.

ਬਾਬਾ ਬੋਲਤੇ ਤੇ ਕਹਾ ਗਏ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 3)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-2 ਪੜ੍ਹੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ।।

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਿਤੇ।। ੧।। ਰਹਾਉ।।

(ਆਸਾ-ਕਬੀਰ ਜੀ-੪੮੦)

ਵਿਚਾਰ- ਭਗਤ ਕਬੀਰ ਜੀ ਦੁਆਰਾ ਰਾਗ ਆਸਾ ਵਿੱਚ ਉਚਾਰਣ ਕੀਤੇ ਗਏ ਇਸ ਸ਼ਬਦ ਦੀਆਂ ਉਕਤ ਪੰਕਤੀਆਂ ਨੂੰ ਸਥਾਈ ਬਣਾਉਂਦੇ ਹੋਏ ਅਕਸਰ ਹੀ ਮ੍ਰਿਤਕ ਦੇ ਭੋਗ ਸਮਾਗਮ ਸਮੇਂ ਰਾਗੀ ਸਿੰਘਾਂ ਵਲੋਂ ਗਾਇਨ ਕੀਤਾ ਜਾਂਦਾ ਹੈ। ਇਨ੍ਹਾਂ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਅੱਜ ਤੋਂ ਕੁੱਝ ਦਿਨ ਪਹਿਲਾਂ ਜਿਊਂਦਾ ਸੀ, ਬੋਲਦਾ-ਚਲਦਾ-ਫਿਰਦਾ ਸੀ ਉਹ ਹੁਣ ਸਾਡੇ ਕੋਲੋਂ ਸਦੀਵੀਂ ਤੌਰ ਤੇ ਵਿਛੜ ਗਿਆ ਹੈ ਅਤੇ ਉਸਨੇ ਹੁਣ ਕਦੀ ਵੀ ਵਾਪਸ ਨਹੀਂ ਆਉਣਾ। ਇਸ ਸ਼ਬਦ ਨੂੰ ਰਾਗੀ ਸਿੰਘਾਂ ਵਲੋਂ ਮਿਰਤਕ ਸਮਾਗਮ ਸਮੇਂ ਗਾਉਂਦੇ ਹੋਏ ਪਰਿਵਾਰ ਦੀਆਂ ਪਹਿਲਾਂ ਹੀ ਵਿਛੋੜੇ ਕਾਰਣ ਦੁਖੀ ਭਾਵਨਾਵਾਂ ਨੂੰ ਹੋਰ ਉਤੇਜਿਤ ਕਰਨ ਦਾ ਦੁਸ਼ਕਰਮ ਕੀਤਾ ਜਾਂਦਾ ਹੈ। ਇਸ ਸਮੇਂ ਕੀਤੇ/ਕਰਾਏ ਜਾਣ ਵਾਲੇ ਪਾਠ-ਕੀਰਤਨ-ਕਥਾ ਵਿਚਾਰ ਆਦਿ ਦਾ ਮਕਸਦ ਪਰਿਵਾਰ ਨੂੰ ਹੌਂਸਲਾ ਦੇਣਾ ਹੁੰਦਾ ਹੈ ਨਾ ਕਿ ਪਹਿਲਾਂ ਹੀ ਡੋਲੇ ਹੋਏ ਪਰਿਵਾਰ ਨੂੰ ਹੋਰ ਡੁਲਾਉਣਾ। ਇਸ ਸਭ ਕੁੱਝ ਦੀ ਸਮਝ ਸਾਨੂੰ ਕਦੋਂ-ਕਿਵੇਂ ਆਵੇਗੀ? ਇਸ ਪ੍ਰਚਲਿਤ ਵਿਚਾਰ ਅਨੁਸਾਰ ਜੋ ਕੀਰਤਨ ਕੀਤਾ ਜਾ ਰਿਹਾ ਹੈ ਉਹ ਕਿਸੇ ਵੀ ਤਰਾਂ ਵਾਜਿਬ ਨਹੀਂ ਹੈ। ਜਦੋਂ ਅਸੀਂ ਇਸ ਸ਼ਬਦ ਦੇ ਪੂਰੇ ਭਾਵ ਅਰਥ ਵਿੱਚ ਜਾ ਕੇ ਇਨ੍ਹਾਂ ਤੁਕਾਂ ਦੇ ਅਰਥ ਭਾਵ ਸਮਝਾਂਗੇ ਤਾਂ ਸਪਸ਼ਟ ਰੂਪ ਵਿੱਚ ਸਾਡੀ ਅਗਿਆਨਤਾ ਪ੍ਰਗਟ ਹੋ ਜਾਵੇਗੀ। ਗੁਰਬਾਣੀ ਨੂੰ ਸਹੀ ਰੂਪ ਵਿੱਚ ਸਮਝਣ ਲਈ ਸ਼ਾਬਦਿਕ ਅਰਥਾਂ ਦੀ ਥਾਂ ਤੇ ਭਾਵ ਅਰਥ ਵਿੱਚ ਜਾ ਕੇ ਸਮਝਣਾ ਜ਼ਰੂਰੀ ਹੈ। ਪੂਰਾ ਸ਼ਬਦ ਇਸ ਪ੍ਰਕਾਰ ਹੈ-

