.

ਸੁਖੀ ਬਸੈ ਮਸਕੀਨੀਆ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 19)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 18 ਪੜੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ

(ਗਉੜੀ ਸੁਖਮਨੀ ਮਹਲਾ ੫-੨੭੮)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਥ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਗਉੜੀ ਰਾਗ ਵਿੱਚ ਉਚਾਰਣ ਕੀਤੀ ਗਈ ਬਾਣੀ ਸੁਖਮਨੀ ਸਾਹਿਬ ਦੀ 12 ਵੀਂ ਅਸ਼ਟਪਦੀ ਨਾਲ ਦਰਜ ਸਲੋਕ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 278 ਉਪਰ ਸੁਭਾਇਮਾਨ ਹੈ। ਇਸ ਗੁਰਬਾਣੀ ਪ੍ਰਮਾਣ ਦੇ ਅਰਥ ਕਰਦਿਆਂ ਹੋਇਆਂ ਸਾਡੇ ਕਈ ਕਥਾਵਾਚਕ/ਪ੍ਰਚਾਰਕ/ ਢਾਢੀ/ ਕਵੀਸ਼ਰ/ ਗ੍ਰੰਥੀ ਸਿੰਘ/ ਬਾਬਿਆਂ ਆਦਿ ਵਲੋਂ ਇਸ ਦੀ ਉਥਾਨਕਾ ਵਿੱਚ ਗੱਲ ਕਰਦਿਆਂ ਹੋਇਆਂ ‘ਮਸਕੀਨੀਆ ` ਸ਼ਬਦ ਨੂੰ ਖੋਲ੍ਹਣ ਸਮੇਂ ਮਸਕੀਨ ਪਹਿਲਵਾਨ ਦੀ ਕਹਾਣੀ ਸੁਣਾਈ ਜਾਂਦੀ ਹੈ ਕਿ ਕਿਸੇ ਆਰਥਿਕ ਤੌਰ ਤੇ ਪਛੜੇ ਹੋਏ ਗਰੀਬ ਦੀ ਮਦਦ ਕਰਨ ਲਈ ਮਸਕੀਨ ਪਹਿਲਵਾਨ ਕੁਸ਼ਤੀ ਦੇ ਅਖਾੜੇ ਵਿੱਚ ਆਪ ਹੀ ਜਾਣ ਬੁੱਝ ਕੇ ਢਹਿ ਗਿਆ, ਜਿਸ ਨਾਲ ਉਸ ਗਰੀਬ ਦੀ ਇਨਾਮੀ ਰਾਸ਼ੀ ਦੁਆਰਾ ਆਰਥਿਕ ਜ਼ਰੂਰਤ ਪੂਰੀ ਹੋ ਗਈ। ਭਾਵ ਇਥੇ ਮਸਕੀਨ ਪਹਿਲਵਾਨ ਦੀ ਕਿਸੇ ਲੋੜਵੰਦ ਦੀ ਮਦਦ ਕਰਨ ਸਬੰਧੀ ਉਸਦੇ ਅੰਦਰਲੀ ਦਇਆ, ਨਿਰਮਾਣਤਾ ਆਦਿ ਦੇ ਰੂਪ ਵਿੱਚ ਅਰਥ ਕਰਦੇ ਹੋਏ ਪ੍ਰਚਾਰਿਆ ਜਾਂਦਾ ਹੈ। ਹੈਰਾਨੀ ਹੁੰਦੀ ਹੈ ਕਿ ਹਾਜ਼ਰ ਸੰਗਤਾਂ ਬੜੇ ਵਜਦ ਵਿੱਚ ਆ ਕੇ ਸਿਰ ਮਾਰਦੀਆਂ ਹਨ ਅਤੇ ਜੈਕਾਰੇ ਵੀ ਗਜਾਏ ਜਾਂਦੇ ਹਨ। ਪਰ ਇਸ ਕਹਾਣੀ ਨੂੰ ਬੜੇ ਚਟਖਾਰੇ ਲਾ-ਲਾ ਕੇ ਸੁਨਾਉਣ ਵਾਲੇ ਵਲੋਂ ਇਹ ਕਦੀ ਵੀ ਨਹੀਂ ਦਸਿਆ ਜਾਂਦਾ ਕਿ ਮਸਕੀਨ ਪਹਿਲਵਾਨ, ਕਦੋਂ-ਕਿਥੇ ਪੈਦਾ ਹੋਇਆ, ਉਸ ਨੇ ਕੁਸ਼ਤੀ ਕਦੋਂ-ਕਿਥੇ ਲੜੀ, ਉਸਦੀ ਮੌਤ ਕਦੋਂ-ਕਿਵੇਂ ਹੋਈ, ਉਸ ਦੇ ਮਾਤਾ-ਪਿਤਾ, ਪ੍ਰਵਾਰ, ਖਾਨਦਾਨ ਕਿਹੜਾ ਸੀ। ਬਸ ਸੁਨਣ ਵਾਲਿਆਂ ਵਲੋਂ ਵੀ ਅੰਨੀ ਸ਼ਰਧਾ ਵੱਸ ਬਿਨਾ ਸੋਚੇ ਸਮਝੇ ਮੰਨ ਲਿਆ ਜਾਂਦਾ ਹੈ ਅਤੇ ਕਹਾਣੀਆਂ ਸੁਨਾਉਣ ਵਾਲੇ ਉਪਰ ਕਦੀ ਵੀ ਕੋਈ ਸਵਾਲ ਨਹੀਂ ਕੀਤਾ ਜਾਂਦਾ। ਜਦੋਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਵਿਸ਼ਵਾਸ ਕਰਨ ਦੀ ਸਿਖਿਆ ਤਾਂ ਦਿਤੀ ਹੈ ਪਰ ਅੰਧ ਵਿਸ਼ਵਾਸ ਕਰਨ ਦੀ ਸਿਖਿਆ ਬਿਲਕੁਲ ਵੀ ਨਹੀਂ ਦਿੱਤੀ ਗਈ।

ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਨਾਲ ਸਬੰਧਿਤ ਸੁਣਾਈ ਜਾਂਦੀ ਸਾਖੀ ਨੂੰ ਪੜਚੋਲ ਨੇ ਵੇਖਣ ਨਾਲ ਸਥਿਤੀ ਬਿਲਕੁਲ ਹੀ ਬਦਲ ਕੇ ਸਾਹਮਣੇ ਆ ਜਾਵੇਗੀ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਇਹ ਤਰੀਕਾ ਵਰਤਿਆ ਗਿਆ ਹੈ ਕਿ ਅਸ਼ਟਪਦੀ ਨਾਲ ਸਬੰਧਿਤ ਸਲੋਕ ਉਸ ਅਸ਼ਟਪਦੀ ਦਾ ਮੂਲ ਹੁੰਦਾ ਹੈ, ਬਾਕੀ ਅਸਟਪਦੀ ਦੀ ਵਿਚਾਰ ਸਲੋਕ ਦਾ ਵਿਸਥਾਰ ਹੁੰਦਾ ਹੈ। ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਨੂੰ ਸਮਝਣ ਲਈ ਇਸ ਨੁਕਤੇ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਹੁਣ ਜਦੋਂ ਅਸੀਂ ਸਬੰਧਿਤ 12 ਨੰਬਰ ਅਸਟਪਦੀ ਨੂੰ ਸਾਹਮਣੇ ਰੱਖਦੇ ਹਾਂ ਤਾਂ ਕਹੀ ਜਾਂਦੀ ਕਹਾਣੀ ਕਿਸੇ ਵੀ ਤਰਾਂ ਨਾਲ ਫਿਟ ਨਹੀਂ ਬੈਠਦੀ ਹੈ। ਇਸ ਦੇ ਨਾਲ ਹੀ ਇਸੇ ਵਿਸ਼ਾ ਅਧੀਨ ਸਲੋਕ ਦੀ ਦੂਜੀ ਪਾਵਨ ਪੰਕਤੀ ਦੀ ਵਿਚਾਰ ਨੂੰ ਮੱਦੇ- ਨਜ਼ਰ ਰੱਖਦੇ ਹੋਏ ਪਹਿਲੀ ਪਾਵਨ ਪੰਕਤੀ ਦੀ ਵਿਚਾਰ ਹੋਰ ਪਾਸੇ ਸੰਕੇਤ ਦਿੰਦੀ ਹੋਈ ਸਾਹਮਣੇ ਸਪਸ਼ਟ ਹੋ ਜਾਵੇਗੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ ਹੋਰ ਥਾਵਾਂ ਉਪਰ ਆਏ ‘ਮਸਕੀਨ` ਸ਼ਬਦ ਦੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਸਮਝਣ ਦਾ ਯਤਨ ਕਰਦੇ ਹਾਂ-

