.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਅਠਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੧੪) ਸੰਜੋਗੁ ਵਿਜੋਗੁ ਧੁਰਹੁ ਹੀ ਹੂਆ॥ ਪੰਚ ਧਾਤੁ ਕਰਿ ਪੁਤਲਾ ਕੀਆ॥ ਸਾਹੈ ਕੈ ਫੁਰਮਾਇਅੜੈ ਜੀ, ਦੇਹੀ ਵਿਚਿ ਜੀਉ ਆਇ ਪਇਆ॥ ੧ ਜਿਥੈ ਅਗਨਿ ਭਖੈ ਭੜਹਾਰੇ॥ ਊਰਧ ਮੁਖ ਮਹਾ ਗੁਬਾਰੇ॥ ਸਾਸਿ ਸਾਸਿ ਸਮਾਲੇ ਸੋਈ, ਓਥੈ ਖਸਮਿ ਛਡਾਇ ਲਇਆ॥  ॥ ਵਿਚਹੁ ਗਰਭੈ ਨਿਕਲਿ ਆਇਆ॥ ਖਸਮੁ ਵਿਸਾਰਿ ਦੁਨੀ ਚਿਤੁ ਲਾਇਆ॥ ਆਵੈ ਜਾਇ ਭਵਾਈਐ ਜੋਨੀ, ਰਹਣੁ ਨ ਕਿਤਹੀ ਥਾਇ ਭਇਆ॥ ੩ ॥ ਮਿਹਰਵਾਨਿ ਰਖਿ ਲਇਅਨੁ ਆਪੇ॥ ਜੀਅ ਜੰਤ ਸਭਿ ਤਿਸ ਕੇ ਥਾਪੇ॥ ਜਨਮੁ ਪਦਾਰਥੁ ਜਿਣਿ ਚਲਿਆ, ਨਾਨਕ ਆਇਆ ਸੋ ਪਰਵਾਣੁ ਥਿਆ॥ ੪ (ਪੰ: ੧੦੦੭)

ਪਦ ਅਰਥ : — ਜਿਥੈ—ਜਿਸ ਥਾਂ `ਚ। ਅਗਨਿ—ਅੱਗ। ਭਖੈ—ਭਖਦੀ ਹੈ, ਬਲਦੀ ਹੈ ਭੜਹਾਰੇ—ਭੜ ਭੜ ਕਰ ਕੇ ਬੜੀ ਤੇਜ਼, ਬਹੁਤ ਵੱਡੇ ਸੈਂਟੀਗ੍ਰੇਡ ਦੇ ਤਾਪਮਾਨ `ਚ। ਊਰਧ—ਉਲਟਾ। ਊਰਧ ਮੁਖ—ਉਲਟੇ-ਮੂੰਹ, ਮੂੰਹ ਹੇਠਾਂ ਤੇ ਪੈਰ ਉਪਰ ਕੁੰਡਲ ਬਣਿਆ ਹੋਇਆ। ਗੁਬਾਰੇ—ਘੁੱਪ ਹਨੇਰੇ `ਚ। ਸਾਸਿ—ਸਾਹ ਨਾਲ। ਸਾਸਿ ਸਾਸਿ—ਹਰੇਕ ਸਾਹ ਨਾਲ। ਸੋਈ—ਉਹ ਜੀਵ। ਸਮਾਲੇ—ਯਾਦ ਕਰਦਾ ਹੈ। ਖਸਮਿ—ਖਸਮ ਨੇ ਅਕਾਲ ਪੁਰਖ ਨੇ। ਜਿਣਿ ਚਲਿਆ—ਜਿੱਤ ਲਿਆ, ਸਫ਼ਲ ਕਰ ਲਿਆ। ਜਨਮੁ ਪਦਾਰਥੁ ਜਿਣਿ ਚਲਿਆ—ਜਿਨ੍ਹਾਂ ਨੇ ਮਨੁੱਖਾ ਜਨਮ ਦੇ ਮਕਸਦ ਨੂੰ ਪਛਾਣਿਆ ਤੇ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਗਏ ਭਾਵ ਜਿਹੜੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਗਏ।

ਅਰਥ : —ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਤੇ ਵਿਛੋੜਾ ਪ੍ਰਭੂ-ਪ੍ਰਮਾਤਮਾ ਦੀ ਆਪਣੀ ਰਜ਼ਾ `ਚ ਹੀ ਹੁੰਦਾ ਹੈ। ਪ੍ਰਮਾਤਮਾ ਦੇ ਹੁਕਮ `ਚ ਪੰਜ ਤੱਤਾਂ ਨੂੰ ਇਕੱਠੇ ਕਰ ਕੇ ਸਾਡੇ ਸਰੀਰ ਨੂੰ ਬਣਾਇਆ ਤੇ ਘੜਿਆ ਜਾਂਦਾ ਹੈ। ਉਪ੍ਰੰਤ ਪ੍ਰਭੂ-ਪਾਤਸ਼ਾਹ ਦੇ ਹੁਕਮ `ਚ, ਹੀ ਫ਼ਿਰ ਜੀਵਾਤਮਾ ਉਸ ਨਵੇਂ ਤਿਆਰ ਹੋਣ ਵਾਲੇ ਸਰੀਰ `ਚ ਟਿੱਕ ਜਾਂਦੀ ਹੈ। ੧।

