.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜਿਉਂਦਾ ਹੀ ਮਰਿਆ ਹੋਇਆ

ਗੁਰਬਾਣੀ ਅਰਥਾਂ ਵਿੱਚ ਵਿਕਾਸ ਹੋਇਆ ਹੈ। ਪਹਿਲਾਂ ਪਹਿਲ ਜਦੋਂ ਕੋਈ ਸ਼ਬਦ ਦੀ ਵਿਚਾਰ ਕਰਦਾ ਸੀ ਤਾਂ ਓਦੋਂ ਮਿਥਹਾਸਿਕ ਤੇ ਮਨਘੜਤ ਕਹਾਣੀਆਂ ਸੁਣਾ ਕੇ ਗੁਜ਼ਾਰਾ ਕੀਤਾ ਜਾਂਦਾ ਸੀ। ਇਸ ਨੂੰ ਗੂੜ੍ਹ ਗਿਆਨ ਦੀ ਕਥਾ ਕਿਹਾ ਜਾਂਦਾ ਸੀ। ਕਈ ਵਿਦਵਾਨਾਂ ਵਲੋਂ ਗੁਰਬਾਣੀ ਦੇ ਸ਼ਬਦ ਵਿਚਾਰ ਦੀ ਥਾਂ `ਤੇ ਔਖੇ ਔਖੇ ਸੰਸਕ੍ਰਿਤ ਦੇ ਸਲੋਕਾਂ ਦੀ ਵਿਆਖਿਆ ਸੁਣਾਈ ਜਾਂਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਭਈ ਇਹ ਬੜਾ ਵੱਡਾ ਵਿਦਵਾਨ ਹੈ ਏਹਨੂੰ ਕਿਡੇ ਕਿਡੇ ਔਖੇ ਸਲੋਕ ਜ਼ਬਾਨੀ ਯਾਦ ਹਨ। ਥੋੜਾ ਸਮਾਂ ਪਹਿਲਾਂ ਹੀ ਇੱਕ ਉਚਕੋਟੀ ਦਾ ਕਥਾ ਵਾਚਕ ਆਪਣੀ ਕਥਾ ਵਿੱਚ ਗਾਲਿਬ ਜਾਂ ਹੋਰ ਊਰਦੂ ਸ਼ਾਇਰਾਂ ਦੇ ਸ਼ੇਅਰ ਹੀ ਸਣਾਉਂਦਾ ਰਿਹਾ ਹੈ। ਮਗਰੋਂ ਆਣ ਕੇ ਤਾਂ ਨਰਕਾਂ ਦੇ ਭੂਤ ਪ੍ਰੇਤ ਵੀ ਅਜੇਹੇ ਕਥਾ ਵਾਚਕਾਂ ਦੀ ਕਥਾ ਸੁਣਨ ਆਉਂਦੇ ਰਹੇ ਹਨ। ਆਪਣੀ ਗੱਲ ਨੂੰ ਪੁਖਤਾ ਕਰਨ ਲਈ ਇਹ ਕਹਿਣਾ ਕਿ ਜੇ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਫਲਾਣੇ ਬੰਦੇ ਨੂੰ ਪੁੱਛ ਲਓ, ਉਸ ਨੇ ਆਪਣੇ ਅੱਖੀਂ ਦੇਖਿਆ ਹੈ ਕਿ ਭੂਤ ਬੈਠ ਕੇ ਮੇਰੀ ਕਥਾ ਸੁਣ ਰਹੇ ਸੀ। ਅੰਨ੍ਹੀ ਸ਼ਰਧਾ ਵਾਲਿਆਂ ਕਹੀ ਜਾਣਾ ਬਾਗੁਰੂ ਬਾਗਰੂ। ਭੂਤ ਵੀ ਅਨ੍ਹੀ ਸ਼ਰਧਾ ਵਾਲਿਆਂ ਨੂੰ ਹੀ ਦਿਸਦੇ ਹਨ ਜਾਂ ਝੌਲ਼ੀ ਚੁੱਕਾਂ ਨੂੰ ਦਿਸਦੇ ਰਹੇ ਹਨ। ਕੁੱਝ ਲੋਕ ਤਾਂ ਸਟੇਜ ਦੇ ਪਿੱਛੇ ਬੈਠੇ ਏਦਾਂ ਸਿਰ ਹਿਲਾਉਂਦੇ ਸਨ ਜਿਵੇਂ ਸਪਰਿੰਗ ਵਾਲਾ ਖਿਡਾਉਣਾ ਸਿਰ ਹਿਲਾਉਂਦਾ ਹੈ। ਇਸ ਦਾ ਅਰਥ ਹੈ ਕਿ ਅਜੇਹਿਆਂ ਨੂੰ ਸੰਗਤ ਨਹੀਂ ਦਿਸਦੀ ਸਗੋਂ ਭੂਤ ਹੀ ਦਿਸਦੇ ਸਨ।
ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਅਰਥਾਂ ਨੂੰ ਵਿਆਕਰਣਕ ਢੰਗ ਨਾਲ ਪੇਸ਼ ਕਰਕੇ ਇੱਕ ਨਿਵੇਕਲੀ ਪੈੜ ਕਾਇਮ ਕੀਤੀ ਹੈ। ਉਹਨਾਂ ਨੇ ਗੁਰਬਾਣੀ ਅਰਥਾਂ ਤੇ ਗੁਝੇ ਭੇਦਾਂ ਦਾ ਰਾਹ ਖੋਲ੍ਹਿਆ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਅਜੇ ਹੋਰ ਉਪਰਾਲੇ ਦੀ ਅਗਾਂਹ ਜ਼ਰੂਰਤ ਹੈ। ਥੋੜੇ ਲੋਕ ਹਨ ਜੋ ਅਜੇ ਵੀ ਵਿਆਕਰਣਕ ਅਰਥਾਂ ਦਾ ਵਿਰੋਧ ਕਰਦੇ ਹਨ। ਪਰ ਅੰਦਰ ਖਾਤੇ ਉਹ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਤਿਆਰ ਕੀਤਾ ਹੋਇਆ ਟੀਕਾ ਹੀ ਪੜ੍ਹਦੇ ਹਨ।
ਗੁਰਬਾਣੀ ਵਿੱਚ ਪੁਰਾਣੀਆਂ ਧਾਰਨਾਵਾਂ ਤੇ ਮਿਥਹਾਸਿਕ ਹਵਾਲਿਆਂ ਦਾ ਵੀ ਜ਼ਿਕਰ ਆਉਂਦਾ ਹੈ ਪਰ ਉਹਨਾਂ ਵਿੱਚ ਸਿਧਾਂਤ ਗੁਰਮਤਿ ਦਾ ਹੈ। ਸ਼ਬਦ ਸਲੋਕ ਦੀ ਸਮੁੱਚੀ ਇੱਕ ਲੜੀ ਬਣਦੀ ਹੈ। ਜੇ ਸ਼ਬਦ ਦੇ ਵਿਚਕਾਰ ਧਰਮਰਾਜ ਜਾਂ ਚਉਰਾਸੀ ਲੱਖ ਜੂਨਾਂ ਵਾਲਾ ਸ਼ਬਦ ਆ ਗਿਆ ਤਾਂ ਅਸੀਂ ਇਸ ਨੂੰ ਇੱਕ ਲੜੀ ਵਿੱਚ ਪਰੌਣ ਦੀ ਥਾਂ `ਤੇ ਉਹਨਾਂ ਤੁਕਾਂ ਦੇ ਅਰਥ ਬ੍ਰਾਹਮਣੀ ਮਤ ਵਿੱਚ ਲਬੇੜ ਕੇ ਪੇਸ਼ ਕਰਨ ਨੂੰ ਤਰਜੀਹ ਦੇਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਗੁਰੂ ਅਮਰਦਾਸ ਜੀ ਦੇ ਇੱਕ ਸਲੋਕ ਦੀ ਵਿਚਾਰ ਕਰਾਂਗੇ—
ਸਤਿਗੁਰੁ ਜਿਨੀ ਨਾ ਸੇਵਿਓ, ਸਬਦਿ ਨ ਕੀਤੋ ਵੀਚਾਰੁ।।
ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ।।
ਲਖ ਚਉਰਾਸੀਹ ਫੇਰੁ ਪਇਆ, ਮਰਿ ਜੰਮੈ ਹੋਇ ਖੁਆਰੁ।।
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪ ਕਰਾਏ ਸੋਇ।।
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ, ਕਰਮਿ ਪਰਾਪਤਿ ਹੋਇ।।
