.

ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਲਈ ਕੀ ਕਰਨਾ ਚਾਹੀਦਾ ਹੈ (ਨਾਮੁ, ਭਾਗ ੧੦)

What we should do for Naam Japna according to Guru Granth Sahib (Naam, Part 10)

ਆਮ ਲੋਕਾਂ ਵਿੱਚ ਨਾਮੁ ਜਪਣ ਦਾ ਭਾਵ ਹੈ ਕਿ ਕਿਸੇ ਨਾਂ ਜਾਂ ਅੱਖਰ ਦਾ ਰਟਨ ਕਰੀ ਜਾਣਾਂ ਹੈ, ਜਦੋਂ ਕਿ ਗੁਰਬਾਣੀ ਅਨੁਸਾਰ ਅਜੇਹਾ ਰਟਨ ਪ੍ਰਵਾਨ ਨਹੀਂ। ਇਸ ਤਰ੍ਹਾਂ ਦੇ ਪ੍ਰਚਾਰ ਦਾ ਕਾਰਨ ਇਹ ਹੈ ਕਿ ਸਾਨੂੰ ਦੂਸਰੇ ਧਰਮਾਂ ਦੀਆਂ ਰਵਾਇਤਾਂ ਬਾਰੇ ਗਿਆਨ ਤਾਂ ਬਹੁਤ ਹੈ, ਪਰੰਤੂ ਅਸੀਂ ਕਦੇ ਵੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਵਿਚੋਂ ਆਪਣੇ ਸ਼ੰਕਿਆਂ ਦਾ ਨਿਵਾਰਨ ਕਰਨ ਲਈ ਉਪਰਾਲਾ ਜਾਂ ਖੋਜ ਕਰਨ ਦੀ ਕੋਸ਼ਿਸ ਨਹੀਂ ਕਰਦੇ। ਆਮ ਲੋਕਾਂ ਨੂੰ ਡੇਰੇ ਵਾਲੇ ਬਾਬਿਆਂ ਦੀਆਂ ਕਹਾਣੀਆਂ ਬੜੀਆਂ ਸੁਆਦਲੀਆਂ ਲੱਗਦੀਆਂ ਹਨ, ਕਿਉਂਕਿ ਉਨ੍ਹਾਂ ਦੇ ਤਰੀਕੇ ਜਿਆਦਾ ਆਸਾਨ ਤੇ ਸਿਧੇ ਹੁੰਦੇ ਹਨ, ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਉਪਰ ਪੂਰਾ ਭਰੋਸਾ ਬਣ ਜਾਂਦਾ ਹੈ, ਤੇ ਉਹ ਲੋਕਾਂ ਦਾ ਵਿਸ਼ਵਾਸ ਜਿਤਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਆਮ ਲੋਕ ਅਕਸਰ ਗੁਮਰਾਹ ਹੁੰਦੇ ਰਹਿੰਦੇ ਹਨ।

ਗੁਰਬਾਣੀ ਤਾਂ ਸਾਨੂੰ ਸਪੱਸ਼ਟ ਕਰਕੇ ਸਮਝਾਂਦੀ ਹੈ ਕਿ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਦੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ, ਤੇ ਗੁਰੂ ਤੋਂ ਬਿਨਾ ਸਹੀ ਜੀਵਨ ਦੀ ਸਮਝ ਵੀ ਨਹੀਂ ਆ ਸਕਦੀ। ਗੁਰੂ ਤੋਂ ਬਿਨਾ ਮਨੁੱਖ ਦੀ ਸੁਰਤਿ ਉੱਚੀ ਨਹੀਂ ਹੁੰਦੀ ਤੇ ਜੀਵਨ ਵਿੱਚ ਸਫਲਤਾ ਵੀ ਪ੍ਰਾਪਤ ਨਹੀਂ ਹੁੰਦੀ, ਗੁਰੂ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ। ਕਵੀ ਨਲ੍ਯ੍ਯ ਜੀ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਵਿੱਚ ਆ ਕੇ ਸਦਾ ਥਿਰ ਰਹਿਣ ਵਾਲੇ ਸੱਚੇ ਅਕਾਲ ਪੁਰਖ ਬਾਰੇ ਵਿਚਾਰ ਕਰ ਤੇ ਉਸ ਨੂੰ ਸਦਾ ਯਾਦ ਕਰਦਾ ਰਹਿ। ਸਦਾ ਸ਼ਬਦ ਗੁਰੂ ਦੀ ਸਰਨ ਵਿੱਚ ਪਿਆ ਰਹਿ, ਇਸ ਤਰ੍ਹਾਂ ਕਰਨ ਨਾਲ ਤੇਰੇ ਸਾਰੇ ਪਾਪ ਕੱਟੇ ਜਾਣਗੇ। ਆਪਣੀਆਂ ਅੱਖਾਂ ਵਿਚ, ਆਪਣੇ ਬੋਲਾਂ ਵਿਚ, ਕੇਵਲ ਗੁਰੂ ਨੂੰ ਵਸਾਓ, ਕਿਉਂਕਿ ਗੁਰੂ ਸਦਾ ਲਈ ਥਿਰ ਰਹਿਣ ਵਾਲਾ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਤੇ ਜਿਹੜਾ ਮਨੁੱਖ ਸਤਿਗੁਰੂ ਦੀ ਸਰਨ ਨਹੀਂ ਪਿਆ, ਉਸ ਦਾ ਇਸ ਸੰਸਾਰ ਵਿੱਚ ਆਣਾਂ ਅਸਫਲ ਹੋ ਜਾਂਦਾ ਹੈ।

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ॥ ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ॥ ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ੍ਯ ਕਹਿ॥ ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ॥ ੪॥ ੮॥ (੧੩੯੯)

ਜਦੋਂ ਕੋਈ ਮਨੁੱਖ ਆਪਣੇ ਦੁਖ ਦਰਦ ਕਿਸੇ ਹੋਰ ਦੂਸਰੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਕਸਰ ਉਹ ਦੂਸਰਾ ਮਨੁੱਖ ਸਗੋਂ ਆਪਣੇ ਅਨੇਕਾਂ ਦੁਖ ਦਰਦ ਵਾਪਿਸ ਸੁਣਾਣ ਲਗ ਪੈਂਦਾ ਹੈ। ਦੁਨੀਆਂ ਵਾਲੇ ਇਹ ਸਾਕ ਸਬੰਧੀ, ਮਿੱਤਰ, ਭਰਾ ਜਿਹੜੇ ਵੀ ਦਿਸਦੇ ਹਨ, ਉਹ ਸਭ ਆਪੋ ਆਪਣੇ ਮਨੋਰਥ ਵਾਸਤੇ ਹੀ ਮਿਲਦੇ ਹਨ। ਇਸ ਲਈ ਆਪਣਾ ਹਰੇਕ ਦੁਖ ਦਰਦ ਆਪਣੇ ਅਸਲੀ ਮਾਲਕ, ਅਕਾਲ ਪੁਰਖੁ ਨੂੰ ਹੀ ਬਿਆਨ ਕਰਨਾ ਚਾਹੀਦਾ ਹੈ, ਕਿਉਂਕਿ ਉਹ ਸਾਰੇ ਦੁਖਾਂ ਨੂੰ ਦੂਰ ਕਰ ਸਕਦਾ ਹੈ। ਜਿਹੜਾ ਅਕਾਲ ਪੁਰਖੁ ਇੱਕ ਖਿਨ ਵਿੱਚ ਸਾਰੇ ਪਾਪਾਂ ਦਾ ਨਾਸ ਕਰ ਸਕਦਾ ਹੈ, ਉਸ ਨੂੰ ਸਦਾ ਯਾਦ ਕਰਦੇ ਰਹਿਣਾਂ ਚਾਹੀਦਾ ਹੈ, ਉਸ ਦਾ ਧਿਆਨ ਆਪਣੇ ਮਨ ਵਿੱਚ ਰੱਖਣਾਂ ਚਾਹੀਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਹੇ ਮੇਰੇ ਮਨ! ਸਦਾ ਅਕਾਲ ਪੁਰਖੁ ਉਤੇ ਭਰੋਸਾ ਰੱਖ, ਕਿਉਂਕਿ, ਅਸੀਂ ਜਿੱਥੇ ਵੀ ਜਾਈਏ, ਉਹ ਮਾਲਕ ਅਕਾਲ ਪੁਰਖੁ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਤੇ, ਉਹ ਅਕਾਲ ਪੁਰਖੁ ਆਪਣੇ ਦਾਸਾਂ ਦੀ ਤੇ ਆਪਣੇ ਸੇਵਕਾਂ ਦੀ ਇੱਜ਼ਤ ਆਪ ਰੱਖਦਾ ਹੈ।

ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ॥ ੧॥ ਰਹਾਉ॥ (੮੬੦)

ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ, ਪਰੰਤੂ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ, ਜਿਸ ਨੂੰ ਗੁਰੂ ਆਪ ਸਮਝਾਏ। ਫਿਰ ਉਹ ਮਨੁੱਖ ਜੋ ਚਾਹੁੰਦਾ ਹੈ, ਗੁਰੂ ਪਾਸੋਂ ਫਲ ਹਾਸਲ ਕਰ ਸਕਦਾ ਹੈ। ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ, ਕਿ ਗੁਰੂ ਪਾਸੋਂ ਨਾਮੁ ਦੀ ਦਾਤ ਹੀ ਮੰਗਣੀ ਚਾਹੀਦੀ ਹੈ, ਕਿਉਂਕਿ ਨਾਮੁ ਵਿੱਚ ਜੁੜਿਆ ਹੀ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਸਕਦਾ ਹੈ। ਇਸ ਲਈ ਇਕਾਗਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਵਿੱਚ ਆਉਣਾ ਹੈ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੀ ਸਰਨ ਲੈ ਲਈ, ਉਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਰਸ ਸਮਾ ਜਾਂਦਾ ਹੈ, ਤੇ ਉਨ੍ਹਾਂ ਦੇ ਮਨ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ। ਪਰੰਤੂ ਜਗਤ ਵਿੱਚ ਅਜੇਹੇ ਬੰਦੇ ਵਿਰਲੇ ਹੀ ਹਨ, ਜਿਹੜੇ ਸਤਿਗੁਰੂ ਦੀ ਸਰਨ ਲੈਂਦੇ ਹਨ, ਤੇ ਹਉਮੈ ਨੂੰ ਮਾਰ ਕੇ ਆਪਣੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਨੂੰ ਟਿਕਾ ਲੈਂਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ, ਕਿ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਚੱਖ, ਤਾਂ ਜੋ ਤੇਰੀ ਮਾਇਆ ਲਈ ਤ੍ਰਿਸ਼ਨਾ ਦੂਰ ਹੋ ਜਾਵੇ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਵਿੱਚ ਆ ਕੇ ਅਕਾਲ ਪੁਰਖੁ ਦੇ ਨਾਮੁ ਦਾ ਰਸ ਚਖ ਲਿਆ, ਉਹ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ।

ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ॥ ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ॥ ੧॥ ਰਹਾਉ॥ (੨੬)

ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦਾ ਨਾਮੁ ਸੁਣ ਕੇ ਮੰਨ ਲਿਆ ਹੈ, ਉਨ੍ਹਾਂ ਦਾ ਆਪਣੀ ਅੰਤਰ ਆਤਮਾ ਵਿੱਚ ਅਕਾਲ ਪੁਰਖੁ ਦਾ ਨਿਵਾਸ ਬਣਿਆ ਰਹਿੰਦਾ ਹੈ, ਤੇ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ। ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ, ਉਹ ਪਵਿਤਰ ਆਚਰਨ ਵਾਲੇ ਹੋ ਜਾਂਦੇ ਹਨ, ਉਨ੍ਹਾਂ ਦੇ ਹਿਰਦੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ, ਤੇ ਉਨ੍ਹਾਂ ਨੂੰ ਸਹੀ ਜੀਵਨ ਜੀਊਣ ਦੀ ਜਾਚ ਆ ਜਾਂਦੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਉਸ ਸਰਬ ਵਿਆਪਕ ਅਕਾਲ ਪੁਰਖੁ ਨੂੰ ਪਛਾਣ ਲਿਆ ਹੈ, ਉਹ ਫਿਰ ਉਸ ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਅਜੇਹੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਾਇਆ ਦੇ ਝਮੇਲਿਆਂ ਵਿੱਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਸੁਣ ਕੇ ਮੰਨ ਲਿਆ ਹੈ, ਉਹ ਅਕਾਲ ਪੁਰਖੁ ਨੂੰ ਹਰ ਵੇਲੇ ਆਪਣੇ ਮਨ ਵਿੱਚ ਵਸਾਈ ਰੱਖਦੇ ਹਨ। ਅਕਾਲ ਪੁਰਖੁ ਦੀ ਭਗਤੀ ਵਿੱਚ ਰੰਗੇ ਹੋਏ ਮਨੁੱਖਾਂ ਦਾ ਮਨ ਪਵਿਤਰ ਹੋ ਜਾਂਦਾ ਹੈ, ਤੇ ਸਰੀਰ ਵੀ ਪਵਿਤਰ ਹੋ ਜਾਂਦਾ ਹੈ, ਉਨ੍ਹਾਂ ਦੀ ਘਾਲਣਾਂ ਅਕਾਲ ਪੁਰਖੁ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਅਕਾਲ ਪੁਰਖੁ ਦੇ ਪਵਿਤਰ ਨਾਮ ਨੂੰ ਹਮੇਸ਼ਾਂ ਧਿਆਇਆ ਕਰ। ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮੱਥੇ ਉੱਤੇ ਧੁਰੋਂ ਅਕਾਲ ਪੁਰਖੁ ਦੀ ਹਜ਼ੂਰੀ ਵਿਚੋਂ ਸਿਮਰਨ ਦਾ ਲੇਖ ਲਿਖਿਆ ਮਿਲ ਜਾਂਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਦੀ ਯਾਦ ਵਿੱਚ ਆਪਣੀ ਸੁਰਤਿ ਜੋੜੀ ਰੱਖਦੇ ਹਨ।

ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ॥ ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ॥ ੧॥ ਰਹਾਉ॥ (੨੭, ੨੮)

ਮਨੁੱਖ ਆਪਣੇ ਸਰੀਰ ਨੂੰ ਵੱਸ ਵਿੱਚ ਰੱਖਣ ਲਈ ਅਨੇਕਾਂ ਤਰ੍ਹਾਂ ਦੇ ਤਪ ਤੇ ਯਤਨ ਕਰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ਉਸ ਦੇ ਮਨ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ। ਅਜੇਹੇ ਮਿੱਥੇ ਹੋਏ ਧਾਰਮਿਕ ਕਰਮ ਕਰਨ ਨਾਲ ਅਕਾਲ ਪੁਰਖੁ ਦੇ ਨਾਮੁ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਦੁਨੀਆਂ ਦੀ ਕਿਰਤ ਵਿਹਾਰ ਕਰਦਾ ਹੋਇਆ ਵਿਕਾਰਾਂ ਵਲੋਂ ਬਚਿਆ ਰਹਿੰਦਾ ਹੈ, ਉਸ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਸਕਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਉੱਪਰ ਕਾਬੂ ਪਾ ਲੈਂਦਾ ਹੈ, ਉਹ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਮੇਰੀ ਗੱਲ ਧਿਆਨ ਨਾਲ ਸੁਣ ਤੇ ਸਦਾ ਸਤਿਗੁਰੂ ਦੀ ਸਰਨ ਵਿੱਚ ਪਿਆ ਰਹਿ। ਗੁਰੂ ਦੀ ਕਿਰਪਾ ਨਾਲ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਤੇ ਇਸ ਜ਼ਹਿਰ ਦੀ ਤਰ੍ਹਾਂ ਭਰੇ ਹੋਏ ਸੰਸਾਰ ਰੂਪੀ ਸਮੁੰਦਰ ਵਿਚੋਂ ਗੁਰੂ ਦੇ ਸ਼ਬਦ ਦੁਆਰਾ ਹੀ ਤਰ ਕੇ ਪਾਰ ਹੋ ਸਕਦੇ ਹਾਂ।

ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ॥ ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ॥ ੧॥ ਰਹਾਉ॥ (੩੩)

ਗੁਰੂ ਦਾ ਹੁਕਮ ਮੰਨਣਾ ਇੱਕ ਐਸੀ ਸੇਵਾ ਹੈ, ਜਿਸ ਦੀ ਬਰਕਤਿ ਨਾਲ ਅਕਾਲ ਪੁਰਖੁ ਦਾ ਨਾਮੁ ਮਨ ਵਿੱਚ ਵੱਸ ਸਕਦਾ ਹੈ। ਅਕਾਲ ਪੁਰਖੁ ਦੇ ਨਾਮੁ ਦੁਆਰਾ ਹੀ ਆਤਮਕ ਆਨੰਦ ਮਿਲਦਾ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੁਆਰਾ ਆਤਮਕ ਜੀਵਨ ਸੋਹਣਾ ਬਣ ਸਕਦਾ ਹੈ। ਗੁਰੂ ਦੇ ਸ਼ਬਦ ਦੀ ਮਿਹਰ ਸਦਕਾ ਮਨੁੱਖ ਨੂੰ ਅਕਾਲ ਪੁਰਖੁ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ, ਕਿ ਅਕਾਲ ਪੁਰਖੁ ਸਦਾ ਹਾਜ਼ਰ ਨਾਜ਼ਰ ਹੈ, ਤੇ ਸਭ ਜੀਵਾਂ ਦੀ ਸੰਭਾਲ, ਉਹ ਆਪ ਹੀ ਕਰ ਰਿਹਾ ਹੈ। ਅਜੇਹੇ ਮਨੁੱਖਾਂ ਦਾ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਵਿੱਚ ਰੰਗਿਆ ਰਹਿੰਦਾ ਹੈ, ਤੇ ਉਨ੍ਹਾਂ ਦੇ ਸਰੀਰ ਵਿਚੋਂ ਵਿਕਾਰ ਮਿੱਟ ਜਾਂਦੇ ਹਨ। ਜਿਹੜੇ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁਤੇ ਰਹਿੰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪੂੰਜੀ ਲੁਟਾ ਲੈਂਦੇ ਹਨ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿ, ਤੇ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਇਸ ਤਰ੍ਹਾਂ ਕਰਨ ਨਾਲ ਆਪਣੇ ਆਤਮਕ ਜੀਵਨ ਦੀ ਫ਼ਸਲ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਾ ਸਕੇਂਗਾ, ਨਹੀਂ ਤਾਂ ਜਦੋਂ ਅੰਤ ਸਮੇਂ ਨੂੰ ਤੇਰੇ ਜੀਵਨ ਦੇ ਖੇਤ ਵਿੱਚ ਕੂੰਜ ਆ ਪਏਗੀ ਭਾਵ, ਬਿਰਧ ਅਵਸਥਾ ਆ ਜਾਵੇਗੀ, ਤੇ ਫਿਰ ਤੂੰ ਆਪਣੇ ਆਪ ਦਾ ਬਚਾਅ ਨਹੀਂ ਕਰ ਸਕੇਂਗਾ।

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ॥ ੧॥ ਰਹਾਉ॥ (੩੪, ੩੫)

ਗੁਣ ਧਾਰਨ ਕਰਨ ਵਾਲੀ ਜੀਵ ਇਸਤ੍ਰੀ ਤ੍ਰਿਸ਼ਨਾ ਤੇ ਵਿਕਾਰਾਂ ਨੂੰ ਤਿਆਗ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਲੱਭ ਲੈਦੀ ਹੈ। ਉਸ ਦਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਅਕਾਲ ਪੁਰਖੁ ਦੇ ਪ੍ਰੇਮ ਪਿਆਰ ਵਿੱਚ ਉਸ ਦੇ ਗੁਣ ਗਾਇਨ ਕਰਦੀ ਰਹਿੰਦੀ ਹੈ। ਆਪਣੇ ਮਨ ਵਿੱਚ ਵਿਚਾਰ ਕਰ ਕੇ ਵੇਖ ਲਵੋ, ਕਿ ਸਤਿਗੁਰੂ ਦੀ ਸਰਨ ਵਿੱਚ ਆਣ ਤੋਂ ਬਿਨਾ ਕਿਸੇ ਨੇ ਵੀ ਅਕਾਲ ਪੁਰਖੁ ਨੂੰ ਨਹੀਂ ਲੱਭਿਆ, ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦੋਂ ਤਕ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਪਾਂਦਾ, ਉਸ ਦੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਉਤਰਦੀ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ ਤੇ ਅੰਗ ਸੰਗ ਵੱਸਦਾ ਦਿੱਖਾਈ ਦਿੰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਤਿਗੁਰੂ ਦੀ ਰਜ਼ਾ ਵਿੱਚ ਤੁਰ, ਗੁਰੂ ਦੀ ਰਜ਼ਾ ਵਿੱਚ ਤੁਰਨ ਸਦਕਾ ਤੂੰ ਆਪਣੇ ਅੰਤਰ ਆਤਮੇ ਵਿੱਚ ਟਿਕਿਆ ਰਹੇਂਗਾ, ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤੁ ਪੀਂਦਾ ਰਹੇਂਗਾ, ਜਿਸ ਦੀ ਬਰਕਤ ਨਾਲ ਸੁਖਾਂ ਦਾ ਟਿਕਾਣਾ ਲੱਭ ਸਕੇਂਗਾ।

ਸਿਰੀਰਾਗੁ ਮਹਲਾ ੩॥ ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ॥ ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ॥ ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ॥ ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ॥ ੧॥ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ॥ ੧॥ ਰਹਾਉ॥ (੩੬, ੩੭)

ਅਕਾਲ ਪੁਰਖੁ ਜਦੋਂ ਆਪ ਦਿਆਲ ਹੁੰਦਾ ਹੈ, ਤਾਂ ਉਹ ਆਪ ਹੀ ਸਹੀ ਜੀਵਨ ਦੀ ਸੂਝ ਬਖ਼ਸ਼ਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਗੁਰੂ ਦੀ ਮੱਤ ਦੁਆਰਾ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਅਕਾਲ ਪੁਰਖੁ ਆਪ ਹੀ ਆਪਣੇ ਹੁਕਮੁ ਅਨੁਸਾਰ ਹਰੇਕ ਸਰੀਰ ਵਿੱਚ ਵੱਸਦਾ ਹੈ, ਤੇ ਆਪਣੇ ਹੁਕਮੁ ਵਿੱਚ ਹੀ ਜੀਵਾਂ ਦੀ ਸੰਭਾਲ ਕਰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਹੇ ਮੇਰੇ ਮਨ! ਗੁਰੂ ਦੇ ਹੁਕਮੁ ਵਿੱਚ ਤੁਰ। ਜਿਹੜਾ ਮਨੁੱਖ ਗੁਰੂ ਦਾ ਹੁਕਮੁ ਮੰਨਦਾ ਹੈ, ਉਸ ਦਾ ਮਨ, ਤੇ ਸਰੀਰ ਸ਼ਾਂਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ।

ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ॥ ੧॥ ਰਹਾਉ॥ (੩੭)

ਜੇ ਸੁਖ ਦੇਣ ਵਾਲਾ ਅਕਾਲ ਪੁਰਖੁ ਮਨ ਵਿੱਚ ਵੱਸ ਜਾਏ, ਤਾਂ ਦੁਨੀਆਂ ਦੇ ਦੁਖ ਜ਼ੋਰ ਨਹੀਂ ਪਾ ਸਕਦੇ। ਜਦੋਂ ਹਿਰਦੇ ਵਿੱਚ ਉਹ ਅਕਾਲ ਪੁਰਖੁ ਵੱਸ ਜਾਂਦਾ ਹੈ, ਤਾਂ ਕਿਸੇ ਵੀ ਕੰਮ ਵਿੱਚ ਲੱਗੀਏ, ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ। ਜਦੋਂ ਮਨੁੱਖ ਦਾ ਮਨ ਇੱਕ ਅਕਾਲ ਪੁਰਖੁ ਦੀ ਯਾਦ ਵਿੱਚ ਲੀਨ ਹੋ ਜਾਂਦਾ ਹੈ, ਤਾਂ ਉਸ ਦਾ ਮਨ ਮਾਇਆ ਵਾਲੇ ਪਾਸੇ ਡੋਲਣੋਂ ਹਟ ਜਾਂਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਂਣਾ ਹੈ ਕਿ ਸਾਰੀ ਸ੍ਰਿਸ਼ਟੀ ਦੇ ਕਰਤੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰ। ਪਰੰਤੂ ਇਹ ਧਿਆਨ ਵਿੱਚ ਰੱਖਣਾ ਹੈ ਕਿ ਸਿਫ਼ਤਿ ਸਾਲਾਹ ਦੀ ਦਾਤਿ ਸਿਰਫ ਗੁਰੂ ਪਾਸੋਂ ਹੀ ਮਿਲਦੀ ਹੈ, ਸੋ ਤੂੰ ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਓ।

ਮਨ ਮੇਰੇ ਕਰਤੇ ਨੋ ਸਾਲਾਹਿ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ॥ ੧॥ ਰਹਾਉ॥ (੪੩, ੪੪)

ਅਕਾਲ ਪੁਰਖੁ ਸਭ ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈ, ਇਸ ਲਈ ਸਦਾ ਉਸ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ। ਸਿਰਫ਼ ਉਸ ਅਕਾਲ ਪੁਰਖੁ ਦੀ ਸਹਾਇਤਾ ਦੀ ਆਸ ਰੱਖਣੀ ਚਾਹੀਦੀ ਹੈ, ਜਿਹੜਾ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਆਨੰਦ ਨਾਲ ਤੇ ਆਤਮਕ ਅਡੋਲਤਾ ਵਿੱਚ ਟਿਕ ਕੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਅੱਠੇ ਪਹਰ ਅਕਾਲ ਪੁਰਖੁ ਦਾ ਨਾਮੁ, ਆਪਣੇ ਚਿਤ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ।

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ॥ ੧॥ ਰਹਾਉ॥ (੪੪)

ਅਕਾਲ ਪੁਰਖੁ ਹੀ ਅਸਲ ਭਰਾ, ਮਿੱਤਰ, ਮਾਂ ਤੇ ਪਿਓ ਹੈ, ਕਿਉਂਕਿ ਅਸਲੀ ਪਾਲਣਹਾਰ ਸਿਰਫ਼ ਅਕਾਲ ਪੁਰਖੁ ਆਪ ਹੀ ਹੈ। ਆਪਣੇ ਮਨ ਵਿੱਚ ਉਸ ਅਕਾਲ ਪੁਰਖੁ ਦਾ ਆਸਰਾ ਰੱਖਣਾ ਚਾਹੀਦਾ ਹੈ, ਜਿਸ ਨੇ ਇਹ ਜਿੰਦ ਤੇ ਸਰੀਰ ਦਿੱਤਾ ਹੈ ਤੇ ਜੀਵ ਨੂੰ ਵਿਕਾਰ ਤੋਂ ਬਚਾਣ ਵਾਲਾ ਹੈ। ਇਹੀ ਅਰਦਾਸ ਕਰਨੀ ਹੈ ਕਿ ਸਭ ਕੁੱਝ ਆਪਣੇ ਵੱਸ ਵਿੱਚ ਰੱਖਣ ਵਾਲਾ ਅਕਾਲ ਪੁਰਖੁ ਮਨ ਵਿਚੋਂ ਕਦੇ ਵੀ ਨਾ ਭੁੱਲੇ। ਜਿਹੜਾ ਮਨੁੱਖ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ, ਉਹ ਸਭ ਗੁਣਾਂ ਨਾਲ ਮੁਕੰਮਲ ਹੋ ਜਾਂਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਹੋਰ ਸਭ ਤਰ੍ਹਾਂ ਦੇ ਉਪਾਵ ਤਿਆਗ ਦੇ। ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ, ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ ਇੱਕ ਅਕਾਲ ਪੁਰਖੁ ਦੇ ਚਰਨਾਂ ਦੀ ਲਗਨ ਆਪਣੇ ਹਿਰਦੇ ਅੰਦਰ ਲਗਾਈ ਰੱਖ।

