.

ਜਿਥੈ ਜਾਇ ਬਹੈ ਮੇਰਾ ਸਤਿਗੁਰੂ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 5)

(ਸੁਖਜੀਤ ਸਿੰਘ ਕਪੂਰਥਲਾ)

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

(ਗ) ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।

(ਆਸਾ ਮਹਲਾ ੪-੪੫੦)

ਵਿਚਾਰ- ਇਹ ਪਾਵਨ ਬਚਨ ਰਾਗ ਆਸਾ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਣ ਕੀਤੇ ਹੋਏ ਹਨ। ਇਨ੍ਹਾਂ ਬਚਨਾਂ ਨੂੰ ਅਸੀਂ ਅਕਸਰ ਹੀ ਗੁਰਦੁਆਰਿਆਂ ਅੰਦਰ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਣ ਉਪੰਰਤ ਸੁਖਆਸਣ ਅਸਥਾਨ ਵੱਲ ਪਾਵਨ ਸਰੂਪ ਨੂੰ ਲਿਜਾਂਦੇ ਸਮੇਂ ਹਾਜ਼ਰ ਸੰਗਤਾਂ ਵਲੋਂ ਢੋਲਕੀਆਂ-ਚਿਮਟਿਆਂ-ਖੜਤਾਲਾਂ ਆਦਿ ਦੀ ਵਰਤੋਂ ਕਰਦੇ ਹੋਏ ਜੋਟੀਆਂ ਦੇ ਰੂਪ ਵਿੱਚ ਧਾਰਨਾ ਲਾਉਂਦੇ ਹੋਏ ਇਸ ਛੰਤ ਦੇ ਦੂਜੇ ਪਦੇ ਨੂੰ ਸਥਾਈ ਬਣਾ ਕੇ ਸੰਗਤੀ ਰੂਪ ਵਿੱਚ ਗਾਇਆ ਜਾਂਦਾ ਹੈ। ਇਸ ਸਮੇਂ ਇਸ ਫੁਰਮਾਣ ਨੂੰ ਸਥਾਈ ਬਣਾ ਕੇ ਛੰਤ ਨੂੰ ਗਾਇਆ ਜਾਣਾ ਇਹ ਪ੍ਰਭਾਵ ਪੈਦਾ ਕਰਦਾ ਹੈ ਕਿ ਗੁਰੂ ਰਾਮਦਾਸ ਜੀ ਵਲੋਂ ਇਹ ਬਚਨ ਇਸ ਸਮੇਂ ਲਈ ਹੀ ਉਚਾਰੇ ਗਏ ਹਨ। ਜੇ ਇਸ ਤਰਾਂ ਮੰਨ ਲਿਆ ਜਾਵੇ ਤਾਂ ਕੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਅਸਥਾਨ ਉਪਰ ਬਿਰਾਜਮਾਨ ਹੁੰਦੇ ਹਨ, ਉਹ ਸਥਾਨ ਸੁਹਾਵਾ ਨਹੀਂ ਹੁੰਦਾ, ਜਾਂ ਕਿਸੇ ਹੋਰ ਜਗ੍ਹਾ ਉਪਰ ਪਾਵਨ ਸਰੂਪ ਦੀ ਸਵਾਰੀ ਲਿਜਾਈ ਜਾਂਦੀ ਹੈ, ਉਹ ਰਸਤਾ/ਸਥਾਨ ਸੁਹਾਵਾ ਨਹੀਂ ਹੁੰਦਾ? ਇਸ ਵਿੱਚ ਕੋਈ ਦੂਜੀ ਰਾਏ ਹੋ ਹੀ ਨਹੀਂ ਸਕਦੀ ਕਿ ਸਿੱਖ ਲਈ ਸਭ ਤੋਂ ਵੱਧ ਸਤਿਕਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਅਸੀਂ ਇਨ੍ਹਾਂ ਬਚਨਾਂ ਨੂੰ ਕੇਵਲ ਸੁਖਆਸਣ ਸਮੇਂ ਹੀ ਗਾਉਂਦੇ ਹਾਂ, ਕੀ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਵੀ ਐਸਾ ਨਹੀਂ ਕੀਤਾ ਜਾਣਾ ਚਾਹੀਦਾ? ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜੋਕੇ ਸਮੇਂ ਸਾਡੇ ਬਹੁਗਿਣਤੀ ਗੁਰਦੁਆਰਿਆਂ ਵਿੱਚ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਗ੍ਰੰਥੀ ਸਿੰਘ ਦੇ ਨਾਲ ਕੋਈ ਚੌਰ ਸਾਹਿਬ ਦੀ ਸੇਵਾ ਕਰਨ ਵਾਲਾ ਪ੍ਰੇਮੀ ਵੀ ਹਾਜ਼ਰ ਨਹੀਂ ਹੁੰਦਾ।

