.

ਗੁਰੂ ਗਰੰਥ ਸਾਹਿਬ ਮਨੁੱਖਤਾ ਲਈ ਇੱਕ ਉੱਚੇ ਆਚਰਨ ਦਾ ਸੋਮਾ

Guru Granth Sahib, A Character builder for mankind

ਮਨੁੱਖ ਇੱਕ ਸਮਾਜਕ ਪ੍ਰਾਣੀ ਹੈ, ਇਸ ਲਈ ਇੱਕ ਪਰਿਵਾਰ ਦੀ ਤਰਾਂ ਰਹਿੰਦਾ ਹੈ। ਘਰ, ਮੁਹੱਲੇ, ਸ਼ਹਿਰ, ਪ੍ਰਾਂਤ, ਦੇਸ਼, ਵਿਸ਼ਵ ਵਿੱਚ ਸਭ ਦੇ ਆਪਣੇ ਆਪਣੇ ਨਿਯਮ ਜਾਂ ਕਾਨੂੰਨ ਹੁੰਦੇ ਹਨ। ਇਹ ਸਾਰੇ ਨਿਯਮ ਆਪਸ ਵਿੱਚ ਭਿੰਨ ਵੀ ਹੋ ਸਕਦੇ ਹਨ, ਜਿਸ ਕਰਕੇ ਅਕਸਰ ਆਪਸ ਵਿੱਚ ਝਗੜੇ ਤੇ ਲੜਾਂਈਆਂ ਵੀ ਹੁੰਦੀਆਂ ਰਹਿੰਦੀਆਂ ਹਨ। ਇਲਾਕੇ ਦੇ ਨਿਯਮਾਂ ਦੀ ਪਾਲਣਾਂ ਕਰਨ ਨਾਲ, ਅਸੀਂ ਉਨ੍ਹਾਂ ਲੋਕਾਂ ਵਿੱਚ ਤਾਂ ਪ੍ਰਵਾਨ ਹੋ ਸਕਦੇ ਹਾਂ। ਪਰ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਦੀ ਪਾਲਣਾ ਕਰਨ ਨਾਲ ਸਦੀਵੀ ਸੁਖ ਪਾਇਆ ਜਾ ਸਕੇ।

ਅਕਾਲ ਪੁਰਖ ਦੇ ਹੁਕਮੁ ਅਨੁਸਾਰ ਪੂਰੀ ਸ੍ਰਿਸ਼ਟੀ ਵਿੱਚ ਸਭ ਕੁੱਝ ਬਹੁਤ ਠੀਕ ਤੇ ਸੁਚੱਜੇ ਤਰੀਕੇ ਨਾਲ ਸਦੀਆਂ ਤੋਂ ਚਲਦਾ ਆ ਰਿਹਾ ਹੈ। ਇਸ ਲਈ ਜੇਕਰ ਅਸੀਂ ਸਦੀਵੀ ਸੁਖ ਪਾਉਣ ਚਾਹੁੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੇ ਹੁਕਮੁ (ਨਿਯਮ, ਸਿਸਟਮ) ਨੂੰ ਸਮਝਣਾ ਪਵੇਗਾ ਤੇ ਉਸ ਹੁਕਮੁ ਅਨੁਸਾਰ ਅਨੁਸਾਰ ਚਲਣਾ ਪਵੇਗਾ। ਗੁਰੂ ਸਾਹਿਬਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾਇਆ ਹੈ, ਕਿ ਜੇਕਰ ਅਸੀਂ ਧਰਮ ਦੀ ਸਿਖਿਆ ਲੈਣਾ ਚਾਹੁੰਦੇ ਹਾਂ, ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਆਪਣੇ ਸਰੀਰ ਕੋਲੋਂ ਹੀ ਲੈ ਸਕਦੇ ਹਾਂ। ਮਨੁੱਖਾ ਸਰੀਰ ਦਾ ਹਰੇਕ ਅੰਗ ਬਾਕੀ ਸਭ ਦੂਸਰੇ ਅੰਗਾਂ ਲਈ ਕੰਮ ਕਰਦਾ ਹੈ ਜਾਂ ਉਨ੍ਹਾਂ ਦੀ ਸਹਾਇਤਾ ਕਰਦਾ ਹੈ, ਪਰੰਤੂ ਬਦਲੇ ਵਿੱਚ ਕੁੱਝ ਨਹੀਂ ਮੰਗਦਾ।

ਪਉੜੀ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥ (੩੦੯, ੩੧੦)

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਿੱਖ ਧਰਮ ਦੇ ਮੁਢਲੇ ਸਿਧਾਂਤ ਨੂੰ ਸਮਝਾ ਦਿੱਤਾ ਹੈ, ਕਿ ਜੇ ਕਰ ਅਕਾਲ ਪੁਰਖ ਨੂੰ ਪਾਉਣਾਂ ਚਾਹੁੰਦੇ ਹਾਂ, ਤਾਂ ਅਕਾਲ ਪੁਰਖ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (1)

ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖ (God) ਦਾ ਦਰਜਾ ਦੇ ਦਿਤਾ ਤੇ ਕਿਸੇ ਨੇ ਹੋਰ ਜੀਵ ਜੰਤੂ ਜਾਂ ਸਥਾਨ ਨੂੰ ਦੇ ਦਿਤਾ। ਪਰੰਤੂ ਇਹ ਸਭ ਕੁੱਝ ਤਾਂ ਖੁਦ ਅਕਾਲ ਪੁਰਖ ਦੇ ਆਪਣੇ ਬਣਾਏ ਹੋਏ ਹਨ, ਜੋ ਕਿ ਨਾਸ਼ਵੰਤ ਹਨ। ਜੇ ਅਕਾਲ ਪੁਰਖ ਦਾ ਹੀ ਨਾਸ ਹੋ ਗਿਆ ਤਾਂ ਬਾਕੀ ਕੀ ਰਹਿ ਜਾਵੇਗਾ। ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਅੰਕਿਤ ਅਕਾਲ ਪੁਰਖ ਦੀ ਪਰਿਭਾਸ਼ਾ, ਅਕਾਲ ਪੁਰਖ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਣ ਦਾ ਇੱਕ ਪਹਿਲਾ ਆਰੰਭ ਹੈ। ਇਸ ਨੂੰ ਅਕਾਲ ਪੁਰਖ ਸਬੰਧੀ ਸਾਇੰਸ ਦਾ ਮੁੱਢ ਵੀ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ, ਬਲਕਿ ਪੂਰਨ, ਉੱਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (੧)

ਇਸ ਸੰਸਾਰ ਨੂੰ ਚਲਾਉਂਣ ਵਾਲਾ ਨਾ ਤਾਂ ਕੋਈ ਮਨੁੱਖ ਹੋ ਸਕਦਾ ਹੈ ਤੇ ਨਾ ਹੀ ਕੋਈ ਜੀਵ ਜੰਤੂ ਜਾਂ ਵਸਤੂ, ਕਿਉਂਕਿ ਇਹ ਸਾਰੇ ਨਾਸ਼ਵੰਤ ਹਨ, ਤੇ ਸਦੀਵੀ ਕਾਲ ਲਈ ਨਹੀਂ ਰਹਿ ਸਕਦੇ। ਅਕਾਲ ਪੁਰਖ ਕੋਈ ਨਿਯਮ, ਅਸੂਲ ਜਾਂ ਸਿਸਟਮ ਹੀ ਹੋ ਸਕਦਾ ਹੈ, ਜਿਸ ਦੀ ਸੀਮਾਂ ਬੇਅੰਤ ਹੈ, ਇਸ ਲਈ ਦੁਨਿਆਵੀ ਲਫਜ਼ਾਂ ਵਿੱਚ ਕਿਸੇ ਖਾਸ ਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅਜੇਹਾ ਧਰਮ ਜਿਸ ਨਾਲ ਸੱਚੀ ਜਾਣਕਾਰੀ ਹਾਸਲ ਹੋਵੇ ਤੇ ਜੀਵਨ ਸਬੰਧੀ ਸਹੀ ਸੇਧ ਮਿਲ ਸਕੇ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਸਬਦ ਦਾ ਨਾਮੁ ਦਿੱਤਾ ਹੈ। ਅਕਾਲ ਪੁਰਖ ਦੇ ਹੁਕਮੁ ਵਿੱਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ। ਨਾਸ ਤੋਂ ਬਾਅਦ ਫਿਰ ਅਕਾਲ ਪੁਰਖ ਦੇ ਹੁਕਮੁ ਵਿੱਚ ਜਗਤ ਦੀ ਉਤਪੱਤੀ ਹੁੰਦੀ ਰਹਿੰਦੀ ਹੈ। ਸਬਦ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਸੋਝੀ ਮਿਲਣ ਨਾਲ ਇਹ ਨਿਸਚਾ ਹੋ ਜਾਂਦਾ ਹੈ, ਕਿ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਤੇ ਹਰੇਕ ਥਾਂ ਆਪ ਹੀ ਮੌਜੂਦ ਹੈ, ਉਹ ਜਗਤ ਨੂੰ ਪੈਦਾ ਕਰ ਕੇ ਉਸ ਵਿੱਚ ਲੀਨ ਹੋ ਰਿਹਾ ਹੈ।

ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸਬਦ ਸਾਬਤ ਕਰਦੇ ਹਨ, ਕਿ ਗੁਰੂ ਨਾਨਕ ਸਾਹਿਬ ਨੂੰ ਜਿਥੇ ੧੦੦ ਤੋਂ ਵੱਧ ਭਾਸ਼ਾਵਾ ਦਾ ਗਿਆਨ ਸੀ, ਉਥੇ ਰੋਜਾਨਾ ਜੀਵਨ ਦੀ ਸਿਖਿਆ ਤੋ ਇਲਾਵਾ, ਹੋਰ ਬਹੁਤ ਸਾਰੇ ਵਿਸ਼ਿਆਂ ਸਬੰਧੀ ਡੂੰਘੀ ਜਾਣਕਾਰੀ ਸੀ, ਜਿਸ ਤਰ੍ਹਾਂ ਕਿ ਭੌਤਿਕ ਵਿਗਿਆਨ (Physics), ਰਸਾਨਿਕ ਵਿਗਿਆਨ (Chemistry), ਭੂਗੋਲ ਵਿਗਿਆਨ (Geography), ਆਕਾਸ਼ ਮੰਡਲ (Astronomy), ਜੀਵ ਵਿਗਿਆਨ (Biology), ਬਨਸਪਤੀ ਵਿਗਿਆਨ (Botony), ਮਨੋਵਿਗਿਆਨ (Psychology), ਆਦਿ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਤਾਂ ਆਪਣੇ ਆਪ ਵਿੱਚ ਇੱਕ ਪ੍ਰਮਾਣ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਗੁਰਮੁੱਖੀ ਲਿਪੀ ਤੇ ਉਸ ਦੇ ਅੰਦਰ ਦੀ ਵਿਆਕਰਨ ਬਾਰੇ ਨਿੰਪੁਨਤਾ ਸੀ। ਗੁਰਬਾਣੀ ਦੁਆਰਾ ਸਮਾਜਿਕ, ਰਾਜਨੀਤਕ, ਪਰਿਵਾਰਿਕ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨ, ਆਦਿ ਸੱਭ ਤਰ੍ਹਾਂ ਦੇ ਵਿਸ਼ਿਆ ਸਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ।

http://www.geocities.ws/sarbjitsingh/Bani5111GurMag20121124.pdf

http://www.sikhmarg.com/2012/1125-nanak-gian.html,

ਜਪੁਜੀ ਸਾਹਿਬ ਦੀ ਦੂਸਰੀ ਪੌੜੀ ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਨੇ ਤਰੀਕਾ ਵੀ ਸਮਝਾ ਦਿਤਾ, ਕਿ ਜੀਵਨ ਵਿੱਚ ਸੁਧਾਰ ਕਿਸ ਤਰ੍ਹਾ ਲਿਆਉਣਾਂ ਹੈ। ਜੇ ਕੋਈ ਮਨੁੱਖ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਲਏ, ਤਾਂ ਫਿਰ ਉਹ ਹਉਮੈ ਦੀਆਂ ਗੱਲਾਂ ਨਹੀਂ ਕਰਦਾ, ਭਾਵ ਉਹ ਹਉਮੈ ਵਾਲਾ ਜੀਵਨ ਛੱਡ ਦੇਂਦਾ ਹੈ। "ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥" (੧) ਸਾਡੇ ਦੁਖਾਂ ਦਾ ਕਾਰਣ ਸਾਡੀ ਹਉਮੈ ਹੈ। ਇਹ ਹਉਮੈ ਹੀ ਹੈ, ਜਿਸ ਕਰਕੇ ਮਨੁੱਖ ਵਿਕਾਰੀ ਬਣ ਜਾਂਦਾ ਹੈ। ਦੂਸਰਿਆਂ ਤੇ ਜੁਲਮ ਕਰਦਾ ਹੈ। ਹਾਕਮ, ਨੇਤਾ ਜਾਂ ਅਫਸਰ, ਹਉਮੈ ਕਰਕੇ ਅਕਸਰ ਆਪਣੇ ਵੀਚਾਰ ਭਾਵੇ ਠੀਕ ਹੋਣ ਜਾਂ ਗਲਤ ਹੇਠਲਿਆਂ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਕਰ ਵਿਚਾਰ ਠੀਕ ਹੈ ਤਾਂ ਉਹ ਇਲਾਕਾ ਤਰੱਕੀ ਵਲ ਜਾਂਦਾ ਹੈ, ਨਹੀਂ ਤਾਂ ਬਰਬਾਦੀ ਵਲ ਜਾ ਸਕਦਾ ਹੈ। ਅਗਰ ਹਾਕਮ ਆਪਣੇ ਵਿਚਾਰ ਨੂੰ ਤਿਆਗ ਕੇ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਪ੍ਰਬੰਧ ਚਲਾਏਗਾ, ਤਾਂ ਉਹ ਇਲਾਕਾ ਹਮੇਸ਼ਾਂ ਤਰੱਕੀ ਵਲ ਜਾਵੇਗਾ। ਹਉਮੈ ਵਾਲੇ ਇਨਸਾਨਾਂ ਵਿੱਚ ਕ੍ਰੋਧ, ਬਲੱਡ ਪਰੈਸ਼ਰ ਤੇ ਦਿੱਲ ਦੀਆਂ ਬੀਮਾਰੀਆਂ ਅਕਸਰ ਵੇਖੀਆਂ ਜਾਂਦੀਆਂ ਹਨ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ ੨॥ ( 466)

ਜਦੋਂ ਜੀਵ ਨੂੰ ਸਮਝ ਆਉਂਦੀ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੁਕਮੁ ਵਿੱਚ ਹੋ ਰਿਹਾ ਹੈ, ਤੇ ਜੀਵ ਆਪ ਕੁੱਝ ਵੀ ਨਹੀਂ ਕਰ ਸਕਦਾ, ਤਾਂ ਫਿਰ ਜੀਵ ਮੇਰਾ ਮੇਰਾ ਕਰਨ ਦੀ ਬਜਾਏ, ਆਪਣੇ ਹਿਰਦੇ ਤੋਂ ਤੇਰਾ ਤੇਰਾ ਕਹਿਣਾਂ ਸ਼ੁਰੂ ਕਰ ਦਿੰਦਾਂ ਹੈ। ਉਸ ਦੀ ਹਉਮੈ ਘਟਨੀ ਸ਼ੁਰੂ ਹੋ ਜਾਂਦੀ ਹੈ। ਜਿਸ ਸਦਕਾ ਉਸ ਦੀ ਅਕਾਲ ਪੁਰਖੁ ਨਾਲ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਉਸ ਦੇ ਦੁਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ।