(ੳ) ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ।।

ਜਨ ਨਾਨਕ ਨਾਮ ਅਧਾਰ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ।।

(ਗਉੜੀ ਪੂਰਬੀ ਮਹਲਾ ੪-੧੩ ਅਤੇ ੧੭੧)

ਅਰਥ- ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਕੰਗਾਲ (ਗਰੀਬ) ਮੰਗਤੇ (ਮਸਕੀਨ) ਹਾਂ, ਤੂੰ ਸਭ ਤੋਂ ਵੱਡਾ ਸਹਾਈ ਹੈ। ਸਾਨੂੰ ਇਨ੍ਹਾਂ ਕਾਮਾਦਿਕਾਂ ਤੋਂ ਬਚਾ ਲੈ। ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿੱਚ ਜੁੜਿਆਂ ਹੀ ਸੁੱਖ ਮਿਲਦਾ ਹੈ।

(ਅ) ਮੈ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ।।

ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ।।

(ਤਿਲੰਗ, ਭਗਤ ਨਾਮਦੇਵ ਜੀ-੭੨੭)

ਅਰਥ- ਹੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨੇ ਦੀ ਡੰਗੋਰੀ ਹੈ, ਸਹਾਰਾ ਹੈ, ਮੈਂ ਕੰਗਾਲ ਹਾਂ, ਮੈਂ ਆਜ਼ਿਜ਼ (ਮਸਕੀਨ) ਹਾਂ, ਤੇਰਾ ਨਾਮ ਹੀ ਮੇਰਾ ਆਸਰਾ ਹੈ।

(ੲ) ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ।।

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ।।

(ਆਸਾ, ਭਗਤ ਕਬੀਰ ਜੀ-੪੮੦)

ਅਰਥ- ਹੇ ਕਾਜ਼ੀ! ਅਸੀਂ ਤਾਂ ਆਜ਼ਿਜ਼ (ਮਸਕੀਨ) ਲੋਕ ਹਾਂ, ਪਰ ਅਸੀਂ ਭੀ ਰੱਬ ਦੇ ਪੈਦਾ ਕੀਤੇ ਹੋਏ ਹਾਂ। ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲਗਦੀ ਹੈ, ਭਾਵ ਤੁਹਾਨੂੰ ਹਕੂਮਤ ਦਾ ਮਾਣ ਹੈ। ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ ਕਿਸੇ ਉਤੇ ਧੱਕਾ ਕਰਨ ਦੀ ਆਗਿਆ ਨਹੀਂ ਦਿੰਦਾ।

ਉਪਰੋਕਤ ਤਿੰਨੇ ਗੁਰਬਾਣੀ ਫੁਰਮਾਣਾਂ ਵਿੱਚ ‘ਮਸਕੀਨ` ਸ਼ਬਦ ਆਇਆ ਹੈ। ਇਸ ਦਾ ਅਰਥ ਮੰਗਤਾ-ਆਜ਼ਿਜ਼-ਨਿਮਾਣਾ ਹੀ ਹੈ ਅਤੇ ਜੀਵ ਦੇ ਨਿਮਰਤਾ, ਨਿਰਮਾਣਤਾ ਭਰਪੂਰ ਸੁਭਾਉ ਦੀ ਗੱਲ ਕੀਤੀ ਗਈ ਹੈ। ਠੀਕ ਇਸੇ ਪੈਟਰਨ ਉਪਰ ਹੀ ਵਿਸ਼ਾ ਅਧੀਨ ਪ੍ਰਮਾਣ ਵਿੱਚ ‘ਮਸਕੀਨੀਆ` ਸ਼ਬਦ ਦੇ ਅਰਥ ਨੂੰ ਸਮਝਣ ਦੀ ਲੋੜ ਹੈ। ਵਿਸ਼ਾ ਅਧੀਨ ਪੂਰਾ ਸਲੋਕ ਇਸ ਤਰਾਂ ਹੈ-

