.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਚੌਥਾ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ ਅਰੰਭ ਕਰਕੇ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਹੀ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਕੜਾ, ਕੇਵਲ ਸਾਡਾ ਕਕਾਰ ਹੀ ਨਹੀਂ. . - ਇਥੇ ਇਹ ਵੀ ਦੋਰਾਅ ਦੇਣਾ ਚਾਹੁੰਦੇ ਹਾਂ ਕਿ ਸਾਡਾ ਪੰਜਵਾਂ ਕਕਾਰ ਕੜਾ, ਕੇਵਲ ਸਾਡਾ ਕਕਾਰ ਹੀ ਨਹੀਂ, ਬਲਕਿ ਸਿੱਖਾਂ ਨੂੰ ਸਤਿਗੁਰਾਂ ਵਲੋਂ "ਚੇਤਾਵਣੀ, ਸ਼ਾਬਾਸ਼ੀ ਦੇ ਚਿੰਨ੍ਹ ਵਜੋਂ ਤਗ਼ਮਾ ਤੇ ਮੈਡਲ ਵੀ ਹੈ"। ‘ਸਿੱਖ ਸੰਗਤਾਂ’ ਦੀ ਕਲਾਈ `ਚ ਪਿਆ ਹੋਇਆ ਕੜਾ, ‘ਸਿੱਖ ਸੰਗਤਾਂ’ ਨੂੰ ਹਰ ਸਮੇਂ ਚੇਤਾ ਕਰਵਾਉਂਦਾ ਹੈ ਕਿ "ਗ੍ਰੁਰੂ ਕੇ ਸਿੱਖਾਂ ਨੇ ਕੜੇ ਦੀ ਅਟੁੱਟ ਗੋਲਾਈ ਵਾਂਙ, "ੴ" ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ" ਤੱਕ ਭਾਵ ਅਰੰਭ ਤੋਂ ਸਮਾਪਤੀ ਤੱਕ, ਕੇਵਲ ਤੇ ਕੇਵਲ ਗੁਰਬਾਣੀ ਵਿਚਾਰਧਾਰਾ ਤੇ ਜੀਵਨ-ਜਾਚ ਦੇ ਦਾਇਰੇ ਤੇ ਗੋਲਾਈ `ਚ ਹੀ ਵਿਚਰਣਾ ਹੈ, ਸਿੱਖ ਨੇ ਜੀਵਨ ਭਰ ਗੁਰਬਾਣੀ ਦੀ ਤਾਬਿਆ ਰਹਿ ਕੇ ਜੀਵਨ ਜੀਊਣਾ ਹੈ ਅਤੇ ਇਸ "ਸੱਚੀ ਬਾਣੀ" ਦੇ ਤੁੱਲ ਹੋਰ ਕਿਸੇ ਵੀ ਰਚਨਾ ਨੂੰ ਇਸਦੀ ਬਰਾਬਰੀ ਨਹੀਂ ਦੇਣੀ।

ਲਗਾਤਾਰ ੨੪ ਸਾਲ-ਦਰਅਸਲ ਪਹਿਲੇ ਜਾਮੇ ਤੋਂ "ਸਿੱਖ ਧਰਮ `ਚ ਪ੍ਰਵੇਸ਼’ ਕਰਵਾਉਣ ਲਈ `ਚਰਣ-ਪਾਹੁਲ’ ਵਾਲਾ ਢੰਗ, ਉਪ੍ਰੰਤ ਵਿਸਾਖੀ ਸੰਨ ੧੬੯੯; ਉਹ ਇਤਿਹਾਸਕ ਦਿਹਾੜਾ ਜਦੋਂ ਦਸਮੇਸ਼ ਜੀ ਨੇ ਉਸ `ਚਰਣ-ਪਾਹੁਲ’ ਵਾਲੇ ਚਲਦੇ ਆ ਰਹੇ ਢੰਗ ਨੂੰ ‘ਖੰਡੇ ਕੀ ਪਾਹੁਲ’ `ਚ ਬਦਲ ਦਿੱਤਾ। ਇਹ ਵੀ ਕਿ ਦਸਮੇਸ਼ ਜੀ ਨੂੰ ਗੁਰਗੱਦੀ ਸੰਨ ੧੬੭੫ `ਚ ਪ੍ਰਾਪਤ ਹੋਈ ਸੀ। ਸਪਸ਼ਟ ਹੋਇਆ ਕਿ ਸੰਨ ੧੬੭੫ ਤੋਂ ੧੬੯੯ ਤੀਕ, ਇਹ ਵਿੱਚਲਾ ਲਗਾਤਾਰ ੨੪ ਸਾਲ ਦਾ ਸਮਾਂ ਦਸਮੇਸ਼ ਜੀ ਨੇ ਆਪ ਵੀ ਗੁਰੂ ਕੀਆਂ ਸੰਗਤਾਂ ਨੂੰ "ਸਿੱਖ ਧਰਮ `ਚ ਪ੍ਰਵੇਸ਼’ ਕਰਵਾਉਣ ਲਈ `ਚਰਣ-ਪਾਹੁਲ’ ਵਾਲਾ ਚਲਦਾ ਆ ਰਿਹਾ ਢੰਗ ਹੀ ਵਰਤਿਆ ਸੀ, ਨਾ ਕਿ ‘ਖੰਡੇ ਕੀ ਪਾਹੁਲ’ ਵਾਲਾ।

