ਭਾਈ ਢੱਡਰੀਆਂ ਵਾਲੇ ਤੇ ਹਮਲਾ ਬਨਾਮ ਸਿੱਖਾਂ ਵਿੱਚ ਵਧ ਰਹੀ ਅਸਹਿਣਸ਼ੀਲਤਾ
-ਹਰਚਰਨ ਸਿੰਘ ਪਰਹਾਰ (ਸੰਪਾਦਕ-ਸਿੱਖ ਵਿਰਸਾ)
ਹਰ ਧਾਰਮਿਕ ਫਿਰਕੇ ਦੇ ਕੁੱਝ
ਬੁਨਿਆਦੀ ਅਸੂਲ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ਤੇ ਉਨ੍ਹਾਂ ਦੀ ਦੁਨੀਆਂ ਵਿੱਚ ਪਛਾਣ ਹੁੰਦੀ ਹੈ।
ਸਿੱਖਾਂ ਦੀ ਦੁਨੀਆਂ ਭਰ ਵਿੱਚ ਬਹਾਦਰ ਤੇ ਮਿਹਨਤੀ ਹੋਣ ਦੀ ਇੱਕ ਵੱਖਰੀ ਪਛਾਣ ਹੈ। ਪਿਛਲੇ ਸਮੇਂ
ਵਿੱਚ ਸਿੱਖਾਂ ਨੇ ਦੁਨੀਆਂ ਭਰ ਦੀ ਸਿਆਸਤ ਵਿੱਚ ਵੀ ਆਪਣਾ ਨਾਮ ਬਣਾਇਆ ਹੈ। ਬਹਾਦਰੀ ਤੇ ਮਿਹਨਤੀ
ਸੁਭਾਅ ਕਾਰਨ ਜਿਥੇ ਸਿੱਖਾਂ ਨੇ ਵਿਅਕਤੀਗਤ ਤੌਰ ਤੇ ਦੁਨੀਆਂ ਭਰ ਵਿੱਚ ਹਰ ਖੇਤਰ ਵਿੱਚ ਤਰੱਕੀ ਕੀਤੀ
ਹੈ, ਉਥੇ ਸਿੱਖਾਂ ਦਾ ਜ਼ਜਬਾਤੀ ਸੁਭਾਅ, ਉਨ੍ਹਾਂ ਲਈ ਹਮੇਸ਼ਾਂ ਔਗੁਣ ਬਣ ਕੇ ਸਾਹਮਣੇ ਆਇਆ ਹੈ। ਸਿੱਖ
ਇਤਿਹਾਸ ਵਿੱਚ ਇਹ ਵਰਤਾਰਾ ਆਮ ਰਿਹਾ ਹੈ ਕਿ ਸਿੱਖ ਮਿਹਨਤ ਤੇ ਬਹਾਦਰੀ ਨਾਲ ਜਿੱਤ ਕੇ ਵੀ ਜ਼ਜਬਾਤੀ
ਫੈਸਲਿਆਂ ਨਾਲ ਹਾਰਦੇ ਰਹੇ ਹਨ। ਸਿੱਖਾਂ ਦਾ ਇਹ ਇੱਕ ਕੌਮੀ ਦੁਖਾਂਤ ਬਣ ਚੁੱਕਾ ਹੈ ਕਿ ਉਹ
ਇਕੱਠੇ ਹੋ ਕੇ ਲੜ ਸਕਦੇ ਹਨ ਜਾਂ ਨਗਰ ਕੀਰਤਨ ਕੱਢ ਸਕਦੇ ਹਨ, ਪਰ ਇਕੱਠੇ ਹੋ ਕੇ ਕਦੇ ਕੋਈ ਮਸਲਾ
ਹੱਲ ਨਹੀਂ ਕਰ ਸਕਦੇ ਅਤੇ ਨਾ ਹੀ ਕੌਮੀ ਮਸਲਿਆਂ ਵਿੱਚ ਹੀ ਇਕੱਠੇ ਹੋ ਕੇ ਚੱਲ ਸਕਦੇ ਹਨ। ਜੇ ਸਿੱਖ
ਇਤਿਹਾਸ ਨੂੰ ਦੇਖੋ ਤਾਂ ਸਿੱਖਾਂ ਦੇ ਜਿਹੜੇ ਮਸਲੇ 300 ਸਾਲ ਪਹਿਲਾਂ ਸਨ, 100 ਸਾਲ ਪਹਿਲਾਂ ਵੀ ਤੇ
ਅੱਜ ਵੀ, ਉਸੇ ਤਰ੍ਹਾਂ ਹਨ। ਇਹ ਮਸਲੇ ਕਦੇ ਸੁਲਝੇ ਨਹੀਂ, ਨਾ ਹੀ ਇਨ੍ਹਾਂ ਪ੍ਰਤੀ ਕੋਈ ਸਾਂਝੀ ਰਾਏ
ਬਣੀ ਹੈ ਤੇ ਸਗੋਂ ਸਮੇਂ ਨਾਲ ਸਿੱਖਾਂ ਦੀ ਆਪਣੇ ਮਸਲਿਆਂ ਪ੍ਰਤੀ ਜ਼ਜਬਾਤੀ ਤੇ ਉਲਾਰ ਪਹੁੰਚ ਨਾਲ
ਦਿਨੋ ਦਿਨ ਉਲਝੇ ਹਨ। ਸਿੱਖਾਂ ਦੀ ਲੀਡਰਸ਼ਿਪ ਵਿਚਲੇ ਇੱਕ ਜਜ਼ਬਾਤੀ ਤੇ ਉਲਾਰ ਪਹੁੰਚ ਵਾਲੇ ਧੜੇ
ਦੀਆਂ ਨੀਤੀਆਂ, ਜਿਥੇ ਸਿੱਖਾਂ ਵਰਗੀ ਉਦਾਰ, ਮਿਹਨਤੀ, ਬਹਾਦਰ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ
ਨੂੰ ਕੱਟੜਵਾਦ ਵੱਲ ਧੱਕ ਰਹੀ ਹੈ, ਉਥੇ ਉਨ੍ਹਾਂ ਨੂੰ ਮਿਹਨਤ ਤੇ ਬਹਾਦਰੀ ਨਾਲ ਕੀਤੀਆਂ ਪ੍ਰਾਪਤੀਆਂ
ਦੇ ਬਾਵਜੂਦ, ਵਾਰ-ਵਾਰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰਦੁਆਰਿਆਂ ਦੀਆਂ ਲੜਾਈਆਂ, ਇਸ
ਗੱਲ ਦੀ ਪ੍ਰਮੁੱਖ ਉਦਾਹਰਣ ਹਨ।
ਬੇਸ਼ਕ ਹਰ ਧਾਰਮਿਕ ਫਿਰਕੇ ਵਿੱਚ ਕੱਟੜ ਤੇ ਤਿੱਖੀ ਸੁਰ ਵਾਲੇ ਲੋਕ ਹੁੰਦੇ ਹਨ ਤੇ ਉਨ੍ਹਾਂ ਦੀ ਗਿਣਤੀ
ਅਕਸਰ ਬਹੁਤ ਥੋੜੀ ਹੁੰਦੀ ਹੈ। ਜੇ ਕੌਮੀ ਲੀਡਰਸ਼ਿਪ, ਆਪਣੀ ਸੂਝ ਨਾਲ ਉਨ੍ਹਾਂ ਦੇ ਜੋਸ਼ ਜਾਂ
ਕੱਟੜਪੁਣੇ ਨੂੰ ਸਮਾਜ ਜਾਂ ਫਿਰਕੇ ਦੀ ਭਲਾਈ ਲਈ ਵਰਤ ਸਕੇ ਤਾਂ ਸਭ ਦੇ ਹਿੱਤ ਵਿੱਚ ਹੁੰਦੀ ਹੈ। ਪਰ
ਜੇ ਮੁੱਖਧਾਰਾ ਦੀ ਲੀਡਰਸ਼ਿਪ ਆਪਣੀ ਸੌੜੀ ਰਾਜਨੀਤੀ ਅਤੇ ਆਮ ਲੋਕ ਸਹਿਮ ਅਧੀਨ ਅਜਿਹੇ ਛੋਟੇ ਜਿਹੇ
