.

ਆਦਿ ਪੂਰਨ ਮਧਿ ਪੂਰਨ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 16)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 15 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

ਆਦਿ ਪੂਰਨ ਮਧਿ ਪੂਰਨ ਅੰਤ ਪੂਰਨ ਪਰਮੇਸੁਰਹ।।

(ਵਾਰ ਜੈਤਸਰੀ -ਸਲੋਕ ਮਹਲਾ ੫- ੭੦੫)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਸ਼ਹੀਦਾਂ ਦੇ ਸਿਰਤਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕਾਰਜ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਣ ਕੀਤਾ ਹੋਇਆ ਹੈ ਜੋ ਕਿ ‘ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ` ਦੀ ਪਹਿਲੀ ਪਉੜੀ ਦੇ ਪਹਿਲੇ ਸਲੋਕ ਦੀ ਪਹਿਲੀ ਪਾਵਨ ਤੁਕ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 705 ਉਪਰ ਸੁਭਾਇਮਾਨ ਹੈ। ਇਸ ਪਾਵਨ ਸਲੋਕ ਦੀ ਵਰਤੋਂ ਅਕਸਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਹਿਜ ਪਾਠ, ਅਖੰਡ ਪਾਠ ਦੇ ਮੱਧ ਨਾਲ ਜੋੜ ਕੇ ਕੀਤੀ ਜਾਂਦੀ ਹੈ। ਇਹ ਸਮਝਿਆ ਜਾਂਦਾ ਹੈ ਕਿ ਇਥੇ ਹੁਣ ਪੜੀ ਜਾ ਰਹੀ ਬਾਣੀ ਦਾ ਮੱਧ ਆ ਗਿਆ ਹੈ ਅਤੇ ਹੁਣ ਮੱਧ ਦੀ ਅਰਦਾਸ ਕੀਤੀ ਜਾਣੀ ਹੈ। ਚਲ ਰਹੇ ਅਖੰਡ ਪਾਠ ਦੇ ਦੌਰਾਨ ਹੀ ਪਾਠੀ ਸਿੰਘ ਵਲੋਂ ਚੁੱਪ-ਪਾਠ ਕੀਤਾ ਜਾਣਾ ਸ਼ੁਰੂ ਹੋ ਜਾਂਦਾ ਹੈ ਅਤੇ ਹਾਜ਼ਰ ਪਾਠੀ ਸਿੰਘ ਵਲੋਂ ਪ੍ਰਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਮੱਧ ਦੀ ਅਰਦਾਸ ਆਰੰਭ ਕਰ ਦਿੱਤੀ ਜਾਂਦੀ ਹੈ। ਵਿਚਾਰਣ ਵਾਲਾ ਪੱਖ ਹੈ ਕਿ ਐਸਾ ਕਰਨਾ, ਸੋਚਣਾ, ਸਮਝਣਾ, ਵਾਜਿਬ ਵੀ ਹੈ ਜਾਂ ਨਹੀਂ।

