.

ਵਿਦਿਆ ਵੀਚਾਰੀ ਤਾਂ ਪਰਉਪਕਾਰੀ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 6)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 5 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

(ਘ) ਵਿਦਿਆ ਵੀਚਾਰੀ ਤਾਂ ਪਰਉਪਕਾਰੀ।।

(ਆਸਾ ਮਹਲਾ ੧-੩੫੬)

ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਰਾਗ ਆਸਾ ਅੰਦਰ ਉਚਾਰਣ ਕੀਤਾ ਗਿਆ ਇਹ ਪਾਵਨ ਬਚਨ ਅਕਸਰ ਹੀ ਵਿਦਿਅਕ ਸਥਾਨਾਂ ਅੰਦਰ ਕੰਧਾਂ/ਬੋਰਡਾਂ ਆਦਿ ਅਤੇ ਵਿਦਿਅਕ ਸੈਮੀਨਾਰਾਂ ਵਿੱਚ ਫਲੈਕਸਾਂ ਆਦਿ ਉਪਰ ਲਿਖਿਆ ਮਿਲਦਾ ਹੈ। ਅਕਸਰ ਹੀ ਅਸੀਂ ਇਹ ਗੁਰਬਾਣੀ ਪ੍ਰਮਾਣ ਵਿਦਿਆ ਨੂੰ ਨਿਰਮਾਣ, ਨਿਮਾਣੀ, ਬੇਚਾਰਗੀ ਦੀ ਹਾਲਤ ਵਾਲੀ (Humble) ਸਮਝਣ ਦੇ ਅਰਥਾਂ ਵਿੱਚ ਕਰਦੇ ਹਾਂ, ਇਹ ਭੁਲੇਖਾ ਅਸੀਂ ‘ਵੀਚਾਰੀ` ਸ਼ਬਦ ਤੋਂ ਖਾਂਦੇ ਹਾਂ। ਜੇ ਇਸ ਰੂਪ ਵਿੱਚ ਸਮਝਿਆ ਜਾਵੇ ਤਾਂ ਅਸੀਂ ਅਛੋਪਲੇ ਹੀ ਇਸ ਸਬੰਧੀ ਗੁਰੂ ਨਾਨਕ ਸਾਹਿਬ ਨੂੰ ਦੁਨਿਆਵੀ ਵਿਦਿਆ ਦੇ ਹਮਾਇਤੀ ਹੋਣ ਤੋਂ ਪਾਸੇ ਲਿਜਾਣ ਦੇ ਦੋਸ਼ੀ ਬਣਦੇ ਹਾਂ। ਸਿੱਖ ਧਰਮ ਅੰਦਰ ਕਿਤੇ ਵੀ ਦੁਨਿਆਵੀ ਵਿਦਿਆ ਦਾ ਵਿਰੋਧ, ਤ੍ਰਿਸਕਾਰ ਨਹੀਂ ਹੈ, ਸਗੋਂ ਪੂਰਨ ਸਤਿਕਾਰ ਦਿਤਾ ਗਿਆ ਹੈ।

ਸੰਸਾਰ ਅੰਦਰ ਸਹੀ ਰੂਪ ਵਿੱਚ ਵਿਚਰਣ ਵਾਲੀ ਜੀਵਨ ਜਾਚ ਸਿੱਖਣ ਹਿਤ ਵਿਦਿਆ ਦਾ ਹੋਣਾ ਮਾੜੀ ਗੱਲ ਨਹੀਂ ਪ੍ਰੰਤੂ ਵਿਦਿਆ ਰਾਹੀਂ ਮਿਲਣ ਵਾਲੇ ਗਿਆਨ ਦਾ ਅਹੰਕਾਰ ਕਰ ਲੈਣ ਵਾਲਾ ਮਨੁੱਖ ਪ੍ਰਮੇਸ਼ਰ ਦੇ ਦਰ-ਘਰ ਪ੍ਰਵਾਨ ਨਹੀਂ ਹੋ ਸਕਦਾ। ਗੁਰੂ ਸਾਹਿਬ ਗੁਰਬਾਣੀ ਅੰਦਰ ਇਸ ਪ੍ਰਥਾਇ ਫੁਰਮਾਣ ਕਰਦੇ ਹਨ ਕਿ ਜੋ ਆਖਦਾ ਹੈ ਕਿ ਮੈਂ ਸਭ ਕੁੱਝ ਜਾਣਦਾ ਹਾਂ, ਉਹ ਮੂਰਖ ਹੈ, ਕਿਉਂ ਕਿ ਵਿਦਿਆ ਦਾ ਕੋਈ ਅੰਤ ਨਹੀਂ, ਖੋਜ ਕਰਨ ਵਾਲਿਆਂ ਨੂੰ ਵਿਦਿਆ ਦੁਆਰਾ ਨਵੇਂ ਤੋਂ ਨਵੇਂ ਗਿਆਨ ਦੇ ਚਮਤਕਾਰਾਂ ਦੀ ਪ੍ਰਾਪਤੀ ਹੁੰਦੀ ਹੈ, ਜੋ ਸਹੀ ਅਰਥਾਂ ਵਿੱਚ ਵਿਦਵਾਨ ਹੋਵੇ ਉਹ ਅਹੰਕਾਰ ਰਹਿਤ ਹੋ ਜਾਂਦਾ ਹੈ, ਉਸ ਦਾ ਜੀਵਨ ਪਰ-ਉਪਕਾਰੀ ਹੋ ਜਾਂਦਾ ਹੈ। ਸਹੀ ਅਰਥਾਂ ਵਿੱਚ ਬਣੇ ਵਿਦਵਾਨਾਂ ਨੂੰ ‘ਮੈ ਵਿਦਵਾਨ ਹਾਂ` ਕਹਿਣ ਦੀ ਜਾਂ ਸਾਬਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਉਹ ਆਪਣੀ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੇ ਕਾਰਣ ਆਪਣੇ ਆਪ ਪ੍ਰਸਿੱਧ ਹੋ ਕੇ ਸਹੀ ਅਰਥਾਂ ਵਿੱਚ ਦੁਨੀਆਂ ਅੰਦਰ ਸਤਿਕਾਰ ਪਾਉਂਦੇ ਹਨ-