ਲੋੜ ਹੈ ਕਿ ਅਜੋਕੇ ਸਮੇਂ ਗੁਰਬਾਣੀ ਨੂੰ ਪ੍ਰਚਲਿਤ ਸ਼ਾਬਦਿਕ ਅਰਥਾਂ ਵਿੱਚ ਜਿਹੜੇ ਗੁਰ ਫੁਰਮਾਣਾਂ ਨੂੰ ਅਕਸਰ ਹੀ ਵਰਤਿਆ ਜਾ ਰਿਹਾ ਹੈ, ਉਸ ਦੀ ਸਹੀ ਵਿਚਾਰ ਤਕ ਪਹੁੰਚਣ ਲਈ ਪੂਰੇ ਸ਼ਬਦ ਦੇ ਪਰਿਖੇਪ (Context) ਵਿੱਚ ਸਮਝਿਆ ਜਾਵੇ। ਵਿਸ਼ਾ ਅਧੀਨ ਪੂਰਾ ਸ਼ਬਦ ਇਸ ਤਰਾਂ ਹੈ-

ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ।।

ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ।।

ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ।।

ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ।। ੧।।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।

ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ।।

ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮ ਧਿਆਵਾ।।

ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ।। ੨।।

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ।।

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ।।

ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ।।

ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ।। ੩।।

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ।।

ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ।।

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨਾ ਮੇਰਾ ਸਤਿਗੁਰੁ ਤੁਠਾ।।

ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ।। ੪।। ੧੨।। ੧੯।।

(ਆਸਾ ਮਹਲਾ ੪-੪੫੦)

ਅਰਥ -ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਮੌਜੂਦ ਹੈ, ਪ੍ਰਮਾਤਮਾ ਦੀਆਂ ਨਜਰਾਂ ਵਿੱਚ ਉਹ ਬੰਦੇ ਸੁਚੱਜੇ ਹਨ, ਸਿਆਣੇ ਹਨ। ਜੇ ਉਹ ਕਦੇ ਉਕਾਈ ਖਾ ਕੇ ਗਲਤੀ ਨਾਲ ਬਾਹਰ ਲੋਕਾਂ ਵਿੱਚ ਉਕਾਈ ਵਾਲੇ ਬਚਨ ਬੋਲ ਬੈਠਦੇ ਹਨ ਤਾਂ ਭੀ ਪ੍ਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ। ਪ੍ਰਮਾਤਮਾ ਦੇ ਸੰਤਾਂ ਨੂੰ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੁੰਦਾ, ਉਹ ਜਾਣਦੇ ਹਨ ਕਿ ਪ੍ਰਮਾਤਮਾ ਹੀ ਨਿਮਾਣਿਆ ਦਾ ਮਾਣ ਹੈ। ਹੇ ਨਾਨਕ! ਪ੍ਰਮਾਤਮਾ ਦੇ ਸੇਵਕਾਂ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪ੍ਰਮਾਤਮਾ ਹੀ ਉਨ੍ਹਾਂ ਦਾ ਬਾਹੂ-ਬਲ ਹੈ, ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ ਤਕੜੇ ਰਹਿੰਦੇ ਹਨ।। ੧।।

ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ, ਗੁਰਸਿੱਖਾਂ ਵਾਸਤੇ ਉਹ ਥਾਂ ਸੋਹਣਾ ਬਣ ਜਾਂਦਾ ਹੈ। ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ। ਜੇਹੜੇ ਗੁਰਸਿੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਨ੍ਹਾਂ ਦੀ ਗੁਰ-ਅਸਥਾਨ ਭਾਲਣ ਦੀ ਮੇਹਨਤ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਹੇ ਨਾਨਕ! ਜੇਹੜੇ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਦਾ ਆਦਰ-ਸਤਿਕਾਰ ਬਿਠਾਂਦੇ ਹਨ ਪ੍ਰਮਾਤਮਾ ਜਗਤ ਵਿੱਚ ਉਨ੍ਹਾਂ ਦਾ ਆਦਰ ਕਰਾਂਦਾ ਹੈ।। ੨।।

ਹੇ ਹਰੀ! ਗੁਰੂ ਦੇ ਸਿੱਖ ਦੇ ਮਨ ਵਿੱਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ, ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ। ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ। ਜਿਸ ਦੀ ਬਰਕਤਿ ਨਾਲ ਉਨ੍ਹਾਂ ਦੇ ਮਨ ਵਿਚੋਂ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ। ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ ਤੇ ਉਨ੍ਹਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖੁਰਾਕ ਖਾਂਦੀ ਹੈ। ਹੇ ਦਾਸ ਨਾਨਕ! ਜੇਹੜੇ ਮਨੁੱਖ ਆਪਣੇ ਹਿਰਦੇ ਖੇਤ ਵਿੱਚ ਹਰਿ ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਨ੍ਹਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ।। ੩।।

ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਉਨ੍ਹਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਜੇ ਕੋਈ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਨ੍ਹਾਂ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਆਦਰ-ਮਾਣ ਮਿਲਦਾ ਹੈ। ਨਾਨਕ ਆਖਦਾ ਹੈ ਉਹ ਗੁਰਸਿੱਖ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ, ਪ੍ਰਮਾਤਮਾ ਉਨ੍ਹਾਂ ਦੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ।। ੪।। ੧੨।। ੧੯।।

ਉਪਰੋਕਤ ਅਨੁਸਾਰ ਸਾਰੇ ਸ਼ਬਦ ਦੀ ਵਿਚਾਰ ਸਾਹਮਣੇ ਰੱਖਣ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਗੁਰਸਿੱਖਾਂ ਦੇ ਹਿਰਦੇ ਘਰ ਅੰਦਰ ਸਤਿਗੁਰੂ ਦੇ ਉਪਦੇਸ਼ ਵੱਸ ਜਾਂਦੇ ਹਨ, ਉਨ੍ਹਾਂ ਗੁਰਸਿੱਖਾਂ ਦਾ ਜੀਵਨ ਕੰਚਨ ਵੰਨਾ ਸੋਹਣਾ ਬਣ ਕੇ ਦੂਸਰਿਆਂ ਲਈ ਪ੍ਰੇਰਣਾ ਸਰੋਤ ਬਣ ਜਾਂਦਾ ਹੈ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ` (੩੦੫) ਗੁਰਬਾਣੀ ਫੁਰਮਾਣ ਅਨੁਸਾਰ ਸਤਿਗੁਰੂ ਦੇ ਨਾਲ-ਨਾਲ ਐਸੇ ਗੁਰਸਿੱਖ ਵੀ ਸਤਿਕਾਰ ਯੋਗ ਪਦਵੀ ਹਾਸਲ ਕਰ ਲੈਂਦੇ ਹਨ। ਗਉੜੀ ਰਾਗ ਅੰਦਰ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ‘ਸਾ ਧਰਤੀ ਪਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ` (੩੧੦) ਅਨੁਸਾਰ ਐਸੇ ਗੁਰਸਿੱਖਾਂ ਦੀ ਹਿਰਦੇ ਰੂਪੀ ਧਰਤੀ ਸਤਿਗੁਰੂ ਦੇ ਉਪਦੇਸ਼ ਦੇ ਵਾਸੇ ਕਾਰਣ ਹਰੀ ਭਰੀ ਹੋ ਜਾਂਦੀ ਹੈ। ਫਿਰ ਐਸੇ ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਦੇ ਉਪਦੇਸ਼ ਰੂਪੀ ਗਿਆਨ ਦੀ ਸਦੀਵੀਂ ਹੋਂਦ ਬਣ ਜਾਣ ਕਾਰਣ ਪ੍ਰਮੇਸ਼ਰ ਨਾਲ ਇਕਮਿਕਤਾ ਬਣ ਜਾਂਦੀ ਹੈ। ਜਿਥੇ ਪ੍ਰਮੇਸ਼ਰ ਦਾ ਵਾਸਾ ਹੋ ਜਾਵੇ ਉਸ ਹਿਰਦੇ ਘਰ ਵਿੱਚ ਅਉਗਣਾਂ ਲਈ ਕੋਈ ਥਾਂ ਹੀ ਬਾਕੀ ਨਹੀਂ ਬਚਦੀ। ਐਸੇ ਗੁਰਸਿੱਖ ਫਿਰ ਪਾਪਾਂ, ਵਿਸ਼ੇ-ਵਿਕਾਰਾਂ ਨੂੰ ਆਪਣੇ ਜੀਵਨ ਵਿਚੋਂ ਬਾਹਰ ਚਲੇ ਜਾਣ ਲਈ ਆਖਣ ਦੇ ਸਮਰੱਥ ਬਣਕੇ ਆਖਦੇ ਹਨ-

ਨਸਿ ਵੰਝਹੁ ਕਿਲਵਿਖਹੁ ਕਰਤਾ ਘਰਿ ਆਇਆ।।

ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ।।

(ਆਸਾ ਮਹਲਾ ੫-੪੬੦)

ਇਸ ਲੇਖ ਰਾਹੀਂ ਦਿਤਾ ਗਿਆ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.