.

ਭੇਖੀ ਸਾਧਾਂ ਵੱਲੋਂ ਬਿਹੰਗਮ ਸ਼ਬਦ ਦੀ ਗਲਤ ਵਰਤੋਂ

ਅਵਤਾਰ ਸਿੰਘ ਮਿਸ਼ਨਰੀ (5104325827)

ਬਿਹੰਗਮ ਸ਼ਬਦ ਦੇ ਪਿਛੋਕੜ ਵੱਲ ਝਾਤ ਮਾਰਨ ਲਈ ਆਓ ਵੱਖ ਵੱਖ ਵਿਦਵਾਨ ਲਿਖਾਰੀਆਂ ਦੀਆਂ ਲਿਖਤਾਂ ਦੇਖੀਏ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭ੍ਹਾ ਅਨੁਸਾਰ ਬਿਹੰਗਮ ਸੰਸਕ੍ਰਿਤ ਦਾ ਸ਼ਬਦ ਹੈ। ਇਹ ਦੋ ਰੂਪਾਂ ਵਿੱਚ ਲਿਖਿਆ ਜਾਂਦਾ ਹੈ, ਬਿਹੰਗਮ ਅਤੇ ਵਿਹੰਗਮ। ਪਹਿਲਾ ਅਰਥ-ਵਿਹ (ਅਕਾਸ਼) ਹੰਗਮ (ਗਮਨ) ਕਰਨਾ। ਉਹ ਪੰਛੀ ਜੋ ਅਕਾਸ਼ ਵਿੱਚ ਗਮਨ ਕਰੇ, ਭਾਵ ਉਡਾਰੀ ਮਾਰੇ। ਦੂਜਾ ਅਰਥ-ਪੰਛੀ ਜਿਹੀ ਬਿਰਤੀ ਵਾਲਾ ਸਾਧੁ ਭਾਵ ਭਲਾ ਪੁਰਸ਼। ਬਿਹੰਗਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਇੱਕ ਵਾਰ ਇਉਂ ਆਇਆ ਹੈ-ਗਗਾ ਗੁਰ ਕੇ ਬਚਨ ਪਛਾਨਾ॥ ਦੂਜੀ ਬਾਤ ਨ ਧਰਈ ਕਾਨਾ॥ ਰਹੈ ਬਿਹੰਗਮ ਕਤਹਿ ਨ ਜਾਈ॥ ਅਗਹ ਗਹੈ ਗਹਿ ਗਗਨ ਰਹਾਈ॥੯॥(੩੪੦) ਉਹ ਇੱਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ, ਬਿਹੰਗਮ, ਵਿਹੰਗਮ ਇੱਕ ਪੰਛੀ। ਉਹ ਮਨੁੱਖ ਜੋ ਜਗਤ ਵਿੱਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉੱਤੇ ਰਾਤ ਕੱਟ ਕੇ, ਸਵੇਰੇ ਉੱਡ ਜਾਂਦਾ ਹੈ। ਉਸ ਰੁੱਖ ਨਾਲ ਮੋਹ ਨਹੀਂ ਪਾਉਂਦਾ ਅਤੇ ਕਿਸੇ ਹੋਰ ਪਾਸੇ ਨਹੀਂ ਭਟਕਦਾ। 