ਮਨ ਮੇਰੇ ਸਗਲ ਉਪਾਵ ਤਿਆਗੁ॥ ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ॥ ੧॥ ਰਹਾਉ॥ (੪੫)

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜ ਲਿਆ, ਉਨ੍ਹਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਤੇ ਉਹ ਲੋਕ ਪਰਲੋਕ ਵਿੱਚ ਮੰਨੇ ਪਰਮੰਨੇ ਹੋ ਜਾਂਦੇ ਹਨ। ਸਾਧ ਸੰਗਤਿ ਵਿੱਚ ਰਹਿ ਕੇ ਉਨ੍ਹਾਂ ਦਾ ਜਨਮ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਉਹ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ, ਤੇ ਹਰ ਥਾਂ ਆਦਰ ਪਾਂਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ ਇੱਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਤੇ ਉਹ ਅਕਾਲ ਪੁਰਖੁ ਦੀ ਦਰਗਾਹ ਵਿੱਚ ਇੱਜ਼ਤ ਨਾਲ ਜਾਂਦਾ ਹੈ।

ਮਨ ਮੇਰੇ ਏਕੋ ਨਾਮੁ ਧਿਆਇ॥ ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ॥ ੧॥ ਰਹਾਉ॥ (੪੫)

ਅਕਾਲ ਪੁਰਖੁ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ, ਇਸ ਲਈ ਸਦਾ ਅਕਾਲ ਪੁਰਖੁ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ। ਅਕਾਲ ਪੁਰਖੁ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਅਕਾਲ ਪੁਰਖੁ ਦਾ ਹੁਕਮੁ ਅੱਟਲ ਹੈ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਥਾਂ ਵੀ ਸਦਾ ਕਾਇਮ ਰਹਿਣ ਵਾਲਾ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਯਾਦ ਕਰਦੇ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਸਬਦ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਧਿਆਨ ਨਾਲ ਸੰਭਾਲ ਕੇ ਰੱਖ, ਤੇ ਅਕਾਲ ਪੁਰਖੁ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਵੀ ਆਪਣੇ ਮਨ ਤੋਂ ਨਾ ਵਿਸਾਰ। ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਅਕਾਲ ਪੁਰਖੁ ਉਸ ਉੱਤੇ ਆਪਣੀ ਮਿਹਰ ਕਰਦਾ ਹੈ।

ਮਨ ਮੇਰੇ ਸਤਿਗੁਰ ਸੇਵਾ ਸਾਰੁ॥ ਕਰੇ ਦਇਆ ਪ੍ਰਭੁ ਆਪਣੀ ਇੱਕ ਨਿਮਖ ਨ ਮਨਹੁ ਵਿਸਾਰੁ॥ ਰਹਾਉ॥ (੪੮)

ਆਪਣੇ ਮਨ ਨੂੰ ਸਮਝਾਣਾ ਹੈ ਕਿ ਸਾਧ ਸੰਗਤਿ ਵਿੱਚ ਰਹਿ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪ ਤਾਂ ਜੋ ਮਨ ਚਾਹੇ ਫਲ ਪ੍ਰਾਪਤ ਕਰ ਸਕੇ ਤੇ ਆਪਣੇ ਦੁਖਾਂ ਕਲੇਸ਼ਾਂ ਨੂੰ ਦੂਰ ਕਰ ਸਕੇ। ਜਿਸ ਮਨੋਰਥ ਵਾਸਤੇ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ, ਉਸ ਮਨੋਰਥ ਨੂੰ ਪੂਰਾ ਕਰਨ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਜਿਸ ਮਨੁੱਖ ਦੀ ਪ੍ਰੀਤ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਦਾ ਸਰੀਰ ਵੀ ਪਵਿਤਰ ਹੋ ਜਾਂਦਾ ਹੈ, ਤੇ ਉਸ ਦੀਆਂ ਸਾਰੀਆਂ ਗਿਆਨ ਇੰਦ੍ਰੀਆਂ ਵਿਕਾਰਾਂ ਵਲੋਂ ਹਟ ਜਾਂਦੀਆਂ ਹਨ। ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਬਰਕਤ ਨਾਲ ਹੀ ਸੁਖ, ਆਤਮਕ ਅਡੋਲਤਾ ਤੇ ਆਨੰਦ ਦੇ ਰਸ ਪ੍ਰਾਪਤ ਹੋ ਸਕਦੇ ਹਨ, ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ।

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ॥ ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ॥ ੪॥ ੧੭॥ ੮੭॥ (੪੮)

ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵੱਸ ਜਾਂਦਾ ਹੈ, ਉਸ ਨੂੰ ਕੋਈ ਦੁਖ, ਕਲੇਸ਼ ਜਾਂ ਡਰ ਪੋਹ ਨਹੀਂ ਸਕਦਾ। ਲੋਕ ਕ੍ਰੋੜਾਂ ਹੀ ਹੋਰ ਹੋਰ ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ ਦੀ ਸਰਨ ਵਿੱਚ ਆਣ ਤੋਂ ਬਿਨਾ ਮਨੁੱਖ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਇਸ ਲਈ ਆਪਣੇ ਮਨ ਵਿੱਚ ਗੁਰੂ ਦੇ ਚਰਨ ਟਿਕਾਈ ਰੱਖ ਭਾਵ, ਹਉਮੈ ਛੱਡ ਕੇ ਸਬਦ ਗੁਰੂ ਵਿੱਚ ਆਪਣੀ ਸਰਧਾ ਬਣਾ। ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਨੂੰ ਜੋੜ।

ਗੁਰ ਕੇ ਚਰਨ ਮਨ ਮਹਿ ਧਿਆਇ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ॥ ੧॥ ਰਹਾਉ॥ (੫੧)

ਜਿਹੜੇ ਮਨੁੱਖ ਆਪਣੇ ਮਨ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਰਹਿੰਦੇ ਹਨ, ਤੇ ਉਸ ਅਕਾਲ ਪੁਰਖੁ ਦਾ ਰੂਪ ਹੋ ਜਾਂਦੇ ਹਨ। ਪਰ ਇਸ ਜਗਤ ਦੇ ਜਿਆਦਾ ਤਰ ਲੋਕ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਤੇ ਅਕਾਲ ਪੁਰਖੁ ਨੂੰ ਚੇਤੇ ਨਹੀਂ ਕਰਦੇ। ਅਕਾਲ ਪੁਰਖੁ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਦੇ ਸਬਦ ਨਾਲ ਮਿਲਾਂਦਾ ਹੈ, ਉਹ ਮਨੁੱਖ ਮਾਇਆ ਦਾ ਮੋਹ ਛੱਡ ਕੇ ਕੇਵਲ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਿੰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਕਰਕੇ ਪੈਦਾ ਹੋਣ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਇਸ ਲਈ ਹੇ ਮੇਰੇ ਮਨ! ਗੁਰੂ ਦੀ ਸਿੱਖਿਆ ਨੂੰ ਧਿਆਨ ਨਾਲ ਸੁਣ, ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਚੰਗੀ ਤਰ੍ਹਾਂ ਵੀਚਾਰ ਤੇ ਅੰਦਰ ਵਸਾ ਕੇ ਰੱਖ। ਜੇ ਤੂੰ ਅਕਾਲ ਪੁਰਖੁ ਦਾ ਨਾਮੁ ਜਪਦਾ ਰਹੇਗਾ, ਤਾਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕੇਗਾ।

ਸੁਣਿ ਮਨ ਮੇਰੇ ਸਬਦੁ ਵੀਚਾਰਿ॥ ਰਾਮ ਜਪਹੁ ਭਵਜਲੁ ਉਤਰਹੁ ਪਾਰਿ॥ ੧॥ ਰਹਾਉ॥ (੧੬੧)

ਜਿਹੜੇ ਮਨੁੱਖ ਗੁਰੂ ਦੀ ਸਰਨ ਵਿੱਚ ਆ ਜਾਂਦੇ ਹਨ, ਉਹ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰ ਕੇ ਹੋਰਨਾਂ ਨੂੰ ਵੀ ਸੁਣਾਂਦੇ ਰਹਿੰਦੇ ਹਨ। ਗੁਰੂ ਦੀ ਸਰਨ ਵਿੱਚ ਆ ਕੇ ਅਜੇਹੇ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੇ ਰਹਿੰਦੇ ਹਨ, ਤੇ ਉਨ੍ਹਾਂ ਦਾ ਜੀਵਨ ਪਵਿਤਰ ਹੋ ਜਾਂਦਾ ਹੈ। ਇਸ ਲਈ ਹੇ ਮੇਰੇ ਮਨ! ਸਬਦ ਗੁਰੂ ਦੀ ਦੱਸੀ ਸਿੱਖਿਆ ਉਤੇ ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮੁ ਅੰਮ੍ਰਿਤੁ ਪੀਣਾ ਚਾਹੀਦਾ ਹੈ।

ਏ ਮਨ ਮੇਰੇ ਭਰਮੁ ਨ ਕੀਜੈ॥ ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ॥ ੧॥ ਰਹਾਉ॥ (੧੬੧, ੧੬੨)

ਉਸ ਅਕਾਲ ਪੁਰਖੁ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ। ਇਸ ਲਈ ਆਪਣੀ ਮਤ ਤਿਆਗ ਕੇ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਟਿਕਾ ਕੇ ਰੱਖਣਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ, ਕਿ ਹੇ ਮੇਰੇ ਮਨ! ਅਕਾਲ ਪੁਰਖੁ ਦੇ ਪ੍ਰੇਮ ਵਿੱਚ ਚੰਗੀ ਤਰ੍ਹਾਂ ਲੀਨ ਹੋ ਕੇ ਅਕਾਲ ਪੁਰਖੁ ਦਾ ਨਾਮੁ ਜਪ, ਉਹ ਨਾਮੁ ਤੇਰੇ ਸਰੀਰ ਰੂਪੀ ਘਰ ਵਿਚ, ਹਿਰਦੇ ਵਿਚ, ਤੇ ਬਾਹਰ ਹਰ ਥਾਂ, ਸਦਾ ਤੇਰੇ ਨਾਲ ਰਹਿੰਦਾ ਹੈ। ਆਪਣੇ ਮਨ ਵਿੱਚ ਉਸ ਅਕਾਲ ਪੁਰਖੁ ਦਾ ਆਸਰਾ ਰੱਖ, ਤੇ ਗੁਰੂ ਦੇ ਸ਼ਬਦ ਦਾ ਆਨੰਦ ਮਾਣ, ਕਿਉਂਕਿ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਭਰਭੂਰ ਰਸ ਹੈ। ਅਕਾਲ ਪੁਰਖੁ ਨੂੰ ਭੁਲਾ ਕੇ ਹੋਰ ਦੂਸਰੇ ਉੱਦਮ ਕਿਸੇ ਕੰਮ ਨਹੀਂ ਆ ਸਕਦੇ, ਇਸ ਲਈ ਅਕਾਲ ਪੁਰਖੁ ਦੀ ਸਰਨ ਵਿੱਚ ਪਿਆ ਰਹਿ, ਕਿਉਂਕਿ ਉਹ ਅਕਾਲ ਪੁਰਖੁ ਆਪਣੀ ਮਿਹਰ ਕਰ ਕੇ ਜੀਵ ਦੀ ਇੱਜ਼ਤ ਵੀ ਆਪ ਹੀ ਰੱਖਦਾ ਹੈ।

ਜਪਿ ਮਨ ਮੇਰੇ ਰਾਮ ਰਾਮ ਰੰਗਿ॥ ਘਰਿ ਬਾਹਰਿ ਤੇਰੈ ਸਦ ਸੰਗਿ॥ ੧॥ ਰਹਾਉ॥ ਤਿਸ ਕੀ ਟੇਕ ਮਨੈ ਮਹਿ ਰਾਖੁ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ॥ ਅਵਰਿ ਜਤਨ ਕਹਹੁ ਕਉਨ ਕਾਜ॥ ਕਰਿ ਕਿਰਪਾ ਰਾਖੈ ਆਪਿ ਲਾਜ॥ ੨॥ (੧੭੭, ੧੭੮)

ਆਪਣੇ ਮਨ ਨੂੰ ਸਮਝਾਣਾ ਹੈ ਕਿ ਉਸ ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੀ ਬਾਣੀ ਜਪਿਆ ਕਰ, ਜਿਸ ਨਾਲ ਹਰੇਕ ਕਿਸਮ ਦੇ ਦੁਖ ਦਰਦ ਦੂਰ ਹੋ ਜਾਂਦੇ ਹਨ, ਆਤਮਕ ਆਨੰਦ ਮਿਲਦਾ ਹੈ, ਤੇ, ਅਕਾਲ ਪੁਰਖੁ ਦਾ ਅਮੋਲਕ ਨਾਮੁ ਮਨ ਵਿੱਚ ਵੱਸ ਜਾਂਦਾ ਹੈ। ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਿਆ ਕਰ। ਇਸ ਗੁਰਬਾਣੀ ਦੁਆਰਾ ਹੀ ਸੰਤ ਜਨ ਆਪਣੀ ਜੀਭ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ।

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥ ਸਾਧੂ ਜਨ ਰਾਮੁ ਰਸਨ ਵਖਾਣੀ॥ ੧॥ ਰਹਾਉ॥ (੧੯੨)

ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਨਾਲ ਮਾਇਆ ਦਾ ਪ੍ਰਭਾਵ ਘਟ ਜਾਂਦਾ ਹੈ, ਤੇ ਮਨ ਅੰਦਰ ਸਾਰੇ ਸੁਖ ਵੱਸਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਪੂਰੇ ਗੁਰੂ ਦਾ ਪਵਿਤਰ ਉਪਦੇਸ਼ ਲੈ ਕੇ, ਦਿਨ ਰਾਤ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ। ਆਪਣੇ ਮਨ ਨੂੰ ਸਮਝਾਣਾ ਹੈ ਕਿ ਹੇ ਮੇਰੇ ਮਨ! ਇੱਕ ਅਕਾਲ ਪੁਰਖੁ ਦਾ ਹੀ ਨਾਮੁ ਚੇਤੇ ਕਰਿਆ ਕਰ। ਇਹ ਨਾਮੁ ਹੀ ਤੇਰੀ ਜਿੰਦ ਦੇ ਕੰਮ ਆਵੇਗਾ, ਤੇ ਜਿੰਦ ਦੇ ਨਾਲ ਸਦਾ ਨਿਭੇਗਾ।

ਭਜੁ ਮਨ ਮੇਰੇ ਏਕੋ ਨਾਮ॥ ਜੀਅ ਤੇਰੇ ਕੈ ਆਵੈ ਕਾਮ॥ ੧॥ ਰਹਾਉ॥ (੧੯੩)

ਗੁਰੂ ਸਾਹਿਬ ਸਿਖਿਆ ਦਿੰਦੇ ਹਨ ਕਿ ਆਪਣੇ ਮਨ ਨੂੰ ਸਮਝਾਣਾ ਹੈ ਕਿ ਹੇ ਮੇਰੇ ਮਨ! ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, ਇਸ ਨੂੰ ਧਿਆਨ ਨਾਲ ਸੁਣ ਤੇ ਸਦਾ ਅਕਾਲ ਪੁਰਖੁ ਦੀ ਸਰਨ ਵਿੱਚ ਪਿਆ ਰਹਿ। ਅਕਾਲ ਪੁਰਖੁ ਚਲਾਕੀਆਂ ਨਾਲ ਖ਼ੁਸ਼ ਨਹੀਂ ਹੁੰਦਾ, ਭਾਂਵੇਂ ਹਜ਼ਾਰਾਂ ਕਿਸਮ ਦੀਆਂ ਚਲਾਕੀਆਂ ਕਰ ਲਵੋ, ਪਰੰਤੂ ਇੱਕ ਚਲਾਕੀ ਵੀ ਸਹਾਈ ਨਹੀਂ ਹੋ ਸਕਦੀ। ਜੇਕਰ ਸਾਰੀਆਂ ਦਲੀਲਾਂ ਤੇ ਸਿਆਣਪਾਂ ਛੱਡ ਕੇ ਸਬਦ ਗੁਰੂ ਦਾ ਆਸਰਾ ਲਏਂਗਾ, ਤਾਂ ਅਕਾਲ ਪੁਰਖੁ ਤੈਨੂੰ ਆਪਣੇ ਚਰਨਾਂ ਵਿੱਚ ਜੋੜ ਲਏਗਾ।

ਸਲੋਕੁ॥ ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ॥ ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ॥ (੨੬੦)

ਆਪਣੇ ਮਨ ਅੰਦਰ ਅਕਾਲ ਪੁਰਖ ਦੀ ਸਿਫਤਿ ਸਾਲਾਹ ਕਰ। ਹਮੇਸ਼ਾਂ ਮਨ ਦੇ ਅੰਦਰ ਸੱਚਾ ਵਿਹਾਰ ਕਰ ਤੇ ਦੂਸਰਿਆਂ ਦਾ ਭਲਾ ਸੋਚ। ਜੀਭ ਨਾਲ ਮਿੱਠੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣ, ਇਸ ਤਰ੍ਹਾਂ ਕਰਕੇ ਆਪਣੇ ਜੀਵਨ ਨੂੰ ਸਦਾ ਲਈ ਸੁਖੀ ਕਰ ਸਕੇਂਗਾ। ਅੱਖਾਂ ਨਾਲ ਅਕਾਲ ਪੁਰਖ ਦਾ ਰਚਿਆ ਹੋਇਆ ਜਗਤ ਤਮਾਸ਼ਾ ਵੇਖ, ਗੁਰੂ ਦੀ ਸੰਗਤਿ ਵਿੱਚ ਟਿਕਿਆਂ ਪਰਿਵਾਰ ਦਾ ਮੋਹ ਤੇ ਹੋਰ ਵਿਕਾਰ ਮਨ ਵਿਚੋਂ ਮਿਟ ਸਕਦੇ ਹਨ। ਪੈਰਾਂ ਨਾਲ ਗੁਰੂ ਦੇ ਦੱਸੇ ਮਾਰਗ ਅਨੁਸਾਰ ਚੱਲ, ਭਾਵ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਵਿੱਚ ਰਹਿੰਦੇ ਹੋਏ ਗੁਰਮਤਿ ਅਨੁਸਾਰ ਜੀਵਨ ਬਤੀਤ ਕਰ। ਜੇਕਰ ਅਕਾਲ ਪੁਰਖੁ ਦੇ ਨਾਮੁ ਨੂੰ ਰਤਾ ਭਰ ਵੀ ਜਪ ਲਈਏ ਤਾਂ ਮਨ ਵਿਚੋਂ ਪਾਪ ਦੂਰ ਹੋ ਜਾਂਦੇ ਹਨ। ਹੱਥਾਂ ਨਾਲ ਗੁਰੂ ਦੀ ਦੱਸੀ ਹੋਈ ਸਿਖਿਆ ਅਨੁਸਾਰ ਕੰਮ ਕਰ ਤੇ ਕੰਨ ਨਾਲ ਅਕਾਲ ਪੁਰਖ ਦੀ ਸਿਫਤਿ ਸਾਲਾਹ ਦੀ ਬਾਣੀ ਨੂੰ ਸੁਣ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦੀ ਦਰਗਾਹ ਵਿੱਚ ਪਰਵਾਨ ਹੋ ਸਕੇਗਾ।

ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥ ਨਿਰਮਲ ਰਸਨਾ ਅੰਮ੍ਰਿਤੁ ਪੀਉ॥ ਸਦਾ ਸੁਹੇਲਾ ਕਰਿ ਲੇਹਿ ਜੀਉ॥ ਨੈਨਹੁ ਪੇਖੁ ਠਾਕੁਰ ਕਾ ਰੰਗੁ॥ ਸਾਧਸੰਗਿ ਬਿਨਸੈ ਸਭ ਸੰਗੁ॥ ਚਰਨ ਚਲਉ ਮਾਰਗਿ ਗੋਬਿੰਦ॥ ਮਿਟਹਿ ਪਾਪ ਜਪੀਐ ਹਰਿ ਬਿੰਦ॥ ਕਰ ਹਰਿ ਕਰਮ ਸ੍ਰਵਨਿ ਹਰਿ ਕਥਾ॥ ਹਰਿ ਦਰਗਹ ਨਾਨਕ ਊਜਲ ਮਥਾ॥ ੨॥ (੨੮੧)

ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਮਨ ਵਿੱਚ ਵਸਾਣ ਨਾਲ ਮਨ ਦੇ ਭਰਮ ਤੇ ਭਟਕਣਾ ਦੂਰ ਹੋ ਸਕਦੀ ਹੈ। ਗੁਰੂ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਵਿਚਾਰ ਕੇ ਸਦਾ ਟਿਕੇ ਰਹਿਣ ਨਾਲ ਆਤਮਕ ਆਨੰਦ ਮਾਣ ਸਕਦੇ ਹਾਂ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਣ ਨਾਲ ਤ੍ਰਿਸ਼ਨਾ ਦੀ ਅੱਗ ਮਿਟ ਜਾਂਦੀ ਹੈ ਤੇ ਮਨ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ ਹੀ ਅਕਾਲ ਪੁਰਖੁ ਦਾ ਨਾਮੁ ਮਿਲ ਸਕਦਾ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਕਦਰ ਬਾਰੇ ਸਮਝ ਆ ਸਕਦੀ ਹੈ। ਇਸ ਲਈ ਹੇ ਮੇਰੇ ਮਨ! ਗੁਰਬਾਣੀ ਦੁਆਰਾ ਅਕਾਲ ਪੁਰਖੁ ਬਾਰੇ ਅਸਲੀਅਤ ਤੇ ਉਸ ਦੀ ਜਾਣ ਪਛਾਣ ਬਾਰੇ ਗਿਆਨ ਦੀਆਂ ਗੱਲ ਸੁਣ। ਸਭ ਦੀ ਲੋੜ ਅਨੁਸਾਰ ਪਦਾਰਥ ਦੇਣ ਵਾਲੇ ਅਕਾਲ ਪੁਰਖੁ ਦੀ ਸਮਰੱਥਾ ਇਤਨੀ ਹੈ ਕਿ ਉਹ ਹਰੇਕ ਤਰ੍ਹਾਂ ਦਾ ਢੰਗ ਜਾਣਦਾ ਹੈ। ਅਕਾਲ ਪੁਰਖੁ ਦਾ ਨਾਮੁ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਜੋ ਕਿ ਗੁਰੂ ਦੀ ਸਰਨ ਪਿਆਂ ਹੀ ਮਿਲ ਸਕਦਾ ਹੈ।

ਸੁਣਿ ਮਨ ਮੇਰੇ ਤਤੁ ਗਿਆਨੁ॥ ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ॥ ੧॥ ਰਹਾਉ॥ (੪੨੩)

ਜੇ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹੇ ਤਾਂ ਉਤਨਾ ਚਿਰ ਮਨੁੱਖ ਜੋ ਕੁੱਝ ਵੀ ਕਰਦਾ ਹੈ, ਸਭ ਕੁੱਝ ਵਿਕਾਰਾਂ ਵਾਲਾ ਕੰਮ ਹੀ ਕਰਦਾ ਹੈ। ਸਰੀਰ ਨੂੰ ਤੀਰਥਾਂ ਤੇ ਜਾ ਕੇ ਬਾਹਰੋਂ ਇਸ਼ਨਾਨ ਕਰਾਣ ਨਾਲ ਸਰੀਰ ਬਾਹਰੋਂ ਤਾਂ ਸਾਫ ਹੋ ਸਕਦਾ ਹੈ, ਪਰੰਤੂ ਮਨ ਪਵਿਤਰ ਨਹੀਂ ਹੋ ਸਕਦਾ। ਸੰਸਾਰ ਦੇ ਬਹੁਤ ਸਾਰੇ ਲੋਕ ਅਜੇਹੇ ਭਰਮ ਭੁਲੇਖਿਆਂ ਵਿੱਚ ਪੈ ਕੇ ਕੁਰਾਹੇ ਪਏ ਹੋਏ ਹਨ, ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਮਨ ਪਵਿਤਰ ਹੋ ਜਾਂਦਾ ਹੈ। ਕੋਈ ਵਿਰਲਾ ਮਨੁੱਖ ਹੀ ਇਸ ਸੱਚਾਈ ਨੂੰ ਸਮਝਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਉਸ ਦਾ ਮਨ ਪਵਿਤਰ ਹੋ ਜਾਂਦਾ ਹੈ। ਇਸ ਲਈ ਹੇ ਮੇਰੇ ਮਨ! ਤੂੰ ਵਿਕਾਰਾਂ ਤੋਂ ਬਚਣ ਲਈ ਸਿਰਫ਼ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ। ਅਕਾਲ ਪੁਰਖੁ ਦਾ ਇਹ ਨਾਮੁ ਰੂਪੀ ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ।

ਵਡਹੰਸੁ ਮਹਲਾ ੩ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ ੧॥ ਜਪਿ ਮਨ ਮੇਰੇ ਤੂ ਏਕੋ ਨਾਮੁ॥ ਸਤਿਗੁਰ ਦੀਆ ਮੋ ਕਉ ਏਹੁ ਨਿਧਾਨੁ॥ ੧॥ ਰਹਾਉ॥ (੫੫੮)

ਆਤਮਕ ਜੀਵਨ ਦੇ ਰਸਤੇ ਵਿੱਚ ਮਾਇਆ ਦਾ ਮੋਹ ਮਾਨੋ ਇੱਕ ਘੁੱਪ ਹਨੇਰੇ ਦੀ ਤਰ੍ਹਾਂ ਹੈ, ਗੁਰੂ ਦੀ ਸਰਨ ਵਿੱਚ ਪੈਣ ਤੋਂ ਬਿਨਾ ਇਸ ਮਾਇਆ ਦੇ ਹਨੇਰੇ ਵਿਚੋਂ ਬਾਹਰ ਨਿਕਲਣ ਲਈ ਆਤਮਕ ਜੀਵਨ ਲਈ ਗਿਆਨ ਨਹੀਂ ਮਿਲ ਸਕਦਾ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ, ਨਹੀਂ ਤਾਂ ਜਿਆਦਾ ਤਰ ਲੋਕ ਮਾਇਆ ਦੇ ਮੋਹ ਵਿੱਚ ਫਸ ਕੇ ਖ਼ੁਆਰ ਹੁੰਦੇ ਰਹਿੰਦੇ ਹਨ। ਗੁਰੂ ਦਾ ਸ਼ਬਦ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ, ਤੇ ਉਸ ਨੂੰ ਅਕਾਲ ਪੁਰਖੁ ਦੇ ਚਰਨਾਂ ਵਿੱਚ ਜੋੜ ਸਕਦਾ ਹੈ। ਇਸ ਲਈ ਹੇ ਮੇਰੇ ਮਨ! ਗੁਰੂ ਦੀ ਮਤਿ ਅਨੁਸਾਰ ਜੀਵਨ ਦੇ ਰਸਤੇ ਤੇ ਚੱਲ। ਜੇ ਤੂੰ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹੇਗਾ ਤਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਪਾਣ ਦਾ ਰਸਤਾ ਵੀ ਲੱਭ ਲਏਂਗਾ।

