.

ਰਾਮਦਾਸ ਸਰੋਵਰ ਨਾਤੇ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 11)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 10 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

(ਚ) ਰਾਮਦਾਸ ਸਰੋਵਰਿ ਨਾਤੇ

(ਸੋਰਠਿ ਮਹਲਾ ੫-੬੨੫)

ਵਿਚਾਰ:- ਉਪਰੋਕਤ ਵਿਸ਼ਾ ਅਧੀਨ ਪਾਵਨ ਪੰਕਤੀਆਂ ਅਕਸਰ ਹੀ ਪੜੀਆਂ ਸੁਣੀਆਂ ਜਾਂਦੀਆਂ ਹੋਈਆਂ ਸਾਡੇ ਬਹੁ-ਗਿਣਤੀ ਦੇ ਚੇਤਿਆਂ ਵਿੱਚ ਉਕਰੀਆਂ ਹੋਈਆਂ ਹਨ। ਬਹੁਤ ਸਾਰੇ ਰਾਗੀ ਸਿੰਘ ਵੀ ਇਸ ਸ਼ਬਦ ਦਾ ਕੀਰਤਨ ਕਰਦੇ ਸਮੇਂ ਇਨ੍ਹਾਂ ਤੁਕਾਂ ਨੂੰ ਹੀ ਸਥਾਈ ਬਣਾ ਕੇ ਕੀਰਤਨ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਵੀ ਅਕਸਰ ਹੀ ਕੀਰਤਨ ਰੂਪ ਵਿੱਚ ਇਸ ਸ਼ਬਦ ਨੂੰ ਵੱਖ-ਵੱਖ ਰਾਗੀ ਸਾਹਿਬਾਨ ਵਲੋਂ ਲਗਭਗ ਰੋਜ਼ਾਨਾ ਹੀ ਗਾਇਆ ਜਾਂਦਾ ਹੈ ਅਤੇ ਲਾਈਵ ਟੈਲੀਕਾਸਟ ਹੋਣ ਕਾਰਣ ਆਮ ਸੰਗਤਾਂ ਵਿੱਚ ਬਹੁਤ ਪ੍ਰਚਲਿਤ ਹੋ ਚੁਕਾ ਹੈ। ਇਸ ਸ਼ਬਦ ਨੂੰ ਅਕਸਰ ਹੀ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਉਪਰ ਸੁਸ਼ੋਭਿਤ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨਾਲ ਜੋੜ ਕੇ ਵੇਖਦੇ ਹੋਏ ਅਰਥ ਇਹ ਸਮਝੇ ਜਾਂਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਆਰੰਭ ਕਰਾਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸੰਪੂਰਨਤਾ ਤੇ ਇਸ ਸਰੋਵਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਨ ਉਪਰੰਤ ਪੰਚਮ ਪਾਤਸ਼ਾਹ ਵਲੋਂ ਇਸ ਸ਼ਬਦ ਰਾਹੀਂ ਇਹ ਉਪਦੇਸ਼ ਦਿਤਾ ਜਾ ਰਿਹਾ ਹੈ ਕਿ ਰਾਮਦਾਸ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਹੀ ਪਾਪ ਕਰਮ ਖਤਮ ਹੋ ਜਾਂਦੇ ਹਨ ਅਤੇ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਹੈ।

ਕਿਸੇ ਵੀ ਸ਼ਬਦ ਦੀ ਸਹੀ ਵਿਚਾਰ ਤੱਕ ਪਹੁੰਚਣ ਲਈ ਸਾਨੂੰ ਉਸ ਵਿਸ਼ੇ ਸਬੰਧੀ ਗੁਰਮਤਿ ਸਿਧਾਂਤ/ ਫਿਲਾਸਫੀ ਸਬੰਧੀ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ। ਐਸੀ ਜਾਣਕਾਰੀ ਨਾ ਹੋਣ ਤੇ ਅਸੀਂ ਅਕਸਰ ਹੀ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ, ਜਿਵੇਂ ਕਿ ਵਿਸ਼ਾ ਅਧੀਨ ਪੰਕਤੀਆਂ ਦੀ ਵਿਚਾਰ ਪ੍ਰਤੀ ਵੀ ਐਸਾ ਹੀ ਹੋ ਰਿਹਾ ਹੈ।