ਹੇ ਭਾਈ! ਜਿੱਥੇ ਮਾਤਾ ਦੇ ਗਰਭ `ਚ ਅੱਗ ਵੱਡੇ ਸੈਂਟੀਗ੍ਰੇਡ ਦੇ ਉੱਚਤਮ ਤਾਪਮਾਨ `ਚ ਭੜ ਭੜ ਕਰ ਕੇ ਬੜੀ ਤੇਜ਼ੀ ਨਾਲ ਭੜਕਾਹੇ ਮਾਰ ਰਹੀ ਹੁੰਦੀ ਹੈ, "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਉਸ ਸਮੇਂ ਉਸ ਅੱਗ `ਚ ਹੀ ਜੀਵ ਦਾ ਸਰੀਰ ਤਿਆਰ ਹੁੰਦਾ ਹੈ। (ਫ਼ਿਰ ਇਤਨਾ ਹੀ ਨਹੀਂ ਉਸ ਸਰੀਰ ਦੇ ਤਿਆਰ ਹੋਣ ਤੋਂ ਬਾਅਦ ਵੀ, ਪੇਟ ਵਿੱਚਲੇ) ਉਸ ਭਿਆਨਕ ਹਨੇਰੇ `ਚ ਜੀਵ ਉਲਟੇ-ਮੂੰਹ (ਲਗਾਤਾਰ ਕਈ ਮਹੀਨੇ ਕੁੰਡਲੀ ਮਾਰ ਕੇ) ਪਿਆ ਰਹਿੰਦਾ ਹੈ।

ਜੀਵ (ਉਥੇ ਆਪਣੇ) ਹਰੇਕ ਸਾਹ ਕਰਕੇ ਪ੍ਰਭੂ-ਪ੍ਰਮਾਤਮਾ `ਚ ਇੱਕ ਮਿੱਕ ਭਾਵ ਲਿਵ ਕਰਕੇ ਪ੍ਰਭੂ `ਚ ਵਿਲੀਨ ਹੋਇਆ ਰਹਿੰਦਾ ਹੈ। ਜਦਕਿ ਜੀਵ ਦੇ ਜੀਵਨ, ਦੇ ਅਜਿਹੇ ਸਮੂਚੇ ਬਿਖਮ ਤੇ ਭਿਅੰਕਰ ਸਮੇਂ `ਚ ਵੀ "ਓਥੈ ਖਸਮਿ ਛਡਾਇ ਲਇਆ" ਮਾਲਕ-ਪ੍ਰਭੂ ਆਪ ਬਹੁੜੀ ਕਰਕੇ ਜੀਵ ਨੂੰ ਬਿਨਸਨ ਤੇ ਰਾਖ ਹੋਣ ਤੋਂ ਲਗਾਤਾਰ ਆਪ ਬਚਾਅ ਕੇ ਰਖਦਾ ਹੈ। ੨।

ਹੇ ਭਾਈ! ਜੀਵ ਜਦੋਂ ਮਾਤਾ ਦੇ ਗਰਭ `ਚੋਂ ਬਾਹਰ ਆਉਂਦਾ ਹੈ ਤਾਂ ਉਹ ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ `ਚ ਚਿੱਤ ਜੋੜ ਲੈਂਦਾ ਹੈ। (ਪ੍ਰਭੂ ਨੂੰ ਵਿਸਾਰਨ ਕਰਕੇ ਹੀ) ਜੀਵ ਮੁੜ ਜੰਮਣ ਮਰਨ ਦੇ ਉਸੇ ਗੇੜ `ਚ ਪੈਂਦਾ ਹੈ। ਇਸ ਤਰ੍ਹਾਂ ਜਦੋਂ ਪ੍ਰਭੂ ਵੱਲੋਂ ਇਸ ਨੂੰ ਫ਼ਿਰ ਤੋਂ ਉਸੇ ਜੂਨਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਕਿਸੇ ਇੱਕ ਥਾਂ `ਤੇ ਟਿਕਾਣਾ ਨਹੀਂ ਮਿਲਦਾ: ਭਾਵ ਮਨੁੱਖਾ ਜਨਮ ਦੌਰਾਨ ਕੀਤੇ ਚੰਗੇ ਤੇ ਮਾੜੇ ਕਰਮਾਂ ਅਨੁਸਾਰ ਇਸ ਦੇ ਲਈ ਫ਼ਿਰ ਤੋਂ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਵਾਲਾ ਉਹੀ ਗੇੜ ਚਾਲੂ ਹੋ ਜਾਂਦਾ ਹੈ। ੩।