ਅਕਾਲ ਪੁਰਖੁ ਆਪ ਹੀ ਆਪਣੇ ਗੁਣ ਹੈ, ਆਪ ਹੀ ਉਨ੍ਹਾਂ ਗੁਣਾਂ ਨੂੰ ਬਿਆਨ ਕਰਦਾ ਹੈ, ਆਪ ਹੀ ਆਪਣੀ ਸਿਫ਼ਤਿ ਸਾਲਾਹ ਸੁਣ ਕੇ ਉਸ ਨੂੰ ਵਿਚਾਰਦਾ ਹੈ, ਤੇ ਉਸ ਵਿੱਚ ਸੁਰਤਿ ਜੋੜਦਾ ਹੈ। ਅਕਾਲ ਪੁਰਖੁ ਆਪ ਹੀ ਆਪਣਾ ਨਾਮੁ ਰੂਪ ਰਤਨ ਹੈ, ਤੇ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈ, ਉਹ ਆਪ ਹੀ ਆਪਣੇ ਨਾਮੁ ਰੂਪੀ ਰਤਨ ਦਾ ਬੇਅੰਤ ਮੁੱਲ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਇਹ ਜੀਵਨ ਦਾ ਸਫ਼ਰ ਮਨੁੱਖ ਵਾਸਤੇ ਘੁੱਪ ਹਨੇਰਾ ਹੈ। ਗੁਰੂ ਦੇ ਸ਼ਬਦ ਦੁਆਰਾ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਨਾਲ ਜਾਣ ਪਛਾਣ ਬਣ ਸਕਦੀ ਹੈ। ਜਿਨ੍ਹਾਂ ਬੰਦਿਆਂ ਨੇ ਅਕਾਲ ਪੁਰਖੁ ਨਾਲ ਸਾਂਝ ਪਾ ਲਈ ਹੈ, ਉਹ ਹਉਮੈ ਤੇ ਤ੍ਰਿਸ਼ਨਾ ਉਪਰ ਕਾਬੂ ਰੱਖ ਕੇ ਸਦਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਅਕਾਲ ਪੁਰਖੁ ਹਰੇਕ ਜੀਵ ਜੰਤੂ ਤੇ ਵਸਤੂ ਨੂੰ ਪੈਦਾ ਕਰਨ ਵਾਲਾ ਖੁਦ ਆਪ ਹੀ ਹੈ। ਇਸ ਲਈ ਹਮੇਸ਼ਾਂ ਇਹੀ ਬੇਨਤੀ ਕਰਨੀ ਹੈ, ਕਿ ਹੇ ਅਕਾਲ ਪੁਰਖੁ! ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੈਨੂੰ ਆਪਣੇ ਹੁਕਮੁ ਤੇ ਰਜਾ ਵਿੱਚ ਰੱਖੋ। ਮੇਰੇ ਤੇ ਮਿਹਰ ਕਰੋ ਤਾਂ ਜੋ ਮੈਨੂੰ ਤੁਹਾਡਾ ਨਾਮੁ ਮਿਲ ਜਾਏ। ਕਿਉਂਕਿ ਅਕਾਲ ਪੁਰਖੁ ਦਾ ਨਾਮੁ ਹੀ ਮਨੁੱਖ ਵਾਸਤੇ ਸਭ ਤੋਂ ਚੰਗਾ ਕਰਮ ਹੈ, ਜਿਸ ਨਾਲ ਮਨੁੱਖ ਦਾ ਚੰਗਾ ਆਚਰਨ ਬਣਾ ਸਕਦਾ ਹੈ।

ਹਰਿ ਜੀਉ ਤੂੰ ਕਰਤਾ ਕਰਤਾਰੁ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ॥ ੧॥ ਰਹਾਉ॥ (੫੪, ੫੫)

ਜੀਵਨ ਦੀ ਅਸਲੀ ਸਿਖਿਆ ਡਿਗਰੀਆਂ ਲੈਂਣ ਨਾਲ ਨਹੀਂ ਮਿਲਦੀ, ਦੁਨਿਆਵੀ ਸਿਖਿਆ ਦੇ ਨਾਲ ਨਾਲ ਆਪਣਾ ਆਚਰਨ ਵੀ ਉੱਚਾ ਬਣਾਣਾ ਹੈ। ਆਚਰਨ ਇੱਕ ਦਰੱਖਤ ਦੀ ਤਰ੍ਹਾਂ ਹੈ, ਜਿਸ ਤੋਂ ਫਲ ਤੇ ਠੰਡੀ ਛਾਂ ਪ੍ਰਾਪਤ ਹੋ ਸਕਦੀ ਹੈ, ਡਿਗਰੀ ਇੱਕ ਦਰੱਖਤ ਦੇ ਪਰਛਾਂਵੇ ਦੀ ਤਰ੍ਹਾਂ ਹੈ, ਜਿਸ ਦੀ ਇੱਕ ਚੰਗੇ ਆਚਰਨ (ਦਰੱਖਤ) ਤੋਂ ਬਿਨਾ ਕੋਈ ਕੀਮਤ ਨਹੀਂ। ਪਰੰਤੂ ਅਫਸੋਸ ਕਿ ਜਿਆਦਾ ਤਰ ਲੋਕ ਪਰਛਾਂਵੇ ਪਿਛੇ ਹੀ ਭੱਜਦੇ ਹਨ ਤੇ ਦਰੱਖਤ ਨੂੰ ਭੁਲ ਜਾਂਦੇ ਹਨ। ਜਿਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿੱਚ ਮਿਲ ਬੈਠਦਾ ਹੈ, ਗੁਰੂ ਆਸ਼ੇ ਅਨੁਸਾਰ ਚਲਦਾ ਹੈ, ਸੁਰਤਿ ਸ਼ਬਦ ਵਿਚਾਰ ਵਿੱਚ ਜੋੜੀ ਰੱਖਦਾ ਹੈ, ਤਾਂ ਉਸ ਮਨੁੱਖ ਦੇ ਮਨ ਵਿੱਚ ਸੰਤੋਖ ਆ ਵਸਦਾ ਹੈ, ਤੇ ਉਸ ਦੇ ਮਨ ਅੰਦਰ ਸਦਾ ਅਨੰਦ ਬਣਿਆ ਰਹਿੰਦਾ ਹੈ।

ਸਿਖਿਆਂ ਦਾ ਮੰਤਵ ਇਹੀ ਹੈ ਕਿ ਮਨੁੱਖ ਅੰਦਰ ਹਰੇਕ ਕੰਮ ਕਰਨ ਲਈ ਜਾਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਡੂੰਘੀ ਸੋਚ ਵੀਚਾਰ ਕਰਨ ਦੀ ਆਦਤ ਬਣ ਜਾਵੇ। ਮਨੁੱਖ ਦੀ ਲਿਆਕਤ ਤੇ ਆਚਰਨ ਹੀ ਉਸ ਨੂੰ ਜੀਵਨ ਦੀ ਸੱਚੀ ਸਫਲਤਾ ਵਲ ਲਿਜਾ ਸਕਦੇ ਹਨ।

ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿੱਚ ਚਲਣਾ ਹੀ ਸਹੀ ਕਾਰ ਹੈ, ਇਸ ਲਈ ਉਸ ਅਕਾਲ ਪੁਰਖੁ ਦੇ ਚਰਨਾਂ ਨਾਲ ਲਿਵ ਜੋੜਨੀ ਚਾਹੀਦੀ ਹੈ, ਜਿਸ ਨੇ ਇਹ ਸਰੀਰ ਤੇ ਮਨ ਨੂੰ ਪੈਦਾ ਕੀਤਾ ਹੈ ਤੇ ਇਨ੍ਹਾਂ ਨੂੰ ਸੋਹਣਾ ਬਣਾਇਆ ਹੈ। ਮਨ ਦੇ ਹਠ ਨਾਲ ਜਾਂ ਸਰੀਰ ਨੂੰ ਕਸ਼ਟ ਦੇ ਕੇ ਭਾਵੇਂ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਵੀ ਮਨ ਵਿਚੋਂ ਹਉਮੈ ਦਾ ਰੋਗ ਦੂਰ ਨਹੀਂ ਹੁੰਦਾ। ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਲੈਂਦਾ ਹੈ, ਉਹ ਮਨੁੱਖ ਹਉਮੈ ਦੇ ਰੋਗ ਤੋਂ ਬਚਿਆ ਰਹਿੰਦਾ ਹੈ। ਹਰੇਕ ਕਰਮ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਤੋਂ ਘਟੀਆ ਹੈ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਕੀਤਾ ਗਿਆ ਕਰਮ, ਬਾਕੀ ਸਭ ਤਰ੍ਹਾਂ ਦੇ ਕੀਤੇ ਗਏ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਤੇ ਸੱਚਾ ਆਚਰਨ ਹੈ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (੬੨)

ਉੱਚਾ ਆਚਰਨ ਤੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਦੀ ਮਹਾਨਤਾ ਉਹੀ ਮਨੁੱਖ ਸਮਝ ਸਕਦਾ ਹੈ, ਜਿਸ ਨੇ ਆਪਣੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਕੀਤੇ ਹੋਣ।

ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ (੫)

ਆਪਣੀ ਮਸ਼ਹੂਰੀ ਬਣਾਣ ਦੀ ਬਜਾਏ ਆਪਣੇ ਆਚਰਨ ਨੂੰ ਉੱਚਾ ਬਣਾਣਾ ਹੈ। ਕਿਉਂਕਿ ਆਚਰਨ ਇੱਕ ਅਸਲੀਅਤ ਤੇ ਸਚਾਈ ਹੈ, ਜਦੋਂ ਕਿ ਮਸ਼ਹੂਰੀ ਤਾਂ ਸਿਰਫ ਇਹੀ ਹੈ ਕਿ ਲੋਕੀ ਸਾਡੇ ਬਾਰੇ ਕੀ ਸੋਚਦੇ ਹਨ।

ਅਸੀ ਜੀਵ ਇਸਤਰੀਆਂ ਗੱਲਾਂ ਵਿੱਚ ਤਾਂ ਬਹੁਤ ਸੁਚੱਜੀਆਂ ਕਰਦੀਆਂ ਹਾਂ, ਪਰੰਤੂ ਆਚਰਨ ਦੀਆਂ ਬਹੁਤ ਮਾੜੀਆਂ ਹਾਂ। ਵਿਕਾਰਾਂ ਨਾਲ ਭਰੀਆਂ ਹੋਣ ਕਰਕੇ ਅਸੀਂ ਆਪਣੇ ਮਨ ਅੰਦਰੋਂ ਖੋਟੀਆਂ ਤੇ ਕਾਲੀਆਂ ਹਾਂ, ਪਰੰਤੂ ਬਾਹਰੋਂ ਬਹੁਤ ਸਾਫ਼ ਸੁਥਰੀਆਂ ਬਣਨ ਦੀ ਕੋਸ਼ਿਸ਼ ਕਰਦੀਆਂ ਹਾਂ। ਅਸੀਂ ਰੀਸਾਂ ਤਾਂ ਉਨ੍ਹਾਂ ਸੁਹਾਗਣਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਆਪਣੇ ਖਸਮ ਅਕਾਲ ਪੁਰਖੁ ਦੇ ਪਿਆਰ ਵਿੱਚ ਭਿੱਜੀਆਂ ਰਹਿੰਦੀਆਂ ਹਨ ਤੇ ਆਤਮਿਕ ਆਨੰਦ ਮਾਣਦੀਆਂ ਰਹਿੰਦੀਆਂ ਹਨ। ਅਜੇਹੀਆਂ ਸੁਹਾਗਣਾਂ ਇਤਨੇ ਗੁਣ ਹੁੰਦਿਆਂ ਹੋਇਆਂ ਵੀ ਨਿਰਮਾਣੀਆਂ ਬਣ ਕੇ ਰਹਿੰਦੀਆਂ ਹਨ। ਇਸ ਲਈ ਸਾਡਾ ਮਨੁੱਖਾ ਜਨਮ ਤਾਂ ਹੀ ਸਫਲ ਹੋ ਸਕਦਾ ਹੈ, ਜੇਕਰ ਅਸੀਂ ਵੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿੱਚ ਰਹਿ ਕੇ ਇੱਕ ਸੁਚੱਜੇ ਜੀਵਨ ਦੀ ਜਾਚ ਸਿੱਖੀਏ।

ਮਃ ੧॥ ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (੮੪, ੮੫)

ਜੇਕਰ ਕਿਸੇ ਮਨੁੱਖ ਆਚਰਨ ਜਾਨਣਾ ਹੋਵੇ ਤਾਂ ਇਹ ਵੇਖਣਾਂ ਚਾਹੀਦਾ ਹੈ ਕਿ ਉਸ ਦਾ ਉਨ੍ਹਾਂ ਲੋਕਾਂ ਪ੍ਰਤੀ ਕਿਸ ਤਰ੍ਹਾ ਦਾ ਵਤੀਰਾ ਹੈ, ਜਿਹੜੇ ਕਿ ਉਸ ਲਈ ਕੁੱਝ ਕੰਮ ਨਹੀਂ ਕਰ ਸਕਦੇ ਹਨ, ਜਾਂ ਉਸ ਦਾ ਕੋਈ ਫਾਇਦਾ ਨਹੀਂ ਕਰ ਸਕਦੇ।

ਮੁਸ਼ਕਲ ਦੇ ਸਮੇਂ ਵਿੱਚ ਤਾਂ ਸਾਰੇ ਆਪਣਾ ਵਤੀਰਾ ਚੰਗਾ ਵਖਾਉਂਦੇ ਹਨ, ਪਰੰਤੂ ਉਨ੍ਹਾਂ ਦੀ ਅਸਲੀਅਤ ਤਾਂ ਉਸ ਸਮੇਂ ਪਤਾ ਲਗਦੀ ਹੈ, ਜਦੋਂ ਉਨ੍ਹਾਂ ਨੂੰ ਤਾਕਤ ਜਾਂ ਕੁਰਸੀ ਮਿਲ ਜਾਂਦੀ ਹੈ।

ਮਨੁੱਖ ਦਾ ਅਸਲੀ ਆਚਰਨ ਉਸ ਸਮੇਂ ਪਤਾ ਚਗਦਾ ਹੈ, ਜਦੋਂ ਉਸ ਨੂੰ ਕੋਈ ਵੇਖ ਨਾ ਰਿਹਾ ਹੋਵੇ। ਜਿਹੜੇ ਮਨੁੱਖ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਹਨ, ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ।

ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ ੧॥ (੪੮੮)

ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ, ਕਿਤੇ ਜੀਵ ਕਸ਼ਟ ਸਹਾਰਦੇ ਰਹਿੰਦੇ ਹਨ, ਕਿਤੇ ਕੋਈ ਧਨ ਵਾਲੇ ਹਨ ਤੇ ਕਿਤੇ ਕੰਗਾਲ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ ਖ਼ੁਸ਼ ਹੋ ਰਿਹਾ ਹੈ ਤੇ ਕਿਤੇ ਕੋਈ ਆਪਣੇ ਹਉਮੈਂ ਵਿੱਚ ਮਸਤ ਹੈ, ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿੱਚ ਫਸਿਆ ਹੋਇਆ ਹੈ ਤੇ ਕਿਤੇ ਹਾਥੀ ਘੋੜਿਆਂ, ਸੁੰਦਰ ਕਪੜਿਆਂ ਦੀ ਲਗਨ ਲੱਗੀ ਹੋਈ ਹੈ, ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿੱਚ ਮਸਤ ਹੈ। ਕਿਤੇ ਲੋਕ ਗੀਤ ਨਾਦ ਸੁਣ ਕੇ ਖ਼ੁਸ਼ ਹੋ ਰਹੇ ਹਨ, ਕਿਤੇ ਸੋਹਣੀ ਸੇਜਾਂ, ਹਾਰ ਸਿੰਗਾਰ ਤੇ ਮਹਲ ਮਾੜੀਆਂ ਦੀ ਲਾਲਸਾ ਹੈ। ਕਿਤੇ ਕੋਈ ਹਉਮੈ ਵਿੱਚ ਫਸਿਆ ਹੋਇਆ ਧਾਰਮਿਕ ਕੰਮ ਕਰ ਰਿਹਾ ਹੈ, ਕੋਈ ਗ੍ਰਿਹਸਤ ਵਿੱਚ ਫਸਿਆ ਹੋਇਆ ਹੈ ਤੇ ਕੋਈ ਉਦਾਸੀ ਰੂਪ ਵਿਚ, ਕਿਤੇ ਕੋਈ ਧਾਰਮਿਕ ਰਵਾਇਤਾਂ ਵਿੱਚ ਰੁਝਿਆ ਹੋਇਆ ਹੈ ਤੇ ਕੋਈ ਉੱਚੀ ਜਾਤਿ ਦੇ ਮਾਣ ਵਿੱਚ ਹੈ। ਅਕਾਲ ਪੁਰਖੁ ਦੀ ਰਚੀ ਹੋਈ ਮਾਇਆ ਅਨੇਕਾਂ ਤਰੀਕਿਆਂ ਨਾਲ ਜੀਵਾਂ ਉਤੇ ਪ੍ਰਭਾਵ ਪਾਈ ਰੱਖਦੀ ਹੈ ਤੇ ਜੀਵ ਨੂੰ ਆਤਮਕ ਮੌਤੇ ਮਾਰਦੀ ਰਹਿੰਦੀ ਹੈ। ਮਾਇਆ ਦਾ ਇਹ ਪ੍ਰਭਾਵ ਅਕਾਲ ਪੁਰਖੁ ਨੂੰ ਭੁਲਣ ਕਰਕੇ ਹੋ ਰਿਹਾ ਹੈ। ਅਕਾਲ ਪੁਰਖੁ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ ਤੇ ਫਿਰ ਮਾਇਆ ਉਨ੍ਹਾਂ ਉਪਰ ਆਪਣਾ ਜ਼ੋਰ ਨਹੀਂ ਪਾ ਸਕਦੀ। ਜਿਸ ਮਨੁੱਖ ਨੇ ਅਕਾਲ ਪੁਰਖੁ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ, ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ। ਅਕਾਲ ਪੁਰਖੁ ਦੇ ਸੇਵਕ ਉਸ ਦੇ ਨਾਮੁ ਦਾ ਆਸਰਾ ਲੈ ਕੇ ਆਤਮਕ ਜੀਵਨ ਦਾ ਆਨੰਦ ਮਾਣਦੇ ਰਹਿੰਦੇ ਹਨ।