ਬਿਨਾ ਸੋਚੇ-ਸਮਝੇ ਮੱਧ ਵਾਲੀ ਅਰਦਾਸ ਦੀ ਚਲੀ ਆ ਰਹੀ ਪ੍ਰਪਾਟੀ ਨੂੰ ਨਿਭਾਉਣ ਵਾਲਿਆਂ ਨੂੰ ਕਦੋਂ ਸਮਝ ਆਵੇਗੀ, ਕਦੋਂ ਭਰੋਸਾ ਪ੍ਰਪੱਕ ਹੋਵੇਗਾ ਕਿ ਜਦੋਂ ਅਸੀਂ ਪਾਠ ਦੇ ਆਰੰਭ ਵਿੱਚ ਅਰਦਾਸ ਕਰ ਲਈ ਕਿ ਅਰੰਭ ਤੋਂ ਅਖੀਰ ਤੱਕ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ੋ ਤਾਂ ਕੀ ਮੱਧ ਤੱਕ ਜਾਂਦੇ-ਜਾਂਦੇ ਸਾਡਾ ਆਪਣੇ ਵਲੋਂ ਕੀਤੀ ਅਰਦਾਸ ਉਪਰੋਂ ਭਰੋਸਾ ਆਪੇ ਹੀ ਡੋਲ ਗਿਆ ਜਿਸ ਲਈ ਫਿਰ ਅਰਦਾਸ ਕਰਨ ਦੀ ਲੋੜ ਪੈ ਜਾਂਦੀ ਹੈ। ਐਸਾ ਕਰਨਾ ਕਦਾਚਿਤ ਵੀ ਯੋਗ ਨਹੀਂ ਮੰਨਿਆ ਜਾ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਕੁੱਲ ਅੰਕ 1430 ਹਨ, ਜਿਸ ਅਨੁਸਾਰ ਮੱਧ 705 ਦੀ ਥਾਂ ਤੇ 715 ਉਪਰ ਹੋਣਾ ਚਾਹੀਦਾ ਹੈ। ਜੇਕਰ ਸ਼ਬਦਾਂ ਦੀ ਗਿਣਤੀ ਅਨੁਸਾਰ ਗੱਲ ਕਰੀਏ ਤਾਂ ਵਿਚਾਰਵਾਨਾਂ ਦਾ ਮੰਨਣਾ ਹੈ ਕਿ ਇਹ ਮੱਧ ਰਾਗ ਸੂਹੀ ਵਿੱਚ ਜਾ ਕੇ ਬਣਦਾ ਹੈ। ਸਿੱਖ ਰਹਿਤ ਮਰਯਾਦਾ ਅੰਦਰ ਸਹਿਜ (ਸਧਾਰਨ) ਪਾਠ, ਅਖੰਡ ਪਾਠ ਵਾਲੇ ਚੈਪਟਰਾਂ ਨੂੰ ਪੜੀਏ ਤਾਂ ਉਥੇ ਪਾਠ ਦੇ ਆਰੰਭ ਅਤੇ ਸਮਾਪਤੀ ਦੀ ਮਰਯਾਦਾ ਤਾਂ ਦੱਸੀ ਗਈ ਹੈ, ਮੱਧ ਦੀ ਕਿਸੇ ਵੀ ਮਰਯਾਦਾ ਸਬੰਧੀ ਕੋਈ ਜ਼ਿਕਰ ਨਹੀਂ ਹੈ। ਗੁਰਮਤਿ ਮਰਯਾਦਾ ਤਾਂ ਇਹ ਵੀ ਦੱਸਦੀ ਹੈ ਕਿ ਸੰਗਤ ਵਿੱਚ ਇੱਕ ਸਮੇਂ ਇਕੋ ਹੀ ਗੱਲ ਹੋਣੀ ਚਾਹੀਦੀ ਹੈ ਪਾਠ-ਕੀਰਤਨ-ਕਥਾ-ਅਰਦਾਸ ਆਦਿ। ਪਰ ਅਸੀਂ ਚਲ ਰਹੇ ਪਾਠ ਦੌਰਾਨ ਪਾਠੀ ਨੂੰ ਚੁੱਪ ਪਾਠ ਕਰਨ ਲਈ ਕਹਿ ਕੇ ਆਪ ਮੱਧ ਦੀ ਅਰਦਾਸ ਕਰਨ ਲਗ ਪੈਂਦੇ ਹਾਂ, ਕੀ ਇਹ ਅਵੱਗਿਆ ਨਹੀਂ? ਸਭ ਤੋਂ ਵੱਧ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਡੇ ਜਥੇਦਾਰ ਸਾਹਿਬਾਨ ਜਿਹੜੇ ਅਕਸਰ ਹੀ ਆਪਣੇ ਆਕਾਵਾਂ ਦੇ ਇਸ਼ਾਰਿਆਂ ਉਪਰ ਮਰਯਾਦਾ ਦੀ ਪਹਿਰੇਦਾਰੀ ਦਾ ਡੰਡਾ ਫੜ ਕੇ ਮਾਰਣ ਲਈ ਤਤਪਰ ਰਹਿੰਦੇ ਹਨ, ਇਸ ਮਾਮਲੇ ਪ੍ਰਤੀ ਅਜ ਤਕ ਵੀ ਉਨ੍ਹਾਂ ਦੀ ਜਬਾਨ ਨੂੰ ਤਾਲਾ ਹੀ ਕਿਉਂ ਲੱਗਾ ਹੋਇਆ ਹੈ? ਕੌਮ ਨੂੰ ਸੇਧ ਦੇਣ ਦੀ ਜਿੰਮੇਵਾਰੀ ਨਿਭਾਉਣ ਦਾ ਸਭ ਤੋਂ ਪਹਿਲਾ ਫਰਜ਼ ਤਾਂ ਇਨ੍ਹਾਂ ਕੁਰਸੀਆਂ/ ਅਹੁਦਿਆਂ ਦੇ ਕਾਬਜ਼ ਹੋਣ ਵਾਲਿਆਂ ਦਾ ਹੀ ਬਣਦਾ ਹੈ। ਉਹ ਐਸੀ ਜਿੰਮੇਵਾਰੀ ਕਿਉਂ ਨਿਭਾਉਣਗੇ? S.G.P.C ਦੇ ਪ੍ਰਬੰਧ ਹੇਠ ਲਗਭਗ ਸਾਰੇ ਗੁਰਦੁਆਰਿਆਂ ਵਿੱਚ ਬਿਨਾਂ ਸੋਚੇ-ਸਮਝੇ ਚਲ ਰਹੀਆਂ ਅਖੰਡ ਪਾਠਾਂ ਦੀਆਂ ਲੜੀਆਂ (ਜੋ ਆਮਦਨ ਦਾ ਬਹੁਤ ਵੱਡਾ ਸਾਧਨ ਬਣ ਚੁਕਿਆ ਹੈ) ਵਿੱਚ ਵੀ ਇਹ ਕੁੱਝ ਵਾਪਰ ਰਿਹਾ ਪ੍ਰਤੱਖ ਰੂਪ ਵਿੱਚ ਦਿਖਾਈ ਦਿੰਦਾ ਹੈ। ਇਥੇ ਤਾਂ ਇਹੀ ਕਹਿਣਾ ਬਣਦਾ ਹੈ ਕਿ ‘ਕੌਣ ਕਹੈ ਰਾਣੀਏ ਅੱਗਾ ਢੱਕ`।

