.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਬਾਰ੍ਹਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਦਸਮੇਸ਼ ਪਿਤਾ ਅਤੇ ਵਿਸ਼ਾ ਗੁਰਬਾਣੀ ਦਾ ਨਿਤਨੇਮ- ਵਿਚਾਰ ਲੜੀ ਦੇ ਚਲਦੇ ਪ੍ਰਵਾਹ `ਚ ਇਸ ਤੋਂ ਇੱਕ ਦੰਮ ਪਹਿਲਾਂ ਅਸੀਂ "ਗੁਰਬਾਣੀ ਦੇ ਨਿਤਨੇਮ" ਸੰਬਧੀ ਵਿਚਾਰ ਵੀ ਕਰਦੇ ਆ ਰਹੇ ਹਾਂ। ਇਸ ਸੰਬੰਧ `ਚ ਜਿਤਨੀ ਕੁ ਪਾਤਸ਼ਾਹ ਨੇ ਸਮ੍ਰਥਾ ਬਖ਼ਸ਼ੀ, ਅਸਾਂ ਉਸ `ਚ ਝਾਤ ਮਾਰਣ ਦੀ ਕੋਸ਼ਿਸ਼ ਕੀਤੀ। ਉਥੇ ਅਸਾਂ ਦਰਸ਼ਨ ਕੀਤੇ ਕਿ ‘ਗੁਰੂ ਕੀਆਂ ਸੰਗਤਾਂ ਲਈ’ "ਗੁਰਬਾਣੀ ਦੇ ਨਿਤਨੇਮ" ਵਾਲਾ ਨਿਯਮ ਪਹਿਲੇ ਪਾਤਸ਼ਾਹ ਰਾਹੀਂ ਹੀ ਕਾਇਮ ਕਰ ਦਿੱਤਾ ਗਿਆ ਸੀ।

ਬਲਕਿ ਉਸ ਦੇ ਨਾਲ-ਨਾਲ, ਗੁਰਬਾਣੀ ਦੀ ਰੋਸ਼ਨੀ `ਚ ਅਸਾਂ ‘ਗੁਰਬਾਣੀ ਦੇ ਨਿਤਨੇਮ’ ਦੇ ਮੂਲ ਕਾਰਣਾਂ ਨੂੰ ਸਮਝਣ ਦਾ ਯਤਣ ਵੀ ਕੀਤਾ। ਇਸ ਤਰ੍ਹਾਂ ਗੁਰਬਾਣੀ ਦੇ ਨਿਤਨੇਮ ਲਈ ਜਿਹੜਾ ਮੂਲ ਕਾਰਣ ਉਘੜ ਕੇ ਸਾਹਮਣੇ ਆਇਆ ਉਹ ਇਹ ਸੀ ਕਿ ਦਿਨ ਦੇ ਚੌਵੀ ਘੰਟਿਆਂ `ਚ ਹਰੇਕ "ਗੁਰੂ ਦਰ ਦੇ ਪਾਂਧੀ ਨੂੰ" ਘਟੋਘਟ ਤਿੰਨ ਵਾਰ ਚੇਤਾਵਣੀ ਮਿਲਦੀ ਰਵੇ ਕਿ ਉਸ ਨੇ ਸੁਰਤ ਕਰਕੇ ਅਤੇ ਸੁਆਸ-ਸੁਆਸ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਵਿਚਾਰਧਾਰਾ ਤੇ ਜੀਵਨ-ਜਾਚ ਨਾਲ ਜੁੜੇ ਰਹਿ ਕੇ ਆਪਣੇ ਜਨਮ ਨੂੰ ਬਿਤਾਉਣਾ ਹੈ, ਉਸ ਪਖੋਂ ਲਾਪਰਵਾਹ ਹੋ ਕੇ ਨਹੀਂ। ਸਪਸ਼ਟ ਹੈ ਕਿ ਸੰਗਤਾਂ ਲਈ ਗੁਰਬਾਣੀ ਦਾ ਨਿਤਨੇਮ ਕੇਵਲ ਕਰਮਕਾਂਡ ਹੀ ਨਹੀਂ, ਬਲਕਿ ਵੱਧ ਤੋਂ ਵੱਧ ਗੁਰਬਾਣੀ ਦੇ ਅਭਿਆਸ ਤੇ ਜੀਵਨ ਕਰਕੇ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜੇ ਰਹਿਣ ਲਈ, ਗੁਰਦੇਵ ਵੱਲੋਂ ਚੇਤਵਣੀ ਵੀ ਹੈ।

ਉਪ੍ਰੰਤ "ਗੁਰਬਾਣੀ ਦੇ ਨਿਤਨੇਮ" ਸੰਬੰਧੀ ਵਿਚਾਰ ਲੜੀ `ਚ ਇਹ ਵੀ ਦੇਖਿਆ ਹੈ ਕਿ ‘ਗੁਰੂ ਕੀਆਂ ਸੰਗਤਾਂ’ ਲਈ ਕਾਇਮ ਕੀਤੇ ਤਿੰਨ ਸਮੇ ਲਈ "ਗੁਰਬਾਣੀ ਦੇ ਨਿਤਨੇਮ" ਦਾ ਜਿਹੜਾ ਰੂਪ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਚੱਲਦਾ ਆ ਰਿਹਾ ਸੀ; ਪੰਜਵੇ ਪਾਤਸ਼ਾਹ ਨੇ ਆਦਿ ਬੀੜ ਦੀ ਸੰਪਾਦਨਾ ਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਉਸ `ਚ ਵਾਧੇ ਕੀਤੇ ਤੇ ਇਸ ਤਰ੍ਹਾਂ ਉਸ ਨੂੰ ਬਦਲਵਾਂ ਰੂਪ ਪ੍ਰਦਾਨ ਕੀਤਾ। ਪੰਜਵੇ ਪਾਤਸ਼ਾਹ ਨੇ ਨਿਤਨੇਮ ਨੂੰ ਜਿਹੜਾ ਬਦਲਵਾਂ ਰੂਪ ਪ੍ਰਦਾਨ ਕੀਤਾ ਉਹ ਹੈ, ਪ੍ਰਭਾਤੇ "ਬਾਣੀ ਜਪੁ", ਸ਼ਾਮਾਂ ਨੂੰ ਸੂਰਜ ਡੁੱਬਣ ਸਮੇ ‘ਸੋਦਰੁ’ (੫ ਸ਼ਬਦ) ਤੇ ‘ਸੋਪੁਰਖੁ (ਚਾਰ ਸ਼ਬਦ) ਅੰਤ ਰਾਤ ਨੂੰ ਸੌਣ ਸਮੇਂ ਬਾਣੀ "ਸੋਹਿਲਾ" ਦੇ (੫ ਸ਼ਬਦ)। ਬਲਕਿ ਬਾਣੀ ‘ਸੋਦਰੁ’, ‘ਸੋਪੁਰਖੁਤੇ "ਸੋਹਿਲਾ" ਲਈ ੫, ੪ ਤੇ ਸ਼ਬਦਾਂ ਵਾਲੇ ਉਹ ਨਵੇਂ ਸੰਗ੍ਰਿਹ ਵੀ ਪੰਜਵੇ ਪਾਤਸ਼ਾਹ ਨੇ ਹੀ ਤਿਆਰ ਕੀਤੇ ਸਨ।