ਮਾਇਆ ਬਿਆਪਤ ਬਹੁ ਪਰਕਾਰੀ॥ ਸੰਤ ਜੀਵਹਿ ਪ੍ਰਭ ਓਟ ਤੁਮਾਰੀ॥ ੧॥ ਰਹਾਉ॥ (੧੮੨)

ਅਕਾਲ ਪੁਰਖੁ ਦੇ ਗੁਣਾਂ ਦੀ ਵਿਚਾਰ ਵਾਲੀ ਪਵਿਤਰ ਬਾਣੀ ਮਨੁੱਖ ਦੀ ਭਟਕਣਾ ਮੁਕਾ ਦਿੰਦੀ ਹੈ, ਤੇ ਮਨੁੱਖ ਨੂੰ ਸਹਜ ਅਵਸਥਾ ਮਿਲ ਜਾਂਦੀ ਹੈ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਨੁੱਖ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਸਦਕਾ ਮਨੁੱਖ ਦੇ ਮਨ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਮਨੁੱਖ ਅਕਾਲ ਪੁਰਖੁ ਨੂੰ ਚੇਤੇ ਰੱਖਣ ਤੋਂ ਬਿਨਾ ਰਹਿ ਨਹੀਂ ਸਕਦਾ। ਅਕਾਲ ਪੁਰਖੁ ਦਾ ਨਾਮੁ ਜਪਣ ਸਦਕਾ ਮਨੁੱਖ ਦੇ ਮਨ ਅੰਦਰੋਂ ਮਾਇਕ ਪਦਾਰਥਾਂ ਦੇ ਚਸਕੇ ਦੂਰ ਹੋ ਜਾਂਦੇ ਹਨ, ਮਨ ਵਿੱਚ ਨਿੱਤ ਹੋ ਰਿਹਾ ਮਾਇਆ ਵਾਲਾ ਝਗੜਾ ਮਿਟ ਜਾਂਦਾ ਹੈ, ਤੇ ਹੰਕਾਰ ਖਤਮ ਹੋ ਜਾਂਦਾ ਹੈ। ਮਨੁੱਖ ਦਾ ਚਿੱਤ ਅਕਾਲ ਪੁਰਖੁ ਦੇ ਨਾਮੁ ਨਾਲ ਰੰਗਿਆ ਰਹਿੰਦਾ ਹੈ, ਤੇ ਉਸ ਬੇਅੰਤ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿੱਚ ਅਡੋਲ ਟਿਕਿਆ ਰਹਿੰਦਾ ਹੈ। ਜਾਤ ਪਾਤ ਵਰਨ ਤੇ ਲੋਕ ਲਾਜ ਲਈ ਕੀਤੇ ਜਾਣ ਵਾਲੇ ਧਰਮ ਕਰਮ ਕਰਨ ਦੀ ਆਦਤ ਖਤਮ ਹੋ ਜਾਂਦੀ ਹੈ। ਮਨੁੱਖ ਉਤੇ ਅਕਾਲ ਪੁਰਖੁ ਦੀ ਮਿਹਰ ਦੀ ਨਿਗਾਹ ਹੋਣ ਸਦਕਾ, ਹੁਣ ਉਸ ਨੂੰ ਆਤਮਕ ਸੁਖ ਮਿਲ ਜਾਂਦਾ ਹੈ।

ਸਾਦ ਰਹੇ ਬਾਦੰ ਅਹੰਕਾਰਾ॥ ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ॥ ਜਾਤਿ ਰਹੇ ਪਤਿ ਕੇ ਆਚਾਰਾ॥ ਦ੍ਰਿਸਟਿ ਭਈ ਸੁਖੁ ਆਤਮ ਧਾਰਾ॥ ੪॥ (੨੨੦, ੨੨੧)

ਗੁਰੂ ਸਾਹਿਬ ਸਮਝਾਂਦੇ ਹਨ ਕਿ, ਜਿਸ ਅਕਾਲ ਪੁਰਖੁ ਦੀ ਕ੍ਰਿਪਾ ਨਾਲ ਤੂੰ ਪੁੰਨ ਦਾਨ, ਦੁਨਿਆਵੀ ਕਾਰਜ, ਰੀਤਾਂ ਰਸਮਾਂ ਰਿਵਾਜ ਕਰਨ ਜੋਗਾ ਹੋਇਆ ਹੈ, ਉਸ ਅਕਾਲ ਪੁਰਖੁ ਨੂੰ ਆਪਣੇ ਹਰੇਕ ਸਵਾਸ ਨਾਲ ਚੇਤੇ ਕਰਦਾ ਰਿਹਾ ਕਰ ਤੇ ਗੁਰੂ ਦੀ ਕਿਰਪਾ ਨਾਲ ਦਿਨ ਰਾਤ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ॥ ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ॥ (੨੭੦)

ਅਕਾਲ ਪੁਰਖੁ ਦੀ ਇਸ ਰਚੀ ਹੋਈ ਦੁਨੀਆਂ ਵਿੱਚ ਕਈ ਕਰੋੜਾਂ ਤਰ੍ਹਾਂ ਦੇ ਪ੍ਰਾਣੀ ਹਨ, ਕਈ ਪੁਜਾਰੀ ਹਨ, ਕਈ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ, ਕਈ ਤੀਰਥਾਂ ਤੇ ਰਹਿੰਦੇ ਹਨ, ਕਈ ਜੰਗਲਾਂ ਵਿੱਚ ਫਿਰਦੇ ਰਹਿੰਦੇ ਹਨ, ਕਈ ਵੇਦਾਂ ਦਾ ਪਾਠ ਸੁਣਦੇ ਰਹਿੰਦੇ ਹਨ, ਕਈ ਤਪੀਏ ਬਣੇ ਹੋਏ ਹਨ, ਕਈ ਆਪਣੇ ਅੰਦਰ ਸੁਰਤਿ ਜੋੜ ਰਹੇ ਹਨ, ਕਈ ਕਰੋੜਾਂ ਰਚੀਆਂ ਕਵਿਤਾਵਾਂ ਵਿਚਾਰਦੇ ਰਹਿੰਦੇ ਹਨ, ਕਈ ਅਕਾਲ ਪੁਰਖੁ ਦਾ ਨਿੱਤ ਨਵਾਂ ਨਾਮੁ ਸਿਮਰਦੇ ਰਹਿੰਦੇ ਹਨ, ਪਰੰਤੂ ਉਸ ਅਕਾਲ ਪੁਰਖੁ ਦਾ ਅੰਤ ਨਹੀਂ ਪਾ ਸਕਦੇ।

ਅਸਟਪਦੀ॥ ਕਈ ਕੋਟਿ ਹੋਏ ਪੂਜਾਰੀ॥ ਕਈ ਕੋਟਿ ਆਚਾਰ ਬਿਉਹਾਰੀ॥ (੨੭੫)

ਗੁਰੂ ਸਾਹਿਬ ਪਾਂਡੇ ਨੂੰ ਸਮਝਾ ਰਹੇ ਹਨ, ਕਿ ਅਕਾਲ ਪੁਰਖੁ ਨਿਰੀਆਂ ਧਾਰਮਿਕ ਰੀਤੀ ਰਸਮਾਂ ਨਾਲ ਵੱਸ ਵਿੱਚ ਨਹੀਂ ਕੀਤਾ ਜਾ ਸਕਦਾ, ਵੇਦ ਆਦਿਕ ਪੁਸਤਕਾਂ ਦੇ ਪਾਠ ਪੜ੍ਹਿਆਂ ਵੀ ਉਸ ਦੀ ਕਦਰ ਨਹੀਂ ਪਾਈ ਜਾ ਸਕਦੀ। ਜਿਸ ਅਕਾਲ ਪੁਰਖੁ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨਹੀਂ ਲੱਭ ਸਕੀਆ, ਸਤਿਗੁਰੂ ਨੇ ਸਾਨੂੰ ਉਸ ਅਕਾਲ ਪੁਰਖੁ ਨੂੰ ਅੰਦਰ ਬਾਹਰ ਹਰ ਥਾਂ ਵਿਖਾ ਦਿੱਤਾ ਹੈ। ਇਸ ਲਈ ਹੇ ਪਾਂਡੇ! ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਸੁੱਚ ਹੈ, ਮੈਂ ਤਾਂ ਅਕਾਲ ਪੁਰਖੁ ਦਾ ਨਾਮੁ ਹੀ ਪੜ੍ਹਦਾ ਹਾਂ, ਕਿਉਂਕਿ ਮੇਰੇ ਲਈ ਉਹੀ ਵੇਦਾ ਦਾ ਪਾਠ ਹੈ, ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ, ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਚੰਗੇ ਜੀਵਨ ਦੀ ਜਾਚ ਤੇ ਚੰਗਾ ਆਚਰਨ ਹੈ। ਇਸ ਲਈ ਤੂੰ ਵੀ ਇਸੇ ਤਰ੍ਹਾਂ ਅਕਾਲ ਪੁਰਖੁ ਦੇ ਗੁਣਾਂ ਬਾਰੇ ਵਿਚਾਰ ਕਰਿਆ ਕਰ।

ਆਚਾਰੀ ਨਹੀ ਜੀਤਿਆ ਜਾਇ॥ ਪਾਠ ਪੜੈ ਨਹੀ ਕੀਮਤਿ ਪਾਇ॥ ਅਸਟ ਦਸੀ ਚਹੁ ਭੇਦੁ ਨ ਪਾਇਆ॥ ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ॥ ੫॥ ੨੦॥

ਪਾਂਡੇ ਐਸਾ ਬ੍ਰਹਮ ਬੀਚਾਰੁ॥ ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ॥ ੧॥ ਰਹਾਉ॥

(੩੫੫)

ਗਿਆਨ ਨਾਲ ਮਨੁੱਖ ਕੁਰਸੀ ਜਾਂ ਤਾਕਤ ਤਾਂ ਹਾਸਲ ਕਰ ਸਕਦਾ ਹੈ, ਪਰੰਤੂ ਇਜਤ ਮਾਣ ਸਿਰਫ ਉੱਚੇ ਆਚਰਨ ਨਾਲ ਹੀ ਮਿਲ ਸਕਦਾ ਹੈ।

ਜੇਕਰ ਕਿਸੇ ਮਨੁੱਖ ਆਚਰਨ ਜਾਨਣਾ ਹੋਵੇ ਤਾਂ ਇਹ ਵੇਖਣਾਂ ਚਾਹੀਦਾ ਹੈ ਕਿ ਉਸ ਦਾ ਆਪਣੇ ਤੋਂ ਛੋਟੇ ਤੇ ਨੀਵਿਆਂ ਨਾਲ ਕਿਸ ਤਰ੍ਹਾ ਦਾ ਵਤੀਰਾ ਹੈ। ਮਨੁੱਖ ਦਾ ਦੂਸਰਿਆਂ ਪ੍ਰਤੀ ਵਤੀਰਾ ਹੀ ਦਸਦਾ ਹੈ ਕਿ ਉਸ ਦੇ ਅੰਦਰ ਕਿਨੀ ਕੁ ਸਿਆਣਪ, ਦਇਆਲਤਾ, ਹਮਦਰਦੀ, ਇਮਾਨਦਾਰੀ, ਦ੍ਰਿੜਤਾ ਤੇ ਹਿੰਮਤ ਹੈ।

ਗੁਰੂ ਸਾਹਿਬ ਜੀਵ ਇਸਤ੍ਰੀ ਨੂੰ ਸੁਚੇਤ ਕਰਦੇ ਹਨ ਕਿ ਤੂੰ ਵੇਖਣ ਨੂੰ ਬਹੁਤ ਸੋਹਣੀ, ਰੂਪ ਵਾਲੀ, ਸਿਆਣੀ ਤੇ ਚਤੁਰ ਹੈ, ਪਰੰਤੂ ਤੂੰ ਬਹੁਤ ਹੰਕਾਰ ਤੇ ਮੋਹ ਵਿੱਚ ਫਸੀ ਹੋਈ ਹੈ। ਮਨੁੱਖ ਦੀ ਇਸ ਧਰਤੀ ਤੇ ਸਰਦਾਰੀ ਹੈ, ਮਨੁੱਖ ਕੋਲ ਸੋਨਾ ਚਾਂਦੀ ਤੇ ਬਹੁਤ ਸਾਰੇ ਧਨ ਪਦਾਰਥ ਹਨ, ਪਰੰਤੂ ਕਾਮ ਵਾਸਨਾ ਵਾਲਾ ਸੁਭਾਉ ਚੰਗੇ ਮਨੁੱਖ ਨੂੰ ਫਬਦਾ ਨਹੀਂ। ਜੀਵ ਇਸਤ੍ਰੀ ਸੋਹਣੇ ਕੱਪੜੇ ਪਹਿਨਦੀ ਹੈ, ਦੁਨੀਆਂ ਦੇ ਸਾਰੇ ਭੋਗ ਭੋਗਦੀ ਹੈ, ਅਤਰ ਚੰਦਨ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਵਰਤਦੀ ਹੈ, ਪਰੰਤੂ ਕ੍ਰੋਧ ਉਸ ਦਾ ਭੈੜਾ ਸਾਥੀ ਬਣਿਆ ਹੋਇਆ ਹੈ। ਜਿਸ ਜੀਵ ਇਸਤ੍ਰੀ ਉਤੇ ਅਕਾਲ ਪੁਰਖੁ ਦੀ ਮੇਹਰ ਦੀ ਨਜ਼ਰ ਹੁੰਦੀ ਹੈ, ਉਹ ਮਨੁੱਖ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀ ਕੈਦ ਤੋਂ ਬਚ ਜਾਂਦਾ ਹੈ। ਜੇਕਰ ਜੀਵ ਇਸਤ੍ਰੀ ਅਕਾਲ ਪੁਰਖੁ ਪਤੀ ਦੀ ਸੁਹਾਗਣ ਬਣ ਜਾਂਦੀ ਹੈ ਤਾਂ ਇਹ ਸਾਰੇ ਸ਼ਿਗਾਰ ਤੇ ਸਾਰੇ ਸੁਖ ਜੋ ਇਸ ਨੂੰ ਮਿਲੇ ਹੋਏ ਹਨ, ਉਹ ਉਸ ਨੂੰ ਸਭ ਫਬ ਜਾਂਦੇ ਹਨ, ਤੇ ਜੀਵ ਇਸਤ੍ਰੀ ਸਚ ਮੁਚ ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਂਦੀ ਹੈ।