ਖ਼ੂਬੀ ਇਹ, ਕਿ ਦਸਮੇਸ਼ ਜੀ ਨੇ "ਸਿੱਖ ਧਰਮ `ਚ ਪ੍ਰਵੇਸ਼’ ਦੇ ਕੇਵਲ `ਚਰਣ-ਪਾਹੁਲ’ ਵਾਲੇ ਚਲਦੇ ਆ ਰਹੇ ਢੰਗ ਨੂੰ ਹੀ ਬਦਲਿਆ ਸੀ ਜਦਕਿ ਉਸ ਦੇ ਅਰਥ ਹੁਣ ਵੀ ਉਹੀ ਸਨ; ਭਾਵ ਜਗਿਆਸੂ ਅਥਵਾ ਗੁਰੂ ਕੇ ਸਿੱਖ (ਬੀਬੀ ਭਾਵੇਂ ਵੀਰ) ਨੂੰ ਕੇਵਲ ਤੇ ਕੇਵਲ "ੴ" ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ" ਤੀਕ ਗੁਰਬਾਣੀ ਦੇ ਚਰਣਾ ਨਾਲ ਜੋੜਣਾ ਅਥਵਾ ਸਿੱਖ ਨੇ ਕੇਵਲ ਤੇ ਕੇਵਲ ਗੁਰਬਾਣੀ ਦੇ ਉਸੇ ਜੀਵਨ-ਜਾਚ ਦੇ ਦਾਇਰੇ `ਚ ਹੀ ਵਿਚਰਣਾ ਅਤੇ ਗੁਰਬਾਣੀ ਦੇ ਅਨੁਸ਼ਾਸਨ ਅਤੇ ਅਦੇਸ਼ਾਂ ਤੋਂ ਬਾਹਿਰ ਨਹੀਂ ਜਾਣਾ। ਇਹ ਵੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਲਈ ਗੁਰਬਾਣੀ ਦਾ ਦਾਇਰਾ, ਕੇਵਲ "ੴ" ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ" ਤੱਕ ਹੀ ਕਿਉਂ ਹੈ ਅਤੇ ਇਸ ਤੋਂ ਅੱਗੇ ਪਿਛੇ ਕਿਉਂ ਨਹੀਂ? ਇਸ ਸੰਬੰਧੀ ਸੰਖੇਪ ਵੇਰਵਾ ਵੀ ਅਸੀਂ ਅੱਗੇ ਚੱਲ ਕੇ ਪੜ੍ਹਾਂਗੇ।

"ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ. ." ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸਾਨੂੰ "ਬਾਣੀ ਅਨੰਦ ਸਾਹਿਬ" `ਚ ਇਸ ਸੰਬੰਧੀ ਆਦੇਸ਼ ਵੀ ਹੈ ਜਿਵੇਂ:-

"ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ੨੪ ॥" (ਪੰ: ੯੨੦)

ਅਰਥ ਭਾਵ ਹਨ ਕਿ ਸੱਚੀ ਬਾਣੀ ਕੇਵਲ ਉਹੀ ਹੈ ਜਿਸ ਨੂੰ ਗੁਰੂ ਪਾਤਸ਼ਾਹੀਆਂ ਨੇ ਆਪ ਉਚਾਰਿਆ ਜਾਂ ਆਪ ਪ੍ਰਵਾਣ ਕੀਤਾ। ਦੂਜੇ ਲਫ਼ਜ਼ਾਂ `ਚ ਉਸ ਤੋਂ ਬਾਹਿਰ ਹਰੇਕ ਰਚਨਾ `ਚੱਚੀ ਬਾਣੀ’ ਨਹੀਂ ਬਲਕਿ ਕੱਚੀ ਬਾਣੀ ਹੀ ਹੈ ਅਤੇ ਉਸ ਨੂੰ "ਸੱਚੀ ਬਾਣੀ" ਦੇ ਤੁੱਲ ਨਹੀਂ ਲੈਣਾ। ਬਲਕਿ "ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ਭਾਵ ‘ਕੱਚੀ ਬਾਣੀ’ ਨੂੰ ‘ਸੱਚੀ ਬਾਣੀ’ ਕਹਿਣ, ਉਚਾਰਣ ਜਾਂ ‘ਸੱਚੀ ਬਾਣੀ’ ਤੁਲ ਸਤਿਕਾਰ ਦੇ ਕੇ ਸੁਨਣ ਵਾਲਿਆਂ ਨੂੰ ਵੀ ਸਾਹਿਬਾਂ ਨੇ ਕੱਚੇ ਹੀ ਕਿਹਾ ਹੈ।