ਗਗਨ ਨਗਰਿ ਇੱਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ।।

ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸੁ ਲੇ ਸਿਧਾਨਾ।। ੧।।

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ।।

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ।। ੧।। ਰਹਾਉ।।

ਬਜਾਵਣਹਾਰੋ ਕਹਾ ਗਇਓ ਜਿਨ ਇਹੁ ਮੰਦਰੁ ਕੀਨਾ।।

ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚ ਤੇਜੁ ਸਭੁ ਲੀਨਾ।। ੨।।

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ।।

ਚਰਨ ਰਹੇ ਕਰ ਢਰਕਿ ਪਰੇ ਪੈ ਮੁਖਹੁ ਨ ਨਿਕਸੈ ਬਾਤਾ।। ੩।।

ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ।।

ਥਾਕਾ ਮਨੁ ਕੁੰਚਰ ਉਰੁ ਠਾਕਾ ਤੇਜੁ ਸੂਤੁ ਧਰਿ ਰਮਤੇ।। ੪।।

ਮਿਰਤਕ ਭਏ ਦਸੈ ਬੰਦ ਛੂਟੈ ਮਿਤ੍ਰ ਭਾਈ ਸਭ ਛੋਰੇ।।

ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ।। ੫।। ੫।। ੧੮।।

(ਆਸਾ-ਕਬੀਰ ਜੀ-੪੮੦)

ਅਰਥ- ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿਥੇ ਗਿਆ ਜੋ ਹਰ ਵੇਲੇ ਤੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ? ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ। ਇਹ ਸਭ ਮਿਹਰ ਉਸ ਪ੍ਰਾਰਬ੍ਰਹਮ ਪ੍ਰਮੇਸ਼ਰ ਮਾਧੋ ਪਰਮਹੰਸ ਦੀ ਹੈ ਜਿਸ ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿਤੇ ਹਨ।

ਹੇ ਭਾਈ! ਹਰਿ ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ। ਤੇਰੇ ਉਹ ਬੋਲ-ਬੁਲਾਰੇ ਕਿਥੇ ਗਏ ਜੋ ਸਦਾ ਸਰੀਰ ਸਬੰਧੀ ਹੀ ਰਹਿੰਦੇ ਸਨ। ਕਦੇ ਉਹ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ, ਉਹ ਸਭ ਕਿਤੇ ਅਲੋਪ ਹੀ ਹੋ ਗਏ ਹਨ।

ਸਰੀਰਕ ਮੋਹ ਦੇ ਉਹ ਫੁਰਨੇ ਕਿਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ ਵਜਾਣ ਵਾਲਾ ਉਹ ਮਨ ਹੀ ਕਿਤੇ ਅਲੋਪ ਹੋ ਗਿਆ ਹੈ।

ਪਾਰਬ੍ਰਹਮ ਪ੍ਰਮੇਸ਼ਰ ਨੇ ਮਨ ਦਾ ਉਹ ਪਹਿਲਾ ਤੇਜ - ਪ੍ਰਤਾਪ ਹੀ ਖਿਚ ਲਿਆ ਹੈ, ਮਨ ਵਿੱਚ ਹੁਣ ਉਹ ਪਹਿਲੀ ਗੱਲ-ਪਹਿਲਾ ਬੋਲ-ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ।

ਤੇਰੇ ਉਹ ਕੰਨ ਕਿਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿੱਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਨਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ- ਅਧਿਆਸ ਦੀ ਦੌੜ-ਭੱਜ ਵਿੱਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ।

ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁੱਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ ਕਿਉਂਕਿ ਜਿਸ ਮਨ ਦਾ ਤੇਜ ਤੇ ਆਸਰਾ ਲੈ ਕੇ ਇਹ ਪੰਜੇ ਕਾਮਾਦਿਕ ਦੌੜ-ਭੱਜ ਕਰਦੇ ਸਨ। ਉਹ ਮਨ ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਨਹੀਂ ਰਿਹਾ। ਹਰਿ ਸਿਮਰਨ ਦੀ ਬਰਕਤ ਨਾਲ ਤੇਰੇ ਦਸੇ ਹੀ ਇੰਦਰੇ ਸਰੀਰਕ ਮੋਹ ਵਲੋਂ ਮਰ ਚੁੱਕੇ ਹਨ, ਸਰੀਰਕ ਮੋਹ ਵਾਲੇ ਅਜਾਦ ਹੋ ਗਏ ਹਨ, ਇਨ੍ਹਾਂ ਨੇ ਆਸਾ-ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ। ਕਬੀਰ ਆਖਦਾ ਹੈ- ਜੋ ਭੀ ਮਨੁੱਖ ਪ੍ਰਮਾਤਮਾ ਨੂੰ ਸਿਮਰਦਾ ਹੈ, ਉਹ ਜਿਊਂਦਾ ਹੀ ਦੁਨੀਆਂ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰਾਂ ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ।

ਭਗਤ ਕਬੀਰ ਜੀ ਵਲੋਂ ਇਸ ਸ਼ਬਦ ਰਾਹੀਂ ਮਨੋ ਅਵਸਥਾ ਦੀ ਤਬਦੀਲੀ ਦੇ ਸਬੰਧ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜਾ ਮਨ ਪਹਿਲਾ ਭਟਕਣਾ ਵਿੱਚ ਪੈ ਕੇ ਸਾਡੇ ਜੀਵਨ ਨੂੰ ਗਲਤ ਪਾਸੇ ਲਿਜਾ ਰਿਹਾ ਸੀ, ਹੁਣ ਗੁਰੂ ਕ੍ਰਿਪਾ ਦੁਆਰਾ ਸਹੀ ਮਾਰਗ ਉਪਰ ਚਲਣ ਕਰਕੇ ਜਿਹੜੇ ਵਿਚਾਰ ਮਨ ਰਾਹੀਂ ਪਹਿਲਾਂ ਖੌਰੂ ਪਾਉਂਦੇ ਹੋਏ ਭਟਕਾਉਂਦੇ ਸਨ, ਹੁਣ ਉਹ ਬਿਲਕੁਲ ਸ਼ਾਂਤ ਹੋ ਗਏ ਹਨ। ਇਸ ਸ਼ਬਦ ਰਾਹੀਂ ਸਰੀਰਕ ਮੌਤ ਦੀ ਥਾਂ ਤੇ ਮਨ ਦੀ ਵਿਸ਼ੇ ਵਿਕਾਰਾਂ ਵਲੋਂ ਮੌਤ ਦਾ ਜ਼ਿਕਰ ਹੈ। ਲੋੜ ਹੈ ਕਿ ਇਨ੍ਹਾਂ ਤੁਕਾਂ ਦੀ ਵਿਚਾਰ ਨੂੰ ਪੂਰੇ ਸ਼ਬਦ ਅੰਦਰ ਦਰਸਾਏ ਪਰਿਖੇਪ ਵਿੱਚ ਸਮਝਿਆ ਜਾਵੇ।

ਉਪਰੋਕਤ ਸਾਰੀ ਵਿਚਾਰ ਤੋਂ ਅਸੀਂ ਸਪਸ਼ਟ ਰੂਪ ਵਿੱਚ ਇਸ ਨਿਰਣੇ ਤੋਂ ਪਹੁੰਚਦੇ ਹਾਂ ਕਿ ਇਸ ਸ਼ਬਦ ਵਿੱਚ ਕਿਸੇ ਵੀ ਤਰਾਂ ਸਰੀਰਕ ਮੌਤ ਰੂਪੀ ਵਿਛੋੜੇ ਦੀ ਗੱਲ ਕਦਾਚਿਤ ਵੀ ਨਹੀਂ ਹੈ। ਲੋੜ ਹੈ ਕਿ ਜੇਕਰ ਐਸੇ ਸਮੇਂ ਇਸ ਸ਼ਬਦ ਦਾ ਕੀਰਤਨ ਕਰਨਾ ਹੋਵੇ ਤਾਂ ਰਾਗੀ ਸਿੰਘਾਂ ਨੂੰ ਪਹਿਲਾਂ ਸ਼ਬਦ ਦੇ ਸਹੀ ਭਾਵ ਅਰਥਾਂ ਨੂੰ ਹਾਜ਼ਰ ਸੰਗਤਾਂ ਦੇ ਸਾਹਮਣੇ ਜ਼ਰੂਰ ਹੀ ਸਪਸ਼ਟ ਕਰ ਦੇਣਾ ਚਾਹੀਦਾ ਹੈ।

==============

ਇਸ ਲੇਖ ਰਾਹੀਂ ਦਿਤੇ ਗਏ ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ …. .)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.