ਗੁਰਮਤਿ ਵਿਚਾਰਧਾਰਾ ਅਨੁਸਾਰ ਕੇਵਲ ਪਾਣੀਆਂ ਦੇ ਇਸ਼ਨਾਨ ਨਾਲ ਕਿਤੇ ਵੀ, ਕਿਸੇ ਤਰਾਂ ਦੀ ਮੁਕਤੀ ਦੀ ਗੱਲ ਨਹੀਂ ਕੀਤੀ ਗਈ ਹੈ। ਮਨ ਵਿੱਚ ਕਈ ਵਾਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੇਕਰ ਪਾਣੀਆਂ ਦੇ ਇਸ਼ਨਾਨ ਦੀ ਮਾਨਤਾ ਨਹੀਂ ਹੈ ਤਾਂ ਸਤਿਗੁਰੂ ਸਾਹਿਬਾਨ ਨੇ ਬਾਉਲੀਆਂ- ਸਰੋਵਰਾਂ ਦੀ ਰਚਨਾ ਕਿਉਂ ਕੀਤੀ? ਇਸ ਪੱਖ ਨੂੰ ਸਮਝਣ ਲਈ ਸਾਨੂੰ ਗੁਰ - ਇਤਿਹਾਸ ਵਿੱਚ ਸਮੇਂ ਦੇ ਹਾਲਾਤ ਨੂੰ ਦ੍ਰਿਸ਼ਟੀ ਗੋਚਰ ਰੱਖਦੇ ਹੋਏ ਹੱਲ ਲੱਭਣਾ ਪਵੇਗਾ। ਉਸ ਸਮੇਂ ਪਹਿਲੀ ਗੱਲ ਪਾਣੀ ਦੀ ਵੱਡੀ ਘਾਟ ਹੋਣਾ ਵੀ ਇੱਕ ਕਾਰਣ ਸੀ, ਦੂਸਰਾ ਸਨਾਤਨ/ ਇਸਲਾਮ ਮੱਤਾਂ ਅਨੁਸਾਰ ਨੀਚ ਜਾਤੀਆਂ ਦੇ ਪੀਣ -ਇਸ਼ਨਾਨ ਆਦਿਕ ਵਰਤੋਂ ਕਰਨ ਲਈ ਪਾਣੀ ਦੇ ਸੋਮੇ ਵੀ ਵੰਡੇ ਗਏ ਸਨ, ਜੋ ਸਮਾਜਕ ਵਿਤਕਰਿਆਂ ਨੂੰ ਹੋਰ ਵਧਾਉਣ ਦਾ ਕਾਰਣ ਬਣਦੇ ਸਨ। ਪੁਰਾਤਨ ਬਜ਼ੁਰਗ ਦਸਦੇ ਹੁੰਦੇ ਸਨ ਕਿ 1947 ਤੋਂ ਪਹਿਲਾਂ ਰੇਲਵੇ ਸਟੇਸ਼ਨਾਂ ਆਦਿ ਸਾਂਝੀਆਂ ਥਾਂਵਾਂ ਉਪਰ ਵੱਖ-ਵੱਖ ਪਿਆਉ ਹੁੰਦੇ ਸਨ, ਜਿਨ੍ਹਾਂ ਉਪਰ ਹਿੰਦੂ ਪਾਣੀ-ਮੁਸਲਿਮ ਪਾਣੀ ਦੇ ਬੋਰਡ ਵੀ ਲਿਖੇ ਹੁੰਦੇ ਸਨ।

