.

ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ (ਭਾਗ- 2)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-1 ਪੜ੍ਹੋ ਜੀ।

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ 1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

(ਸ) ਪੁਤੀ ਗੰਢੁ ਪਵੈ ਸੰਸਾਰਿ।।

(ਮਾਝ ਮਹਲਾ ੧-੧੪੩)

ਵਿਚਾਰ- ਇਸ ਗੁਰਬਾਣੀ ਫੁਰਮਾਣ ਦੀ ਵਰਤੋਂ ਅਕਸਰ ਹੀ ਪੁੱਤਰ ਦੀ ਪ੍ਰਾਪਤੀ ਦੇ ਸਬੰਧ ਵਿਚਲੀ ਇਛਾ ਹਿਤ ਕੀਤੀ ਜਾਂਦੀ ਹੈ। ਸਾਡੇ ਬਹੁਤ ਸਾਰੇ ਪ੍ਰਚਾਰਕਾਂ, ਢਾਢੀਆਂ, ਕਵੀਸ਼ਰਾਂ ਆਦਿ ਵਲੋਂ ਆਪਣੇ ਮਾਇਆ ਦੇ ਲੋਭ ਰੂਪੀ ਸਵਾਰਥ ਅਧੀਨ ਸਮਾਜ ਅੰਦਰ ਪ੍ਰਚਲਿਤ ਪੁੱਤਰ ਪ੍ਰਾਪਤੀ ਦੀ ਇਛਾ ਨੂੰ ਸਾਹਮਣੇ ਰੱਖਦੇ ਹੋਏ ਸੰਗਤਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਕੇ ਉਨ੍ਹਾਂ ਪਾਸੋਂ ਵਧ ਮਾਇਆਂ ਦੀ ਪੂਰਤੀ ਦੀ ਆਸ ਨਾਲ ਕੀਤੀ ਜਾਂਦੀ ਹੈ। ਪਰ ਐਸਾ ਕਰਨ ਵਾਲੇ ਇਹ ਕਦੀ ਵੀ ਨਹੀਂ ਸੋਚਦੇ ਕਿ ਇਸ ਤਰਾਂ ਕਰਨ ਨਾਲ ਅਛੋਪਲੇ ਦੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੁੰਦੀ ਹੈ ਕਿ ਧੀ ਨੂੰ ਤ੍ਰਿਸਕਾਰ ਕੇ ਪੁੱਤਰ ਪ੍ਰਾਪਤੀ ਨੂੰ ਪ੍ਰਮੁੱਖਤਾ ਦਿਤੀ ਜਾਂਦੀ ਹੈ। ਵਿਚਾਰਣ ਵਾਲਾ ਪੱਖ ਇਹ ਹੈ ਕਿ ਇਸਤਰੀ ਨੂੰ ਸਮਾਜ ਵਿੱਚ ਮਰਦ ਨਾਲ ਬਰਾਬਰਤਾ ਦਾ ਮਾਣ-ਸਤਿਕਾਰ ਦਿਵਾਉਣ ਵਾਲੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ` (੪੭੩) ਕਹਿਣ ਵਾਲੇ ਗੁਰੂ ਨਾਨਕ ਸਾਹਿਬ ਧੀ ਨਾਲੋਂ ਪੁੱਤਰ ਨੂੰ ਵੱਧ ਮਾਣ ਦੇਣ ਵਾਲਾ ਫੁਰਮਾਣ ਕਿਵੇਂ ਉਚਾਰ ਸਕਦੇ ਹਨ? ਗੁਰੂ ਸਾਹਿਬਾਨ ਬਾਰੇ ਐਸਾ ਸੋਚਣਾ ਵੀ ਨਿੰਦਿਤ ਹੈ। ਗੁਰਬਾਣੀ ਅੰਦਰ ਕਿਤੇ ਵੀ ਵਿਚਾਰਾਂ ਦਾ ਸਵੈ-ਵਿਰੋਧ ਨਹੀਂ ਹੈ, ਸਾਡੇ ਸਮਝਣ ਵਿੱਚ ਘਾਟ ਹੋਣ ਕਾਰਣ ਐਸਾ ਲੱਗਦਾ ਪ੍ਰਤੀਤ ਹੋ ਸਕਦਾ ਹੈ। ਅਕਸਰ ਹੀ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਜਾਂ ਦੋ ਪੰਕਤੀਆਂ ਨੂੰ ਲੈ ਕੇ ਅਰਥ ਕਰਦੇ ਹਾਂ ਤਾਂ ਅਰਥਾਂ ਦੇ ਅਨਰਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਸਹੀ ਅਰਥ ਭਾਵ ਸਮਝਣ ਲਈ ਪੂਰੇ ਸ਼ਬਦ-ਸਲੋਕ ਦੇ ਪਰਿਖੇਪ ਵਿੱਚ ਅਰਥ ਕਰਨ ਦੀ ਜ਼ਰੂਰਤ ਹੁੰਦੀ ਹੈ। ਪੂਰਾ ਸ਼ਬਦ ਇਸ ਤਰਾਂ ਹੈ-