-ਵਿਦਿਆ ਵੀਚਾਰੀ ਤਾਂ ਪਰਉਪਕਾਰੀ।।

(ਆਸਾ ਮਹਲਾ ੧- ੩੫੬)

-ਸੋਈ ਅਜਾਣ ਕਹੈ ਮੈ ਜਾਨਾ ਜਾਨਣਹਾਰ ਨ ਛਾਨਾ ਰੇ।।

(ਆਸਾ ਮਹਲਾ ੫- ੩੮੨)

-ਗੁਰ ਪ੍ਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ।।

(ਪ੍ਰਭਾਤੀ ਮਹਲਾ ੧-੧੩੨੯)

ਭਾਈ ਕਾਨ੍ਹ ਸਿੰਘ ਨਾਭਾ ਇਸ ਵਿਸ਼ੇ ਉਪਰ ਗੁਰਬਾਣੀ ਅਤੇ ਭਗਤ ਰਤਨਾਵਲੀ ਦੇ ਹਵਾਲੇ ਵਿੱਚ ਬਹੁਤ ਹੀ ਭਾਵਪੂਰਤ ਵਿਚਾਰ ਦਿੰਦੇ ਹਨ-

- ‘ਵਿਦਿਆ ਪਾ ਕੇ ਕਈ ਤੀਖਣ ਬੁਧਿ ਵਾਲੇ ਦੇਸ਼ ਹਿੱਤ ਦੀ ਥਾਂ ਤੇ ਹਾਨੀਕਾਰਕ ਸਾਬਤ ਹੁੰਦੇ ਹਨ, ਅਜਿਹੇ ਕੁਲ-ਘਾਤਕ, ਸ਼ੈਤਾਨ ਵਿਦਵਾਨਾਂ ਨੂੰ ਗੁਰੂ ਸਾਹਿਬ ਸ਼ਿਕਾਰੀ ਦਾ ਸਿਖਾਇਆ ਹੋਇਆ ਮ੍ਰਿਗ, ਪਾਲਤੂ ਬਾਜ਼ ਅਤੇ ਪੇਟ-ਦਾਸੀਏ ਰਾਜਯ ਕਰਮਚਾਰੀ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿਉਂ ਕਿ ਪੜ੍ਹਾਏ ਹੋਏ (ਅਰਥਾਤ ਸਿਖਾਏ ਹੋਏ) ਮ੍ਰਿਗ ਅਤੇ ਬਾਜ਼ ਤਥਾ ਸਵਾਰਥੀ ਕਰਮਚਾਰੀ ਦਾ ਨਾਮ ਭੀ ਪੜਿਆਂ ਵਿੱਚ ਹੈ ਪਰ ਇਹ ਜਾਤਿ ਭਾਈਆਂ ਨੂੰ ਜਾਤਿ ਵਿਰੋਧੀ ਫਾਹੀ ਵਿੱਚ ਫਸਾਉਣ ਲਈ ਸਹਾਇਤਾ ਦਿੰਦੇ ਹਨ, ਅਜਿਹੇ ਪੜ੍ਹਿਆਂ ਨੂੰ ‘ਅਗੈ ਨਾਹੀ ਥਾਉ`। `

(ਗੁਰਮਤਿ ਮਾਰਤੰਡ-ਪੰਨਾ ੮੨੭)

-ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ।।

ਫਾਂਧੀ ਲਾਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।।

(ਵਾਰ ਮਲਾਰ-ਮਹਲਾ ੧-੧੨੮੮)

-ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।।

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।

(ਸਲੋਕ ਕਬੀਰ ਜੀ-੧੩੭੬)

