.

ਪਉੜੀ 36

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥

ਵਿਰਲਾ ਮਨ ਸਤਿਗੁਰ ਦੀ ਮੱਤ ਤੋਂ ਮਿਲੇ ਤੱਤ ਗਿਆਨ ਦਾ ਨਿਘ (ਨੇੜਤਾ) ਮਹਿਸੂਸ ਕਰਦਾ ਹੈ।

ਤਿਥੈ ਨਾਦ ਬਿਨੋਦ ਕੋਡ ਅਨੰਦੁ ॥

ਨਾਦ: ਲਗਾਤਾਰ ਇਕਮਿਕ ਅਵਸਥਾ ਦੀ ਧੁੰਨੀ ਭਾਵ ਸੱਚ ਨਾਲ ਇਕਮਿਕ। ਬਿਨੋਦ: ਰੱਬੀ ਮਿਲਨ ਦਾ ਚਾਵ, ਖੁਸ਼ੀਆਂ। ਕੋਡ: ਝੁਕਾਵ, ਨਿਮਰਤਾ, ਸਮਰਪਣ। ਅਨੰਦ: ਖੇੜਾ, ਵਿਗਾਸ।

ਵਿਰਲੇ ਮਨ ਨੂੰ ਗਿਆਨ ਖੰਡ ਦੀ ਅਵਸਥਾ ਪ੍ਰਾਪਤ ਚੰਗੇ ਖਿਆਲਾਂ ਕਾਰਨ ਅਨੰਦ ਮਹਿਸੂਸ ਹੁੰਦਾ ਹੈ। ਤੱਤ ਗਿਆਨ ਨਾਲ ਲਗਾਤਾਰ ਇਕਮਿਕ ਅਵਸਥਾ (ਨਾਦ) ਪ੍ਰਾਪਤ ਹੋਣ ਕਾਰਨ ਮਨ ਦਾ ਝੁਕਾਉ (ਸਮਰਪਣ, ਕੋਡ) ਸਤਿਗੁਰ ਦੀ ਮੱਤ ਵੱਲ ਲਗਾਤਾਰ ਵੱਧਦਾ ਜਾਂਦਾ ਹੈ।

ਸਰਮ ਖੰਡ ਕੀ ਬਾਣੀ ਰੂਪੁ ॥

ਗਿਆਨ ਖੰਡ ਦੀ ਅਵਸਥਾ ਕਾਰਨ ਵਿਰਲਾ ਮਨ ਸਤਿਗੁਰ ਦੀ ਮੱਤ ਅਧੀਨ ਮਿਹਨਤ, ਉੱਦਮ, ਸ਼ਰਮ ਕਰਕੇ ਨਵਾਂ ਰੂਪ ਭਾਵ ਚੰਗੇ-ਚੰਗੇ ਆਤਮਕ ਗੁਣਾਂ ਨਾਲ ਸ਼ਿੰਗਾਰਿਆ ਜਾਂਦਾ ਹੈ।

ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥

ਸ਼ਰਮ ਖੰਡ ਦੀ ਅਵਸਥਾ ਵਿਚ ਭਾਵ ਵਿਰਲਾ ਮਨ ਸਤਿਗੁਰ ਦੀ ਮੱਤ ਵਲ ਸਮਰਪਿਤ ਹੋਣ ਸਦਕਾ ਵਿਰਲੇ ਮਨ ਅੰਦਰ ਖਿਆਲਾਂ ਦੀ ਸੁੰਦਰਤਾ ਕਾਰਨ ਨਿਖਾਰ ਵਧਦਾ ਜਾਂਦਾ ਹੈ।

ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥

ਪਛੁਤਾਇ: ਜਦੋਂ ਨਿਜਘਰ ਦਾ ਸੁਨੇਹਾ ਵਿਰਲੇ ਮਨ ਨੂੰ ਕਿਹਾ ਜਾਂਦਾ ਹੈ ਤਾਂ ਉਹ ਦ੍ਰਿੜਤਾ ਨਾਲ ਉਸ ਤੇ ਟੁਰ ਪੈਂਦਾ ਹੈ।

ਵਿਰਲਾ ਮਨ ਗੁਣਾਂ ਦੀ ਪ੍ਰਾਪਤੀ ’ਤੇ ਹੰਕਾਰ ਨਹੀਂ ਕਰਦਾ। ਜਦੋਂ ਨਿਜ ਘਰ ਤੋਂ ਸੁਨੇਹਾ ਮਿਲਦਾ ਹੈ ਉਹ ਉਸ ਪਿੱਛੇ ਪੂਰਨ ਤੌਰ ’ਤੇ ਦ੍ਰਿੜ੍ਹਤਾ ਨਾਲ ਤੁਰ ਪੈਂਦਾ ਹੈ। ਵਿਰਲਾ ਮਨ ਜਦੋਂ ਰੱਬੀ ਗੁਣਾਂ ਵਿਚ ਸਮਾ ਜਾਂਦਾ ਹੈ ਤਾਂ ਮਨ ਦੀ ਮੱਤ ਤੋਂ ਕਿਨਾਰਾ ਕਰ ਜਾਂਦਾ ਹੈ।