ਸੋਹਨੀ ਸਰੂਪਿ ਸੁਜਾਣਿ ਬਿਚਖਨਿ॥ ਅਤਿ ਗਰਬੈ ਮੋਹਿ ਫਾਕੀ ਤੂੰ॥ ੧॥ ਰਹਾਉ॥

ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ॥ ਅਤਿ ਸੁੰਦਰਿ ਬਿਚਖਨਿ ਤੂੰ॥ ੧॥ ਰਹਾਉ ਦੂਜਾ॥ ੧੨॥ (੩੭੪)

ਗੁਰੂ ਦੇ ਸ਼ਬਦ ਦੁਆਰਾ ਜੀਵ ਮਾਇਆ ਵੱਲੋਂ ਆਪਣੇ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ। ਜੇਹੜਾ ਮਨੁੱਖ ਆਪਣੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਵਸਾ ਲੈਂਦਾ ਹੈ, ਉਹ ਇਸੇ ਮਨੁੱਖਾ ਜਨਮ ਦੇ ਵਿੱਚ ਹੀ ਇਨ੍ਹਾਂ ਪੰਜਾਂ ਦੇ ਪ੍ਰਭਾਵ ਤੋਂ ਆਜ਼ਾਦ ਹੋ ਸਕਦਾ ਹੈ। ਅਕਾਲ ਪੁਰਖੁ ਨੂੰ ਵਿਸਾਰ ਕੇ ਮਨੁੱਖ ਆਪਣੇ ਹਉਮੈ ਦੀ ਕੈਦ ਵਿੱਚ ਫਸਿਆ ਰਹਿੰਦਾ ਹੈ, ਇਸ ਕੈਦ ਵਿਚੋਂ ਉਹੀ ਮਨੁੱਖ ਆਜ਼ਾਦ ਹੁੰਦੇ ਹਨ, ਜਿਨ੍ਹਾਂ ਨੇ ਗੁਰੂ ਦੀ ਸਰਨ ਵਿੱਚ ਪੈ ਕੇ ਇਸ ਹਉਮੈ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੈ। ਜਗਤ ਵਿੱਚ ਆਪਣੇ ਆਪ ਨੂੰ ਗਿਆਨਵਾਨ ਕਹਿਲਾਣ ਵਾਲੇ ਤਾਂ ਬਹੁਤ ਹਨ, ਪਰੰਤੂ ਕੋਈ ਵਿਰਲੇ ਹੀ ਹਨ, ਜਿਨ੍ਹਾਂ ਦਾ ਨਿੱਤ ਦਾ ਆਚਰਨ ਗੁਰੂ ਦੇ ਗਿਆਨ ਅਨੁਸਾਰ ਹੁੰਦਾ ਹੈ। ਜਗਤ ਵਿੱਚ ਪੰਡਿਤ ਤਾਂ ਬਹੁਤ ਹਨ, ਪਰੰਤੂ ਕੋਈ ਵਿਰਲੇ ਹੀ ਹਨ, ਜਿਹੜੇ ਵਿੱਦਿਆ ਦੇ ਅਨੁਸਾਰ ਵਿਚਾਰ ਕਰਦੇ ਹਨ, ਤੇ ਉਸ ਅਨੁਸਾਰ ਜੀਵਨ ਬਤੀਤ ਕਰਦੇ ਹਨ। ਅਜੇਹਾ ਉੱਚਾ ਆਚਰਨ ਤੇ ਉੱਚੀ ਵਿਚਾਰ ਸਿਰਫ ਸਬਦ ਗੁਰੂ ਤੋਂ ਹੀ ਮਿਲ ਸਕਦੀ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਇਹ ਸਾਰੀ ਸ੍ਰਿਸ਼ਟੀ ਦੇ ਲੋਕ ਆਪਣੇ ਹੰਕਾਰ ਕਰਕੇ ਭਟਕਦੇ ਰਹਿੰਦੇ ਹਨ।

ਜਗੁ ਬੰਦੀ ਮੁਕਤੇ ਹਉ ਮਾਰੀ॥ ਜਗਿ ਗਿਆਨੀ ਵਿਰਲਾ ਆਚਾਰੀ॥ ਜਗਿ ਪੰਡਿਤੁ ਵਿਰਲਾ ਵੀਚਾਰੀ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ॥ ੬॥ (੪੧੨, ੪੧੩)

ਜਿਸ ਮਨੁੱਖ ਦੇ ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਹੈ, ਉਸ ਦਾ ਮਨ ਇਨ੍ਹਾਂ ਪੰਜ ਵਿਕਾਰਾਂ ਦਾ ਟਾਕਰਾ ਕਿਵੇਂ ਕਰ ਸਕਦਾ ਹੈ? ਚੰਚਲ ਮਨ ਵਿਕਾਰਾਂ ਨਾਲ ਸਦਾ ਮੈਲਾ ਰਹਿੰਦਾ ਹੈ, ਜਿਸ ਕਰਕੇ ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ। ਗੁਰੂ ਦੇ ਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਅਕਾਲ ਪੁਰਖੁ ਦਾ ਟਿਕਾਣਾ ਨਹੀਂ ਪਛਾਣ ਸਕਦਾ। ਜੇਹੜਾ ਮਨੁੱਖ ਗੁਰੂ ਦੇ ਬਚਨਾਂ ਨੂੰ ਵੀਚਾਰ ਕੇ ਉਨ੍ਹਾਂ ਅਨੁਸਾਰ ਜੀਵਨ ਵਿੱਚ ਵਿਚਰ ਕੇ ਇੱਕ ਅਕਾਲ ਪੁਰਖੁ ਨਾਲ ਸਾਂਝ ਪਾ ਲੈਂਦਾ ਹੈ, ਉਹ ਗੁਰੂ ਦੀ ਬਾਣੀ ਦੁਆਰਾ ਚੰਗਾ ਆਚਰਨ ਬਣਾਣਾ ਸਿਖ ਲੈਂਦਾ ਹੈ। ਫਿਰ ਉਸ ਮਨੁੱਖ ਦਾ ਮਨ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗਿਆ ਰਹਿੰਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜ ਕੇ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਾਂਣਾ ਹੈ ਕਿ ਤੂੰ ਵੀ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਨੂੰ ਲੱਭ ਕੇ ਸਹਜ ਅਵਸਥਾ ਵਿੱਚ ਟਿਕਿਆ ਰਹਿ।

ਕਰਿ ਬੀਚਾਰੁ ਆਚਾਰੁ ਪਰਾਤਾ॥ ਸਤਿਗੁਰ ਬਚਨੀ ਏਕੋ ਜਾਤਾ॥ ਨਾਨਕ ਰਾਮ ਨਾਮਿ ਮਨੁ ਰਾਤਾ॥ ੧੦॥ ੭॥ (੪੧੪, ੪੧੫)

ਅਕਾਲ ਪੁਰਖੁ ਦੁਨੀਆਂ ਦੇ ਰਾਜਿਆਂ ਵਿਚੋਂ ਸ਼ਿਰੋਮਣੀ ਰਾਜਾ ਹੈ, ਮਾਲਕਾਂ ਵਿਚੋਂ ਸਭ ਤੋਂ ਵੱਡਾ ਮਾਲਕ, ਸਰਦਾਰਾਂ ਵਿਚੋਂ ਸਭ ਤੋਂ ਵੱਡਾ ਸਰਦਾਰ, ਉੱਚੀ ਕੁਲ ਵਾਲਿਆਂ ਵਿਚੋਂ ਸ਼ਿਰੋਮਣੀ ਕੁਲ ਵਾਲਾ, ਸੂਰਮਿਆਂ ਵਿਚੋਂ ਸ਼ਿਰੋਮਣੀ ਸੂਰਮਾ, ਗ੍ਰਿਹਸਤੀਆਂ ਵਿਚੋਂ ਸਭ ਤੋਂ ਵੱਡਾ ਗ੍ਰਿਹਸਤੀ, ਜਿਸ ਦਾ ਇਤਨਾ ਵੱਡਾ ਸੰਸਾਰ ਰੂਪੀ ਟੱਬਰ ਹੈ। ਦੁਨੀਆਂ ਦੇ ਦਰਬਾਰ ਲਾਣ ਵਾਲਿਆਂ ਵਿਚੋਂ ਸਭ ਤੋਂ ਵੱਡਾ ਦਰਬਾਰੀ, ਗਿਆਨਵਾਨਾਂ ਵਿਚੋਂ ਸ਼ਿਰੋਮਣੀ ਗਿਆਨ ਵਾਲਾ, ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚੋਂ ਸਭ ਤੋਂ ਵੱਡਾ ਕਰਾਮਾਤੀ, ਤੇ ਦੁਨੀਆਂ ਤੇ ਹੁਕਮ ਚਲਾਣ ਵਾਲਿਆਂ ਵਿਚੋਂ ਸ਼ਿਰੋਮਣੀ ਹਾਕਮ ਹੈ। ਅਕਾਲ ਪੁਰਖੁ ਕੰਮ ਕਰਨ ਵਾਲੇ ਸਿਆਣਿਆਂ ਵਿਚੋਂ ਸਭ ਤੋਂ ਵੱਡਾ ਕਰਤਾ ਤੇ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚੋਂ ਵੀ ਅਕਾਲ ਪੁਰਖੁ ਹੀ ਸਭ ਤੋਂ ਵੱਡੇ ਆਚਰਨ ਵਾਲਾ ਹੈ। ਦੁਨੀਆਂ ਦੇ ਸਾਹੂਕਾਰਾਂ ਵਿਚੋਂ ਵੀ ਅਕਾਲ ਪੁਰਖੁ ਸਦਾ ਕਾਇਮ ਰਹਿਣ ਵਾਲਾ ਸ਼ਿਰੋਮਣੀ ਸਾਹੂਕਾਰ ਹੈ, ਤੇ ਵਾਪਾਰੀਆਂ ਵਿਚੋਂ ਵੀ ਅਕਾਲ ਪੁਰਖੁ ਸਭ ਤੋਂ ਵੱਡਾ ਵਾਪਾਰੀ ਹੈ, ਜਿਸ ਨੇ ਇਤਨਾ ਵੱਡਾ ਜਗਤ ਦਾ ਪਸਾਰਾ ਪਸਾਰਿਆ ਹੋਇਆ ਹੈ ਤੇ ਆਪਣੇ ਹੁਕਮੁ ਅਨੁਸਾਰ ਚਲਾ ਰਿਹਾ ਹੈ।

ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ॥ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ॥ ੪॥ (੫੦੭, ੫੦੮)

ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ, ਉਹ ਮਾਇਆ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ ਤੇ ਇਸ ਵਿਚੋਂ ਕਦੇ ਵੀ ਬਾਹਰ ਨਹੀਂ ਨਿਕਲਦੇ, ਉਨ੍ਹਾਂ ਦੇ ਮਨ ਵਿੱਚ ਤੌਖਲਾ ਤੇ ਕਲੇਸ਼ ਬਣਿਆ ਰਹਿੰਦਾ ਹੈ, ਉਨ੍ਹਾਂ ਨੇ ਦੁਨੀਆਂ ਦੇ ਝਮੇਲਿਆਂ ਵਿੱਚ ਫਸਣਾ ਤੇ ਖਪਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆ ਦੀ ਰਹਿਣੀ ਇਹੋ ਜਿਹੀ ਬਣ ਜਾਂਦੀ ਹੈ, ਕਿ ਉਹ ਕਦੇ ਵੀ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦੇ। ਅਜੇਹੇ ਲੋਕ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਂਦੇ ਹਨ।

ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ॥ (੫੦੮, ੫੦੯)

ਮਨੁੱਖ ਦੀ ਕਮਜੋਰੀ ਜਾਂ ਉਸ ਦੀਆਂ ਕਮਜੋਰ ਆਦਤਾਂ, ਉਸ ਦਾ ਆਚਰਨ ਵੀ ਕਮਜੋਰ ਕਰ ਦਿੰਦੀਆਂ ਹਨ।

ਅਕਾਲ ਪੁਰਖੁ ਆਪ ਸਭ ਜੀਵਾਂ ਦੇ ਦਿਲਾਂ ਦੀ ਜਾਣਦਾ ਹੈ, ਇਸ ਵਾਸਤੇ ਉਹ ਹਠ ਰਾਹੀਂ ਕੀਤੇ ਕਰਮਾਂ ਉਤੇ ਨਹੀਂ ਪਤੀਜਦਾ, ਤੇ ਨਾ ਹੀ ਧਾਰਮਿਕ ਭੇਖਾਂ ਨਾਲ ਪ੍ਰਸੰਨ ਹੁੰਦਾ ਹੈ। ਜੇਹੜੇ ਮਨੁੱਖ ਵਿੱਦਿਆ ਦੇ ਮਾਣ ਵਿੱਚ ਰਹਿੰਦੇ ਹਨ, ਉਹ ਆਤਮਕ ਮੌਤ ਮਰਦੇ ਰਹਿੰਦੇ ਹਨ। ਜੇਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ, ਤੀਰਥਾਂ ਤੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿੱਚ ਨਿਵਾਸ ਰੱਖਦਾ ਰਿਹਾ, ਤਿਆਗੀ ਬਣ ਕੇ ਥਾਂ ਥਾਂ ਭਟਕਦਾ ਰਿਹਾ ਤੇ ਇਨ੍ਹਾਂ ਕਰਮਾਂ ਨੂੰ ਹੀ ਧਰਮ ਸਮਝਦਾ ਰਿਹਾ, ਜੇਕਰ ਉਸ ਦਾ ਮਨ ਮੈਲਾ ਹੀ ਰਿਹਾ ਤਾਂ ਉਹ ਮਨੁੱਖ ਪਵਿਤਰ ਕਿਵੇਂ ਹੋ ਸਕਦਾ ਹੈ? ਜੇਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦਾ ਹੈ, ਉਹੀ ਮਨੁੱਖ ਪਵਿਤਰ ਹੋ ਸਕਦਾ ਹੈ, ਤੇ ਲੋਕ ਪਰਲੋਕ ਵਿੱਚ ਇੱਜ਼ਤ ਪਾ ਸਕਦਾ ਹੈ। ਚੰਗਾ ਆਚਰਨ ਤੇ ਉੱਚੀ ਆਤਮਕ ਸੂਝ ਮਨੁੱਖ ਦੇ ਸਰੀਰ ਅੰਦਰ ਪੈਦਾ ਹੋ ਸਕਦੇ ਹਨ, ਤੇ ਮਨ ਸਦਾ ਅਡੋਲ ਅਵਸਥਾ ਤੇ ਧੀਰਜ ਵਿੱਚ ਟਿਕਿਆ ਰਹਿ ਸਕਦਾ ਹੈ। ਅਕਾਲ ਪੁਰਖੁ ਆਪਣੀ ਮੇਹਰ ਕਰ ਕੇ ਮਨੁੱਖ ਨੂੰ ਗੁਰੂ ਨਾਲ ਮਿਲਾ ਸਕਦਾ ਹੈ ਤੇ ਅੱਖ ਝਮਕਣ ਦੇ ਸਮੇਂ ਵਿੱਚ ਕ੍ਰੋੜਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਸਕਦਾ ਹੈ। ਪਰੰਤੂ ਇਹ ਸਭ ਕੁੱਝ ਤਾਂ ਹੀ ਸੰਭਵ ਹੈ, ਜੇਕਰ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹੀਏ ਤੇ ਉਸ ਦੀ ਰਜ਼ਾ ਵਿੱਚ ਰਹਿਣ ਲਈ ਅਰਦਾਸ ਕਰਦੇ ਰਹੀਏ।

ਆਚਾਰਾ ਵੀਚਾਰੁ ਸਰੀਰਿ॥ ਆਦਿ ਜੁਗਾਦਿ ਸਹਜਿ ਮਨੁ ਧੀਰਿ॥ ਪਲ ਪੰਕਜ ਮਹਿ ਕੋਟਿ ਉਧਾਰੇ॥ ਕਰਿ ਕਿਰਪਾ ਗੁਰੁ ਮੇਲਿ ਪਿਆਰੇ॥ ੭॥ (੬੮੬)

