.

ਤਾਲੇਬਾਨੀ ਅਤੇ ਭਗਵੀਂ ਸੋਚ ਮਨੁੱਖਤਾ ਲਈ ਘਾਤਕ

ਅਫ਼ਗ਼ਾਨਿਸਤਾਨ ਦੁਨੀਆ ਦੇ ਪਛੜੇ ਹੋਏ ਦੇਸ਼ਾਂ ਵਿਚੋਂ ਇੱਕ ਦੇਸ਼ ਹੈ ਜਿੱਥੋਂ ਤਾਲੇਬਾਨੀ ਸੋਚ ਦਾ ਅਰੰਭ ਹੋਇਆ। ਕਿਸੇ ਸਮੇਂ ਅਮਰੀਕਾ ਨੇ ਰੂਸ ਨੂੰ ਅਫ਼ਗ਼ਾਨਿਸਤਾਨ ਵਿਚੋਂ ਬਾਹਰ ਕੱਢਣ ਲਈ ਤਾਲੇਬਾਨ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਸੀ। ਜਦੋਂ ਰੂਸ ਉੱਥੋਂ ਨਿਕਲ ਗਿਆ ਤਾਂ ਅਮਰੀਕਾ ਨੂੰ ਬੜੀ ਖ਼ੁਸ਼ੀ ਹੋਈ ਹੋਵੇਗੀ ਕਿ ਅਸੀਂ ਇੱਕ ਬਹੁਤ ਵੱਡੀ ਮੁਹਿੰਮ ਸੌਖਿਆਂ ਹੀ ਸਰ ਕਰ ਲਈ ਹੈ। ਪਰ ਉਹਨਾ ਦੀ ਇਹ ਗ਼ਲਤ ਫਹਿਮੀ ਸੀ ਕਿਉਂਕਿ ਜਿਸ ਤਾਲੇਬਾਨੀ ਵਾਲੀ ਸੋਚ ਦੇ ਭੂਤ ਨੂੰ ਉਨ੍ਹਾਂ ਨੇ ਸ਼ਕਤੀਸ਼ਾਲੀ ਬਣਾਇਆ ਸੀ ਉਹ ਭੂਤ ਹੁਣ ਬੇਮੁਹਾਰਾ ਹੋ ਕੇ ਉਨ੍ਹਾਂ ਨੂੰ ਹੀ ਚਿੰਬੜ ਗਿਆ ਸੀ। ਇਹ ਤਾਂ ਹੁਣ ਸਾਰੀ ਦੁਨੀਆ ਹੀ ਜਾਣਦੀ ਹੈ ਕਿ ਬਿਨ ਲੈਦਿਨ ਨੂੰ ਇਤਨਾ ਸ਼ਕਤੀਸ਼ਾਲੀ ਬਣਾਉਣ ਵਿੱਚ ਅਮਰੀਕਾ ਦਾ ਪੂਰਾ ਹੱਥ ਸੀ। ਫਿਰ ਇਸੇ ਬਿਨ ਲੈਦਿਨ ਨੇ ਆਪਣੀ ਬਣਾਈ ਜਥੇਬੰਦੀ ਅਲ ਕਾਇਦਾ ਰਾਹੀਂ ਸਤੰਬਰ 2001 ਵਿੱਚ ਨਿਊਯਾਰਕ ਦੇ ਟਵਿੰਨ ਟਾਵਰਾਂ ਵਿੱਚ ਅਗਵਾ ਕੀਤੇ ਜਹਾਜ਼ ਮਾਰ ਕੇ ਐਸੀ ਤਬਾਹੀ ਮਚਾਈ ਕਿ ਸਾਰੀ ਦੁਨੀਆ ਕੰਬ ਗਈ ਸੀ। ਭਾਵੇਂ ਕਿ ਬਿਨ ਲੈਦਿਨ ਮਾਰਿਆ ਜਾ ਚੁੱਕਾ ਹੈ ਪਰ ਉਸ ਦੀ ਤਾਲੇਬਾਨੀ ਸੋਚ ਨੇ ਸਾਰੀ ਦੁਨੀਆ ਨੂੰ ਬਖ਼ਤ ਪਾਇਆ ਹੋਇਆ ਹੈ। ਅਮਰੀਕਾ ਨੂੰ ਆਪਣੇ ਹੱਥਾਂ ਨਾਲ ਦਿੱਤੀਆਂ ਹੋਈਆਂ ਹੁਣ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ। ਆਈਸਸ ਵਾਲਿਆਂ ਦੀ ਜ਼ਾਲਮਾਨਾ ਕਾਰਵਾਈ ਤੋਂ ਸਾਰਾ ਸੰਸਾਰ ਜਾਣੂ ਹੋ ਚੁੱਕਾ ਹੈ ਪਰ ਕੁੱਝ ਦਿਨ ਪਹਿਲਾਂ ਮੈਂ ਇੱਕ ਹੋਰ ਰਿਪੋਰਟ ਵੀ ਸੁਣੀ ਸੀ ਕਿ ਅਲ ਕਾਇਦਾ ਵਾਲੇ ਹੁਣ ਇਸੇ ਤਰਜ਼ ਤੇ ਸੀਰੀਆ ਵਿੱਚ ਆਪਣਾ ਰਾਜ਼ ਕਾਇਮ ਕਰਨ ਜਾ ਰਹੇ ਹਨ। ਬਹੁਤ ਸਾਰੇ ਗਰੁੱਪਾਂ ਨੂੰ ਉਹ ਇਕੱਠੇ ਕਰ ਰਹੇ ਹਨ। ਇਹਨਾਂ ਵਿੱਚ ਉਹ ਗਰੁੱਪ ਵੀ ਹਨ ਜਿਹੜੇ ਕਿ ਸੀਰੀਆ ਦੀ ਸਰਕਾਰ ਵਿਰੁੱਧ ਲੜ ਰਹੇ ਹਨ ਅਤੇ ਅਮਰੀਕਾ ਉਨ੍ਹਾਂ ਦੀ ਮਦਦ ਕਰਦਾ ਹੈ। ਇਹ ਰਿਪੋਰਟ ਤਿਆਰ ਕਰਨ ਵਾਲੇ ਨੇ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਜੇ ਕਰ ਇਹ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਵੀ ਆਈਸਸ ਵਾਂਗ ਹੀ ਕਰਨਗੇ।