ਗੁਰੂ ਸਾਹਿਬਾਨ ਦੇ ਸਾਹਮਣੇ ਇਹ ਸਭ ਕੁੱਝ ਪ੍ਰਤੱਖ ਸੀ। ਮਨੁੱਖਤਾ ਦੀ ਭਲਾਈ, ਲੋੜਾਂ ਦੀ ਪੂਰਤੀ ਅਤੇ ਸਮਾਜਿਕ ਬਰਾਬਰਤਾ ਦੇ ਹੱਕ ਵਿੱਚ ਖੜੇ ਹੋਣ ਲਈ ਸਤਿਗੁਰਾਂ ਵਲੋਂ ਆਪਣੇ ਨਿਰਧਾਰਤ ਉਦੇਸ਼ਾਂ ਦੀ ਪੂਰਤੀ ਲਈ ਸਾਂਝੀ ਸੰਗਤ, ਸਾਂਝੀ ਪੰਗਤ, ਸਾਂਝੇ ਸਰੋਵਰ, ਇਕੋ ਬਾਟੇ ਵਿਚੋਂ ਬਿਨਾਂ ਕਿਸੇ ਵਿਤਕਰੇ ਦੇ ਅੰਮ੍ਰਿਤ ਦੀ ਦਾਤ ਆਦਿਕ ਵੱਖ-ਵੱਖ ਕਾਰਜਾਂ ਨੂੰ ਬਾਖੂਬੀ ਵਰਤਿਆ ਗਿਆ। ਜਿਸ ਦੁਆਰਾ ਗੁਰੂ ਨਾਨਕ ਸਾਹਿਬ ਵਲੋਂ ਆਰੰਭ ਕੀਤੀ ਗਈ ਸਮਾਜਿਕ ਕ੍ਰਾਂਤੀ ਸ਼ਿਖਰਾਂ ਤੇ ਪੁੱਜ ਗਈ। ਗੁਰੂ ਸਾਹਿਬਾਨ ਨੇ ਜਿਥੇ ਇਨ੍ਹਾਂ ਸਰੋਵਰਾਂ, ਬਾਉਲੀਆਂ ਰਾਹੀਂ ਪਾਣੀ ਦੀ ਘਾਟ ਨੂੰ ਦੂਰ ਕਰਨ ਵਿੱਚ ਹਿਸਾ ਪਾਇਆ, ਉਸ ਦੇ ਨਾਲ-ਨਾਲ ਮੁੱਖ ਤੌਰ ਤੇ ਸਮਾਜਿਕ ਬਰਾਬਰਤਾ ਵਾਲੇ ਪੱਖ ਨੂੰ ਵੀ ਪ੍ਰਪੱਕਤਾ ਦਿੱਤੀ ਗਈ।

ਗੁਰਬਾਣੀ ਅੰਦਰ ਦਰਸਾਏ ਸਿਧਾਂਤਾਂ ਅਨੁਸਾਰ ਸਿੱਖ ਨੇ ਕੇਵਲ ਪਾਣੀ ਦਾ ਇਸ਼ਨਾਨ ਹੀ ਨਹੀਂ ਸਗੋਂ ਨਾਲ ਬਾਣੀ ਦਾ ਇਸ਼ਨਾਨ ਵੀ ਕਰਨਾ ਹੈ, ਇਸ ਪੱਖ ਦੀ ਪੂਰਤੀ ਲਈ ਕੇਵਲ ਸਰੋਵਰ, ਬਾਉਲੀ ਹੀ ਨਹੀਂ, ਉਸ ਦੇ ਨਾਲ ਗੁਰਬਾਣੀ ਦੇ ਪ੍ਰਕਾਸ਼ ਗਿਆਨ ਰੂਪੀ ਸੋਮੇ ਸਤਿਸੰਗ ਦੀ ਸਥਾਪਨਾ ਵੀ ਕੀਤੀ ਗਈ। ਤੀਰਥ ਇਸ਼ਨਾਨ ਦੇ ਵਿਸ਼ੇ ਸਬੰਧੀ ਗੁਰਬਾਣੀ ਅੰਦਰ ਸਪਸ਼ਟ ਫੁਰਮਾਣ ਮਿਲਦੇ ਹਨ-

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ।।

ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ।।

(ਸੋਰਠਿ ਮਹਲਾ ੫-੬੧੧)

ਅਰਥ- ਹੇ ਭਾਈ! ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ। ਕਿਉਂਕਿ ਪ੍ਰਭੂ ਦੀ ਸ਼ਰਨ ਪਿਆਂ ਜੀਵਨ ਦੇ ਰਾਹ ਵਿੱਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣ ਭਾਣੇ ਕਿ ਨਾਇ ਕਰੀ।।

(ਜਪੁ- ੨)

ਅਰਥ- ਮੈਂ ਤੀਰਥ ਉਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪ੍ਰਮਾਤਮਾ ਨੂੰ ਖੁਸ਼ ਕਰ ਸਕਾਂ, ਪਰ ਜੇ ਇਸ ਤਰਾਂ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰਕੇ ਕੀ ਖੱਟਾਂਗਾ।

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ।।

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ।।

(ਆਸਾ ਕਬੀਰ ਜੀ-੪੮੪)

ਅਰਥ- ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ ਪਰ ਨਾਮ ਤੋਂ ਬਿਨਾਂ ਉਹ ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ।।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾਉਗੋ।।

(ਰਾਮਕਲੀ ਨਾਮਦੇਵ ਜੀ-੯੭੨)

ਅਰਥ- ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਨ੍ਹਾਂ ਦੇ ਪਾਣੀ ਵਿੱਚ ਚੁੱਭੀ ਲਾਉਂਦਾ ਹਾਂ ਤੇ ਨਾ ਹੀ ਮੈਂ ਉਸ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਡਰਾਉਂਦਾ ਹਾਂ। ਮੈਨੂੰ ਤਾਂ ਮੇਰੇ ਗੁਰੂ ਨੇ ਮੇਰੇ ਅੰਦਰ ਹੀ ਅਠਾਹਠ ਤੀਰਥ ਵਿਖਾ ਦਿਤੇ ਹਨ। ਸੋ ਮੈਂ ਆਪਣੇ ਅੰਦਰ ਹੀ ਆਤਮ-ਤੀਰਥ ਉਤੇ ਇਸ਼ਨਾਨ ਕਰਦਾ ਹਾਂ।

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।।

ਤੀਰਥ ਸਬਦ ਬੀਚਾਰੁ ਅੰਤਰਿ ਗਿਆਨੁ ਹੈ।।

ਅਰਥ- ਮੈਂ ਭੀ ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ, ਪਰ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ ਮੰਡਲ ਵਿੱਚ ਟਿਕਾਣਾ ਮੇਰੇ ਵਾਸਤੇ ਤੀਰਥ ਹੈ ਕਿਉਂਕਿ ਇਸ ਦੀ ਬਰਕਤਿ ਨਾਲ ਮੇਰੇ ਅੰਦਰ ਪ੍ਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ।

ਇਸੇ ਤਰਾਂ ਇਸ ਵਿਸ਼ੇ ਉਪਰ ਹੋਰ ਵੀ ਅਨੇਕਾਂ ਗੁਰਬਾਣੀ ਫੁਰਮਾਣ ਦਿੱਤੇ ਜਾ ਸਕਦੇ ਹਨ। ਸੋ ਸਪਸ਼ਟ ਹੈ ਕਿ ਗੁਰਮਤਿ ਵਿੱਚ ਤੀਰਥਾਂ ਆਦਿ ਉੱਤੇ ਜਾ ਕੇ ਕੇਵਲ ਪਾਣੀ ਦੇ ਇਸ਼ਨਾਨ ਨੂੰ ਕੋਈ ਵੀ ਮਾਨਤਾ ਨਹੀਂ ਹੈ। ਪਰ ਅਫਸੋਸ ਕਿ ਅਗਿਆਨਤਾ ਵਸ ਸਾਡੇ ਵਿਚੋਂ ਬਹੁਤ ਸਾਰੀਆਂ ਸੰਗਤਾਂ ਮੱਸਿਆ, ਪੁੰਨਿਆ, ਸੋਮਵਤੀ ਮੱਸਿਆ, ਸੰਗਰਾਦ ਇਤਿਆਦਕ ਦਿਹਾੜਿਆਂ ਨੂੰ ਵਿਸ਼ੇਸ਼ ਮੰਨਦੇ ਹੋਏ ਇਨ੍ਹਾਂ ਦਿਨਾਂ ਤੇ ਤੀਰਥ ਇਸ਼ਨਾਨ ਨੂੰ ਦੇਖਾ ਦੇਖੀ ਮਾਨਤਾ ਦੇਈ ਜਾ ਰਹੇ ਹਾਂ।

