਖਤਮ ਹੋ ਜਾਂਦੀ ਹੈ। ਚਿੰਤਾ ਦੇ ਵਿਸ਼ੇ ਬਾਰੇ ਗੁਰਬਾਣੀ ਅੰਦਰ ਅਨੇਕਾਂ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਅੰਦਰ ਦਰਸਾਏ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਨਾਲ ਜੀਵਨ ਸੁਖਮਈ ਬਣ ਸਕਦਾ ਹੈ-

ੳ) ਚਿੰਤਤ ਹੀ ਦੀਸੈ ਸਭੁ ਕੋਇ।। ਚੇਤਹਿ ਏਕੁ ਤਹੀ ਸੁਖੁ ਹੋਇ।।

(ਰਾਮਕਲੀ ਦਖਣੀ ਮਹਲਾ ੧- ੯੨੯)

ਅਰਥ- ਜਿਧਰ ਤੱਕੋ ਚੰਚਲਤਾ ਦੇ ਕਾਰਣ ਹਰੇਕ ਜੀਵ ਚਿੰਤਾਤੁਰ ਦਿਸਦਾ ਹੈ। ਪਰ ਜੋ ਮਨੁੱਖ ਇੱਕ ਪ੍ਰਮਾਤਮਾ ਨੂੰ ਸਿਮਰਦੇ ਹਨ, ਉਨ੍ਹਾਂ ਦੇ ਹਿਰਦੇ ਵਿੱਚ ਇਹ ਸੁਖ ਹੁੰਦਾ ਹੈ।

ਅ) ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।।

ਜਲ ਮਹਿ ਜੰਤ ਉਪਾਇਅਨੁ ਤਿਨਾ ਭੀ ਰੋਜੀ ਦੇਇ।।

ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ।।

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ।।

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ।।

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ।।

ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ।।

(ਵਾਰ ਰਾਮਕਲੀ- ਸਲੋਕ ਮਹਲਾ ੨-੯੫੫)

ਅਰਥ- ਹੇ ਨਾਨਕ! ਆਪਣੀ ਰੋਜ਼ੀ ਲਈ ਫਿਕਰ ਚਿੰਤਾ ਨਾਹ ਕਰੋ, ਇਹ ਫਿਕਰ ਉਸ ਪ੍ਰਭੂ ਨੂੰ ਆਪ ਹੀ ਹੈ। ਉਸ ਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਰਿਜ਼ਕ ਦਿੰਦਾ ਹੈ। ਪਾਣੀ ਵਿੱਚ ਨਾਹ ਕੋਈ ਦੁਕਾਨ ਚਲਦੀ ਹੈ, ਨਾਹ ਓਥੇ ਕੋਈ ਵਾਹੀ-ਖੇਤੀ ਕਰਦਾ ਹੈ, ਨਾਹ ਕੋਈ ਉਥੇ ਸਉਦਾ-ਸੂਤ ਹੋ ਰਿਹਾ ਹੈ, ਨਾਹ ਕੋਈ ਲੈਣ-ਦੇਣ ਦਾ ਵਪਾਰ ਹੈ। ਪਰ ਓਥੇ ਇਹ ਖੁਰਾਕ ਬਣਾ ਦਿੱਤੀ ਜਾਂਦੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ। ਸੋ ਜਿਨ੍ਹਾਂ ਨੂੰ ਸਮੁੰਦਰਾਂ ਵਿੱਚ ਉਸ ਨੇ ਪੈਦਾ ਕੀਤਾ ਹੈ, ਉਨ੍ਹਾਂ ਦੀ ਭੀ ਸੰਭਾਲ ਕਰਦਾ ਹੈ। ਹੇ ਨਾਨਕ! ਰੋਜ਼ੀ ਲਈ ਚਿੰਤਾ ਨਾਹ ਕਰੋ, ਉਸ ਪ੍ਰਭੂ ਨੂੰ ਆਪ ਹੀ ਫਿਕਰ ਹੈ।