- ‘ਜਿਉਂ ਅੰਨਾ ਖੂਹ ਵਿੱਚ ਡਿੱਗ ਪਵੇ ਤਾਂ ਉਸ ਨੂੰ ਕੋਈ ਕੁਛ ਨਹੀਂ ਆਖਦਾ ਪਰ ਜਿਉਂ ਸੁਜਾਖਾ ਹੱਥ ਵਿੱਚ ਦੀਪਕ ਲੈ ਕੇ ਖੂਹ ਵਿੱਚ ਪਾਉਂਦਾ ਹੈ ਤਾਂ ਉਸ ਨੂੰ ਭੰਡੀ ਹੁੰਦੀ ਹੈ, ਤੈਸੇ ਜੋ ਅਣ-ਪੜ੍ਹਿਆ ਹੋਇਆ ਪਾਪ ਕਰਦਾ ਹੈ ਤਾਂ ਉਸਨੂੰ ਭੰਡੀ ਨਹੀਂ ਹੁੰਦੀ, ਜੋ ਪੜ੍ਹਿਆ ਹੋਇਆ ਪਾਪ ਕਰਦਾ ਹੈ ਤਾਂ ਉਸ ਨੂੰ ਸਾਰੇ ਜਗਤ ਦੀ ਭੰਡੀ ਹੁੰਦੀ ਹੈ ਤੇ ਵਾਹਿਗੁਰੂ ਦੇ ਦਰਬਾਰ ਭੀ ਮੂੰਹ ਨਹੀਂ ਦੇ ਸਕਦਾ। `

(ਭਗਤ ਰਤਨਾਵਲੀ-ਗੁਰਮਤਿ ਮਾਰਤੰਡ-ਪੰਨਾ ੮੨੯)

ਗੁਰਬਾਣੀ ਤਾਂ ਸਾਨੂੰ ਗਿਆਨ ਦਿੰਦੀ ਹੈ ਕਿ ਜਨਮ-ਜਾਤੀ ਤੋਂ ਕਿਸੇ ਮਨੁੱਖ ਨੂੰ ਪੰਡਿਤ ਮੰਨ ਲੈਣਾ ਅਗਿਆਨਤਾ ਹੈ, ਇਹ ਪੰਡਿਤ ਦੀ ਉਪਾਧੀ ਦਾ ਸਬੰਧ ਵਿਦਿਆ ਦੁਆਰਾ ਪ੍ਰਾਪਤ ਗਿਆਨ ਨਾਲ ਹੈ-

ਬਿਨ ਬਿਦਿਆ ਕਹਾ ਕੋਈ ਪੰਡਿਤ।।

(ਮਾਰੂ ਕਬੀਰ ਜੀ-੧੧੦੩)

ਕੇਵਲ ਵਿਦਿਆ ਦੁਆਰਾ ਗਿਆਨ ਦੀ ਪ੍ਰਾਪਤੀ ਕਰ ਲੈਣਾ ਹੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੈ, ਸਗੋਂ ਇਸ ਗਿਆਨ ਨੂੰ ਜਿਥੇ ਸਮਾਜਕ, ਪਰਿਵਾਰਕ, ਸੰਸਾਰਕ ਖੇਤਰ ਵਿੱਚ ਸੁਖਾਲੇ ਜੀਵਨ ਲਈ ਵਰਤਣਾ ਹੈ, ਉਸ ਦੇ ਨਾਲ-ਨਾਲ ਪਰਮਾਰਥ ਦੇ ਮਾਰਗ ਉਪਰ ਕੀਤੇ ਜਾਣ ਵਾਲੇ ਦਾਨ-ਪੁੰਨ, ਭਗਤੀ, ਗੁਰਬਾਣੀ ਸਮਝਣ-ਸਮਝਾਉਣ ਲਈ ਵਰਤਣ ਦੀ ਜ਼ਰੂਰਤ ਹੈ ਕਿਉਂ ਕਿ ਅਕਲ ਵਾਲਿਆਂ ਦਾ ਕੀਤਾ ਹੋਇਆ ਦਾਨ ਹਮੇਸ਼ਾ ਫਲਦਾਇਕ ਹੁੰਦਾ ਹੈ, ਮੂਰਖ ਬਿਰਤੀ ਵਾਲਿਆਂ ਦਾ ਦਾਨ ਮੁਫਤ-ਖੋਰੇ ਲੋਕਾਂ ਉਪਰ ਉਪਕਾਰ ਕਰਨ ਦੀ ਬਜਾਏ ਉਨ੍ਹਾਂ ਦੇ ਨੁਕਸਾਨ ਦਾ ਕਾਰਣ ਬਣ ਜਾਂਦਾ ਹੈ ਅਤੇ ਧਰਮ ਦੇ ਨਾਮ ਉਪਰ ਕੀਤਾ ਹੋਇਆ ਦਾਨ-ਪੁੰਨ ਵਿਅਰਥ ਚਲਾ ਜਾਂਦਾ ਹੈ-