ਸਿੱਖ ਰਹਿਤ ਮਰਯਾਦਾ ਵਿੱਚ ਸਪਸ਼ਟ ਦਰਜ ਹੈ ਕਿ ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਸਮੇਂ ਕੀਤਾ ਜਾਂਦਾ ਹੈ। ਸਮਝ ਨਹੀਂ ਆਉਂਦੀ ਕਿ ਇਸ ਸਮੇਂ ਸਾਡੀਆਂ ਸੰਗਤਾਂ/ਸੰਸਥਾਵਾਂ/ ਗੁ: ਪ੍ਰਬੰਧਕ ਕਮੇਟੀਆਂ/ ਵੱਖ-ਵੱਖ ਸਿੱਖੀ ਨਾਲ ਸਬੰਧਿਤ ਡੇਰਿਆਂ /S.G.P.C. ਨੂੰ ਕਿਹੜੀ ਭੀੜਾ ਪਈ ਹੋਈ ਹੈ ਅਤੇ ਕੀ ਕਦੀ ਖਤਮ ਵੀ ਹੋਵੇਗੀ? ਲੋੜ ਹੈ ਕਿ ਇਨ੍ਹਾਂ ਪੱਖਾਂ ਉਪਰ ਗਹਿਰ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਜਾਣੇ-ਅਣਜਾਣੇ ਵਿੱਚ ਇਸ ਮਾਰਗ ਉਪਰ ਲਗਾਤਾਰ ਦੇਖਾ ਦੇਖੀ ਹੀ ਚਲੀ ਜਾ ਰਹੀਆਂ ਸੰਗਤਾਂ ਨੂੰ ਯੋਗ ਅਗਵਾਈ ਦਿਤੀ ਜਾਵੇ।