ਵਡਹੰਸੁ ਮਹਲਾ ੩॥ ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ॥ ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ॥ ੧॥ ਮਨ ਮੇਰੇ ਗੁਰਮਤਿ ਕਰਣੀ ਸਾਰੁ॥ ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ॥ ੧॥ ਰਹਾਉ॥ (੫੫੯)

ਹਉਮੈ ਦਾ ਅਕਾਲ ਪੁਰਖੁ ਦੇ ਨਾਮੁ ਨਾਲ ਵੈਰ ਵਿਰੋਧ ਹੈ, ਇਹ ਦੋਵੇਂ ਇਕੱਠੇ ਹਿਰਦੇ ਵਿੱਚ ਨਹੀਂ ਰਹਿ ਸਕਦੇ। ਹਉਮੈ ਵਿੱਚ ਟਿਕੇ ਰਹਿਣ ਨਾਲ ਅਕਾਲ ਪੁਰਖੁ ਦੀ ਸੇਵਾ ਭਗਤੀ ਨਹੀਂ ਹੋ ਸਕਦੀ। ਜਦੋਂ ਮਨੁੱਖ ਹਉਮੈ ਵਿੱਚ ਟਿਕਿਆ ਰਹਿੰਦਾ ਹੈ ਤਾਂ ਅਕਸਰ ਦੂਸਰੇ ਦੀ ਚੰਗੀ ਗੱਲ ਜਾਂ ਸਿਖਿਆ ਘਟ ਹੀ ਸੁਣਦਾ ਹੈ, ਤੇ ਆਪਣੇ ਆਪ ਨੂੰ ਹੀ ਜਿਆਦਾ ਤਰ ਠੀਕ ਸਮਝਦਾ ਹੈ। ਅਜੇਹੇ ਲੋਕ ਗੁਰਬਾਣੀ ਵਿੱਚ ਗੁਰੂ ਸਾਹਿਬ ਦੀਆਂ ਦਿੱਤੀਆਂ ਗਈਆਂ ਸਿਖਿਆਵਾਂ ਵਲ ਵੀ ਧਿਆਨ ਨਹੀਂ ਦਿੰਦੇ ਤੇ ਆਪਣੀਆਂ ਰਵਾਇਤਾਂ ਜਾਂ ਹੰਕਾਰ ਵਿੱਚ ਹੀ ਮਸਤ ਰਹਿੰਦੇ ਹਨ। ਅਜੇਹੇ ਮਨੁੱਖਾਂ ਦੇ ਮਨ ਅੰਦਰ ਗੁਰੂ ਦੀ ਮਤ ਨਹੀਂ ਜਾ ਸਕਦੀ, ਜਿਸ ਕਰਕੇ ਉਹ ਗਿਆਨ ਹੀਣ ਹੀ ਰਹਿੰਦੇ ਹਨ। ਹਉਮੈ ਦੇ ਘੁੱਪ ਹਨੇਰੇ ਵਿੱਚ ਅਕਾਲ ਪੁਰਖੁ ਦੀ ਭਗਤੀ ਨਹੀਂ ਹੋ ਸਕਦੀ, ਤੇ ਨਾ ਹੀ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ। ਪਰ ਜੇ ਗੁਰੂ ਮਿਲ ਪਏ ਭਾਵ ਗੁਰਬਾਣੀ ਲਈ ਪ੍ਰੇਮ ਤੇ ਸਤਿਕਾਰ ਪੈਦਾ ਹੋ ਜਾਵੇ ਤਾਂ ਮਨੁੱਖ ਦੇ ਮਨ ਅੰਦਰੋਂ ਹਉਮੈ ਦੂਰ ਹੋ ਸਕਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਵਿੱਚ ਵੱਸ ਸਕਦਾ ਹੈ। ਇਸ ਲਈ ਹੇ ਮੇਰੇ ਮਨ! ਤੂੰ ਆਪਣੇ ਅੰਦਰ ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਉਪਰਾਲਾ ਕਰਦਾ ਰਹਿ। ਜੇਕਰ ਤੂੰ ਗੁਰੂ ਦਾ ਹੁਕਮ ਮੰਨੇਂਗਾ, ਤਾਂ ਤੈਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਵੇਗਾ, ਤੇ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗਾ।

ਵਡਹੰਸੁ ਮਹਲਾ ੩॥ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥ ੧॥ ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ॥ ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ॥ ਰਹਾਉ॥ (੫੬੦)

ਜਿਹੜੇ ਮਨੁੱਖ ਗੁਰੂ ਦੀ ਸਰਨ ਵਿੱਚ ਪੈ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਆਪਣੇ ਹਿਰਦੇ ਵਿੱਚ ਵਸਾ ਲੈਦੇ ਹਨ, ਉਨ੍ਹਾਂ ਦੇ ਮਨ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਧੁੰਨ ਸਦਾ ਚੱਲਦੀ ਰਹਿੰਦੀ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲੇ ਗੁਰੂ ਦੇ ਸ਼ਬਦ ਦੀ ਵੀਚਾਰ ਅਜੇਹੇ ਮਨੁੱਖ ਦੇ ਜੀਵਨ ਦਾ ਧੁਰਾ ਬਣ ਜਾਂਦੀ ਹੈ, ਜਿਸ ਸਦਕਾ ਉਹ ਮਨੱਖ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹਾਂ। ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਕਿ ਸਦਾ ਦਿਨ ਰਾਤ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ। ਇਸ ਲਈ ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਤੋਂ ਸਦਕੇ ਜਾਇਆ ਕਰ। ਪਰ ਇਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਤੂੰ ਤਾਂ ਹੀ ਹਾਸਲ ਕਰ ਸਕੇਂਗਾ, ਜੇਕਰ ਤੂੰ ਅਕਾਲ ਪੁਰਖੁ ਦੇ ਸੇਵਕਾਂ ਦਾ ਵੀ ਸੇਵਕ ਬਣਿਆ ਰਹੇਂਗਾ।

ਵਡਹੰਸੁ ਮਹਲਾ ੩ ਅਸਟਪਦੀਆ॥ ੴ ਸਤਿਗੁਰ ਪ੍ਰਸਾਦਿ॥ ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ॥ ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ॥ ੧॥ ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ॥ ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ॥ ੧॥ ਰਹਾਉ॥ (੫੬੪, ੫੬੫)

ਜਦੋਂ ਕੋਈ ਮਨੁੱਖ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ, ਤਾਂ ਉਹ ਮਨੁੱਖ ਅਕਾਲ ਪੁਰਖੁ ਦੀ ਮੇਹਰ ਸਦਕਾ ਸਿਫ਼ਤਿ ਸਾਲਾਹ ਕਰਨ ਦਾ ਫਲ ਪ੍ਰਾਪਤ ਕਰਦਾ ਰਹਿੰਦਾ ਹੈ। ਜਿਸ ਮਨੁੱਖ ਦੇ ਮਨ ਅੰਦਰ ਸਤਿਗੁਰੂ ਦੀ ਸਿਫ਼ਤਿ ਸਾਲਾਹ ਕਰਨ ਵਾਲੀ ਸਿੱਖਿਆ ਦੀ ਜੋਤਿ ਜਗ ਜਾਂਦੀ ਹੈ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਉਹ ਮਨੁੱਖ ਮਾਇਆ ਪਿਛੇ ਭਟਕਣਾ ਤਿਆਗ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਅਨੁਸਾਰ ਚਲ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਖ਼ਜ਼ਾਨਾ ਲੱਭ ਲਿਆ, ਉਹ ਮਨੁੱਖ ਉਸ ਨਾਮੁ ਰੂਪੀ ਖ਼ਜ਼ਾਨੇ ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਵਿੱਚ ਟਿਕਿਆ ਰਹਿੰਦਾ ਹੈ।

ਮਨ ਮੇਰੇ ਗੁਰ ਬਚਨੀ ਨਿਧਿ ਪਾਈ॥ ਤਾ ਤੇ ਸਚ ਮਹਿ ਰਹਿਆ ਸਮਾਈ॥ ਰਹਾਉ॥ (੫੯੯)

ਇਸ ਸਰੀਰ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਚੋਰ ਵੱਸਦੇ ਹਨ, ਜਿਹੜੇ ਮਨੁੱਖ ਦੇ ਅੰਦਰੋਂ ਆਤਮਕ ਜੀਵਨ ਦੇਣ ਵਾਲਾ ਨਾਮੁ ਧਨ ਲੁੱਟਦੇ ਰਹਿੰਦੇ ਹਨ, ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਸਿਖਿਆ ਵੱਲ ਧਿਆਨ ਨਹੀਂ ਦਿੰਦੇ, ਤੇ ਸਭ ਕੁੱਝ ਲੁਟਾ ਕੇ ਦੁਖੀ ਹੁੰਦੇ ਰਹਿੰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਤੇ ਅਕਾਲ ਪੁਰਖੁ ਦੀ ਮੇਹਰ ਸਦਕਾ ਸੁਖੀ ਰਹਿੰਦਾ ਹੈ। ਇਸ ਲਈ ਹੇ ਮੇਰੇ ਮਨ ਹਮੇਸ਼ਾਂ ਧਿਆਨ ਵਿੱਚ ਰੱਖ ਕਿ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਨਾਲ ਹੀ ਅਕਾਲ ਪੁਰਖੁ ਮਿਲ ਸਕਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਹੈ ਤੇ ਭਟਕ ਰਿਹਾ ਹੈ, ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਦਰਗਾਹ ਵਿੱਚ ਸਜਾ ਮਿਲਦੀ ਰਹਿੰਦੀ ਹੈ।

ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ॥ ਰਹਾਉ॥ (੬੦੦)

ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਨਾਲ ਇਹੋ ਜਿਹਾ ਪਿਆਰ ਬਣਾ ਕਿ ਗੁਰਬਾਣੀ ਦੁਆਰਾ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹੇ, ਤਾਂ ਜੋ ਅਕਾਲ ਪੁਰਖੁ ਨੂੰ ਅੱਠੇ ਪਹਿਰ ਭਾਵ ਹਰ ਵੇਲੇ ਆਪਣੇ ਨੇੜੇ ਵੱਸਦਾ ਸਮਝ ਸਕੇਂ।

ਐਸੀ ਪ੍ਰੀਤਿ ਕਰਹੁ ਮਨ ਮੇਰੇ॥ ਆਠ ਪਹਰ ਪ੍ਰਭ ਜਾਨਹੁ ਨੇਰੇ॥ ੧॥ ਰਹਾਉ॥ (੮੦੭)

ਅਕਾਲ ਪੁਰਖੁ ਆਪ ਸਭ ਨੂੰ ਆਸਰਾ ਦੇਣ ਵਾਲਾ ਹੈ, ਇਸ ਲਈ ਕਿਸੇ ਹੋਰ ਮਨੁੱਖ ਦਾ ਓਟ ਤੇ ਆਸਰਾ ਰੱਖਣਾ ਵਿਅਰਥ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖਦਾ ਹੈ, ਗੁਰੂ ਉਸ ਨੂੰ ਆਨੰਦ ਦੇਣ ਵਾਲੇ ਅਕਾਲ ਪੁਰਖੁ ਦੇ ਦਰਸ਼ਨ ਕਰਾ ਦਿੰਦਾ ਹੈ। ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ ਅੰਤ ਨੂੰ ਅਕਾਲ ਪੁਰਖੁ ਹੀ ਰੱਖਿਆ ਕਰ ਸਕਣ ਵਾਲਾ ਹੈ। ਪਰੰਤੂ ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਤੇ ਆਪਣੇ ਅੰਦਰੋਂ ਹੰਕਾਰ ਦੂਰ ਕਰ ਕੇ ਹੀ ਅਕਾਲ ਪੁਰਖੁ ਨੂੰ ਮਿਲਿਆ ਜਾ ਸਕਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਿਹਾ ਕਰ। ਤੇਰਾ ਇਹ ਮਨੁੱਖਾ ਜਨਮ ਸਫਲ ਕਰਨ ਦਾ ਕਾਰਜ ਇੱਕ ਦਿਨ ਜ਼ਰੂਰ ਪੂਰਾ ਹੋ ਜਾਵੇਗਾ।

ਏਕੋ ਨਾਮੁ ਧਿਆਇ ਮਨ ਮੇਰੇ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ॥ ੧॥ ਰਹਾਉ॥ (੮੯੬)

ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ। ਗੁਰੂ ਅਕਾਲ ਪੁਰਖੁ ਦੇ ਨਾਮੁ ਦੀ ਦਾਤ ਦੇਣ ਵਾਲਾ ਹੈ, ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲੈ ਲਿਆ, ਉਹ ਸਦਾ ਆਨੰਦ ਮਾਣਦਾ ਰਹਿੰਦਾ ਹੈ। ਇਸ ਲਈ ਹੇ ਮੇਰੇ ਮਨ! ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਜੀਵਨ ਦਾ ਆਸਰਾ ਬਣਾ, ਕਿਉਂਕਿ ਅਕਾਲ ਪੁਰਖੁ ਹਰੇਕ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।

ਮਨ ਮੇਰੇ ਰਾਮ ਨਾਮੁ ਆਧਾਰੁ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ॥ ੧॥ ਰਹਾਉ॥ (੧੧੩੨)

