.

ਨਿਤਨੇਮ ਬਾਰੇ ਅਣਜਾਨਤਾ ਅਤੇ ਭਰਮ

ਅਵਤਾਰ ਸਿੰਘ ਮਿਸ਼ਨਰੀ (5104325827)

ਮਹਾਨਕੋਸ਼ ਅਨੁਸਾਰ ਨਿਤ ਸੰਸਕ੍ਰਿਤ ਦਾ ਸ਼ਬਦ ਏ, ਅਰਥ ਹਨ ਜੋ ਸਦਾ ਰਹੇ, ਅਭਿਨਾਸ਼ੀ, ਸਦਾ ਹਮੇਸ਼ ਅਤੇ ਪ੍ਰਤਿਦਿਨ-ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ॥ (੧੩੪੦) ਨਿਤਿ ਭਾਵ ਸਦੈਵ-ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ॥ (੬੯੧) ਨੇਮ ਵੀ ਸੰਸਕ੍ਰਿਤ ਦਾ ਹੀ ਸ਼ਬਦ ਤੇ ਅਰਥ-ਕਾਲ,ਵੇਲਾ ਅਤੇ ਨਿਯਮ-ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ॥੩॥(੩੯੯) ਨੇਮੀ-ਨਿਯਮ ਧਾਰਨ ਵਾਲਾ ਆਦਿਕ। ਹਰਰੋਜ ਨੇਮ ਨਾਲ ਕੀਤਾ ਕਰਤਵ ਨਿਤਨੇਮ ਹੈ। ਸਾਰੀ ਸ੍ਰਿਸ਼ਟੀ ਦੇ ਨਿਯਮ ਪ੍ਰਮਾਤਮਾਂ ਦੇ ਬਣਾਏ ਹੋਏ ਹਨ। ਉਸ ਦੀ ਸਾਰੀ ਕੁਦਰਤ ਨੇਮਬੱਧ ਚੱਲ ਅਤੇ ਕਰਤੱਵ ਕਰ ਰਹੀ ਹੈ। ਨੇਮ ਨਾਲ ਹੀ ਦਿਨ ਚੜ੍ਹਦਾ ਅਤੇ ਰਾਤ ਪੈਂਦੀ ਹੈ। ਨੇਮ ਨਾਲ ਹੀ ਚੰਦ ਸੂਰਜ ਚੜ੍ਹਦੇ ਅਤੇ ਛੁਪਦੇ ਅਤੇ ਸਾਰੀ ਕੁਦਰਤ ਹਰਕਤ ਕਰਦੀ ਹੈ। ਅਸੀਂ ਸੰਸਾਰ ਵਿੱਚ ਸਰੀਰਕ ਤਲ ਤੇ ਜਿਵੇਂ ਹਰਰੋਜ ਨੇਮ ਨਾਲ ਕੰਮ ਕਾਰ ਕਰਦੇ, ਖਾਦੇ-ਪੀਂਦੇ, ਸਿੱਖਦੇ-ਸਿਖਾਂਦੇ, ਹਸਦੇ-ਖੇਡਦੇ, ਕਸਰਤ ਕਰਦੇ ਅਤੇ ਸੌਂਦੇ ਹਾਂ, ਇਵੇਂ ਹੀ ਅਧਿਆਤਮਕ ਤੌਰ ਤੇ ਰੱਬੀ ਗਿਆਨ ਹਾਸਲ ਕਰਨ ਲਈ ਧਰਮ ਗ੍ਰੰਥ, ਪੁਸਤਕਾਂ ਪੜ੍ਹਦੇ, ਸੁਣਦੇ ਅਤੇ ਵਿਚਾਰਦੇ ਹਾਂ, ਇਵੇਂ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਅਤੇ ਜੀਵਨ ਵਿੱਚ ਧਾਰਨੀ ਚਾਹੀਦੀ ਹੈ।

ਸਾਡਾ ਧਰਮ ਗ੍ਰੰਥ ਤੇ ਗਿਆਨ ਦਾਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਜੋ ਗੁਰੂਆਂ ਭਗਤਾਂ ਦਾ ਆਪਣੇ ਜੀਵਨ ਕਾਲ ਵਿੱਚ ਹੱਥੀਂ ਲਿਖਿਆ ਹੋਇਆ ਹੈ। ਉਸ ਵਿੱਚ ਸਿੱਖ ਕੌਣ? ਗੁਰਮੁਖ ਕੌਣ? ਮਨਮੁਖ ਕੌਣ? ਭਲਾ-ਬੁਰਾ ਕੌਣ? ਸਾਧ-ਸੰਤ ਕੌਣ? ਸੰਤ-ਸਿਪਾਹੀ ਕੌਣ? ਚੋਰ ਅਤੇ ਠੱਗ ਕੌਣ? ਗਿਆਨੀ-ਬ੍ਰਹਮ ਗਿਆਨੀ ਕੌਣ? ਡਰਪੋਕ ਅਤੇ ਬਹਾਦਰ ਕੌਣ? ਨੇਮੀ ਤੇ ਪ੍ਰੇਮੀ ਕੌਣ? ਰੱਬ ਨਾਲ ਮਿਲਿਆ ਤੇ ਉਸ ਤੋਂ ਵਿਛੁੜਿਆ ਕੌਣ? ਗੱਲ ਕੀ ਜਨਮ ਤੋਂ ਲੈ ਕੇ ਮਰਨ ਤੱਕ ਸੰਕੇਤਕ ਤੌਰ ਤੇ ਲਿਖਿਆ ਹੋਇਆ ਹੈ। ਨਿਤਨੇਮ ਬਾਰੇ ਵੀ ਲਿਖਿਆ ਹੈ ਕਿ-ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ॥ (ਪ੍ਰਭਾਤੀ ਮਹਲਾ ੫) ਇੱਥੇ ਗਿਣਤੀ ਮਿਣਤੀ ਦੀ ਕੋਈ ਗੱਲ ਨਹੀਂ। ਨਾਲ ਇਹ ਵੀ ਲਿਖੀਆ ਹੈ-ਪੜ੍ਹਿਐ ਨਾਹੀਂ ਭੇਦੁ ਬੁਝਿਐਂ ਪਾਵਣਾ॥ (੧੪੮) ਹੋਰ ਵੀ ਸ਼ਪੱਟਤ ਕੀਤਾ ਹੈ ਕਿ-ਗੁਰ ਸਤਿਗੁਰ ਕਾ ਜੋ ਸਿਖੁ ਅਕਾਏ॥ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ....ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ॥ ਬਹਿਦਿਆ ਉਠਦਿਆ ਹਰਿ ਨਾਮੁ ਧਿਆਵੈ॥...ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿੱਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥2॥ (ਗੁਰੂ ਗ੍ਰੰਥ ਸਾਹਿਬ) ਗੁਰਬਾਣੀ, ਪੜ੍ਹਨ, ਗਉਣ ਤੇ ਗੁਰ ਉਪਦੇਸ਼ ਨੂੰ ਕਮਾਉਣ ਦਾ ਹੀ ਹੁਕਮ ਹੈ ਨਾ ਕਿ ਕੁਝ ਚੋਣਵੀਆਂ ਬਾਣੀਆਂ ਦਾ। ਭਲਿਓ ਜਿਵੇ ਅਸੀਂ ਸਕੂਲੀ ਪੁਸਤਕਾਂ ਦੇ ਗਿਣਤੀ ਮਿਣਤੀ ਮੰਤ੍ਰ ਪਾਠ ਨਹੀਂ ਕਰਦੇ ਸਗੋਂ ਚੈਪਟਰਵਾਈਜ ਨਿਤਾਪ੍ਰਤੀ ਪੜ੍ਹ, ਵਿਚਾਰ ਅਤੇ ਕੁਝ ਸਿੱਖ ਕੇ, ਦੁਨਿਆਵੀ ਗਿਆਨ ਹਾਸਲ ਕਰ ਲੈਂਦੇ ਹਾਂ। ਜੇ ਭਲਾ ਕਿਸੇ ਪੁਸਤਕ ਦੇ ਇਕੋ ਪਾਠ ਜਾਂ ਚੈਪਟਰ ਦਾ ਬਿਨਾ ਵਿਚਾਰੇ ਹੀ ਤੋਤਾ ਰਟਨ ਕੀਤੀ ਜਾਈਏ ਤਾਂ ਨਾਂ ਇਮਤਿਹਾਨ ਚੋਂ ਪਾਸ ਹੋ ਸਕਦੇ ਹਾਂ ਅਤੇ ਨਾਂ ਹੀ ਸਾਨੂੰ ਸਰਬਪੱਖੀ ਗਿਆਨ ਪ੍ਰਾਪਤ ਹੋ ਸਕਦਾ ਹੈ।

ਇਵੇਂ ਹੀ ਜੇ ਅਸੀਂ ਕਿਸੇ ਇੱਕ ਸ਼ਬਦ ਜਾਂ ਬਾਣੀ ਦਾ ਕੇਵਲ ਤੋਤਾ ਰਟਨ ਹੀ ਕਰੀ ਜਾਈਏ, ਬਾਕੀ ਬਾਣੀ ਵੱਲ ਧਿਆਨ ਨਾ ਦਈਏ, ਵਿਚਾਰ ਕੇ ਜੀਵਨ ਵਿੱਚ ਧਾਰਨ ਨਾਂ ਕਰੀਏ ਤਾਂ ਜੀਵਨ ਬਦਲੇਗਾ ਨਹੀਂ ਅਤੇ ਨਾਂ ਹੀ ਅੱਗੇ ਵਧ ਸਕਦੇ ਹਾਂ। ਗੁਰੂਆਂ-ਭਗਤਾਂ ਦਾ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ਼ ਨਿਤਾਪ੍ਰਤੀ ਵਾਲਾ ਸੀ। ਨਾਮ ਤੋਂ ਭਾਵ ਰੱਬੀ ਨਿਯਮਾਂ ਦੀ ਨੇਮ ਨਾਲ ਪਾਲਣਾ ਕਰਨ ਤੋਂ ਹੈ। ਗੁਰੂ ਸਾਹਿਬ ਜਿੱਥੇ ਵੀ ਗਏ ਇਹ ਹੀ ਉਪਦੇਸ਼ ਦਿੱਤਾ ਕਿ ਚੰਗੀ ਸੰਗਤ ਕਰੋ, ਖਲਕਤ ਦੀ ਬਿਨਾਂ ਭੇਦ ਭਾਵ ਸੇਵਾ ਕਰੋ, ਆਪ ਕਿਰਤ ਕਰੋ, ਲੋੜਵੰਦਾਂ ਨਾਲ ਵੰਡ ਛਕੋ, ਕਰਤੇ ਨੂੰ ਸਦਾ ਯਾਦ ਰੱਖਦੇ ਪਰਉਪਕਾਰੀ ਜੀਵਨ ਜੀਓ। ਬਾਕੀਬਹੁਤੇ ਧਰਮਾਂ ਨਾਲੋਂ ਸਿੱਖ ਧਰਮ ਦੀ ਇਹ ਹੀ ਵਿਲੱਖਣਤਾ ਹੈ ਕਿ ਇਸ ਵਿੱਚ ਗਿਣਤੀ ਮਿਣਤੀ ਦੇ ਮੰਤ੍ਰ ਪਾਠਾਂ, ਥੋਥੇ ਕਰਮਕਾਂਡਾਂ, ਅੰਧਵਿਸ਼ਵਾਸ਼ੀ ਕਰਾਮਾਤਾਂ ਅਤੇ ਜਨਤਾ ਲੋਟੂ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ। ਜੇ ਗੁਰੂ ਸਾਹਿਬਾਨਾਂ ਨੇ ਵੀ ਬਿਣਤੀ ਦੇ ਪਾਠ, ਥੋਥੇ ਕਰਮਕਾਂਡ ਕਰਨੇ, ਪੁਜਾਰੀਵਾਦ ਦੇ ਦੁਬੇਲ ਬਣ, ਅੰਧਵਿਸ਼ਵਾਸ਼ਤਾ ਹੀ ਧਾਰਨ ਕਰਨੀ ਅਤੇ ਸਿਖਾਉਣੀ ਸੀ ਤਾਂ ਇਹ ਤਾਂ ਸਭ ਕੁਝ ਬਾਕੀ ਬਹੁਤ ਸਾਰੇ ਧਰਮਾਂ ਵਿੱਚ ਚੱਲ ਹੀ ਰਿਹਾ ਸੀ। ਸਦਾ ਯਾਦ ਰੱਖੋ ਰੱਬੀ ਭਗਤ ਅਤੇ ਸਿੱਖ ਗੁਰੂ ਇੱਕ ਨਿਰੰਕਾਰੀ ਹੋਣ ਦੇ ਨਾਲ ਕ੍ਰਾਂਤੀਕਾਰੀ ਸੰਤ-ਸਿਪਾਹੀ ਵੀ ਸਨ।

ਮੁਕਦੀ ਗੱਲ ਗੁਰੂ ਸਾਹਿਬਾਨ ਸਾਨੂੰ ਮਾਨਵਤਾ ਦੇ ਸਰਬਸਾਂਝੇ ਧਰਮ ਗ੍ਰੰਥ "ਗੁਰੂ ਗ੍ਰੰਥ ਸਾਹਿਬ" ਦੇ ਲੜ ਲਾਉਂਦੇ ਹੁਕਮ ਕਰ ਗਏ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਅਸੀਂ ਨਿਤਾਪ੍ਰਤੀ ਇਹ ਅਰਦਾਸ ਵੀ ਕਰਦੇ ਹਾਂ। ਸੋ ਨਿਤਨੇਮ ਮਰਣਾਦਾ ਪ੍ਰਤੀ ਵੱਖ ਵੱਖ ਵੱਖ ਸੰਪ੍ਰਦਾਵਾਂ, ਡੇਰਿਆਂ ਅਤੇ ਕਮੇਟੀਆਂ ਦੇ ਪਾਏ ਜਨਤਾ ਲੋਟੂ ਕਰਮਕਾਡਾਂ, ਭਰਮ ਭੁਲੇਖਿਆਂ ਚੋਂ ਬਾਹਰ ਨਿਕਲੋ। ਹੋਰ ਸੰਤਾਂ ਗ੍ਰੰਥਾਂ ਦੇ ਨਹੀਂ ਸਗੋਂ ਗੁਰੂ ਦੇ ਗੁਲਾਮ ਹੋਵੋ। ਤੁਸੀਂ ਆਪਣੇ ਕੰਮ ਕਾਜ ਕਰਦਿਆਂ ਹਰਰੋਜ ਜਦ ਵੀ ਸਮਾਂ ਮਿਲੇ ਨੇਮ ਨਾਲ ਗੁਰੂ ਗ੍ਰੰਥ ਸਾਹਿਬ ਦੇ ਇੱਕ, ਦੋ ਜਾਂ ਪੰਜ ਅੰਗ ਪੜ੍ਹੋ, ਪਰ ਵਿਚਾਰ ਨਾਲ ਸਮਝ ਕੇ, ਜੀਵਨ ਵਿੱਚ ਧਾਰੋ। ਕਿਰਤ ਵਿਰਤ ਕਰਦੇ ਹੋਏ, ਲੋਕ ਭਲਾਈ ਦੇ ਚੰਗੇ ਕਰਮ ਕਰਨੇ, ਲੋਕ ਸੇਵਾ ਕਰਨੀ, ਪਰਉਪਕਾਰੀ ਜੀਵਨ ਜੀਣਾ, ਗੁਰਬਾਣੀ ਆਪ ਪੜ੍ਹਣੀ ਤੇ ਹੋਰਨਾਂ ਨੂੰ ਪੜ੍ਹੁਉਣੀ, ਬਾਬਾਣੀਆਂ ਕਹਾਣੀਆਂ ਇਤਿਹਾਸ ਪੜ੍ਹਨਾ ਤੇ ਗੁਰਮਤਿ ਦੀ ਕਸਵੱਟੀ ਉੱਤੇ ਵਾਚਣਾ, ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਸੰਤ-ਸਿਪਾਹੀ ਬਿਰਤੀ ਵਾਲੇ ਕਰਤੱਵ ਕਰਨੇ ਹੀ ਸਾਡਾ ਨਿਤਨੇਮ ਹੋਣਾ ਚਾਹੀਦਾ ਹੈ। ਸਿੱਖ ਧਰਮ ਇੱਕ ਦਾ ਉਪਾਸ਼ਕ ਤੇ ਉਪਦੇਸ਼ ਹੈ ਵੱਧ ਗਿਣਤੀਆਂ ਦਾ ਨਹੀਂ-ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵਿਚਾਰ॥