ਇਸ ਦੇ ਨਾਲ-ਨਾਲ ਇਹ ਵੀ ਦੇਖ ਚੁੱਕੇ ਹਾਂ ਕਿ ਆਦਿ ਬੀੜ ਦੀ ਸੰਪਾਦਨਾ ਤੇ ਸਮੂਚੀ ਗੁਰਬਾਣੀ ਨੂੰ ਤਰਤੀਬ ਦੇਣ ਸਮੇ, ਗੁਰਬਾਣੀ ਨੂੰ ਰਾਗਾਂ `ਚ ਦਰਜ ਕਰਣ ਤੋਂ ਪਹਿਲਾਂ ਪੰਜਵੇ ਪਾਤਸ਼ਾਹ ਨੇ ਉਚੇਚੇ ‘ਰਾਗ ਮੁਕਤ’ ਕਰਕੇ ‘ਗੁਰੂ ਕੀਆਂ ਸੰਗਤਾਂ’ ਲਈ "ਗੁਰਬਾਣੀ ਦਾ ਉਪ੍ਰੋਕਤ ਨਿਤਨੇਮ" ਹੀ ਦਰਜ ਕੀਤਾ ਹੋਇਆ ਹੈ। ਇਸੇ ਲਈ ਮੌਜੂਦਾ ਛਾਪੇ ਵਾਲੀਆਂ ਬੀੜਾਂ `ਚ ਵੀ ਗੁਰਬਾਣੀ ਦਾ ਰਾਗਾਂ `ਚ ਅਰੰਭ ਤਾਂ ਪੰਨਾ ੧੪ ਤੋਂ ਹੁੰਦਾ ਹੈ ਜਦਕਿ ੧ ਤੋਂ ਤੇਰਾਂ ਭਾਵ ਪਹਿਲਾਂ ਤੇਰਾਂ ਪੰਨੇ, ਪੰਜਵੇਂ ਪਾਤਸ਼ਾਹ ਵੱਲੋਂ ‘ਗੁਰੂ ਕੀਆਂ ਸੰਗਤਾਂ’ ਲਈ ‘ਰਾਗ-ਮੁਕਤ’ ਕੀਤੇ ਹੋਏ "ਗੁਰਬਾਣੀ ਦੇ ਨਿਤਨੇਮ" ਲਈ ਹੀ ਹਨ।

ਇਥੇ ਹੀ ਬੱਸ ਨਹੀਂ, ਉਪ੍ਰੰਤ "ਛੇ ਅਕਤੁਬਰ ਸੰਨ ੧੭੦੮" ਨੂੰ "ਅੱਖਰ ਰੂਪ, ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ "ਗੁਰਤਾ ਗੱਦੀ" ਸੌਪਣ ਸਮੇਂ, ਜਿਹੜਾ ਆਪਣੇ ਆਪ `ਚ ਦਸਮੇਸ਼ ਜੀ ਰਾਹੀਂ ਗੁਰਬਾਣੀ ਦੀ ਸੰਪੂਰਣਤਾ ਦਾ ਐਲਾਨ ਵੀ ਸੀ, ਕਲਗੀਧਰ ਜੀ ਨੇ, ਪੰਜਵੇ ਪਾਤਸ਼ਾਹ ਰਾਹੀਂ ਸਥਾਪਤ "ਗੁਰੂ ਕੀਆਂ ਸ਼ੰਗਤਾਂ" ਲਈ ਕਾਇਮ ਕੀਤੇ ਹੋਏ ਉਸ ਨਿਤਨੇਮ `ਚ ਉੱਕਾ ਅਦਲਾ-ਬਦਲੀ ਜਾਂ ਵਾਧਾ ਆਦਿ ਨਹੀਂ ਕੀਤਾ, ਉਸ ਨੂੰ ਹੂ-ਬ- ਹੂ ਉਸੇ ਤਰ੍ਹਾਂ ਕਾਇਮ ਰਖਿਆ। ਜਦਕਿ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਹੋਣ ਦੇ ਨਾਤੇ ਇਹ ਹੱਕ ਦਸਮੇਸ਼ ਜੀ ਪਾਸ ਵੀ ਉਤਨਾ ਹੀ ਸੀ, ਜਿਤਨਾ ਪੰਜਵੇਂ ਪਾਤਸ਼ਾਹ ਪਾਸ, ਤਾਂ ਉਹ ਕਿਉਂ? ਵਿਸ਼ਾ ਦੀਰਘ ਵਿਚਾਰ ਮੰਗਦਾ ਹੈ।

ਫ਼ਿਰ ਇਤਨਾ ਹੀ ਨਹੀਂ, "ਅੱਖਰ ਰੂਪ, ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ "ਗੁਰਤਾ ਗੱਦੀ" ਸੌਪਣ ਤੋਂ ਪਹਿਲਾਂ, ਦਸਮੇਸ਼ ਜੀ ਨੇ ‘ਆਦਿ ਬੀੜ’ `ਚ ਭਾਈ ਮਨੀ ਸਿੰਘ ਜੀ ਪਾਸੋਂ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਆਪ ਦਰਜ ਕਰਵਾਈ ਸੀ। ਇਸ ਤਰ੍ਹਾਂ ਕਲਗੀਧਰ ਜੀ ਨੇ ਜਿੱਥੇ ਕਿੱਥੇ ਵੀ ਨੌਵੇ ਪਾਤਸ਼ਾਹ ਦੀ ਬਾਣੀ ਨਵੇਂ ਸਿਰਿਓਂ ਦਰਜ ਕਰਵਾਈ, ਜਿਵੇਂ "ਰਾਗੁ ਜੈਜਾਵੰਤੀ ਮਹਲਾ ੯" (ਪੰ: ੧੩੫੨), "ਸਲੋਕ ਮਹਲਾ ੯" (ਪੰ: ੧੪੨੬); ਭਾਵ "ਮਹਲੇ ਨੌਵੇਂ ਦੇ ੫੭ ਸਲੋਕ, ਉਥੇ-ਉਥੇ ਵੀ ਦਸਮੇਸ਼ ਜੀ ਨੇ ‘ਅਜੋਕੇ ਦਸਮ ਗ੍ਰੰਥ ਵਿੱਚਲੇ ਮੰਗਲਾਚਰਣ ਦੇ ਉਲਟ’ ਨੰਬਰਵਾਰ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥", "ੴ ਸਤਿਗੁਰ ਪ੍ਰਸਾਦਿ"॥ ਭਾਵ ਗੁਰਬਾਣੀ ਵਿੱਚਲੇ ਮੂਲ ਮੰਗਲਾਚਰਣ ਹੀ ਵਰਤੇ।