ਸਲੋਕ

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ।।

ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।।

(ਗਉੜੀ ਸੁਖਮਨੀ ਮਹਲਾ ੫-੨੭੮)

ਅਰਥ- ਗਰੀਬੀ ਸੁਭਾਉ ਵਾਲਾ ਬੰਦਾ (ਮਸਕੀਨੀਆ) ਆਪਾ-ਭਾਵ ਦੂਰ ਕਰ ਕੇ ਤੇ ਨੀਵਾਂ ਰਹਿ

ਕੇ ਸੁਖੀ ਵੱਸਦਾ ਹੈ, ਪਰ ਵੱਡੇ-ਵੱਡੇ ਅਹੰਕਾਰੀ ਮਨੁੱਖ ਹੇ ਨਾਨਕ! ਅਹੰਕਾਰ ਵਿੱਚ ਹੀ ਗਲ ਜਾਂਦੇ ਹਨ।

ਵਿਸ਼ਾ ਅਧੀਨ ਸਲੋਕ ਦੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੂੰ ਸਚਿਆਰ ਬਨਣ ਲਈ ਆਪਣੇ ਜੀਵਨ ਵਿੱਚ ਨਿਮਰਤਾ ਰੂਪੀ ਗੁਣ ਧਾਰਨ ਕਰਨਾ ਚਾਹੀਦਾ ਹੈ, ਇਸ ਦੇ ਉਲਟ ਜਿਹੜੇ ਮਨੁੱਖ ਅਹੰਕਾਰ ਗ੍ਰਸਤ ਅਉਗਣ ਅਧੀਨ ਜੀਵਨ ਬਤੀਤ ਕਰਦੇ ਹਨ ਉਹ ਆਪਣੇ ਜੀਵਨ ਵਿੱਚ ਕਦੀ ਵੀ ਸਫਲਤਾ ਹਾਸਲ ਨਹੀਂ ਕਰ ਸਕਦੇ। ਇਸ ਪੂਰੇ ਸਲੋਕ ਦੀ ਵਿਚਾਰ ਨੂੰ ਸਮਝਣ ਲਈ ਕਿਸੇ ਕਥਾ-ਕਹਾਣੀ ਦੀ ਜ਼ਰੂਰਤ ਨਹੀਂ ਹੈ। ਸੋ ਸਾਨੂੰ ਮਨਘੜਤ ਕਥਾ-ਕਹਾਣੀਆਂ ਦਾ ਖਹਿੜਾ ਛੱਡਕੇ ਗੁਰਮਤਿ ਸਿਧਾਂਤਾਂ ਦੀ ਸਹੀ ਸਮਝ ਅਨੁਸਾਰ ਗੁਰਬਾਣੀ ਦੇ ਅਰਥ ਭਾਵ ਨੂੰ ਸਾਹਮਣੇ ਰੱਖਦੇ ਹੋਏ ਜੀਵਨ ਵਿੱਚ ਪ੍ਰੈਕਟੀਕਲ ਰੂਪ ਅੰਦਰ ਲਾਗੂ ਹੋ ਸਕਣ ਵਾਲੀ ਸਿਖਿਆ ਨੂੰ ਪੱਲੇ ਬੰਨਦੇ ਹੋਏ ਸੁਖਮਈ ਜੀਵਨ ਜੀਊਣ ਵਾਲੇ ਮਾਰਗ ਦੇ ਪਾਂਧੀ ਬਨਣਾ ਚਾਹੀਦਾ ਹੈ।

===============

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.