ਹੇ ਭਾਈ! ਅਸਲ `ਚ ਸਾਰੇ ਜੀਵ ਉਸ ਪ੍ਰਭੂ ਪ੍ਰਮਾਤਮਾ ਦੇ ਆਪਣੇ ਪੈਦਾ ਕੀਤੇ ਹੁੰਦੇ ਹਨ ਤੇ ਉਹ ਮਿਹਰਵਾਨ ਪ੍ਰਭੂ, ਕੁੱਝ ਨੂੰ ਉਸ ਬਾਰ-ਬਾਰ ਦੇ ਜਨਮ-ਮਰਨ ਦੇ ਗੇੜ ਤੋਂ ਬਚਾਉਂਦਾ ਵੀ ਆਪ ਹੀ ਹੈ।

ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਪ੍ਰਮਾਤਮਾ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਇਸ ਅਮੁੱਲੇ ਮਨੁੱਖਾ ਜਨਮ ਦੀ ਬਾਜ਼ੀ ਨੂੰ ਜਿੱਤ ਜਾਂਦਾ ਹੈ।

ਭਾਵ ਉਹੀ ਮਨੁੱਖ ਇਸ ਸੰਸਾਰ `ਚ ਜਨਮ ਲੈਣ ਤੋਂ ਬਾਅਦ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਕਰਦਾ ਤੇ ਪ੍ਰਭੂ ਦੇ ਦਰ `ਤੇ ਕਬੂਲ ਹੁੰਦਾ ਹੈ; ਮੁੜ ਜੂਨਾਂ ਦੇ ਗੇੜ `ਚ ਨਹੀਂ ਪੈਂਦਾ ਬਲਕਿ ਸਦਾ ਲਈ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ੪।

(੧੫) - ਪਉੜੀ॥ ਤਿਥੈ ਤੂ ਸਮਰਥੁ, ਜਿਥੈ ਕੋਇ ਨਾਹਿ॥ ਓਥੈ ਤੇਰੀ ਰਖ, ਅਗਨੀ ਉਦਰ ਮਾਹਿ॥ ਸੁਣਿ ਕੈ ਜਮ ਕੇ ਦੂਤ, ਨਾਇ ਤੇਰੈ ਛਡਿ ਜਾਹਿ॥ ਭਉਜਲੁ ਬਿਖਮੁ ਅਸਗਾਹੁ, ਗੁਰ ਸਬਦੀ ਪਾਰਿ ਪਾਹਿ॥ ਜਿਨ ਕਉ ਲਗੀ ਪਿਆਸ, ਅੰਮ੍ਰਿਤੁ ਸੇਇ ਖਾਹਿ॥ ਕਲਿ ਮਹਿ ਏਹੋ ਪੁੰਨੁ, ਗੁਣ ਗੋਵਿੰਦ ਗਾਹਿ॥ ਸਭਸੈ ਨੋ ਕਿਰਪਾਲੁ, ਸਮਾੑਲੇ ਸਾਹਿ ਸਾਹਿ॥ ਬਿਰਥਾ ਕੋਇ ਨ ਜਾਇ, ਜਿ ਆਵੈ ਤੁਧੁ ਆਹਿ॥ ੯ (ਪੰ: ੯੬੨)

ਪਦ ਅਰਥ : — ਅਗਨੀ ਉਦਰ ਮਾਹਿ—ਮਾਤਾ ਦੇ ਗਰਭ ਵਿੱਚਲੀ ਉਹ ਅੱਗ ਜਿਸ `ਚ ਮਨੁੱਖ ਦਾ ਸਰੀਰ ਤਿਆਰ ਹੁੰਦਾ ਹੈ। ਗੁਰਬਾਣੀ `ਚ ਮਾਤਾ ਦੇ ਗਰਭ ਵਿੱਚਲੀ ਇਸੇ ਅੱਗ ਲਈ ਹੋਰ ਵੀ ਬਹੁਤ ਸ਼ਬਦਾਵਲੀ ਆਈ ਹੈ ਜਿਵੇਂ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨਿ ਕੁੰਟ’ ‘ਅਗਨਿ ਉਦਰ’ ‘ਜਠਰ ਅਗਨਿ’, ‘ਅਗਨਿ ਉਦਰ’, ਗਰਭ ਕੁੰਟ, ਅਗਨੀ ਉਦਰ, ਅਗਨਿ ਬਿੰਬ ਜਲ ਭੀਤਰਿ ਨਿਪਜੇ" ਬਲਕਿ ਇਥੋਂ ਤੀਕ ਕਿ "ਜਿਥੈ ਅਗਨਿ ਭਖੈ ਭੜਹਾਰੇ" ਆਦਿ।