ਹੋਰ ਤਾਂ ਹੋਰ, ਇਸ ਪਉੜੀ `ਚ ਇਸ ਬਾਰੇ ਇਥੋਂ ਤੀਕ ਵੀ ਸਪਸ਼ਟ ਕੀਤਾ ਤੇ ਫ਼ੁਰਮਾਇਆ ਹੋਇਆ ਹੈ ਕਿ ਕਿਸੇ ‘ਕੱਚੀ ਬਾਣੀ’ ਨੂੰ ‘ਸੱਚੀ ਬਾਣੀ’ ਦੇ ਤੁੱਲ ਮੰਣਨ, ਬਿਆਨਣ ਜਾਂ ਸੁਨਣ ਵਾਲੇ "ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ" ਬੇਸ਼ੱਕ ਮੂੰਹ ਨਾਲ ਉਹ ਅਕਾਲਪੁਰਖ ਦੀਆਂ ਬਾਤਾਂ ਵੀ ਵੱਧ ਚੜ੍ਹ ਕੇ ਕਰ ਰਹੇ ਹੋਣ, ਦਰਅਸਲ ਉਨ੍ਹਾਂ ਨੂੰ ਤਾਂ ਆਪਣੇ ਆਪ `ਚ ੲਹ ਵੀ ਪਤਾ ਨਹੀਂ ਹੁੰਦਾ ਕਿ ਉਹ ਕਹਿ ਕੀ ਰਹੇ ਹਨ। ਕਿਉਂਕਿ ਜਿਹੜੇ ਆਪ ਤ੍ਰੈ ਗੁਣੀ ਮਾਇਆ ਹੱਥੋਂ ਲੁੱਟੇ ਹੋਏ ਹੋਣ, ਉਨ੍ਹਾਂ ਦਾ ਸਾਰਾ ਬੋਲਣਾ ਤੇ ਕਹਿਣਾ ਮੂਲੋਂ "ਬੋਲਨਿ ਪਏ ਰਵਾਣੀ" ਬੇ-ਸਿਰਪੈਰ ਹੁੰਦਾ ਹੈ ਅਤੇ ਉਸਦਾ ਕੁੱਝ ਵੀ ਅਰਥ ਨਹੀਂ ਹੁੰਦਾ।

ਗਹੁ ਨਾਲ ਵਾਚਿਆ ਜਾਵੇ ਤਾਂ "ਰਾਮਕਲੀ ਰਾਗ" ਵਿੱਚਲੀ ਉਸੇ ਚਲਦੀ ਆ ਰਹੀ ਕੱਚੀ ਬਾਣੀ ਨਾਲ ਸੰਬੰਧਤ ਉਪ੍ਰੋਕਤ ਪਉੜੀ ਨੰ: ੨੪ ਤੋਂ ਪਹਿਲਾਂ ਉਸੇ ਬਾਣੀ "ਅਨੰਦ ਸਾਹਿਬ" ਦੀ ਪਉੜੀ ਨੰ: ੨੩ `ਚ ਗੁਰਦੇਵ ਨੇ ਇਹ ਵੀ ਸਪਸ਼ਟ ਕੀਤਾ ਅਤੇ ਫ਼ੁਰਮਾਇਆ ਹੋਇਆ ਹੈ:-

"ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥ ੨੩ ॥" (ਪੰ: ੯੨੦)

ਫ਼ਿਰ ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਿਸ ‘ਸੱਚੀ ਬਾਣੀ’ ਦਾ ਆਰੰਭ ਗੁਰਦੇਵ ਨੇ ਆਪ ਆਪਣੇ ਪਹਿਲੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਦੇ ਰੂਪ `ਚ ‘ੴ "ਤੋਂ ਕੀਤਾ ਸੀ, ਫ਼ਿਰ ਉਨ੍ਹਾਂ ਆਪਣੇ ਹੀ ਪੰਜਵੇ ਜਾਮੇ `ਚ ਆਦਿ ਬੀੜ ਦੀ ਸੰਪਾਦਨਾ ਸਮੇਂ ਉਸ ਦੀ ਸੰਪੂਰਣਤਾ "ਤਨੁ ਮਨੁ ਥੀਵੈ ਹਰਿਆ" `ਤੇ ਕੀਤੀ ਸੀ। ਇਤਨਾ ਹੀ ਨਹੀਂ, ਫ਼ਿਰ ਦੂਜੀ ਵਾਰੀ ਵੀ, ਗੁਰਦੇਵ ਨੇ ਆਪਣੇ ਦਸਵੇਂ ਜਾਮੇ, ਕਲਗੀਧਰ ਪਾਤਸ਼ਾਹ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਰੂਪ `ਚ ਸਦੀਵ ਕਾਲ ਸੰਪੂਰਣਤਾ ਦੀ ਮੋਹਰ ਵੀ "ਤਨੁ ਮਨੁ ਥੀਵੈ ਹਰਿਆ" `ਤੇ ਆਪ ਨੇ ਹੀ ਲਗਾਈ ਸੀ, ਕਿਸੇ ਹੋਰ ਨੇ ਨਹੀਂ।

ਇਸਤਰ੍ਹਾਂ ਚਲਦੀ ਆ ਰਹੀ ਵੇਦਵੇ ਦੀ ਸਾਖੀ ਤੇ ਸੰਬੰਧਤ ਕੜੇ ਵਾਲੇ ਪ੍ਰਕਰਣ ਤੋਂ ਪੂਰੀ ਤਰ੍ਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਨੇ ਮੰਗਲਾਂ-ਸਨੀਚਰਾਂ ਤੇ ਕਿਸੇ ਵੀ ਤਰ੍ਹਾਂ ਦੇ ਅਣਮੱਤੀ ਕਰਮਕਾਂਡਾਂ ਵਿਪਰਣ ਰੀਤਾਂ ਤੇ ਬ੍ਰਾਹਮਣੀ ਵਿਸ਼ਵਾਸਾਂ ਦਾ ਸ਼ਿਕਾਰ ਨਹੀਂ ਹੋਣਾ। ਸੁਆਲ ਤਾਂ ਇਸ ‘ਤੋਂ ਫ਼ਿਰ ਉਹੀ ਪੈਦਾ ਹੁੰਦਾ ਹੈ ਕਿ, ਕੀ ਗੁਰੂ ਕੇ ਸਿੱਖ ਹੋਣ ਦੇ ਨਾਤੇ ਤੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਵਿਚਾਰਧਾਰਾ ਦੇ ਦਾਅਵੇਦਾਰ ਅਖਵਾਉਣ ਵਾਲੇ, ਸਚਮੁਚ ਅੱਜ ਕਲਾਈ `ਚ ਪਏ ਹੋਏ ਅਤੇ ਗੁਰਦੇਵ ਵਲੋਂ ਪੁਆਏ ਹੋਏ ਕੜੇ ਵਾਂਙ ਗੁਰਬਾਣੀ ਸਿੱਖਿਆ ਦੇ ਦਾਇਰੇ `ਚ ਹੀ ਵਿਚਰ ਰਹੇ ਹਾਂ ਜਾਂ ਫ਼ਿਰ ……?