ਗੁਰੂ ਗ੍ਰੰਥ ਵਿਸ਼ਵਕੋਸ਼ ਦੇ ਲੇਖਕ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਬਿਹੰਗਮ ਸੰਸਕ੍ਰਿਤ ਦੇ ਵਿਹੰਗਮ ਦਾ ਤਦਭਵ ਰੂਪ ਹੈ। ਅਰਥ ਹਨ ਅਕਾਸ਼ ਵਿੱਚ ਗਮਨ ਕਰਨ ਵਾਲਾ ਨਭਚਾਰੀ ਪੰਛੀ। ਭਾਰਤੀ ਸੰਸਕ੍ਰਿਤੀ ਅਨੁਸਾਰ ਬਿਹੰਗਮ ਉਹ ਜੋ ਪੰਛੀ ਵਾਲੀ ਬਿਰਤੀ ਵਾਲਾ ਹੋਵੇ ਅਤੇ ਅਧਿਆਤਮਕ ਪਵਿਤ੍ਰਤਾ ਨੂੰ ਅਰਜਿਤ ਕਰਦਾ ਹੋਇਆ, ਸੰਸਾਰਿਕਤਾ ਪ੍ਰਤੀ ਵਿਰਕਤ ਰਹੇ। ਹਿੰਦੂ ਧਰਮ ਵਿੱਚ ਇਹ ਲੋਕ ਸ਼ਿਵ ਅਤੇ ਰਾਮ ਦੀ ਉਪਾਸ਼ਨਾ ਕਰਦੇ ਹਨ। ਸਿੱਖ ਧਰਮ ਵਿੱਚ ਉਨ੍ਹਾਂ ਸਾਧਕਾਂ ਨੂੰ ਬਿਹੰਗਮ ਕਿਹਾ ਜਾਂਦਾ ਹੈ ਜੋ ਗ੍ਰਿਹਸਤ ਵਿੱਚ ਨਹੀਂ ਪੈਂਦੇ ਅਤੇ ਸੰਸਾਰ ਇਸ਼ਾਵਾਂ ਅਤੇ ਆਸਾਂ ਨੂੰ ਤਿਆਗ ਦਿੰਦੇ ਹਨ। ਇਹ ਲੋਕ ਬਾਣੀ ਪੜ੍ਹਨ, ਨਾਮ ਜਪਣ ਅਤੇ ਸੇਵਾ ਕਰਨ ਵਿੱਚ ਬਹੁਤ ਰੁਚੀ ਰੱਖਦੇ ਹਨ। ਇਨ੍ਹਾਂ ਦੀ ਕੋਈ ਵੱਖਰੀ ਸੰਪ੍ਰਦਾ ਜਾਂ ਡੇਰਾ ਨਹੀਂ ਹੁੰਦਾ। ਇਹ ਗੁਰਮਤਿ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕਿਸੇ ਵੀ ਸੰਪ੍ਰਦਾ ਨਾਲ ਸਬੰਧਤ ਹੋ ਸਕਦੇ ਹਨ। ਵਿਸ਼ੇਸ਼ ਤੌਰ ਤੇ ਨਿਰਮਲ ਸੰਪ੍ਰਦਾਇ ਦੇ ਕੁਝ ਵਿਅਕਤੀ, ਆਪਣੇ ਆਪ ਨੂੰ ਬਿਹੰਗਮ ਅਖਵਾ ਕੇ, ਮਾਨ ਮਹਿਸੂਸ ਕਰਦੇ ਹਨ। ਸੰਗਰੂਰ ਜਿਲ੍ਹੇ ਦੇ ਮਸਤੂਆਣਾ ਧਾਮ ਦੇ ਕਈ ਸਾਧਕ ਆਪਣੇ ਆਪ ਨੂੰ ਬਿਹੰਗਮ ਅਖਵਾਉਂਦੇ ਹਨ।
ਪੰਛੀਆਂ ਵਾਂਗ ਜੋ ਭੋਜਨ ਦਾ ਆਹਾਰ ਕਰੇ ਜੋ ਸੁੱਤੇ ਸਿੱਧ ਮਿਲ ਜਾਵੇ ਜਾਂ ਮੰਗ ਕੇ ਲੈ ਲਵੇ ਉਸ ਤੇ ਨਿਰਬਾਹ ਕਰੇ,
ਉਹ ਬਿਹੰਗਮ ਹੈ।(ਸ੍ਰੀ ਗੁਰੂ ਗ੍ਰੰਥ ਕੋਸ਼ ਗਿਆਨੀ ਹਜਾਰਾ ਸਿੰਘ)