ਅਰਥ : —ਹੇ ਪ੍ਰਭੂ! ਜਿੱਥੇ ਹੋਰ ਕੋਈ ਵੀ ਜੀਵ ਦੀ ਸਹਾਇਤਾ ਕਰਨ ਜੋਗਾ ਨਹੀਂ ਹੁੰਦਾ ਉਥੇ, ਕੇਵਲ ਤੂੰ ਹੀ ਹੁੰਦਾ ਹੈਂ ਜਿਹੜਾਂ ਜੀਵ ਦੀ ਮਦਦ ਕਰਣ ਦੇ ਸਮ੍ਰਥ ਹੁੰਦਾ ਹੈਂ, ਮਾਤਾ ਦੇ ਗਰਭ ਵਿੱਚਲੀ ਉਸ ਅੱਗ `ਚ (ਜਿਸ `ਚ ਮਨੁੱਖ ਦਾ ਸਰੀਰ ਤਿਆਰ ਹੁੰਦਾ ਹੈ, ਉਸ ਵੱਡੇ ਤਾਪਮਾਨ `ਚ ਵੀ) ਜੀਵ ਨੂੰ ਕੇਵਲ ਇੱਕ ਤੇਰਾ ਹੀ ਸਹਾਰਾ ਹੁੰਦਾ ਹੈ। ਭਾਵ ਉਥੇ ਵੀ ਤੂੰ ਆਪ ਹੀ ਬਹੁੜੀ ਕਰਕੇ:-

"ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ" (ਪੰ: ੬੧੩)

"ਅਗਨਿ ਬਿੰਬ ਜਲ ਭੀਤਰਿ ਨਿਪਜੇ" (ਪੰ: ੧੫੬),

"ਮਹਾ ਅਗਨਿ ਨ ਬਿਨਾਸਨੰ" (੭੦੬)

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ" (ਪੰ: ੭੪੮)

"ਮਾਤ ਗਰਭ ਮਹਿ ਅਗਨਿ ਨ ਜੋਹੈ" (ਪੰ: ੭੬੮)

"ਜਿਥੈ ਅਗਨਿ ਭਖੈ ਭੜਹਾਰੇ॥ ਊਰਧ ਮੁਖ ਮਹਾ ਗੁਬਾਰੇ" (ਪੰ: ੧੦੦੭) ਹੋਰ

"ਗਰਭ ਅਗਨਿ ਮਹਿ ਜਿਨਹਿ ਉਬਾਰਿਆ" (ਪੰ: ੨੬੬)

"ਜਿ ਅਗਨਿ ਮਹਿ ਰਾਖੈ" (ਪੰ: ੨੯੦)

"ਤਉ ਜਠਰ ਅਗਨਿ ਮਹਿ ਰਹਤਾ" (ਪੰ: ੩੩੭)

"ਦੇਇ ਅਹਾਰੁ ਅਗਨਿ ਮਹਿ ਰਾਖੈ" (ਪੰ: ੪੮੮)

"ਮਾਤ ਗਰਭ ਮਹਿ ਹਾਥ ਦੇ ਰਾਖਿਆ…" (ਪੰ: ੮੦੫) ਜੀਵ ਨੂੰ ਰਾਖ ਹੋਣ ਤੋਂ ਬਚਾਂਦਾ ਹੈਂ।

ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ ਵੀ ਮਨੁੱਖ ਦੇ ਨੇੜੇ ਨਹੀਂ ਢੁੱਕਦੇ ਤੇ ਤੇਰੇ ਨਾਮ ਦੀ ਬਰਕਤ ਨਾਲ ਉਹ ਵੀ ਜੀਵ ਨੂੰ ਛੱਡ ਜਾਂਦੇ ਹਨ।

ਭਾਵ ਹੇ ਪ੍ਰਭੂ! ਜਿੱਥੇ ਤੇਰੀ ਸਿਫ਼ਤ ਸਲਾਹ ਦੀ ਬਰਕਤ ਹੋਵੇ ਉਥੇ ਬਹੁਬਲੀ ਤੇ ਭਿਅੰਕਰ ਵਿਕਾਰ ਵੀ ਬੇ-ਅਸਰ ਹੋ ਜਾਂਦੇ ਹਨ, ਉਥੇ ਉਨ੍ਹਾਂ ਬਹੁਬਲੀ ਚੰਦਰੇ ਵਿਕਾਰਾਂ ਦਾ ਜ਼ੋਰ ਵੀ ਨਹੀਂ ਚਲਦਾ।

ਇਸਤਰ੍ਹਾਂ ਜਿਹੜੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ ਉਹ ਇਸ ਬਿਖਮ ਤੇ ਅਥਾਹ ਸੰਸਾਰ-ਸਮੁੰਦ੍ਰ ਨੂੰ ਵੀ ਸਹਿਜੇ ਪਾਰ ਕਰ ਲੈਂਦੇ ਹਨ ਭਾਵ ਉਨ੍ਹਾਂ ਦਾ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ

ਪਰ, ਤਾਂ ਵੀ ਕੇਵਲ ਉਹੀ ਲੋਕ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ "ਜਿਨ ਕਉ ਲਗੀ ਪਿਆਸ, ਅੰਮ੍ਰਿਤੁ ਸੇਇ ਖਾਹਿ" ਜਿਨ੍ਹਾਂ ਦੇ ਹਿਰਦੇ ਘਰ ਅੰਦਰ ਇਸ ਨਾਮ ਅੰਮ੍ਰਿਤ ਲਈ ਭੁੱਖ ਤੇ ਪਿਆਸ ਹੁੰਦੀ ਹੈ, ਜਿਹੜੇ ਸੰਸਾਰ `ਚ ਮਨੁੱਖਾ ਜਨਮ ਪਾਉਣ ਤੋਂ ਬਾਅਦ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਨੂੰ ਹੀ ਸਰਬ-ਉੱਤਮ ਕੰਮ ਜਾਣ ਕੇ ਸਦਾ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਤੇ ਜੀਵਨ ਭਰ ਤੇਰੇ ਰੰਗ `ਚ ਹੀ ਰੰਗੇ ਰਹਿੰਦੇ ਹਨ।

ਕ੍ਰਿਪਾਲੂ ਪ੍ਰਭੂ, ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ। ਤਾਂ ਤੇ ਹੇ ਪ੍ਰਭੂ! ਜਿਹੜਾ ਜੀਵ ਤੇਰੀ ਸ਼ਰਨ `ਚ ਆ ਜਾਂਦਾ ਹੈ ਉਹ ਫ਼ਿਰ ਤੇਰੇ ਦਰ ਤੋਂ ਕਦੇ ਵੀ ਖ਼ਾਲੀ ਨਹੀਂ ਜਾਂਦਾ। ੯।

(੧੬) - ਗੋਂਡ ਮਹਲਾ ੫॥ ਜਾ ਕਉ ਰਾਖੈ ਰਾਖਣਹਾਰੁ॥ ਤਿਸ ਕਾ ਅੰਗੁ ਕਰੇ ਨਿਰੰਕਾਰੁ॥ ੧ ॥ ਰਹਾਉ॥ ਮਾਤ ਗਰਭ ਮਹਿ ਅਗਨਿ ਨ ਜੋਹੈ॥ ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ॥ ਸਾਧਸੰਗਿ ਜਪੈ ਨਿਰੰਕਾਰੁ॥ ਨਿੰਦਕ ਕੈ ਮੁਹਿ ਲਾਗੈ ਛਾਰੁ॥ ੧ ॥ ਰਾਮ ਕਵਚੁ ਦਾਸ ਕਾ ਸੰਨਾਹੁ॥ ਦੂਤ ਦੁਸਟ ਤਿਸੁ ਪੋਹਤ ਨਾਹਿ॥ ਜੋ ਜੋ ਗਰਬੁ ਕਰੇ ਸੋ ਜਾਇ॥ ਗਰੀਬ ਦਾਸ ਕੀ ਪ੍ਰਭੁ ਸਰਣਾਇ॥ ੨ ॥ ਜੋ ਜੋ ਸਰਣਿ ਪਇਆ ਹਰਿ ਰਾਇ॥ ਸੋ ਦਾਸੁ ਰਖਿਆ ਅਪਣੈ ਕੰਠਿ ਲਾਇ॥ ਜੇ ਕੋ ਬਹੁਤੁ ਕਰੇ ਅਹੰਕਾਰੁ॥ ਓਹੁ ਖਿਨੁ ਮਹਿ ਰੁਲਤਾ ਖਾਕੂ ਨਾਲਿ॥ ੩ ॥ ਹੈ ਭੀ ਸਾਚਾ ਹੋਵਣਹਾਰੁ॥ ਸਦਾ ਸਦਾ ਜਾਈਂ ਬਲਿਹਾਰ॥ ਅਪਣੇ ਦਾਸ ਰਖੇ ਕਿਰਪਾ ਧਾਰਿ॥ ਨਾਨਕ ਕੇ ਪ੍ਰਭ ਪ੍ਰਾਣ ਅਧਾਰ॥ ੪ (ਪੰ: ੮੬੮)