ਮੌਲੀ ਬਨਾਮ ਕੜਾ - ਹੋਰ ਤਾਂ ਹੋਰ, ਗੁਰਬਾਣੀ ਜੀਵਨ ਰਹਿਣੀ ਬਾਰੇ ਅਗਿਆਣਤਾ ਦਾ ਹੀ ਨਤੀਜਾ ਹੈ ਅੱਜ ਕੌਮ ਅੰਦਰ ਛੂਤ ਦੀ ਬਿਮਾਰੀ ਵਾਂਙ, ਇੱਕ ਨਵੀਂ ਬਿਮਾਰੀ ਵੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਬੇਸ਼ੱਕ ਜੇਕਰ ਬਹੁਤੇ ਨਹੀਂ ਪਰ ਤਾਂ ਵੀ ਬਹੁਤੇਰੇ ਸਿੱਖ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਦੀ ਕਲਾਈ `ਚ ਕੜਾ ਤਾਂ ਪਿਆ ਹੁੰਦਾ ਹੈ, ਕਿਉਂਕਿ ਉਹ ਸਿੱਖ ਧਰਮ ਨਾਲ ਸੰਬੰਧਤ ਹਨ; ਫ਼ਿਰ ਉਸ ਕੜੇ ਨਾਲ ਹੀ, ਉਨ੍ਹਾਂ ਦੀ ਕਲਾਈ `ਚ ਮੌਲੀ ਵੀ ਬੱਝੀ ਹੁੰਦੀ ਹੈ। ਇਸ ਅਜੀਬੋ-ਗ਼ਰੀਬ ਤਾਲ ਮੇਲ ਤੋਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਅਜਿਹੇ ਸਿੱਖ ਅਖਵਾਉਣ ਵਾਲਿਆਂ ਨੂੰ ਅਸਲ `ਚ ਨਾ ਮੌਲੀ ਦੇ ਅਰਥ ਪਤਾ ਹਨ ਅਤੇ ਨਾ ਹੀ ਉਨ੍ਹਾਂ ਨੂੰ ਗੁਰਦੇਵ ਦੀ ਬਖ਼ਸ਼ਿਸ਼ ਇਸ ਕਲਾਈ ਵਿੱਚਲੇ ਕੜੇ ਦੇ।

ਕੜਾ ਅਤੇ ਅਣਮੱਤੀ ਸੰਗਤਾਂ? -ਸਾਡੇ ਗੈਰ ਸਿੱਖ ਵੀਰ ਤੇ ਬੀਬੀਆਂ, ਜਿਹੜੇ ਹੈਣ ਹੀ ਅਣਮੱਤੀ ਵਿਸ਼ਵਾਸਾਂ ਨਾਲ ਸੰਬੰਧਤ ਜਾਂ ਦੇਵੀਆਂ-ਦੇਵਤਿਆਂ ਦੇ ਪੂਜਾਰੀ ਉਹ ਜੰਮ-ਜੰਮ ਮਉਲੀ ਬੰਨਣ, ਇਸ `ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਪਰ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਵੀ ਅਖਵਉਣ ਅਤੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਭਾਵ ਦੀ ਤਾਬਿਆ ਜੀਵਨ ਚਲਾਉਣ ਦੇ ਦਾਅਵੇਦਾਰ ਵੀ ਹੋਣ ਫ਼ਿਰ ਜੇ ਉਨ੍ਹਾਂ ਨੇ ਵੀ ਕਲਾਈ `ਚ ਕੜੇ ਦੇ ਨਾਲ-ਨਾਲ ਮੌਲੀ ਵੀ ਬੰਨੀ ਹੋਈ ਹੋਵੇ ਤਾਂ ਇਸ ਪਖੋਂ ਉਨ੍ਹਾਂ ਦੀ ਸੋਝੀ ਬਾਰੇ ਸਮਝ ਆਉਂਦੇ ਦੇਰ ਨਹੀਂ ਲਗਣੀ ਚਾਹੀਦੀ।