ੲ) ਨਾ ਕਰਿ ਚਿੰਤ ਚਿੰਤਾ ਹੈ ਕਰਤੇ।। ਹਰਿ ਦੇਵੈ ਜਲਿ ਥਲਿ ਜੰਤਾ ਸਭਤੈ।।

ਅਚਿੰਤ ਦਾਨ ਦੇਇ ਪ੍ਰਭ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ।।

(ਮਾਰੂ ਮਹਲਾ ੪-੧੦੭੦)

ਅਰਥ- ਰੋਜ਼ੀ ਦੀ ਖਾਤਰ ਚਿੰਤਾ-ਫਿਕਰ ਨਾਹ ਕਰ, ਇਹ ਫਿਕਰ ਕਰਤਾਰ ਨੂੰ ਹੈ। ਉਹ ਕਰਤਾਰ ਜਲ ਵਿਚ, ਧਰਤੀ ਵਿੱਚ ਵੱਸਣ ਵਾਲੇ ਸਭ ਜੀਵਾਂ ਨੂੰ ਰਿਜ਼ਕ ਦਿੰਦਾ ਹੈ। ਮੇਰਾ ਪ੍ਰਭੂ ਉਹ ਦਾਤ ਦਿੰਦਾ ਹੈ ਜਿਸ ਦਾ ਸਾਨੂੰ ਚਿਤ ਚੇਤਾ ਵੀ ਨਹੀਂ ਹੁੰਦਾ। ਪੱਥਰਾਂ ਵਿੱਚ ਵਸਣ ਵਾਲੇ ਕੀੜਿਆਂ ਨੂੰ ਭੀ ਰਿਜ਼ਕ ਦਿੰਦਾ ਹੈ।

ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਸੰਦੇਸ਼ ਮਿਲਦਾ ਹੈ ਕਿ ਜੀਵਾਂ ਨੂੰ ਚਿੰਤਾ ਗ੍ਰਸਤ ਹੋ ਕੇ ਜੀਵਨ ਦਾ ਅਨੰਦ ਗਵਾਉਣਾ ਨਹੀਂ ਚਾਹੀਦਾ। ਵਿਸ਼ਾ ਅਧੀਨ ਸਲੋਕ ਨੂੰ ਜਦੋਂ ਅਸੀਂ ਪੂਰਨ ਰੂਪ ਵਿੱਚ ਵਾਚਾਂਗੇ ਤਾਂ ਸਥਿਤੀ ਹੋਰ ਹੀ ਸਾਹਮਣੇ ਆ ਜਾਵੇਗੀ। ਇਥੇ ਕਿਸੇ ਵੀ ਤਰਾਂ ਮੌਤ ਨੂੰ ਅਨਹੋਨੀ ਨਹੀਂ ਆਖਿਆ ਗਿਆ ਸਗੋਂ ਇਥੇ ਤਾਂ ਸਮਝਾਇਆ ਜਾ ਰਿਹਾ ਹੈ ਕਿ ਸੰਸਾਰਕ ਨਾਸ਼ਮਾਨਤਾ ਦੇ ਪੱਖ ਨੂੰ ਸਾਹਮਣੇ ਰੱਖ ਲਿਆ ਜਾਵੇ ਤਾਂ ਸਮਝ ਆਵੇਗੀ ਕਿ ਅਨਹੋਨੀ ਤਾਂ ਉਹ ਹੁੰਦੀ ਹੈ ਜੋ ਮੇਰੇ ਨਾਲ ਹੋ ਰਹੀ ਹੈ, ਬਾਕੀਆਂ ਨਾਲ ਨਹੀਂ। ਮੌਤ ਰੂਪੀ ਪ੍ਰਸਾਦ ਤਾਂ ਸਾਰਿਆਂ ਨੂੰ ਬਰਾਬਰ ਮਿਲਦਾ ਹੈ। ਜਿਵੇਂ ਭਗਤ ਕਬੀਰ ਜੀ ਦਾ ਫੁਰਮਾਣ ਹੈ-

ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ।।

ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ।।

(ਬਿਲਾਵਲ ਭਗਤ ਕਬੀਰ ਜੀ- ੮੫੫)