ਕੈਹਾ ਕੰਚਨੁ ਤੁਟੈ ਸਾਰੁ।। ਅਗਨੀ ਗੰਢੁ ਪਾਏ ਲੋਹਾਰ।।

ਗੋਰੀ ਸੇਤੀ ਤੁਟੈ ਭਤਾਰੁ।। ਪੁਤੀ ਗੰਢੁ ਪਵੈ ਸੰਸਾਰਿ।।

ਰਾਜਾ ਮੰਗੈ ਦਿਤੈ ਗੰਢੁ ਪਾਇ।। ਭੁਖਿਆ ਗੰਢੁ ਪਵੈ ਜਾ ਖਾਇ।।

ਕਾਲਾ ਗੰਢੁ ਨਦੀਆ ਮੀਹ ਝੋਲ।। ਗੰਢੁ ਪਰੀਤੀ ਮਿਠੇ ਬੋਲ।।

ਬੇਦਾ ਗੰਢੁ ਬੋਲੇ ਸਚੁ ਕੋਇ।। ਮੁਇਆ ਗੰਢੁ ਨੇਕੀ ਸਤੁ ਹੋਇ।।

ਏਤੁ ਗੰਢਿ ਵਰਤੈ ਸੰਸਾਰੁ।। ਮੂਰਖ ਗੰਢੁ ਪਵੈ ਮੁਹਿ ਮਾਰ।।

ਨਾਨਕ ਆਖੈ ਏਹੁ ਬੀਚਾਰੁ।। ਸਿਫਤੀ ਗੰਢੁ ਪਵੈ ਦਰਬਾਰਿ।। ੨।।

(ਵਾਰ ਮਾਝ- ਮਹਲਾ ੧-੧੪੩)

ਅਰਥ- ਜੇ ਕੈਂਹ, ਸੋਨਾ ਜਾਂ ਲੋਹਾ ਟੁੱਟ ਜਾਏ ਤਾਂ ਅੱਗ ਨਾਲ ਲੋਹਾਰ ਆਦਿਕ ਗਾਂਢਾ ਲਾ ਦਿੰਦਾ ਹੈ। ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ ਤਾਂ ਜਗਤ ਵਿੱਚ ਇਨ੍ਹਾਂ ਦਾ ਜੋੜ ਪੁੱਤਰਾਂ (ਔਲਾਦ) ਰਾਹੀਂ ਬਣਦਾ ਹੈ। ਰਾਜਾ ਪਰਜਾ ਪਾਸੋਂ ਮਾਮਲਾ ਮੰਗਦਾ ਹੈ, ਨਾ ਦਿਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ ਦਿਤਿਆਂ ਰਾਜਾ ਪਰਜਾ ਦਾ ਮੇਲ ਬਣਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ ਆਪਣੇ ਸਰੀਰ ਨਾਲ ਤਾਂ ਹੀ ਸਬੰਧ ਬਣਿਆ ਰਹਿੰਦਾ ਹੈ ਜੇ ਉਹ ਰੋਟੀ ਖਾਏ। ਕਾਲਾਂ (ਸੋਕੇ) ਨੂੰ ਗੰਢ ਪੈਂਦੀ ਹੈ ਭਾਵ ਕਾਲ ਮੁੱਕ ਜਾਂਦੇ ਹਨ ਜੇ ਬਹੁਤ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ ਭਾਵ ਪਿਆਰ ਪੈਦਾ ਹੁੰਦਾ ਹੈ। ਵੇਦ ਆਦਿਕ ਧਰਮ ਪੁਸਤਕਾਂ ਨਾਲ ਮਨੁੱਖ ਦਾ ਤਦੋਂ ਜੋੜ ਜੁੜਦਾ ਹੈ ਜੇ ਮਨੁੱਖ ਸੱਚ ਬੋਲੇ। ਮੋਏ ਬੰਦਿਆਂ ਦਾ ਜਗਤ ਨਾਲ ਸਬੰਧ ਬਣਿਆ ਰਹਿੰਦਾ ਹੈ ਭਾਵ ਪਿਛੋਂ ਲੋਕ ਯਾਦ ਕਰਦੇ ਹਨ, ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ। ਸੋ ਇਸ ਤਰਾਂ ਦੇ ਸਬੰਧ ਨਾਲ ਜਗਤ ਦਾ ਵਿਹਾਰ ਚੱਲਦਾ ਹੈ। ਮੂੰਹ ਤੇ ਮਾਰ ਪਿਆ ਮੂਰਖ ਦੇ ਮੂਰਖ-ਪੁਣੇ ਨੂੰ ਰੋਕ ਪੈਂਦੀ ਹੈ। ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪ੍ਰਮਾਤਮਾ ਦੀ ਸਿਫਤ-ਸਲਾਹ ਰਾਹੀਂ ਪ੍ਰਭੂ ਦੇ ਦਰਬਾਰ ਵਿੱਚ ਆਦਰ-ਪਿਆਰ ਦਾ ਜੋੜ ਜੁੜਦਾ ਹੈ।