ਗੁਰਦੇਵ ਵੱਲੋਂ ਕੜਾ-ਇਕ ਮੈਡਲ, ਇੱਕ ਤਗ਼ਮਾ ਤੇ ਚੇਤਾਵਣੀ ਵੀ- ਭਲੀ ਭਾਂਤ ਦੇਖ ਚੁੱਕੇ ਹਾਂ ਕਿ ਕਲਾਈ `ਚ ਲੋਹੇ ਦਾ ਕੜਾ, ਗੁਰੂਦਰ ਤੇ ਗੁਰਬਾਣੀ ਸਿਖਿਆ `ਚ ਵਿਸ਼ਵਾਸ ਰੱਖਣ ਵਾਲਿਆਂ ਲਈ, ਜਿੱਤੇ ਹੋਏ ਮੈਡਲ ਤੋਂ ਇਲਾਵਾ ਸਿੱਖ ਲਈ ਕੱਕਾਰ ਵੀ ਹੈ। ਦਸਮੇਸ਼ ਜੀ ਨੇ, ਵੇਦਵੇ ਵਾਲੀ ਇਤਿਹਾਸਕ ਘਟਣਾ (ਵੇਰਵਾ ਆ ਚੁੱਕਾ ਹੈ) ਅਨੁਸਾਰ, ਸਿੱਖਾਂ ਦਾ ਇਮਿਤਿਹਾਨ ਲਿਆ ਸੀ ਤਾਂ ਸਿੱਖ ਉਸ ਪ੍ਰੀਖਿਆ `ਚ ੧੦੦% ਨੰਬਰ ਲੈ ਕੇ ਪਾਸ ਵੀ ਹੋਏ ਸਨ। ਸਿੱਖਾਂ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਹੁਣ ਕਿਸੇ ਜਾਤ-ਗੋਤ, ਵਰਣ-ਵੰਡ, ਦੇਵੀ ਦੇਵਤਿਆਂ ਆਦਿ ਦੀ ਪੂਜਾ ਤੋਂ ਉੱਤਪਣ ਸਨੀਚਰਾਂ-ਮੰਗਲਾਂ-ਸੰਗ੍ਰਾਂਦਾਂ-ਪੂਰਨਮਾਸ਼ੀਆਂ-ਮਸਿਆਵਾਂ, ਥਿੱਤਾਂ-ਵਾਰਾਂ, ਜਨਮਕੁੰਡਲੀਆਂ, ਟੇਵੇ-ਮਹੂਰਤਾਂ, ਸਗਨਾਂ-ਰੀਤਾਂ, ਸੁੱਚਾਂ-ਭਿੱਟਾਂ, ਗ੍ਰਿਹ-ਨਖਤ੍ਰਾਂ ਆਦਿ ਕਿਸੇ ਵੀ ਬ੍ਰਾਹਮਣੀ ਤੇ ਅਨਮੱਤੀ ਵਿਸ਼ਵਾਸਾਂ ਤੇ ਕਰਮਕਾਂਡਾਂ `ਚ ਵਿਸ਼ਵਾਸ ਨਹੀਂ ਰਖਦੇ ਤੇ ਨਾ ਹੀ ਉਨ੍ਹਾਂ ਨੂੰ ਮੰਣਦੇ ਹਨ। ਉਹ ਕੇਵਲ ਤੇ ਕੇਵਲ ਗੁਰਬਾਣੀ ਤੋਂ ਪ੍ਰਾਪਤ ਆਦੇਸ਼ਾਂ ਦੇ ਹੀ ਸਿੱਖ ਅਤੇ ਅਨੁਸਾਰੀ ਹਨ।

ਸਿੱਖ ਕੇਵਲ ਤੇ ਕੇਵਲ ਇੱਕੋ ਇੱਕ ਅਕਾਲਪੁਰਖ ਭਾਵ ਗੁਰਬਾਣੀ ਸਿਖਿਆ ਦੇ ਦਾਇਰੇ `ਚ ਇਸ ਤਰ੍ਹਾਂ ਚਲਦੇ ਹਨ ਜਿਵੇਂ ਉਨ੍ਹਾਂ ਦੀ ਕਲਾਈ `ਚ ਪਿਆ ਹੋਇਆ "ਗੋਲ ਕੜਾ", ਇਹ ਸਿੱਖਾਂ ਦੀ ਜਿੱਤ ਦਾ ਪ੍ਰਮਾਣ ਤੇ ਪ੍ਰਗਟਾਵਾ ਵੀ ਹੈ। ਉਪ੍ਰੰਤ ਸੰਨ ੧੬੯੯ ਦੀ ਵਿਸਾਖੀ ਵਾਲੀ ਇਤਿਹਾਸਕ ਘਟਣਾ ਸਮੇਂ, ਦਸਮੇਸ਼ ਜੀ ਨੇ ਉਸੇ ਕੜੇ ਨੂੰ ਪੰਜ ਕਕਾਰਾਂ `ਚ ਜੋੜ ਕੇ ਸਿੱਖ ਸੰਗਤਾਂ ਨੂੰ ਮੈਡਲ ਤੇ ਤਗ਼ਮੇ ਦੇ ਤੋਰ `ਤੇ ਬਖਸ਼ਿਆ ਸੀ।

ਇਸ ਲਈ ‘ਕੜਾ’ ਸਿੱਖ ਦਾ ਆਪਣੇ ਧਰਮ ਪ੍ਰਤੀ ਜਾਗਦੇ ਹੋਣ ਨਾਲ ਤਗ਼ਮਾ (Momento) ਤੇ ਮੈਡਲ ਵੀ ਹੈ। ਇਹ ਵੀ ਚੇਤੇ ਰਹੇ ਕਿ ਇਹ ਕੜਾ ਕੇਵਲ ਸਟੀਲ ਅਥਵਾ ਸਰਬਲੋਹ ਦਾ ਹੀ ਹੋਣਾ ਹੈ; ਸੋਨੇ, ਚਾਂਦੀ, ਪਿੱਤਲ ਤਾਂਬੇ ਆਦਿ ਕਿਸੇ ਵੀ ਹੋਰ ਧਾਤ ਦਾ ਨਹੀਂ ਹੋਣਾ; ਅਜਿਹਾ ਕਰਣਾ ਮਨਮੁਖਤਾ, ਹੂੜਮੱਤ ਉਪ੍ਰੰਤ ਸਿੱਖੀ ਅਨੁਸ਼ਾਸਨ ਤੇ ਗੁਰਮੱਤ ਸਿਧਾਂਤ ਦੇ ਵੀ ਨਿਤਾਂਤ ਵਿਰੁਧ ਹੈ।