ਅਰਥ- ਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ। ਮੌਤ ਰਾਜੇ ਨੂੰ, ਪਰਜਾ ਨੂੰ ਇੱਕ ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ।

ਆਉ ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉਚਾਰਣ ਕੀਤੇ ਗਏ ਵਿਸ਼ਾ ਅਧੀਨ ਸਲੋਕ ਦੀ ਪੂਰੀ ਵਿਚਾਰ ਤੋਂ ਸਮਝਣ ਦਾ ਯਤਨ ਕਰੀਏ ਕਿ ਉਥੇ ਕਿਸ ਅਨਹੋਨੀ ਦੀ ਗੱਲ ਕੀਤੀ ਜਾ ਰਹੀ ਹੈ। ਪੂਰਾ ਸਲੋਕ ਇਸ ਤਰਾਂ ਹੈ-

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।।

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।। ੫੧।।

(ਸਲੋਕ ਮਹਲਾ ੯-੧੪੨੯)

ਅਰਥ- ਹੇ ਨਾਨਕ! ਜਗਤ ਦੀ ਚਾਲ ਹੀ ਇਹ ਹੈ ਕਿ ਇਥੇ ਕੋਈ ਜੀਵ ਭੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਚਿੰਤਾ ਤਾਂ ਉਸ ਘਟਨਾ ਦੀ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਣ ਵਾਲੀ ਨਾਹ ਹੋਵੇ।

ਉਪਰੋਕਤ ਸਾਰੀ ਵਿਚਾਰ ਅਤੇ ਵਿਸ਼ਾ ਅਧੀਨ ਸਲੋਕ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਇਥੇ ਮੌਤ ਨੂੰ ਅਨਹੋਨੀ ਨਹੀਂ ਕਿਹਾ ਕਿਉਂ ਕਿ ਮੌਤ ਤਾਂ ਅੱਟਲ ਸਚਾਈ ਹੈ, ਅਨਹੋਨੀ ਤਾਂ ਉਹ ਹੈ ਜੋ ਕੇਵਲ ਮੇਰੇ ਨਾਲ ਵਾਪਰ ਰਹੀ ਹੋਵੇ, ਹੋਰਾਂ ਨਾਲ ਨਹੀਂ। ਇਸ ਨੂੰ ਹੋਰ ਸੁਖੈਨ ਢੰਗ ਨਾਲ ਸਮਝਿਆ ਜਾ ਸਕਦਾ ਹੈ ਕਿ ਹੇ ਜੀਵ! ਤੇਰਾ ਜੀਵਨ ਖਤਮ ਹੁੰਦਾ ਜਾ ਰਿਹਾ ਹੈ, ਪਰ ਅਜੇ ਤੱਕ ਪ੍ਰਮੇਸ਼ਰ ਦੇ ਮਿਲਾਪ ਰੂਪੀ ਜੀਵਨ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋਈ, ਚਿੰਤਾ ਕਰਨੀ ਹੈ ਤਾਂ ਇਸ ਗੱਲ ਦੀ ਕਰੀਏ। ਯਾਦ ਰੱਖੀਏ ਕਿ ਕਿਸੇ ਵੀ ਗੁਰਬਾਣੀ ਪ੍ਰਮਾਣ ਦੇ ਅਰਥ ਆਪਣੀ ਮਨ ਦੀ ਮਤਿ ਅਨੁਸਾਰ ਕਰਨ ਦੀ ਥਾਂ ਉਸ ਅੰਦਰ ਦਰਸਾਏ ਪੂਰੇ ਪ੍ਰਕਰਣ ਅਤੇ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਅੰਦਰ ਕਰਨ ਦੀ ਸੋਚ ਅਪਣਾ ਲਈਏ ਤਾਂ ਕਦੀ ਵੀ ਭੁਲੇਖੇ ਦੀ ਗੁੰਜਾਇਸ਼ ਹੀ ਨਹੀਂ ਰਹੇਗੀ।

===============

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.