.

ਏਹਿ ਭਿ ਦਾਤਿ ਤੇਰੀ ਦਾਤਾਰ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 4)

(ਸੁਖਜੀਤ ਸਿੰਘ ਕਪੂਰਥਲਾ)

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

(ਖ) ਏਹਿ ਭਿ ਦਾਤਿ ਤੇਰੀ ਦਾਤਾਰ।।

(ਜਪੁ-ਮਹਲਾ ੧-੫)

ਵਿਚਾਰ- ਗੁਰੂ ਨਾਨਕ ਸਾਹਿਬ ਵਲੋਂ ਉਚਾਰਨ ਕੀਤੀ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਹਿਲੀ ਬਾਣੀ, ਸਿੱਖ ਦੇ ਨਿਤਨੇਮ ਦੀ ਪਹਿਲੀ ਬਾਣੀ ‘ਜਪੁ` ਜਿਸਨੂੰ ਅਸੀਂ ਸਤਿਕਾਰ ਨਾਲ ਜਪੁਜੀ ਸਾਹਿਬ ਆਖਦੇ ਹਾਂ, ਦੀ ਪਉੜੀ ਨੰ. 25 ਦੀ ਤੁਕ ਨੰਬਰ 9 ਸਾਡੇ ਚੇਤਿਆਂ ਵਿੱਚ ਪੂਰੀ ਤਰਾਂ ਉਕਰੀ ਹੋਈ ਹੈ। ਇਸ ਤੁਕ ਦੀ ਪ੍ਰਚਲਿਤ ਵਰਤੋਂ ਅਕਸਰ ਹੀ ਜਦੋਂ ਕਿਸੇ ਸਿੱਖ ਵਲੋਂ ਖ੍ਰੀਦੀ ਨਵੀਂ ਗੱਡੀ/ ਕਾਰ/ਕੋਠੀ ਆਦਿ ਉਪਰ ਲਿਖਵਾਇਆ ਜਾਂਦਾ ਹੈ ਤਾਂ ਇਸ ਤੁਕ ਦੇ ਅਰਥ ਇਹ ਲਏ ਜਾਂਦੇ ਹਨ ਕਿ ਇਹ ਜੋ ਕਾਰ/ ਗੱਡੀ/ ਕੋਠੀ ਆਦਿ ਦੇ ਅਸੀਂ ਮਾਲਕ ਬਣੇ ਹਾਂ, ਇਹ ਦਾਤਾਰ ਅਕਾਲ ਪੁਰਖ ਦੀ ਦਾਤ ਵਜੋਂ ਸਾਨੂੰ ਪ੍ਰਾਪਤ ਹੋਈ ਹੈ। ਜਿਥੋਂ ਤੱਕ ਇਸ ਤੁਕ ਨੂੰ ਇਸ ਰੂਪ ਵਿੱਚ ਵਰਤਿਆ ਜਾ ਰਿਹਾ ਹੈ ਜੇ ਸਹੀ ਅਰਥਾਂ ਵਿੱਚ ਐਸੀ ਭਾਵਨਾ ਹੋਏ ਤਾਂ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਗੁਰਬਾਣੀ ਫੁਰਮਾਣ ‘ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ` (੨੫੭) ਅਨੁਸਾਰ ਜੀਵਾਂ ਨੂੰ ਜੋ ਕੁੱਝ ਵੀ ਪ੍ਰਾਪਤ ਹੁੰਦਾ ਹੈ ਉਹ ਪ੍ਰਮੇਸ਼ਰ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਸਾਨੂੰ ਉਸ ਦਾਤਾਰ ਪ੍ਰਮੇਸ਼ਰ ਨੂੰ ਹਰ ਸਮੇਂ [ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ` (੬੫੨) ‘ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ` (੪੭੪) ] ਯਾਦ ਰੱਖਦੇ ਹੋਏ ਸ਼ੁਕਰਾਨੇ ਦਾ ਪ੍ਰਗਟਾਵਾ ਕਰਨਾ ਚੰਗੀ ਗੱਲ ਹੈ।