ਸਚਿ ਰਤੇ ਗੁਰ ਸਬਦ ਸਿਉ, ਤਿਨ ਸਚੀ ਸਦਾ ਲਿਵ ਹੋਇ।।
ਨਾਨਕ ਜਿਸ ਨੋ ਮੇਲੇ ਨ ਵਿਛੁੜੈ, ਸਹਜਿ ਸਮਾਵੈ ਸੋਇ।। ੧।।
ਸਲੋਕ ਮ: ੩ ਪੰਨਾ ੮੮

ਅੱਖਰੀਂ ਅਰਥ— (ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ, (ਤੇ ਇਸ ਤਰ੍ਹਾਂ) ਹਿਰਦੇ ਵਿੱਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿੱਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ, (ਚੌਰਾਸੀ ਲੱਖ ਜੂਨਾਂ) ਵਿੱਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ। ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ। ਸਤਿਗੁਰੂ ਦੇ ਪਾਸ ‘ਨਾਮ` ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿੱਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇੱਕ ਤਾਰ ਰਹਿੰਦੀ ਹੈ। ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ।
ਵਿਚਾਰ ਚਰਚਾ--ਮੈਨੂੰ ਜਾਤੀ ਤਜਰਬਾ ਹੈ ਕਿ ਜਦੋਂ ਵੀ ਕਦੋਂ ਕਿਸੇ ਮਿਰਤਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਾਂ ਤਾਂ ਓੱਥੇ ਨਰਕ ਸਵਰਗ ਤੇ ਚਉਰਾਸੀ ਲੱਖ ਜੂਨਾਂ ਦਾ ਡਰ ਹੀ ਸੁਣਾਇਆ ਗਿਆ ਹੈ। ਕੁੱਝ ਲੋਕ ਤਾਂ ਏਦਾਂ ਸਣਾਉਂਦੇ ਹਨ ਜਿਵੇਂ ਇਹ ਆਪ ਨਜ਼ਾਰਾ ਅੱਖੀਂ ਦੇਖ ਕੇ ਆਏ ਹੋਣ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪੂਰੀ ਬ੍ਰਾਹਮਣੀ ਮਿੱਥ ਸੰਗਤ ਦੇ ਪੱਲੇ ਪਾਈ ਜਾਂਦੀ ਹੈ। ਮਨੁੱਖਾਂ ਦੇ ਵੱਸ ਵਿੱਚ ਵੀ ਕੁੱਝ ਨਹੀਂ ਹੈ ਕਿਉਂਕਿ ਉਹਨਾਂ ਦੇ ਆਲੇ ਦੁਆਲੇ ਸਿਰਜਣਾ ਹੀ ਏਦਾਂ ਦੀ ਹੋਈ ਹੁੰਦੀ ਹੈ। ਕੁਦਰਤੀ ਫਿਰ ਅਜੇਹੇ ਵਾਤਾਵਰਣ ਦਾ ਪ੍ਰਭਾਵ ਕਬੂਲਿਆ ਜਾਏਗਾ।