ਅਕਲਿ ਏਹ ਨ ਆਖੀਐ ਅਕਲ ਗਵਾੲਐ ਬਾਦਿ।।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।

ਅਕਲੀ ਪੜਿ ਕੈ ਬੂਝੀਐ ਅਕਲੀ ਕੀਚੈ ਦਾਨੁ।।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।।

(ਵਾਰ ਸਾਰੰਗ-ਮਹਲਾ ੧ -੧੨੪੫)

ਜਿਹੜੇ ਅਨਪੜ੍ਹ, ਅਧਪੜ੍ਹ, ਅਖੌਤੀ, ਆਪੂੰ ਬਣੇ ਸਾਧ-ਬਾਬੇ ਗੁਰਬਾਣੀ ਫੁਰਮਾਣਾਂ ‘ਪੜਿਆ ਅਣਪੜਿਆ ਪਰਮ ਗਤ ਪਾਵੈ ` (੧੯੭) ‘ਪੜਿਆ ਹੋਵੈ ਗੁਨਹਗਾਰ ਤਾ ਓਮੀ ਸਾਧੁ ਨ ਮਾਰੀਐ` (੪੬੯) ‘ਪੜਿਆ ਅਤੇ ਓਮੀਆ ਵੀਚਾਰੁ ਅਗੈ ਵੀਚਾਰੀਐ ` (੪੬੯) ‘ਕਿਆ ਪੜੀਐ ਕਿਆ ਗੁਨੀਐ … … ਪੜੇ ਸੁਨੇ ਕਿਆ ਹੋਈ ` (੬੫੫) ਆਦਿਕ ਦੀ ਵਰਤੋਂ ਬਿਨਾਂ ਅਰਥ -ਭਾਵ ਵਿਚਾਰੇ, ਆਪਣੇ ਸੁਆਰਥ ਤਹਿਤ, ਆਪਣੀ ਅਨਪੜ੍ਹਤਾ (ਓਮੀ ਪੁਣੇ) ਨੂੰ ਛੁਪਾਉਣ ਲਈ ਕਰਦੇ ਹਨ, ਜਿਹੜੇ ਇਹ ਵੀ ਕਹਿੰਦੇ ਹਨ ਕਿ ਭਗਤ ਕਬੀਰ ਨੇ ਕਿਹੜੀ ਪੀ. ਐਚ. ਡੀ. ਕੀਤੀ ਹੋਈ ਸੀ? (ਜਦੋਂ ਕਿ ਅਸਲੀਅਤ ਇਹ ਹੈ ਕਿ ਕਬੀਰ ਜੀ ਆਪਣੇ ਸਮੇਂ ਦੇ ਪੀ. ਐਚ. ਡੀ. ਤੋਂ ਘੱਟ ਨਹੀਂ ਸਨ ਅਤੇ ਕਿਸੇ ਵੀ ਤਰਾਂ ਵਿਦਿਆ ਦੇ ਵਿਰੋਧੀ ਨਹੀਂ ਸਨ) ਆਖਦੇ ਹੋਏ ਦੁਨਿਆਵੀ ਵਿਦਿਆ ਦਾ ਵਿਰੋਧ ਕਰਦੇ ਹਨ ਪ੍ਰੰਤੂ ਇਸੇ ਵਿਦਿਆ ਦੁਆਰਾ ਵੱਖ-ਵੱਖ ਵਿਗਿਆਨਕ ਖੋਜਾਂ ਵਿਚੋਂ ਨਿਕਲੀਆਂ ਅਜੋਕੀਆਂ ਸੁਖ-ਸਹੂਲਤਾਂ (ਜੋ ਉਹਨਾਂ ਦੀ ਵਰਤੋਂ ਕਰਨ ਦੇ ਸਮਰੱਥ ਹੋਣ) ਹਵਾਈ ਜਹਾਜ਼, ਵਧੀਆ ਗੱਡੀਆਂ, ਵਧੀਆ ਮੋਬਾਈਲ, ਇੰਟਰਨੈਟ, ਵਟਸਐਪ, ਫੇਸ ਬੁੱਕ, ਟੈਲੀਵੀਜ਼ਨ ਆਦਿ ਦੀ ਵਰਤੋਂ ਕਰਨ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ। ਵਿਦਿਆ ਦਾ ਵਿਰੋਧ ਕਰਨ ਵਾਲੇ, ਕਿਰਤ ਦੇ ਸਿਧਾਂਤ ਤੋਂ ਭਗੌੜੇ, ਵਿਹਲੜ ਸਾਧਾਂ ਨੂੰ ਗੁਰੂ ਨਾਨਕ ਸਾਹਿਬ, ਭਗਤ ਕਬੀਰ ਜੀ ਵਾਂਗ ਪੈਦਲ ਚਲਣਾ ਚਾਹੀਦਾ ਹੈ। ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਦਿਖਾਉਣ ਦੇ ਸਮਰਥਾਵਾਨ ਹੋਣਾ ਚਾਹੀਦਾ ਹੈ।