ਪ੍ਰੰਤੂ ਆਪਾਂ ਜਪੁ ਬਾਣੀ ਦੀ ਜਿਸ ਪੰਕਤੀ ਨੂੰ ਆਧਾਰ ਬਣ ਕੇ ਵਿਚਾਰ ਕਰ ਰਹੇ ਹਾਂ, ਪੂਰੀ ਪਉੜੀ ਦੀ ਵਿਚਾਰ ਅਤੇ ਇਸ ਤੁਕ ਤੋਂ ਪਹਿਲੀ ਤੁਕ ਵੀ ਨਾਲ ਜੋੜ ਕੇ ਪੜ੍ਹਣ-ਵਿਚਾਰਣ ਨਾਲ ਇਥੇ ਅਰਥ ਹੋਰ ਹੀ ਸਾਹਮਣੇ ਆਉਂਦੇ ਹਨ-

ਬਹੁਤਾ ਕਰਮੁ ਲਿਖਿਆ ਨਾ ਜਾਇ।। ਵਡਾ ਦਾਤਾ ਤਿਲੁ ਨ ਤਮਾਇ।। ।।

ਕੇਤੇ ਮੰਗਹਿ ਜੋਧ ਅਪਾਰ।। ਕੇਤਿਆ ਗਣਤ ਨਹੀ ਵੀਚਾਰੁ।।

ਕੇਤੇ ਖਪਿ ਤੁਟਹਿ ਵੇਕਾਰ।।

ਕੇਤੇ ਲੈ ਲੈ ਮੁਕਰੁ ਪਾਹਿ।। ਕੇਤੇ ਮੂਰਖ ਖਾਹੀ ਖਾਹਿ।।

ਕੇਤਿਆ ਦੂਖ ਭੂਖ ਸਦ ਮਾਰ।। ਏਹਿ ਭਿ ਦਾਤਿ ਤੇਰੀ ਦਾਤਾਰ।।

ਬੰਦ ਖਲਾਸੀ ਭਾਣੈ ਹੋਇ।। ਹੋਰੁ ਆਖਿ ਨ ਸਕੈ ਕੋਇ।।

ਜੇ ਕੋ ਖਾਇਕੁ ਆਖਣ ਪਾਇ।। ਓਹ ਜਾਣੈ ਜੇਤੀਆ ਮੁਹਿ ਖਾਇ।।

ਆਪੇ ਜਾਣੈ ਆਪੇ ਦੇਇ।। ਆਖਹਿ ਸਿ ਭਿ ਕੇਈ ਕੇਇ।।

ਜਿਸਨੋ ਬਖਸੇ ਸਿਫਤਿ ਸਾਲਾਹ।। ਨਾਨਕ ਪਾਤਸਾਹੀ ਪਾਤਿਸਾਹੁ।। ੨੫।।

(ਜਪੁ-ਮਹਲਾ ੧-੫)

ਅਰਥ- ਅਕਾਲ ਪੁਰਖ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। ਬੇਅੰਤ ਸੂਰਮੇ ਅਕਾਲ ਪੁਰਖ ਦੇ ਦਰ ਤੇ ਮੰਗ ਰਹੇ ਹਨ। ਮੰਗਣ ਵਾਲੇ ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ। ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿੱਚ ਹੀ ਖਪ-ਖਪ ਕੇ ਨਾਸ ਹੁੰਦੇ ਹਨ। ਬੇਅੰਤ ਜੀਵ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁਕਰ ਪੈਂਦੇ ਹਨ ਭਾਵ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ। ਅਨੇਕਾਂ ਮੂਰਖ ਪਦਾਰਥ ਲੈ ਕੇ ਖਾਹੀ ਹੀ ਜਾਂਦੇ ਹਨ, ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ। ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁੱਖ ਹੀ ਭਾਗਾਂ ਵਿੱਚ ਲਿਖੇ ਹਨ। ਪਰ ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖਸ਼ਿਸ਼ ਹੀ ਹੈ ਕਿਉਂਕਿ ਇਨ੍ਹਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। ਮਾਇਆ ਦੇ ਮੋਹ ਰੂਪ ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆਂ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ। ਪਰ ਜੇਕਰ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਉਤੇ ਖਾਂਦਾ ਹੈ ਭਾਵ ਕੂੜ ਤੋਂ ਬਚਣ ਲਈ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ਕੂੜ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ। ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਦਾਤਾਂ ਦੇਂਦਾ ਹੈ। ਅਨੇਕਾਂ ਮਨੁੱਖ ਭੀ ਇਹ ਗੱਲ ਆਖਦੇ ਹਨ ਕਿਉਂਕਿ ਸਾਰੇ ਨਾ- ਸ਼ੁਕਰੇ ਹੀ ਨਹੀਂ ਹਨ। ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਕਿਉਂਕਿ ਸਿਫਤ ਸਾਲਾਹ ਹੀ ਸਭ ਤੋਂ ਉੱਚੀ ਦਾਤ ਹੈ।