ਇਸ ਸਲੋਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਜਿਹੜਿਆਂ ਮਨੁੱਖਾਂ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਸਮਝਿਆ ਨਹੀਂ ਹੈ ਤੇ ਕਦੇ ਸ਼ਬਦ ਦੀ ਵਿਚਾਰ ਵੀ ਨਹੀਂ ਕੀਤੀ ਤੇ ਨਾ ਹੀ ਅੰਤਰ ਆਤਮੇ `ਤੇ ਗਿਆਨ ਹਾਸਲ ਕਰਨ ਦਾ ਕੋਈ ਯਤਨ ਕੀਤਾ ਹੈ ਉਹ ਸੰਸਾਰ ਵਿੱਚ ਅਤਮਿਕ ਤੌਰ `ਤੇ ਮਰੇ ਹੋਏ ਹਨ। ਪਹਿਲੀਆਂ ਦੋ ਤੁਕਾਂ ਵਿੱਚ ਚਾਰ ਵਿਚਾਰ ਸਮਝਾਏ ਗਏ ਹਨ। ਪਹਿਲੀ ਗੱਲ ਜਿੰਨ੍ਹਾਂ ਨੇ ਸਤਿਗੁਰ ਦੀ ਦੱਸੀ ਹੋਈ ਸੇਵਾ ਨਹੀਂ ਕੀਤੀ, ਦੂਜਾ ਸ਼ਬਦ ਦੀ ਵਿਚਾਰ ਨਹੀਂ ਕੀਤੀ, ਤੀਜਾ ਗਿਆਨ ਹਾਸਲ ਕਰਨ ਦਾ ਕੋਈ ਚਾਰਾ ਨਹੀਂ ਕੀਤਾ ਤੇ ਚੌਥਾ ਉਹ ਸਰੀਰਕ ਤਲ਼ `ਤੇ ਜਿਉਂਦਾ ਹੈ ਪਰ ਅੰਤਰ ਆਤਮੇ ਤੇ ਉਹ ਮਰਿਆ ਹੋਇਆ ਹੈ। ਇਹਨਾਂ ਪਹਿਲੀਆਂ ਤੁਕਾਂ ਵਿਚੋਂ ਇਹ ਸਮਝ ਆਉਂਦੀ ਹੈ ਕਿ ਸ਼ਬਦ ਦੀ ਵਿਚਾਰ ਦੁਆਰਾ ਗੁਰੂ ਦਾ ਗਿਆਨ ਹਾਸਲ ਕਰਕੇ ਉਸ ਨੂੰ ਜੀਵਨ ਵਿੱਚ ਧਾਰਨ ਨਹੀਂ ਕੀਤਾ ਉਸ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਇਹਨਾਂ ਤੁਕਾਂ ਦਾ ਸਮਾਜਿਕ ਪੱਖ ਲਿਆ ਜਾਏ ਤਾਂ ਇਸ ਦਾ ਭਾਵ ਅਰਥ ਹੈ ਕਿ ਵਿਦਿਆ ਹਾਸਲ ਕਰਕੇ ਸਮਾਜ ਦੀ ਬੇਹਰਤੀ ਲਈ ਕੁੱਝ ਕਰਨਾ ਹੈ। ਦੂਜਾ ਜੇ ਵਿਦਿਆ ਹਾਸਲ ਕਰਕੇ ਸਹੀ ਦਿਸ਼ਾ ਵਲ ਨੂੰ ਜਾਣ ਦੀ ਬਜਾਏ ਉਸ ਦਾ ਦੁਰ ਉਪਜੋਗ ਕਰ ਰਿਹਾ ਤਾਂ ਉਹ ਵੀ ਮਰਿਆ ਹੋਇਆ ਇਨਸਾਨ ਹੈ। ਮੰਨ ਲਓ ਕਿਸੇ ਡਾਕਟਰ ਨੇ ਵਿਦਿਆ ਹਾਸਲ ਕੀਤੀ ਹੈ ਤੇ ਹੁਣ ਉਹ ਮਰੀਜ਼ਾਂ ਦੀ ਛਿੱਲ ਲਾਹ ਰਿਹਾ ਹੈ ਜਾਂ ਉਹ ਨਕਲੀ ਦਵਾਈਆਂ ਬਣਾ ਰਿਹਾ ਤਾਂ ਉਹ ਮਰੀ ਹੋਈ ਆਤਮਾ ਹੀ ਹੈ। ਸਾਡੇ ਮੁਲਕ ਤੇ ਵਿਕਸਤ ਮੁਲਕਾਂ ਦਾ ਏਹੀ ਫਰਕ ਹੈ। ਉਹ ਵਿਦਿਆ ਹਾਸਲ ਕਰਕੇ ਨਿਯਮਾਂ ਦੇ ਤਹਿਤ ਆਪਣਾ ਕੰਮ ਕਰਦੇ ਹਨ ਪਰ ਸਾਡੇ ਮੁਲਕ ਵਿੱਚ ਧਰਮ ਦੀਆਂ ਰੀਤੀਆਂ ਨਿਭਾਅ ਕੇ ਵੀ ਧਰਮ ਵਾਲੇ ਕੰਮ ਨਹੀਂ ਕਰ ਰਹੇ ਹਨ। ਅਜੇਹਿਆਂ ਮਨੁੱਖਾਂ ਨੂੰ ਗੁਰਬਾਣੀ ਆਖਦੀ ਹੈ –
ਕਰਤੂਤਿ ਪਸੂ ਕੀ ਮਾਨਸ ਜਾਤਿ।।
ਲੋਕ ਪਚਾਰਾ ਕਰੈ ਦਿਨ ਰਾਤਿ।।
ਗੁਰਦੁਆਰਿਆਂ ਵਿੱਚ ਸ਼ਬਦ ਦੀਆਂ ਵਿਚਾਰਾਂ ਹੋ ਰਹੀਆਂ ਹਨ ਪਰ ਨਾਲ ਕਮੇਟੀ ਦੀ ਪ੍ਰਧਾਨਗੀ ਲਈ ਪੱਗਾਂ ਵੀ ਲਹਿ ਰਹੀਆਂ ਹਨ। ਕੀ ਇਹਨਾਂ ਨੂੰ ਕਿਹਾ ਜਾ ਸਕਦਾ ਹੈ ਕਿ ਇਹਨਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਹੈ? ਗੁਰਦੁਆਰੇ ਦੀ ਪ੍ਰਧਾਨਗੀ ਨਹੀਂ ਮਿਲੀ ਤਾਂ ਪ੍ਰਧਾਨ ਇਹਨਾਂ ਚੱਕਰਾਂ ਵਿੱਚ ਪੈ ਜਾਂਦਾ ਹੈ ਕਿ ਹੁਣ ਮੈਂ ਕਿਸ ਤਰ੍ਹਾਂ ਪ੍ਰਧਾਨ ਬਣਨਾ ਹੈ? ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਅਜੇਹਾ ਜਗਾੜ ਫਿੱਟ ਕਰਨ ਵਾਲਾ ਚਉਰਾਸੀ ਦਾ ਹੀ ਗੇੜਾ ਕੱਢ ਰਿਹਾ ਹੈ। ਜਿਉਂਦੇ ਜੀਅ ਚਉਰਾਸੀ ਦੇ ਗੇੜ ਵਿੱਚ ਪਇਆ ਹੋਇਆ ਹੈ।
ਆਤਮਿਕ ਤਲ਼ ਤੇ ਮਰਨ ਤੇ ਚਉਰਾਸੀ ਲੱਖ ਜੂਨ ਦੇ ਗੇੜੇ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਗੁਰ ਉਪਦੇਸ਼ ਨੂੰ ਮੰਨ ਕੇ ਜੀਵਨ ਵਿੱਚ ਢਾਲ ਲਈਏ। ਸਤਿਗੁਰ ਦੀ ਬਾਣੀ ਵਿੱਚ ਅਥਾਹ ਗਿਆਨ ਹੈ ਜਿਸ ਨੂੰ ਅਸੀਂ ਕੇਵਲ ਰਸਮੀ ਪਾਠਾਂ ਵਿੱਚ ਬੰਨ੍ਹ ਕੇ ਰੱਖ ਦਿੱਤਾ ਹੈ। ਅਸੀਂ ਕੇਵਲ ਰੁਮਾਲੇ ਚੜ੍ਹਾਉਣ ਤੀਕ ਸੀਮਤ ਹੋ ਕੇ ਹੀ ਰਹਿ ਗਏ ਹਾਂ। ਇਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਵਾਂਗੇ ਤਾਂ ਸਮਝ ਆਉਂਦੀ ਕਿ ਕਿਸੇ ਹੁਨਰਮੰਦ ਉਸਤਾਦ ਕੋਲੋਂ ਹੁਨਰ ਹਾਸਲ ਕਰਕੇ ਫਿਰ ਉਸ ਦੀ ਵਰਤੋਂ ਕਰਦਿਆਂ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ।
ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਉਸ ਵਿੱਚ ਦੁਬਿਧਾ ਬਹੁਤ ਹੁੰਦੀ ਹੈ। ਦੁਬਿਧਾ ਕਰਕੇ ਅਸੀਂ ਫੈਸਲੇ ਵੀ ਸਹੀ ਨਹੀਂ ਲੈ ਸਕਦੇ। ਗੁਰਦੇਵ ਪਿਤਾ ਜੀ ਇੱਕ ਤਕਨੀਕ ਦਸਦੇ ਹਨ ਕਿ ਬੰਦਿਆ ਜੇ ਤੂੰ ਸੁਰਤੀ ਨਾਲ ਕੰਮ ਕਰਨ ਦਾ ਯਤਨ ਕਰੇਂਗਾ ਤਾਂ ਫਿਰ ਕਦੇ ਵੀ ਤੂੰ ਗਲਤੀਆਂ ਦਾ ਸ਼ਿਕਾਰ ਨਹੀਂ ਹੋਏਂਗਾ। ਇਸ ਦਾ ਇੱਕ ਧਿਆਨ ਰੱਖਣਾ ਹੈ ਕਿ ਤੇਰਾ ਆਸ਼ਾ ਸੱਚ ਦੇ ਅਧਾਰਿਤ ਹੋਵੇ।
ਗੁਰੂ ਸਾਹਿਬ ਜੀ ਨੇ ਇਹ ਖਿਆਲ ਪਰਪੱਕ ਕਰਾਇਆ ਹੈ ਕਿ ਜੇ ਦਿੱਤੇ ਹੋਏ ਤਰੀਕੇ ਦਾ ਇਸਤੇਮਾਲ ਕਰਦਾ ਏਂ ਤਾਂ ਫਿਰ ਕਦੇ ਵੀ ਨਹੀਂ ਵਿਛੜੇਗਾਂ। ਇਸ ਦਾ ਭਾਵ ਅਰਥ ਹੈ ਕਿ ਜੇ ਅਸੀਂ ਸ਼ਬਦ ਨਾਲ ਜੁੜ ਗਏ ਤਾਂ ਫਿਰ ਵਿਕਾਰ ਜਨਮ ਨਹੀਂ ਲੈਣਗੇ। ਜੁੜਿਆ ਹੋਇਆ ਫਿਰ ਕਦੇ ਵੀ ਨਹੀਂ ਟੁਟੇਗਾ।
੧ ਵਰਤਮਾਨ ਜੀਵਨ ਵਿੱਚ ਅਸੀਂ ਚਉਰਾਸੀ ਦੇ ਗੇੜ ਤੋਂ ਬਚਣਾ ਹੈ।
੨ ਅਜੇਹੇ ਕਰਮ ਤੋਂ ਤੋਬਾ ਕਰਨੀ ਹੈ ਜਿਸ ਨਾਲ ਸਾਡੀ ਆਤਮਿਕ ਮੌਤ ਹੋਵੇ।
੩ ਗਿਆਨ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਹਨ ਪਰ ਗਿਆਨ ਲੈਣ ਲਈ ਤਿਆਰ ਨਹੀਂ ਹਾਂ।
੪ ਕਈ ਵਾਰੀ ਬਾਹਰਲਾ ਪਹਿਰਾਵਾ ਦੇਖ ਕੇ ਹੀ ਅਸੀਂ ਭੁਲੇਖਾ ਖਾ ਜਾਂਦੇ ਹਾਂ ਕਿ ਸ਼ਾਇਦ ਇਸ ਨੂੰ ਪੂਰਾ ਗਿਆਨ ਹੋਣਾ ਹੈ।
੫ ਨਿਰੀ ਸਕੂਲੀ ਪੜ੍ਹਾਈ ਦੀ ਗੱਲ ਨਹੀਂ ਕੀਤੀ ਇਸ ਵਿੱਚ ਤਾਂ ਆਤਮਿਕ ਸੂਝ ਦੀ ਗੱਲ ਆਉਂਦੀ ਹੈ। ਵੱਢੀ ਖੋਰ ਅਫ਼ਸਰਾਂ ਪਾਸ ਵੀ ਤਾਂ ਪੂਰੀ ਪੜ੍ਹਾਈ ਹੁੰਦੀ ਹੈ।
੬ ਆਤਮਿਕ ਸੂਝ ਦਾ ਅਰਥ ਹੈ ਸਮਾਜਿਕ, ਧਾਰਮਿਕ ਤੇ ਆਪਣੇ ਨਿੱਜ ਦੀਆਂ ਕਰਦਾਂ ਕੀਮਤਾਂ ਨੂੰ ਸਮਝਣਾ।




.