ਵਿਸ਼ਾ ਅਧੀਨ ਪਾਵਨ ਫੁਰਮਾਣ ਨੂੰ ਮੱਧ ਦੀ ਅਰਦਾਸ ਨਾਲ ਜੋੜ ਕੇ ਸਮਝਣ ਵਾਲਿਆਂ ਨੂੰ ਐਸਾ ਕਰਮ ਕਰਨ ਤੋਂ ਪਹਿਲਾਂ ਇਸ ਪੂਰੇ ਸਲੋਕ ਦੀ ਵਿਚਾਰ ਨੂੰ ਸਾਹਮਣੇ ਰੱਖਣ ਦੀ ਜ਼ਰੂਰਤ ਹੈ, ਜਿਸ ਦੁਆਰਾ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ। ਪੂਰਾ ਸਲੋਕ ਅਤੇ ਉਸਦੇ ਅਰਥ ਇਸ ਤਰਾਂ ਹਨ-

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ।।

ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ।। ੧।।

(ਵਾਰ ਜੈਤਸਰੀ- ਸਲੋਕ ਮਹਲਾ ੫-੭ ੦੫)

ਅਰਥ- ਸੰਤ ਜਨ (ਗੁਰਮੁਖ) ਉਸ ਸਰਬ ਵਿਆਪਕ ਪਰਮੇਸ਼ਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ ਵਿਆਪਕ ਹੈ ਤੇ ਅਖੀਰ ਵਿੱਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।

ਉਪਰੋਕਤ ਸਲੋਕ ਦੇ ਪੂਰੇ ਅਰਥਾਂ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਕਿਸੇ ਵੀ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਮੱਧ ਦਾ ਕੋਈ ਜ਼ਿਕਰ ਨਹੀਂ ਹੈ ਸਗੋਂ ਇਥੇ ਤਾਂ ਪ੍ਰਮੇਸ਼ਰ ਦੇ ਸਰਬ ਵਿਆਪਕਤਾ ਵਾਲੇ ਪੱਖ ਦਾ ਵਰਨਣ ਹੈ ਕਿ ਸ੍ਰਿਸ਼ਟੀ ਦੇ ਆਦਿ (ਆਰੰਭ) ਮਧਿ (ਵਿਚਕਾਰ) ਅੰਤਿ (ਸਮਾਪਤੀ) ਤਕ ਹਰ ਸਮੇਂ (ਭੂਤਕਾਲ, ਵਰਤਮਾਨ, ਭਵਿੱਖਕਾਲ) ਅੰਦਰ ਪ੍ਰਮੇਸ਼ਰ ਸਰਵ ਵਿਆਪਕ ਸੀ, ਹੈ ਅਤੇ ਰਹੇਗਾ। ਆਉ ਅਸੀਂ ਆਪਣੀ ਮਨਮਰਜ਼ੀ ਨਾਲ ਗੁਰਬਾਣੀ ਦੇ ਅਰਥ ਕਰਨ ਵਾਲੀ ਦੁਰਵਰਤੋਂ ਕਰਨ ਤੋਂ ਬਚੀਏ ਅਤੇ ਸਹੀ ਅਰਥਾਂ ਵਿੱਚ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਦਾ ਹਿਸਾ ਬਣਾਈਏ। ਇਸੇ ਵਿੱਚ ਹੀ ਸਾਡਾ ਅਤੇ ਸਿੱਖ ਕੌਮ ਦਾ ਭਲਾ ਹੈ।

… … … … …

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.