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥

ਤਿਥੈ: ਸ਼ਰਮ ਖੰਡ ਦੀ ਅਵਸਥਾ ਵਿਚ ਜਦੋਂ ਨਿਜਘਰ ਦੀ ਬਿਬੇਕ ਬੁਧ ਪ੍ਰਾਪਤ ਹੁੰਦੀ ਹੈ ਤਾਂ ਵਿਰਲਾ ਮਨ ਉਸਤੇ ਟੁਰਨ ਦਾ ਸ਼ਰਮ ਕਰਦਾ ਹੈ। ਐਸੀ ਅਵਸਥਾ ਵਿਚ ਸੁਰਤ, ਮੱਤ, ਮਨ ਅਤੇ ਬੁਧ ਕੂੜ ਤੋਂ ਮੁਕਤ ਹੋ ਕੇ ਨਵੇਂ ਘੜੇ ਜਾਂਦੇ ਹਨ।

ਵਿਰਲਾ ਮਨ ਵਿਸਮਾਦਿਤ ਹੰੁਦਾ ਹੈ ਕਿ ਸ਼ਰਮ ਖੰਡ ਦੀ ਅਵਸਥਾ ਵਿਚ ਸੁਰਤਿ, ਮਤਿ, ਮਨਿ, ਬੁਧਿ ਤਰਾਸ਼ੀ ਜਾਂਦੀ ਹੈ। ਜਦੋਂ ਮਨ ਦੀ ਕੂੜ ਉਤਰਦੀ ਹੈ ਤਾਂ ਵਿਰਲੇ ਮਨ ਨੂੰ ਚੰਗੇ ਗੁਣਾਂ ਵਾਲੀ ਉੱਚੀ ਸੁਰਤ, ਉੱਚੀ ਮੱਤ ਅਤੇ ਬਿਬੇਕ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ।

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥36॥

ਸੁਰਾ: ਸਤਿਗੁਰ ਦੀ ਮੱਤ ਦੇ ਸਮੁੰਦਰ ਵਿਚੋਂ ਪ੍ਰਾਪਤ ਰਤਨਾਂ ਵਾਲੀ ਮੱਤ ਜਾਂ ਚੰਗੇ ਗੁਣ। ਸਿਧਾ: ਕਿਸੇ ਚੰਗੇ ਕੰਮ ਦੀ ਕਾਮਯਾਬੀ ਪ੍ਰਾਪਤ ਕਰ ਲੈਣਾ (ਸਿੱਧ ਕਰ ਲੈਣ ਦੀ ਮੱਤ) ਸੁਧਿ: ਕਿਸੇ ਚੰਗੇ ਕੰਮ ਦੀ ਸੋਝੀ (ਬਿਬੇਕ ਬੁਧ ਨਾਲ ਕੂੜ ਛਡ ਕੇ ਚੰਗੇ ਗੁਣਾਂ ਦੀ ਸੋਝੀ ਕਾਰਨ ਦ੍ਰਿੜ ਸੁਭਾ)।

ਵਿਰਲਾ ਮਨ ਸਤਿਗੁਰ ਦੀ ਮੱਤ ਅਧੀਨ ਪ੍ਰਾਪਤ ਬਿਬੇਕ ਬੁੱਧ ਰਾਹੀਂ ਮਹਿਸੂਸ ਕਰਦਾ ਹੈ ਕਿ ਇਹ ਜਾਗਰਿਤ ਮਨ (ਸੁਧਿ) ਦੀ ਕਾਮਯਾਬੀ (ਸਿਧਾ) ਹੀ ਰਤਨ (ਸੁਰਾ) ਦੇ ਤੁੱਲ ਹੈ। ਭਾਵ ਸਤਿਗੁਰ ਦੀ ਮੱਤ ਨਾਲ ਜਿਨ੍ਹਾਂ ਗੁਣਾਂ ਦੀ ਸੋਝੀ (ਸੁਧਿ) ਹੁੰਦੀ ਹੈ, ਉਨ੍ਹਾਂ ਗੁਣਾਂ ਨੂੰ ਸੁਭਾ ’ਚ ਦ੍ਰਿੜ ਕਰਕੇ ਜਿਊਣਾ ਹੀ ਕਾਮਯਾਬੀ (ਸਿੱਧਾ) ਅਤੇ ਰਤਨ (ਸੁਰਾ) ਦੇ ਤੁੱਲ ਹੈ।

ਵੀਰ ਭੁਪਿੰਦਰ ਸਿੰਘ




.