ਕੱਟੜਪੰਥੀ ਤੇ ਜ਼ਜਬਾਤੀ ਧੜੇ ਅੱਗੇ ਗੋਡੇ ਟੇਕ ਦੇਣ, ਆਪਣੀ ਧਾਰਮਿਕ ਜਾਂ ਸਿਆਸੀ ਲੀਡਰਸ਼ਿਪ ਉਨ੍ਹਾਂ
ਦੇ ਹਵਾਲੇ ਕਰ ਦੇਣ ਤਾਂ ਉਹ ਲੋਕ ਉਸ ਫਿਰਕੇ ਲਈ ਹੀ ਨਹੀਂ ਸਗੋਂ ਮਨੁੱਖਤਾ ਲਈ ਵੀ ਖਤਰਾ ਬਣ ਜਾਂਦੇ
ਰਹੇ ਹਨ। ਦੁਨੀਆਂ ਦਾ ਸਾਰਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਰ
ਧਾਰਮਿਕ ਫਿਰਕੇ ਦੇ ਅਜਿਹੇ ਕੱਟੜਪੰਥੀਆਂ ਕੋਲ ਜਦੋਂ ਵੀ ਕੋਈ ਤਾਕਤ ਆਈ ਹੈ, ਨਾ ਸਿਰਫ ਉਨ੍ਹਾਂ ਨੇ
ਆਪਣੇ ਫਿਰਕੇ ਨੂੰ ਸ਼ਰਮਸਾਰ ਕੀਤਾ ਹੈ, ਸਗੋਂ ਮਨੁੱਖਤਾ ਦਾ ਵੀ ਧਰਮ, ਜਾਤ, ਨਸਲ, ਧਰਮ ਦਾ ਰਾਜ,
ਧਰਮਯੁੱਧ ਆਦਿ ਦੇ ਨਾਮ ਤੇ ਘਾਣ ਕੀਤਾ ਹੈ। ਜੇ ਅਸੀਂ ਬਹੁਤ ਪਿਛੇ ਨਾ ਵੀ ਜਾਈਏ ਤਾਂ ਸਿੱਖਾਂ ਦਾ
ਪਿਛਲੇ 50 ਸਾਲਾਂ ਦਾ ਇਤਿਹਾਸ ਹੀ ਦੇਖੋ ਤਾਂ ਅਕਾਲੀਆਂ, ਭਾਜਪਈਆਂ ਤੇ ਕਾਂਗਰਸੀਆਂ ਨੇ ਆਪਣੀ ਸੌੜੀ
ਰਾਜਨੀਤੀ ਨਾਲ ਸਿੱਖਾਂ ਦੇ ਇੱਕ ਛੋਟੇ ਜਿਹੇ ਗਰਮ ਖਿਆਲੀ ਤੇ ਕੱਟੜਪੰਥੀ ਧੜੇ ਨੂੰ ਆਪਣੇ ਰਾਜਸੀ
ਹਿੱਤਾਂ ਲਈ ਇਸ ਢੰਗ ਨਾਲ ਵਰਤਿਆ ਕਿ ਜਿਸ ਨਾਲ ਪੰਜਾਬ ਹੀ ਨਹੀਂ, ਦੁਨੀਆਂ ਭਰ ਦੇ ਸਿੱਖ ਅੱਜ ਵੀ
ਸੰਤਾਪ ਹੰਢਾ ਰਹੇ ਹਨ। ਲੱਖਾਂ ਲੋਕ ਇਸ ਸੌੜੀ ਸਿਆਸਤ ਅਤੇ ਧਰਮ ਦੀ ਰਾਜਨੀਤੀ ਦੀ ਭੇਟ ਚੜ੍ਹ
ਚੁੱਕੇ ਹਨ। ਇੱਕ ਪਾਸੇ ਲੋਕਾਂ ਨੂੰ ਸਟੇਟ ਦੇ ਜ਼ਬਰ ਨੂੰ ਝੱਲਣਾ ਪਿਆ ਤੇ ਦੂਜੇ ਪਾਸੇ ਕੱਟੜਪੰਥੀ
ਹਥਿਆਰਬੰਦ ਧਿਰਾਂ ਦੀ ਕਤਲੋਗਾਰਤ ਦਾ ਜ਼ੁਲਮ ਸਹਿਣਾ ਪਿਆ। ਪਰ ਸਿਆਸੀ ਲੋਕਾਂ ਨੇ ਲੱਖਾਂ ਲੋਕਾਂ ਦਾ