ਗੁਰੂ ਸਾਹਿਬ ਬਾਣੀ ਵਿੱਚ ਸਮਝਾਂਦੇ ਹਨ, ਕਿ ਮੈਂ ਆਪਣੇ ਹਿਰਦੇ ਵਿੱਚ ਇੱਕ ਅਕਾਲ ਪੁਰਖੁ ਦਾ ਹੀ ਆਸਰਾ ਰੱਖਿਆ ਹੋਇਆ ਹੈ ਤੇ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮੈਂ ਹੁਣ ਕਿਸੇ ਹੋਰ ਕਰਮ ਕਾਂਡ ਵਿੱਚ ਵਿਸ਼ਵਾਸ ਨਹੀਂ ਰੱਖਦਾ ਹਾਂ। ਬੜੀ ਕਿਸਮਤ ਨਾਲ ਮੈਂਨੂੰ ਆਪਣਾ ਗੁਰੂ ਲੱਭਿਆ ਹੈ, ਜਿਸ ਨੇ ਮੇਰੇ ਹਿਰਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਪੱਕਾ ਕਰ ਦਿੱਤਾ ਹੈ। ਹੁਣ ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਵਾਸਤੇ ਜਪ ਤਪ, ਵਰਤ, ਤੇ ਧਾਰਮਿਕ ਨਿਯਮ ਹੈ। ਸਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਣੇ ਹੁਣ ਮੇਰੇ ਵਾਸਤੇ ਧਾਰਮਿਕ ਰਸਮ ਤੇ ਉੱਚੀ ਜਾਤ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣ ਸੁਣ ਕੇ ਮੇਰੇ ਅੰਦਰ ਬਹੁਤ ਆਨੰਦ ਪੈਦਾ ਹੁੰਦਾ ਰਹਿੰਦਾ ਹੈ।

ਆਚਾਰ ਬਿਉਹਾਰ ਜਾਤਿ ਹਰਿ ਗੁਨੀਆ॥ ਮਹਾ ਅਨੰਦ ਕੀਰਤਨ ਹਰਿ ਸੁਨੀਆ॥ ੩॥ (੭੧੫)

ਦੁਨੀਆਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਰਹਿੰਦੇ ਹਨ। ਕਿਸੇ ਨੇ ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ, ਕਿਸੇ ਨੇ ਦੇਵਤਿਆਂ ਦੀ ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ। ਕਿਸੇ ਨੇ ਨਿਉਲੀ ਕਰਮ ਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿੱਚ ਰੁਚੀ ਰੱਖੀ ਹੋਈ ਹੈ। ਕਿਸੇ ਨੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਡੇਰਾ ਲਾਇਆ ਹੈ, ਕਿਸੇ ਨੇ ਆਪਣੇ ਆਪ ਨੂੰ ਮੋਨਧਾਰੀ ਤੇ ਤਿਆਗੀ ਸਾਧੂ ਅਖਵਾਇਆ ਹੈ। ਕੋਈ ਤੀਰਥਾਂ ਉੱਤੇ ਨਿਵਾਸ ਰੱਖਦਾ ਹੈ, ਕੋਈ ਮਨੁੱਖ ਅੰਨ ਛੱਡ ਕੇ ਦੁਨੀਆਂ ਵਲੋਂ ਉਪਰਾਮ ਹੋਇਆ ਬੈਠਾ ਹੈ ਤੇ ਕੋਈ ਧਰਤੀ ਉਤੇ ਰਟਨ ਕਰਦਾ ਰਹਿੰਦਾ ਹੈ। ਕੋਈ ਮਨੁੱਖ ਆਪਣੇ ਆਪ ਨੂੰ ਸਿਆਣਾ ਪੰØਡਿਤ ਅਖਵਾਂਦਾ ਹੈ, ਕੋਈ ਮਨੁੱਖ ਆਪਣੇ ਆਪ ਨੂੰ ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ, ਕੋਈ ਮਨੁੱਖ ਸ਼ਾਸਤ੍ਰਾਂ ਅਨੁਸਾਰ ਕਰਮ ਕਾਂਡ ਨੂੰ ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ। ਪਰੰਤੂ ਮੈਂ ਗ਼ਰੀਬ ਸਿਰਫ਼ ਅਕਾਲ ਪੁਰਖੁ ਦੀ ਸਰਨ ਪਿਆ ਰਹਿੰਦਾ ਹਾਂ, ਕਿਉਂਕਿ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਇਹ ਮਨ, ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਨਹੀਂ ਜਾਗ ਸਕਦਾ।

ਕੋਈ ਚਤੁਰੁ ਕਹਾਵੈ ਪੰਡਿਤ॥ ਕੋ ਖਟੁ ਕਰਮ ਸਹਿਤ ਸਿਉ ਮੰਡਿਤ॥ ਕੋਈ ਕਰੈ ਆਚਾਰ ਸੁਕਰਣੀ॥ ਮੋਹਿ ਦੀਨ ਹਰਿ ਹਰਿ ਹਰਿ ਸਰਣੀ॥ ੭॥ (੯੧੨, ੯੧੩)

ਉਹ ਅਕਾਲ ਪੁਰਖੁ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜਗਤ ਵਿੱਚ ਜੋ ਕੁੱਝ ਵੀ ਦਿੱਸ ਰਿਹਾ ਹੈ, ਉਹ ਸਭ ਅਕਾਲ ਪੁਰਖੁ ਆਪ ਹੀ ਆਪ ਹੈ। ਇਸ ਲਈ ਉਸ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਜੀਵਨ ਦਾ ਮੰਤਵ ਬਣਾ, ਤਾਂ ਜੋ ਜੀਵਨ ਵਿੱਚ ਸੁਖ ਮਿਲ ਸਕੇ, ਕਿਉਂਕਿ ਉਸ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਦੁਨੀਆਂ ਦੇ ਹੋਰ ਧੰਧਿਆਂ ਵਿੱਚ ਫਸ ਕੇ ਜੀਵਨ ਵਿੱਚ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ।

ਕਰਿ ਆਚਾਰੁ ਸਚੁ ਸੁਖੁ ਹੋਈ॥ ਨਾਮ ਵਿਹੂਣਾ ਮੁਕਤਿ ਕਿਵ ਹੋਈ॥ ੧੫॥ (੯੩੧)

ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਪੀਂਦਾ ਹੈ, ਉਸ ਦੀ ਆਤਮਕ ਅਵਸਥਾ ਉੱਚੀ ਬਣ ਜਾਂਦੀ ਹੈ, ਤੇ ਉਸ ਦੇ ਮਨ ਦੀਆਂ ਕ੍ਰੋੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜੇ ਸੁਖ ਰਾਜ, ਮਾਲ, ਮਹਲ ਤੇ ਮਾੜੀਆਂ, ਵਿੱਚ ਹਨ, ਅਜੇਹੇ ਸੁਖ ਨਾਮੁ ਸਿਮਰਨ ਵਾਲਿਆਂ ਨੂੰ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ, ਉਸ ਮਨੁੱਖ ਦਾ ਆਚਰਨ ਉੱਚਾ ਤੇ ਸੁੱਚਾ ਬਣ ਜਾਂਦਾ ਹੈ।

ਰਾਜ ਮਾਲ ਸਾਦਨ ਦਰਬਾਰ॥ ਸਿਮਰਤ ਨਾਮ ਪੂਰਨ ਆਚਾਰ॥ ੩॥ (੧੧੩੭)

ਪੂਰੇ ਗੁਰੂ ਨੇ ਮੇਰੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਪੱਕਾ ਟਿਕਾ ਦਿੱਤਾ ਹੈ, ਤੇ ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ, ਕਿ ਸਭਨਾਂ ਕੰਮਾਂ ਨਾਲੋਂ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਸ੍ਰੇਸ਼ਟ ਕੰਮ ਹੈ। ਕਾਰਾਂ ਵਿਹਾਰਾਂ ਦੀ ਸਫਲਤਾ ਵਾਸਤੇ ਲੋਕ ਸਗਨ ਵਿਚਾਰਦੇ ਹਨ, ਮਹੂਰਤ ਕਢਾਂਦੇ ਹਨ, ਪਰ ਮੇਰੇ ਵਾਸਤੇ ਤਾਂ ਅਕਾਲ ਪੁਰਖੁ ਦਾ ਨਾਮੁ ਹੀ ਸਭ ਕੁੱਝ ਹੈ। ਦੁਨੀਆਂ ਦੇ ਸੁਆਦਲੇ ਪਦਾਰਥਾਂ ਨੂੰ ਖਾ ਖਾ ਕੇ ਰੱਜਣਾ ਤੇ ਸੁਆਦ ਲੈਂਣ ਦੀ ਬਜਾਏ ਮੇਰੇ ਵਾਸਤੇ ਅਕਾਲ ਪੁਰਖੁ ਦੇ ਨਾਮੁ ਦਾ ਸਵਾਦ ਬਹੁਤ ਵਧੀਆਂ ਹੈ। ਤੀਰਥ ਯਾਤਰਾਂ ਤੇ ਮਿਥੇ ਹੋਏ ਸਾਰੇ ਧਰਮ ਕਰਮ ਕਰਨ ਦੀ ਬਜਾਏ ਮੇਰੇ ਵਾਸਤੇ ਅਕਾਲ ਪੁਰਖੁ ਦਾ ਨਾਮੁ ਹੀ ਅਸਲੀ ਤੀਰਥ ਹੈ ਤੇ ਇਹੀ ਮੇਰੇ ਲਈ ਸਭ ਤੋਂ ਪਵਿੱਤਰ ਕਾਰ ਵਿਹਾਰ ਹੈ।

ਨਾਮੁ ਹਮਾਰੈ ਸਉਣ ਸੰਜੋਗ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ॥ ਨਾਮੁ ਹਮਾਰੈ ਸਗਲ ਆਚਾਰ॥ ਨਾਮੁ ਹਮਾਰੈ ਨਿਰਮਲ ਬਿਉਹਾਰ॥ ੩॥ (੧੧੪੫, ੧੧੪੬)

ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ, ਕਿਉਂਕਿ ਜਗਤ ਜਾਣਦਾ ਹੈ, ਕਿ ਨਿੰਦਿਆ ਕਰਨ ਵਾਲੇ ਦਾ ਇਹ ਵਿਉਹਾਰ ਝੂਠਾ ਹੈ। ਨਿੰਦਿਆ ਕਰਦੇ ਰਹਿਣ ਕਰਕੇ ਨਿੰਦਿਆ ਕਰਨ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ। ਪਰੰਤੂ ਅਕਾਲ ਪੁਰਖੁ ਆਪਣੇ ਸੇਵਕ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਆਪ ਬਚਾਈ ਰੱਖਦਾ ਹੈ। ਸੰਤ ਜਨਾਂ ਦੀ ਨਿੰਦਿਆ ਕਰਨ ਵਾਲਿਆਂ ਦੀ ਗੱਲ ਨੂੰ ਕੋਈ ਵੀ ਮਨੁੱਖ ਸੱਚ ਨਹੀਂ ਮੰਨਦਾ, ਜਿਸ ਕਰਕੇ ਨਿੰਦਿਆ ਕਰਨ ਵਾਲੇ ਬਾਅਦ ਵਿੱਚ ਆਪਣੇ ਝੂਠੇ ਬੋਲਾਂ ਕਰਕੇ ਅਫ਼ਸੋਸ ਕਰਦੇ ਰਹਿੰਦੇ ਹਨ ਤੇ ਅੰਦਰੋ ਅੰਦਰੀ ਸ਼ਰਮਿੰਦੇ ਹੁੰਦੇ ਰਹਿੰਦੇ ਹਨ।

ਭੈਰਉ ਮਹਲਾ ੫॥ ਨਿੰਦਕ ਕਉ ਫਿਟਕੇ ਸੰਸਾਰੁ॥ ਨਿੰਦਕ ਕਾ ਝੂਠਾ ਬਿਉਹਾਰੁ॥ ਨਿੰਦਕ ਕਾ ਮੈਲਾ ਆਚਾਰੁ॥ ਦਾਸ ਅਪੁਨੇ ਕਉ ਰਾਖਨਹਾਰੁ॥ ੧॥ (੧੧੫੧, ੧੧੫੨)

ਕਰਮ ਕਾਂਡੀ ਲੋਕ ਅਕਾਲ ਪੁਰਖੁ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਰਹਿੰਦੇ ਹਨ, ਪਰੰਤੂ ਜਿਸ ਨੂੰ ਉਹ ਮਾੜਾ ਆਖਦੇ ਹਨ, ਅਸਲ ਵਿੱਚ ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਨੂੰ ਜਾਣਦਾ ਹੈ, ਭਗਤ ਜਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅਕਾਲ ਪੁਰਖੁ ਦੇ ਦਰ ਤੇ ਆਦਰ ਮਾਣ ਹਾਸਲ ਕਰਦੇ ਰਹਿੰਦੇ ਹਨ। ਉਹ ਗੁਰੂ ਦੇ ਦੱਸੇ ਹੋਏ ਰਸਤੇ ਤੇ ਚਲਦੇ ਹਨ, ਤੇ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਣ ਸਦਕਾ ਸੱਚੇ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜੇਕਰ ਮੈਂ ਦੁਨੀਆਵੀ ਰਸਮਾਂ ਰਿਵਾਜਾਂ ਵਲੋਂ ਬੇਪਰਵਾਹ ਹੋ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਮਸਤ ਰਹਿੰਦਾ ਹਾਂ, ਤਾਂ ਜਗਤ ਦੇ ਲੋਕ ਮੈਨੂੰ ਮੂਰਖ ਆਖਦੇ ਹਨ, ਪਰੰਤੂ ਜੇ ਮੈਂ ਅਕਾਲ ਪੁਰਖੁ ਦੇ ਨਾਮੁ ਤੋਂ ਖੁੰਝੇ ਹੋਏ ਲੋਕਾਂ ਨੂੰ ਉਨ੍ਹਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿੱਚ ਮੇਰੀ ਸੁਰਤਿ ਦਾ ਟਿਕਾਉ ਘਟਦਾ ਹੈ। ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ। ਅਸਲ ਉਕਾਈਆਂ ਉਹ ਹਨ, ਜਿਹੜੀਆਂ ਅਕਾਲ ਪੁਰਖੁ ਹਜ਼ੂਰੀ ਵਿੱਚ ਉਕਾਈਆਂ ਮੰਨੀਆਂ ਜਾਂਦੀਆਂ ਹਨ। ਅਜੇਹੀਆਂ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਅਕਾਲ ਪੁਰਖੁ ਦੇ ਨਾਮੁ ਤੋਂ ਵਿਛੋੜਦੀਆਂ ਹਨ।

ਪ੍ਰਭਾਤੀ ਮਹਲਾ ੧॥ ਮਸਟਿ ਕਰਉ ਮੂਰਖੁ ਜਗਿ ਕਹੀਆ॥ ਅਧਿਕ ਬਕਉ ਤੇਰੀ ਲਿਵ ਰਹੀਆ॥ ਭੂਲ ਚੂਕ ਤੇਰੈ ਦਰਬਾਰਿ॥ ਨਾਮ ਬਿਨਾ ਕੈਸੇ ਆਚਾਰ॥ ੧॥ (੧੩੩੦, ੧੩੩੧)

ਜਗਤ ਵਿੱਚ ਜੋ ਕੁੱਝ ਵੀ ਦਿੱਸ ਰਿਹਾ ਹੈ, ਉਹ ਸਭ ਕੁੱਝ ਨਾਸਵੰਤ ਹੈ। ਜਿਸ ਮਾਇਆ ਨੂੰ ਮਨੁੱਖ ਆਪਣੀ ਸਮਝੀ ਬੈਠਾ ਹੈ, ਉਹ ਤਾਂ ਇੱਕ ਦਿਨ ਇਥੇ ਹੀ ਛੱਡ ਜਾਵੇਗਾ, ਪਰੰਤੂ ਉਸ ਮਾਇਆ ਦੀ ਖ਼ਾਤਰ ਕੀਤੇ ਪਾਪਾਂ ਦਾ ਭਾਰ ਆਪਣੇ ਸਿਰ ਉੱਤੇ ਜਰੂਰ ਲੈ ਜਾਵੇਗਾ। ਰਤਾ ਰਤਾ ਕਰ ਕੇ ਤੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰੰਤੂ ਮੂਰਖ ਮਨੁੱਖ ਇਸ ਗੱਲ ਨੂੰ ਸਮਝਦਾ ਨਹੀਂ। ਅਕਾਲ ਪੁਰਖੁ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਦੀ ਇਹੀ ਪਹਿਚਾਣ ਹੈ, ਕਿ ਮੂਰਖ ਮਨੁੱਖ ਉਹੀ ਕੁੱਝ ਕਰਦਾ ਰਹਿੰਦਾ ਹੈ, ਜਿਹੜਾ ਅੰਤ ਵੇਲੇ ਉਸ ਦੇ ਨਾਲ ਨਹੀਂ ਜਾਂਦਾ। ਇਸ ਲਈ ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪਿਆ ਕਰ, ਅਕਾਲ ਪੁਰਖੁ ਦਾ ਨਾਮੁ ਪੜ੍ਹਿਆ ਕਰ, ਕਿਉਂਕਿ ਇਹੀ ਇੱਕ ਸ੍ਰੇਸ਼ਟ ਕੰਮ ਹੈ।

ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ॥ ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ॥ ੨॥ (੧੨੦੦)

ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਲਈ ਜਿਆਦਾ ਧੰਨ ਦੌਲਤ ਤੇ ਜਾਇਦਾਦ ਛੱਡਣ ਦੀ ਬਜਾਏ, ਉਨ੍ਹਾਂ ਲਈ ਇੱਕ ਚੰਗਾ ਆਚਰਨ ਤੇ ਭਰੋਸਾ ਛੱਡ ਕੇ ਜਾਣਾ ਚਾਹੀਦਾ ਹੈ।

ਅਸੀਂ ਆਪਣਾ ਆਚਰਨ ਕਿਨਾਂ ਕੁ ਉੱਚਾ ਬਣਾਣਾ ਹੈ, ਉਹ ਸਾਡੇ ਆਪਣੇ ਹੱਥ ਵਿੱਚ ਹੈ। ਮਾਤਾ ਪਿਤਾ ਸਿਰਫ ਰਸਤਾ ਦੱਸ ਸਕਦੇ ਹਨ, ਪਰੰਤੂ ਉਸ ਰਸਤੇ ਤੇ ਬੱਚਿਆਂ ਨੂੰ ਆਪ ਚਲਣਾ ਪੈਂਣਾ ਹੈ।

ਜਿਨ੍ਹਾਂ ਮਨੁੱਖਾਂ ਦੇ ਤਨ ਮਨ ਵਿੱਚ ਸਦਾ ਅਕਾਲ ਪੁਰਖੁ ਦੇ ਨਾਮੁ ਜਪਣ ਦਾ ਆਹਾਰ ਹੁੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਤੇ ਭਗਤੀ ਵਿੱਚ ਮਸਤ ਹੋ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿੱਚ ਰੁਝੇ ਰਹਿੰਦੇ ਹਨ, ਤੇ ਉਨ੍ਹਾਂ ਨੂੰ ਜਗਤ ਦਾ ਮੋਹ ਪੋਹ ਨਹੀਂ ਸਕਦਾ। ਇਹੀ ਕਾਰਨ ਹੈ ਕਿ ਕੰਨਾਂ ਨਾਲ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ, ਤੇ ਅਕਾਲ ਪੁਰਖੁ ਦਾ ਨਾਮੁ ਚਿਤ ਵਿੱਚ ਵਸਾਈ ਰੱਖਣਾਂ ਹੀ, ਸਾਧ ਜਨਾਂ ਦੀ ਨਿੱਤ ਦੀ ਕਾਰ ਹੋਇਆ ਕਰਦੀ ਹੈ। ਉਨ੍ਹਾਂ ਸਾਧ ਜਨਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਸੋਹਣੇ ਚਰਨਾਂ ਦਾ ਟਿਕਾਉ ਸਦਾ ਬਣਿਆ ਰਹਿੰਦਾ ਹੈ, ਤੇ ਅਕਾਲ ਪੁਰਖੁ ਦੀ ਭਗਤੀ ਹੀ ਉਨ੍ਹਾਂ ਦੇ ਪ੍ਰਾਣਾਂ ਦਾ ਆਸਰਾ ਹੁੰਦੀ ਹੈ।

ਸਾਰਗ ਮਹਲਾ ੫॥ ਮਨਿ ਤਨਿ ਰਾਮ ਕੋ ਬਿਉਹਾਰੁ॥ ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰ॥ ੧॥ ਰਹਾਉ॥ ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ॥ ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ॥ ੧॥ (੧੨੨੨)

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰ ਲੈਂਦਾ ਹੈ, ਉਹ ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧਨ, ਲਾਲਚ, ਹਉਮੈ, ਵਿਸ਼ਿਆਂ ਵਿਕਾਰਾਂ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਕ੍ਰੋਧ, ਇਨ੍ਹਾਂ ਸਭ ਨੂੰ ਤਿਆਗ ਦੇਂਦਾ ਹੈ। ਉਹ ਮਨੁੱਖ ਸੁਖ ਦੁਖ ਨੂੰ ਇਕੋ ਜਿਹਾ ਜਾਣਦਾ ਹੈ। ਪਰੰਤੂ ਅਜੇਹੀ ਸੂਝ ਬੂਝ ਸਾਧ ਸੰਗਤਿ ਵਿੱਚ ਰਹਿ ਕੇ ਸਬਦ ਗੁਰੂ ਦੇ ਚਰਨਾਂ ਨਾਲ ਪਿਆਰ ਪਾਇਆ ਹੀ ਮਿਲ ਸਕਦੀ ਹੈ। ਅਪਹੁੰਚ ਤੇ ਬੇਅੰਤ ਅਕਾਲ ਪੁਰਖੁ ਹਰੇਕ ਸਰੀਰ ਵਿੱਚ ਮੌਜੂਦ ਹਨ, ਪਰੰਤੂ ਉਹੀ ਮਨੁੱਖ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਹਾਸਲ ਕਰਦਾ ਹੈ, ਜਿਸ ਦਾ ਨਿੱਤ ਦਾ ਕਾਰ ਵਿਹਾਰ ਗੁਰੂ ਦੇ ਸ੍ਰੇਸ਼ਟ ਸ਼ਬਦ ਅਨੁਸਾਰ ਹੁੰਦਾ ਹੈ।

ਮਹਲ ਮਹਿ ਬੈਠੇ ਅਗਮ ਅਪਾਰ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ॥ ੧॥ ਰਹਾਉ॥ (੧੨੫੫, ੧੨੫੬)

ਇਸ ਲਈ ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਸਦਾ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਦਾ ਰਿਹਾ ਕਰ, ਕਿਉਂਕਿ ਇਹੀ ਅਸਲ ਨਾਮੁ ਰੂਪੀ ਖ਼ਜ਼ਾਨਾ ਹੈ। ਅਕਾਲ ਪੁਰਖੁ ਦਾ ਇਹ ਨਾਮੁ ਰੂਪੀ ਧਨ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਤੇ ਮਨੁੱਖ ਦੀ ਸੁਰਤਿ ਹਰ ਵੇਲੇ ਆਤਮਕ ਅਡੋਲਤਾ ਵਿੱਚ ਅਕਾਲ ਪੁਰਖੁ ਨਾਲ ਜੁੜੀ ਰਹਿੰਦੀ ਹੈ। ਜਿਹੜੀ ਜੀਵ ਇਸਤ੍ਰੀ ਆਪਣੇ ਖਸਮ ਤੋਂ ਬਿਨਾ ਹੁੰਦੀ ਹੋਈ ਸਰੀਰਕ ਸਿੰਗਾਰ ਕਰਦੀ ਰਹਿੰਦੀ ਹੈ, ਉਹ ਭੈੜੇ ਆਚਰਨ ਵਾਲੀ ਆਖੀ ਜਾਂਦੀ ਹੈ ਤੇ ਉਹ ਸਦਾ ਖ਼ੁਆਰ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਵੀ ਇਹੀ ਹਾਲ ਹੁੰਦਾ ਹੈ, ਕਿਉਂਕਿ ਉਹ ਮਨਮੁਖ ਅਕਾਲ ਪੁਰਖੁ ਦੇ ਨਾਮੁ ਨੂੰ ਭੁਲਾ ਕੇ ਹੋਰ ਵਿਖਾਵੇ ਦੇ ਧਾਰਮਿਕ ਕਰਮ ਕਾਂਡਾਂ ਦੀ ਤਾਕੀਦ ਕਰਦਾ ਰਹਿੰਦਾ ਹੈ, ਜਿਹੜੇ ਕਿ ਵਿਅਰਥ ਜਾਂਦੇ ਹਨ।

ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ॥ ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ॥ ੧॥ ਰਹਾਉ ਬਿਨੁ ਪਿਰ ਕਾਮਣਿ ਕਰੇ ਸੀਂਗਾਰੁ॥ ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ॥ ਮਨਮੁਖ ਕਾ ਇਹੁ ਬਾਦਿ ਆਚਾਰੁ॥ ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ॥ ੨॥ (੧੨੭੭, ੧੨੭੮)

ਸਤਿਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਵੀ ਜੀਵਨ ਦੀ ਚੰਗੀ ਰਹਿਣੀ ਸਹਿਣੀ ਨਹੀਂ ਹਾਸਲ ਕਰ ਸਕਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਵਿੱਚ ਸਮਾਇਆ ਰਹਿੰਦਾ ਹੈ।

ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ॥ ਗੁਰਮੁਖਿ ਓਅੰਕਾਰਿ ਸਚਿ ਸਮਾਇਆ॥ ੧੬॥ (੧੨੮੫)

ਜਿਹੜੇ ਮਨੁੱਖ ਅਕਾਲ ਪੁਰਖੁ ਨੂੰ ਚੇਤੇ ਕਰਦੇ ਹਨ, ਤੇ ਉਸ ਅਕਾਲ ਪੁਰਖੁ ਦੇ ਸੇਵਕ ਬਣ ਜਾਂਦੇ ਹਨ, ਉਨ੍ਹਾਂ ਨੂੰ ਹਰੇਕ ਦੇ ਹਿਰਦੇ ਵਿੱਚ ਇੱਕ ਅਕਾਲ ਪੁਰਖੁ ਹੀ ਵਸਦਾ ਵਿਖਾਈ ਦਿੰਦਾ ਹੈ। ਜਿਸ ਮਨੁੱਖ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸ ਪਾਸ ਵੱਸਦੇ ਹਨ ਤੇ ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ, ਉਨ੍ਹਾਂ ਦੀ ਕੁਲ ਵਿੱਚ ਜੰਮੇ ਪੁੱਤਰ ਰਵਿਦਾਸ ਨੂੰ, ਜਿਹੜਾ ਕਿ ਅਕਾਲ ਪੁਰਖੁ ਦੇ ਦਾਸਾਂ ਦਾ ਵੀ ਦਾਸ ਬਣ ਗਿਆ, ਉਸ ਨੂੰ ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਵੀ ਨਮਸਕਾਰ ਕਰਨ ਲੱਗ ਪਏ। ਅਕਾਲ ਪੁਰਖੁ ਦੇ ਅੰਮ੍ਰਿਤ ਰੂਪੀ ਨਾਮੁ ਦੀ ਬਰਕਤਿ ਨਾਲ ਰਵਿਦਾਸ ਜੀ ਨੇ ਆਪਣੇ ਆਪ ਨੂੰ ਇਤਨਾ ਉੱਚਾ ਕਰ ਲਿਆ ਕਿ ਉੱਚੀ ਕੁਲ ਦੇ ਬ੍ਰਾਹਮਣ ਵੀ ਉਨ੍ਹਾਂ ਦੇ ਚਰਨੀਂ ਲੱਗਣ ਲੱਗ ਪਏ।

ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ॥ ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ॥ ੩॥ ੨॥ (੧੨੯੩)

ਅਕਾਲ ਪੁਰਖੁ ਹਰੇਕ ਜੀਵ ਦੇ ਹਿਰਦੇ ਵਿੱਚ ਵਿਆਪਕ ਹੈ, ਪਰੰਤੂ ਜਿਸ ਮਨੁੱਖ ਨੇ ਗੁਰੂ ਦੀ ਸਰਨ ਵਿੱਚ ਪੈ ਕੇ, ਉਸ ਅਕਾਲ ਪੁਰਖੁ ਨੂੰ ਆਪਣੇ ਚਿਤ ਵਿੱਚ ਵਸਾ ਲਿਆ, ਉਸ ਮਨੁੱਖ ਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਪਰਗਟ ਹੋ ਜਾਂਦਾ ਹੈ ਤੇ ਫਿਰ ਦੁਖ ਕਲੇਸ਼ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ। ਪਰੰਤੂ ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦਾ ਹੈ, ਗੁਰੂ ਦੇ ਬਚਨਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਂਦਾ, ਵੈਸੇ ਭਾਂਵੇ ਉਹ ਮਨੁੱਖ ਤੀਰਥ ਯਾਤਰਾਂ ਤੇ ਹੋਰ ਮਿਥੇ ਹੋਏ ਧਾਰਮਿਕ ਕਰਮ ਕਰ ਕੇ ਬਹੁਤ ਧਨ ਵੀ ਇਕੱਠਾ ਕਰ ਲੈਂਦਾ ਹੈ, ਪਰੰਤੂ ਫਿਰ ਵੀ ਉਹ ਮਨੁੱਖ ਜੋ ਕੁੱਝ ਵੀ ਕਰਦਾ ਹੈ, ਉਹ ਸਭ ਕੁੱਝ ਕਰਦਿਆਂ ਹੋਇਆਂ ਵੀ ਨਰਕ ਵਿੱਚ ਹੀ ਪਿਆ ਰਹਿੰਦਾ ਹੈ, ਤੇ ਸਦਾ ਦੁਖੀ ਰਹਿੰਦਾ ਹੈ।

ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ॥ ੪॥ (੧੩੩੪)

ਸੋਹਣੀ ਆਤਮਕ ਘਾੜਤ ਘੜਨ ਵਾਲਾ ਸਿਆਣਾ ਅਕਾਲ ਪੁਰਖੁ ਤਾਂ ਮਿਲਦਾ ਹੈ, ਜਦੋਂ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਜਾਂਦਾ ਹੈ। ਪੂਰੇ ਗੁਰੂ ਦੇ ਦਰਸਨ ਕਰਨ ਲਈ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਨਾ ਪੈਂਦਾ ਹੈ। ਗੁਰੂ ਨੇ ਆਪਣੇ ਸ਼ਬਦ ਦੁਆਰਾ ਜਿਸ ਮਨੁੱਖ ਦੇ ਸਾਰੇ ਪਾਪ ਮਿਟਾ ਦਿੱਤੇ ਤੇ ਉਸ ਨੂੰ ਸੰਤੋਖ ਬਖ਼ਸ਼ ਦਿਤਾ, ਫਿਰ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕਰਨ ਜੋਗਾ ਹੋ ਜਾਂਦਾ ਹੈ। ਪੂਰੇ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਗਿਆਨ ਪੈਦਾ ਹੋ ਜਾਂਦਾ ਹੈ, ਤੇ ਅਕਾਲ ਪੁਰਖੁ ਦੇ ਸੋਹਣੇ ਚਰਨ ਉਸ ਦੇ ਮਨੁੱਖ ਦੇ ਮਨ ਵਿੱਚ ਟਿਕ ਜਾਂਦੇ ਹਨ। ਜਦੋਂ ਮਨੁੱਖ ਗੁਰੂ ਦੀ ਸਰਨ ਵਿੱਚ ਪੈ ਜਾਂਦਾ ਹੈ, ਫਿਰ ਜਿਸ ਅਕਾਲ ਪੁਰਖੁ ਨੇ ਮਨੁੱਖ ਨੂੰ ਪੈਦਾ ਕੀਤਾ ਹੈ, ਉਹੀ ਅਕਾਲ ਪੁਰਖੁ ਉਸ ਮਨੁੱਖ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਅਕਾਲ ਪੁਰਖੁ ਸਾਰੇ ਗੁਣਾਂ ਵਿੱਚ ਸੰਪੂਰਨ ਹੈ, ਤੇ ਨਿਖਸਮਿਆਂ ਦਾ ਖਸਮ ਹੈ। ਅਕਾਲ ਪੁਰਖੁ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਇੱਜ਼ਤ ਬਖ਼ਸ਼ਦਾ ਹੈ, ਉਸ ਮਨੁੱਖ ਦੇ ਸਾਰੇ ਕਰਮ ਸਫਲ ਹੋ ਜਾਂਦੇ ਹਨ।