ਮੌਲੀ, ਦੇਵੀ ਦੀ ਪੂਜਾ ਦਾ ਚਿੰਨ੍ਹ ਹੈ, ਇਸ ਲਈ ਉਹ ਲੋਕ- ਅਸਲ `ਚ ਮੌਲੀ ਦੇਵੀ ਪੂਜਾ ਦਾ ਚਿੰਨ੍ਹ ਹੈ। ਦੇਵੀ-ਦੇਵਤਿਆਂ ਦੇ ਪੁਜਾਰੀ; ਕੰਜਕਾਂ, ਜਗ੍ਰਾਤਿਆਂ ਤੇ ਆਪਣੇ ਹਰੇਕ ਖੁਸ਼ੀ-ਗ਼ਮੀਂ ਦੇ ਮੌਕਿਆਂ, ਤਿਉਹਾਰਾਂ ਸਮੇਂ ਮੌਲੀ ਨੂੰ ਆਪਣੀਆਂ ਕਲਾਈਆਂ `ਤੇ ਬੰਨ੍ਹਦੇ ਤੇ ਬੰਨਵਾਉਂਦੇ ਹਨ। ਗੁਜ਼ਰੇ ਪ੍ਰਾਣੀ ਦੀ ਅਰਥੀ ਨੂੰ ਬੰਨ੍ਹਣ ਸਮੇਂ ਵੀ ਉਹ ਲੋਕ ਸੂਤਲੀ ਦੇ ਨਾਲ-ਨਾਲ, ਮੌਲੀ ਅਤੇ ਇਸ ਮੌਲੀ ਦੀ ਹੋਰ ਵੀ ਕਈ ਢੰਗਾਂ ਨਾਲ ਵਰਤੋਂ ਕਰਦੇ ਹਨ। ਦਰਅਸਲ ਮੌਲੀ ਮੂਲ ਰੂਪ `ਚ ਦੇਵੀ ਪੂਜਾ ਦਾ ਪ੍ਰਗਟਾਵਾ ਹੈ ਅਤੇ ਦੂਜੇ ਲਫ਼ਜ਼ਾ `ਚ ਇੱਕ ਅਕਾਲਪੁਰਖ ਬਾਰੇ ਅਗਿਆਨਤਾ ਦਾ ਵੀ।

ਉਹ ਲੋਕ ਰਖੜੀ (ਰਕਸ਼ਾਬੰਧਨ) ਦੇ ਤਿਉਹਾਰ ਸਮੇਂ ਰਖੜੀ ਬਦਲੇ ਵੀ ਮੋਲੀ ਦੀ ਵਰਤੋਂ ਕਰਦੇ ਹਨ ਤੇ ਪੰਡਿਤ ਜੀ ਆਪ ਆ ਕੇ ਉਨ੍ਹਾਂ ਦੀਆਂ ਕਲਾਈਆਂ `ਤੇ ਮੌਲੀ ਬਣਦੇ ਹਨ। ਇਸ ਤਰ੍ਹਾਂ ਦੇਵੀ ਦੇਵਤਿਆਂ ਦੇ ਪੂਜਾਰੀ, ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਨੌਰਾਤਿਆਂ ਦੇ ਦਿਨਾਂ `ਚ ਕੰਜਕਾਂ ਆਦਿ ਦੇ ਦਿਨਾਂ `ਚ ਵੀ ਵਰਤੋਂ ਕਰਦੇ ਹਨ, ਕਹਿਣ ਤੋਂ ਭਾਵ ਜਿਨ੍ਹਾਂ ਦੇ ਇਹ ਵਿਸ਼ਵਾਸ ਅਤੇ ਤਿਉਹਾਰ ਹਨ, ਉਹ ਇਸ ਮੌਲੀ ਦੀ ਜੰਮ ਜੰਮ ਕੇ ਵਰਤੋਂ ਕਰਣ, ਇਸ `ਤੇ ਕਿਸੇ ਨੂੰ ਕਦੇ ਕੋਈ ਇਤਰਾਜ਼ ਨਹੀਂ ਹੋ ਸਕਦਾ।