ਗੁਰੂ ਦੇ ਸ਼ਬਦ ਦੁਆਰਾ ਇਹ ਪਤਾ ਲਗਦਾ ਹੈ, ਕਿ ਅਕਾਲ ਪੁਰਖੁ ਬੜੇ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖਜ਼ਾਨਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਤੇ ਵਿਕਾਰਾਂ ਤੋਂ ਖਲਾਸੀ ਪਾਣ ਲਈ ਰਸਤਾ ਲੱਭਦਾ ਹੈ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਕਰਕੇ ਭਟਕਦੇ ਰਹਿੰਦੇ ਹਨ, ਤੇ ਕੁਰਾਹੇ ਪਏ ਰਹਿੰਦੇ ਹਨ, ਉਨ੍ਹਾਂ ਨੂੰ ਆਤਮਕ ਜੀਵਨ ਬਾਰੇ ਸਹੀ ਵਿਚਾਰ ਨਹੀਂ ਸੁੱਝਦੀ। ਇਸ ਲਈ ਹੇ ਮੇਰੇ ਮਨ! ਹਮੇਸ਼ਾਂ ਧਿਆਨ ਵਿੱਚ ਰੱਖ ਕਿ ਜਿਸ ਮਨੁੱਖ ਉੱਤੇ ਅਕਾਲ ਪੁਰਖੁ ਆਪਣੀ ਮਿਹਰ ਦੀ ਨਦਰ ਕਰਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦੀ ਕਦੇ ਨਾ ਮੁੱਕ ਸਕਣ ਵਾਲੀ ਸਿਫ਼ਤਿ ਸਾਲਾਹ ਦੀ ਦਾਤ ਤੇ ਅਕਥ ਕਹਾਣੀਆਂ ਬਾਰੇ ਗਿਆਨ ਹਾਸਲ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਗੁਰਮੁਖਿ ਹੀ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਕਦਰ ਸਮਝਦੇ ਹਨ।

ਸਾਰਗ ਮਹਲਾ ੩॥ ਮਨ ਮੇਰੇ ਹਰਿ ਕੀ ਅਕਥ ਕਹਾਣੀ॥ ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ॥ ੧॥ ਰਹਾਉ॥ (੧੨੩੪, ੧੨੩੫)

ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਿਆ, ਉਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮੁਕਾ ਕੇ ਅਕਾਲ ਪੁਰਖੁ ਦੇ ਨਾਮੁ ਨੂੰ ਸਦਾ ਲਈ ਆਪਣੇ ਮਨ ਵਿੱਚ ਵਸਾ ਲਿਆ। ਉਹੀ ਮਨੁੱਖ ਜੀਵਨ ਦੇ ਸਹੀ ਰਸਤੇ ਨੂੰ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸੂਝ ਬਖ਼ਸ਼ਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ। ਅਜੇਹਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਤੇ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਜੋੜੀ ਰੱਖਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਇੱਕ ਇੱਕ ਖਿਨ, ਭਾਵ ਸਦਾ ਯਾਦ ਕਰਦਾ ਰਿਹਾ ਕਰ। ਇਸ ਤਰ੍ਹਾਂ ਕਰਨ ਨਾਲ ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਕਾਇਮ ਰਹੇਗਾ ਤੇ ਅਕਾਲ ਪੁਰਖੁ ਦੇ ਨਾਮੁ ਦਾ ਸਾਥ ਤੇਰੇ ਨਾਲ ਸਦਾ ਬਣਿਆ ਰਹੇਗਾ।

ਮਨ ਮੇਰੇ ਖਿਨੁ ਖਿਨੁ ਨਾਮੁ ਸਮਾੑਲਿ॥ ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ॥ ੧॥ ਰਹਾਉ॥ (੧੨੫੯)

ਅਕਾਲ ਪੁਰਖੁ ਹਰੇਕ ਸਰੀਰ ਵਿੱਚ ਸਮਾਇਆ ਹੋਇਆ ਹੈ, ਇਹ ਜਿੰਦ, ਸਰੀਰ, ਪ੍ਰਾਣ ਤੇ ਸਾਰੇ ਅੰਗ ਉਸ ਦੇ ਹੀ ਦਿੱਤੇ ਹੋਏ ਹਨ। ਜਿਨ੍ਹਾਂ ਮਨੁੱਖਾਂ ਦੀ ਲਗਨ ਇੱਕ ਅਕਾਲ ਪੁਰਖੁ ਨਾਲ ਲੱਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿੱਚ ਹੀ ਲੀਨ ਰਹਿੰਦੇ ਹਨ। ਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ ਗੁਰੂ ਆਤਮਕ ਜੀਵਨ ਦੀ ਸੂਝ ਬਖਸ਼ਦਾ ਹੈ, ਫਿਰ ਉਹ ਮਨੁੱਖ ਜਿਧਰ ਵੀ ਵੇਖਦਾ ਹਾਂ, ਉਸ ਨੂੰ ਉਧਰ ਹੀ ਸਭ ਵਿੱਚ ਇੱਕ ਅਕਾਲ ਪੁਰਖੁ ਵੱਸਦਾ ਵਿਖਾਈ ਦਿੰਦਾ ਹੈ। ਇਸ ਲਈ ਹੇ ਮੇਰੇ ਮਨ! ਸਦਾ ਅਕਾਲ ਪੁਰਖੁ ਦੇ ਨਾਮੁ ਵਿੱਚ ਲਗਨ ਲਗਾਈ ਰੱਖ। ਅਕਾਲ ਪੁਰਖੁ ਇਨ੍ਹਾਂ ਅੱਖਾਂ ਨਾਲ ਵਿਖਾਈ ਨਹੀਂ ਦਿੰਦਾ, ਉਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੀ ਬੇਅੰਤ ਹੈ, ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਇਸ ਲਈ ਉਸ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਸਦਾ ਧਿਆਉਂਦੇ ਰਹਿਣਾ ਚਾਹੀਦਾ ਹੈ।

ਮਨ ਮੇਰੇ ਨਾਮਿ ਰਹਉ ਲਿਵ ਲਾਈ॥ ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ॥ ੧॥ ਰਹਾਉ॥ (੧੨੬੦)

ਸਭ ਵਿੱਚ ਵੱਸਣ ਵਾਲੇ ਤੇ ਨਾ ਵਿਖਾਈ ਦੇਣ ਵਾਲੇ ਅਕਾਲ ਪੁਰਖੁ ਨਾਲ ਸਿਰਫ ਗੁਰੂ ਦੁਆਰਾ ਹੀ ਸਬੰਧ ਬਣਾਇਆ ਜਾ ਸਕਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਗੁਰੂ ਅਕਾਲ ਪੁਰਖੁ ਦਾ ਰੂਪ ਹੈ, ਜੰਮਣ ਮਰਨ ਦੇ ਗੇੜ, ਤੇ ਦੁਖਾਂ ਤੋਂ ਬਚਾਣ ਵਾਲਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਨੂੰ ਵਾਰ ਵਾਰ ਨਹੀਂ ਚੱਖਦਾ। ਗੁਰੂ ਦੀ ਸਰਨ ਵਿੱਚ ਪਏ ਰਹਿਣ ਨਾਲ ਬਹੁਤ ਸਾਰੇ ਖ਼ਜ਼ਾਨੇ ਮਿਲ ਸਕਦੇ ਹਨ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਦਰਗਾਹ ਵਿੱਚ ਆਦਰ ਮਿਲ ਸਕਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਸ ਦੇ ਭਰਮ, ਡਰ, ਹਰੇਕ ਤਰ੍ਹਾਂ ਦਾ ਦੁਖ ਦਰਦ, ਸਭ ਦੂਰ ਹੋ ਜਾਂਦੇ ਹਨ। ਇਸ ਲਈ ਹੇ ਮੇਰੇ ਮਨ! ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਿਆ ਕਰ। ਗੁਰੂ ਦੀ ਸਰਨ ਵਿੱਚ ਪੈ ਕੇ ਦਿਨ ਰਾਤ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ, ਕਿਉਂਕਿ ਇਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜਿਹੜਾ ਮਨੁੱਖ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਉਹ ਮਨ ਚਾਹੇ ਫਲ ਪ੍ਰਾਪਤ ਕਰ ਲੈਂਦਾ ਹੈ।

ਮਲਾਰ ਮਹਲਾ ੫॥ ਗੁਰ ਸਰਣਾਈ ਸਗਲ ਨਿਧਾਨ॥ ਸਾਚੀ ਦਰਗਹਿ ਪਾਈਐ ਮਾਨੁ॥ ਭ੍ਰਮ ਭਉ ਦੂਖੁ ਦਰਦੁ ਸਭੁ ਜਾਇ॥ ਸਾਧਸੰਗਿ ਸਦ ਹਰਿ ਗੁਣ ਗਾਇ॥ ਮਨ ਮੇਰੇ ਗੁਰੁ ਪੂਰਾ ਸਾਲਾਹਿ॥ ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ॥ ੧॥ ਰਹਾਉ॥ (੧੨੭੧)

ਆਪਣੇ ਮੂਰਖ ਮਨ ਨੂੰ ਸਮਝਾਣਾ ਹੈ ਕਿ ਇਸ ਜਗਤ ਵਿੱਚ ਜਨਮ ਮਰਨ ਦਾ ਸਿਲਸਲਾ ਚਲਦਾ ਰਹਿਣਾਂ ਹੈ, ਇਸ ਲਈ ਅਕਾਲ ਪੁਰਖੁ ਅਗੇ ਇਹੀ ਬੇਨਤੀ ਕਰਨੀ ਹੈ ਕਿ ਮੈਨੂੰ ਗੁਰੂ ਨਾਲ ਮਿਲਾ ਦਿਉ ਤਾਂ ਜੋ ਮੈਂ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿ ਸਕਾ। ਇਹ ਨਾਮੁ ਅਕਾਲ ਪੁਰਖੁ ਦੀ ਆਪਣੀ ਮਲਕੀਅਤ ਹੈ, ਉਹੀ ਜਾਣਦਾ ਹੈ ਕਿ ਇਹ ਵਸਤੂ ਕਿਸ ਨੂੰ ਦੇਣੀ ਹੈ। ਜਿਸ ਜੀਵ ਨੂੰ ਅਕਾਲ ਪੁਰਖੁ ਇਹ ਦਾਤ ਦਿੰਦਾ ਹੈ, ਉਹੀ ਇਸ ਨੂੰ ਲੈ ਸਕਦਾ ਹੈ। ਇਹ ਨਾਮੁ ਅਕਾਲ ਪੁਰਖੁ ਦੀ ਐਸੀ ਸੁੰਦਰ ਵਸਤੂ ਹੈ, ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਵਸਤੂ ਨਹੀਂ। ਕਿਸੇ ਤਰ੍ਹਾਂ ਦੀ ਵੀ ਚਤੁਰਾਈ, ਸਿਆਣਪ ਜਾਂ ਮਨੁੱਖ ਦੀਆਂ ਗਿਆਨ ਇੰਦ੍ਰਿਆਂ ਦੁਆਰਾ ਇਸ ਤਕ ਪਹੁੰਚ ਨਹੀਂ ਹੋ ਸਕਦੀ। ਸਿਰਫ ਪੂਰਾ ਗੁਰੂ ਹੀ ਅਦ੍ਰਿਸ਼ਟ ਅਕਾਲ ਪੁਰਖੁ ਦਾ ਦੀਦਾਰ ਕਰਾ ਸਕਦਾ ਹੈ। ਜਿਹੜਾ ਮਨੁੱਖ ਇਸ ਨਾਮੁ ਰੂਪੀ ਵਸਤੂ ਨੂੰ ਚੱਖਦਾ ਹੈ, ਉਹੀ ਇਸ ਦਾ ਸੁਆਦ ਜਾਣ ਸਕਦਾ ਹੈ। ਜਿਸ ਤਰ੍ਹਾਂ ਕਿ ਇੱਕ ਗੁੰਗਾ ਮਿਠਿਆਈ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਠੀਕ ਉਸੇ ਤਰ੍ਹਾਂ ਉਹ ਮਨੁੱਖ ਵੀ ਨਾਮੁ ਦੇ ਸੁਆਦ ਬਾਰੇ ਬਿਆਨ ਨਹੀਂ ਕਰ ਸਕਦਾ। ਜੇਕਰ ਕਿਸੇ ਨੂੰ ਇਹ ਨਾਮੁ ਰੂਪੀ ਰਤਨ ਪ੍ਰਾਪਤ ਹੋ ਜਾਵੇ, ਤੇ ਉਹ ਮਨੁੱਖ ਇਸ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ, ਤਾਂ ਵੀ ਇਹ ਰਤਨ ਲੁਕਾਣ ਨਾਲ ਲੁਕਦਾ ਨਹੀਂ, ਕਿਉਂਕਿ ਉਸ ਮਨੁੱਖ ਦੇ ਆਤਮਕ ਜੀਵਨ ਤੋਂ ਇਸ ਰਤਨ ਨੂੰ ਪ੍ਰਾਪਤ ਕਰਨ ਦੇ ਲੱਛਣ ਦਿੱਸ ਪੈਂਦੇ ਹਨ। ਇਸ ਲਈ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਆਪਣੇ ਦਾਸ ਨੂੰ ਅਜੇਹੀ ਇੱਜ਼ਤ ਬਖ਼ਸ਼ੋ ਕਿ ਉਹ ਸਦਾ ਅਕਾਲ ਪੁਰਖੁ ਦੀ ਸ਼ਰਨ ਵਿੱਚ ਪਿਆ ਰਹੇ ਤੇ ਗੁਰੂ ਦੀ ਮਤਿ ਦੁਆਰਾ ਆਪਣੇ ਅੰਦਰ ਅਕਾਲ ਪੁਰਖੁ ਦਾ ਨਾਮੁ ਪਰਗਟ ਕਰਦਾ ਰਹੇ।

ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ॥ ਰਹਾਉ॥ (੬੦੭)

ਗੁਰਬਾਣੀ ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ, ਕਿ ਗੁਰ ਸਬਦ ਦੁਆਰਾ, ਸੱਚੀ ਬਾਣੀ ਦੁਆਰਾ, ਆਪਣੇ ਹਿਰਦੇ ਨਾਲ ਉਸ ਸਚੇ ਅਕਾਲ ਪੁਰਖੁ ਦੀ ਵਾਹੁ ਵਾਹੁ ਕਰਨੀ ਹੈ, ਉਸ ਦੀ ਉਸਤਤ ਕਰਨੀ ਹੈ, ਉਸ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਸ ਅਕਾਲ ਪੁਰਖੁ ਦਾ ਮਿਲਾਪ ਹੋ ਸਕੇ, ਉਸ ਦੀ ਬਖਸ਼ਸ ਮਿਲ ਸਕੇ, ਜਮਾਂ ਤੋਂ ਛੁਟਕਾਰਾ ਮਿਲ ਸਕੇ, ਉਸ ਦੇ ਦਰ ਤੇ ਸੋਭਾ ਮਿਲ ਸਕੇ, ਤੇ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਵਾਹੁ ਵਾਹੁ ਸਬਦ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਵਾਰੀ ਆਇਆ ਹੈ। ਕੁੱਝ ਕੁ ਸਬਦ ਉਦਾਹਰਣ ਲਈ ਸਾਂਝੇ ਕੀਤੇ ਗਏ ਹਨ।