ਜਪੁਜੀ ਸਾਹਿਬ ਦੀ ਇਸ ਪੂਰੀ ਪਊੜੀ ਨੰ. 25 ਦੀ ਵਿਚਾਰ ਤੋਂ ਸਪਸ਼ਟ ਹੈ ਕਿ ਪ੍ਰਮਾਤਮਾ ਦੀਆਂ ਵੱਖ-ਵੱਖ ਬਖਸ਼ਿਸ਼ਾਂ ਨੂੰ ਜੀਵ ਵਰਤਦੇ ਤਾਂ ਹਨ, ਪਰ ਅਸਲੀਅਤ ਦੀ ਸਮਝ ਵਿਰਲਿਆਂ ਦੇ ਹਿੱਸੇ ਵਿੱਚ ਪੈਂਦੀ ਹੈ। ਉਸ ਦੀ ਰਜ਼ਾ ਭਾਣੇ ਵਿੱਚ ਵਿਚਰਣ ਵਾਲੇ ਹੀ ਉਸ ਦੀਆਂ ਬਖਸ਼ਿਸ਼ਾਂ ਦੀ ਕੀਮਤ ਜਾਣ ਸਕਦੇ ਹਨ। ਜਿਨ੍ਹਾਂ ਨੂੰ ਰਜ਼ਾ, ਭਾਣੇ ਵਿੱਚ ਚੱਲਣ ਦੀ ਜਾਚ ਆ ਜਾਂਦੀ ਹੈ ਉਹ ਫਿਰ ਕੇਵਲ ਸੁੱਖ ਰੂਪੀ ਦਾਤਾਂ ਲਈ ਹੀ ਪ੍ਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ ਜੇ ਕਿਤੇ ਜੀਵਨ ਵਿੱਚ ਦੁੱਖ ਵੀ ਆ ਜਾਵੇ ਤਾਂ ਉਸ ਨੂੰ ਵੀ ਪ੍ਰਮੇਸ਼ਰ ਦੀ ਬਖਸ਼ਿਸ਼ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੀ ਜੀਵਨ ਅਵਸਥਾ ਗੁਰਬਾਣੀ ਦੇ ਹੁਕਮ ਅਨੁਸਾਰੀ ਬਣ ਜਾਂਦੀ ਹੈ-

ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ।। ੨।।

ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿੱਚ ਸੂਖ ਮਨਾਈ।। ੩।।

(ਸੂਹੀ ਮਹਲਾ ੪-੭੫੭)

ਭਾਵ ਕਿ ਇਸ ਵਿਸ਼ਾ ਅਧੀਨ ਤੁਕ ਦੀ ਪ੍ਰਚਲਿਤ ਵਿਚਾਰ ਅਨੁਸਾਰ ਕੋਈ ਵੀ ਗੱਲ ਇਥੇ ਨਹੀਂ ਕੀਤੀ ਗਈ। ਸਹੀ ਸਿਧਾਂਤਕ ਵਿਚਾਰ ਤਕ ਪਹੁੰਚਣ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਇੱਕ ਤੁਕ ਵੀ ਵਿਚਾਰ ਵੱਖਰੇ ਰੂਪ ਵਿੱਚ ਕਰਨ ਦੀ ਥਾਂ ਤੇ ਪੂਰੇ ਸ਼ਬਦ/ ਪਉੜੀ/ ਪਦੇ ਅੰਦਰ ਦਰਸਾਈ ਵਿਚਾਰ ਦੇ ਪਰਿਖੇਪ { Context } ਵਿੱਚ ਉਸਨੂੰ ਸਮਝਣ ਦਾ ਯਤਨ ਕਰੀਏ। ਫਿਰ ਭੁਲੇਖੇ ਦੀ ਕਦੀ ਗੁੰਜਾਇਸ਼ ਨਹੀਂ ਰਹੇਗੀ।

ਇਸ ਲੇਖ ਰਾਹੀਂ ਦਿਤਾ ਗਿਆ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.