ਪਦ ਅਰਥ : —ਜਾ ਕਉ—ਜਿਸ ਮਨੁੱਖ ਨੂੰ। ਰਾਖੈ—ਬਚਾਂਦਾ ਹੈ। ਰਾਖਣਹਾਰੁ—ਬਚਾਣ ਦੀ ਸਮ੍ਰਥਾ ਰਖਣ ਵਾਲਾ ਪ੍ਰਭੂ-ਅਕਾਲਪੁਰਖ। ਨ ਜੋਹੈ— ਨਹੀਂ ਤੱਕਦੀ, ਦੁੱਖੀ ਨਹੀਂ ਕਰ ਸਕਦੀ {ਜਿਵੇਂ "ਮਹਾ ਅਗਨਿ ਨ ਬਿਨਾਸਨੰ" (ਪੰ: ੭੦੬) ਜਾਂ "ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ" (ਪੰ: ੭੪੮) ਆਦਿ}। ਨ ਪੋਹੈ—ਆਪਣਾ ਕੁਪ੍ਰਭਾਵ ਨਹੀਂ ਪਾ ਸਕਦੇ। ਸਾਧ ਸੰਗਿ—ਗੁਰੂ ਦੀ ਸੰਗਤਿ `ਚ। ਕੈ ਮੁਹਿ—ਦੇ ਮੂੰਹ `ਚ, ਦੇ ਸਿਰ `ਤੇ। ਛਾਰੁ—ਸੁਆਹ। ਦੂਤ—ਮਨੁਖਾ ਜੀਵਨ ਦੇ ਵੈਰੀ ਕਾਮਾਦਿਕ ਵਿਕਾਰ। ਦੁਸਟ—ਭੈੜੇ, ਚੰਦਰੇ, ਭਿਅੰਕਰ। ਗਰਬੁ—ਅਹੰਕਾਰ। ਜਾਇ—ਨਾਸ ਹੋ ਜਾਂਦਾ ਹੈ। ਖਾਕੂ ਨਾਲਿ—ਮਿੱਟੀ `ਚ। "ਓਹੁ ਖਿਨੁ ਮਹਿ ਰੁਲਤਾ ਖਾਕੂ ਨਾਲਿ" ਉਨ੍ਹਾਂ ਦਾ ਦੁਰਲਭ ਮਨੁੱਖਾ ਜਨਮ ਵੀ ਖਿਨ ਭਰ `ਚ ਹੀ ਅਤੇ ਦੇਖਦੇ-ਦੇਖਦੇ ਮਿੱਟੀ `ਚ ਰਲ ਜਾਂਦਾ ਹੈ, ਬਿਰਥਾ ਹੋ ਜਾਂਦਾ ਹੈ।

ਅਰਥ : —ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ, ਪ੍ਰਭੂ ਉਸ ਦਾ ਪੱਖ ਵੀ ਆਪ ਪੂਰਦਾ ਤੇ ਉਸ ਦੀ ਮਦਦ ਵੀ ਆਪ ਕਰਦਾ ਹੈ। ੧। ਰਹਾਉ।

ਹੇ ਭਾਈ! ਜਿਵੇਂ ਜੀਵ ਨੂੰ "ਮਾਂ ਦੇ ਪੇਟ ਵਿੱਚਲੀ ਅੱਗ ਵੀ ਦੁੱਖ ਨਹੀਂ ਦਿੰਦੀ", ਤਿਵੇਂ ਹੀ ਪ੍ਰਭੂ ਜਿਸ ਮਨੁੱਖ ਦੀ ਜਦੋਂ ਆਪ ਬਹੁੜੀ ਕਰਦਾ ਹੈ, ਤਾਂ ਅਜਿਹੇ ਜੀਊੜੇ ਦਾ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰ ਵੀ ਕੁੱਝ ਨਹੀਂ ਵਿਗਾੜ ਸਕਦੇ।

ਅਜਿਹਾ ਮਨੁੱਖ ਗੁਰੂ-ਗੁਰਬਾਣੀ ਵਾਲੀ ਸੰਗਤ `ਚ ਟਿੱਕ ਕੇ ਪ੍ਰਭੂ ਦੀ ਸ਼ਿਫ਼ਤ ਸਲਾਹ ਨਾਲ ਜੁੜਿਆ ਰਹਿੰਦਾ ਹੈ ਜਦਕਿ ਅਜਿਹੇ ਪ੍ਰਭੂ ਪਿਆਰ ਵਾਲੇ ਮਨੁੱਖ ਦੀ ਨਿੰਦਾ ਕਰਨ ਵਾਲਿਆਂ ਦੇ ਸਿਰ `ਚ ਤਾਂ ਕੇਵਲ ਸੁਆਹ ਹੀ ਪੈਂਦੀ ਹੈ।