ਪਰ ਮੌਲੀ ਦਾ ਗੁਰਮੱਤ ਨਾਲ ਉੱਕਾ ਸੰਬੰਧ ਨਹੀਂ ਅਤੇ ਇਹ ਗੁਰਮੱਤ ਵਿਰੋਧੀ ਪ੍ਰਗਟਾਵਾ ਵੀ ਹੈ। ਕੇਵਲ ਵਿਸ਼ੇ ਨਾਲ ਸੰਬੰਧਤ ਹੋਣ ਕਰਕੇ ਇਥੇ ਟੂਕ ਮਾਤ੍ਰ ਦੌਰਾਨਾ ਚਾਹਾਂਗੇ ਕਿ ਬ੍ਰਾਹਮਣੀ ਤਿਉਹਾਰ ਰਖੜੀ ਦੇ ਦਿਨਾਂ `ਚ ਪੰਡਤ ਜੀ. ਹੱਥਾਂ `ਚ ਮੌਲੀ ਲਈ ਉਚੇਚੇ ਜਜਮਾਨਾਂ ਕੋਲ ਜਾਂਦੇ ਅਤੇ ਉਨਾਂ ਦੀਆਂ ਕਲਾਈਆਂ `ਤੇ ਮੌਲੀ ਬੰਨ ਕੇ ਆਪਣੀ ਦਾਨ-ਦੱਛਣਾ ਲੈਂਦੇ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਇਸ ਤੋਂ ਬਾਅਦ ਮੌਲੀ ਸੰਬੰਧੀ ਕਿਸੇ ਹੋਰ ਸਬੂਤ ਦੀ ਲੋੜ ਵੀ ਨਹੀਂ ਰਹਿ ਜਾਂਦੀ ਕਿ ਮੌਲੀ ਦਾ ਆਧਾਰ ਕਿੱਥੇ ਹੈ। ਉਪ੍ਰੰਤ ਸਿਧੇ ਤੌਰ `ਤੇ ਦੇਵੀ ਦੀ ਪੂਜਾ ਨਾਲ ਸੰਬੰਧਤ ਕੰਜਕਾਂ ਦੇ ਤਿਉਹਾਰ ਸਮੇਂ ਵੀ ਮੌਲੀ ਵਾਲੇ ਸੱਚ ਨੂੰ ਸਮਝਣ `ਚ ਰਤੀ ਭਰ ਵੀ ਭੁਲੇਖਾ ਨਹੀਂ ਰਹਿਣਾ ਚਾਹੀਦਾ। ਉਪ੍ਰੰਤ ਇਸ ਵੇਰਵੇ ਤੋਂ ਬਾਅਦ ਤਾਂ ਗੁਰੂ ਕੀਆਂ ਸੰਗਤਾਂ ਲਈ ਮੋਲੀ ਦੀ ਲੋੜ ਆਪੇ ਹੀ ਮੁੱਕ ਜਾਂਦੀ ਹੈ।

ਜਿਸ ਮਨੁੱਖ ਨੂੰ ਰੂਪ, ਰੰਗ, ਰੇਖ ਤੋਂ ਨਿਆਰੇ, ਸਦਾ ਥਿਰ, ਸੰਪੂਰਣ ਰਚਨਾ `ਚ ਵਿਆਪਕ, ਇਕੋ ਇੱਕ ਕਰਤੇ ਅਕਾਲਪੁਰਖ ਦੀ ਸਮਝ ਆ ਜਾਂਦੀ ਹੈ ਤਾਂ ਉਸ ਲਈ ਦੇਵੀ-ਦੇਵਤਿਆਂ, ਆਪ ਮਿੱਥੇ ਭਗਵਾਨਾਂ, ਕੱਬਰਾਂ-ਮੜ੍ਹੀਆਂ ਵਾਲੇ ਸਮੂਚੇ ਵਿਸ਼ਵਾਸਾਂ ਵਾਲੀ ਗੱਲ ਆਪਣੇ ਆਪ ਮੁੱਕ ਜਾਣੀ ਚਾਹੀਦੀ ਹੈ। ਜਦੋ ਮਨੁੱਖ ਆਤਮਕ ਪਖੋਂ ਗੁਰਬਾਣੀ ਦਾ ਸਾਰ ਤੇ ਮੂਲ ਬਾਰੇ ਜਾਗ੍ਰਿਤ ਹੋ ਜਾਂਦਾ ਹੈ ਤਾਂ ਉਸ ਅੰਦਰੋਂ ਮੋਲੀ ਅਥਵਾ ਦੇਵੀ-ਦੇਵਤਿਆਂ ਆਦਿ ਵਾਲੇ ਵਿਸ਼ਵਾਸ ਆਪਣੇ ਆਪ ਖੰਬ ਲਾ ਕੇ ਉੱਡ ਜਾਂਦੇ ਹਨ। ਇਸ ਤਰ੍ਹਾਂ ਗੁਰੂ ਦੀ ਬਖਸ਼ਿਸ਼, ਕਲਾਈ `ਚ ਪਏ ਹੋਏ ਕੜੇ ਵਾਲੇ ਕਕਾਰ ਦੇ ਨਾਲ-ਨਾਲ ਇਕੋ ਸਮੇਂ ਕਲਾਈ `ਚ ਬੰਨੀ ਹੋਈ ਮੌਲੀ ਵਾਲੀ ਅਗਿਆਣਤਾ ਬਾਰੇ ਸਮਝ ਵੀ ਆਪਣੇ ਆਪ ਆ ਜਾਂਦੀ ਹੈ। ਤਾਂ ਵੀ ਜਿਹੜੇ ਗ਼ੈਰ-ਸਿੱਖ ਬੀਬੀਆਂ ਤੇ ਵੀਰ, ਕੇਵਲ ਸਤਿਕਾਰ ਵਜੋਂ ਆਪਣੀ ਕਲਾਈ `ਚ ਕੜੇ ਨੂੰ ਪਹਿਣਦੇ ਹਨ, ਉਹ ਵਿਸ਼ਾ ਫ਼ਿਰ ਵੀ ਵੱਖਰਾ ਹੈ।