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ‘ਪੁਤੀ ਗੰਢਿ ਪਵੈ ਸੰਸਾਰਿ` ਦੇ ਅਰਥ ਉਹ ਨਹੀਂ ਜੋ ਅਸੀਂ ਕਰਦੇ ਸੁਣਦੇ ਹਾਂ, ਸਗੋਂ ਔਲਾਦ ਦੇ ਅਰਥਾਂ ਵਿੱਚ ਹਨ ਕਿ ਮਾਤਾ-ਪਿਤਾ ਵਿੱਚ ਅਣਬਣ ਹੋ ਜਾਣ ਤੇ ਔਲਾਦ ਉਨ੍ਹਾਂ ਨੂੰ ਮੁੜ ਜੋੜਣ ਵਿੱਚ ਸਹਾਇਕ ਬਣਦੀ ਹੈ।

(ਹ) ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ।।

ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ।।

(ਧਨਾਸਰੀ ਮਹਲਾ ੫-੬੮੧)

ਵਿਚਾਰ- ਅਜੋਕੇ ਸਮੇਂ ਦੌਰਾਨ ਇਨ੍ਹਾਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਖੁਸ਼ੀ ਦੇ ਸਮਾਗਮਾਂ ਸਮੇਂ ਰਾਗੀ ਸਿੰਘਾਂ ਵਲੋਂ ਸਥਾਈ ਬਣਾ ਕੇ ਕੀਰਤਨ ਕਰਦੇ ਹੋਏ ਪ੍ਰਵਾਰ ਦੀਆਂ ਖੁਸ਼ੀਆਂ ਲੈਣ ਹਿਤ ਯਤਨ ਕੀਤਾ ਜਾਂਦਾ ਹੈ। ਇਨ੍ਹਾਂ ਤੁਕਾਂ ਨੂੰ ਇਸ ਰੂਪ ਵਿੱਚ ਵਰਤਦੇ ਹੋਏ ਅਰਥ ਇਹ ਸਮਝੇ ਜਾਂਦੇ ਹਨ ਕਿ ਅਸੀਂ/ਪ੍ਰਵਾਰ ਵਾਲੇ ਪ੍ਰਮੇਸ਼ਰ ਕੋਲੋਂ ਜੋ ਵੀ ਮੰਗਿਆ/ ਮੰਗਣਗੇ, ਉਹੀ ਮਿਲ ਜਾਵੇਗਾ ਸਾਡੀ ਜ਼ਬਾਨ ਤੋਂ ਮੰਗ ਰੂਪੀ ਸਾਰੇ ਬਚਨ ਸੱਚ ਬਣ ਕੇ ਹਰ ਹਾਲਤ ਵਿੱਚ ਪੂਰੇ ਹੋ ਜਾਣਗੇ। ਵਿਚਾਰਣ ਵਾਲਾ ਪੱਖ ਹੈ ਕਿ ਅਸੀਂ ਇਨ੍ਹਾਂ ਤੁਕਾਂ ਨੂੰ ਕੇਵਲ ਦੁਨਿਆਵੀ ਖੁਸ਼ੀਆਂ ਪ੍ਰਾਪਤ ਕਰਨ ਦੇ ਅਰਥਾਂ ਤਕ ਹੀ ਸੀਮਤ ਕਰਕੇ ਵੇਖ ਰਹੇ ਹਾਂ। ਜਦੋਂ ਕਿ ਅਸਲੀਅਤ ਵਿੱਚ ਇਸ ਦਾ ਭਾਵ ਅਰਥ ਸਮਝਣਾ ਜ਼ਰੂਰੀ ਹੈ ਕਿ ਦਰਸਾਈ ਅਵਸਥਾ ਸਾਰਿਆਂ ਦੇ ਹਿੱਸੇ ਵਿੱਚ ਨਹੀਂ ਆਉਂਦੀ। ਇਸ ਅਵਸਥਾ ਦੀ ਪ੍ਰਾਪਤੀ ਲਈ ਜਗਿਆਸੂ ਨੂੰ ਵੀ ਕੁੱਝ ਨ ਕੁੱਝ ਯਤਨ ਕਰਨੇ ਪੈਣੇ ਹਨ। ਉਹ ਯਤਨ ਕੀ ਹਨ ਇਸ ਨੂੰ ਸਮਝਣ ਲਈ ਸਾਨੂੰ ਪੂਰੇ ਸ਼ਬਦ ਨੂੰ ਧਿਆਨ ਵਿੱਚ ਰੱਖਣਾ ਪਵੇਗਾ-