ਪ੍ਰਭਾਤੀ ਮਹਲਾ ੫॥ ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ॥ ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ॥ ੧॥ ਰਹਾਉ॥ ਕਿਲਬਿਖ ਮੇਟੇ ਸਬਦਿ ਸੰਤੋਖੁ॥ ਨਾਮੁ ਅਰਾਧਨ ਹੋਆ ਜੋਗੁ॥ ਸਾਧਸੰਗਿ ਹੋਆ ਪਰਗਾਸੁ॥ ਚਰਨ ਕਮਲ ਮਨ ਮਾਹਿ ਨਿਵਾਸੁ॥ ੧॥ ਜਿਨਿ ਕੀਆ ਤਿਨਿ ਲੀਆ ਰਾਖਿ॥ ਪ੍ਰਭੁ ਪੂਰਾ ਅਨਾਥ ਕਾ ਨਾਥੁ॥ ਜਿਸਹਿ ਨਿਵਾਜੇ ਕਿਰਪਾ ਧਾਰਿ॥ ਪੂਰਨ ਕਰਮ ਤਾ ਕੇ ਆਚਾਰ॥ ੨॥ (੧੩੪੦)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਗੁਰੂ ਗਰੰਥ ਸਾਹਿਬ ਇੱਕ ਉੱਚੇ ਆਚਰਨ ਦਾ ਸੋਮਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਅਕਾਲ ਪੁਰਖ ਦੇ ਹੁਕਮੁ ਨੂੰ ਸਮਝ ਸਕਦੇ ਹਾਂ, ਉਸ ਦੇ ਹੁਕਮੁ ਅਨੁਸਾਰ ਚਲ ਸਕਦੇ ਹਾਂ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਸਕਦੇ ਹਾਂ।

  • ਅਕਾਲ ਪੁਰਖ ਦੇ ਹੁਕਮੁ ਅਨੁਸਾਰ ਪੂਰੀ ਸ੍ਰਿਸ਼ਟੀ ਵਿੱਚ ਸਭ ਕੁੱਝ ਬਹੁਤ ਠੀਕ ਤੇ ਸੁਚੱਜੇ ਤਰੀਕੇ ਨਾਲ ਸਦੀਆਂ ਤੋਂ ਚਲਦਾ ਆ ਰਿਹਾ ਹੈ, ਇਸ ਲਈ ਜੇਕਰ ਅਸੀਂ ਸਦੀਵੀ ਸੁਖ ਪਾਉਣ ਚਾਹੁੰਦੇ ਹਾਂ, ਤਾਂ ਸਾਨੂੰ ਅਕਾਲ ਪੁਰਖ ਦੇ ਹੁਕਮੁ ਨੂੰ ਸਮਝਣਾ ਪਵੇਗਾ ਤੇ ਉਸ ਹੁਕਮੁ ਅਨੁਸਾਰ ਅਨੁਸਾਰ ਚਲਣਾਂ ਪਵੇਗਾ
  • ਜੇਕਰ ਧਰਮ ਦੀ ਸਿਖਿਆ ਲੈਂਣਾਂ ਚਾਹੁੰਦੇ ਹਾਂ, ਤਾਂ ਅਸੀਂ ਆਪਣੇ ਸਰੀਰ ਕੋਲੋ ਹੀ ਲੈ ਸਕਦੇ ਹਾਂ, ਮਨੁੱਖਾ ਸਰੀਰ ਦਾ ਹਰੇਕ ਅੰਗ ਬਾਕੀ ਸਭ ਦੂਸਰੇ ਅੰਗਾਂ ਲਈ ਕੰਮ ਕਰਦਾ ਹੈ, ਪਰੰਤੂ ਬਦਲੇ ਵਿੱਚ ਕੁੱਝ ਨਹੀਂ ਮੰਗਦਾ
  • ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਅੰਕਿਤ ਅਕਾਲ ਪੁਰਖ ਦੀ ਪਰਿਭਾਸ਼ਾ, ਅਕਾਲ ਪੁਰਖ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਇੱਕ ਪਹਿਲਾ ਆਰੰਭ ਹੈ, ਇਸ ਨੂੰ ਅਕਾਲ ਪੁਰਖ ਸਬੰਧੀ ਸਾਇੰਸ ਦਾ ਮੁੱਢ ਵੀ ਕਹਿ ਸਕਦੇ ਹਾਂ
  • ਜਦੋਂ ਜੀਵ ਨੂੰ ਸਮਝ ਆਉਂਦੀ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੁਕਮੁ ਵਿੱਚ ਹੋ ਰਿਹਾ ਹੈ, ਤੇ ਜੀਵ ਆਪ ਕੁੱਝ ਵੀ ਨਹੀਂ ਕਰ ਸਕਦਾ ਹੈ, ਤਾਂ ਉਸ ਦੀ ਹਉਮੈ ਘਟਨੀ ਸ਼ੁਰੂ ਹੋ ਜਾਂਦੀ ਹੈ, ਜਿਸ ਸਦਕਾ ਉਸ ਦੀ ਅਕਾਲ ਪੁਰਖੁ ਨਾਲ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ
  • ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਨੀ ਹੈ ਕਿ ਮੈਨੂੰ ਹਮੇਸ਼ਾਂ ਆਪਣੇ ਹੁਕਮੁ ਤੇ ਰਜਾ ਵਿੱਚ ਰੱਖੋ
  • ਆਚਰਨ ਇੱਕ ਦਰੱਖਤ ਦੀ ਤਰ੍ਹਾਂ ਹੈ, ਜਿਸ ਤੋਂ ਫਲ ਤੇ ਠੰਡੀ ਛਾਂ ਪ੍ਰਾਪਤ ਹੋ ਸਕਦੀ ਹੈ, ਡਿਗਰੀ ਇੱਕ ਦਰੱਖਤ ਦੇ ਪਰਛਾਂਵੇ ਦੀ ਤਰ੍ਹਾਂ ਹੈ, ਜਿਸ ਦੀ ਇੱਕ ਚੰਗੇ ਆਚਰਨ ਤੋਂ ਬਿਨਾ ਕੋਈ ਕੀਮਤ ਨਹੀਂ
  • ਹਰੇਕ ਕਰਮ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਤੋਂ ਘਟੀਆ ਹੈ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਕੀਤੇ ਗਏ ਕਰਮ ਸਭ ਤਰ੍ਹਾਂ ਦੇ ਕੀਤੇ ਗਏ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਹਨ
  • ਸਿਖਿਆਂ ਦਾ ਮੰਤਵ ਇਹੀ ਹੈ ਕਿ ਮਨੁੱਖ ਅੰਦਰ ਹਰੇਕ ਕੰਮ ਕਰਨ ਲਈ ਜਾਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਡੂੰਘੀ ਸੋਚ ਵੀਚਾਰ ਕਰਨ ਦੀ ਆਦਤ ਬਣ ਜਾਵੇ, ਮਨੁੱਖ ਦੀ ਲਿਆਕਤ ਤੇ ਆਚਰਨ ਹੀ ਉਸ ਨੂੰ ਜੀਵਨ ਦੀ ਅਸਲੀ ਸਫਲਤਾ ਵਲ ਲਿਜਾ ਸਕਦੇ ਹਨ।
  • ਉੱਚਾ ਆਚਰਨ ਤੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਦੀ ਮਹਾਨਤਾ, ਉਹੀ ਮਨੁੱਖ ਸਮਝ ਸਕਦਾ ਹੈ, ਜਿਸ ਨੇ ਆਪਣੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਕੀਤੇ ਹੋਣ
  • ਆਪਣੀ ਮਸ਼ਹੂਰੀ ਬਣਾਣ ਦੀ ਬਜਾਏ ਆਪਣੇ ਆਚਰਨ ਨੂੰ ਉੱਚਾ ਬਣਾਣਾ ਹੈ, ਕਿਉਂਕਿ ਆਚਰਨ ਇੱਕ ਅਸਲੀਅਤ ਤੇ ਸਚਾਈ ਹੈ, ਜਦੋਂ ਕਿ ਮਸ਼ਹੂਰੀ ਤਾਂ ਸਿਰਫ ਇਹੀ ਹੈ ਕਿ ਲੋਕੀ ਸਾਡੇ ਬਾਰੇ ਕੀ ਸੋਚਦੇ ਹਨ
  • ਸਾਡਾ ਮਨੁੱਖਾ ਜਨਮ ਤਾਂ ਹੀ ਸਫਲ ਹੋ ਸਕਦਾ ਹੈ, ਜੇਕਰ ਅਸੀਂ ਵੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿੱਚ ਰਹਿ ਕੇ ਇੱਕ ਸੁਚੱਜੇ ਜੀਵਨ ਦੀ ਜਾਚ ਸਿੱਖੀਏ
  • ਜੇਕਰ ਕਿਸੇ ਮਨੁੱਖ ਆਚਰਨ ਜਾਨਣਾ ਹੋਵੇ ਤਾਂ ਇਹ ਵੇਖਣਾਂ ਚਾਹੀਦਾ ਹੈ ਕਿ ਉਸ ਦਾ ਉਨ੍ਹਾਂ ਲੋਕਾਂ ਪ੍ਰਤੀ ਕਿਸ ਤਰ੍ਹਾ ਦਾ ਵਤੀਰਾ ਹੈ, ਜਿਹੜੇ ਕਿ ਉਸ ਲਈ ਕੁੱਝ ਕੰਮ ਨਹੀਂ ਕਰ ਸਕਦੇ
  • ਮੁਸ਼ਕਲ ਦੇ ਸਮੇਂ ਵਿੱਚ ਤਾਂ ਸਾਰੇ ਆਪਣਾ ਵਤੀਰਾ ਚੰਗਾ ਵਖਾਉਂਦੇ ਹਨ, ਪਰੰਤੂ ਉਨ੍ਹਾਂ ਦੀ ਅਸਲੀਅਤ ਤਾਂ ਉਸ ਸਮੇਂ ਪਤਾ ਲਗਦੀ ਹੈ, ਜਦੋਂ ਉਨ੍ਹਾਂ ਨੂੰ ਤਾਕਤ ਜਾਂ ਕੁਰਸੀ ਮਿਲ ਜਾਂਦੀ ਹੈ
  • ਮਨੁੱਖ ਦਾ ਅਸਲੀ ਆਚਰਨ ਉਸ ਸਮੇਂ ਪਤਾ ਚਗਦਾ ਹੈ, ਜਦੋਂ ਉਸ ਨੂੰ ਕੋਈ ਵੇਖ ਨਾ ਰਿਹਾ ਹੋਵੇ, ਜਿਹੜੇ ਮਨੁੱਖ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਹਨ, ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ
  • ਅਕਾਲ ਪੁਰਖੁ ਦੀ ਰਚੀ ਹੋਈ ਮਾਇਆ ਅਨੇਕਾਂ ਤਰੀਕਿਆਂ ਨਾਲ ਜੀਵਾਂ ਉਤੇ ਪ੍ਰਭਾਵ ਪਾਈ ਰੱਖਦੀ ਹੈ ਤੇ ਜੀਵ ਨੂੰ ਆਤਮਕ ਮੌਤੇ ਮਾਰਦੀ ਰਹਿੰਦੀ ਹੈ, ਜਿਸ ਮਨੁੱਖ ਨੇ ਅਕਾਲ ਪੁਰਖੁ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ, ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕਦੀ
  • ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਨੁੱਖ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਸਕਦਾ ਹੈ, ਅਕਾਲ ਪੁਰਖੁ ਦਾ ਨਾਮੁ ਜਪਣ ਸਦਕਾ ਮਨੁੱਖ ਦੇ ਮਨ ਦਾ ਸੁਬਾਅ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਮਨੁੱਖ ਅਕਾਲ ਪੁਰਖੁ ਨੂੰ ਚੇਤੇ ਰੱਖਣ ਤੋਂ ਬਿਨਾ ਰਹਿ ਨਹੀਂ ਸਕਦਾ
  • ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ, ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਚੰਗੇ ਜੀਵਨ ਦੀ ਜਾਚ ਤੇ ਚੰਗਾ ਆਚਰਨ ਹੈ, ਇਸ ਲਈ ਅਕਾਲ ਪੁਰਖੁ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ
  • ਗਿਆਨ ਨਾਲ ਮਨੁੱਖ ਕੁਰਸੀ ਜਾਂ ਤਾਕਤ ਤਾਂ ਹਾਸਲ ਕਰ ਸਕਦਾ ਹੈ, ਪਰੰਤੂ ਇਜਤ ਮਾਣ ਸਿਰਫ ਉੱਚੇ ਆਚਰਨ ਨਾਲ ਹੀ ਮਿਲ ਸਕਦਾ ਹੈ
  • ਜੇਕਰ ਕਿਸੇ ਮਨੁੱਖ ਆਚਰਨ ਜਾਨਣਾ ਹੋਵੇ ਤਾਂ ਇਹ ਵੇਖਣਾਂ ਚਾਹੀਦਾ ਹੈ ਕਿ ਉਸ ਦਾ ਆਪਣੇ ਤੋਂ ਛੋਟੇ ਤੇ ਨੀਵੀਆਂ ਨਾਲ ਕਿਸ ਤਰ੍ਹਾ ਦਾ ਵਤੀਰਾ ਹੈ, ਮਨੁੱਖ ਦਾ ਦੂਸਰਿਆਂ ਪ੍ਰਤੀ ਵਤੀਰਾ ਹੀ ਦੱਸਦਾ ਹੈ ਕਿ ਉਸ ਦੇ ਅੰਦਰ ਕਿਨੀ ਕੁ ਸਿਆਣਪ, ਦਇਆਲਤਾ, ਹਮਦਰਦੀ, ਇਮਾਨਦਾਰੀ, ਦ੍ਰਿੜਤਾ ਤੇ ਹਿੰਮਤ ਹੈ
  • ਜੇਕਰ ਜੀਵ ਇਸਤ੍ਰੀ ਅਕਾਲ ਪੁਰਖੁ ਪਤੀ ਦੀ ਸੁਹਾਗਣ ਬਣ ਜਾਂਦੀ ਹੈ ਤਾਂ ਜੀਵ ਇਸਤ੍ਰੀ ਸਚ ਮੁਚ ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਂਦੀ ਹੈ
  • ਜਗਤ ਵਿੱਚ ਆਪਣੇ ਆਪ ਨੂੰ ਗਿਆਨਵਾਨ ਕਹਿਲਾਣ ਵਾਲੇ ਤਾਂ ਬਹੁਤ ਹਨ, ਪਰੰਤੂ ਕੋਈ ਵਿਰਲੇ ਹੀ ਹਨ, ਜਿਨ੍ਹਾਂ ਦਾ ਨਿੱਤ ਦਾ ਆਚਰਨ ਗੁਰੂ ਦੇ ਗਿਆਨ ਅਨੁਸਾਰ ਹੁੰਦਾ ਹੈ, ਉੱਚਾ ਆਚਰਨ ਤੇ ਉੱਚੀ ਵਿਚਾਰ ਸਿਰਫ ਸਬਦ ਗੁਰੂ ਤੋਂ ਹੀ ਮਿਲ ਸਕਦੀ ਹੈ
  • ਜੇਹੜਾ ਮਨੁੱਖ ਗੁਰੂ ਦੇ ਬਚਨਾਂ ਨੂੰ ਵੀਚਾਰ ਕੇ ਉਨ੍ਹਾਂ ਅਨੁਸਾਰ ਜੀਵਨ ਵਿੱਚ ਵਿਚਰ ਕੇ ਇੱਕ ਅਕਾਲ ਪੁਰਖੁ ਨਾਲ ਸਾਂਝ ਪਾ ਲੈਂਦਾ ਹੈ, ਉਹ ਗੁਰੂ ਦੀ ਬਾਣੀ ਦੁਆਰਾ ਚੰਗਾ ਆਚਰਨ ਬਣਾਣਾ ਸਿਖ ਲੈਂਦਾ ਹੈ
  • ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚੋਂ ਵੀ ਅਕਾਲ ਪੁਰਖੁ ਹੀ ਸਭ ਤੋਂ ਵੱਡੇ ਆਚਰਨ ਵਾਲਾ ਹੈ
  • ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆ ਦੀ ਰਹਿਣੀ ਇਹੋ ਜਿਹੀ ਬਣ ਜਾਂਦੀ ਹੈ, ਕਿ ਉਹ ਕਦੇ ਵੀ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦੇ, ਅਜੇਹੇ ਲੋਕ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਂਦੇ ਹਨ
  • ਮਨੁੱਖ ਦੀ ਕਮਜੋਰੀ ਜਾਂ ਉਸ ਦੀਆਂ ਕਮਜੋਰ ਆਦਤਾਂ, ਉਸ ਦਾ ਆਚਰਨ ਵੀ ਕਮਜੋਰ ਕਰ ਦਿੰਦੀਆਂ ਹਨ
  • ਜੇਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ, ਤੀਰਥਾਂ ਤੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿੱਚ ਨਿਵਾਸ ਰੱਖਦਾ ਰਿਹਾ, ਤਿਆਗੀ ਬਣ ਕੇ ਥਾਂ ਥਾਂ ਭਟਕਦਾ ਰਿਹਾ ਤੇ ਇਨ੍ਹਾਂ ਕਰਮਾਂ ਨੂੰ ਹੀ ਧਰਮ ਸਮਝਦਾ ਰਿਹਾ, ਜੇਕਰ ਉਸ ਦਾ ਮਨ ਮੈਲਾ ਹੀ ਰਿਹਾ ਤਾਂ ਉਹ ਮਨੁੱਖ ਪਵਿਤਰ ਕਿਵੇਂ ਹੋ ਸਕਦਾ ਹੈ?
  • ਚੰਗਾ ਆਚਰਨ ਤੇ ਉੱਚੀ ਆਤਮਕ ਸੂਝ ਮਨੁੱਖ ਦੇ ਸਰੀਰ ਅੰਦਰ ਪੈਦਾ ਹੋ ਸਕਦੇ ਹਨ, ਤੇ ਮਨ ਸਦਾ ਅਡੋਲ ਅਵਸਥਾ ਤੇ ਧੀਰਜ ਵਿੱਚ ਟਿਕਿਆ ਰਹਿ ਸਕਦਾ ਹੈ, ਪਰੰਤੂ ਇਹ ਸਭ ਕੁੱਝ ਤਾਂ ਹੀ ਸੰਭਵ ਹੈ, ਜੇਕਰ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹੀਏ ਤੇ ਉਸ ਦੀ ਰਜ਼ਾ ਵਿੱਚ ਰਹਿਣ ਲਈ ਅਰਦਾਸ ਕਰਦੇ ਰਹੀਏ
  • ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਦੁਨੀਆਂ ਦੇ ਹੋਰ ਧੰਧਿਆਂ ਵਿੱਚ ਫਸ ਕੇ ਜੀਵਨ ਵਿੱਚ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ
  • ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ, ਉਸ ਮਨੁੱਖ ਦਾ ਆਚਰਨ ਉੱਚਾ ਤੇ ਸੁੱਚਾ ਬਣ ਜਾਂਦਾ ਹੈ
  • ਤੀਰਥ ਯਾਤਰਾਂ ਤੇ ਮਿਥੇ ਹੋਏ ਸਾਰੇ ਧਰਮ ਕਰਮ ਕਰਨ ਦੀ ਬਜਾਏ ਅਕਾਲ ਪੁਰਖੁ ਦਾ ਨਾਮੁ ਹੀ ਅਸਲੀ ਤੀਰਥ ਹੈ ਤੇ ਸਭ ਤੋਂ ਪਵਿੱਤਰ ਕਾਰ ਵਿਹਾਰ ਹੈ
  • ਨਿੰਦਿਆ ਕਰਦੇ ਰਹਿਣ ਕਰਕੇ ਨਿੰਦਿਆ ਕਰਨ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ, ਸੰਤ ਜਨਾਂ ਦੀ ਨਿੰਦਿਆ ਕਰਨ ਵਾਲਿਆਂ ਦੀ ਗੱਲ ਨੂੰ ਕੋਈ ਵੀ ਮਨੁੱਖ ਸੱਚ ਨਹੀਂ ਮੰਨਦਾ, ਜਿਸ ਕਰਕੇ ਨਿੰਦਿਆ ਕਰਨ ਵਾਲੇ ਬਾਅਦ ਵਿੱਚ ਆਪਣੇ ਝੂਠੇ ਬੋਲਾਂ ਕਰਕੇ ਅਫ਼ਸੋਸ ਕਰਦੇ ਰਹਿੰਦੇ ਹਨ
  • ਕਰਮ ਕਾਂਡੀ ਲੋਕ ਅਕਾਲ ਪੁਰਖੁ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਰਹਿੰਦੇ ਹਨ, ਪਰੰਤੂ ਜਿਸ ਨੂੰ ਉਹ ਮਾੜਾ ਆਖਦੇ ਹਨ, ਅਸਲ ਵਿੱਚ ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਨੂੰ ਜਾਣਦਾ ਹੈ
  • ਜਿਸ ਮਾਇਆ ਨੂੰ ਮਨੁੱਖ ਆਪਣੀ ਸਮਝੀ ਬੈਠਾ ਹੈ, ਉਹ ਤਾਂ ਇੱਕ ਦਿਨ ਇਥੇ ਹੀ ਛੱਡ ਜਾਵੇਗਾ, ਪਰੰਤੂ ਉਸ ਮਾਇਆ ਦੀ ਖ਼ਾਤਰ ਕੀਤੇ ਪਾਪਾਂ ਦਾ ਭਾਰ ਆਪਣੇ ਸਿਰ ਉੱਤੇ ਲੈ ਜਾਵੇਗਾ
  • ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਲਈ ਜਿਆਦਾ ਧੰਨ ਦੌਲਤ ਤੇ ਜਾਇਦਾਦ ਛੱਡਣ ਦੀ ਬਜਾਏ, ਉਨ੍ਹਾਂ ਲਈ ਇੱਕ ਚੰਗਾ ਆਚਰਨ ਤੇ ਭਰੋਸਾ ਛੱਡ ਕੇ ਜਾਣਾ ਚਾਹੀਦਾ ਹੈ
  • ਅਕਾਲ ਪੁਰਖੁ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਦੀ ਇਹੀ ਪਹਿਚਾਣ ਹੈ, ਕਿ ਮੂਰਖ ਮਨੁੱਖ ਉਹੀ ਕੁੱਝ ਕਰਦਾ ਰਹਿੰਦਾ ਹੈ, ਜਿਹੜਾ ਅੰਤ ਵੇਲੇ ਉਸ ਦੇ ਨਾਲ ਨਹੀਂ ਜਾਂਦਾ
  • ਅਸੀਂ ਆਪਣਾ ਆਚਰਨ ਕਿਨਾਂ ਕੁ ਉੱਚਾ ਬਣਾਣਾ ਹੈ, ਉਹ ਸਾਡੇ ਆਪਣੇ ਹੱਥ ਵਿੱਚ ਹੈ, ਮਾਤਾ ਪਿਤਾ ਸਿਰਫ ਰਸਤਾ ਦੱਸ ਸਕਦੇ ਹਨ, ਪਰੰਤੂ ਉਸ ਰਸਤੇ ਤੇ ਬੱਚਿਆਂ ਨੂੰ ਆਪ ਚਲਣਾ ਪੈਂਣਾ ਹੈ
  • ਜਿਨ੍ਹਾਂ ਮਨੁੱਖਾਂ ਦੇ ਤਨ ਮਨ ਵਿੱਚ ਸਦਾ ਅਕਾਲ ਪੁਰਖੁ ਦੇ ਨਾਮੁ ਜਪਣ ਦਾ ਆਹਾਰ ਹੁੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਤੇ ਭਗਤੀ ਵਿੱਚ ਮਸਤ ਹੋ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿੱਚ ਰੁਝੇ ਰਹਿੰਦੇ ਹਨ
  • ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰ ਲੈਂਦਾ ਹੈ, ਉਹ ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧਨ, ਲਾਲਚ, ਹਉਮੈ, ਵਿਸ਼ਿਆਂ ਵਿਕਾਰਾਂ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਕ੍ਰੋਧ, ਇਨ੍ਹਾਂ ਸਭ ਨੂੰ ਤਿਆਗ ਦੇਂਦਾ ਹੈ
  • ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਤੇ ਮਨੁੱਖ ਦੀ ਸੁਰਤਿ ਹਰ ਵੇਲੇ ਆਤਮਕ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ
  • ਮਨਮੁਖ ਅਕਾਲ ਪੁਰਖੁ ਦੇ ਨਾਮੁ ਨੂੰ ਭੁਲਾ ਕੇ ਹੋਰ ਵਿਖਾਵੇ ਦੇ ਧਾਰਮਿਕ ਕਰਮ ਕਾਂਡਾਂ ਦੀ ਤਾਕੀਦ ਕਰਦਾ ਰਹਿੰਦਾ ਹੈ, ਜਿਹੜੇ ਕਿ ਵਿਅਰਥ ਜਾਂਦੇ ਹਨ
  • ਸਤਿਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਵੀ ਜੀਵਨ ਦੀ ਚੰਗੀ ਰਹਿਣੀ ਸਹਿਣੀ ਨਹੀਂ ਹਾਸਲ ਕਰ ਸਕਦਾ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਵਿੱਚ ਸਮਾਇਆ ਰਹਿੰਦਾ ਹੈ
  • ਅਕਾਲ ਪੁਰਖੁ ਦੇ ਅੰਮ੍ਰਿਤ ਰੂਪੀ ਨਾਮੁ ਦੀ ਬਰਕਤਿ ਨਾਲ ਰਵਿਦਾਸ ਜੀ ਨੇ ਆਪਣੇ ਆਪ ਨੂੰ ਇਤਨਾ ਉੱਚਾ ਕਰ ਲਿਆ ਕਿ ਉੱਚੀ ਕੁਲ ਦੇ ਬ੍ਰਾਹਮਣ ਵੀ ਉਨ੍ਹਾਂ ਦੇ ਚਰਨੀਂ ਲੱਗਣ ਲੱਗ ਪਏ
  • ਅਸਲ ਉਕਾਈਆਂ ਉਹ ਹਨ, ਜਿਹੜੀਆਂ ਅਕਾਲ ਪੁਰਖੁ ਹਜ਼ੂਰੀ ਵਿੱਚ ਉਕਾਈਆਂ ਮੰਨੀਆਂ ਜਾਂਦੀਆਂ ਹਨ, ਅਜੇਹੀਆਂ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਅਕਾਲ ਪੁਰਖੁ ਦੇ ਨਾਮੁ ਤੋਂ ਵਿਛੋੜਦੀਆਂ ਹਨ
  • ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦਾ ਹੈ, ਗੁਰੂ ਦੇ ਬਚਨਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਂਦਾ, ਵੈਸੇ ਭਾਂਵੇ ਉਹ ਮਨੁੱਖ ਤੀਰਥ ਯਾਤਰਾਂ ਤੇ ਹੋਰ ਮਿਥੇ ਹੋਏ ਧਾਰਮਿਕ ਕਰਮ ਕਰ ਕੇ ਬਹੁਤ ਧਨ ਵੀ ਇਕੱਠਾ ਕਰ ਲੈਂਦਾ ਹੈ, ਪਰੰਤੂ ਫਿਰ ਵੀ ਉਹ ਮਨੁੱਖ ਸਭ ਕੁੱਝ ਕਰਦਿਆਂ ਹੋਇਆਂ ਵੀ ਨਰਕ ਵਿੱਚ ਹੀ ਪਿਆ ਰਹਿੰਦਾ ਹੈ, ਤੇ ਸਦਾ ਦੁੱਖੀ ਰਹਿੰਦਾ ਹੈ
  • ਸੋਹਣੀ ਆਤਮਕ ਘਾੜਤ ਘੜਨ ਵਾਲਾ ਸਿਆਣਾ ਅਕਾਲ ਪੁਰਖੁ ਤਾਂ ਮਿਲਦਾ ਹੈ, ਜਦੋਂ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਜਾਂਦਾ ਹੈ, ਪੂਰੇ ਗੁਰੂ ਦੇ ਦਰਸਨ ਕਰਨ ਲਈ ਆਪਣੇ ਆਪ ਨੂੰ ਸਬਦ ਗੁਰੂ ਦੇ ਹਵਾਲੇ ਕਰਨਾ ਪੈਂਦਾ ਹੈ