ਭਾਵ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਅਤੇ ਪ੍ਰਭੂ ਦੇ ਰੰਗ `ਚ ਰੰਗੇ ਹੋਏ ਜੀਊੜੇ ਦੀ ਉੱਤਮ, ਅਨੰਦਮਈ ਤੇ ਸੰਤੋਖੀ ਆਤਮਕ ਅਵਸਥਾ ਦੇ ਸਨਮੁੱਖ, ਮੋਹ-ਮਾਇਆ `ਚ ਖੱਚਤ, ਵਿਕਾਰੀ ਤੇ ਸੰਸਾਰੀ ਪ੍ਰਵਰਿਤੀਆਂ ਵਾਲੇ ਲੋਕ, ਤੁੱਛ ਜੀਵਨ ਬਤੀਤ ਕਰਦੇ ਹਨ; ਉਨ੍ਹਾਂ ਦੇ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦੇ ਹਨ ਜਿਸ ਤੋਂ ਉਨ੍ਹਾਂ ਦਾ ਲੋਕ ਤੇ ਪ੍ਰਲੋਕ ਦੋਵੇਂ ਤਬਾਹ ਹੋ ਜਾਂਦੇ ਹਨ। ੧।

ਹੇ ਭਾਈ! ਪ੍ਰਭੂ ਦੇ ਰੰਗ `ਚ ਰੰਗੇ ਹੋਏ ਜੀਵਨ ਕੋਲ, ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਗੁਣ, ਉਸ ਦੇ ਆਤਮਕ ਜੀਵਨ ਨੂੰ, ਉਨ੍ਹਾਂ ਚੰਦਰੇ ਤੇ ਘਾਤਕ ਵਿਕਾਰਾਂ ਦੀ ਮਾਰ ਤੋਂ ਬਚਾਉਣ ਲਈ ਇਉਂ ਹੁੰਦਾ ਹੈ ਜਿਵੇਂ ਯੁਧ ਭੁਮੀ `ਚ ਯੋਧੇ ਪਾਸ, ਵੈਰੀ ਦੇ ਸ਼ਸਤ੍ਰਾਂ ਦੀ ਮਾਰ ਤੋਂ ਬਚਣ ਲਈ ਕਵਚ ਤੇ ਸੰਜੋਅ ਆਦਿ।

ਇਸ ਤਰ੍ਹਾਂ ਪ੍ਰਭੂ ਦੇ ਰੰਗ `ਚ ਰੰਗੇ ਹੋਏ ਮਨੁੱਖ ਦੇ ਆਤਮਕ ਜੀਵਨ ਨੂੰ, ਮਨੁੱਖਾ ਜੀਵਨ ਦੀ ਸਫ਼ਲਤਾ ਦੇ ਸਭ ਤੋਂ ਵੱਡੇ ਵੈਰੀ ਕਾਮ, ਕ੍ਰੋਧ ਲੋਭ ਮੋਹ ਆਦਿ ਵਿਕਾਰ ਵੀ ਨਹੀਂ ਪੋਹ ਸਕਦੇ।

ਜਿਹੜਾ-ਜਿਹੜਾ ਮਨੁੱਖ ਵੀ, ਆਪਣੀ ਤਾਕਤ `ਤੇ ਮਾਣ ਕਰਦਾ ਹੈ, ਉਹ ਆਤਮਕ ਜੀਵਨ ਪੱਖੋਂ ਤਬਾਹ ਹੋ ਜਾਂਦਾ ਹੈ। ਪਰ ਜਿਹੜਾ ਹਊਮੈ ਰਹਿਤ ਤੇ ਨਿਮਾਨਾ ਹੋ ਕੇ ਪ੍ਰਭੂ ਦੇ ਦਰ ਦਾ ਸੁਆਲੀ ਹੋ ਜਾਂਦਾ ਹੈ, ਕਾਮ ਕ੍ਰੌਧ ਆਦਿ ਮਨੁੱਖਾ ਜੀਵਨ ਦੇ ਵੱਡੇ ਵੈਰੀਆਂ ਤੋਂ ਉਸਦਾ ਬਚਾਅ ਤੇ ਉਸ ਦੀ ਬਹੁੜੀ ਕਰਣ ਵਾਲਾ ਵੀ ਪ੍ਰਭੂ ਆਪ ਹੀ ਹੁੰਦਾ ਹੈ। (ਜਿਵੇਂ "ਮਾਤ ਗਰਭ ਮਹਿ ਅਗਨਿ ਨ ਜੋਹੈ" ਅਨੁਸਾਰ ਜੀਵਨ ਦੇ ਉਸ ਅਤਿੰਅਤ ਭਿਅੰਕਰ ਸਮੇਂ `ਚ ਵੀ ਜੀਵ ਦੀ ਬਹੁੜੀ ਪ੍ਰਭੂ ਆਪ ਕਰਦਾ ਹੈ)। ੨।