ਵਿਚਾਰਣ ਦਾ ਵਿਸ਼ਾ ਹੈ ਕਿ "ਗੁਰੂ ਨਾਨਕ ਜੋਤ" ਹੋਣ ਦੇ ਨਾਤੇ, ਦਸਮੇਸ਼ ਜੀ ਚਾਹੁੰਦੇ ਤਾਂ ਉਨ੍ਹਾਂ ਨੂੰ ਉਹ ਮੰਗਲਾਚਰਣ ਬਦਲ ਕੇ ਪਾਉਣ ਦਾ ਵੀ ਪੂਰਾ ਹੱਕ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ ਤਾਂ ਕਿਉਂ? ਵਿਸ਼ੇ ਦੀ ਸਚਾਈ ਤੀਕ ਪੁੱਜਦੇ ਦੇਰ ਨਹੀਂ ਲਗਣੀ ਚਾਹੀਦੀ। ਦੂਜਾ ਇਹ ਵੀ ਕਿ ਕਲਗੀਧਰ ਪਾਤਸ਼ਾਹ ਨੇ ਅਜਿਹਾ ਸਭ ਕਰਣ ਦੇ ਨਾਲ-ਨਾਲ ਪੰਜਵੇ ਪਾਤਸ਼ਾਹ ਰਾਹੀਂ ‘ਆਦਿ ਬੀੜ’ ਦੀ ਸਾਮਪਤੀ ਲਈ ਉਚੇਚੇ ਰਚੇ ਤੇ ਦਰਜ ਕੀਤੇ ਹੋਏ "ਥਾਲ ਵਿਚਿ ਤਿੰਨਿ ਵਸਤੂ ਪਈਓ…." ਅਤੇ "ਤੇਰਾ ਕੀਤਾ ਜਾਤੋ ਨਾਹੀ …." ਸਮਾਪਤੀ ਸੂਚਕ ਦੋਨਾਂ ਸਲੋਕਾਂ ਵਾਲੀ ਸੀਮਾ ਵੀ ਨਹੀਂ ਉਲੰਘੀ ਅਤੇ ਉਸੇ ਤਰ੍ਹਾਂ ਕਾਇਮ ਰਖੀ। ਤਾਂ ਇਹ ਸਭ ਕੀ ਹੈ? ਕੀ ਪੰਥ ਲਈ ਵਿਸ਼ੇ ਨੂੰ ਇਸ ਪਾਸਿਓਂ ਵਿਚਾਰਣ ਦੀ ਲੋੜ ਨਹੀਂ?

"ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ" - ਚਲਦੇ ਪ੍ਰਕਰਣ `ਚ ਅਸਾਂ ਇਹ ਵੀ ਸਮਝਣਾ ਹੈ ਕਿ ਸੰਪੂਰਣ ਗੁਰਬਾਣੀ `ਚ ਬੇਅੰਤ ਪੰਕਤੀਆਂ, ਸਬਦ ਤੇ ਰਚਨਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਸਦੀਵ ਕਾਲੀ ਗੁਰਮੱਤ ਸਿਧਾਂਤਾਂ ਨਾਲ ਹੈ। ਇਸਤਰ੍ਹਾਂ ਉਨ੍ਹਾਂ `ਚੋਂ ਹੀ ਇੱਕ ਪੰਕਤੀ ਹੈ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" (ਪੰ: ੬੪੬) ਜਿੱਥੇ ਗੁਰਦੇਵ ਸਪਸ਼ਟ ਕਰਦੇ ਹਨ ਕਿ "ਆਦਿ ਤੋਂ ਅੰਤ ਤੀਕ" ਸੰਪੂਰਣ ਗੁਰਬਾਣੀ `ਚ ਲਿਖਾਰੀ ਚਾਹੇ ਗੁਰੂ ਹਸਤੀ ਆਪ ਹੋਵੇ ਜਾਂ ਗੁਰਬਾਣੀ ਵਿੱਚਲਾ ਕੋਈ ਭਗਤ ਆਦਿ, ਪਰ ਸਮੂਚੀ ਗੁਰਬਾਣੀ `ਚ "ਇਕੋ ਅਕਾਲਪੁਰਖ", ਇਕੋ ਸਦਾ ਕਾਇਮ ਰਹਿਣ ਵਾਲੇ "ਸ਼ਬਦ ਗੁਰੂ" ਉਪ੍ਰੰਤ ਸਮੂਚੇ ਮਨੁੱਖ ਮਾਤ੍ਰ ਲਈ "ਜੁਗੋ-ਜੁਗ ਅਟੱਲ ਇਕੋ ਹੀ ਜੀਵਨ ਜਾਚ" ਦੀ ਵਿਆਖਿਆ ਤੇ ਉਸ ਲਈ ਸੇਧ ਵੀ ਹੈ

ਇਸੇਤਰ੍ਹਾਂ "ਸਤਾ ਤੇ ਬਲਵੰਡ" ਜੀ ਦੀ ਵਾਰ ਵਿੱਚਲਾ ਫ਼ੁਰਮਾਨ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬); ਬੇਸ਼ੱਕ ਇਹ ਫ਼ੁਰਮਾਨ ਵੀ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ…" (ਪੰ: ੧੪੦੮) ਵਾਂਘ ਗੁਰੂ ਨਾਨਕ ਪਾਤਸ਼ਾਹ ਰਾਹੀਂ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਸੌਪਣ ਨਾਲ ਸੰਬੰਧਤ ਹੈ। ਇਸ ਦੇ ਬਾਵਜੂਦ, ਇਹ ਗੁਰਮੱਤ ਸਿਧਾਂਤ ਵੀ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਰਚਨਾ `ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਤਾਂ ਫ਼ਿਰ ਇਸ ਗੁਰਮੱਤ ਸਿਧਾਂਤ ਦੀ ਅਰਥ-ਵਿਆਖਿਆ ਕੀ ਹੈ? ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਸੀਂ ਉਪ੍ਰੋਕਤ ਫ਼ੁਰਮਾਨ "ਜੋਤਿ ਓਹਾ ਜੁਗਤਿ ਸਾਇ "ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਨੂੰ ਇਥੇ "ਜੋਤਿ ਓਹਾ ਜੁਗਤਿ ਸਾਇ" ਅਤੇ "ਸਹਿ ਕਾਇਆ ਫੇਰਿ ਪਲਟੀਐ" (ੳ) ਤੇ (ਅ) ਦੋ ਵੱਖ ਵੱਖ ਭਾਗਾਂ `ਚ ਵੰਡ ਰਹੇ ਹਾਂ। ਤਾਂ ਤੇ:-