ਮਨੁੱਖ ਦੀ ਸੋਚ ਉਸ ਦੇ ਬੋਲ ਬਣ ਜਾਂਦੀ ਹੈ, ਉਹ ਆਪਣੇ ਬੋਲਾਂ ਅਨੁਸਾਰ ਕਰਮ ਕਰਦਾ ਹੈ, ਉਸ ਦੇ ਕਰਮ ਉਸ ਦੀ ਆਦਤ ਬਣਾ ਦਿੰਦੇ ਹਨ, ਉਸ ਦੀਆਂ ਆਦਤਾਂ ਉਸ ਦਾ ਆਚਰਨ ਬਣ ਜਾਂਦੀਆਂ ਹਨ। ਫਿਰ ਇੱਕ ਦਿਨ ਉਸ ਦਾ ਆਚਰਨ ਹੀ ਉਸ ਦੀ ਜੀਵਨ ਦੀ ਮੰਜਲ ਦਾ ਫੈਸਲਾ ਕਰਦਾ ਹੈ। ਇਸ ਲਈ ਜੇ ਕਰ ਆਪਣਾ ਜੀਵਨ ਸਫਲ ਕਰਨਾਂ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸੋਚ ਗੁਰੂ ਗਰੰਥ ਅਨੁਸਾਰ ਕਰਨੀ ਪਵੇਗੀ।

ਗੁਰੂ ਗਰੰਥ ਸਾਹਿਬ ਇੱਕ ਉੱਚੇ ਆਚਰਨ ਦਾ ਸੋਮਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਅਕਾਲ ਪੁਰਖ ਦੇ ਹੁਕਮੁ ਨੂੰ ਸਮਝ ਸਕਦੇ ਹਾਂ ਤੇ ਉਸ ਹੁਕਮੁ ਅਨੁਸਾਰ ਅਨੁਸਾਰ ਚਲ ਸਕਦੇ ਹਾਂ। ਜਦੋਂ ਜੀਵ ਨੂੰ ਸਮਝ ਆਉਂਦੀ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੋ ਰਿਹਾ ਹੈ, ਤੇ ਜੀਵ ਆਪ ਕੁੱਝ ਵੀ ਨਹੀਂ ਕਰ ਸਕਦਾ ਹੈ, ਤਾਂ ਫਿਰ ਉਸ ਦੀ ਹਉਮੈ ਘਟਨੀ ਸ਼ੁਰੂ ਹੋ ਜਾਂਦੀ ਹੈ, ਜਿਸ ਸਦਕਾ ਉਸ ਦੀ ਅਕਾਲ ਪੁਰਖੁ ਨਾਲ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਉੱਚਾ ਆਚਰਨ ਤੇ ਉੱਚੀ ਵਿਚਾਰ ਸਿਰਫ ਸਬਦ ਗੁਰੂ ਤੋਂ ਹੀ ਮਿਲ ਸਕਦੀਆਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰ ਲੈਂਦਾ ਹੈ, ਉਹ ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧਨ, ਲਾਲਚ, ਹਉਮੈ, ਵਿਸ਼ਿਆਂ ਵਿਕਾਰਾਂ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਕ੍ਰੋਧ, ਇਨ੍ਹਾਂ ਸਭ ਨੂੰ ਤਿਆਗ ਦੇਂਦਾ ਹੈ। ਹਰੇਕ ਕਰਮ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਤੋਂ ਘਟੀਆ ਹੈ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਕੀਤੇ ਗਏ ਕਰਮ ਸਭ ਤਰ੍ਹਾਂ ਦੇ ਕੀਤੇ ਗਏ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਹਨ। ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ, ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਚੰਗੇ ਜੀਵਨ ਦੀ ਜਾਚ ਤੇ ਚੰਗਾ ਆਚਰਨ ਹੈ, ਇਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਅਨਮੋਲ ਗੁਣਾਂ ਨੂੰ ਆਪਣੇ ਜੀਵਨ ਦਾ ਹਿਸਾ ਬਣਾਣਾਂ ਚਾਹੀਦਾ ਹੈ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html




.