ਆਉ ਇਸ ਵਿਸ਼ੇ ਤੇ ਵਿਚਾਰ ਨੂੰ ਹੋਰ ਲੰਮੇਰਾ ਕਰਨ ਦੀ ਥਾਂ ਤੇ ਵਿਸ਼ਾ ਅਧੀਨ ਪਾਵਨ ਪੰਕਤੀਆਂ ਦੀ ਵਿਚਾਰ ਵੱਲ ਆਈਏ। ‘ਰਾਮਦਾਸ ਸਰੋਵਰਿ` ਤੋਂ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਨਿਰਮਿਤ ਸਰੋਵਰ ਨਾਲ ਜੋੜ ਕੇ ਅਰਥ ਕਰਦੇ ਹਾਂ, ਜੋ ਕਿ ਕਿਸੇ ਵੀ ਤਰਾਂ ਵਾਜਬ ਨਹੀਂ ਹੈ। ਇਸ ਦਾ ਸਹੀ ਅਰਥ ‘ਰਾਮ ਦੇ ਦਾਸਾਂ ਦਾ ਸਰੋਵਰ` ਭਾਵ ਸਾਧ ਸੰਗਤ ਹੈ। ਗੁਰੂ ਅਰਜਨ ਸਾਹਿਬ ਦਾ ਹੋਰ ਬਚਨ ਵੀ ਸਾਹਮਣੇ ਰੱਖਣ ਦੀ ਲੋੜ ਹੈ-

ਸੰਤਹੁ ਰਾਮਦਾਸ ਸਰੋਵਰੁ ਨੀਕਾ।।

ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ।।

(ਸੋਰਠਿ ਮਹਲਾ ੫-੬੨੩)

ਅਰਥ- ਹੇ ਸੰਤ ਜਨੋ! ਸਾਧ ਸੰਗਤ ਇੱਕ ਸੁੰਦਰ ਅਸਥਾਨ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਤਮਕ ਇਸ਼ਨਾਨ ਕਰਦਾ ਹੈ, ਮਨ ਨੂੰ ਨਾਮ ਜਲ ਨਾਲ ਪਵ੍ਰਿਤ ਕਰਦਾ ਹੈ ਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

ਵਿਸ਼ਾ ਅਧੀਨ ਪੂਰਾ ਸ਼ਬਦ ਇਸ ਤਰਾਂ ਹੈ-

ਸੋਰਠਿ ਮਹਲਾ ੫ ਘਰੁ ੩ ਦੁਪਦੇ (੬੨੫)

ਰਾਮਦਾਸ ਸਰੋਵਰਿ ਨਾਤੇ।। ਸਭਿ ਉਤਰੇ ਪਾਪ ਕਮਾਤੇ।।

ਨਿਰਮਲ ਹੋਏ ਕਰਿ ਇਸਨਾਨਾ।। ਗੁਰਿ ਪੂਰੈ ਕੀਨੇ ਦਾਨਾ।। ੧।।

ਸਭਿ ਕੁਸਲ ਖੇਮ ਪ੍ਰਭਿ ਧਾਰੇ।।

ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦ ਵੀਚਾਰੇ।। ਰਹਾਉ।। ੧।।

ਸਾਧਸੰਗਿ ਮਲੁ ਲਾਥੀ।। ਪਾਰਬ੍ਰਹਮ ਭਇਓ ਸਾਥੀ।।

ਨਾਨਕ ਨਾਮੁ ਧਿਆਇਆ।। ਆਦਿ ਪੁਰਖ ਪ੍ਰਭੁ ਪਾਇਆ।। ੨।। ੧।। ੬੫।।

ਅਰਥ- ਹੇ ਭਾਈ! ਜਿਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨ, ਉਨ੍ਹਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। ਹਰਿ ਨਾਮ ਜਲ ਨਾਲ ਇਸ਼ਨਾਨ ਕਰਕੇ ਉਹ ਪਵਿੱਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖਸ਼ਿਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।। ੧।।