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ॥ ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ॥ ੧॥ (੩੧੨, ੩੧੩)

ਸਲੋਕੁ ਮਃ ੩॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ॥ ੧॥

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ॥ ੨॥ (੫੧੪)

ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ॥ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ॥ ੨॥ (੫੧੪)

ਸਲੋਕੁ ਮਃ ੩॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ॥ ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ॥ ੧॥ (੫੧੫)

ਮਃ ੩॥ ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ॥ ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ॥ ੨॥ (੫੧੫)

ਗੁਰਬਾਣੀ ਵਿੱਚ ਸਿਰਫ ਅਕਾਲ ਪੁਰਖੁ ਦੇ ਹੀ ਗੁਣ ਗਾਇਨ ਕੀਤੇ ਗਏ ਹਨ। ਜਦੋਂ ਅਸੀਂ ਹਰ ਰੋਜ਼ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਇਹ ਗੁਣ ਗਾਇਨ ਕਰਾਂਗੇ ਤਾਂ ਇਹ ਗੁਣ ਆਪਣੇ ਆਪ ਸਾਡੇ ਵਿੱਚ ਵੀ ਆਉਂਣੇ ਸ਼ੁਰੂ ਹੋ ਜਾਣਗੇ। ਜਦੋਂ ਅਸੀਂ ਇਹ ਗੁਣ ਸੰਗਤੀ ਰੂਪ ਦੂਸਰਿਆਂ ਨਾਲ ਸਾਂਝੇ ਕਰਦੇ ਹਾਂ ਤਾਂ ਇਸ ਵਿੱਚ ਹੋਰ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹੀ ਇੱਕ ਤਰੀਕਾ ਹੈ, ਜਿਸ ਨਾਲ ਅਸੀਂ ਆਪਣਾ ਭਲਾ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਪੂਰੀ ਮਨੁੱਖਤਾ ਦਾ ਭਲਾ ਵੀ ਕਰ ਸਕਦੇ ਹਾਂ।

ਸਲੋਕੁ ਮਃ ੩॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ॥ ੧॥ (੫੧੫, ੫੧੬)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਜਿਆਦਾ ਤਰ ਸਬਦਾਂ ਵਿੱਚ ਇਹੀ ਸਿਖਿਆ ਦਿਤੀ ਗਈ ਹੈ ਕਿ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਸਦਾ ਧਿਆਉਂਦੇ ਰਹਿਣਾਂ ਹੈ। ਅਕਾਲ ਪੁਰਖੁ ਦੇ ਨਾਮੁ ਵਿੱਚ ਲਗਨ ਲਗਾਣ ਲਈ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈਂਣਾਂ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਸਤਿਗੁਰੂ ਦੇ ਸ਼ਬਦ ਦਾ ਉਪਦੇਸ਼ ਸੁਣਦੇ ਰਹਿਣਾ ਹੈ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਹੈ, ਸਤਿਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਅੰਕੁਰ ਹਿਰਦੇ ਵਿੱਚ ਉੱਗਾਣਾ ਹੈ, ਤਾਂ ਜੋ ਗੁਰੂ ਦੇ ਸ਼ਬਦ ਦੁਆਰਾ ਸਾਡੇ ਤੇ ਅਕਾਲ ਪੁਰਖੁ ਵਿੱਚ ਬਣੀ ਕੂੜ ਦੀ ਪਾਲ ਟੁਟ ਸਕੇ ਤੇ ਅਕਾਲ ਪੁਰਖੁ ਨਾਲ ਮਿਲਾਪ ਹੋ ਸਕੇ।