ਖੂਨ ਪੀ ਕੇ ਵੀ ਅਜੇ ਸਬਰ ਨਹੀਂ ਕੀਤਾ, ਪੰਜਾਬ ਨੂੰ ਤਬਾਹੀ ਦੇ ਕੰਢੇ ਪਹੁੰਚਾ ਕੇ ਵੀ ਉਨ੍ਹਾਂ ਦੀ
ਸਿਆਸੀ ਭੁੱਖ ਪੂਰੀ ਨਹੀਂ ਹੋਈ। ਇੱਕ ਵਾਰ ਫਿਰ 2017 ਦੀਆਂ ਚੋਣਾਂ ਵਿੱਚ ਆਪਣੀ ਦਿਸਦੀ ਹਾਰ ਨੂੰ
ਮੁੱਖ ਰੱਖ ਕੇ ਕਾਂਗਰਸੀਆਂ, ਭਾਜਪਈਆਂ ਤੇ ਅਕਾਲੀਆਂ ਵਲੋਂ ਕੱਟੜਪੰਥੀ ਧਿਰਾਂ ਨੂੰ ਹਵਾ ਦੇ ਕੇ
80ਵਿਆਂ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸ਼ਿਵ ਸੈਨਾ, ਸਿੱਖਾਂ ਦੇ ਕੁੱਝ ਗਰਮ ਖਿਆਲੀ ਗਰੁੱਪ ਤੇ
ਨਸ਼ਿਆਂ ਦੇ ਵਪਾਰੀ ਗੈਂਗ, ਸ਼ਰੇਆਮ ਦਨਦਨਾਉਂਦੇ ਫਿਰ ਰਹੇ ਹਨ। ਉਨ੍ਹਾਂ ਨੂੰ ਰੋਕਣ ਦੀ ਥਾਂ ਸਿਆਸੀ
ਲੋਕਾਂ ਵਲੋਂ ਸ਼ਹਿ ਦਿੱਤੀ ਜਾ ਰਹੀ ਹੈ। ਪੁਲਿਸ ਤੇ ਪ੍ਰਸ਼ਾਸਨ ਇਨ੍ਹਾਂ ਸਿਆਸੀ ਲੀਡਰਾਂ ਦੀ ਰਖੇਲ ਬਣ
ਚੁੱਕੀ ਹੈ। ਪਿਛਲ਼ੇ ਦਿਨੀਂ ਪੰਜਾਬ ਵਿੱਚ ਇੱਕ ਡੇਰੇ ਦੇ ਮੁੱਖੀ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ
ਜਾਨਲੇਵਾ ਹਮਲੇ ਨੂੰ ਅਸੀਂ ਇਸੇ ਲੜੀ ਵਿੱਚ ਦੇਖ ਰਹੇ ਹਾਂ।
ਦੂਜਾ ਪੱਖ ਇਹ ਵੀ ਹੈ ਕਿ ਇਹ ਕਿਸੇ ਵੀ ਮਨੁੱਖ ਦੀ ਵਿਚਾਰਾਂ ਦੀ ਆਜ਼ਾਦੀ ਤੇ ਹਮਲਾ ਹੈ। ਹਰ ਇੱਕ ਨੂੰ
ਆਪਣੀ ਮਰਜ਼ੀ ਨਾਲ ਜੀਣ ਤੇ ਵਿਚਾਰ ਰੱਖਣ ਦਾ ਅਧਿਕਾਰ ਹੈ। ਵਿਚਾਰਾਂ ਦਾ ਵਿਰੋਧ, ਵਿਚਾਰਧਾਰਕ ਹੀ
ਹੋਣਾ ਚਾਹੀਦਾ ਹੈ। ਪਰ ਸਿੱਖਾਂ ਵਿਚਲੇ ਇੱਕ ਛੋਟੇ ਜਿਹੇ ਕੱਟੜਪੰਥੀ ਧੜੇ ਨੂੰ ਬੜੀ ਸਾਜ਼ਿਸ਼ ਅਧੀਨ
