.

ਗੁਰਮੱਤ ਦੀ ਪਰੀਭਾਸ਼ਾ

ਸਿਖ ਭਾਈਚਾਰੇ ਵਿਚਲੇ ਵਿਦਵਾਨ ਲੋਕ ‘ਗੁਰਮੱਤ’ ਦੇ ਵਿਸ਼ੇ ਨੂੰ ਲੈ ਕੇ ਕਾਫੀ ਕੁਝ ਲਿਖਦੇ ਰਹਿੰਦੇ ਹਨ ਅਤੇ ਪੇਸ਼ਾਵਰ ਪਰਚਾਰਕ ਇਸ ਵਿਸ਼ੇ ਸਬੰਧੀ ਕਾਫੀ ਕੁਝ ਦੱਸਦੇ ਰਹਿੰਦੇ ਹਨ। ਉਹ ‘ਗੁਰਮੱਤ’ ਦਾ ‘ਮਨਮੱਤ’ ਨਾਲ ਟਾਕਰਾ ਕਰਦੇ ਹੋਏ ‘ਗੁਰਮੱਤ’ ਦੀ ਪਾਲਣਾ ਕਰਨ ਅਤੇ ‘ਮਨਮੱਤ’ ਤੋਂ ਬਚਣ ਦਾ ਜ਼ੋਰਦਾਰ ਪਰਚਾਰ ਕਰਦੇ ਹਨ। ਨਿਸਚੇ ਹੀ ਇਹ ਇਕ ਸਰਾਹੁਣਯੋਗ ਉਪਰਾਲਾ ਹੈ। ਪਰੰਤੂ ‘ਗੁਰਮੱਤ’ ਦੀ ਪਰੀਭਾਸ਼ਾ ਨੂੰ ਲੈਕੇ ਕਾਫੀ ਭਰਮ-ਭੁਲੇਖੇ ਵੀ ਬਣੇ ਹੋਏ ਹਨ ਅਤੇ ਇਸ ਮੰਦਭਾਗੀ ਸਥਿਤੀ ਸਬੰਧੀ ਇਹ ਦੋਵ੍ਹੇਂ ਵਰਗ ਅਤੇ ਸਿਖ ਭਾਈਚਾਰੇ ਦੇ ਆਮ ਲੋਕ ਸੁਚੇਤ ਨਹੀਂ।

‘ਗੁਰਮੱਤ’ ਸ਼ਬਦ ‘ਗੁਰ’ਅਤੇ ‘ਮੱਤ’ ਦੋ ਪਦਾਂ ਨੂੰ ਜੋੜ ਕੇ ਬਣਾਇਆ ਹੋਇਆ ਸੰਯੁਕਤ
(compound) ਸ਼ਬਦ ਹੈ। ਸਰਸਰੀ ਤੌਰ ਤੇ ਵੇਖਿਆ ਜਾਵੇ ਤਾਂ ‘ਗੁਰਮੱਤ’ ਵਿਚ ਸ਼ਾਮਲ ਹਿੱਸੇ ‘ਮੱਤ’ ਦੇ ਹੇਠਾਂ ਦਿੱਤੇ ਦੋ ਅਰਥ ਪਰਾਪਤ ਹੋਣਗੇ:
1. ਮਨੁੱਖ ਦੇ ਆਮ ਜੀਵਨ ਸਬੰਧੀ ਨੇਕ ਸਲਾਹ ਭਾਵ ਨੈਤਿਕ ਸਿਖਿਆ ਜੋ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਆਪਣੇ ਨੇੜਲੇ ਸਮਾਜਕ
ਵਰਗ ਦੇ ਲੋਕਾਂ ਨੂੰ ਦਿੱਤੀ ਗਈ ਹੋਵੇ ਜਾਂ ਦਿੱਤੀ ਜਾ ਰਹੀ ਹੋਵੇ।
2. ਉਹ ਨਿਵੇਕਲਾ ਫਲਸਫਾ ਜਾਂ ਵਿਚਾਰਧਾਰਾ ਜਿਸ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਪੇਸ਼ ਕੀਤਾ ਹੋਵੇ ਅਤੇ ਜਿਸਨੂੰ ਇਕ ਵਿਸ਼ੇਸ਼ ਸ਼੍ਰੇਣੀ ਦੇ ਲੋਕ ਮਾਨਤਾ ਵੀ ਦਿੰਦੇ ਹੋਣ ਅਤੇ ਉਸ ਨੂੰ ਅੱਗੇ ਹੋਰਨਾ ਲੋਕਾਂ ਵਿਚ ਪਰਚਾਰਨ ਦਾ ਉਪਰਾਲਾ ਵੀ ਕਰ ਰਹੇ ਹੋਣ।

ਇੱਥੇ ‘ਗੁਰਮੱਤ’ਵਿਚ ਆ ਰਹੇ ਪਦ ‘ਗੁਰ’ ਬਾਰੇ ਵਿਚਾਰ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ‘ਗੁਰ’ ਨਿਸਚੇ ਹੀ ‘ਗੁਰੂ’ ਦਾ ਛੋਟਾ ਰੂਪ ਹੈ ਜੋ ਇਸ ਦੀ ‘ਮੱਤ’ ਨਾਲ ਸੰਯੁਕਤੀਕਰਨ ਦੀ ਪ੍ਰਕਿਰਿਆ ਦੌਰਾਨ ਇਸ ਵਿਚਲੀ ਦੁਲੈਂਕੜ ਦੀ ਧੁਨੀ ਦੇ ਲੋਪ ਹੋ ਜਾਣ ਨਾਲ ਹੋਂਦ ਵਿਚ ਆਇਆ ਹੈ। ਉੱਪਰ ਦਰਸਾਏ ਦੋ ਵਰਗਾਂ ਸਮੇਤ ਸਿਖ ਭਾਈਚਾਰੇ ਦੇ ਸਾਰੇ ਲੋਕਾਂ ਵਿਚ ‘ਗੁਰੂ’ ਦੇ ਅਰਥ ਸਿੱਧੇ ਤੌਰ ਤੇ ਦਸ ਗੁਰੂ ਸਾਹਿਬਾਨ ਤੋਂ ਲੈਣ ਦਾ ਰਿਵਾਜ ਬਣਿਆਂ ਹੋਇਆ ਹੈ ਭਾਵੇਂ ਕਿ ਵਿਚ-ਵਿਚ ਗੁਰਬਾਣੀ-ਗ੍ਰੰਥ ਵੱਲ ਵੀ ਇਸ਼ਾਰਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਸਿਖ ਭਾਈਚਾਰੇ ਦੇ ਲੋਕ ਗੁਰਬਾਣੀ ਨੂੰ ਵੀ ‘ਗੁਰੂ’ ਦਾ ਦਰਜਾ ਦਿੰਦੇ ਹਨ (ਭਾਵੇਂ ਕਿ ਉਹ ਗਿਆਨੀ ਗਿਆਨ ਸਿੰਘ ਵੱਲੋਂ ਲਿਖੀ ਗਈ ਸਤਰ ‘ਗੁਰੂ ਮਾਨਿਓਂ ਗ੍ਰੰਥ’ ਦੇ ਆਧਾਰ ਤੇ ਗੁਰਬਾਣੀ ਦੇ ਪੁਸਤਕ ਰੂਪ ਦੀ ਹੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਹਿ ਕੇ ਮੂਰਤੀ ਵਾਂਗ ਪੂਜਾ-ਅਰਚਨਾ ਕਰਦੇ ਰਹਿੰਦੇ ਹਨ ਅਤੇ ‘ਬਾਣੀ ਗੁਰੂ ਗੁਰੂ ਹੈ ਬਾਣੀ’ ਵਾਲੇ ਕਥਨ ਨੂੰ ਘਟ ਹੀ ਯਾਦ ਰੱਖਦੇ ਹਨ)। ਗੁਰਬਾਣੀ ਦੇ ਸੰਦਰਭ ਵਿਚ ‘ਗੁਰੂ’ ਸ਼ਬਦ ਦੇ ਹੇਠਾਂ ਦਿੱਤੇ ਦੋ ਅਰਥ ਨਿਕਲਦੇ ਹਨ:
1. ਅਧਿਆਪਕ, ਉਸਤਾਦ ਜਾਂ ਮਾਹਿਰ
ਗੁਰਬਾਣੀ ਵਿੱਚੋਂ ਇਸ ਵਰਤੋਂ ਦੀਆਂ ਕੁਝ ਉਦਾਹਰਨਾਂ ਹੇਠਾਂ ਦਿੱਤੇ ਅਨੁਸਾਰ ਮਿਲਦੀਆਂ ਹਨ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਗੁਰਬਾਣੀ-ਗ੍ਰੰਥ, ਪੰਨਾਂ 8)
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥ (ਗੁਰਬਾਣੀ-ਗ੍ਰੰਥ, ਪੰਨਾਂ 58)
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (ਗੁਰਬਾਣੀ-ਗ੍ਰੰਥ, ਪੰਨਾਂ 942)
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਗੁਰਬਾਣੀ-ਗ੍ਰੰਥ, ਪੰਨਾਂ 943)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ (ਗੁਰਬਾਣੀ-ਗ੍ਰੰਥ, ਪੰਨਾਂ 982)
ਪਰੰਤੂ ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਗੁਰਬਾਣੀ ਵਿਚ ‘ਗੁਰੂ’ ਸ਼ਬਦ ਦੀ ਅਧਿਆਪਕ/ਉਸਤਾਦ/ਮਾਹਰ ਵਜੋਂ ਵਰਤੋਂ ਬਹੁਤ ਘਟ ਥਾਵਾਂ ਤੇ ਹੋਈ ਹੈ।
2. ਪ੍ਰਭੂ-ਪਰਮੇਸ਼ਵਰ
ਗੁਰਬਾਣੀ ਵਿਚ ਬਹੁਤੀਆਂ ਥਾਵਾਂ ਤੇ ‘ਗੁਰ’ ਸ਼ਬਦ ਅਤੇ ਅੱਗੋਂ ਇਸ ਤੋਂ ਬਣੇ ਸ਼ਬਦ ਜਿਵੇਂ ਕਿ ਗੁਰੂ, ਸਤਿਗੁਰ, ਸਤਿਗੁਰੂ, ਵਾਹਿਗੁਰੂ ਆਦਿਕ ਪ੍ਰਭੂ-ਪਰਮੇਸ਼ਵਰ ਵਾਸਤੇ ਵਰਤੇ ਗਏ ਹਨ। ਇਸ ਲਈ ਸਮੁੱਚੀ ਗੁਰਬਾਣੀ ਵਿਚ ਜਿੱਥੇ-ਜਿੱਥੇ ਵੀ ਗੁਰ/ਗੁਰੁ/ਗੁਰੂ/ਸਤਿਗੁਰ/ਸਤਿਗੁਰੂ ਦੀ ਵਰਤੋਂ ਹੁੰਦੀ ਨਜ਼ਰੀਂ ਪੈਂਦੀ ਹੈ ਉੱਥੇ-ਉੱਥੇ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹ ਵਰਤੋਂ ਪ੍ਰਭੂ-ਪਰਮੇਸ਼ਵਰ ਲਈ ਹੀ ਕੀਤੀ ਗਈ ਹੋਵੇਗੀ। (‘ਗੁਰ’ ਸ਼ਬਦ ਦੀ ਇਸ ਪੱਖੋਂ ਨਿਰੁਕਤੀ ਦੀ ਵਿਆਖਿਆ ਲਈ ਲੇਖਕ ਦਾ ਲੇਖ ‘ਗੁਰ ਅਤੇ ਗੁਰੂ ਸ਼ਬਦਾਂ ਦੀ ਵਰਤੋਂ’ ਵੇਖਿਆ ਜਾ ਸਕਦਾ ਹੈ ਜੋ ‘ਸਿਖਮਾਰਗ’ ਵੈਬਸਾਈਟ ਉੱਤੇ ਉਪਲਭਦ ਹੈ)।
ਇੱਥੇ ਇਸ ਤੱਥ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਸ਼ਬਦ ‘ਗੁਰਮੱਤ’ ਦੀ ਬਣਤਰ ਵਿਚ ’ਗੁਰ’ ਜਾਂ ‘ਗੁਰੂ’ ਦੇ ਪ੍ਰਭੂ-ਪਰਮੇਸ਼ਵਰ ਵਾਲੇ ਅਰਥ ਵਰਤੋਂ ਵਿਚ ਨਹੀਂ ਆਉਣਗੇ ਕਿਉਂਕਿ ਗੁਰਬਾਣੀ ਅਨੁਸਾਰ ਪ੍ਰਭੂ-ਪਰਮੇਸ਼ਵਰ ਨਿਰਾਕਾਰ ਹੈ ਅਤੇ ਉਹ ਸਿੱਧੇ ਤੌਰ ਤੇ ਕੋਈ ਮੱਤ (ਨੇਕ ਸਲਾਹ/ਨੈਤਿਕ ਸਿਖਿਆ) ਨਹੀਂ ਦਿੰਦਾ ਅਤੇ ਨਾ ਹੀ ਉਹ ਕੋਈ ਫਲਸਫਾ/ਵਿਚਾਰਧਾਰਾ ਹੀ ਪੇਸ਼ ਕਰਦਾ ਹੈ, ਇਹ ਕੰਮ ਤਾਂ ਮਨੁੱਖੀ ਜੀਵਾਂ ਦੇ ਹਨ। ਪ੍ਰਭੂ-ਪਰਮੇਸ਼ਵਰ ਤਾਂ ਕੇਵਲ ਭਾਣਾ ਅਤੇ ਮਿਹਰ ਹੀ ਵਰਤਾਉਂਦਾ ਹੈ।