(੬੪੬) ਸਾਡਾ ਰੱਬ ਇੱਕ, ਗੁਰੂ ਇੱਕ, ਵਿਧਾਨ ਤੇ ਨਿਸ਼ਾਂਨ ਇੱਕ, ਕੌਮ ਇੱਕ ਹੈ। ਸੋ ਨੇਮ ਨਾਲ ਹਰ ਰੋਜ ਜਿਨਾ ਵੀ ਹੋ ਸੱਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ, ਵਿਚਾਰਾਨਾ, ਧਾਰਨਾਂ, ਪ੍ਰਚਾਰਣਾ, ਪਰਉਪਕਾਰੀ ਹੋਣਾ ਅਤੇ ਸਚਾਈ ਤੇ ਪਹਿਰਾ ਦੇਣਾ ਹੀ ਲਾਹੇਵੰਦਾ ਨਿਤਨੇਮ ਹੈ। ਗੁਰੂ ਸਾਹਿਬਾਨ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਵੱਖ ਵੱਖ, ਬ੍ਰਾਹਮਣੀ ਰੰਗ ਵਾਲੇ ਲਿਖਾਰੀਆਂ, ਉਦਾਸੀ, ਨਿਰਮਲੇ, ਸੰਪ੍ਰਦਾਈ ਅਤੇ ਡੇਰੇਦਾਰ ਸਾਧਾਂ ਨੇ ਹੀ ਵੱਖ ਵੱਖ ਮਰਯਾਦਾ ਬਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਾ ਨੂੰ ਚੈਲੰਜ ਕਰਕੇ ਇਸ ਬਾਰੇ ਭੰਬਲ ਭੂਸੇ ਖੜੇ ਕੀਤੇ ਹਨ ਜਿੰਨ੍ਹਾਂ ਕਰਕੇ ਅਸੀਂ ਨਿਤਾਪ੍ਰਤੀ ਮਰਯਾਦਾ ਤੇ ਹੀ ਲੜੀ ਮਰੀ ਜਾਂਦੇ ਹਾਂ। ਵਿਦਵਾਨ ਅਤੇ ਗੁਰੂ ਨੂੰ ਸਮਰਪਤ ਗੁਰਸਿੱਖਾਂ ਨੂੰ ਜਲਦੀ ਤੋਂ ਜਲਦੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਸਿਧਾਂਤ ਤੇ ਮਜੂਦਾ ਮਰਯਾਦਾ ਦੀ ਸੋਧ ਕਰ, ਇੱਕਸਾਰ ਲਾਗੂ ਕਰਨੀ ਚਾਹੀਦੀ ਹੈ ਨਹੀਂ ਤਾਂ ਨਿਤਨੇਮ ਵਾਂਗ ਹੋਰ ਵੀ ਭਰਮ ਭੁਲੇਖੇ ਬਣੇ ਰਹਿੰਣਗੇ। ਆਓ ਇਸ ਬਾਰੇ ਸਾਰੇ ਸੁਰਿਦਤਾ ਨਾਲ ਵਿਚਾਰਾਂ ਕਰੀਏ ਲੜੀਏ ਨਾਂ, ਇਸ ਵਿੱਚ ਹੀ ਕੌਮ ਦਾ ਭਲਾ ਹੈ।




.