(ੳ) "ਜੋਤਿ ਓਹਾ ਜੁਗਤਿ ਸਾਇ" -ਇਸ ਤਰ੍ਹਾਂ "ਜੋਤਿ ਓਹਾ ਜੁਗਤਿ ਸਾਇ" ਦੇ ਅਰਥ ਹਨ, "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ `ਚ ਸਮੂਚੇ ਮਨੁੱਖ ਮਾਤ੍ਰ ਲਈ ਜਿਸ ਵਿਚਾਰਧਾਰਾ ਅਤੇ ਜੀਵਨ-ਜੁਗਤ ਨੂੰ ਪ੍ਰਗਟ ਕੀਤਾ ਹੋਇਆ ਹੈ ਉਹ ਸਦੀਵ ਕਾਲ ਲਈ ਹੈ ਅਤੇ ਜੁਗੋ ਜੁਗ ਅੱਟਲ ਹੈ, ਉਹ ਕਦੇ ਵੀ ਬਦਲਣ ਵਾਲੀ ਨਹੀਂ।

ਇਸ ਦੇ ਨਾਲ-ਨਾਲ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਇਸੇ ਜੀਵਨ-ਜੁਗਤ ਦਾ ਇੱਕ ਹੋਰ ਪੱਖ ਵੀ ਹੈ। ਉਹ ਇਹ ਕਿ "ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ" ਖ਼ੁਦ ਗੁਰੂ ਹਸਤੀਆਂ ਰਾਹੀਂ ਗੁਰਬਾਣੀ ਵਿੱਚਲੀ ਉਸ ਸਦੀਵੀ ਜੀਵਨ-ਜੁਗਤ ਦੇ ਪ੍ਰਗਟਾਵੇ ਤੇ ਉਸ ਦੀ ਸਮੂਚੇ ਮਨੁੱਖ ਮਾਤ੍ਰ ਵਿੱਚਕਾਰ ਪਛਾਣ ਕਾਇਮ ਕਰਣ ਲਈ ਸੰਸਾਰ ਤਲ `ਤੇ ਜਿਹੜੇ ਢੰਗ ਉਲੀਕੇ ਗਏ ਅਤੇ ਸੰਬੰਧਤ ਜੁਗਤਾਂ ਬਣਾਈਆ ਤੇ ਲਾਗੂ ਕੀਤੀਆਂ ਗਈਆਂ ਉਹ ਵੀ ਸਦੀਵੀ ਤੇ ਅਟੱਲ ਹਨ।

ਉਪ੍ਰੰਤ ਗੁਰਬਾਣੀ ਰਚਨਾਂ ਤੋਂ ਬਾਹਿਰ ਉਨ੍ਹਾਂ ਨੂੰ ਜੁਗਤਾਂ ਬਨਾਉਣ ਘੜਣ ਤੇ ਲਾਗੂ ਕਰਣ ਦਾ ਹੱਕ ਵੀ ਕੇਵਲ ਤੇ ਕੇਵਲ, ਗੁਰੂ ਨਾਨਕ ਜੋਤ, ਦਸ ਗੁਰੂ ਹਸਤੀਆਂ ਪਾਸ ਹੀ ਸੀ। ਜਦਕਿ ਅਜਿਹੀਆਂ ਪ੍ਰਗਟਾਵਾ ਤੇ ਪਛਾਣ ਮਾਤ੍ਰ ਜੁਗਤਾਂ ਨੂੰ ਬਨਾਉਣ ਜਾਂ ਉਨ੍ਹਾਂ `ਚ ਕਦੇ ਤੇ ਕਿਸੇ ਤਰ੍ਹਾਂ ਦੀ ਤਬਦੀਲ਼ੀ ਦਾ ਹੱਕ ਗੁਰੂ ਕੀਆਂ ਸੰਗਤਾਂ ਬਲਕਿ ਖੰਡੇ ਦੀ ਪਾਹੁਲ ਪਰਾਪਤ ਪੰਜ ਪਿਆਰਿਆਂ ਪਾਸ ਵੀ ਨਹੀਂ। ਜਿਵੇਂ:-

੧. ਗੁਰਬਾਣੀ ਵਿੱਚਲੇ ੧੫ ਭਗਤਾਂ ਦੀਆਂ ਲੋੜ ਅਨੁਸਰ ਰਚਨਾਵਾਂ (ਬਾਣੀ), ਪਹਿਲੇ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆ ਅਥਵਾ ਉਦਾਸੀਆਂ ਦੌਰਾਨ ਆਪ ਇਕਤ੍ਰ ਕੀਤੀ। ਫ਼ਿਰ ਭਗਤਾਂ ਦੀਆਂ ਉਨ੍ਹਾਂ ਰਚਨਾਵਾਂ ਨੂੰ ਗੁਰਬਾਣੀ ਦੀ ਬਰਾਬਰੀ ਵੀ ਗੁਰਦੇਵ ਨੇ ਆਪ ਦਿੱਤੀ।

੨. ਗੁਰਗੱਦੀ ਸੌਪਣ ਸਮੇਂ ਹਰੇਕ ਗੁਰੂ ਵਿਅਕਤੀ ਨੇ ਜਾਨਸ਼ੀਨ ਗੁਰੂ ਵਿਅਕਤੀ ਨੂੰ ਉਸ ਸਮੇਂ ਤੱਕ ਤਿਆਰ ਹੋ ਚੁੱਕੇ ਗੁਰਬਾਣੀ ਦੇ ਖਜ਼ਾਨੇ ਦੀ ਸਪੁਰਦਗੀ ਸਮੇਤ ਮੱਥਾ ਟੇਕਿਆ ਜਿਵੇਂ "ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ" (ਪੰ: ੯੬੬) ਅਤੇ "ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ" (ਪੰ: ੯੨੩-੨੪) ਆਦਿ। ੳ੍ਰੁਪ੍ਰੰਤ ਹਰੇਕ ਜਾਨਸ਼ੀਨ ਗੁਰੂ ਵਿਅਕਤੀ ਪਾਸ ਹੋਰ ਗੁਰਬਾਣੀ ਦੀ ਰਚਨਾ ਕਰਣ ਜਾ ਕਿਸੇ ਬਾਹਰਲੀ ਰਚਨਾ ਨੂੰ ਗੁਰਬਾਣੀ ਦੀ ਬਰਾਬਰੀ ਦੇਣ ਦਾ ਵੀ ਉਤਨਾ ਹੀ ਹੱਕ ਸੀ ਜਿਤਨਾ ਖ਼ੁੱਦ ਗੁਰੂ ਨਾਨਕ ਪਾਤਸ਼ਾਹ ਕੋਲ।