ਦੇਸ਼-ਵਿਦੇਸ਼ ਵਿੱਚ ਵਿੱਚ ਕੁੱਝ ਸਾਲਾਂ ਤੋਂ ਉਭਾਰਿਆ ਜਾ ਰਿਹਾ ਹੈ। ਗੁਰਦੁਆਰਿਆਂ ਤੇ ਉਨ੍ਹਾਂ ਦੇ
ਸਿੱਖ ਯੂਥ ਦੇ ਨਾਮ ਤੇ ਕਬਜ਼ੇ ਕਰਾਏ ਜਾ ਰਹੇ ਹਨ। ਸੰਤ ਢੱਡਰੀਵਾਲਾ ਤੇ ਹਮਲਾ ਕੋਈ ਪਹਿਲਾ ਜਾਂ
ਆਖਰੀ ਹਮਲਾ ਨਹੀਂ ਹੈ। ਅੰਧ ਵਿਸ਼ਵਾਸ਼ਾਂ, ਕਰਮਕਾਂਡਾਂ, ਡੇਰਾਵਾਦ ਵਿਰੁੱਧ ਸਿੱਖੀ ਪ੍ਰਚਾਰ ਕਰ ਰਹੇ,
ਮਿਸ਼ਨਰੀਆਂ ਤੇ ਵਿਦਵਾਨਾਂ ਉਪਰ ਇਨ੍ਹਾਂ ਵਲੋਂ ਕਈ ਹਮਲੇ ਹੋ ਚੁੱਕੇ ਹਨ, ਅਜੇ ਕੁੱਝ ਮਹੀਨੇ ਪਹਿਲਾਂ
ਪ੍ਰੋ. ਦਰਸ਼ਨ ਸਿੰਘ ਰਾਗੀ ਅਤੇ ਇੰਗਲੈਂਡ ਤੋਂ ਨੌਜਵਾਨ ਪ੍ਰਚਾਰਕ ਪ੍ਰਭਦੀਪ ਸਿੰਘ ਉਪਰ ਪੈਟਰੌਲ ਬੰਬ
ਨਾਲ ਹਮਲਾ ਕੀਤਾ ਗਿਆ ਸੀ, ਡਾ. ਗੁਰਦਰਸ਼ਨ ਸਿੰਘ ਢਿਲੋਂ ਤੇ ਹਮਲਾ ਹੋ ਚੁੱਕਾ ਹੈ, ਪ੍ਰੋ. ਇੰਦਰ
ਸਿੰਘ ਘੱਗਾ ਤੇ ਤਿੰਨ ਜਾਨਲੇਵਾ ਹਮਲਾ ਹੋ ਚੁੱਕਾ ਹੈ, ਵੱਖਰੀ ਵਿਚਾਰਧਾਰਾ ਵਾਲੇ ਪ੍ਰਚਾਰਕਾਂ ਅਤੇ
ਵਿਦਵਾਨਾਂ ਨੂੰ ਰੋਜ਼ਾਨਾ ਧਮਕੀਆਂ ਮਿਲਦੀਆਂ ਹਨ। ਪਿਛਲੇ ਦਿਨੀਂ ‘ਸਿੱਖ ਸਟੂਡੈਂਟਸ ਫੈਡਰੇਸ਼ਨ’
ਦੇ ਇੱਕ ਆਗੂ ਪਰਮਜੀਤ ਸਿੰਘ ਖਾਲਸਾ ਵਲੋਂ ਮੀਡੀਆ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਅਮਰੀਕਾ ਦੇ ਇੱਕ
ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਪੜ੍ਹ ਕੇ ਕੀਤੇ ਗਏ ਅੰਮ੍ਰਿਤ ਸੰਚਾਰ ਵਿੱਚ
ਹਿੱਸਾ ਲੈਣ ਵਾਲੇ ਪੰਜ ਪਿਆਰਿਆਂ ਦਾ ਸਿਰ ਵੱਢਣ ਜਾਂ ਗੋਲੀ ਮਾਰਨ ਵਾਲੇ ਨੂੰ ਉਹ 50-50 ਹਜ਼ਾਰ ਡਾਲਰ