ਬਾਹਰੀ ਤੌਰ ਤੇ ਵਿਦਿਆ ਦਾ ਵਿਰੋਧ ਕਰਨ ਵਾਲੇ ਬਹੁ-ਗਿਣਤੀ ਸਾਧਾਂ ਨੇ ਜਦੋਂ ਵੇਖਿਆ ਕਿ ਧਰਮ ਦੇ ਨਾਮ ਉਪਰ ਖੋਲ੍ਹੇ ਜਾਣ ਵਾਲੇ ਸਕੂਲ-ਕਾਲਜ ਵਧੀਆ ਬਿਜਨਸ ਹਨ ਤਾਂ ਉਨ੍ਹਾਂ ਨੇ ਝਟ-ਪਟ ਇਧਰ ਮੋੜੇ ਪਾ ਲਏ ਅਤੇ ਗੁਰੂ ਸਾਹਿਬਾਨ ਦੇ ਨਾਮ ਉਪਰ ਐਸੀਆਂ ਸੰਸਥਾਵਾਂ ਖੋਲ੍ਹਣ ਵਿੱਚ ਕੋਈ ਦੇਰ ਨਾ ਲਾਈ। ਪਰ ਅਜੋਕੇ ਸਮੇਂ ਗੁਰੂ ਸਾਹਿਬਾਨ ਦੇ ਨਾਵਾਂ ਹੇਠ ਚਲ ਰਹੇ ਸਕੂਲਾਂ-ਕਾਲਜਾਂ-ਸੰਸਥਾਵਾਂ ਦੇ ਬੇ-ਲੋੜੇ ਵਧੇ ਹੋਏ ਖਰਚਿਆਂ ਕਾਰਣ ਇਹ ਕੇਵਲ ਮਲਕ ਭਾਗੋ ਦੇ ਬੱਚਿਆਂ ਲਈ ਹੀ ਰਾਖਵੇਂ ਬਣੇ ਹੋਏ ਹਨ, ਭਾਈ ਲਾਲੋ ਦੇ ਬੱਚਿਆਂ ਨੂੰ ਤਾਂ ਸਰਕਾਰੀ ਸਕੂਲਾਂ ਦਾ ਆਸਰਾ ਹੀ ਲੈਣਾ ਪੈਂਦਾ ਹੈ ਅਤੇ ਪਵੇਗਾ। ਆਪਣੇ-ਆਪ ਨੂੰ ਗੁਰੂ ਨਾਨਕ ਦੇ ਪੈਰੋਕਾਰ, ਧਰਮੀ ਅਖਵਾਉਣ ਵਾਲੇ ਇਹ ਪ੍ਰਬੰਧਕ-ਮਾਲਕ ਗੁਰਮਤਿ ਦੇ ਸਿਧਾਂਤ -

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

(ਸਿਰੀ ਰਾਗ ਮਹਲਾ ੧-੧੫)

ਨੂੰ ਸਮਝਣ ਤੋਂ ਇਨਕਾਰੀ ਹਨ ਕਿ ਜਿਥੇ ਭਾਈ ਲਾਲੋ ਵਰਗਿਆਂ ਦਾ ਸਤਿਕਾਰ ਨਹੀ ਹੋਵੇਗਾ ਉਥੇ ਬਾਬਾ ਨਾਨਕ ਵੀ ਨਹੀਂ ਹੋਵੇਗਾ।

ਗੁਰਮਤਿ ਕਿਸੇ ਵੀ ਤਰਾਂ ਵਿਦਿਆ ਦੁਆਰਾ ਗਿਆਨ ਪ੍ਰਾਪਤ ਕਰਨ ਦਾ ਵਿਰੋਧ ਨਹੀਂ ਕਰਦੀ। ਫਰਕ ਤਾਂ ਸਿਰਫ ਏਨਾ ਹੈ ਕਿ ਪ੍ਰਾਪਤ ਕੀਤੇ ਗਿਆਨ ਨੂੰ ਵਰਤਿਆ ਕਿਵੇਂ, ਕਿਸ ਪਾਸੇ ਜਾ ਰਿਹਾ ਹੈ। ਜੇ ਸਦ-ਉਪਯੋਗ ਹੋਵੇ ਤਾਂ ਲਾਹੇਵੰਦ ਹੈ, ਜੇਕਰ ਦੁਰ-ਉਪਯੋਗ ਹੋਵੇ ਤਾਂ ਉਹੀ ਗਿਆਨ ਨੁਕਸਾਨ-ਦਾਇਕ ਹੋ ਨਿਬੜਦਾ ਹੈ। ਇਸ ਸਬੰਧ ਵਿੱਚ ਕੁੱਝ ਕੁ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ-