ਜੇ ਕਰ ਤਾਲੇਬਾਨੀ ਸੋਚ ਬਾਰੇ ਸੰਖੇਪ ਸ਼ਬਦਾਂ ਵਿੱਚ ਵਰਣਨ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਹ ਉਹ ਸੋਚ ਹੈ ਜੋ ਧਰਮ ਦੇ ਨਾਮ ਤੇ ਮਨੁੱਖੀ ਸੋਚ ਨੂੰ ਸਦੀਆਂ ਪਿੱਛੇ ਲਿਜਾਣਾ ਚਾਹੁੰਦੀ ਹੈ ਜੋ ਕਿ ਸੱਚ ਤੋਂ ਬਹੁਤ ਦੂਰ ਹੋਵੇ। ਇਹ ਧਰਮ ਦੇ ਨਾਮ ਤੇ ਮਨੁੱਖਤਾ ਤੇ ਜ਼ੁਲਮ ਕਰਨ ਨੂੰ ਸਹੀ ਠਹਿਰਾਉਂਦੀ ਹੈ। ਇਸਤਰੀਆਂ ਨੂੰ ਘਟੀਆ ਸਮਝਦੀ ਹੈ ਅਤੇ ਇਹਨਾਂ ਤੇ ਜ਼ੁਲਮ ਕਰਨਾ, ਬਲਾਤਕਾਰ ਕਰਨੇ, ਅਗਵਾ ਕਰਕੇ ਵੇਚਣਾ, ਦੁਨਿਆਵੀ ਵਿੱਦਿਆ ਤੋਂ ਲਾਂਭੇ ਰੱਖਣਾ ਅਤੇ ਹਰ ਤਰ੍ਹਾਂ ਦੇ ਧਾਰਮਿਕ ਕੰਮਾਂ ਦੀ ਅਗਵਾਈ ਕਰਨ ਤੋਂ ਰੋਕਣਾ ਇਹਨਾਂ ਦੇ ਕੁੱਝ ਖ਼ਾਸ ਕਰਮ ਹਨ। ਇਸ ਤਰ੍ਹਾਂ ਦੀ ਹੀ ਰਲਦੀ-ਮਿਲਦੀ ਸੋਚ ਸਿੱਖੀ ਭੇਖ ਵਾਲੇ ਤਾਲੇਬਾਨੀਆਂ ਦੀ ਹੈ। ਇਹ ਸੋਚ ਸਭ ਤੋਂ ਵੱਧ ਸਾਧਾਂ ਦੇ ਡੇਰਿਆਂ ਵਿੱਚ ਪ੍ਰਫੁੱਲਿਤ ਹੁੰਦੀ ਹੈ ਅਤੇ ਖ਼ਾਸ ਕਰਕੇ ਭਿੰਡਰਾਂਵਾਲੇ ਡੇਰੇ ਦੀ ਇਸ ਸੋਚ ਨੂੰ ਖ਼ਾਸ ਦੇਣ ਹੈ। ਦਸਮ ਗ੍ਰੰਥ ਅਤੇ ਹੋਰ ਅਨਮਤੀ ਪੁਸਤਕਾਂ/ਗ੍ਰੰਥ ਇਸ ਸੋਚ ਨੂੰ ਅੱਗੇ ਵਧਾਉਣ ਵਿੱਚ ਬਹੁਤ ਸਹਾਈ ਹੁੰਦੀਆਂ ਹਨ। ਭਿੰਡਰਾਂ ਵਾਲਾ ਡੇਰਾ ਤਥਾ ਅਖੌਤੀ ਦਮਦਮੀ ਟਕਸਾਲ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥਾਂ ਤੋਂ ਅਗਵਾਈ ਲੈ ਕੇ ਬੰਦੂਕ ਦੀ ਗੋਲੀ ਨਾਲ ਸਾਰੇ ਸਿੱਖਾਂ ਤੇ ਇਸ ਘਟੀਆ ਤਾਲੇਬਾਨੀ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕਾਤਲਾਨਾ ਹਮਲਾ ਇਸੇ ਤਾਲੇਬਾਨੀ ਸੋਚ ਅਧੀਨ ਹੋਇਆ ਹੈ। ਕਿਉਂਕਿ ਇਹ ਤਾਲੇਬਾਨੀ ਸੋਚ, ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਇਹ ਨਹੀਂ ਚਾਹੁੰਦੇ ਕਿ ਲੋਕਾਈ ਨੂੰ ਸੱਚ ਦੀ ਸਮਝ ਆਵੇ। ਜੇ ਕਰ ਰਣਜੀਤ ਸਿੰਘ ਨੇ ਧੁੰਮੇ ਨੂੰ ਸਰਕਾਰੀ ਸੰਤ ਕਿਹਾ ਸੀ ਅਤੇ ਕਬਜ਼ੇ ਕਰਨ ਦੀ ਗੱਲ ਕਹੀ ਸੀ ਤਾਂ ਧੁੰਮੇ ਨੂੰ ਚਾਹੀਦਾ ਸੀ ਕਿ ਉਸ ਦੀ ਦਲੀਲ ਨਾਲ ਜਵਾਬ ਮੰਗਦਾ ਕਿ ਕੋਈ ਪਰੂਫ਼ ਦਿਓ ਕਿ ਮੈਂ ਕਿੱਥੇ ਸਰਕਾਰ ਨਾਲ ਮਿਲ ਕੇ ਕੋਈ ਕਬਜ਼ਾ ਕੀਤਾ ਹੈ? ਜੇ ਕਰ ਭਾਈ ਰਣਜੀਤ ਸਿੰਘ ਇਹ ਪਰੂਫ਼ ਨਾ ਕਰ ਸਕਦਾ ਤਾਂ ਆਪੇ ਹੀ ਉਸ ਨੇ ਝੂਠਾ ਹੋ ਜਾਣਾ ਸੀ। ਇਹ ਮਰਨ ਮਰਾਉਣ ਤੱਕ ਗੱਲ ਹੀ ਨਹੀਂ ਸੀ ਪਹੁੰਚਣੀ। ਪਰ ਨਹੀਂ, ਧੁੰਮੇ ਦੀ ਮਨਸਾ ਤਾਂ ਕੋਈ ਹੋਰ ਸੀ ਜਿਹੜੀ ਕਿ ਹੁਣ ਜੱਗ ਜ਼ਾਹਿਰ ਹੋ ਚੁੱਕੀ ਹੈ। ਸਰਕਾਰਾਂ ਅਤੇ ਏਜੰਸੀਆਂ ਨੂੰ ਗੁਰਮਤਿ ਦਾ ਸੱਚ ਚੰਗਾ ਨਹੀਂ ਲੱਗਦਾ। ਉਹ ਨਹੀਂ ਚਾਹੁੰਦੇ ਕਿ ਲੋਕ ਗਿਆਨਵਾਨ ਹੋਣ ਅਤੇ ਸਾਧਾਂ ਦੇ ਚੁੰਗਲ ਵਿਚੋਂ ਨਿਕਲ ਕੇ ਥੋਕ ਦੀਆਂ ਵੋਟਾਂ ਘਟਣ। ਭਾਈ ਪੰਥਪ੍ਰੀਤ ਸਿੰਘ ਅਤੇ ਧੁੰਦੇ ਨੇ ਤਾਂ ਧੁੰਮੇ ਨੂੰ ਕੁੱਝ ਨਹੀਂ ਕਿਹਾ ਪਰ ਇਹ ਧੁੰਮਾ ਇਹਨਾਂ ਵਿਰੁੱਧ ਵੀ ਝੱਗ ਸੁੱਟਦਾ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜਦੋਂ ਬਾਕੀ ਸਾਧਾਂ ਵਾਂਗ ਕਰਦਾ ਸੀ ਤਾਂ ਉਸ ਦਾ ਵਿਰੋਧ ਗੁਰਮਤਿ ਨੂੰ ਸਮਝਣ ਵਾਲੇ ਦਲੀਲ ਨਾਲ ਹੀ ਕਰਦੇ ਸਨ ਨਾ ਕਿ ਗੋਲੀ ਨਾਲ, ਅਸੀਂ ਵੀ ਕਰਦੇ ਰਹੇ ਹਾਂ। ਪਰ ਹੁਣ ਜਦੋਂ ਉਹ ਖ਼ੁਦ ਵੀ ਕਹਿੰਦਾ ਹੈ ਕਿ ਮੈਂ ਪਿਛਲੇ ਕੁੱਝ ਸਾਲਾਂ ਤੋਂ ਗੁਰਮਤਿ ਦਾ ਸਹੀ ਪ੍ਰਚਾਰ ਕਰਨ ਲੱਗਿਆ ਹਾਂ ਤਾਂ ਫਿਰ ਉਸ ਨੂੰ ਸਹੀ ਕਹਿਣਾ ਚਾਹੀਦਾ ਹੈ। ਪਰ ਤਾਲੇਬਾਨੀ ਸੋਚ ਨੂੰ ਸੱਚ ਕਦੋਂ ਭਉਂਦਾ ਹੈ। ਇਹ ਤਾਲੇਬਾਨੀ ਸੋਚ ਹਰ ਥਾਂ ਭਾਰੂ ਹੋ ਚੁੱਕੀ ਹੈ। ਇਸ ਦਾ ਮੁੱਖ ਕਾਰਨ ਹੈ ਇਸ ਭਿੰਡਰਾਂ ਵਾਲੇ ਡੇਰੇ ਵਿਚੋਂ ਪੜ੍ਹੇ ਲੋਕਾਂ ਦਾ ਗ੍ਰੰਥੀ ਅਤੇ ਪੁਜਾਰੀਆਂ ਦੇ ਰੂਪ ਵਿੱਚ ਕਬਜ਼ਾ ਅਤੇ 1984 ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਕਥਿਤ ਵਿਦਵਾਨਾਂ ਵੱਲੋਂ ਝੂਠ ਬੋਲ-ਬੋਲ ਕੇ ਉਭਾਰਨਾ। ਇਸ ਡੇਰੇ ਤਥਾ ਕਥਿਤ ਟਕਸਾਲ ਦੇ ਸਭ ਤੋਂ ਵੱਡੇ ਬ੍ਰਹਮ-ਗਿਆਨੀ ਜੀ ਨੇ ਜੋ ਆਪਣੀ ਕਿਤਾਬ ਗੁਰਬਾਣੀ ਪਾਠ ਦਰਪਣ ਵਿੱਚ ਲਿਖਿਆ ਹੈ ਉਹ ਬਹੁਤਿਆਂ ਨੇ ਕਈ ਵਾਰੀ ਪੜ੍ਹਿਆ ਹੋਵੇਗਾ। ਇਹਨਾਂ ਵਿਚੋਂ ਕੁੱਝ ਕੁ ਗੱਲਾਂ ਨੂੰ ਫਿਰ ਸਾਂਝੀਆਂ ਕਰ ਲੈਂਦੇ ਹਾਂ ਤਾਂ ਕਿ ਪਤਾ ਲੱਗ ਜਾਵੇ ਕਿ ਇਹਨਾਂ ਵਿੱਚ ਕਿਤਨੀ ਕੁ ਗੁਰਮਤਿ ਹੈ।

1- ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਬੇਦੀ ਵੰਸ (ਸ੍ਰੀ ਰਾਮ ਚੰਦ੍ਰ ਜੀ ਦੇ ਪੁਤਰ ਕੁਸ਼ੂ, ਕੁਸ਼ੂ ਦੀ ਵੰਸ ਦੇ ਕਾਲਕੇਤ ਨੇ ਕਾਂਸ਼ੀ ਜਾ ਕੇ ਬੇਦ ਪੜ੍ਹੇ, ਇਨ੍ਹਾਂ ਤੋਂ ਬੇਦੀ ਵੰਸ ਚੱਲੀ।

2- ਸਤਿਗੁਰੂ ਅੰਗਦ ਦੇਵ ਜੀ ਮਹਾਂਰਾਜ, ਤੇਹਣ ਵੰਸ। ਲਛਮਣ ਦੇ ਤੱਖ ਨਾਮੇ ਪੁੱਤ੍ਰ ਤੋਂ ਤੇਹਣ ਵੰਸ ਚੱਲੀ।

3- ਸਤਿਗੁਰੂ ਅਮਰਦਾਸ ਜੀ, ਭੱਲੇ ਵੰਸ। ਸ੍ਰੀ ਰਾਮ ਚੰਦ੍ਰ ਜੀ ਦੇ ਭਾਈ ਭਰਥ ਦੇ ਪੁੱਤ੍ਰ ਭੱਲਣ ਤੋਂ ਭੱਲੇ ਵੰਸ ਚੱਲੀ।

4- ਸਤਿਗੁਰੂ ਰਾਮ ਦਾਸ ਜੀ, ਸੋਢ ਵੰਸ। ਲਊ ਦੀ ਵੰਸ ਚੋਂ ਕਾਲ ਰਾਏ, ਇਨ੍ਹਾਂ ਦੇ ਪੁੱਤ੍ਰਾਂ ਚੋਂ ਇੱਕ ਨੇ ਸਨੌਢ ਦੇਸ਼ ਦੇ ਰਾਜੇ ਨੂੰ ਜਿਤ ਕੇ ਉਸ ਦੀ ਪੁੱਤ੍ਰੀ ਵਿਆਹੀ ਤਾਂ ਉਸ ਤੋਂ ਸੋਢ ਵੰਸ ਚੱਲੀ।

5- ਗੁਰੂ ਹਰਿਰਾਏ ਸਾਹਿਬ ਜੀ ਦੇ 6 ਸਾਲ ਦੀ ਉਮਰ ਵਿੱਚ ਅੱਠ ਵਿਆਹ/ਮਹਿਲ ਲਿਖੇ ਹਨ।

6- ਪਿਆਰੇ ਦਯਾ ਸਿੰਘ ਜੀ - ਲਊ ਦੇ ਅਵਤਾਰ ਸਨ।

7- ਪਿਆਰੇ ਧਰਮ ਸਿੰਘ ਜੀ - ਭਗਤ ਧੰਨੇ ਜੀ ਦੇ ਅਵਤਾਰ ਸਨ।

8- ਪਿਆਰੇ ਹਿੰਮਤ ਸਿੰਘ ਜੀ - ਚਤੁਰਭੁਜੀ ਨੂੰ ਪਕੜਨ ਵਾਲੇ ਫੰਦਕ ਦੇ ਅਵਤਾਰ ਸਨ।

9- ਪਿਆਰੇ ਮੋਹਕਮ ਸਿੰਘ ਜੀ – ਸ੍ਰੀ ਨਾਮਦੇਵ ਜੀ ਦੇ ਅਵਤਾਰ ਸਨ।

10- ਪਿਆਰੇ ਸਾਹਿਬ ਸਿੰਘ ਜੀ – ਭਗਤ ਸੈਣ ਜੀ ਦੇ ਅਵਤਾਰ ਸਨ।

11- ਪਤੀ ਬ੍ਰਤਾ ਇੱਕ ਬੀਬੀ ਕਾਬਲ ਤੋਂ ਸ਼ਕਤੀ ਨਾਲ ਆਕੇ ਹਰ ਰੋਜ਼ ਬਉਲੀ ਸਾਹਿਬ ਦੀ ਸੇਵਾ ਕਰਦੀ ਸੀ ਅਤੇ ਇੱਕ ਬੀਬੀ ਨੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ।

12- ਸੁਖਮਨੀ ਸਾਹਿਬ ਦੇ 24 ਹਜ਼ਾਰ ਅੱਖਰ ਹਨ ਅਤੇ ਦਿਨ ਰਾਤ ਦੇ 24 ਹਜ਼ਾਰ ਸੁਆਸ ਹਨ ਜੋ ਸਫਲ ਹੁੰਦੇ ਹਨ।

13- ਦਾਨ ਸਿੰਘ ਨੂੰ ਦਸਮ ਪਾਤਸ਼ਾਹ ਨੇ ਕਿਹਾ ਕੇਸ ਇਸ ਵਾਸਤੇ ਰੱਖੀਦੇ ਹਨ ਕੇਸ ਪਕੜ ਕੇ ਨਰਕਾਂ ਤੋਂ ਧੁਹ ਕੇ ਕੱਢ ਲਵਾਂਗੇ। ਜਿਸ ਨੇ ਇੱਕ ਵਾਰੀ ਅੰਮ੍ਰਿਤ ਛਕ ਲਿਆ। ਭਾਵੇਂ ਜਿੰਨੀਆਂ ਮਰਜੀ ਗਲਤੀਆਂ ਕਰੀ ਜਾਵੇ ਤਾਂ ਭੀ ਉਸ ਨੂੰ ਦਸ ਹਜ਼ਾਰ ਵਰ੍ਹੇ (ਬਰਸ) ਤੱਕ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ।