ਇਨਾਮ ਦੇਣਗੇ? ਫੇਸਬੁੱਕ ਤੇ ਇਨ੍ਹਾਂ ਗਰੁੱਪਾਂ ਵਲੋਂ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ
ਢੱਡਰੀਵਾਲੇ ਤੋਂ ਇਲਾਵਾ ਪੰਥਪ੍ਰੀਤ ਸਿੰਘ ਖਾਲਸਾ, ਪ੍ਰੋ. ਦਰਸ਼ਨ ਸਿੰਘ ਰਾਗੀ, ਪ੍ਰੋ. ਸਰਬਜੀਤ ਸਿੰਘ
ਧੁੰਦਾ, ਡਾ. ਹਰਜਿੰਦਰ ਸਿੰਘ ਦਿਲਗੀਰ, ਗੁਰਚਰਨ ਸਿੰਘ ਬਰਾੜ (ਜਿਉਣਵਾਲਾ), ਪ੍ਰਭਦੀਪ ਸਿੰਘ
ਇੰਗਲੈਂਡ, ਜੋਗਿੰਦਰ ਸਿੰਘ ਸਪੋਕਸਮੈਨ, ਗੁਰਬਖਸ਼ ਸਿੰਘ ਕਾਲਾਅਫਗਾਨਾ ਆਦਿ ਉਨ੍ਹਾਂ ਦੀ ਹਿੱਟ ਲਿਸਟ
ਤੇ ਹਨ। ਇਨ੍ਹਾਂ ਗਰੁੱਪਾਂ ਵਲੋਂ ਹੀ ਪਿਛਲ਼ੇ ਸਮੇਂ ਵਿੱਚ ਪਿੰਡਾਂ ਦੇ ਗ੍ਰੰਥੀਆਂ ਜਾਂ ਛੋਟੇ-ਮੋਟੇ
ਬਾਬਿਆਂ ਨੂੰ ਬੁਰ੍ਹੀ ਤਰ੍ਹਾਂ ਕੁੱਟਣ ਦੀ ਮੁਹਿੰਮ ਸ਼ੁਰੂ ਕਰਕੇ ਦਹਿਸ਼ਤ ਦਾ ਮਾਹੌਲ਼ ਸਿਰਜਿਆ ਗਿਆ ਸੀ।
ਇਸੇ ਤਰ੍ਹਾਂ ਪਿਛਲ਼ੇ ਦਿਨੀਂ ਮਨਪ੍ਰੀਤ ਸਿੰਘ ਕਾਨ੍ਹਪੁਰੀ ਨਾਮ ਦੇ ਇੱਕ ਰਾਗੀ ਨੇ ਦਿੱਲੀ ਦੇ ਇੱਕ
ਪ੍ਰਮੁੱਖ ਗੁਰਦੁਆਰੇ ਦੀ ਸਟੇਜ ਤੋਂ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਦਾ ਸਿਰ ਕਲਮ ਕਰਕੇ ਲਿਆਉਣ
ਲਈ ਨੌਜਵਾਨਾਂ ਨੂੰ ਉਕਸਾਇਆ ਗਿਆ ਸੀ। ਢੱਡਰੀਆਂਵਾਲੇ ਤੇ ਹਮਲਾ ਕਰਨ ਵਾਲੇ ਟਕਸਾਲੀ ਨੌਜਵਾਨਾਂ ਅਤੇ
ਉਨ੍ਹਾਂ ਦੇ ਹਮਾਇਤੀਆਂ ਨੇ ਸਿੱਖ ਵਿਦਵਾਨਾਂ ਤੇ ਅਜਿਹੇ ਹੋਰ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਨ੍ਹਾਂ ਘੱਟ ਗਿਣਤੀ ਕੱਟੜਪੰਥੀ ਤੇ ਗਰਮ ਖਿਆਲੀ ਗਰੁੱਪਾਂ ਅੱਗੇ ਹੁਣ