ਸੋ ‘ਗੁਰਮੱਤ’ ਸ਼ਬਦ ਦੀ ਬਣਤਰ ਅਤੇ ਅਰਥਾਂ ਨੂੰ ਸਮਝਣ ਲਈ ਇਸ ਵਿਚਲੇ ‘ਗੁਰ’ ਪਦ ਨੂੰ ‘ਅਧਿਆਪਕ, ਉਸਤਾਦ ਜਾਂ ਮਾਹਿਰ’ ਲਈ ਵਰਤਿਆ ਗਿਆ ਸਮਝਿਆ ਜਾਵੇਗਾ ਅਤੇ ਇਸ ਲਈ ਦਸ ਗੁਰੂ ਸਾਹਿਬਾਨ ਅਤੇ ਗੁਰਬਾਣੀ-ਗ੍ਰੰਥ ਨੂੰ ‘ਅਧਿਆਪਕ, ਉਸਤਾਦ ਜਾਂ ਮਾਹਿਰ’ ਦੀ ਸ਼੍ਰੇਣੀ ਵਿਚ ਰੱਖਣਾ ਹੋਵੇਗਾ। ਹੁਣ, ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਦੇ ਵੀ ਅਸਲੀ ਜੀਵਨ ਨਾਲ ਸਬੰਧਤ ਕੋਈ ਵੇਰਵਾ ਪ੍ਰਮਾਣਿਕ ਰੂਪ ਵਿਚ ਉਪਲਭਦ ਨਹੀਂ ਜਿਸ ਕਰਕੇ ਉਹਨਾਂ ਦੀਆਂ ਜੀਵਨ-ਘਟਨਾਵਾਂ ਅਤੇ ਉਹਨਾਂ ਵੱਲੋਂ ਸਮੇਂ-ਸਮੇਂ ਪ੍ਰਗਟਾਏ ਗਏ ਵਿਚਾਰ ਹੂਬਹੂ ਰੂਪ ਵਿਚ ਸਾਡੇ ਸਾਹਮਣੇ ਨਹੀਂ ਹਨ (ਉਂਜ ਉਹਨਾਂ ਬਾਰੇ ਸਾਖੀਆਂ/ਕਹਾਣੀਆਂ ਬਹੁਤ ਪਰਚਲਤ ਹਨ)। ਇਸ ਸਥਿਤੀ ਵਿਚ ਗੁਰਬਾਣੀ ਹੀ ਇੱਕੋ-ਇਕ ਉਪਲਭਦ ਸਰੋਤ ਹੈ ਜੋ ਸਾਨੂੰ ਦਸ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਨੈਤਿਕ ਸਿਖਿਆ ਅਤੇ ਉਹਨਾਂ ਦੀ ਨਿਵੇਕਲੀ ਵਿਚਾਰਧਾਰਾ ਪ੍ਰਮਾਣਿਕ ਰੂਪ ਵਿਚ ਪਰਾਪਤ ਕਰਵਾ ਸਕਦਾ ਹੈ। ਇਸ ਸਥਿਤੀ ਵਿਚ ਜ਼ਰੂਰੀ ਹੋ ਜਾਂਦਾ ਹੈ ਕਿ ‘ਗੁਰਮੱਤ’ ਦੀ ਪਰੀਭਾਸ਼ਾ ਨੂੰ ਕੇਵਲ ਅਤੇ ਕੇਵਲ ਗੁਰਬਾਣੀ ਤੇ ਹੀ ਆਧਾਰਿਤ ਕੀਤਾ ਜਾਵੇ।

ਦੂਸਰੇ ਪਾਸੇ ਅਸੀਂ ਵੇਖਦੇ ਹਾਂ ਕਿ ਸਿਖ ਭਾਈਚਾਰੇ ਵਿਚਲੇ ਵਿਦਵਾਨ, ਪਰਚਾਰਕ, ਟੀਕਾਕਾਰ, ਗ੍ਰੰਥੀ ਆਦਿਕ ‘ਗੁਰਮੱਤ’ ਸ਼ਬਦ ਨੂੰ ਦੇਣ ਵਾਲੇ ਭਾਵ-ਅਰਥ ਨੂੰ ਸਿੱਧਾ ਗੁਰਬਾਣੀ ਉੱਤੇ ਆਧਾਰਿਤ ਕਰਨ ਦੀ ਬਜਾਇ ‘ਸਿਖ ਧਰਮ’ ਨਾਲ ਜੋੜਨ ਵੱਲ ਵਧੇਰੇ ਰੁਚਿਤ ਹਨ। ਕਹਿਣ ਤੋਂ ਭਾਵ ਹੈ ਕਿ ਸਿਖ ਭਾਈਚਾਰੇ ਦੇ ਲਗ-ਭਗ ਸਾਰੇ ਵਰਗਾਂ ਦੇ ਲੋਕ ‘ਸਿਖ ਧਰਮ’ ਨੂੰ ਮਾਨਤਾ ਦਿੰਦੇ ਆ ਰਹੇ ਹਨ । ਇਸ ਲਈ ਉਹ ‘ਗੁਰਮੱਤ’ ਦੀ ਪਰੀਭਾਸ਼ਾ ਦੇਣ ਲਈ ਗੁਰਬਾਣੀ ਉੱਤੇ ਆਧਾਰਿਤ ਹੋਣ ਦੀ ਬਜਾਇ ਵੱਖ-ਵੱਖ ਗੁਰੂ ਸਾਹਿਬਾਨ ਬਾਰੇ ਪਰਚਲਤ ਕੀਤਿਆਂ ਜਾ ਚੁੱਕੀਆਂ ਸਾਖੀਆਂ/ਕਹਾਣੀਆਂ ਜਾਂ ਰਹਿਤਨਾਮਿਆਂ ਉੱਤੇ ਟੇਕ ਰੱਖਦੇ ਨਜ਼ਰੀਂ ਪੈਂਦੇ ਹਨ। ਉਂਜ ਉਹਨਾਂ ਵਿੱਚੋਂ ਕੁਝ ਕੁ ਦੱਬੀ ਅਵਾਜ਼ ਵਿਚ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਗੁਰੂ ਨਾਨਕ ਜੀ ਜਾਂ ਬਾਕੀ ਦੇ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਕੋਈ ‘ਧਰਮ’ (ਰਿਲੀਜਨ/ਮਜ਼ਹਬ) ਨਹੀਂ ਚਲਾਇਆ ਸੀ। ਪਰੰਤੂ ਭੰਬਲਭੂਸਾ ਉਦੋਂ ਆ ਖੜਾ ਹੁੰਦਾ ਹੈ ਜਦੋਂ ‘ਸਿਖ ਧਰਮ’ ਦੀ ਵਿਵਸਥਾ ਵਿਚਲੀਆਂ ਤਰੁੱਟੀਆਂ ਦਾ ਜ਼ਿਕਰ ਆ ਜਾਣ ਤੇ ਉਹ ਗੁਰਬਾਣੀ ਵਿਚ ਦਰਸਾਏ ‘ਧਰਮ’ ਭਾਵ ਗੁਰਬਾਣੀ ਰਾਹੀਂ ਪੇਸ਼ ਕੀਤੀ ਗਈ ਨੈਤਿਕ ਸਿਖਿਆ ਦੇ ਹਵਾਲੇ ਦੇਣੇ ਅਰੰਭ ਕਰ ਦੇਂਦੇ ਹਨ। ਉਹਨਾਂ ਦੇ ਕਹਿਣ ਦਾ ਭਾਵ ਇਹ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਤਾਂ ਚੰਗਾ ਧਰਮ (ਭਾਵ ਚੰਗਾ ਸੰਸਥਾਗਤ/ਸੰਪਰਦਾਈ ਧਰਮ) ਚਾਲੂ ਕੀਤਾ ਸੀ ਪਰੰਤੂ ਉਸ ਵਿਚ ਵਿਗਾੜ ਆ ਗਿਆ ਹੈ। ਪਰੰਤੂ ਅਸਲੀ ਸਥਿਤੀ ਇਹ ਨਹੀਂ। ਅਸਲੀ ਸਥਿਤੀ ਇਹ ਹੈ ਕਿ ਗੁਰੂ ਸਾਹਿਬਾਨ ਨੇ ਤਾਂ ਕੋਈ ‘ਧਰਮ’ ਭਾਵ ਸੰਸਥਾਗਤ/ਸੰਪਰਦਾਈ ਧਰਮ ਚਾਲੂ ਹੀ ਨਹੀਂ ਕੀਤਾ ਸੀ। ਫਿਰ ‘ਵਿਗਾੜ’ ਵਾਲਾ ਮਸਲਾ ਕਿਵੇਂ ਪੈਦਾ ਹੋ ਗਿਆ ?