14- ਮਰੇ ਪ੍ਰਾਣੀ ਨਾਲ ਵਾਧੂ ਕਛਿਹਰਾ, ਕੰਘਾ ਆਦਿ ਬੰਨਣਾ ਚਾਹੀਦਾ ਹੈ ਅਤੇ ਪਰਾਣੀ ਨਮਿਤ ਭਾਂਡੇ ਬਸਤਰ ਗ੍ਰੰਥੀ ਸਿੰਘਾਂ ਨੂੰ ਦਿੱਤੇ ਜਾਣ।

15- ਰਾਗ ਮਾਲਾ ਤੋਂ ਬਿਨਾਂ ਬੀੜ ਲਿਖਣ ਵਾਲੇ ਦਿੱਲੀ ਦੇ ਸੋਭਾ ਸਿੰਘ ਦੀ ਜੀਭ ਵਿੱਚ ਅਠ ਦਿਨਾਂ ਅੰਦਰ ਕੀੜੇ ਪੈ ਗਏ, ਫਿਰ ਰਾਗ ਮਾਲਾ ਪਾਈ ਝੱਟ ਰਾਜੀ ਹੋ ਗਿਆ।

ਇਹ ਉੱਪਰ ਲਿਖੀਆਂ 15 ਕੁ ਉਦਾਹਰਨਾਂ ਨਾਲ ਹੀ ਮਾੜੀ ਜਿਹੀ ਅਕਲ ਰੱਖਣ ਵਾਲੇ ਨੂੰ ਸਮਝ ਆ ਜਾਵੇਗੀ ਕਿ ਇਹ ਨਿਰੇ ਗਪੌੜ ਹਨ ਜਾਂ ਨਹੀਂ। ਇਸ ਤਰ੍ਹਾਂ ਦੀਆਂ ਸੈਂਕੜੇ ਹੀ ਬੇਥਵ੍ਹੀਆਂ ਇਸ ਗੁਰਬਾਣੀ ਪਾਠ ਦਰਪਣ ਨਾਮ ਦੀ ਕਿਤਾਬ ਵਿੱਚ ਮਾਰੀਆਂ ਗਈਆਂ ਹਨ। ਜਿਸ ਨੂੰ ਕਿ ਇਹ ਕਥਿਤ ਟਕਸਾਲੀ ਸਾਰੇ ਸਿੱਖਾਂ ਦੇ ਸਿਰਾਂ ਵਿੱਚ ਬੰਦੂਕ ਦੀ ਨੋਕ ਨਾਲ ਧੱਸਣਾਂ ਚਾਹੁੰਦੇ ਹਨ। ਇਹਨਾਂ ਵਿੱਚ ਪਹਿਲੀਆਂ ਚਾਰ ਉਦਾਹਣਾ ਦਸਮ ਗ੍ਰੰਥ ਦੀ ਕੂੜ ਕਿਤਾਬ ਨਾਲ ਸੰਬੰਧਿਤ ਰੱਖਦੀਆਂ ਹਨ ਅਤੇ ਬਾਕੀ ਦੀਆਂ ਅਨਮਤੀਆਂ ਦੇ ਲਿਖੇ ਗ੍ਰੰਥਾਂ ਵਿਚੋਂ ਹਨ ਅਤੇ ਜਾਂ ਫਿਰ ਨਿਰੋਲ ਕਲਪਨਾ ਦੇ ਆਧਾਰ ਤੇ ਝੂਠੀਆਂ ਹਨ। ਇਹਨਾਂ ਉੱਪਰ ਵਾਲੀਆਂ ਉਦਾਹਰਨਾਂ ਵਿਚੋਂ ਇੱਕ 12 ਨੰ: ਵਾਲੀ ਉਦਾਹਰਨ ਤਾਂ ਹਰ ਕੋਈ ਕੰਪਿਊਟਰ ਦੀ ਥੋੜ੍ਹੀ ਜਿਹੀ ਜਾਣਕਾਰੀ ਵਾਲਾ ਵੀ ਪਰਖ ਸਕਦਾ ਹੈ ਕਿ ਇਹ ਨਿਰਾ ਝੂਠ ਹੈ ਜਾਂ ਨਹੀਂ? ਪਰ ਜਿਹਨਾ ਦੇ ਦਿਮਾਗ਼ ਟਕਸਾਲੀ ਅਤੇ ਤਾਲੇਬਾਨੀ ਸੋਚ ਨਾਲ ਧੋਤੇ ਗਏ ਹੋਣ ਉਹ ਕਦੀ ਸੱਚ ਅਪਣਾ ਨਹੀਂ ਸਕਦੇ ਅਤੇ ਝੂਠ ਛੱਡ ਨਹੀਂ ਸਕਦੇ।