ਇਕੋ ਕਲਾਈ `ਚ ਮੌਲੀ ਵੀ ਤੇ ਕੜਾ ਵੀ? - ਇਸ ਤਰ੍ਹਾਂ ਅਜਿਹੇ ਸੱਜਣ ਜਿਹੜੇ ਇੱਕ ਪਾਸੇ ਤਾਂ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਵੀ ਅਖਵਾਉਣਾ ਚਾਹੁੰਦੇ ਹਨ। ਜਦਕਿ ਦੂਜੇ ਪਾਸੇ, ਉਨ੍ਹਾਂ ਨੇ ਆਪਣੀ ਕਲਾਈ `ਚ ਕੜਾ ਵੀ ਪਾਇਆ ਹੋਵੇ ਤੇ ਮੌਲੀ ਵੀ ਬੰਨੀ ਹੋਈ ਹੋਵੇ ਤਾਂ ਉਹ ਆਪਣੇ ਆਪ ਹਿਸਾਬ ਲਗਾ ਸਕਦੇ ਹਨ ਕਿ ਆਖਿਰ ਉਹ ਖੜੇ ਕਿੱਥੇ ਹਨ? ਸੂਝਵਾਨ ਸੱਜਨ ਉਨ੍ਹਾਂ ਬਾਰੇ ਕੀ ਸੋਚ ਰਹੇ ਹਨ? ਜੇ ਕਰ ਫ਼ਿਰ ਵੀ ਅਜਿਹੇ ਲੋਕਾਂ `ਚੋਂ ਕੁੱਝ ‘ਲਿੱਬਰਲ’ ਹੋਣ ਦਾ ਬਿਰਥਾ ਹੱਠ ਕਰਣ ਤਾਂ ਵੀ ਇਹ ਉਨ੍ਹਾਂ ਰਾਹੀਂ ਸਪਸ਼ਟ ਤੌਰ `ਤੇ ਗੁਰੂ ਵਲੋਂ ਬੇਮੁੱਖ ਹੋਣਾ ਤਾਂ ਹੈ ਹੀ, ਜਿਸ ਦੂਸਨ ਤੋਂ ਕਿਸੇ ਤਰ੍ਹਾਂ ਵੀ ਨਹੀਂ ਬਚਿਆ ਜਾ ਸਕਦਾ।

ਪੰਥਕ ਤੌਰ `ਤੇ ਵੀ ਇੱਕ ਤਰੀਕੇ ਉਨ੍ਹਾਂ ਰਾਹੀਂ ਅਜਿਹਾ ਕਰਣਾ ਸਾਬਤ ਕਰਣਾ ਹੈ ਕਿ ਅਜਿਹੇ ਸੱਜਨ ਕੇਵਲ ਸ਼ਕਲ-ਸੂਰਤ ਤੋਂ ਸਿੱਖ ਹਨ, ਜਦਕਿ ਉਨ੍ਹਾਂ ਦਾ ਗੁਰੂ ਜਾਂ ਗੁਰੂ ਦੀ ਸਿੱਖੀ ਤੋਂ ਕੁੱਝ ਲੈਣਾ ਦੇਣਾ ਨਹੀਂ। ਜੇ ਅਜਿਹਾ ਨਹੀਂ ਤਾਂ ਉਨ੍ਹਾਂ ਨੂੰ ਇਸ ਪਖੋਂ ਬਿਨਾ ਢਿੱਲ, ਸੰਭਲਣ ਦੀ ਲੋੜ ਹੈ। ਦੋ ਬੇੜੀਆਂ `ਚ ਲਤਾਂ ਰਖ ਕੇ ਨਦੀ ਪਾਰ ਨਹੀਂ ਕੀਤੀ ਜਾ ਸਕਦੀ। ਜਿੱਥੇ ਪਾਤਸ਼ਾਹ ਦੀ ਸਿੱਖ ਨੂੰ ਬਖਸ਼ਿਸ਼ ਦੀ ਪਹਿਚਾਣ ਕਲਾਈ `ਚ ਪਿਆ ਹੋਇਆ ‘ਕੜਾ’ ਹੋਵੇ ਉਥੇ ਮੌਲੀ ਲਈ ਕੋਈ ਥਾਂ ਨਹੀਂ ਰਹਿੰਦੀ।

‘ਸਿੱਖ’ ਕਹਿਲਵਾਉਣ ਜਾਂ ਹੋਣ ਦਾ ਇਕੋ ਹੀ ਮੱਤਲਬ ਹੈ ‘ਗੁਰਬਾਣੀ ਦੀ ਸਿਖਿਆ ਦੇ ਦਾਇਰੇ `ਚ ਚਲਣ ਵਾਲਾ ਮਨੁੱਖ’ ਤੇ ਕਿਸੇ ਵੀ ਸਿੱਖ ਦੀ ਕਲਾਈ `ਚ ਪਿਆ ਕੜਾ, ਉਸ ਨੂੰ ਇਸੇ ਪੱਖ `ਤੇ ਚੇਤਾਵਣੀ ਦੇ ਰਿਹਾ ਹੈ ਤੇ ਪੰਜ ਕਕਾਰਾਂ `ਚੋਂ ਕੜਾ, ਇੱਕ ਕਕਾਰ ਵੀ ਹੈ। (ਚਲਦਾ) #418P-IIV s06.16.02.16#p4.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-IV

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਚੌਥਾ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.