ਝੁਕਣ ਦਾ ਸਮਾਂ ਨਹੀਂ ਹੈ। ਹੁਣ ਲੋਕ ਜਾਗਰੂਕ ਹੋ ਰਹੇ ਹਨ। ਪੰਜਾਬ ਵਿੱਚ ਕਰਜ਼ਿਆਂ ਮਾਰੇ
ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰਨ ਰਹੇ ਹਨ, ਲੱਖਾਂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਦਰ-ਦਰ ਭਟਕ
ਰਹੇ ਹਨ, ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੈ, ਲੱਚਰ ਤੇ ਜੱਟਵਾਦੀ ਫੁਕਰੀ ਗਾਇਕੀ ਨੇ ਪੰਜਾਬ
ਦਾ ਸਭਿਆਚਾਰ ਤਬਾਹ ਕਰ ਦਿੱਤਾ ਹੈ। ਸਰਕਾਰਾਂ ਦੀਆਂ ਲੋਕਮਾਰੂ ਤੇ ਸਰਮਾਏਦਾਰੀ ਪੱਖੀ ਨੀਤੀਆਂ ਨਾਲ
ਭੁੱਖਮਰੀ, ਗਰੀਬੀ, ਬੀਮਾਰੀਆਂ ਆਦਿ ਨਾਲ ਲੋਕ ਜੂਝ ਰਹੇ ਹਨ, ਅਜਿਹੇ ਵਿੱਚ ਸਿਆਸੀ ਤੇ ਧਾਰਮਿਕ ਲੀਡਰ
ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ। ਸਰਮਾਏਦਾਰੀ
ਦੀ ਵੱਧ ਮੁਨਾਫੇ ਦੀ ਹਵਸ ਦੁਨੀਆਂ ਨੂੰ ਤਬਾਹੀ ਵੱਲ ਲਿਜਾ ਰਹੀ ਹੈ। ਇਨ੍ਹਾਂ ਨੂੰ ਪਛਾਨਣ ਤੇ ਪਛਾੜਨ
ਲਈ ਜਾਗਰੂਕ ਤੇ ਲਾਮਬੰਦ ਹੋ ਕੇ ਸੰਘਰਸ਼ ਕਰਨਾ ਹੀ ਸਮੇਂ ਦੀ ਮੰਗ ਹੈ।
(ਟਿੱਪਣੀ:- ਸਾਨੂੰ ਇਸ ਗੱਲ
ਦੀ ਖੁਸ਼ੀ ਹੈ ਕਿ ਜਿਹੜੀ ਗੱਲ ਅਸੀਂ ਪਿਛਲੇ 30 ਕੁ ਸਾਲਾਂ ਤੋਂ ਕਹਿ ਰਹੇ ਹਾਂ ਅਤੇ 20 ਕੁ ਸਾਲਾਂ
ਤੋਂ ਇੰਟਰਨੈੱਟ ਰਾਹੀਂ ਵੀ ਦੱਸ ਰਹੇ ਹਾਂ ਜੇ ਕਰ ਉਹੀ ਗੱਲ ਤੁਹਾਡੇ ਵਰਗੇ ਵਿਦਵਾਨ ਵੀ ਕਰਨ ਲੱਗ
ਪੈਣ ਤਾਂ ਮਨ ਨੂੰ ਥੋੜਾ ਜਿਹਾ ਹੌਂਸਲਾ ਹੁੰਦਾ ਹੈ। ਚਲੋ ਦੇਰ ਆਏ ਦਰੁਸਤ ਆਏ। ਸੱਚ ਲਿਖਣ ਲਈ
ਧੰਨਵਾਦ-ਸੰਪਾਦਕ)