ਸਚਾਈ ਤਾਂ ਇਹ ਹੈ ਕਿ ਸ਼ਬਦ ‘ਧਰਮ’ ਦੇ ਦੋ ਅੱਡ-ਅੱਡ ਅਰਥ ਬਣਦੇ ਹਨ, ਪਹਿਲਾ ਨੈਤਿਕਤਾ ਅਧਾਰਿਤ ਵਿਵਹਾਰ ਭਾਵ ‘ਨਿਰਮਲ ਕਰਮ’ ਜਿਸ ਦੀ ਪਰੋੜਤਾ ਗੁਰਬਾਣੀ ਵੀ ਕਰਦੀ ਹੈ ਅਤੇ ਦੂਸਰਾ ਰਿਲੀਜਨ
(religion) ਜਾਂ ਮਜ਼ਹਬ ਭਾਵ ‘ਸੰਸਥਾਗਤ/ਸੰਪਰਦਾਈ ਧਰਮ’ ਜੋ ਵਿਵਹਾਰਿਕ ਪੱਖੋਂ ਨੈਤਿਕਤਾ ਤੋਂ ਦੂਰ ਹੀ ਰਹਿੰਦਾ ਹੈ (ਕਿਸੇ ਸ਼ਬਦ ਦੇ ਇਕ ਤੋਂ ਵੱਧ ਅਰਥ ਹੋਣ ਦੀ ਸਥਿਤੀ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਵਿਚਲੇ ਕਈ ਸ਼ਬਦਾਂ ਸਬੰਧੀ ਉਤਪੰਨ ਹੋ ਜਾਂਦੀ ਹੈ)। ਇਸ ਤਰ੍ਹਾਂ ਸਿਖ ਭਾਈਚਾਰਾ ਗੰਭੀਰ ਦੁਬਿਧਾ ਵਾਲੀ ਸਥਿਤੀ ਵਿਚ ਫਸਿਆ ਹੋਇਆ ਹੈ। ਜਿਸ ‘ਸਿਖ ਧਰਮ’ ਨੂੰ ਸਿਖ ਭਾਈਚਾਰਾ ਲੰਬੇ ਅਰਸੇ ਤੋਂ ਮਾਨਤਾ ਦਿੰਦਾ ਆ ਰਿਹਾ ਹੈ ਉਹ ਅਸਲ ਵਿਚ ਇਕ ਸੰਸਥਾਗਤ/ਸੰਪਰਦਾਈ ਧਰਮ ਹੈ ਜਿਸ ਦੀ ਸਥਾਪਨਾ ਗੁਰੂ ਨਾਨਕ ਜੀ ਜਾਂ ਕਿਸੇ ਹੋਰ ਸਿਖ ਗੁਰੂ ਨੇ ਨਹੀਂ ਕੀਤੀ ਸੀ। ਅਸਲ ਵਿਚ ਗੁਰੂ ਸਾਹਿਬਾਨ ਦਾ ਮਿਸ਼ਨ ਸੰਸਥਾਗਤ/ਸੰਪਰਦਾਈ ਧਰਮ ਨੂੰ ਮੁੱਢੋਂ ਹੀ ਨਕਾਰਨ ਦਾ ਸੀ। ਇਹ ਤਾਂ ਕਿਸੇ ਅਣਹੋਣੀ ਦੇ ਵਾਪਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬਾਨ ਨੇ ਤਾਂ ਸੰਸਥਾਗਤ/ਸੰਪਰਦਾਈ ਧਰਮ ਨੂੰ ਨਕਾਰ ਦਿੱਤਾ ਪਰੰਤੂ ਆਪਣੇ-ਆਪ ਨੂੰ ਉਹਨਾਂ ਹੀ ਗੁਰੂ ਸਾਹਿਬਾਨ ਦੇ ਸ਼ਰਧਾਲੂ ਅਖਵਾਉਂਦੇ ਲੋਕ ‘ਸਿਖ ਧਰਮ’ ਦੇ ਨਾਮ ਥੱਲੇ ਸੰਸਥਾਗਤ/ਸੰਪਰਦਾਈ ਧਰਮ ਨੂੰ ਅਪਣਾਈ ਬੈਠੇ ਹਨ।

ਸਥਿਤੀ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਹੇਠਾਂ ਰਿਲੀਜਨ
(religion) ਜਾਂ ਮਜ਼ਹਬ ਭਾਵ ਸੰਸਥਾਗਤ/ਸੰਪਰਦਾਈ ਧਰਮ ਦੇ ਮਹੱਤਵਪੂਰਨ ਪੱਖਾਂ ਦਾ ਜ਼ਿਕਰ ਕਰਾਂਗੇ।
1. ਕੋਈ ਵਿਸ਼ੇਸ਼ ਜਨ-ਸਮੂਹ (ਮਨੁੱਖੀ ਤਬਕਾ) ਜਿਸ ਦੇ ਧਰਮ ਦੀ ਗੱਲ ਹੋ ਰਹੀ ਹੈ।
2. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸ।
3. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸਾਂ ਅਤੇ ਸਬੰਧਤ ਕਾਰ- ਵਿਹਾਰ ਦਾ ਬਾਨੀ ਅਵਤਾਰ।
4. ਇਸ ਜਨ-ਸਮੂਹ ਵਿਚ ਦੈਵੀ ਸ਼ਕਤੀਆਂ ਦੀ ਮਾਨਤਾ।
5. ਇਸ ਜਨ-ਸਮੂਹ ਵਿਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਮਨੁੱਖੀ ਜੀਵਾਂ ਨਾਲ ਸਰੋਕਾਰ।
6. ਇਸ ਜਨ-ਸਮੂਹ ਵਿਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਬ੍ਰਹਿਮੰਡ ਨਾਲ ਸਰੋਕਾਰ।
7. ਇਸ ਜਨ-ਸਮੂਹ ਵਿਚ ਪਰਚਲਤ ਵਿਸ਼ੇਸ਼ ਪੂਜਾ ਵਿਧੀਆਂ, ਅਰਦਾਸ ਵਿਧੀਆਂ ਅਤੇ ਰਹੁ-ਰੀਤਾਂ।
8. ਇਸ ਜਨ-ਸਮੂਹ ਦੀ ਪੁਜਾਰੀ ਵਿਵਸਥਾ
9. ਇਸ ਜਨ-ਸਮੂਹ ਵਿਚ ਪਰਚਲਤ ਧਾਰਮਿਕ ਫਤਵਾਸ਼ਾਹੀ।
10. ਇਸ ਜਨ-ਸਮੂਹ ਦੇ ਵਿਸ਼ੇਸ਼ ਪੂਜਾ ਅਸਥਾਨ।
11. ਇਸ ਜਨ-ਸਮੂਹ ਦੇ ਵਿਸ਼ੇਸ਼ ਧਾਰਮਿਕ ਗ੍ਰੰਥ।
12. ਇਸ ਜਨ-ਸਮੂਹ ਦੇ ਵਿਸ਼ੇਸ਼ ਤੀਰਥ ਅਸਥਾਨ।
13. ਇਸ ਜਨ-ਸਮੂਹ ਦਾ ਵਿਸ਼ੇਸ਼ ਪੌਰਾਣਿਕ ਸਾਹਿਤ (ਲਿਖਤੀ ਜਾਂ ਮੌਖਿਕ)।
14. ਇਸ ਜਨ-ਸਮੂਹ ਨਾਲ ਸਬੰਧਤ ਸਾਂਝਾ ਇਤਹਾਸ ਅਤੇ ਫੁਟਕਲ ਲਿਖਤਾਂ।
15. ਇਸ ਜਨ-ਸਮੂਹ ਵਿਚ ਪਰਚਲਤ ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੰਕਲਪ।
16. ਇਸ ਜਨ-ਸਮੂਹ ਦੀਆਂ ਮਾਨਤਾ-ਪਰਾਪਤ ਨੈਤਿਕ ਧਾਰਨਾਵਾਂ।
17. ਇਸ ਜਨ-ਸਮੂਹ ਦੇ ਲੋਕਾਂ ਲਈ ਨਿਰਧਾਰਤ ਵਿਸ਼ੇਸ਼ ਸਰੀਰਕ ਦਿੱਖ।
18. ਇਸ ਜਨ-ਸਮੂਹ ਦੇ ਫਿਰਕੇ ਅਤੇ ਸੰਪਰਦਾਵਾਂ।
ਸਾਰੇ ਸੰਸਾਰ ਵਿਚ ਉੱਪਰ ਦਰਸਾਏ ਸਾਂਝੇ ਪੱਖਾਂ ਵਾਲੇ ਲਗ-ਭਗ ਚਾਰ ਹਜ਼ਾਰ ਅਜਿਹੇ ਸੰਸਥਾਗਤ/ਸੰਪਰਦਾਈ ਧਰਮ (ਮਜ਼ਹਬ/ਰਿਲੀਜਨ) ਹਨ ਜਿਹਨਾਂ ਵਿੱਚੋਂ ਹਰੇਕ ਦੇ ਪੈਰੋਕਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਇਸਾਈ ਧਰਮ, ਇਸਲਾਮ, ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਯਹੂਦੀ ਧਰਮ ਪਰਮੁੱਖ ਸਮਝੇ ਜਾਂਦੇ ਹਨ। ‘ਸਿਖ ਧਰਮ’ ਵੀ ਅਜਿਹੇ ਸੰਸਥਾਗਤ/ਸੰਪਰਦਾਈ ਧਰਮਾਂ ਵਰਗਾ ਹੀ ਹੈ ਅਤੇ ਵਿਸ਼ਵ ਦੇ ਅਜਿਹੇ ‘ਧਰਮਾਂ’ ਵਿੱਚੋਂ ਪੰਜਵੇਂ ਸਥਾਨ ਤੇ ਆਉਂਦਾ ਸਮਝਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਪੁਸਤਿਕਾ ‘ਹਮ ਹਿੰਦੂ ਨਹੀਂ’ ਵਿਚ ਕੇਵਲ ਇਹ ਸਾਬਤ ਕਰਨ ਦਾ ਯਤਨ ਕੀਤਾ ਸੀ ਕਿ ਉੱਪਰ ਦਰਸਾਏ ਲਗ-ਭਗ ਸਾਰੇ ਪੱਖਾਂ ਨੂੰ ਲੈ ਕੇ ‘ਸਿਖ ਧਰਮ’ ਹੈ ਤਾਂ ਸੰਸਥਾਗਤ/ਸੰਪਰਦਾਈ ਧਰਮ ਹੀ ਪਰੰਤੂ ਇਹ ਹਿੰਦੂ ਸੰਸਥਾਗਤ/ਸੰਪਰਦਾਈ ਧਰਮ ਨਾਲੋਂ ਭਿੰਨ ਹੈ। ਅਜਿਹਾ ਕਰਕੇ ਭਾਈ ਨਾਭਾ ਨੇ ਸਗੋਂ ਇਹ ਸਾਬਤ ਕਰ ਦਿੱਤਾ ਕਿ ‘ਸਿਖ ਧਰਮ’ ਗੁਰਬਾਣੀ ਵਿਚ ਦਰਸਾਏ ਗਏ ਕਰਮ-ਕਾਂਡਾਂ ਰਹਿਤ, ਰਹਿਤਨਾਮਿਆਂ ਰਹਿਤ ਅਤੇ ਸੰਪਰਦਾਇਕਤਾ ਰਹਿਤ (‘ਹਰਿ ਕੋ ਨਾਮ ਜਪਿ ਨਿਰਮਲ ਕਰਮੁ’ ਵਾਲੇ) ਧਰਮ ਤੋਂ ਬਿਲਕੁਲ ਉਲਟ ਦਿਸ਼ਾ ਵਿਚ ਚੱਲਣ ਵਾਲਾ ਮਜ਼ਹਬ ਹੈ। ਇੱਥੇ ਹੀ ਬਸ ਨਹੀਂ ‘ਸਿਖ ਧਰਮ’ ਹਰੇਕ ਪੱਖੋਂ ਬ੍ਰਾਹਮਣਵਾਦ ਉੱਤੇ ਆਧਾਰਿਤ ਹੋਣ ਕਰਕੇ ਹਿੰਦੂ ਧਰਮ ਦੀ ਇਕ ਸੰਪਰਦਾ ਹੀ ਪਰਤੀਤ ਹੁੰਦਾ ਹੈ। ਸਿਖ ਭਾਈਚਾਰੇ ਵੱਲੋਂ ਜੋ ਵੱਡੀ ‘ਮਨਮੱਤ’ ਅਪਣਾਈ ਗਈ ਹੋਈ ਹੈ ਉਹ ਇਹ ਹੈ ਕਿ ਉਹ ਅਜਿਹੇ ਸੰਸਥਾਗਤ/ਸੰਪਰਦਾਈ ਧਰਮ ਨੂੰ ਗੁਰੂ ਸਾਹਿਬਾਨ ਦੇ ਨਾਮ ਨਾਲ ਜੋੜ ਵੀ ਰਿਹਾ ਹੈ ਅਤੇ ਆਪ ਉਹ ਇਸ ਨੂੰ ਅਪਣਾਈ ਵੀ ਬੈਠਾ ਹੈ।

ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਸਿਖ ਭਾਈਚਾਰੇ ਵਿੱਚੋਂ ਕੁਝ ਅਜਿਹੇ ਵਿਅਕਤੀ ਮਿਲ ਜਾਣਗੇ ਜੋ ਦੱਬਵੀਂ ਅਵਾਜ਼ ਵਿਚ ਇਹ ਕਹਿੰਦੇ ਹਨ ਕਿ ਗੁਰੂ ਸਾਹਿਬਾਨ ਨੇ ਕੋਈ ‘ਧਰਮ’ ਭਾਵ ਕੋਈ ਸੰਸਥਾਗਤ/ਸੰਪਰਦਾਈ ਧਰਮ ਨਹੀਂ ਚਲਾਇਆ ਸੀ ਪਰੰਤੂ ਉਹ ਇਸ ਗੱਲ ਬਾਰੇ ਸਪਸ਼ਟ ਨਹੀਂ ਕਿ ਜੇਕਰ ਗੁਰੂ ਸਾਹਿਬਾਨ ਨੇ ਕੋਈ ‘ਧਰਮ’ ਨਹੀਂ ਚਲਾਇਆ ਸੀ ਤਾ ਉਹਨਾਂ ਦੇ ਮਿਸ਼ਨ ਦਾ ਅਸਲੀ ਮਕਸਦ ਕੀ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਅਸਲੀ ਮਕਸਦ ਮਾਨਵਵਾਦ ਦੀ ਲਹਿਰ ਨੂੰ ਚਲਾਉਣਾ ਸੀ ਜੋ ਕਿ ਉਹਨਾਂ ਨੇ ਪੰਜਾਬ ਦੀ ਧਰਤੀ ਤੋਂ ਦੋ ਸੌ ਸਾਲ ਦੇ ਅਰਸੇ ਤੀਕਰ ਪੂਰੀ ਸਫਲਤਾ ਨਾਲ ਚਲਾਈ ਵੀ ਸੀ। ਗੁਰੂ ਸਾਹਿਬਾਨ ਦਾ ਫਲਸਫਾ ਮਾਨਵਵਾਦ ਦਾ ਫਲਸਫਾ ਸੀ ਜੋ ਉਹਨਾਂ ਨੇ ਪਹਿਲੀ ਵਾਰ ਸੰਸਾਰ ਦੇ ਸਾਹਮਣੇ ਰੱਖਿਆ ਸੀ ਅਤੇ ਉਸ ਦਾ ਪਰਦਰਸ਼ਨ ਮਾਨਵਵਾਦ ਦੀ ਲਹਿਰ ਚਲਾ ਕੇ ਬਾਖੂਬੀ ਕੀਤਾ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਚਲੇ ਜਾਣ ਤੋਂ ਜਲਦੀ ਪਿੱਛੋਂ ਉਸ ਲਹਿਰ ਦਾ ਪਤਨ ਹੋ ਗਿਆ ਅਤੇ ਉਦਾਸੀ/ਨਿਰਮਲੇ ਪੁਜਾਰੀਆਂ ਨੇ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੇ ਕੇਂਦਰਾਂ ਉੱਤੇ ਕਬਜ਼ਾ ਜਮਾ ਕੇ ‘ਸਿਖ ਧਰਮ’ ਨਾਮ ਦਾ ਬ੍ਰਾਹਮਣਵਾਦ ਉੱਤੇ ਆਧਾਰਿਤ ਸੰਸਥਾਗਤ/ਸੰਪਰਦਾਈ ਧਰਮ ਚਲਾ ਦਿੱਤਾ। ਗੁਰੂ ਸਾਹਿਬਾਨ ਵੱਲੋਂ ਪੇਸ਼ ਕੀਤੇ ਗਏ ਮਨੁੱਖੀ ਸਰੋਕਾਰਾਂ ਨੂੰ ਸਮਰਪਿਤ ਫਲਸਫੇ ਦੇ ਕਈ ਪੱਖ ਹਨ ਅਤੇ ਨੈਤਿਕ ਸਿਖਿਆ ਉਹਨਾਂ ਵਿਚ ਸ਼ਾਮਲ ਹੀ ਹੈ। ਸਮੁੱਚੀ ਗੁਰਬਾਣੀ ਮਾਨਵਵਾਦ ਦੇ ਫਲਸਫੇ ਦਾ ਹੀ ਪ੍ਰਗਟਾਵਾ ਹੈ ਅਤੇ ਮਾਨਵਵਾਦ ਦਾ ਫਲਸਫਾ ਸੰਸਥਾਗਤ/ਸੰਪਰਦਾਈ ਧਰਮ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ।

ਇੱਥੇ ਪਿਛਲੇ ਕੁਝ ਸਮੇਂ ਤੋਂ ਕਾਰਜਸ਼ੀਲ ਹੋਏ ਆਪਣੇ-ਆਪ ਨੂੰ ‘ਜਾਗਰੂਕ’ ਅਖਵਾਉਣ ਵਾਲੇ ਉਹਨਾਂ ‘ਸਿਖ’ ਸੱਜਣਾਂ ਦੀ ਭੂਮਿਕਾ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਇਸ ਵਰਗ ਵਿਚ ਵਿਸ਼ੇਸ਼ ਕਰਕੇ ਕੁਝ ਲੇਖਕ ਹਨ ਅਤੇ ਉਹਨਾਂ ਦੇ ਨਾਲ-ਨਾਲ ਕੁਝ ਪੇਸ਼ਾਵਰ ਪਰਚਾਰਕ, ਕਥਾ-ਵਾਚਕ ਅਤੇ ਕੀਰਤਨੀਏ ਵੀ ਸ਼ਾਮਲ ਹਨ। ਪਰੰਤੂ ਉਹ ਵਿਚਾਰੇ ਆਪ ਹੀ ਦੁਬਿਧਾ ਦੇ ਸ਼ਿਕਾਰ ਹਨ। ਆਪਣੇ-ਆਪ ਨੂੰ ਸੰਪਰਦਾਈ ਸਿੱਖਾਂ ਦੇ ਤੌਰ ਤੇ ਪੇਸ਼ ਕਰਦੇ ਹੋਏ ਉਹ ਆਪਣਾ ਪੂਰਾ ਜ਼ੋਰ ਉਹਨਾਂ ਨੂੰ ਸਿਖ ਸੰਸਥਾਗਤ/ਸੰਪਰਦਾਈ ਧਰਮ ਵਿਚ ਨਜ਼ਰ ਆਉਂਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਲੋੜ ਅਤੇ ਸਿਆਸੀ/ਧਾਰਮਿਕ ਸਿਖ ਆਗੂਆਂ ਦੀ ਨੁਕਤਾਚੀਨੀ ਕਰਨ ਤੇ ਲਾਉਂਦੇ ਹਨ। ਉਹ ਇਹ ਨਹੀਂ ਸਮਝਦੇ ਕਿ ਕਿਸੇ ਵੀ ਸੰਸਥਾਗਤ/ਸੰਪਰਦਾਈ ਧਰਮ ਦਾ ਕਦੀ ਕੋਈ ਤਰਕ-ਆਧਾਰਿਤ ਸੁਧਾਰ ਨਹੀਂ ਹੋਇਆ ਕਰਦਾ। ਅਜਿਹੇ ‘ਜਾਗਰੂਕ ਸੁਧਾਰਕ’ ਦੂਸਰਿਆਂ ਨੂੰ ਤਾਂ ‘ਗੁਰਮੱਤ’ ਦਾ ਪਾਠ ਪੜ੍ਹਾਉਂਦੇ ਨਹੀਂ ਥੱਕਦੇ ਪਰੰਤੂ ਉਹ ਭੁੱਲ ਜਾਂਦੇ ਹਨ ਕਿ ਉਹ ਤਾਂ ਆਪ ਹੀ ਸੰਸਥਾਗਤ/ਸੰਪਰਦਾਈ ਸਿਖ ਧਰਮ ਨੂੰ ਮਾਨਤਾ ਦਿੰਦੇ ਹੋਏ ਮਨਮੱਤ ਨੂੰ ਅਪਣਾਈ ਬੈਠੇ ਹਨ ਅਤੇ ਇਸ ਸਥਿਤੀ ਵਿਚ ਉਹਨਾਂ ਉੱਤੇ ਗੁਰੂ ਸਾਹਿਬਾਨ ਪ੍ਰਤੀ ਅਵੱਗਿਆ ਦਾ ਗੰਭੀਰ ਦੋਸ਼ ਸਾਬਤ ਹੁੰਦਾ ਹੈ। ਉਹ ਇਹ ਨਹੀਂ ਸੋਚਦੇ ਉਹਨਾਂ ਨੂੰ ਪਹਿਲਾਂ ਆਪਣੇ-ਆਪ ਨੂੰ ਦੋਸ਼ ਮੁਕਤ ਕਰਨ ਦੀ ਲੋੜ ਹੈ ਅਤੇ ਉਸ ਤੋਂ ਬਾਦ ਹੀ ਉਹਨਾਂ ਦਾ ਕਿਸੇ ‘ਸੁਧਾਰਵਾਦੀ’ ਲਹਿਰ ਵਿਚ ਸ਼ਾਮਲ ਹੋਣਾ ਬਣਦਾ ਹੈ। ਇਸ ਲਈ ਸਿਖ ਭਾਈਚਾਰੇ ਦੇ ‘ਜਾਗਰੂਕ ਸੁਧਾਰਕ’ ਸੱਜਣਾ ਨੂੰ ਚਾਹੀਦਾ ਹੈ ਕਿ ਉਹ ‘ਗੁਰਮੱਤ’ ਦੀ ਸਹੀ ਪਛਾਣ ਕਰ ਕੇ ਗੁਰੂ ਸਾਹਿਬਾਨ ਵੱਲੋਂ ਚਲਾਈ ਮਾਨਵਵਾਦ ਦੀ ਲਹਿਰ ਦੇ ਸੁਰਜੀਤੀਕਰਨ ਵਿਚ ਆਪਣਾ ਯੋਗਦਾਨ ਦੇਣ ਲਈ ਅੱਗੇ ਆਉਣ।

ਅਜੋਕਾ ਸਿਖ ਭਾਈਚਾਰਾ ਅਨੇਕਾਂ ਮਸਲਿਆਂ, ਸਮੱਸਿਆਵਾਂ, ਵਿਵਾਦਾਂ ਅਤੇ ਭੰਬਲਭੂਸਿਆ ਦਾ ਸ਼ਿਕਾਰ ਹੈ। ਇਹਨਾਂ ਵਿੱਚੋਂ ਕੁਝ ਕੁ ਦੇ ਨਾਮ ਲੈਣੇ ਹੋਣ ਤਾਂ ਉਹ ਇਸ ਤਰ੍ਹਾਂ ਹਨ: ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ, ਗੁਰਦੁਆਰਾ ਸਿਸਟਮ ਦੀਆਂ ਊਣਤਾਈਆਂ, ਕੈਲੰਡਰ ਬਾਰੇ ਵਿਵਾਦ, ਰਹਿਤਨਾਮੇ ਬਾਰੇ ਵਿਵਾਦ, ਅਖੌਤੀ ਅਕਾਲ-ਤਖਤ ਬਾਰੇ ਵਿਵਾਦ, ਬਾਕੀ ਅਖੌਤੀ ਤਖਤਾਂ ਦੀ ਸਥਿਤੀ, ਅਖੌਤੀ ਜੱਥੇਦਾਰਾਂ ਦੀ ਭੂਮਿਕਾ ਬਾਰੇ ਵਿਵਾਦ, ਅੰਮ੍ਰਿਤ-ਸੰਚਾਰ ਬਾਰੇ ਵਿਵਾਦ, ਤਰ੍ਹਾਂ-ਤਰ੍ਹਾਂ ਦੇ ਪਾਠ, ਅਖੌਤੀ ਦਸਮ-ਗ੍ਰੰਥ ਬਾਰੇ ਵਿਵਾਦ, ਡੇਰਾਵਾਦ, ਅਨੇਕਾਂ ਸੰਪਰਦਾਵਾਂ ਦੀ ਹੋਂਦ, ਅਰਦਾਸ ਵਿਚਲੀਆਂ ਤਰੁੱਟੀਆਂ, ਰਾਗਮਾਲਾ ਦਾ ਝਮੇਲਾ, ਗੁਰੂਆਂ ਦੀਆਂ ਜਨਮ-ਤਾਰੀਖਾਂ ਸਬੰਧੀ ਵਿਵਾਦ, ਗੁਰਬਾਣੀ-ਪਾਠ
(text) ਸਬੰਧੀ ਮਸਲੇ, ਗੁਰਬਾਣੀ-ਵਿਆਖਿਆ ਦਾ ਮਸਲਾ, ਕਰਤਾਰਪੁਰੀ ਬੀੜ ਸਬੰਧੀ ਵਿਵਾਦ, ਪੰਜ ਪਿਆਰਿਆਂ ਦੀ ਨਿਯੁਕਤੀ, ਜਨਮ ਸਾਖੀਆਂ ਦੀ ਪ੍ਰਮਾਣਿਕਤਾ, ਖਾਲਿਸਤਾਨ ਦਾ ਮੁੱਦਾ, ਬੀੜਾਂ ਦੀ ਛਪਵਾਈ, ਬੀੜਾਂ ਨੂੰ ਇਕ ਜਗਹ ਤੋਂ ਦੂਜੀ ਜਗਹ ਲਿਜਾਣ ਸਬੰਧੀ ਵਿਵਾਦ, ਕੁਰਸੀਆਂ ਉੱਤੇ ਬੈਠ ਕੇ ਲੰਗਰ ਛਕਣ ਦਾ ਮਸਲਾ, ਨਗਰ-ਕੀਰਤਨਾਂ/ਪਰਭਾਤ-ਫੇਰੀਆਂ ਦੀ ਉਚਿੱਤਾ, ਸਿਰੋਪੇ ਦੇਣ ਸਬੰਧੀ ਵਿਵਾਦ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਕਾਰਗੁਜ਼ਾਰੀ, ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ‘ਪੰਥਕ’ ਰਾਜਨੀਤਕ ਗੁੱਟਾਂ ਦੀ ਭੂਮਿਕਾ, ਧਰਮ-ਪਰੀਵਰਤਨ ਦਾ ਮਸਲਾ, ‘ਸਹਿਜਧਾਰੀ’ ਸਿੱਖਾਂ ਦਾ ਮਸਲਾ, ਗੁਰੂ ਸਾਹਿਬਾਨ ਦੀਆਂ ਤਸਵੀਰਾਂ/ਬੁੱਤਾਂ ਦੀ ਪਰਦਰਸ਼ਨੀ ਦਾ ਮਸਲਾ, ਸਿਖ ਭਾਈਚਾਰੇ ਦੇ ਅੰਦਰ ਊਚ-ਨੀਚ ਦੀ ਸਥਿਤੀ, ਖੋਜਕਾਰਾਂ ਅਤੇ ਵਿਦਵਾਨਾਂ ਲਈ ਸਿਖ ਭਾਈਚਾਰੇ ਨਾਲ ਸਬੰਧਤ ਵਿਸ਼ਿਆਂ ਉੱਤੇ ਖੋਜ ਕਰਨ ਵਿਚ ਔਂਕੜਾਂ, ਸਿਖ ਭਾਈਚਾਰੇ ਦੇ ਅੰਦਰੂਨੀ ਗੁੱਟਾਂ/ਫਿਰਕਿਆਂ ਵਿਚਕਾਰ ਖਹਿਮਖਹਿ ਅਤੇ ਹਿੰਸਕ ਝੜਪਾਂ, ਭਾਰਤੀ ਸਵਿੰਧਾਨ ਵਿਚ ਸਿਖ ਭਾਈਚਾਰੇ ਦਾ ਸਥਾਨ, ਸਿਖ ਭਾਈਚਾਰੇ ਲਈ ਭਾਰਤ ਦੇ ਅੰਦਰ ਘਟ ਗਿਣਤੀ ਦੇ ਤੌਰ ਤੇ ਅਸੁਰੱਖਿਆ ਅਤੇ ਵਿਤਕਰੇ ਦੀ ਸਥਿਤੀ, ਸਿਖ ਭਾਈਚਾਰੇ ਲਈ ਬਦੇਸ਼ਾਂ ਵਿਚ ਨਸਲੀ ਹਮਲਿਆਂ ਦਾ ਖਤਰਾ, ਆਰ ਐਸ ਐਸ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ। ਪਰੰਤੂ ਇਹ ਤੱਥ ਹੈਰਾਨੀਜਨਕ ਲੱਗੇਗਾ ਕਿ ਇਹਨਾਂ ਸਾਰਿਆਂ ਅਤੇ ਇਹਨਾਂ ਵਰਗੇ ਹੋਰ ਮਸਲਿਆਂ/ਸਮੱਸਿਆਵਾਂ/ਵਿਵਾਦਾਂ/ਭੰਬਲਭੂਸਿਆਂ ਦਾ ਕਾਰਨ ਇੱਕੋ ਹੀ ਹੈ ਅਤੇ ਉਹ ਹੈ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਨੂੰ ਤਿਲਾਂਜਲੀ ਦੇ ਕੇ ਸੰਸਥਾਗਤ/ਸੰਪਰਦਾਈ ਧਰਮ ਨੂੰ ਅਪਣਾ ਲੈਣਾ। ਇਹਨਾਂ ਸਾਰਿਆਂ ਮਸਲਿਆਂ/ਸਮੱਸਿਆਵਾਂ/ਵਿਵਾਦਾਂ/ਭੰਬਲਭੂਸਿਆਂ ਵਿੱਚੋਂ ਨਿਕਲਣ ਦਾ ਇੱਕੋ ਹੀ ਰਸਤਾ ਹੈ ਅਤੇ ਉਹ ਹੈ ਸੰਸਥਾਗਤ/ਸੰਪਰਦਾਈ ਸਿਖ ਧਰਮ ਨੂੰ ਤਿਲਾਂਜਲੀ ਦੇ ਕੇ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਨੂੰ ਅਪਣਾਉਣਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਿਖ ਭਾਈਚਾਰੇ ਦੇ ਲੋਕ ਇਸ ਅਣਸੁਖਾਵੀਂ ਸਥਿਤੀ ਨਾਲ ਸਦਾ ਵਾਸਤੇ ਜੂਝਦੇ ਹੀ ਰਹਿਣਗੇ ਅਤੇ ਕਦੇ ਵੀ ਉਹਨਾਂ ਨੂੰ ਚੈਨ ਦਾ ਸਾਹ ਨਸੀਬ ਨਹੀਂ ਹੋਣ ਲੱਗਾ। ਸ਼ਾਇਦ ਇਹ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਅਸਲੀ ਮਿਸ਼ਨ ਵੱਲੋਂ ਮੂੰਹ ਮੋੜ ਲੈਣ ਦੀ ਸਜ਼ਾ ਹੀ ਮਿਲ ਰਹੀ ਹੋਵੇ।

ਸੋ, ਉੱਪਰ ਆਏ ਵਿਸਥਾਰ ਨੂੰ ਸਾਹਮਣੇ ਰੱਖਦੇ ਹੋਏ ‘ਗੁਰਮੱਤ’ ਦੀ ਸਪਸ਼ਟ ਅਤੇ ਸਹੀ ਪਰੀਭਾਸ਼ਾ ਇਸ ਤਰ੍ਹਾਂ ਦਿੱਤੀ ਜਾ ਸਕਦੀ ਹੈ: “ਕੇਵਲ ਅਤੇ ਕੇਵਲ ਗੁਰਬਾਣੀ ਉੱਤੇ ਆਧਾਰਿਤ ਹੋਕੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਅਤੇ ਨਿਭਾਏ ਗਏ ਮਾਨਵਵਾਦ ਦੇ ਫਲਸਫੇ ਨੂੰ ਅਪਣਾਉਣਾ”। ‘ਗੁਰਮੱਤ’ ਦੀ ਇਸ ਪਰੀਭਾਸ਼ਾ ਨੂੰ ਮਾਨਤਾ ਦੇ ਕੇ ਹੀ ਅਸੀਂ ਅਪਣੇ-ਆਪ ਨੂੰ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸੱਚੇ ਸ਼ਰਧਾਲੂ ਅਖਵਾਉਣ ਦੇ ਹੱਕਦਾਰ ਹੋ ਸਕਦੇ ਹਾਂ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।




.