ਹੇ ਭਾਈ! ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਨੇ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿਤੇ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਢਹੇ ਚੜ੍ਹਣ ਤੋਂ ਠੀਕ ਠਾਕ ਬਚਾ ਲਏ।। ਰਹਾਉ।।

ਹੇ ਭਾਈ! ਸਾਧ ਸੰਗਤ ਵਿੱਚ ਟਿਕਿਆਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, ਪ੍ਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੇ ਰਾਮਦਾਸ ਸਰੋਵਰ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ ਵਿਆਪਕ ਹੈ।। ੨।। ੧।। ੬੫।।

ਪੂਰੇ ਸ਼ਬਦ ਦੀ ਵਿਚਾਰ ਨੂੰ ਸਾਹਮਣੇ ਰੱਖੀਏ ਤਾਂ ਇਹ ਗੱਲ ਉਭਰ ਕੇ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਇਥੇ ਗੱਲ ਅੰਮ੍ਰਿਤਸਰ ਸ਼ਹਿਰ ਅੰਦਰ ਸੁਭਾਇਮਾਨ ‘ਗੁਰੂ ਰਾਮਦਾਸ ਸਰੋਵਰ` ਦੀ ਨਹੀਂ, ਸਗੋਂ ਸਾਧ ਸੰਗਤ ਰੂਪੀ ਸਰੋਵਰ ਦੀ ਹੈ ਜਿਥੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਿਆਂ ਵਿਕਾਰਾਂ-ਪਾਪਾਂ ਆਦਿ ਦੀ ਸਾਰੀ ਮੈਲ ਲੱਥ ਜਾਂਦੀ ਹੈ। ਇਸ ਸ਼ਬਦ ਦੀ ਤੁਕ ਨੰਬਰ 7 ‘-ਸਾਧਸੰਗਿ ਮਲੁ ਲਾਥੀ` ਤਾਂ ਇਸ ਵਿਸ਼ੇ ਸਬੰਧੀ ਕੋਈ ਵੀ ਸ਼ੱਕ ਰਹਿਣ ਹੀ ਨਹੀਂ ਦਿੰਦੀ ਹੈ।

ਇਥੇ ਇਹ ਵੀ ਧਿਆਨ ਰੱਖਣਯੋਗ ਹੈ ਕਿ ਇਸ ਵਿਚਾਰ ਰਾਹੀਂ ਕਿਸੇ ਵੀ ਤਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੇ ਵਿਰੋਧ ਵਿੱਚ ਲਿਖਣਾ ਮਕਸਿਦ ਕਦਾਚਿਤ ਵੀ ਨਹੀਂ ਹੈ। ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਦੀ ਨਿੱਜੀ ਦੇਖ ਰੇਖ ਹੇਠ ਨਿਰਮਿਤ ਅਤੇ ਬਖਸ਼ਿਸ਼ਾਂ ਨਾਲ ਭਰਪੂਰ ਇਤਿਹਾਸਕ ਅਸਥਾਨ ਅਤਿ ਸਤਿਕਾਰਯੋਗ ਹਨ। ਬਸ ਲੋੜ ਹੈ ਕਿ ਇਨ੍ਹਾਂ ਪਾਵਨ ਅਸਥਾਨਾਂ ਦੇ ਰਾਹੀਂ ਦਿਤੇ ਗਏ ਗੁਰਮਤਿ ਸਿਧਾਂਤ/ ਫਿਲਾਸਫੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਬਨਾਉਣ ਲਈ ਯਤਨਸ਼ੀਲ ਹੋਈਏ, ਇਹੀ ਇਸ ਸਿੱਖ ਧਰਮ ਦੇ ਪਾਵਨ ਕੇਂਦਰੀ ਅਸਥਾਨ ਦੇ ਦਰਸ਼ਨ-ਦੀਦਾਰ ਦਾ ਅਸਲ ਮਕਸਦ ਹੈ।

--------

ਇਸ ਲੇਖ ਰਾਹੀਂ ਦਿਤਾ ਗਿਆ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.