੩. ਇਹੀ ਕਾਰਣ ਹੈ ਕਿ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਪਾਤਸ਼ਾਹ ਨੇ ਵੀ ਸਮੇਂ ਸਮੇਂ ਨਾਲ ਗੁਰਬਾਣੀ ਦੇ ਖਜ਼ਾਨੇ `ਚ ਵਾਧੇ ਕੀਤੇ ਉਪ੍ਰੰਤ ਨੌਵੇਂ ਪਾੳਸਾਹ ਦੀ ਬਾਣੀ ਵੀ ਦਰਜ ਹੋਈ। ਬਲਕਿ ਪੰਜਵੇਂ ਪਾਤਸ਼ਾਹ ਨੇ "ਸਤਾ ਤੇ ਬਲਵੰਡ ਜੀ ਦੀ ਵਾਰ", "੧੧ ਭਟਾਂ ਦੇ ਸਵਯੈ" ਤੇ ਗੁਰੂ ਅਮਰਦਾਸ ਜੀ ਦੇ ਪੜਪੌਤੇ ਭਗਤ ਸੁੰਦਰ ਜੀ ਦੀ ਰਚਨਾ ਨੂੰ "ਬਾਣੀ ਸਦੁ" ਵਾਲਾ ਸਿਰਲੇਖ ਦੇ ਕੇ, "ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵੀਚਾਰਿ" (ਪੰ: ੬੪੬) ਅਨੁਸਾਰ ਸੰਪੂਰਣ ਗੁਰਬਾਣੀ ਰਚਨਾ ਦਾ ਅੰਗ ਬਣਾਇਆ।

੪. ਹੋਰ ਤਾਂ ਹੋਰ, ਬਾਣੀ ਚੱਲ ਰਹੀ ਸੀ ਕਬੀਰ ਜੀ ਦੀ, ਉਸੇ ਪ੍ਰਵਾਹ `ਚ ਪੰਜਵੇਂ ਪਾਤਸ਼ਾਹ ਨੇ, ਵਿਸ਼ੇ ਨੂੰ ਸਪਸ਼ਟ ਕਰਣ ਲਈ ਪੰਨਾ ੩੨੬ `ਤੇ "ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫" ਅਨੁਸਾਰ ਇੱਕ ਬੰਦ ਆਪਣੇ ਵੱਲੋਂ ਜੋੜਿਆ। ਇਸੇ ਲੜੀ `ਚ ਗੱਲ ਕਰਦੇ ਹਾਂ ਕਿ ਸਲੋਕ ਚੱਲ ਰਹੇ ਹਨ ਕਬੀਰ ਜੀ ਅਤੇ ਫ਼ਰੀਦ ਸਾਹਿਬ ਦੇ, ਪਰ ਲੋੜ ਅਨੁਸਾਰ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਸਮੇਂ ਉਨ੍ਹਾਂ ਦੇ ਵਿੱਚ-ਵਿੱਚ ਪਹਿਲੇ ਤੇ ਤੀਜੇ ਪਾਤਸ਼ਾਹ ਦੇ ਸਲੋਕ ਵੀ ਆਪ ਜੋੜੇ ਹੋਏ ਹਨ।

੫."ਚਰਣ ਪਾਹੁਲ" ਰਾਹੀਂ ਗੁਰੂ ਕੀਆਂ ਸੰਗਤਾਂ ਨੂੰ "ਗੁਰਬਾਣੀ ਦੇ ਚਰਣਾਂ ਨਾਲ ਜੋੜਣ ਅਥਵਾ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦਾ ਆਰੰਭ" ਗੁਰੂ ਨਾਨਕ ਪਾਤਸ਼ਾਹ ਨੇ ਆਪ ਕੀਤਾ ਸੀ। ਓਦੋਂ ਇਸ ਦਾ ਢੰਗ ਹੁੰਦਾ ਸੀ, ਕਿਸੇ ਬਰਤਨ `ਚ ਜਲ ਲੈ ਕੇ "ਗੁਰਬਾਣੀ ਦਾ ਪਾਠ ਕਰਣ’ ਉਪ੍ਰੰਤ" ਉਹ ਜਲ ਜਗਿਆਸੂ ਨੂੰ ਛਕਾਅ ਦੇਣਾ। ਇਸ ਤਰ੍ਹਾਂ ਜਗਿਆਸੂ ਕੋਲੋਂ ਜੀਵਨ ਭਰ ਗੁਰਬਾਣੀ ਦੀ ਆਗਿਆ `ਚ ਜੀਵਨ ਜੀਊਣ ਦਾ ਪ੍ਰਣ ਲੈਣਾ। ਜਦਕਿ ਜਗਿਆਸੂ ਨੂੰ ਗੁਰਬਾਣੀ ਦੇ ਚਰਣਾ ਨਾਲ ਜੋੜਣ ਵਾਲਾ ਇਹ ਢੰਗ ਲਗਾਤਰ ੨੪ ਸਾਲ (ਸੰਨ ੧੬੬੫ ਤੋਂ ਸੰਨ ੧੬੯੯) ਦਸਮੇਸ਼ ਜੀ ਨੇ ਵੀ ਵਰਤਿਆ ਸੀ।

੬. ਉਪ੍ਰੰਤ "ਵਿਸਾਖੀ ਸੰਨ ੧੬੯੯" ਨੂੰ ਦਸਮੇਸ਼ ਜੀ ਨੇ "ਗੁਰੂ ਕੀਆਂ ਸੰਗਤਾਂ" ਨੂੰ ਗੁਰਬਾਣੀ ਦੇ ਚਰਣਾਂ ਨਾਲ ਜੋੜਣ ਅਥਵਾ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੇ ਉਸੇ ਢੰਗ ਨੂੰ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਰਾਹੀਂ" ਖੰਡੇ ਦੀ ਪਾਹੁਲ ਛਕਾ ਕੇ "ਗੁਰੂ ਕੀਆਂ ਸੰਗਤਾਂ" ਨੂੰ ਗੁਰਬਾਣੀ ਦੇ ਚਰਣਾਂ ਨਾਲ ਜੋੜਣ ਅਥਵਾ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੇ ਢੰਗ `ਚ ਤਬਦੀਲ ਕਰ ਦਿੱਤਾ। ਜਦਕਿ ਵਿਸਾਖੀ ਸੰਨ ੧੬੯੯ ਤੋਂ ਬਾਅਦ "ਖੰਡੇ ਦੀ ਪਾਹੁਲ ਵਾਲਾ ਢੰਗ ਹੀ ਸਦੀਵ ਕਾਲੀਨ ਹੈ।

੭. ਗੁਰਬਾਣੀ ਦੀ ਰਚਨਾ ਅਤੇ ਗੁਰਬਾਣੀ ਨੂੰ ਇਕਤ੍ਰ ਕਰਣ ਦਾ ਕਾਰਜ ਅਰੰਭ ਤਾਂ ਕੀਤਾ ਸੀ ਪਹਿਲੇ ਪਾਤਸ਼ਾਹ ਨੇ ਪਰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਉਸ "ਅੱਖਰ ਰੂਪ -ਸ਼ਬਦ ਗੁਰੂ" ਨੂੰ ਸਦੀਵ ਕਾਲ ਲਈ ਗੁਰਤਾ ਗੱਦੀ ਪ੍ਰਦਾਨ ਕੀਤੀ ਅਤੇ ਗੁਰਬਾਣੀ ਰਚਨਾ ਦੀ ਸੰਪ੍ਰੂਣਤਾ ਦਾ ਐਲਾਨ ਕੀਤਾ, ਗੁਰੂ ਨਾਨਕ ਪਾਤਸ਼ਾਹ ਦੇ ਦਸਵੇਂ ਸਰੂਪ, ਗੁਰੂ ਗਬਿੰਦ ਸਿੰਘ ਜੀ ਨੇ। ਅਜਿਹਾ ਹੱਕ ਵੀ "ਗੁਰੂ ਨਾਨਕ ਜੋਤ" ਤੋਂ ਬਾਹਿਰ ਨਾ ਕਿਸੇ ਕੋਲ ਹੈ ਸੀ ਅਤੇ ਨਾ ਕਦੇ ਹੋਵੇਗਾ ਹੀ।