ਬਿਹੰਗ ਦਾ ਅਰਥ ਹੰਗਤਾ ਰਹਿਤ ਹੈ। ਪੁਰਾਤਨ ਨਿਹੰਗ ਸਿੰਘ ਵੀ ਆਪਣੇ ਆਪ ਨੂੰ ਬਿਹੰਗਮ ਅਖਵਾਉਂਦੇ ਸਨ। ਜਿਵੇਂ ਪੰਛੀਆਂ ਦਾ ਕਿਸੇ ਇੱਕ ਥਾਂ ਇੱਕ ਰੁੱਖ ਤੇ ਟਿਕਾਣਾ ਨਹੀਂ ਹੁੰਦਾ, ਇਵੇਂ ਹੀ ਪੁਰਾਤਨ ਜੀਵਨ ਵਾਲੇ ਨਿਹੰਗ ਸਿੰਘਾਂ ਦਾ ਵੀ ਇੱਕ ਥਾਂ ਟਿਕਾਣਾ ਨਹੀਂ ਹੁੰਦਾ ਸੀ, ਉਹ ਵੀ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਪੜਾਅ ਕਰਦੇ ਵਿਚਰਦੇ ਸਨ। ਜਿੰਨ੍ਹਾਂ ਬਾਬਤ ਇਤਿਹਾਸ ਵੀ ਲਿਖਦਾ ਹੈ ਕਿ-ਆ ਗਏ ਨੇ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ॥ ਭਾਵ ਉਹ ਜੋਧੇ ਇੱਜਤ ਆਬਰੂ ਦੇ ਵੀ ਰਾਖੇ ਸਨ। ਅਜੋਕੇ ਲੁਟੇਰੇ ਤੇ ਨਸ਼ਈ ਨਿਹੰਗਾਂ ਬਾਬਤ ਤਾਂ ਲੋਕ ਇਉਂ ਆਖਦੇ ਹਨ-ਆ ਗਏ ਨੇ ਨਿਹੰਗ ਬੂਹੇ ਕਰ ਦਿਓ ਬੰਦ॥ ਖੇਤ ਬਚਾਓ ਦੇ ਕਰ ਲਓ ਪ੍ਰਬੰਧ॥ ਅਜੋਕੇ ਨਕਲੀ ਨਿਹੰਗ ਤਾਂ ਲੋਕਾਂ ਦੀਆਂ ਇਜਤਾਂ ਲੁੱਟਦੇ ਅਤੇ ਫਸਲਾਂ ਵੀ ਉਜਾੜ ਦਿੰਦੇ ਸਨ। ਇਹ ਤਾਂ ਚੰਗੇ ਸਿੱਖ ਖਾੜਕੂਆਂ ਦੇ ਡਰ ਨਾਲ ਹਟੇ ਸਨ।

ਅੱਜ ਕਲ੍ਹ ਡੇਰੇਦਾਰ, ਖਾਸ ਕਰਕੇ ਨਾਨਕਸਰ ਡੇਰੇ ਨਾਲ ਸਬੰਧਤ ਚੋਲਿਆਂ ਵਾਲੇ ਵਿਹਲੜ, ਆਪਣੇ ਆਪ ਨੂੰ ਬਿਹੰਗਮ ਅਖਵਾਉਂਦੇ ਹਨ। ਇਹ ਗ੍ਰਿਹਸਤ ਧਰਮ ਦੇ ਫਰਜਾਂ ਤੋਂ ਭਗੌੜੇ ਹਨ। ਔਰਤ ਮਾਂ ਦੇ ਪੇਟ ਚੋਂ ਪੈਦਾ ਹੋ ਕੇ, ਉਸ ਨੂੰ ਹੀ ਨਿੰਦਦੇ ਹਨ। ਇਹ ਹੱਟੇ ਕੱਟੇ ਡੇਰੇਦਾਰ ਸਾਧ, ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦਿੰਦੇ। ਆਪਣੀਆਂ ਮਾਵਾਂ, ਭੈਣਾਂ ਨੂੰ ਗਲੀਚ ਸਮਝਦੇ ਹਨ। ਇਹ ਲੰਗਰਾਂ ਵਿੱਚ ਤਾਂ ਔਰਤਾਂ ਨੂੰ ਵੜਨ ਨਹੀਂ ਦਿੰਦੇ ਪਰ ਔਰਤਾਂ ਦੇ ਹੱਥਾਂ ਦੇ ਪੱਕੇ ਪਰੌਂਠੇ ਅਤੇ ਵੱਖ ਵੱਖ ਤਰ੍ਹਾਂ ਦੇ ਬਣਾਏ ਪਕਵਾਨ, ਬੜੇ ਚਸਕਿਆਂ ਨਾਲ ਖਾਂਦੇ ਜਰਾ ਜਿੰਨ੍ਹੇ ਵੀ ਨਹੀਂ ਸ਼ਰਮਾਉਂਦੇ। ਇਨ੍ਹਾਂ ਦਾ ਕਹਿਣਾ ਹੈ ਕਿ ਗ੍ਰਿਹਸਤੀ ਗ੍ਰੰਥੀ, ਕੀਰਤਨੀਆਂ, ਪ੍ਰਚਾਰਕ ਡੇਰੇ ਅਤੇ ਸੰਪ੍ਰਦਾ ਦਾ ਮੁਖੀ ਨਹੀਂ ਹੋ ਸਕਦਾ। ਇਹ ਆਪਣੇ ਆਪ ਨੂੰ ਦੂਧਾਧਾਰੀ ਅਖਵਾਉਂਦੇ ਹਨ ਪਰ ਗੁਪਤੀ ਤੌਰ ਤੇ ਪੜਦੇ ਨਾਲ ਸਭ ਕੁਝ ਖਾ ਪੀ ਜਾਂਦੇ ਹਨ-ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥੩॥(੮੭੩)  ਇਹ ਲੋਕ ਇੱਕ ਔਰਤ ਨਾਲ ਵਿਆਹ ਨਹੀਂ ਕਰਵਾਉਂਦੇ ਪਰ ਇਨ੍ਹਾਂ ਦੇ ਡੇਰਿਆਂ ਤੇ ਅਨੇਕਾਂ ਹੀ ਔਰਤਾਂ ਜਾਂਦੀਆਂ ਹਨ। ਇਨ੍ਹਾਂ ਬਾਰੇ ਔਰਤਾਂ ਨਾਲ ਰੰਗ ਰਲੀਆਂ ਦੇ ਕਿੱਸੇ ਮੀਡੀਏ ਵਿੱਚ ਆਏ ਦਿਨ ਛਪਦੇ ਰਹਿੰਦੇ ਹਨ। ਕਈਆਂ ਵਿਰੁੱਧ ਬਲਾਤਕਾਰੀ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ। 
ਇਹ ਰੱਬ, ਗੁਰੂਆਂ ਅਤੇ ਭਗਤਾਂ ਨਾਲੋਂ ਵੀ ਆਪਣੇ ਆਪ ਨੂੰ ਵੱਡੇ ਸਮਝਦੇ ਹੋਏ, ਸੰਤ ਮਹਾਂਪੁਰਖ, ਤੱਤਵੇਤੇ ਅਤੇ ਬ੍ਰਹਮ ਗਿਆਨੀ ਅਖਵਾਉਂਦੇ ਹਨ। ਰੱਬ ਜਿਸ ਨੇ ਸਭ ਨੂੰ ਪੈਦਾ ਕੀਤਾ ਹੈ, ਉਸ ਨਾਲੋਂ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ। ਦੇਖੋ ਰੱਬ ਨੇ ਤਾਂ ਸੰਸਾਰ ਨੂੰ ਅੱਗੇ ਚਲਦਾ ਰੱਖਣ ਲਈ ਔਰਤ ਤੇ ਮਰਦ ਦਾ ਜੋੜਾ ਪੈਦਾ ਕਰਕੇ, ਗ੍ਰਿਹਸਤੀ ਬਣਾਇਆ ਹੈ। ਪੁਰਾਤਨ ਜਿੰਨ੍ਹੇ ਵੀ ਅਵਤਾਰ, ਗੁਰੂ ਪੀਰ ਤੇ ਭਗਤ ਹੋਏ ਹਨ, ਉਹ ਗ੍ਰਿਹਸਤੀ ਸਨ। ਚੱਲੋ ਬਾਕੀ ਧਰਮਾਂ ਵਿੱਚ ਕੁਝ ਵੀ ਹੋਵੇ ਪਰ ਸਿੱਖ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ ਸਾਹਿਬ ਜੀ ਤਾਂ ਉੱਚ ਦਰਜੇ ਦੇ ਗ੍ਰਿਹਸਤੀ ਸਨ। ਭਲਿਓ ਅਸਲ ਵਿੱਚ ਇਹ ਮਜਨੂੰ ਡੇਰੇਦਾਰ ਸਾਧ, ਸਿੱਖ ਧਰਮ ਭਾਵ ਗੁਰਮਤਿ ਦੇ ਵਿਰੋਧੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਿਖਿਆ ਨੂੰ ਛੱਡ ਕੇ, ਆਪੋ ਆਪਣੇ ਮਰੇ, ਮਰਨ ਵਾਲੇ ਅਤੇ ਮਜੂਦਾ ਸੰਤਾਂ ਦੇ ਕਿਸੇ ਕਹਾਣੀਆਂ ਨੂੰ ਵੱਧ ਪ੍ਰਚਾਰਦੇ ਹਨ। ਗੁਰਬਾਣੀ ਇਨ੍ਹਾਂ ਨੂੰ ਸੱਪ ਵਾਂਗ ਲੜਦੀ, ਭੇਖੀ ਸਾਧਾਂ ਦੇ ਕਿਸੇ ਕਹਾਣੀਆਂ ਅਤੇ ਹੋਰ ਗੁਰਮਤਿ ਵਿਰੋਧੀ ਗ੍ਰੰਥ ਇਨ੍ਹਾਂ ਨੂੰ ਪਿਆਰੇ ਲਗਦੇ ਹਨ। ਇਨ੍ਹਾਂ ਵਿੱਚ ਬਿਹੰਗਤਾ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਲੋਭੀ ਲਾਲਚੀ,ਅਜਾਸ਼ੀ ਅਤੇ ਕਾਮੀ ਵੀ ਹਨ। ਇਨ੍ਹਾਂ ਦਾ ਆਪੋ ਆਪਣੇ ਡੇਰਿਆਂ ਅਤੇ ਡੇਰੇਦਾਰ ਸਾਧਾਂ ਨਾਲ ਮੋਹ ਪਿਆਰ ਵੀ ਹੈ। ਇਹ ਆਪੋ ਆਪਣੇ ਡੇਰੇ ਨੂੰ ਪਕੜੀ ਬੈਠੇ ਹਨ। ਜਿਨ੍ਹਾਂ ਗ੍ਰਿਹਸਤੀਆਂ ਨੂੰ ਨਿੰਦਦੇ,
ਉਨ੍ਹਾਂ ਦਾ ਦਿੱਤਾ ਅਤੇ ਤਿਆਰ ਕੀਤਾ ਹੀ ਅਨਾਜ ਖਾਂਦੇ ਹਨ
-ਹੋਇ ਅਤੀਤ ਗ੍ਰਿਹਸਤ ਤਜ ਫਿਰਿ ਉਨਹੂੰ ਕੇ ਘਰਿ ਮੰਗਣ ਜਾਹੀ॥(ਭਾ.ਗੁ) ਇਹ ਬਗਲੇ ਭਗਤ ਆਖੇ ਜਾ ਸਕਦੇ ਹਨ। ਜਿਵੇਂ ਬਗਲਾ ਪਾਣੀ ਵਿੱਚ ਇੱਕ ਲਾਤ ਤੇ ਅਡੋਲ ਖੜ੍ਹ, ਅੱਖਾਂ ਮੀਟ ਕੇ ਡੱਡੀਆਂ ਮੱਛੀਆਂ ਝਪਟਾ ਹੈ। ਇਵੇਂ ਹੀ ਇਹ ਚਿੱਟੇ ਚੋਲੇ ਪਾ, ਹੱਥ ਵਿੱਚ ਮਾਲਾ ਲੈ ਅੱਖਾਂ ਮੀਟ ਕੇ, ਸੰਤ ਭਗਤ ਹੋਣ ਦਾ ਨਾਟਕ ਕਰਦੇ ਹਨ। ਇਹ ਲੋਕ ਡਾਲਾਂ ਸਮੇਤ ਰੁੱਖ ਨੂੰ ਜੜੋ ਪੁੱਟ ਸੁੱਟਦੇ ਹਨ-ਡਾਲਾ ਸਿਉਂ ਪੇਡਾ ਗਟਕਾਵੈ॥ (੪੭੬) ਭਾਵ ਵਹਿਮਾਂ ਭਰਮਾਂ ਮਰਯਾਦਾ ਦੇ ਨਾਂ ਤੇ ਸ਼ਰਧਾਲੂਆਂ ਨੂੰ ਲੁੱਟ ਕੇ, ਆਲੀਸ਼ਾਨ ਡੇਰੇ ਚਲਾਉਂਦੇ ਮੌਜਾਂ ਮਾਣਦੇ ਹਨ। ਹੁਣ ਵੋਟਾਂ ਹੋਣ ਕਰਕੇ, ਸਰਕਾਰੇ ਦਰਬਾਰੇ ਵੀ ਪਹੁੰਚ ਰੱਖਦੇ ਹਨ। ਧਰਮ ਆਗੂਆਂ ਦੀ ਵੀ ਮੁੱਠੀ ਗਰਮ ਕਰਦੇਬ ਹਨ। ਮੁੱਠੀ ਗਰਮ ਕਰਨ ਕਰਕੇ, ਇਨ੍ਹਾਂ ਦੇ ਕੁਕਰਮ ਵੀ ਢੱਕੇ ਰਹਿੰਦੇ ਹਨ। ਹੁਣ ਸਿਆਣੇ ਅਤੇ ਵਿਦਵਾਨ ਪਾਠਕ ਸਮਝ ਗਏ ਹੋਣਗੇ ਕਿ ਬਿਹੰਗਮ ਸਾਧ ਕਾਉਣ ਹੁੰਦੇ ਹਨ? ਬਿਹੰਗਮ ਤਾਂ ਪੰਛੀ ਹਨ ਜੋ ਇੱਕ ਥਾਂ ਨਹੀਂ ਟਿਕਦੇ, ਘਰ ਨਹੀਂ ਬਨਾਉਂਦੇ ਸਗੋਂ ਸੰਸਾਰ ਵਿੱਚ ਵੱਖ ਵੱਖ ਥਾਵਾਂ ਤੇ ਉੱਡਦੇ ਫਿਰਦੇ, ਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਸੋ ਭਲਿਓ ਗੁਰੂ ਗ੍ਰੰਥ ਸਾਹਿਬ ਵਿਖੇ ਆਏ ਸ਼ਬਦਾਂ ਨੂੰ ਅਰਥਾਂ ਅਤੇ ਭਾਵ ਅਰਥਾਂ ਵਿੱਚ ਵਾਚ ਕੇ ਸਮਝਣ ਦੀ ਅਤਿਅੰਤ ਲੋੜ ਹੈ ਨਹੀਂ ਤਾਂ ਭੇਖੀ ਡੇਰੇਦਾਰ ਸਾਧਾਂ ਸੰਤਾਂ ਅਤੇ ਅਖੌਤੀ ਬਿਹੰਗਮਾਂ, ੧੦੮ ਮਹਾਂਪੁਰਖਾਂ ਅਤੇ  ਬ੍ਰਹਮ ਗਿਆਨੀਆਂ, ਅਸਲ ਵਿੱਚ ਭਰਮ ਗਿਆਨੀਆਂ ਤੋਂ ਲੁੱਟ ਖਸੁੱਟ ਦੀ ਮਾਰ ਖਾਦੇ ਹੀ ਰਹਾਂਗੇ। ਇਹ ਸੀ ਬਿਹੰਗਮ ਸ਼ਬਦ ਦੀ ਸਮੀਖਿਆ ਸ਼ਾਇਦ ਜੋ ਆਪ ਜੀ ਦੇ ਸਮਝ ਆ ਗਈ ਹੋਵੇਗੀ। ਹੋਰ ਸ਼ਬਦ ਸਮੀਖਿਆ ਵਾਸਤੇ ਆਪ ਜੀ ਗਿਆਨੀ ਦਲੇਰ ਸਿੰਘ ਜੀ ਜੋਸ਼ ਦੀ ਲਿਖੀ ਪੁਸਤਕ "ਸ਼ਬਦ ਸਮੀਖਿਆ" ਵੀ ਪੜ੍ਹ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਸਿੱਖ ਮਾਰਗ ਡਾਟਕਾਮ ਤੇ ਲੜੀ ਵਾਰ ਛਪਦੀ ਰਹਿੰਦੀ ਹੈ। ਸੋ ਭੇਖੀ ਡੇਰੇਦਾਰ ਸਾਧਾਂ ਸੰਤਾਂ ਵੱਲੋਂ ਬਿਹੰਗਮ ਰਹਿਣ ਦਾ ਢੌਂਗ ਰਚਣਾ ਸਿੱਧਾ ਪਾਖੰਡ ਹੈ, ਗੁਰਮਤਿ ਨਹੀਂ।




.