ਹੇ ਭਾਈ! ਜਿਹੜਾ-ਜਿਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸ਼ਰਨੀ `ਚ ਆ ਜਾਂਦਾ ਹੈ, ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ, ਉਸ ਦੇ ਜੀਵਨ ਨੂੰ ਉਨ੍ਹਾਂ ਭਿਅੰਕਰ ਵਿਕਾਰਾਂ ਦੇ ਹਮਲੇ ਤੋਂ ਤੋਂ ਆਪ ਬਚਾ ਲੈਂਦਾ ਹੈ। ਪਰ ਜਿਹੜਾ ਮਨੁੱਖ ਆਪਣੀ ਤਾਕਤ ਆਦਿ `ਤੇ ਬੜਾ ਮਾਣ ਕਰਦਾ ਹੈ ਭਾਵ ਹੰਕਾਰੀ ਬਿਰਤੀ ਦਾ ਹੁੰਦਾ ਹੈ, ਉਹ ਉਨ੍ਹਾਂ ਵਿਕਾਰਾਂ ਦੇ ਟਾਕਰੇ ਖਿਨ ਭਰ `ਚ ਹੀ ਮਿੱਟੀ `ਚ ਮਿਲ ਜਾਂਦਾ ਹੈ।

"ਓਹੁ ਖਿਨੁ ਮਹਿ ਰੁਲਤਾ ਖਾਕੂ ਨਾਲਿ" ਅਥਵਾ ਉਹ ਖਿਨ ਭਰ `ਚ ਹੀ ਮਿੱਟੀ `ਚ ਮਿਲ ਜਾਂਦਾ ਹੈ’ ਤੋਂ ਭਾਵ, ਉਸ ਦਾ ਪ੍ਰਾਪਤ ਮਨੁੱਖਾ ਜਨਮ ਬਿਰਥਾ ਹੋ ਜਾਂਦਾ ਹੈ; ਉਹ ਜੀਂਦੇ ਜੀਅ ਚਿੰਤਾਂਵਾਂ, ਭਟਕਣਾ ਤੇ ਖੁਆਰੀਆਂ ਆਦਿ `ਚ ਪਿਆ ਸੁਭਾਅ ਕਰਕੇ ਭਿੰਨ-ਭਿੰਨ ਜੂਨੀਆਂ ਭੋਗਦਾ ਤੇ ਮਨ ਕਰਕੇ ਸਦਾ ਪ੍ਰੇਸ਼ਾਨ ਰਹਿੰਦਾ ਹੈ। ਉਪ੍ਰੰਤ ਸਰੀਰ ਦੇ ਬਿਨਸਨ ਤੋਂ ਬਾਅਦ ਵੀ ਉਹ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੀ ਵਿਸ਼ਟਾ `ਚ ਪੈਂਦਾ ਹੈ, ਜਿਨ੍ਹਾਂ ਜੂਨਾਂ ਵਾਲੇ ਗੇੜ `ਚੋਂ ਕੱਢਕੇ ਪ੍ਰਭੂ ਨੇ ਜੀਵ ਨੂੰ ਦੁਰਲਭ ਮਨੁੱਖਾ ਜਨਮ ਵਾਲਾ ਇਹ ਸੁ-ਅਵਸਰ ਬਖ਼ਸ਼ਿਆ ਹੁੰਦਾ ਹੈ। ੩।

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਵੀ ਹੈ ਤੇ ਅਗੋਂ ਵੀ ਸਦਾ ਕਾਇਮ ਰਵੇਗਾ। ਮੈਂ ਸਦਾ ਉਸ ਪ੍ਰਭੂ ‘ਤੋਂ ਹੀ ਸਦਕੇ ਜਾਂਦਾ ਹਾਂ।

ਹੇ ਭਾਈ! ਨਾਨਕ ਦੇ ਪ੍ਰਭੂ ਜੀ, ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ। ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ ਆਪ, ਸਦਾ ਵਿਕਾਰਾਂ ਤੋਂ ਬਚਾਈ ਰਖਦਾ ਹੈ।

ਭਾਵ ਜਿਹੜੇ ਲੋਕ ਸ਼ਬਦ ਗੁਰੂ ਦੀ ਸ਼ਰਣ `ਚ ਆ ਜਾਂਦੇ ਉਹ ਜੀਵਨ ਕਰਕੇ ਪ੍ਰਭੂ ਦੀ ਸਿਫ਼ਤ ਸਾਲਾਹ ਨਾਲ ਜੁੜ ਜਾਂਦੇ ਹਨ। ਪ੍ਰਭੂ ਆਪ ਬਹੁੜੀ ਕਰਕੇ ਅਜਿਹੇ ਗੁਰਮੁਖਾਂ ਦੇ ਜੀਵਨ ਨੂੰ ਸਦਾ ਉਨ੍ਹਾਂ ਵਿਕਾਰਾਂ ਦੇ ਹਮਲਿਆਂ ਤੋਂ ਬਚਾਈ ਰਖਦਾ ਹੈ। ਇਸੇ ਤੋਂ ਉਨ੍ਹਾਂ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ। ੪। (ਚਲਦਾ) #416P-VIIIs04.16.02s16#p8

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-VIII

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਅਠਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.