.

ਦੇਵਤਾ, ਸਾਹਿਬ, ਸੰਤ, ਬਾਬਾ, ਮਹਾਂਪੁਰਸ਼ ਅਤੇ ਬ੍ਰਹਮ ਗਿਆਨੀ ਸਬਦਾਂ ਦੀ ਦੁਰਵਰਤੋਂ

ਅਵਤਾਰ ਸਿੰਘ ਮਿਸ਼ਨਰੀ (5104325827)

ਹਿੰਦੂਆਂ ਲਈ ਜਣਾ ਖਣਾ "ਦੇਵਤਾ" ਅਤੇ ਸਿੱਖਾਂ ਲਈ "ਸਾਹਿਬ" ਬਣਾ ਦਿੱਤਾ ਜਾਂਦਾ ਹੈ। ਜਰਾ ਧਿਆਨ ਦਿਓ ਸਾਹਿਬ ਦਾ ਅਰਥ ਹੈ ਮਾਲਿਕ ਤੇ ਉਹ ਕੇਵਲ ਇੱਕ ਕਰਤਾਰ ਹੀ ਹੈ-ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ॥ (ਗੁਰੂ ਗ੍ਰੰਥ) ਹੁਣ ਸਾਡਾ ਹਿੰਦੂਆਂ ਨਾਲੋਂ ਬਹੁਤਾ ਫਰਕ ਨਹੀਂ ਰਿਹਾ ਉਹ ਵੀ ਜਣੇ ਖਣੇ ਅਤੇ ਵਸਤੂਆਂ ਭਾਵ ਰੁੱਖਾਂ ਬਿਰਖਾਂ ਅਤੇ ਪਛੂ ਪੰਛੀਆਂ ਨੂੰ ਦੇਵਤੇ ਜਾਂ ਭਗਵਾਨ ਕਹੀ ਜਾਂਦੇ ਹਨ ਤੇ ਅੱਜ ਸਿੱਖ ਵੀ ਰੁੱਖਾਂ, ਬਿਰਖਾਂ, ਇਟਾਂ, ਚੋਲਿਆਂ, ਕਿਰਪਾਨਾਂ, ਖੂਹਾਂ, ਬੇਰੀਆਂ, ਦਾਤਨਾਂ, ਪਾਣੀ ਦੇ ਬਰਫੀਲੇ ਕੁੰਡਾਂ, ਪਾਲਕੀਆਂ, ਪੀਹੜਿਆਂ, ਚੰਦੋਇਆਂ, ਬੰਦਿਆਂ, ਬਿਲਡਿੰਗਾਂ ਅਤੇ ਪਿੰਡਾਂ-ਸ਼ਹਿਰਾਂ ਆਦਿ ਨੂੰ "ਸਾਹਿਬ" ਕਹੀ ਜਾ ਰਿਹਾ ਹੈ। ਹੁਣ ਘੋੜੇ ਖੋਤੇ ਵਿੱਚ ਵੀ ਫਰਕ ਨਹੀਂ ਸਮਝਦਾ ਦੇਖੋ "ਗੁਰੂ ਗ੍ਰੰਥ ਸਾਹਿਬ" ਦੇ ਬਰਾਬਰ ਅਸ਼ਲੀਲ ਰਚਨਾਵਾਂ ਦੇ ਸੰਗਰਹਿ "ਅਖੌਤੀ ਦਸਮ ਗ੍ਰੰਥ" ਨੂੰ ਵੀ "ਸਾਹਿਬ" ਕਹਿ ਕੇ ਹੀ ਪੂਜੀ ਜਾ ਰਿਹਾ ਹੈ। ਇਸ ਲਈ ਵਾਕਿਆ ਹੀ ਹੁਣ ਅਸਲੀ "ਸਾਹਿਬ" ਰੂਪ ਹੀਰੇ ਨੂੰ ਭੁੱਲ ਕੇ ਕੌਡੀਆਂ ਨੂੰ ਹੀ ਹੀਰੇ ਸਮਝੀ ਜਾ ਰਿਹਾ ਹੈ।