ਖੋਜ ਸਦ- ਉਪਯੋਗ v/s ਦੁਰ-ਉਪਯੋਗ

ਐਟਮ ਐਨਰਜੀ ਮਾਰੂ ਬੰਬ (ਹੀਰੋਸ਼ੀਮਾ-ਨਾਗਾਸਕੀ ਦੀ ਤਬਾਹੀ) ਰਾਕਟ ਸਪੇਸ ਦੀ ਖੋਜ ਲਈ ਮਿਜ਼ਾਈਲ ਮਾਰਣ, ਵਿਨਾਸ਼ ਲਈ ਇੰਟਰਨੈਟ ਅਜੋਕੇ ਸਮੇਂ ਗਿਆਨ ਪ੍ਰਾਪਤੀ ਜੀਵਨ ਦੀ ਬਰਬਾਦੀ ਲਈ ਵੀ ਦਾ ਬਿਹਤਰੀਨ ਸੋਮਾ ਅਗਿਆਨਤਾ ਦਾ ਬਹੁਤ ਵੱਡਾ ਖਜ਼ਾਨਾ ਸੱਪ ਜ਼ਹਿਰ ਤੋਂ ਜੀਵਨ ਰੱਖਿਅਕ ਦਵਾਈਆਂ ਜ਼ਹਿਰ ਦੀ ਮਾਰਣ ਲਈ ਵਰਤੋਂ ਹਵਾਈ ਜਹਾਜ਼ ਸਫ਼ਰ ਦਾ ਸਭ ਤੋਂ ਵਧੀਆ ਆਧੁਨਿਕ ਸਾਧਨ ਅਮਰੀਕਾ ਦੇ Twin Tower ਦੀ ਬਰਬਾਦੀ (ਪੜ੍ਹੇ-ਲਿਖੇ ਲੋਕ ਹੀ ਇਹ ਕੰਮ ਕਰ ਸਕਦੇ ਸਨ) ਸਿੱਖ ਮੱਤ ਅਨੁਸਾਰ ਹਰ ਸਿੱਖ ਵਲੋਂ ਦੂਜੇ ਸਿੱਖ ਨੂੰ ਗੁਰਸਿੱਖੀ, ਗੁਰਮੁਖੀ ਸਿਖਣੀ ਸਿਖਾਉਣੀ ਚਾਹੀਦੀ ਹੈ ਅਤੇ ਹੋਰ ਚੰਗੀ ਵਿਦਿਆ, ਜਿਥੋਂ ਵੀ ਪ੍ਰਾਪਤ ਕੀਤੀ ਜਾ ਸਕੇ, ਪ੍ਰਾਪਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ-

ਗੁਰਮੁਖੀ ਅੱਖਰ ਜੇ ਹੈਂ ਭਾਈ।

ਸਿੰਘ ਸਿੰਘ ਤੇ ਸੀਖਹੁ ਜਾਈ।

ਔਰ ਜੋ ਬਿਦਯਾ ਜਹ ਤਹ ਹੋਈ।

ਅਵਰਨ ਤੇ ਵੀ ਲੇਵਹੁ ਸੋਈ।

(ਰਹਿਤ ਨਾਮਾ-ਭਾਈ ਦੇਸਾ ਸਿੰਘ)

ਸ੍ਰੀ ਨਗਰ (ਜੰਮੂ-ਕਸ਼ਮੀਰ) ਦੇ ਸਥਾਨ ਤੇ ਗੁਰੂ ਨਾਨਕ ਸਾਹਿਬ ਦੀ ਜਦੋਂ ਹੰਕਾਰ-ਗ੍ਰਸਤ ਪੰਡਿਤ ਬ੍ਰਹਮ ਦਾਸ ਨਾਲ ਭੇਂਟ ਹੋਈ ਤਾਂ ਸਤਿਗੁਰਾਂ ਨੇ ਉਸ ਨੂੰ ਸਮਝਾਇਆ ਕਿ ਧਰਮ ਪੁਸਤਕਾਂ ਨੂੰ ਪੜ੍ਹਨ-ਸੁਨਣ-ਵਿਚਾਰਣ ਦਾ ਲਾਭ ਤਾਂ ਹੀ ਹੈ ਜੇਕਰ ਮਨ ਵਿੱਚ ਹੰਕਾਰ ਦੀ ਜਗ੍ਹਾ ਨਿਮਰਤਾ ਆ ਜਾਵੇ। ਜਿਸ ਤਰਾਂ ਉਹ ਧਰਮ ਪੁਸਤਕਾਂ ਦੀ ਵਰਤੋਂ ਹਉਮੈ ਵਧਾਉਣ ਲਈ ਕਰ ਰਿਹਾ ਹੈ ਇਸ ਤਰਾਂ ਦੀ ਵਿਚਾਰ-ਚਰਚਾ ਨਾਲ ਪ੍ਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਹੁੰਦੀ, ਪ੍ਰਮੇਸ਼ਰ ਤਾਂ ਨਿਰਮਾਣਤਾ ਭਰਪੂਰ ਪ੍ਰੇਮਾ-ਭਗਤੀ ਨਾਲ ਹੀ ਪਤੀਜਦਾ ਹੈ, ਕੋਈ ਜਿੰਨੇ ਮਰਜ਼ੀ ਧਰਮ ਗ੍ਰੰਥ, ਪੁਸਤਕਾਂ, ਸਾਰੀ ਜਿੰਦਗੀ ਵਿੱਚ ਪੜ੍ਹਦਾ ਹੀ ਰਹੇ ਤਾਂ ਵੀ ਜੇ ਧਰਮ ਪੁਸਤਕਾਂ, ਗ੍ਰੰਥਾਂ ਵਿਚੋਂ ਤੱਤ-ਗਿਆਨ ਜੀਵਨ ਦਾ ਹਿਸਾ ਨਹੀ ਬਣਿਆ ਤਾਂ ਸਾਰੀ ਮਿਹਨਤ, ਲਗਾਇਆ ਗਿਆ ਜਿੰਦਗੀ ਭਰ ਦਾ ਸਮਾਂ ਵੀ ਮਾਨੋ ਵਿਅਰਥ ਹੀ ਗਵਾਉਣ ਦੇ ਤੁਲ ਹੈ। ਇਸ ਪ੍ਰਥਾਇ ਗੁਰੂ ਸਾਹਿਬ ਵਲੋਂ ਉਚਾਰਣ ਕੀਤਾ ਗਿਆ ਪਾਵਨ ਸਲੋਕ ‘ਆਸਾ ਕੀ ਵਾਰ` ਅੰਦਰ ਦਰਜ ਹੈ-