੮. (i) ਗੁਰੂ ਕੀਆਂ ਸੰਗਤਾਂ ਨੂੰ "ਚਰਣ ਪਾਹੁਲ ਰਾਹੀ" "ਗੁਰਬਾਣੀ ਗੁਰੂ" ਦੇ ਚਰਣਾਂ ਨਾਲ ਜੋੜਣ ਵਾਲੀ ਪਰੀਪਾਟੀ ਦਾ ਆਰੰਭ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਨੇ। ਉਪ੍ਰੰਤ "ਵਿਸਾਖੀ ੧੬੯੯" ਨੂੰ ਅਚਣਚੇਤ ਦਸਮੇਸ਼ ਜੀ ਨੇ "ਨੰਗੀ ਤਲਵਾਰ ਦੀ ਧਾਰ `ਤੇ" ਸੰਗਤਾਂ ਦੀ ਪ੍ਰੀਖਿਆ ਲੈ ਕੇ, ਗੁਰੂ ਕੀਆਂ ਸੰਗਤਾਂ ਨੂੰ "ਖੰਡੇ ਦੀ ਪਾਹੁਲ" `ਚ ਬਦਲ ਕੇ "ਗੁਰਬਾਣੀ ਗੁਰੂ" ਦੇ ਚਰਣਾਂ ਨਾਲ ਜੋੜਣ ਵਾਲੇ ਚਲਦੇ ਆ ਰਹੇ "ਚਰਣ ਪਾਹੁਲ" ਵਾਲੇ ਨਿਯਮ ਨੂੰ ਸਦੀਵ ਕਾਲ ਲਈ ਸਮਾਪਤ ਕਰ ਦਿੱਤਾ, ਤਾਂ ਕਿਉਂ?

() "ਗੁਰੂ ਦੀਆਂ ਰਮਜ਼ਾਂ ਗੁਰੂ ਹੀ ਜਾਣੇ" "ਗੁਰੂ ਕੀਆਂ ਸੰਗਤਾਂ" ਨੂੰ ਗੁਰਬਾਣੀ ਦੇ ਚਰਣਾਂ ਨਾਲ ਜੋੜਣ ਵਾਲੇ ਉਸੇ ਕਾਰਜ ਨੂੰ ਅੱਜ ਕਲਗੀਧਰ ਜੀ ਨੇ ਸਦੀਵ ਕਾਲ ਲਈ "ਖੰਡੇ ਦੀ ਪਾਹੁਲ ਪ੍ਰਾਪਤ" "ਪੰਜ ਪਿਆਰਿਆਂ ਦੇ ਸੁਪੁਰਦ ਕਰ ਦਿੱਤਾ"। ਕਿਉਂਕਿ ਸਿਵਾਏ ਗੁਰੂ ਨਾਨਕ ਜੋਤ, ਦਸਮੇਸ਼ ਜੀ ਦੇ ਓਦੋਂ ਕੋਈ ਵੀ ਨਹੀਂ ਸੀ ਜਾਣ ਸਕਦਾ ਕਿ ਸੰਸਾਰ ਤਲ `ਤੇ "ਸੰਨ ੧੪੬੯, ਗ੍ਰੁਰੂ ਨਾਨਕ ਸਾਹਿਬ ਦੇ ਰੂਪ `ਚ", "ਸ਼ਬਦ ਗੁਰੂ" ਨੂੰ "ਅੱਖਰ ਰੂਪ" `ਚ ਪ੍ਰਗਟ ਕਰਣ ਵਾਲੀ ਧੁਰੌਂ ਸਥਾਪਤ ਸਰੀਰ ਗੁਰੂ" ਵਾਲੀ ਜ਼ਿਮੇਵਾਰੀ ਦੇ ਸਮਾਪਤ ਹੋਣ ਵਾਲਾ ਸਮਾਂ (੬ ਅਕਤੂਬਰ ੭੦੮ ਨੂੰ) ਬਹੁਤ ਨੇੜੇ ਆ ਰਿਹਾ ਸੀ।

(i) ਇਤਿਹਾਸ `ਚ ਜ਼ਿਕਰ ਆਉਂਦਾ ਹੈ, ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਦੇ ਚਰਣਾਂ ਨਾਲ ਜੋੜਣ ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲਾ ਕਾਰਜ "ਖੰਡੇ ਦੀ ਪਾਹੁਲ ਪ੍ਰਾਪਤ" "ਪੰਜ ਪਿਆਰਿਆਂ ਦੇ ਸੁਪੁਰਦ ਕਰਣ ਤੋਂ ਇੱਕ ਦੰਮ ਬਾਅਦ, ਦਸਮੇਸ਼ ਜੀ ਘੜੇ `ਚ ਜਲ ਭਰਵਾਇਆ। ਉਸ `ਤੇ ਗੁਰਬਾਣੀ ਪਾਠ ਕੀਤਾ ਉਪ੍ਰੰਤ ਭਾਈ ਜੀਵਨ ਸਿੰਘ ਜੀ ਹੁਕਮ ਕੀਤਾ ਕਿ ਇਸ ਘੜੇ ਨੂੰ ਤੋੜ ਦਿੱਤਾ ਜਾਵੇ। ਇਸ ਤਰ੍ਹਾਂ ਕਲਗੀਧਰ ਜੀ ਨੇ ਸਪਸ਼ਟ ਕਰ ਦਿੱਤਾ ਕਿ ਅੱਜ ਤੋਂ ਬਾਅਦ ਗੁਰਬਾਣੀ ਦੇ ਚਰਣਾ ਨਾਲ ਜੁੜਣ ਤੇ ਸਿੱਖ ਧਰਮ `ਚ ਪ੍ਰਵੇਸ਼ ਕਰਣ ਦਾ ਇਕੋ-ਇਕ ਢੰਗ "ਖੰਡੇ ਦੀ ਪਾਹੁਲ ਪ੍ਰਾਪਤ" "ਪੰਜ ਪਿਆਰਿਆਂ ਪਾਸੋਂ ਖੰਡੇ ਦੀ ਪਾਹਲ ਲੈਣੀ" ਹੀ ਹੈ ਇਸ ਤੋਂ ਛੁੱਟ ਹੋਰ ਕੋਈ ਵੀ ਢੰਗ ਪ੍ਰਵਾਣ ਨਹੀਂ।

੯. ਗੁਰਬਾਣੀ ਦੇ ਚਰਣਾਂ ਨਾਲ ਜੋੜਣ ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੇ ਪਹਿਲੇ ਪਾਤਸ਼ਾਹ ਤੋਂ ਚਲਦੇ ਆ ਰਹੇ "ਚਰਣ ਪਾਹੁਲ" ਵਾਲੇ ਢੰਗ ਨੂੰ ਦਸਮੇਸ਼ ਜੀ ਨੇ ਜਦੋਂ ਅਚਣਚੇਤ "ਵਿਸਾਖੀ ੧੬੯੯" ਨੂੰ "ਖੰਡੇ ਦੀ ਪਾਹੁਲ" `ਚ ਬਦਲਿਆ, ਤਾਂ "ਗੁਰਗੱਦੀ ਦੇ ਵਾਰਿਸ" ਬਲਕਿ "ਨਾਨਕ ਜੋਤ" ਹੋਣ ਦੇ ਬਾਵਜੂਦ, ਦਸਮੇਸ਼ ਜੀ ਨੇ, ਖੰਡੇ ਦੀ ਪਾਹੁਲ ਪ੍ਰਾਪਤ ਕਰਕੇ "ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲੇ ਨਵੇਂ ਢੰਗ ਦਾ ਅਰੰਭ ਵੀ ਆਪਣੇ ਆਪ ਤੋਂ ਕੀਤਾ। ਉਸ ਦੇ ਨਾਲ-ਨਾਲ ਦਸਮੇਸ਼ ਜੀ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਵੀ "ਗੋਬਿੰਦ ਰਾਏ" ਤੋਂ "ਗੋਬਿੰਦ ਸਿੰਘ" ਕਰ ਲਿਆ।

੧੦. ਇਸ ਦੇ ਨਾਲ ਕਲਗੀਧਰ ਜੀ ਨੇ ਸੰਸਾਰ ਤਲ ਦੀਆਂ ਸਮੂਚੀਆਂ ਗੁਰੂ ਕੀਆਂ ਸੰਗਤਾਂ ਨੂੰ ਵੀ ਨਵੇਂ ਸਿਰਿਓਂ "ਖੰਡੇ ਦੀ ਪਾਹੁਲ ਲੈ ਕੇ ਸਿੱਖ ਦਰਮ `ਚ ਪ੍ਰਵੇਸ਼ ਕਰਣ, ਵੀਰਾਂ ਨੂੰ ਆਪਣੇ ਨਾਵਾਂ ਪਿਛੇ "ਸਿੰਘ" ਤੇ ਬੀਬੀਆਂ ਨੂੰ "ਕੌਰ" ਲਗਾਉਣ ਵਾਲਾ ਆਦੇਸ਼ ਵੀ ਜਾਰੀ ਕਰ ਦਿੱਤਾ। ਇਸ ਤਰ੍ਹਾਂ ਗੁਰਦੇਵ ਨੇ ਸੰਸਾਰ ਭਰ ਦੀਆਂ ਗੁਰੂ ਕੀਆਂ ਸੰਗਤਾਂ ਨੂੰ "ਸਿੰਘ ਤੇ ਕੌਰ" ਵਾਲਾ ਅਤੀ ਸੁੰਦਰ ਪ੍ਰਵਾਰਕ ਰੂਪ ਬਖ਼ਸ਼ਿਆ ਤੇ ਨਾਲ ਹੀ ਵਿਪ੍ਰਣ ਤੇ ਅਣਮੱਤੀ ਜਾਤਾ ਗੋਤਾਂ ਵਾਲੀ ਜਿਲਣ ਚੌਂ ਵੀ ਪੰਥ ਨੂੰ ਕੱਢਿਆ।

੧੧."ਵਿਸਾਖੀ ੧੬੯੯" ਖੰਡੇ ਦੀ ਪਾਹੁਲ ਵਾਲੇ ਸਮਾਗਮ ਸਮੇ ਦਸਮੇਸ਼ ਜੀ ਨੇ ਗੁਰੂ ਕੇ ਸਿੱਖਾਂ ਨੂੰ "ਖ਼ਾਲਸੇ" ਦੇ ਲਕਬ ਨਾਲ ਵੀ ਨਿਵਾਜਿਆ ਅਤੇ ਸੰਸਾਰ ਭਰ ਦੀਆਂ "ਗੁਰੂ ਕੀਆਂ ਸੰਗਤਾਂ" ਨੂੰ ਆਪਸੀ ਮਿਲਾਪ ਲਈ "ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਵਾਲਾ ਬੋਲਾ ਵੀ ਪ੍ਰਦਾਨ ਕੀਤਾ।

੧੨. ਪਹਿਲੇ ਜਾਮੇ ਤੋਂ "ਚਰਣ ਪਾਹੁਲ" ਉਪ੍ਰੰਤ ਦਸਵੇ ਜਾਮੇ ਸਮੇ "ਖੰਡੇ ਦੀ ਪਾਹੁਲ" ਵਾਲੀ ਤਬਦੀਲੀ। ਉਂਜ ਪਹਿਲੇ ਜਾਮੇ ਤੋਂ ਹੀ ਗੁਰੂ ਕੀਆਂ ਸੰਗਤਾਂ ਨੂੰ "ਚਰਣ ਪਾਹੁਲ" ਲੈਣ ਸਮੇਂ "ਸੰਪੂਰਣ ਕੇਸਾਧਾਰੀ ਸਰੂਪ `ਚ ਕਾਇਮ ਰਹਿਣ", "ਕੇਸਾਂ ਦੀ ਸਫ਼ਾਈ ਤੇ ਸੰਭਾਲ ਲਈ ਕੇਸਾਂ `ਚ ਹਰ ਸਮੇ ਕੰਘਾ ਸਜਾਉਣ", ਦਸਤਾਰਧਾਰੀ, ਤੇ ਕਛਿਹਰਾਧਾਰੀ ਵੀ, ਉਪ੍ਰੰਤ ਛੇਵੇਂ ਜਾਮੇ ਤੋਂ ਸ਼ਸਤ੍ਰ ਧਾਰੀ ਰਹਿਣ ਵਾਲੇ ਆਦੇਸ਼ ਵੀ, ਅਜਿਹੇ ਸਾਰੇ ਆਦੇਸ਼ ਲਾਗੂ ਕਰਣੇ "ਗੁਰੂ ਨਾਨਕ ਜੋਤ" ਦੀ ਸੀਮਾਂ `ਚ ਹੀ ਆਉਂਦੇ ਹਨ।