  • ਗੁਰਬਾਣੀ ਅਨੁਸਾਰ ਨਾਮੁ ਜਪਣ ਲਈ ਸਤਿਗੁਰੂ ਦੀ ਸਰਨ ਵਿੱਚ ਆ ਕੇ ਸਦਾ ਥਿਰ ਰਹਿਣ ਵਾਲੇ ਸੱਚੇ ਅਕਾਲ ਪੁਰਖ ਬਾਰੇ ਵਿਚਾਰ ਕਰਨੀ ਹੈ, ਤੇ ਉਸ ਨੂੰ ਸ਼ਬਦ ਗੁਰੂ ਦੁਆਰਾ ਸਦਾ ਯਾਦ ਕਰਦੇ ਰਹਿਣਾ ਹੈ, ਇਸ ਤਰ੍ਹਾਂ ਕਰਨ ਨਾਲ ਸਾਰੇ ਪਾਪ ਕੱਟੇ ਜਾ ਸਕਦੇ ਹਨ
  • ਆਪਣੀਆਂ ਅੱਖ ਵਿਚ, ਆਪਣੇ ਬੋਲਾਂ ਵਿਚ, ਕੇਵਲ ਗੁਰੂ ਨੂੰ ਵਸਾਓ, ਕਿਉਂਕਿ ਗੁਰੂ ਸਦਾ ਲਈ ਥਿਰ ਰਹਿਣ ਵਾਲਾ ਹੈ
  • ਸਬਦ ਗੁਰੂ ਦੀ ਸੇਵਾ ਕਰ ਕੇ ਤੇ ਗੁਰੂ ਦੇ ਬਚਨਾਂ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਹੀ ਪਾਰ ਉਤਰਾ ਹੋ ਸਕਦਾ ਹੈ, ਨਾਮੁ ਗੁਰੂ ਦੁਆਰਾ ਮਿਲਦਾ ਹੈ, ਇਸ ਲਈ ਹੋਰ ਸਭ ਸੁਆਦ ਛੱਡ ਦੇ ਤੇ ਹਮੇਸ਼ਾਂ ਗੁਰੂ ਨੂੰ ਹੀ ਜਪਿਆ ਕਰੋ
  • ਸਦਾ ਅਕਾਲ ਪੁਰਖੁ ਉਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ, ਅਸੀਂ ਜਿੱਥੇ ਵੀ ਜਾਈਏ, ਉਹ ਮਾਲਕ ਅਕਾਲ ਪੁਰਖੁ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਤੇ, ਉਹ ਅਕਾਲ ਪੁਰਖੁ ਆਪਣੇ ਸੇਵਕਾਂ ਦੀ ਇੱਜ਼ਤ ਆਪ ਰੱਖਦਾ ਹੈ
  • ਜਗਤ ਵਿੱਚ ਅਜੇਹੇ ਬੰਦੇ ਵਿਰਲੇ ਹੀ ਹਨ, ਜਿਹੜੇ ਸਤਿਗੁਰੂ ਦੀ ਸਰਨ ਲੈਂਦੇ ਹਨ, ਤੇ ਹਉਮੈ ਨੂੰ ਮਾਰ ਕੇ ਆਪਣੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਨੂੰ ਟਿਕਾ ਲੈਂਦੇ ਹਨ; ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਵਿੱਚ ਆ ਕੇ ਅਕਾਲ ਪੁਰਖੁ ਦੇ ਨਾਮੁ ਦਾ ਰਸ ਚਖ ਲਿਆ, ਉਹ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ
  • ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮੱਥੇ ਉੱਤੇ ਧੁਰੋਂ ਅਕਾਲ ਪੁਰਖੁ ਦੀ ਹਜ਼ੂਰੀ ਵਿਚੋਂ ਸਿਮਰਨ ਦਾ ਲੇਖ ਲਿਖਿਆ ਮਿਲ ਜਾਂਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਦੀ ਯਾਦ ਵਿੱਚ ਆਪਣੀ ਸੁਰਤਿ ਜੋੜੀ ਰੱਖਦੇ ਹਨ
  • ਗੁਰੂ ਦੀ ਕਿਰਪਾ ਨਾਲ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਤੇ ਇਸ ਜ਼ਹਿਰ ਦੀ ਤਰ੍ਹਾਂ ਭਰੇ ਹੋਏ ਸੰਸਾਰ ਰੂਪੀ ਸਮੁੰਦਰ ਵਿਚੋਂ ਗੁਰੂ ਦੇ ਸ਼ਬਦ ਦੁਆਰਾ ਹੀ ਤਰ ਕੇ ਪਾਰ ਹੋ ਸਕਦੇ ਹਾਂ
  • ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿਣਾ ਹੈ, ਤੇ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਹੈ, ਇਸ ਤਰ੍ਹਾਂ ਕਰਨ ਨਾਲ ਆਪਣੇ ਆਤਮਕ ਜੀਵਨ ਦੀ ਫ਼ਸਲ ਨੂੰ ਵਿਕਾਰਾਂ ਤੋਂ ਬਚਾ ਸਕਦੇ ਹਾਂ, ਨਹੀਂ ਤਾਂ ਜਦੋਂ ਅੰਤ ਸਮੇਂ ਨੂੰ ਜਦੋਂ ਬਿਰਧ ਅਵਸਥਾ ਆ ਜਾਵੇਗੀ, ਤੇ ਫਿਰ ਆਪਣੇ ਆਪ ਦਾ ਬਚਾਅ ਨਹੀਂ ਕਰ ਸਕਾਂਗੇ
  • ਸਤਿਗੁਰੂ ਦੀ ਰਜ਼ਾ ਵਿੱਚ ਤੁਰਨ ਸਦਕਾ ਮਨੁੱਖ ਆਪਣੇ ਅੰਤਰ ਆਤਮੇ ਵਿੱਚ ਟਿਕਿਆ ਰਹਿ ਸਕਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤੁ ਪੀ ਕੇ ਸੁਖਾਂ ਦਾ ਟਿਕਾਣਾ ਲੱਭ ਸਕਦਾ ਹੈ
  • ਆਪਣੇ ਮਨ ਨੂੰ ਸਮਝਾਣਾ ਹੈ ਕਿ ਗੁਰੂ ਦੇ ਹੁਕਮੁ ਵਿੱਚ ਤੁਰ, ਜਿਹੜਾ ਮਨੁੱਖ ਗੁਰੂ ਦਾ ਹੁਕਮੁ ਮੰਨਦਾ ਹੈ, ਉਸ ਦਾ ਮਨ, ਤੇ ਸਰੀਰ ਸ਼ਾਂਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ
  • ਇਹ ਧਿਆਨ ਵਿੱਚ ਰੱਖਣਾ ਹੈ ਕਿ ਸਿਫ਼ਤਿ ਸਾਲਾਹ ਦੀ ਦਾਤਿ ਸਿਰਫ ਗੁਰੂ ਪਾਸੋਂ ਹੀ ਮਿਲਦੀ ਹੈ, ਸੋ ਤੂੰ ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ
  • ਅੱਠੇ ਪਹਰ ਅਕਾਲ ਪੁਰਖੁ ਦਾ ਨਾਮੁ, ਆਪਣੇ ਚਿਤ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ
  • ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ, ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ ਇੱਕ ਅਕਾਲ ਪੁਰਖੁ ਦੇ ਚਰਨਾਂ ਦੀ ਲਗਨ ਆਪਣੇ ਹਿਰਦੇ ਅੰਦਰ ਲਗਾਈ ਰੱਖ
  • ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਤੇ ਉਹ ਅਕਾਲ ਪੁਰਖੁ ਦੀ ਦਰਗਾਹ ਵਿੱਚ ਇੱਜ਼ਤ ਨਾਲ ਜਾਂਦਾ ਹੈ
  • ਸਬਦ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਧਿਆਨ ਨਾਲ ਸੰਭਾਲ ਕੇ ਰੱਖ, ਤੇ ਅਕਾਲ ਪੁਰਖੁ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਵੀ ਆਪਣੇ ਮਨ ਤੋਂ ਨਾ ਵਿਸਾਰ
  • ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ
  • ਹਉਮੈ ਛੱਡ ਕੇ, ਸਬਦ ਗੁਰੂ ਵਿੱਚ ਆਪਣੀ ਸਰਧਾ ਬਣਾ, ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ, ਗੁਰੂ ਦੇ ਸ਼ਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਨੂੰ ਜੋੜ
  • ਗੁਰੂ ਦੀ ਸਿੱਖਿਆ ਨੂੰ ਧਿਆਨ ਨਾਲ ਸੁਣ, ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਚੰਗੀ ਤਰ੍ਹਾਂ ਵੀਚਾਰ ਤੇ ਅੰਦਰ ਵਸਾ ਕੇ ਰੱਖ, ਜੇ ਤੂੰ ਅਕਾਲ ਪੁਰਖੁ ਦਾ ਨਾਮੁ ਜਪਦਾ ਰਹੇਗਾ, ਤਾਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕੇਗਾ
  • ਸਬਦ ਗੁਰੂ ਦੀ ਦੱਸੀ ਸਿੱਖਿਆ ਉਤੇ ਸ਼ੱਕ ਨਹੀਂ ਕਰਨਾ ਚਾਹੀਦਾ, ਗੁਰੂ ਦੀ ਦੱਸੀ ਸੇਵਾ ਭਗਤੀ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮੁ ਅੰਮ੍ਰਿਤੁ ਪੀਣਾ ਚਾਹੀਦਾ ਹੈ
  • ਆਪਣੇ ਮਨ ਵਿੱਚ ਉਸ ਅਕਾਲ ਪੁਰਖੁ ਦਾ ਆਸਰਾ ਰੱਖ, ਤੇ ਗੁਰੂ ਦੇ ਸ਼ਬਦ ਦਾ ਆਨੰਦ ਮਾਣ, ਕਿਉਂਕਿ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਭਰਭੂਰ ਰਸ ਹੈ
  • ਹਮੇਸ਼ਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉੱਚਾਰਿਆ ਕਰ, ਇਸ ਗੁਰਬਾਣੀ ਦੁਆਰਾ ਹੀ ਸੰਤ ਜਨ ਆਪਣੀ ਜੀਭ ਨਾਲ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ
  • ਆਪਣੇ ਮਨ ਨੂੰ ਸਮਝਾਣਾ ਹੈ ਕਿ ਇੱਕ ਅਕਾਲ ਪੁਰਖੁ ਦਾ ਹੀ ਨਾਮੁ ਚੇਤੇ ਕਰਿਆ ਕਰ, ਇਹ ਨਾਮੁ ਹੀ ਤੇਰੀ ਜਿੰਦ ਦੇ ਕੰਮ ਆਵੇਗਾ, ਤੇ ਜਿੰਦ ਦੇ ਨਾਲ ਸਦਾ ਨਿਭੇਗਾ
  • ਅਕਾਲ ਪੁਰਖੁ ਚਲਾਕੀਆਂ ਨਾਲ ਖ਼ੁਸ਼ ਨਹੀਂ ਹੁੰਦਾ, ਭਾਂਵੇਂ ਹਜ਼ਾਰਾਂ ਕਿਸਮ ਦੀਆਂ ਚਲਾਕੀਆਂ ਕਰ ਲਵੋ, ਜੇਕਰ ਸਾਰੀਆਂ ਦਲੀਲਾਂ ਤੇ ਸਿਆਣਪਾਂ ਛੱਡ ਕੇ ਸਬਦ ਗੁਰੂ ਦਾ ਆਸਰਾ ਲਏਂਗਾ, ਤਾਂ ਅਕਾਲ ਪੁਰਖੁ ਤੈਨੂੰ ਆਪਣੇ ਚਰਨਾਂ ਵਿੱਚ ਜੋੜ ਲਏਗਾ
  • ਜੀਭ ਨਾਲ ਮਿੱਠੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣ, ਇਸ ਤਰ੍ਹਾਂ ਕਰਕੇ ਆਪਣੇ ਜੀਵਨ ਨੂੰ ਸਦਾ ਲਈ ਸੁਖੀ ਕਰ ਸਕੇਂਗਾ
  • ਅੱਖਾਂ ਨਾਲ ਅਕਾਲ ਪੁਰਖ ਦਾ ਰਚਿਆ ਹੋਇਆ ਜਗਤ ਤਮਾਸ਼ਾ ਵੇਖ, ਗੁਰੂ ਦੀ ਸੰਗਤਿ ਵਿੱਚ ਟਿਕਿਆਂ ਪਰਿਵਾਰ ਦਾ ਮੋਹ ਤੇ ਹੋਰ ਵਿਕਾਰ ਮਨ ਵਿਚੋਂ ਮਿਟ ਸਕਦੇ ਹਨ
  • ਪੈਰਾਂ ਨਾਲ ਗੁਰੂ ਦੇ ਦੱਸੇ ਮਾਰਗ ਅਨੁਸਾਰ ਚਲ, ਹੱਥਾਂ ਨਾਲ ਗੁਰੂ ਦੀ ਦੱਸੀ ਹੋਈ ਸਿਖਿਆ ਅਨੁਸਾਰ ਕੰਮ ਕਰ ਤੇ ਕੰਨ ਨਾਲ ਅਕਾਲ ਪੁਰਖ ਦੀ ਸਿਫਤਿ ਸਾਲਾਹ ਦੀ ਬਾਣੀ ਨੂੰ ਸੁਣ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦੀ ਦਰਗਾਹ ਵਿੱਚ ਪਰਵਾਨ ਹੋ ਸਕੇਗਾ
  • ਗੁਰਬਾਣੀ ਦੁਆਰਾ ਅਕਾਲ ਪੁਰਖੁ ਬਾਰੇ ਅਸਲੀਅਤ ਤੇ ਉਸ ਦੀ ਜਾਣ ਪਛਾਣ ਬਾਰੇ ਗਿਆਨ ਦੀਆਂ ਗੱਲ ਸੁਣ
  • ਸਰੀਰ ਨੂੰ ਤੀਰਥਾਂ ਤੇ ਜਾ ਕੇ ਬਾਹਰੋਂ ਇਸ਼ਨਾਨ ਕਰਾਣ ਨਾਲ ਸਰੀਰ ਬਾਹਰੋਂ ਤਾਂ ਸਾਫ ਹੋ ਸਕਦਾ ਹੈ, ਪਰੰਤੂ ਮਨ ਪਵਿਤਰ ਨਹੀਂ ਹੋ ਸਕਦਾ; ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਮਨ ਅੰਦਰੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਉਸ ਦਾ ਮਨ ਪਵਿਤਰ ਹੋ ਜਾਂਦਾ ਹੈ; ਵਿਕਾਰਾਂ ਤੋਂ ਬਚਣ ਲਈ ਸਿਰਫ਼ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ, ਅਕਾਲ ਪੁਰਖੁ ਦਾ ਇਹ ਨਾਮੁ ਰੂਪੀ ਖ਼ਜ਼ਾਨਾ ਗੁਰੂ ਕੋਲੋ ਮਿਲਦਾ ਹੈ
  • ਗੁਰੂ ਦੀ ਮੱਤ ਅਨੁਸਾਰ ਜੀਵਨ ਦੇ ਰਸਤੇ ਤੇ ਚੱਲ, ਜੇ ਤੂੰ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਰਹੇਗਾ ਤਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਪਾਣ ਦਾ ਰਸਤਾ ਵੀ ਲੱਭ ਲਏਂਗਾ
  • ਆਪਣੇ ਅੰਦਰ ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਉਪਰਾਲਾ ਕਰਦਾ ਰਹਿ; ਜੇਕਰ ਤੂੰ ਗੁਰੂ ਦਾ ਹੁਕਮ ਮੰਨੇਂਗਾ, ਤਾਂ ਤੈਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਵੇਗਾ, ਤੇ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ
  • ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਦਿਨ ਰਾਤ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ
  • ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਅਨੁਸਾਰ ਚਲ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਖ਼ਜ਼ਾਨਾ ਲੱਭ ਲਿਆ, ਉਹ ਮਨੁੱਖ ਨਾਮੁ ਰੂਪੀ ਖ਼ਜ਼ਾਨੇ ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਵਿੱਚ ਟਿਕਿਆ ਰਹਿੰਦਾ ਹੈ
  • ਗੁਰੂ ਦੇ ਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਹੈ, ਤੇ ਭਟਕ ਰਿਹਾ ਹੈ, ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਦਰਗਾਹ ਵਿੱਚ ਸਜਾ ਮਿਲਦੀ ਰਹਿੰਦੀ ਹੈ
  • ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਨਾਲ ਇਹੋ ਜਿਹਾ ਪਿਆਰ ਬਣਾ ਕਿ ਗੁਰਬਾਣੀ ਦੁਆਰਾ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹੇ, ਤਾਂ ਜੋ ਅਕਾਲ ਪੁਰਖੁ ਨੂੰ ਅੱਠੇ ਪਹਿਰ ਭਾਵ ਹਰ ਵੇਲੇ ਆਪਣੇ ਨੇੜੇ ਵੱਸਦਾ ਸਮਝ ਸਕੇ
  • ਆਪਣੇ ਮਨ ਨੂੰ ਸਮਝਾਣਾ ਹੈ ਕਿ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਤੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਿਹਾ ਕਰ, ਤੇਰਾ ਇਹ ਮਨੁੱਖਾ ਜਨਮ ਸਫਲ ਕਰਨ ਦਾ ਕਾਰਜ ਇੱਕ ਦਿਨ ਜ਼ਰੂਰ ਪੂਰਾ ਹੋ ਜਾਵੇਗਾ
  • ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਜੀਵਨ ਦਾ ਆਸਰਾ ਬਣਾ, ਕਿਉਂਕਿ ਅਕਾਲ ਪੁਰਖੁ ਹਰੇਕ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ
  • ਹਮੇਸ਼ਾਂ ਧਿਆਨ ਵਿੱਚ ਰੱਖ ਕਿ ਜਿਸ ਮਨੁੱਖ ਉੱਤੇ ਅਕਾਲ ਪੁਰਖੁ ਆਪਣੀ ਮਿਹਰ ਦੀ ਨਦਰ ਕਰਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦੀ ਕਦੇ ਨਾ ਮੁੱਕ ਸਕਣ ਵਾਲੀ ਸਿਫ਼ਤਿ ਸਾਲਾਹ ਦੀ ਦਾਤ ਤੇ ਅਕਥ ਕਹਾਣੀਆਂ ਬਾਰੇ ਗਿਆਨ ਹਾਸਲ ਕਰਦਾ ਹੈ
  • ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲੇ ਗੁਰਮੁਖਿ ਹੀ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਕਦਰ ਸਮਝਦੇ ਹਨ
  • ਅਕਾਲ ਪੁਰਖੁ ਦਾ ਨਾਮੁ ਇੱਕ ਇੱਕ ਖਿਨ, ਭਾਵ ਸਦਾ ਯਾਦ ਕਰਦਾ ਰਿਹਾ ਕਰ, ਇਸ ਤਰ੍ਹਾਂ ਕਰਨ ਨਾਲ ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਕਾਇਮ ਰਹੇਗਾ ਤੇ ਅਕਾਲ ਪੁਰਖੁ ਦੇ ਨਾਮੁ ਦਾ ਸਾਥ ਤੇਰੇ ਨਾਲ ਸਦਾ ਬਣਿਆ ਰਹੇਗਾ
  • ਅਕਾਲ ਪੁਰਖੁ ਇਨ੍ਹਾਂ ਅੱਖਾਂ ਨਾਲ ਵਿਖਾਈ ਨਹੀਂ ਦਿੰਦਾ, ਉਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਇਸ ਲਈ ਉਸ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਸਦਾ ਧਿਆਉਂਦੇ ਰਹਿਣਾ ਚਾਹੀਦਾ ਹੈ
  • ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਸ ਦੇ ਭਰਮ, ਡਰ, ਹਰੇਕ ਤਰ੍ਹਾਂ ਦਾ ਦੁਖ ਦਰਦ, ਸਭ ਦੂਰ ਹੋ ਜਾਂਦੇ ਹਨ ਤੇ ਉਹ ਮਨ ਚਾਹੇ ਫਲ ਪ੍ਰਾਪਤ ਕਰ ਲੈਂਦਾ ਹੈ
  • ਜਿਹੜਾ ਮਨੁੱਖ ਇਸ ਨਾਮੁ ਰੂਪੀ ਵਸਤੂ ਨੂੰ ਚੱਖਦਾ ਹੈ, ਉਹੀ ਇਸ ਦਾ ਸੁਆਦ ਜਾਣ ਸਕਦਾ ਹੈ; ਜਿਸ ਤਰ੍ਹਾਂ ਕਿ ਇੱਕ ਗੁੰਗਾ ਮਿਠਿਆਈ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਠੀਕ ਉਸੇ ਤਰ੍ਹਾਂ ਉਹ ਮਨੁੱਖ ਵੀ ਨਾਮੁ ਦੇ ਸੁਆਦ ਬਾਰੇ ਬਿਆਨ ਨਹੀਂ ਕਰ ਸਕਦਾ
  • ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਆਪਣੇ ਦਾਸ ਨੂੰ ਅਜੇਹੀ ਇੱਜ਼ਤ ਬਖ਼ਸ਼ੋ ਕਿ ਉਹ ਸਦਾ ਅਕਾਲ ਪੁਰਖੁ ਦੀ ਸ਼ਰਨ ਵਿੱਚ ਪਿਆ ਰਹੇ ਤੇ ਗੁਰੂ ਦੀ ਮਤਿ ਦੁਆਰਾ ਆਪਣੇ ਅੰਦਰ ਅਕਾਲ ਪੁਰਖੁ ਦਾ ਨਾਮੁ ਪਰਗਟ ਕਰਦਾ ਰਹੇ
  • ਗੁਰਬਾਣੀ ਵਿੱਚ ਸਿਰਫ ਅਕਾਲ ਪੁਰਖੁ ਦੇ ਹੀ ਗੁਣ ਗਾਇਨ ਕੀਤੇ ਗਏ ਹਨ; ਜਦੋਂ ਅਸੀ ਹਰ ਰੋਜ਼ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਇਹ ਗੁਣ ਗਾਇਨ ਕਰਾਂਗੇ ਤਾਂ ਇਹ ਗੁਣ ਆਪਣੇ ਆਪ ਸਾਡੇ ਵਿੱਚ ਵੀ ਆਉਂਣੇ ਸ਼ੁਰੂ ਹੋ ਜਾਣਗੇ

ਗੁਰਬਾਣੀ ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ ਕਿ ਗੁਰ ਸਬਦ ਦੁਆਰਾ, ਸੱਚੀ ਬਾਣੀ ਦੁਆਰਾ, ਆਪਣੇ ਹਿਰਦੇ ਨਾਲ ਉਸ ਸੱਚੇ ਅਕਾਲ ਪੁਰਖੁ ਦੀ ਵਾਹੁ ਵਾਹੁ ਕਰਨੀ ਹੈ, ਉਸ ਦੀ ਉਸਤਤ ਕਰਨੀ ਹੈ, ਉਸ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਸ ਅਕਾਲ ਪੁਰਖੁ ਦਾ ਮਿਲਾਪ ਹੋ ਸਕੇ, ਉਸ ਦੀ ਬਖਸ਼ਸ ਮਿਲ ਸਕੇ, ਜਮਾਂ ਤੋਂ ਛੁਟਕਾਰਾ ਮਿਲ ਸਕੇ, ਉਸ ਦੇ ਦਰ ਤੇ ਸ਼ੋਭਾ ਮਿਲ ਸਕੇ, ਤੇ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected]

Web= http://www.geocities.ws/sarbjitsingh/

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.