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ।।

ਕ੍ਰਿਪਾ ਕਟਾਖੁ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ।। ੧।।

ਹਰਿ ਜਨ ਰਾਖੇ ਗੁਰ ਗੋਵਿੰਦ।।

ਕੰਠ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ।। ੧।। ਰਹਾਉ।।

ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ।।

ਨਾਨਕ ਦਾਸੁ ਮੁਖ ਤੇ ਜੋ ਬੋਲੇ ਈਹਾ ਊਹਾ ਸਚੁ ਹੋਵੈ।। ੨।। ੧੪।। ੧੫।।

(ਧਨਾਸਰੀ ਮਹਲਾ ੫-੬੮੧)

ਅਰਥ- ਹੇ ਭਾਈ! ਜਿਸ ਪ੍ਰਭੂ ਨੇ ਚੌਂਹੀ ਪਾਸੀਂ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ ਆਪਣੇ ਦਾਸ ਦੇ ਸਿਰ ਉਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ ਤੇ ਉਸ ਦਾ ਹਰੇਕ ਦੁੱਖ ਦੂਰ ਕਰ ਦਿੰਦਾ ਹੈ। ਹੇ ਭਾਈ! ਪ੍ਰਮਾਤਮਾ ਆਪਣੇ ਸੇਵਕਾਂ ਦੀ ਸਦਾ ਰਾਖੀ ਕਰਦਾ ਹੈ। ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਦਇਆ ਦਾ ਘਰ ਸਰਬ ਵਿਆਪਕ ਬਖਸ਼ਣਹਾਰ ਪ੍ਰਭੂ ਉਨ੍ਹਾਂ ਦੇ ਸਾਰੇ ਔਗੁਣ ਮਿਟਾ ਦਿੰਦਾ ਹੈ। ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁੱਝ ਮੰਗਦੇ ਹਨ, ਉਹ ਉਹੀ ਕੁੱਝ ਉਨ੍ਹਾਂ ਨੂੰ ਦਿੰਦਾ ਹੈ। ਹੇ ਨਾਨਕ! ਪ੍ਰਭੂ ਦਾ ਸੇਵਕ ਜੋ ਕੁੱਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿੱਚ ਪਰਲੋਕ ਵਿੱਚ ਅੱਟਲ ਹੋ ਜਾਂਦਾ ਹੈ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੂਰੇ ਸ਼ਬਦ ਵਿੱਚ ਪ੍ਰਮੇਸ਼ਰ ਦੇ ਸੇਵਕ (ਦਾਸ) ਬਨਣ ਵਾਲਿਆਂ ਉਪਰ ਉਸ ਦੀ ਬਖ਼ਸ਼ਿਸ਼ ਦਾ ਜ਼ਿਕਰ ਹੈ, ਹਰੇਕ ਲਈ ਨਹੀਂ। ਸਮਝਣ ਦੀ ਲੋੜ ਹੈ ਕਿ ਅਸੀਂ ਜਦੋਂ ਪ੍ਰਮੇਸ਼ਰ ਦੇ ਸੁੱਚੇ ਸੁੱਚੇ ਸੇਵਕ ਬਣ ਕੇ ਅਰਦਾਸ-ਬੇਨਤੀ ਕਰਾਂਗੇ ਤਾਂ ਹੀ ਇਸ ਸ਼ਬਦ ਰਾਹੀਂ ਦਰਸਾਈ ਬਖਸ਼ਿਸ਼ ਸਾਡੀ ਝੋਲੀ ਵਿੱਚ ਪਵੇਗੀ।

=============

ਇਸ ਲੇਖ ਰਾਹੀਂ ਦਿਤੇ ਗਏ 2 ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ …. .)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.