੧੩. ਇਸ ਤਰ੍ਹਾਂ ਕੁਲ਼ ਮਿਲਾ ਕੇ ਚਲਦੇ ਆ ਰਹੇ ਚਾਰ ਕਕਾਰਾਂ ਦੀ ਰਹਿਤ ਨਾਲ, ਉਨ੍ਹਾਂ `ਚੋਂ ਸ਼ਸਤ੍ਰ ਨੂੰ ਬਾਕਾਇਦਾ ਕ੍ਰਿਪਾਨ ਦੇ ਨਾਮ ਨਾਲ ਉਜਾਗਰ ਕਰਣਾ ਅਤੇ ਗੁਰਬਾਣੀ ਦੇ ਦਾਇਰੇ `ਚ ਰਹਿਣ ਦੇ ਪ੍ਰਤੀਕ ਵਜੋਂ, ਸਿੱਖ ਨੂੰ "ਕੜੇ" ਰਾਹੀਂ ਚੇਤਾਵਣੀ ਦੇ ਕੇ "ਖੰਡੇ ਦੀ ਪਾਹੁਲ ਪ੍ਰਾਪਤ ਵੀਰ ਤੇ ਬੀਬੀ ਲਈ "ਕੇਸ, ਕੰਘਾਂ, ਕੜਾ, ਕ੍ਰਿਪਾਨ ਤੇ ਕਛਿਹਰਾ" ਵਾਲੇ ਪੰਜ ਕਕਾਰੀ ਨਿਯਮਿਤ ਸਰੂਪ `ਚ ਉਜਾਗਰ ਕਰਣਾ, ਅਜਿਹੀ ਜੁਗਤ ਨੂੰ ਸਥਾਪਤ ਕਰਣਾ ਵੀ "ਗੁਰੂ ਨਾਨਕ ਜੋਤ" ਦਸ ਪਾਤਸ਼ਾਹੀਆਂ ਤੇ ਪ੍ਰਕਰਣ ਅਨੁਸਾਰ ਦਸਮੇਸ਼ ਜੀ ਦੀ ਸੀਮਾਂ `ਚ ਹੀ ਆਉਂਦਾ ਹੈ।

੧੪. (i) ਇਸ ਲੜੀ `ਚ, ਇਹ ਵਿਸ਼ਾ ਵੀ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਜਦੋਂ ਦਸਮੇਸ਼ ਜੀ ਨੇ ਆਪ, "ਆਦਿ ਬੀੜ" `ਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਦਰਜ ਕਰਵਾ ਕੇ, ਅਤੇ "੬ ਅਕਤੂਬਰ ਸੰਨ ੧੭੦੮" ਨੂੰ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ", "ਅੱਖਰ ਰੂਪ, ਸ਼ਬਦ-ਗੁਰੂ" ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ ਗੁਰਗੱਦੀ ਸੌਪ ਦਿੱਤੀ, ਜਿਹੜਾ ਕਿ ਆਪਣੇ ਆਪ `ਚ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸਪਸ਼ਟ ਗੁਰਬਾਣੀ ਰਚਨਾਂ ਦੀ ਸੰਪੂਰਣਤਾ ਦਾ ਐਲਾਨ ਵੀ ਸੀ। ਤਾਂ:-

() "ਗੁਰੂ ਨਾਨਕ ਜੋਤ" ਹੋਣ ਦੇ ਨਾਤੇ ਜੇ ਕਲਗੀਧਰ ਜੀ ਚਾਹੁੰਦੇ ਤਾਂ ਉਸ ਤੋਂ ਪਹਿਲਾਂ ਗੁਰਬਾਣੀ ਰਚਨਾ `ਚ ਕੁੱਝ ਆਪਣੀਆਂ ਰਚਨਾਵਾਂ ਵੀ ਚੜ੍ਹਵਾ ਸਕਦੇ ਸਨ। ਬਲਕਿ ਉਨ੍ਹਾਂ ਕੋਲ ਤਾਂ "ਨਾਨਕ ਪਦ" ਵਰਤਣ ਦਾ ਵੀ ਪੂਰਾ-ਪੂਰਾ ਹੱਕ ਸੀ। ਜੇ ਉਹ ਵੀ ਨਹੀਂ ਤਾਂ ਗੁਰਦੇਵ ਕਿਸੇ ਨਿਵੇਕਲੇ ਢੰਗ ਨਾਲ, ਜਿਵੇਂ ਪੰਜਵੇ ਪਾਤਸਾਹ ਨੇ "ਭੱਟਾਂ ਦੇ ਸਵਯੈ", "ਸਤਾ ਤੇ ਬਲਵੰਡ ਜੀ ਦੀ ਵਾਰ" ਜਾਂ ਭਗਤ ਸੁੰਦਰ ਜੀ ਦੀ ਰਚਨਾ ਨੂੰ "ਸਦੁ ਬਾਣੀ" ਵਾਲਾ ਸਿਰਲੇਖ ਦੇ ਕੇ ਚੜ੍ਹਾਇਆ; ਗੁਰਦੇਵ ਕਿਸੇ ਵੀ ਯੋਗ ਢੰਗ ਨਾਲ ਚੜ੍ਹਾ ਸਕਦੇ ਅਤੇ ਉਨ੍ਹਾਂ ਰਚਨਾਵਾਂ ਨੂੰ ਵੀ ਸਮੁਚੀ ਗੁਰਬਾਣੀ ਦੀ ਬਰਾਬਰੀ ਦੇ ਸਕਦੇ ਸਨ, ਪਰ ਦਸਮੇਸ਼ ਪਿਤਾ ਨੇ ਅਜਿਹਾ ਕੁੱਝ ਨਹੀਂ ਕੀਤਾ ਤਾਂ ਕਿਉਂ? ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ।

(i) ਫ਼ਿਰ ਇਥੇ ਹੀ ਬੱਸ ਨਹੀਂ "੬ ਅਕਤੂਬਰ ਸੰਨ ੧੭੦੮" ਨੂੰ ਸ਼ਾਮਾਂ ਸਮੇਂ "ਅੱਖਰ ਰੂਪ, ਸ਼ਬਦ-ਗੁਰੂ" ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ ਗੁਰਗੱਦੀ ਸੌਪਣ ਤੋਂ ਬਾਅਦ ਅਗ਼ਲੇ ਦਿਨ "੭ ਅਕਤੂਬਰ ਸੰਨ ੧੭੦੮" ਨੂੰ ਸਵੇਰੇ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾ ਗਏ। ਇਸ ਤਰ੍ਹਾਂ ਕਿਸੇ ਸੱਜਣ ਕੋਲ ਇਹ ਦਲੀਲ ਵੀ ਨਹੀਂ ਬਚਦੀ ਕਿ ਦਸਮੇਸ਼ ਜੀ ਦੀਆਂ ਰਚਨਾਵਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਸੌਪਣ ਤੋਂ ਬਾਅਦ ਦੀਆਂ ਹਨ, ਇਸ ਲਈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਨਹੀਂ ਹੋਈਆਂ। (ਚਲਦਾ) #418P-XIIs06.16.02.16#p12

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਬਾਰ੍ਹਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.