ਇੱਕ ਗੱਲ ਦੀ ਇਹ ਕਥਿਤ ਟਕਸਾਲੀ ਬੜੀ ਰੌਲ਼ੀ ਪਾਉਂਦੇ ਹਨ ਕਿ ਟਕਸਾਲ ਨੇ ਆਹ ਕੁਰਬਾਨੀ ਕੀਤੀ ਜਾਂ ਔਹ ਕੀਤੀ। ਚਲੋ ਪਿਛਲੀਆਂ ਗੱਲਾਂ ਤਾਂ ਛੱਡੋ 1984 ਦੀ ਗੱਲ ਲੈ ਲਓ। ਕੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅਕਾਲੀਆਂ ਦੇ ਕੁਰਸੀ ਯੁੱਧ ਨੂੰ ਗੋਲੀ ਯੁੱਧ ਵਿੱਚ ਬਦਲ ਕੇ ਸਿੱਖੀ ਦਾ ਸੱਤਿਆਨਾਸ ਨਹੀਂ ਕਰਵਾਇਆ? ਕੀ ਸਰਕਾਰ ਨੂੰ ਲਾਇਬਰੇਰੀ ਵਿਚਲੇ ਗ੍ਰੰਥਾਂ ਅਤੇ ਹੋਰ ਕਈ ਦੁਰਲੱਭ ਚੀਜ਼ਾਂ ਨੂੰ ਸਾੜਨ ਜਾਂ ਖ਼ੁਰਦ-ਬੁਰਦ ਕਰਨ ਦਾ ਬਹਾਨਾ ਨਹੀਂ ਦਿੱਤਾ? ਕੀ ਹਿੰਦੂ ਸਿੱਖਾਂ ਵਿੱਚ ਕੁੜੱਤਣ ਵਾਲਾ ਮਾਹੌਲ ਪੈਦਾ ਕਰਕੇ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖੀ ਦੇ ਕਤਲੇਆਮ ਲਈ ਇਹ ਸਾਧ ਸਰਕਾਰ ਜਿੰਨਾ ਦੋਸ਼ੀ ਨਹੀਂ ਹੈ? ਕੀ ਦੇਣ ਹੈ ਇਸ ਦੀ ਮਨੁੱਖਤਾ ਅਤੇ ਸਿੱਖੀ ਲਈ? ਇਹੀ ਹੈ ਕਿ ਦਾੜ੍ਹੀ ਕੇਸ ਰੱਖ ਕੇ ਬੰਦੇ ਮਾਰੋ, ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਧਮਕੀਆਂ ਦਿਓ, ਲੁੱਟਾਂ ਖੋਹਾਂ ਕਰੋ, ਇਸ ਦੇ ਕਈ ਚੇਲੇ ਅਤੇ ਦੂਰ ਦੇ ਰਿਸ਼ਤੇਦਾਰ ਸ਼ਾਇਦ ਹਾਲੇ ਵੀ ਕਈ ਲੁਧਿਆਣੇ ਵਾਲੇ ਬੈਂਕ ਡਕੈਤੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੋਣ। ਇਹ ਬੰਦਾ ਸ਼ਰੇਆਮ ਖੋਹਣ ਦੀਆਂ ਗੱਲਾਂ ਕਰਦਾ ਹੁੰਦਾ ਸੀ। ਬਿਧੀ ਚੰਦ ਛੀਨੇ ਦੀਆਂ ਮਿਸਾਲਾਂ ਦਿੰਦਾ ਹੁੰਦਾ ਸੀ ਜੋ ਕਿ ਗੁਰ ਬਿਲਾਸ ਛੇਵੀਂ ਵਿੱਚ ਦਰਜ਼ ਹੈ। ਇਹ ਗੱਲ ਉਦੋਂ ਕਹੀ ਸੀ ਜਦੋਂ ਬਿਧੀ ਚੰਦ ਘੋੜੇ ਚੋਰੀ ਕਰਨ ਤੋਂ ਬਾਅਦ ਮਾਤਾ ਨਾਨਕੀ ਲਈ ਡਾਕਾ ਮਾਰ ਕੇ ਗਹਿਣੇ ਚੋਰੀ ਕਰਕੇ ਲਿਆਇਆ ਸੀ। ਇਸੇ ਕਿਤਾਬ ਦੀ ਏਸੇ ਡੇਰੇ ਵਿਚੋਂ ਪੜ੍ਹਿਆ ਜੋਗਿੰਦਰ ਸਿੰਘ ਵੇਦਾਂਤੀ ਗੁਰਦੁਆਰਿਆਂ ਵਿੱਚ ਕਥਾ ਕਰਵਾਉਣੀ ਚਾਹੁੰਦਾ ਸੀ। ਇਹ ਉਹੋ ਹੀ ਵੇਦਾਂਤੀ ਹੈ ਜਿਸ ਨੇ ਕਥਿਤ ਜਥੇਦਾਰ ਹੁੰਦਿਆਂ ਕਈ ਪੁੱਠੀਆਂ-ਸਿੱਧੀਆਂ ਗੱਲਾਂ ਕੀਤੀਆਂ ਸਨ ਜਿਹਨਾ ਵਿਚੋਂ ਇੱਕ ਇਹ ਵੀ ਹੈ ਕਿ ਇਸ ਨੇ ਇੱਕ ਕਥਿਤ ਸਾਧ ਦੇ ਕਹਿਣ ਤੇ ਗੰਨਿਆਂ ਤੋਂ ਪਾਠ ਕਰਨ ਨਾਲ ਸ਼ੁੱਧ ਪਤਾਸੇ ਬਣਾਉਣ ਦੀ ਗੱਲ ਕੀਤੀ ਸੀ।

ਇਹ ਅਖੌਤੀ ਟਕਸਾਲੀਏ ਜੇ ਦੋ ਗੱਲਾਂ ਚੰਗੀਆਂ ਕਰਦੇ ਹਨ ਤਾਂ ਦਸ ਗੱਲਾਂ ਬਾਕੀਆਂ ਨਾਲੋਂ ਉਲਟ ਅਤੇ ਝੂਠੀਆਂ ਕਰਦੇ ਹਨ ਫਿਰ ਉਸ ਝੂਠ ਨੂੰ ਦੂਸਰਿਆਂ ਉੱਪਰ ਜ਼ਬਰਦਸਤੀ ਠੋਸਣਾ ਚਾਹੁੰਦੇ ਹਨ। ਕਿਉਂਕਿ ਦਸਵੇਂ ਗੁਰੂ ਜੀ ਨੇ ਇਹਨਾਂ ਨੂੰ ਧਰਮ ਦੇ ਨਾਮ ਤੇ ਝੂਠ ਬੋਲਣ ਦਾ ਠੇਕਾ ਜੋ ਦਿੱਤਾ ਹੋਇਆ ਹੈ। ਇੱਥੇ ਇੱਕ ਪ੍ਰਚੱਲਿਤ ਸਾਖੀ ਦੁਹਰਾਉਣੀ ਸ਼ਾਇਦ ਲਾਹੇਵੰਦ ਹੋਵੇਗੀ। ਇਹ ਸਾਖੀ ਦਸਵੇਂ ਗੁਰੂ ਨਾਲ ਸੰਬੰਧਿਤ ਹੈ ਅਤੇ ਆਮ ਹੀ ਸੁਣਾਈ, ਪੜ੍ਹੀ/ਸੁਣੀ ਜਾਂਦੀ ਹੈ। ਜਦੋਂ ਗੁਰੂ ਜੀ ਨੇ ਦਾਦੂ ਪੀਰ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕਰਕੇ ਸਿੱਖਾਂ ਨੂੰ ਪਰਖਣਾ ਚਾਹਿਆ ਤਾਂ ਗੁਰੂ ਜੀ ਨੂੰ ਟੋਕ ਕੇ ਸਿੱਖ ਪਰਖ ਵਿੱਚ ਪੂਰੇ ਉੱਤਰੇ ਸਨ। ਪਰ ਹੁਣ ਤੁਸੀਂ ਟਕਸਾਲੀ ਧੁੰਮੇ ਦੇ ਪਿਛਲੇ ਇੱਕ ਹਫ਼ਤੇ ਦੇ ਬਿਆਨ ਅਤੇ ਵੀਡੀਓ ਦੇਖੋ ਕਿ ਉਹ ਆਪਣੀ ਟੋਕ ਨੂੰ ਗੁਰੂ ਦੀ ਟੋਕ ਤੋਂ ਵੀ ਉੱਪਰ ਸਮਝ ਕੇ ਬੰਦਾ ਮਾਰ ਕੇ ਵੀ ਮਾਣ ਮਹਿਸੂਸ ਕਰਦਾ ਹੈ ਅਤੇ ਅਗਾਂਹ ਵੀ ਸ਼ਰੇਆਮ ਧਮਕੀਆਂ ਦਿੰਦਾ ਹੈ। ਜਿਸ ਤੋਂ ਚਿੱਟੇ ਦਿਨ ਵਾਂਗ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਚੋਰ ਤੇ ਕੁੱਤੀ ਰਲੇ ਹੋਏ ਹਨ ਭਾਵ ਕਿ ਸਰਕਾਰ ਤੇ ਇਹ ਟਕਸਾਲੀ ਟੋਲਾ ਨਿਰੇ ਗੁੰਡੇ ਹਨ।

ਪੰਜਾਬ ਵਿੱਚ ਵੀ ਗੁੰਡਾ ਸਰਕਾਰ ਕੇਂਦਰ ਵਿੱਚ ਵੀ ਗੁੰਡਾ ਸਰਕਾਰ। ਪੰਜਾਬ ਵਿੱਚ ਤਾਲੇਬਾਨੀਆਂ ਨਾਲ ਸੰਬੰਧਿਤ ਅਤੇ ਕੇਂਦਰ ਵਿੱਚ ਭਗਵੀਂ ਸੋਚ ਨਾਲ। ਬਹਾਨੇ ਨਾਲ ਗ਼ਲਤ ਬੰਦੇ ਮਾਰ ਕੇ ਵੀ ਕਹਿੰਦੇ ਹਨ ਕਿ ਅਸੀਂ ਠੀਕ ਕੀਤਾ। ਕਿਸੇ ਤੇ ਗਊ ਮਾਸ ਖਾਣ ਦਾ ਬਹਾਨਾ, ਕਿਸੇ ਤੇ ਦੇਸ਼ ਵਿਰੋਧੀ ਹੋਣ ਦਾ ਅਤੇ ਕਿਸੇ ਤੇ ਸਿਰਫ਼ ਟੋਕਾ-ਟਾਕੀ ਦਾ ਬਹਾਨਾ। ਹੋਰ ਵੀ ਕਈ ਗੱਲਾਂ ਇਹਨਾਂ ਦੀਆਂ ਸਾਂਝੀਆਂ ਹਨ ਇਹ ਦੋਵੇਂ ਤਾਲੇਬਾਨੀ ਅਤੇ ਭਗਵੀਂ ਸੋਚ ਵਾਲੇ ਦਸਮ ਗ੍ਰੰਥ ਨਾਮ ਦੀ ਝੂਠੀ ਅਤੇ ਗੰਦੀ ਕਿਤਾਬ ਨੂੰ ਦਸਵੇਂ ਗੁਰੂ ਦੀ ਕ੍ਰਿਤ ਸਾਬਤ ਕਰਕੇ ਧੱਕੇ ਨਾਲ ਸਾਰੇ ਸਿੱਖਾਂ ਦੇ ਸਿਰਾਂ ਵਿੱਚ ਪਾਉਣਾ ਲੋਚਦੇ ਹਨ ਜਿਸ ਵਿੱਚ ਕਿ ਇਹ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਸਿੱਖਾਂ ਨੂੰ ਆਪਣੇ ਗੁਰੂ ਦੀ ਇੱਕ ਖ਼ਾਸ ਹਦਾਇਤ ਹੈ:

ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ਪੰਨਾ 317॥

ਸੋ ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਗੁਰਬਾਣੀ ਦੀ ਸੋਝੀ ਲੈ ਕੇ ਅਜਿਹੇ ਬੰਦਿਆਂ ਤੋਂ ਦੂਰ ਰਿਹਾ ਜਾਵੇ ਜੋ ਸਿੱਖਾਂ ਤੋਂ ਤਾਲਬਾਨੀ ਸੋਚ ਰਾਹੀਂ ਮਨੁੱਖਤਾ ਦੇ ਉਲਟ ਕੰਮ ਕਰਵਾਉਣਾ ਚਾਹੁੰਦੇ ਹੋਣ। ਅਜਿਹੇ ਕਥਿਤ ਵਿਦਵਾਨਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਜਾਣੇ ਜਾਂ ਅਨਜਾਣੇ ਇਸ ਤਾਲੇਬਾਨੀ ਸੋਚ ਨੂੰ ਉਭਾਰਦੇ ਹਨ ਖ਼ਾਸ ਕਰਕੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ। ਇਹ ਜਾਂ ਤਾਂ ਜਾਣ ਬੁੱਝ ਕੇ ਝੂਠ ਬੋਲਦੇ ਹਨ ਅਤੇ ਜਾਂ ਫਿਰ ਇਹ ਮਨੁੱਖਤਾ ਦੇ ਦੁਸ਼ਮਣ ਹਨ ਕਿਉਂਕਿ ਦਸਮ ਗ੍ਰੰਥ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕੂੜ ਕਿਤਾਬਾਂ ਮਨੁੱਖਤਾ ਵਿਰੋਧੀ ਹਨ ਖ਼ਾਸ ਕਰਕੇ ਇਸਤ੍ਰੀਆਂ ਵਿਰੋਧੀ ਜਿਹੜੀਆਂ ਕਿ ਇਸ ਸਾਧ ਦੀ ਸੋਚਣੀ ਦੀਆਂ ਲਖਾਇਕ ਸਨ। ਇੱਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰਬਾਣੀ ਪਾਠ ਦਰਪਣ ਗ੍ਰੰਥ ਲਿਖਣ ਵਾਲੇ ਕਥਿਤ ਬ੍ਰਹਮ ਗਿਆਨੀ ਦਾ ਹੀ ਇਹ ਸਿੱਖਿਆਰਥੀ ਸੀ। ਇਹ ਸਾਰੀ ਸਿੱਖਿਆ ਉਸ ਤੋਂ ਹੀ ਲੈ ਕੇ ਆਇਆ ਸੀ ਅਤੇ ਇਸ ਦੇ ਵਿਚਾਰ ਵੀ ਸਾਰੇ ਉਹੀ ਸਨ ਜਿਹੜੇ ਗੁਰਬਾਣੀ ਪਾਠ ਦਰਪਣ ਵਿੱਚ ਦਰਜ਼ ਹਨ। ਹਾਂ, ਸਰਕਾਰ ਦੀਆਂ ਵਧੀਕੀਆਂ ਵਿਰੁੱਧ ਬੋਲ ਕੇ ਮਾਰ-ਮਰਈਆ ਕਰਕੇ ਧਰਮ ਦੇ ਨਾਮ ਤੇ ਝੂਠ ਬੋਲਣ ਵਾਲੇ ਕਿਰਪਾਨਧਾਰੀ ਅਤੇ ਪਗੜੀ ਧਾਰੀਆਂ ਦਾ ਹੀਰੋ ਉਹ ਜ਼ਰੂਰ ਬਣ ਗਿਆ ਹੈ। ਇਹ ਲੋਕ ਅਤੇ ਦੋਗਲੇ ਕਿਸਮ ਦੇ ਹੋਰ ਲੋਕ ਤਾਲੇਬਾਨੀ ਸੋਚ ਨੂੰ ਸਿੱਖਾਂ ਵਿੱਚ ਘਸੋੜਨ ਦੇ ਦੋਸ਼ੀ ਹਨ। ਇਹਨਾਂ ਸਾਰਿਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਤਾਲੇਬਾਨੀ ਸੋਚ ਵਾਲੇ ਲੋਕ ਕਦੀ ਵੀ ਕਿਸੇ ਦੇ ਮਿੱਤ ਨਹੀਂ ਹੋ ਸਕਦੇ। ਜੇ ਅੱਜ ਤੁਹਾਡੇ ਕਿਸੇ ਵਿਰੋਧੀ ਨੂੰ ਮਾਰਦੇ ਹਨ ਤਾਂ ਕੱਲ੍ਹ ਨੂੰ ਤੁਹਾਨੂੰ ਵੀ ਮਾਰਨਗੇ। ਕਿਉਂਕਿ ਇਸ ਸੋਚਣੀ ਦਾ ਪਿਛਲਾ ਇਤਿਹਾਸ ਇਹੀ ਕੁੱਝ ਕਹਿੰਦਾ ਹੈ। ਦੁਨੀਆ ਦੇ ਬਹੁਤੇ ਗੁਰਦੁਆਰਿਆਂ ਵਿੱਚ ਇਹ ਤਾਲੇਬਾਨੀ ਸੋਚ ਹੀ ਉਭਰ ਰਹੀ ਹੈ। ਇਸ ਵਿੱਚ ਤਕਰੀਬਨ ਸਾਰੇ ਸਿੱਖ ਹੀ ਦੋਸ਼ੀ ਹਨ। ਇਸ ਲੇਖ ਨੂੰ ਪੜ੍ਹਨ ਵਾਲੇ ਵੀ ਤਕਰੀਬਨ ਸਾਰੇ ਹੀ ਦੋਸ਼ੀ ਹਨ। ਜੇ ਨਹੀਂ, ਤਾਂ ਦੱਸੋ ਤੁਸੀਂ ਇਸ ਮਨੁੱਖਤਾ ਵਿਰੋਧੀ ਸੋਚ ਨੂੰ ਰੋਕਣ ਲਈ ਕਿਤਨਾ ਕੁ ਸੱਚ ਬੋਲਣ/ਲਿਖਣ ਦੀ ਕੋਸ਼ਿਸ਼ ਕੀਤੀ ਹੈ?

ਮੱਖਣ ਸਿੰਘ ਪੁਰੇਵਾਲ,

ਮਈ 29, 2016.




.