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।

ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ।।

ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।

(ਵਾਰ ਆਸਾ- ਸਲੋਕ ਮਹਲਾ ੧-੪੬੭)

ਵਿਸ਼ਾ ਅਧੀਨ ਪਾਵਨ ਪੰਕਤੀ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਾਨੂੰ ਪੂਰੇ ਸ਼ਬਦ ਦੇ ਅਰਥਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਪੂਰਾ ਸ਼ਬਦ ਇਸ ਤਰਾਂ ਹੈ-

ਆਸਾ ਮਹਲਾ ੧ ਚਉਪਦੇ (੩੫੬)

ਵਿਦਿਆ ਵੀਚਾਰੀ ਤਾਂ ਪਰਉਪਕਾਰੀ।। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ।। ੧।।

ਘੁੰਘਰੂ ਵਾਜੈ ਜੇ ਮਨੁ ਲਾਗੈ।। ਤਉ ਜਮੁ ਕਹਾ ਕਰੇ ਮੋ ਸਿਉ ਆਗੈ।। ੨।। ਰਹਾਉ।।

ਆਸ ਨਿਰਾਸੀ ਤਉ ਸੰਨਿਆਸੀ।। ਜਾਂ ਜਤੁ ਜੋਗੀ ਤਾਂ ਕਾਇਆ ਭੋਗੀ।। ੨।।

ਦਇਆ ਦਿਗੰਬਰ ਦੇਹ ਬੀਚਾਰੀ।। ਆਪਿ ਮਰੈ ਅਵਰਾ ਨਹ ਮਾਰੀ।। ੩।।

ਏਕੁ ਤੂ ਹੋਰਿ ਵੇਸ ਬਹੁ ਤੇਰੇ।। ਨਾਨਕੁ ਜਾਣੈ ਚੋਜ ਨ ਤੇਰੇ।। ੪।। ੨੫।।

ਅਰਥ-ਵਿਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੇ ਕਿ ਉਹ ਵਿਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ।। ੧।।

ਜੇ ਮੇਰਾ ਮਨ ਪ੍ਰਭੂ ਚਰਨਾਂ ਵਿੱਚ ਜੁੜਣਾ ਸਿੱਖ ਗਿਆ ਹੈ ਤਦੋਂ ਹੀ ਭਗਤੀਆ ਬਣ ਕੇ ਘੁੰਘਰੂ ਵਜਾਣੇ ਸਫਲ ਹਨ। ਫਿਰ ਪਰਲੋਕ ਵਿੱਚ ਜਮ ਮੇਰਾ ਕੁੱਝ ਵੀ ਨਹੀਂ ਵਿਗਾੜ ਸਕਦਾ।। ੧।। ਰਹਾਉ।।

ਜੇ ਸਭ ਮਾਇਕ ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ। ਜੇ ਗ੍ਰਹਿਸਤੀ ਹੁੰਦਿਆਂ ਜੋਗੀ ਵਾਲਾ ਜਤ ਕਾਇਮ ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ।। ੨।।

ਜੇ ਹਿਰਦੇ ਵਿੱਚ ਦਇਆ ਹੈ, ਜੇ ਸਰੀਰ ਨੂੰ ਵਿਕਾਰਾਂ ਵਲੋਂ ਪਵਿਤ੍ਰ ਰੱਖਣ ਦੀ ਵਿਚਾਰ ਵਾਲਾ ਭੀ ਹੈ ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ) ਹੈ। ਜੋ ਮਨੁੱਖ ਆਪ ਵਿਕਾਰਾਂ ਵਲੋਂ ਮਰਿਆ ਹੋਇਆ ਹੈ ਉਹੀ ਹੈ ਅਸਲ ਅਹਿੰਸਾ-ਵਾਦੀ ਜੋ ਹੋਰਨਾਂ ਨੂੰ ਨਹੀਂ ਮਾਰਦਾ।। ੩।।

ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿੱਚ ਤੂੰ ਆਪ ਮੌਜੂਦ ਹੈ। ਨਾਨਕ ਵਿਚਾਰਾ ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ।। ੪।। ੨੫।।

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਵਲੋਂ ਇਸ ਪੂਰੇ ਸ਼ਬਦ ਅੰਦਰ ਇਸ ਪੱਖ ਨੂੰ ਬਾਰ-ਬਾਰ ਦਰਸਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਸਹੀਂ ਅਰਥਾਂ ਵਿੱਚ ਗਿਆਨਵਾਨ, ਤੀਰਥਵਾਸੀ, ਭਗਤੀਆ, ਸੰਨਿਆਸੀ, ਗ੍ਰਿਹਸਤੀ, ਦਿਆਲੂ, ਦਿਗੰਬਰ, ਅਹਿੰਸਾਵਾਦੀ ਆਦਿ ਤਾਂ ਹੀ ਬਣ ਸਕਦੇ ਹਾਂ ਜੇਕਰ ਇਨ੍ਹਾਂ ਨਾਲ ਸਬੰਧਿਤ ਸਹੀ ਗੁਣ, ਜੋ ਗੁਰੂ ਪ੍ਰਮੇਸ਼ਰ ਦਰ ਤੇ ਪ੍ਰਵਾਨਿਤ ਕਰਾ ਸਕਣ, ਜੀਵਨ ਅੰਦਰ ਧਾਰਨ ਕਰ ਲਏ ਜਾਣ। ਜਿਵੇਂ ਵਿਸ਼ਾ ਅਧੀਨ ਪਾਵਨ ਫੁਰਮਾਣ ਰਾਹੀਂ ਇਹ ਦਰਸਾਇਆ ਹੈ ਕਿ ਵਿਦਿਆ ਪ੍ਰਾਪਤ ਕਰਕੇ ਮਨੁੱਖ ਅੰਦਰ ਪਰਉਪਕਾਰਤਾ (ਦੁਜਿਆਂ ਦੀ ਨਿਰਸੁਆਰਥ ਹੋ ਕੇ ਬਿਨਾਂ ਕਿਸੇ ਵਿਤਕਰੇ ਤੋਂ ਸਹਾਇਤਾ) ਵਾਲਾ ਸਦਗੁਣ ਜੀਵਨ ਦਾ ਸਦੀਵੀ ਹਿੱਸਾ ਬਣ ਜਾਣਾ ਚਾਹੀਦਾ ਹੈ।

ਸਿਖਿਆ:-ਸਾਨੂੰ ਦੁਨਿਆਵੀ, ਪਰਿਵਾਰਕ, ਸਮਾਜਕ, ਅਧਿਆਤਮਕ, ਵਿਦਿਅਕ ਪ੍ਰਾਪਤੀਆਂ ਕਰਨ ਲਈ ਗੁਰੂ ਦੱਸੀ ਜੀਵਨ-ਜੁਗਤ ਅਨੁਸਾਰ ਹਰ ਸਮੇਂ ਯਤਨ ਜ਼ਰੂਰ ਕਰਨੇ ਚਾਹੀਦੇ ਹਨ, ਇਸ ਪਾਸੇ ਤਨ-ਮਨ-ਧਨ ਨਾਲ ਲੱਗੇ ਰਹਿਣ ਦੀ ਲੋੜ ਹੈ ਅਤੇ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੀ ਮਨੁੱਖਤਾ ਦੇ ਭਲੇ ਹਿਤ ਸਦ-ਵਰਤੋਂ ਹੀ ਕਰਨੀ ਚਾਹੀਦੀ ਹੈ। ਪਰ ਗੁਰੂ ਕ੍ਰਿਪਾ ਨਾਲ ਹੋਈਆਂ ਪ੍ਰਾਪਤੀਆਂ ਦਾ ਕਦੀ ਵੀ ਮਾਣ-ਅਹੰਕਾਰ ਨਹੀਂ ਕਰਨਾ ਚਾਹੀਦਾ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਗੁਰੂ ਨਾਨਕ ਸਾਹਿਬ ਦੇ ਇਸ ਪਾਵਨ ਬਚਨ ਨੂੰ ਕੇਵਲ ਪੜਿਆ-ਸੁਣਿਆ ਹੀ ਹੈ, ਸਮਝਿਆ ਕੋਈ ਨਹੀਂ।

========

ਇਸ ਲੇਖ ਰਾਹੀਂ ਦਿਤਾ ਗਿਆ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.