ਗੁਰਦੇਵ ਸਿੰਘ ਬਟਾਲਵੀ ਜੀ ਦੇ ਵਿਚਾਰ ਵੀ ਇਸ ਬਾਰੇ ਵਿਚਾਰਨ ਯੋਗ ਹਨ-ਸਾਹਿਬ ਨੂੰ ਲਭਦਾ ਹਾਂ, ਭਾਵੇਂ ਓਹ ਗਵਾਚਾ ਨਹੀਂ, ਪਰ ਲਭਦਾ ਵੀ ਨਹੀਂ ਕਿਉਂਕਿ ਓਹ ਟਾਹਲੀ, ਅੰਬ, ਪਲਾਹੀ ਸਾਹਿਬ ਵਿੱਚ ਕਿਤੇ ਗੁੰਮ ਹੈ। ਓਹ ਗੁੰਮ ਹੈ, ਚੋਲ੍ਹਾ ਸਾਹਿਬ, ਪੀੜ੍ਹਾ ਸਾਹਿਬ, ਚਵਰ ਤੇ ਚੰਦੋਆ ਸਾਹਿਬ ਆਦਿ ਵਿੱਚ। ਮੈਨੂੰ ਪਤਾ ਹੈ ਕਿ ਸਾਹਿਬ ਗਵਾਚਿਆ ਨਹੀਂ, ਪਰ ਫਿਰ ਵੀ ਮੈਂ ਲਭਦਾ ਹਾਂ। ਕੁੱਝ ਸ਼ਹਿਰ ਅਤੇ ਕਈ ਵਸਤੂਆਂ ਵੀ ਸਾਹਿਬ ਹਨ। ਬਹੁਤ ਲੰਮੀ ਕਤਾਰ ਹੈ, ਇਨ੍ਹਾਂ ਸਾਹਿਬਾਂ ਦੀ ਪਰ ਮੈਂ ਅਸਲ ਦੀ ਪਛਾਣ ਵਿੱਚ ਖੁਦ ਗੁੰਮ ਹੋ ਗਿਆ ਹਾਂ ਕਿਉਂਕਿ ਸਾਹਿਬ ਲਭਦਾ ਨਹੀਂ। ਹਾਂ ਖਿਆਲ ਆਇਆ, ਆਮ ਸਾਹਿਬ ਤਾਂ ਅਸਲ ਸਾਹਿਬ ਵਿੱਚ ਭੇਦ ਹੋ ਚੁੱਕਾ ਹੈ। ਬਸ ਉਸ ਦੀਆਂ ਸੱਚੀਆਂ ਸਿਖਿਆਵਾਂ ਹਨ, ਜਿਨ੍ਹਾਂ ਨੂੰ ਸਿੱਖ ਅੱਜ ਨਹੀਂ ਮੰਨਦੇ। ਸ਼ਾਇਦ ਓਹ ਏਸੇ ਕਰਕੇ ਮੈਨੂੰ ਨਹੀਂ ਲੱਭਦਾ। ਮੈਂ ਉਸਨੂੰ ਨਹੀਂ ਲੱਭਦਾ, ਓਹ ਮੈਨੂੰ ਨਹੀਂ ਲਭਦਾ। ਮੈਨੂੰ ਪਤਾ ਹੈ ਕਿ ਓਹ ਗੁਮ ਨਹੀਂ ਹੈ, ਪਰ ਮੈਂ ਹੀ ਅਸਮਰਥ ਹਾਂ ਕਿਉਂਕਿ ਮੇਰੀ ਸ਼ਰਧਾ ਦਾ ਅੰਨ੍ਹਾਂਪਨ, ਮੈਨੂੰ ਸਾਹਿਬ ਲੱਭਣ ਨਹੀਂ ਦਿੰਦਾ ਕਿਉਂਕਿ ਮੈਂ ਸਿਰਫ ਸ਼ਰਧਾਲੂ ਹਾਂ, ਗਿਆਨੀ ਨਹੀਂ ਹਾਂ। ਬਸ ਇਹ ਉਸ ਦੇ ਸ਼ਬਦ ਦਾ ਗਿਆਨ ਹੀ ਆਸ ਦੀ ਇੱਕ ਆਖਰੀ ਕਿਰਣ ਏ ਸ਼ਾਇਦ ਜੋ ਉਸ ਨੂੰ ਲਭਣ ਵਿੱਚ ਸਹਾਈ ਹੋ ਸਕੇਗਾ। ਸਾਹਿਬ ਨੂੰ ਲੱਭਦਾ ਹਾਂ ਭਾਵੇਂ ਓਹ ਗਵਾਚਾ ਨਹੀਂ ਪਰ ਲੱਭਦਾ ਵੀ ਨਹੀਂ ਕਿਉਂਕਿ ਓਹ ਟਾਹਲੀ, ਅੰਬ, ਪਲਾਹੀ ਸਾਹਿਬ ਵਿੱਚ ਕਿਤੇ ਗੁੰਮ ਹੈ।

ਅੱਜ ਸਾਹਿਬ, ਸੰਤ, ਬਾਬਾ, ਮਹਾਂਪੁਰਖ, ਬ੍ਰਹਮ ਸਰੂਪ, ਬ੍ਰਹਮ ਗਿਆਨੀ, ਜਪੀ, ਤਪੀ, ਤਪਸਵੀ, ਕਾਰ ਸੇਵਕ, ਰੂਹਾਨੀ ਸੇਵਕ ਅਤੇ ਮਾਲਾਫੇਰੂ ਆਦਿਕ ਲੇਬਲਾਂ ਦੀਆਂ, ਧਰਮ ਦੇ ਨਾਂ ਥੱਲੇ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ। ਅੱਜ ਜਣਾ ਖਣਾ ਹੀ ਸੰਤ, ਸਾਹਿਬ ਅਤੇ ਬ੍ਰਹਮ ਗਿਆਨੀ ਬਣਿਆਂ ਫਿਰਦਾ ਅਤੇ ਅੱਗ, ਹਵਾ, ਪਾਣੀ, ਦਰੱਖਤ, ਪੱਥਰ, ਪਸ਼ੂ, ਪੰਛੀ, ਮੂਰਤ, ਪਿੰਡ, ਸ਼ਹਿਰ, ਬਿਲਡਿੰਗ ਅਤੇ ਡੇਰੇ ਸੰਪ੍ਰਦਾ ਨੂੰ ਸਾਹਿਬ ਬਣਾਈ ਫਿਰਦਾ ਹੈ। ਜਿਵੇਂ ਬੜੂ ਸਾਹਿਬ, ਟਾਹਲੀ ਸਾਹਿਬ, ਦਾਤਣ ਸਾਹਿਬ, ਜੋੜਾ ਸਾਹਿਬ, ਖੂੰਡਾ ਸਾਹਿਬ, ਰੁਮਾਲਾ ਸਾਹਿਬ, ਪਾਲਕੀ ਸਾਹਿਬ, ਕੰਧ ਸਾਹਿਬ, ਘੋੜਾ ਸਾਹਿਬ, ਬੋਹੜ ਸਾਹਿਬ, ਨਿੰਮ ਸਾਹਿਬ, ਪਿਪਲ ਸਾਹਿਬ, ਬੇਰੀ ਸਾਹਿਬ, ਅੰਬ ਸਾਹਿਬ, ਕਰੀਰ ਸਾਹਿਬ, ਚੋਲਾ ਸਾਹਿਬ, ਥੜਾ ਸਾਹਿਬ, ਜਠੇਰਾ ਸਾਹਿਬ, ਭੈਣੀ ਸਾਹਿਬ, ਰੌਣੀ ਸਾਹਿਬ, ਰਾੜਾ ਸਾਹਿਬ, ਸੰਤਾ ਸਾਹਿਬ, ਬੰਤਾ ਸਾਹਿਬ, ਮਾਨ ਸਾਹਿਬ, ਪਹੇਵਾ ਸਾਹਿਬ, ਤ੍ਰਿਬੈਣੀ ਸਾਹਿਬ, ਭੌਰਾ ਸਾਹਿਬ, ਗੁਮਟ ਸਾਹਿਬ ਆਦਿਕ ਹੋਰ ਵੀ ਅਨੇਕਾਂ ਜੀਵਤ ਅਤੇ ਮੁਰਦਾ ਵਸਤੂਆਂ ਨੂੰ ਸਾਹਿਬ ਤੇ ਸੰਤ ਬਣਾ ਕੇ ਪੂਜਿਆ ਜਾ ਰਿਹਾ ਹੈ। ਅੱਜ ਬਹੁਤੇ ਅਜਿਹੇ ਡੇਰਿਆਂ ਅਤੇ ਸੰਤਾਂ ਦੇ ਸਕੈਂਡਲ ਘੁਟਾਲੇ ਮੀਡੀਏ ਅਤੇ ਲੋਕਾਈ ਰਾਹੀਂ ਸਾਹਮਣੇ ਆ ਰਹੇ ਹਨ। ਕਈ ਮਹਾਂਰਾਜ ਅਤੇ ਸਾਹਿਬ ਬਣੇ ਬਾਬੇ ਬਲਾਤਕਾਰਾਂ ਦੇ ਕੇਸ ਵਿੱਚ ਜੇਲ੍ਹਾਂ ਦੀਆਂ ਸਲਾਖਾਂ ਵਿੱਚ ਸਜਾ ਭੁਗਤਦੇ ਨੇ, ਕਈ ਸਰਮਾਏਦਾਰ ਅਤੇ ਸਰਕਾਰੀ ਸ਼ਹਿ ‘ਤੇ ਬਾਹਰ ਵੀ ਗੁਲਸ਼ਰੇ ਉਡਾ ਰਹੇ ਹਨ। ਉਪ੍ਰੋਕਤ ਨਾਵਾਂ ਤੇ ਥਾਵਾਂ ਦੇ ਲੇਬਲਾਂ ਹੇਠ ਭੋਲੀ ਭਾਲੀ ਅਤੇ ਸ਼ਰਧਾਲੂ ਜਨਤਾ ਨੂੰ ਖੂਬ ਲੁੱਟਿਆ ਜਾ ਰਿਹਾ ਹੈ। ਇਹ ਕਹਾਵਤ ਠੀਕ ਹੀ ਅਜਿਹੇ ਠੱਗਾਂ ‘ਤੇ ਢੁੱਕਦੀ ਹੈ-ਦੁਨੀਆਂ ਲੁੱਟੀਏ ਮੱਕਰ ਸੇ। ਰੋਟੀ ਖਾਈਏ ਸ਼ੱਕਰ ਸੇ। ਦਾਸ ਦੀ ਜਨਤਾ ਨੂੰ ਗੁਜਾਰਸ਼ ਹੈ ਕਿ ਅਜਿਹੇ ਨਾਵਾਂ, ਥਾਵਾਂ, ਸੰਤਾਂ ਅਤੇ ਸਾਹਿਬਾਂ ਦੇ ਧਰਮ ਲੁਭਾਊ ਲੇਵਲਾਂ ਤੋਂ ਬਚੋ, ਆਪਣੀ ਖੂਨ ਪਸੀਨੇ ਦੀ ਘਾਲ ਕਮਾਈ ਨੂੰ ਅੰਨ੍ਹੇਵਾਹ ਭੇਖੀ ਧਰਮ ਲੇਬਲਾਂ ਵਾਲੀਆਂ ਥਾਵਾਂ ਤੇ ਭੇਖੀ ਸਾਧਾਂ ਦੇ ਡੇਰਿਆਂ ਤੇ ਨਾ ਬਰਬਾਦ ਕਰੋ ਸਗੋਂ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ, ਪ੍ਰਵਾਰ ਦੀ ਸੰਭਾਲ ਅਤੇ ਲੋੜਵੰਦਾਂ ਦੀ ਹੀ ਸੇਵਾ ਮਦਦ ਕਰੋ। ਸੁਜਾਖੇ ਹੋ ਭਾਵ ਅੱਖਾਂ ਖੋਲ੍ਹ ਕੇ ਪ੍ਰਉਪਕਾਰੀ ਬਣੋ ਨਾਂ ਕਿ ਅੰਨ੍ਹੀਸ਼ਰਧਾ ਹੇਠ ਇੱਕ ਆਪਣਾ ਆਪ ਬਰਬਾਦ ਕਰਦੇ ਦੂਜਾ ਗੁਰਮਤਿ ਦੀਆਂ ਹੀ ਧੱਜੀਆਂ ਉਡਾਈ ਜਾਓ-ਗੁਣ ਨਾਨਕੁ ਬੋਲੈ ਭਲੀ ਬਾਣਿ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ॥(ਗੁਰੂ ਗ੍ਰੰਥ)




.